
ਦਿਨੋ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਦਿਤਾ ਹੈ। ਨਿਤ ਨਵੇਂ ਤੋਂ ਨਵਾਂ ਖ਼ਰਚਾ ਕਿੰਨੀਆਂ ਹੀ ਮਾਨਸਕ ਪ੍ਰੇਸ਼ਾਨੀਆਂ ਦਾ ਕਾਰਨ ਬਣਦਾ ਹੈ। ਰੋਟੀ ...
ਦਿਨੋ ਦਿਨ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਲੱਕ ਤੋੜ ਦਿਤਾ ਹੈ। ਨਿਤ ਨਵੇਂ ਤੋਂ ਨਵਾਂ ਖ਼ਰਚਾ ਕਿੰਨੀਆਂ ਹੀ ਮਾਨਸਕ ਪ੍ਰੇਸ਼ਾਨੀਆਂ ਦਾ ਕਾਰਨ ਬਣਦਾ ਹੈ। ਰੋਟੀ ਜੋਗੇ ਪੈਸੇ, ਘਰ ਦਾ ਗੁਜ਼ਾਰਾ ਕਰਨ ਲਈ ਵੀ ਪੈਸੇ ਮਸਾਂ ਪੂਰੇ ਹੁੰਦੇ ਹਨ, ਉਤੋਂ ਨਵੀਂ ਤੇ ਨਵੀਂ ਬੀਮਾਰੀ ਇਨਸਾਨ ਦਾ ਮਨ ਤੋੜ ਦਿੰਦੀ ਹੈ। ਹਰ ਪੈਸੇ ਵਿਚ ਲੋਕ ਬੇਇਮਾਨ ਬੈਠੇ ਆਮ ਨਜ਼ਰ ਆ ਸਕਦੇ ਹਨ, ਕੋਈ ਵੀ ਕਿਸੇ ਦੇ ਲਗਦੇ ਨਾਜਾਇਜ਼ ਪੈਸੇ ਨਹੀਂ ਬਚਾ ਸਕਦਾ।
ਹਰ ਦੁਕਾਨਦਾਰ ਅਪਣੇ ਪੈਸੇ ਬਣਾਉਣ ਲਈ ਗਾਹਕ ਨੂੰ ਰਗੜਾ ਲਾਉਣ ਦੀ ਤਾਕ ਵਿਚ ਰਹਿੰਦਾ ਹੈ ਜੋ ਕਿ ਇਕ ਮਾੜੀ ਗੱਲ ਹੈ। ਇਸ ਤਰ੍ਹਾਂ ਡਾਕਟਰ, ਵੈਦ, ਹਕੀਮ ਵੀ ਪਹਿਲਾਂ ਤੋਂ ਹੀ ਬੀਮਾਰੀ ਨਾਲ ਜੂਝ ਰਹੇ ਰੋਗੀ ਦਾ ਗਲ ਵੱਢਣ ਵਿਚ ਕੋਈ ਕਸਰ ਨਹੀਂ ਛਡਦੇ। ਖ਼ੈਰ ਬਹੁਤੇ ਵਿਦਵਾਨ ਅਤੇ ਸਮਝਦਾਰ ਡਾਕਟਰ ਮਰੀਜ਼ ਨਾਲ ਇਨਸਾਨੀਅਤ ਦੇ ਨਾਤੇ ਦਿਲ ਤੋਂ ਜੁੜਦੇ ਹਨ ਅਤੇ ਸਮਾਜਸੇਵਾ ਵਿਚ ਅਪਣਾ ਭਰਪੂਰ ਯੋਗਦਾਨ ਦਿੰਦੇ ਹਨ।
ਲੇਖਾਂ ਰਾਹੀਂ ਮੈਂ ਵੀ ਆਪ ਜੀ ਦੀ ਸੇਵਾ ਵਿਚ ਸਪੋਕਸਮੈਨ ਰਾਹੀਂ ਹਾਜ਼ਰ ਹੁੰਦਾ ਰਹਿੰਦਾ ਹਾਂ। ਅੱਜ ਮੈਂ ਤੁਹਾਨੂੰ ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਦੇ ਕੁੱਝ ਨੁਸਖ਼ੇ ਦਸਾਗਾਂ, ਜੋ ਆਮ ਜੜੀ-ਬੂਟੀਆਂ ਤੋਂ ਤਿਆਰ ਹੁੰਦੇ ਹਨ। ਕੁਦਰਤੀ ਚੀਜ਼ਾਂ ਹਮੇਸ਼ਾ ਲਾਹੇਵੰਦ ਹੁੰਦੀਆਂ ਹਨ। ਅੰਗਰੇਜ਼ੀ ਦਵਾਈਆਂ ਨਾਲੋਂ ਕਿਤੇ ਜ਼ਿਆਦਾ ਗੁਣਕਾਰੀ ਅਤੇ ਸੁਰੱਖਿਅਤ ਹੁੰਦੀਆਂ ਹਨ। ਸੋ ਆਪ ਜੀ ਕਿਸੇ ਭਰੋਸੇਯੋਗ, ਇਮਾਨਦਾਰ ਪਨਸਾਰੀ ਤੋਂ ਹੀ ਚੀਜ਼ਾਂ ਖ਼ਰੀਦ ਕੇ ਘਰੇਲੂ ਨੁਸਖੇ ਤਿਆਰ ਕਰੋ।
ਇਨ੍ਹਾਂ ਨਾਲ ਅਪਣੀ ਅਤੇ ਅਪਣੇ ਪ੍ਰਵਾਰ ਦੀ ਸਿਹਤ ਦਾ ਧਿਆਨ ਰੱਖੋ। ਖੱਟੀ, ਤਲੀ ਚੀਜ਼, ਫ਼ਾਸਟ ਫ਼ੂਡ, ਗਰਮ ਚੀਜ਼ਾਂ ਆਦਿ ਦਾ ਰੋਗ ਅਨੁਸਾਰ ਪ੍ਰਹੇਜ਼ ਕਰੋ। ਜੋ ਘਰਾਂ ਵਿਚ ਤੁਸੀ ਅੰਗਰੇਜ਼ੀ ਗੋਲੀਆਂ ਦੇ ਤਰ੍ਹਾਂ ਤਰ੍ਹਾਂ ਦੇ ਪੱਤੇ ਵਰਤਦੇ ਹੋ ਇਨ੍ਹਾਂ ਨੂੰ ਛੱਡ ਕੇ ਘਰੇਲੂ ਨੁਸਖ਼ੇ ਘਰ ਦਾ ਸ਼ਿੰਗਾਰ ਬਣਾਉ। ਬਸ ਏਨੀ ਕੁ ਬੇਨਤੀ ਜ਼ਰੂਰ ਪ੍ਰਵਾਨ ਕਰਨਾ ਜੀ।
ਪੇਟ ਗੈਸ, ਅਫ਼ਾਰਾ, ਭੁੱਖ ਦੀ ਕਮੀ: ਦੇਸੀ ਜਵੈਣ, ਸੌਂਫ਼, ਸਫ਼ੈਦ ਜ਼ੀਰਾ, ਹਰੜ ਪੀਲੀ, ਬੋਹੜਾ, ਆਂਵਲਾ, ਨਮਕ ਲਾਹੌਰੀ, ਨਮਕ ਕਾਲਾ, ਖਾਣ ਵਾਲਾ ਨਮਕ = 40-40 ਗਰਾਮ, ਜੌ ਖਾਰ, ਕਾਲੀ ਮਿਰਚ, ਸੁੰਢ, ਛੋਟੀ ਇਲਾਇਚੀ ਬੀਜ, ਭੁੰਨਿਆ ਹੋਇਆ ਸੁਹਾਗਾ, ਠੀਕਰੀ ਨੌਸ਼ਾਦਰ 20-20 ਗਰਾਮ ਸੱਭ ਦਾ ਬਰੀਕ ਚੂਰਣ ਬਣਾ ਲਉ ਦੋ ਗਰਾਮ ਸਵੇਰੇ ਸ਼ਾਮ ਕੋਸੇ ਪਾਣੀ ਨਾਲ ਲਉ।
ਕਬਜ: ਸਰਨੈ ਪੱਤੇ (ਸਾਫ਼-ਸੁਥਰੇ), ਗੁਲਾਬ ਫੁੱਲ, ਹਰੜ ਸੱਭ ਦਾ ਬਰਾਬਰ ਚੂਰਨ ਅੱਧਾ ਚਮਚ ਸਵੇਰੇ ਲਉ।ਵਾਰ-ਵਾਰ ਧਰਨ ਪੈਣਾ: ਨੱਕ ਛਿਕਨੀ, ਜ਼ੀਰਾ ਕਾਲਾ, ਕਾਲੀ ਮਿਰਚ, ਪੁਰਾਣਾ ਗੁੜ ਸੱਭ ਨੂੰ ਪੀਹ ਕੇ ਗੁੜ ਵਿਚ ਘੋਟ ਕੇ ਛੋਲੇ ਬਰਾਬਰ ਗੋਲੀਆਂ ਬਣਾਉ। ਗੋਲੀ ਤਾਜ਼ੇ ਪਾਣੀ ਨਾਲ ਰੋਜ਼ ਚਾਰ ਦਿਨ ਖਾ ਕੇ ਚਾਰ ਦਿਨ ਨਾਗਾ ਪਾ ਕੇ ਕੁੱਲ 16 ਗੋਲੀਆਂ ਵਰਤੋਂ।
ਤੇਜ਼ਾਬ, ਖੱਟੇ ਡਕਾਰ: ਸੁੰਢ, ਕਾਲੀ ਮਿਰਚ, ਮਘਾਂ, ਹਰੜ, ਬਹੇੜਾ, ਆਂਵਲਾ, ਨਾਗਰਮੋਥਾ ਵਾਵੜਿੰਗ, ਛੋਟੀ ਇਲਾਇਚੀ ਬੀਜ, ਤੇਜ਼ ਪੱਤਰ 5-5 ਗਰਾਮ, ਲੌਂਗ 50 ਗਰਾਮ, ਨਿਸੋਤ 200 ਗਰਾਮ, ਮਿਸ਼ਰੀ 300 ਗ੍ਰਾਮ ਸੱਭ ਨੂੰ ਅਲੱਗ ਪੀਹ ਕੇ ਚੂਰਨ ਬਣਾਉ 2-3 ਗਰਾਮ ਰੋਟੀ ਤੋਂ ਪਹਿਲਾਂ ਪਾਣੀ ਨਾਲ ਲਉ।ਬੱਚਾ ਬਿਸਤਰ ਤੇ ਪੇਸ਼ਾਬ ਕਰੇ: ਜਾਮਣ ਗਿਰੀ, ਕਾਲੇ ਤਿਲ ਬਰਾਬਰ ਬਰੀਕ ਅੱਧਾ ਚਮਚ ਸਵੇਰੇ ਸ਼ਾਮ ਖਵਾਉ।
ਸਿਰਦਰਦ ਤੇਲ: ਤਿਲਾਂ ਦਾ ਤੇਲ 250 ਗ੍ਰਾਮ, ਚੰਦਨ ਤੇਲ ਅਸਲੀ 10 ਗ੍ਰਾਮ, ਦਾਲਚੀਨੀ ਤੇਲ 10 ਗ੍ਰਾਮ, ਕਪੂਰ 5 ਗ੍ਰਾਮ ਮਿਲਾ ਕੇ ਸ਼ੀਸ਼ੀ ਵਿਚ ਰੱਖੋ। ਸਿਰਦਰਦ ਹੋਵੇ ਤਾਂ ਮੱਥੇ ਤੇ ਮਲ੍ਹ ਲਉ।
ਬਲੱਡ ਪ੍ਰੈਸ਼ਰ ਘਟਣਾ: ਦੇਸੀ ਛੋਲੇ 50 ਗਰਾਮ ਦਾਖਾਂ 40 ਦਾਣੇ ਰਾਤ ਨੂੰ ਪਾਣੀ ਵਿਚ ਭਿਉਂ ਦਿਉ। ਸਵੇਰੇ ਚਬਾ ਕੇ ਦੁੱਧ ਪੀਉ। 8-10 ਹਫ਼ਤੇ ਖਾਉ। ਆਂਵਲਾ ਦੇ ਮੁਰੱਬੇ ਦਾ ਪਾਣੀ 1-1 ਚਮਚ ਪੀਉ।
ਬਲੱਡ ਪ੍ਰੈਸ਼ਰ ਵਧਣਾ: ਸਰਪਰੀਧਾ, ਸੰਥਪੁਸ਼ਪੀ, ਜਟਾਂਮਾਸੀ ਸੱਭ ਇਕ-ਇਕ ਗਰਾਮ ਲੈ ਕੇ 6 ਪੁੜੀਆਂ ਬਣਾਉ। 4-4 ਘੰਟੇ ਬਾਅਦ ਗੁਲਾਬ ਜਲ ਨਾਲ ਲਉ। ਤਰਬੂਜ ਗਿਰੀ, ਖਸਖਸ ਬਰਾਬਰ-ਬਰਾਬਰ ਪੀਹ ਕੇ 3 ਗਰਾਮ ਸਵੇਰ ਸ਼ਾਮ।
ਨਜ਼ਲਾ ਜ਼ੁਕਾਮ: ਤ੍ਰਿਫ਼ਲਾ 200 ਗਰਾਮ, ਚੀਨੀ ਦੇਸੀ 70 ਗਰਾਮ 5-10 ਗਰਾਮ ਤਾਜ਼ੇ ਪਾਣੀ ਨਾਲ।
ਸ਼ੂਗਰ: ਬਦਾਮ, ਭੁੰਨੇ ਛੋਲੇ, ਇੰਦਰ ਜੌ ਕੌੜੇ, ਗੁੜਮਾਰ ਬੂਟੀ ਬਰਾਬਰ ਪੀਹ ਕੇ ਇਕ ਚਮਚ ਸਵੇਰੇ ਸ਼ਾਮ।
ਖਾਂਸੀ: ਦਾਲਚੀਨੀ 10 ਗਰਾਮ, ਛੋਟੀ ਇਲਾਇਚੀ ਬੀਜ 20 ਗਰਾਮ, ਮਘਾਂ 40 ਗ੍ਰਾਮ, ਅਸਲੀ ਤਬਾਸੀਰ 80 ਗਰਾਮ ਮਿਸ਼ਰੀ 160 ਗਰਾਮ ਮੈਦੇ ਵਾਂਗ ਬਰੀਕ ਚੂਰਨ ਕਰ ਲਉ। ਛੋਟੇ ਇਕ ਚਮਚ ਸ਼ਹਿਦ ਨਾਲ ਸਵੇਰੇ ਸ਼ਾਮ ਲਉ।
ਦਿਮਾਗ਼ੀ ਕਮਜ਼ੋਰੀ: ਬ੍ਰਹਮੀ, ਸ਼ੰਖਪੁਸ਼ਪੀ 50-50 ਗਰਾਮ ਬੱਚ ਚੂਰਨ 10 ਗਰਾਮ ਮਿਲਾ ਕੇ ਪਾਊਡਰ ਬਣਾ ਲਉ। ਅੱਧਾ ਚਮਚ ਸਵੇਰੇ ਸ਼ਾਮ ਦੁੱਧ ਨਾਲ।
ਨਕਸੀਰ ਚਲਣਾ: 10 ਗਰਾਮ ਮੁਲਤਾਨੀ ਮਿੱਟੀ ਅੱਧਾ ਕਿਲੋ ਪਾਣੀ ਵਿਚ ਪਾ ਕੇ ਭਿਉਂ ਦਿਉ। ਸਵੇਰੇ ਪਾਣੀ ਨਿਤਾਰ ਕੇ ਪੀ ਲਉ।
ਹਿਚਕੀ ਲਗਣਾ: ਲੌਂਗ ਦੇ ਉਪਰਲੇ ਡੋਡੇ ਦਾ ਚੂਰਨ ਕਰ ਲਉ। ਤੁਰਤ ਹਿਚਕੀ ਬੰਦ ਹੋਵੇਗੀ।
ਨਜ਼ਰ ਕਮਜ਼ੋਰੀ: ਬਦਾਮ ਗਿਰੀ 7 ਸੌਂਫ 6 ਗਰਾਮ, ਮਿਸ਼ਰੀ 6 ਗਰਾਮ, ਮਿਸ਼ਰੀ 6 ਗਰਾਮ, ਸੌਂਫ ਤੇ ਮਿਸ਼ਰੀ ਦਾ ਪਾਊਡਰ ਬਣਾਉ। ਬਦਾਮ ਕੁੱਟ ਕੇ ਮਿਲਾ ਲਉ। ਰੋਜ਼ ਰਾਤ ਨੂੰ ਗਰਮ ਦੁੱਧ ਨਾਲ, ਇਸ ਤੋਂ ਬਾਅਦ ਪਾਣੀ ਨਹੀਂ ਪੀਣਾ।
ਪੀਲੀਆ: ਰੋਜ਼ ਨਾਰੀਅਲ ਦਾ ਪਾਣੀ ਪੀਉ ਹਫ਼ਤੇ ਵਿਚ ਅਸਰ ਵਿਖੇਗਾ।
ਦਮਾ: ਅੱਕ ਦੇ ਫੁੱਲ, ਦੇਸੀ ਅਜਵੈਣ 25 ਗਰਾਮ, ਗੁੜ 50 ਗਰਾਮ, 2-2 ਗਰਾਮ ਦੀ ਗੋਲੀਆਂ ਬਣਾਉ 1-1 ਗੋਲੀ ਗਰਮ ਪਾਣੀ ਨਾਲ।
ਦੰਦ ਦੁੱਧ ਵਰਗੇ: ਸਮੁੰਦਰ ਫੱਲ 50 ਗਰਾਮ, ਮਿੱਠਾ ਸੋਢਾ 150 ਗਰਾਮ ਸੇਂਧਾ ਨਮਕ 50 ਗਰਾਮ ਬਰੀਕ ਸਵੇਰੇ-ਸ਼ਾਮ ਮੰਜਨ ਕਰੋ। ਦੰਦ ਚਮਕਦੇ ਹਨ।
ਬੱਚੇ ਦਾ ਮਿੱਟੀ ਖਾਣਾ: ਅੰਬ ਦੀ ਗੁਠਲੀ ਦਾ ਪਾਊਡਰ 1 ਗਰਾਮ ਸ਼ਹਿਦ ਨਾਲ ਦਿਉ। ਜਿੰਨੇ ਨੁਸਖ਼ੇ ਦਸੇ ਨੇ ਸੱਭ ਬਹੁਤ ਕੰਮ ਕਰਦੇ ਹਨ। ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ, ਪਨਸਾਰੀ ਤੋਂ ਅਸਲੀ ਮਿਲਣੇ ਚਾਹੀਦੇ ਹਨ। ਵਰਤ ਕੇ ਫ਼ਾਇਦਾ ਹੋਵੇ ਤਾਂ ਜ਼ਰੂਰ ਦਸਣਾ ਜੀ।
ਸੰਪਰਕ : 75278-60906