
ਵਿਦਿਅਕ ਅਦਾਰਿਆਂ, ਗਲੀ ਚੌਰਾਹਿਆਂ ਤੇ ਕੰਮਕਾਜੀ ਦਫ਼ਤਰਾਂ ’ਚੋਂ ਕਿਹੜੀ ਥਾਂ ਔਰਤਾਂ ਲਈ ਸੁਰੱਖਿਅਤ ਹੈ?
ਬੁਧਵਾਰ ਦੀ ਸਵੇਰੇ ਘਰ ਦੀ ਦਹਲੀਜ਼ ਤੋਂ ਜਦੋਂ ਅਖ਼ਬਾਰ ਚੁਕਿਆ ਤਾਂ ‘ਬਦਲਾਪੁਰ’ ਮਹਾਰਾਸ਼ਟਰ ਵਿਚ ਤਿੰਨ ਤੇ ਚਾਰ ਸਾਲ ਦੀਆਂ ਬੱਚੀਆਂ ਨਾਲ ਹੋਈ ਸ਼ੋਸ਼ਣ ਦੀ ਘਟਨਾ ਨੇ ਇਕ ਵਾਰ ਮੁੜ ਤੋਂ ਦਿਲ ਨੂੰ ਝੰਜੋੜ ਦਿਤਾ। ਮੇਰੀਆਂ ਅੱਖਾਂ ਵਿਚੋਂ ਨਿਕਲੇ ਆਪ ਮੁਹਾਰੇ ਹੰਝੂਆਂ ਨੂੰ ਕੋਲ ਬੈਠੇ ਮੇਰੇ 9 ਸਾਲ ਦੇ ਪੁੱਤਰ ਨੇ ਦੇਖ ਲਿਆ।
ਬੜੀ ਮਾਸੂਮੀਅਤ ਨਾਲ ਮੈਨੂੰ ਪੁੱਛਣ ਲੱਗਾ, ‘‘ਮੰਮੀ ਕੀ ਹੋਇਆ? ਤੁਸੀਂ ਰੋ ਕਿਉਂ ਰਹੇ ਹੋ?’’ ਮੈਂ ਜਲਦੀ-ਜਲਦੀ ਅੱਖਾਂ ਸਾਫ਼ ਕਰਦਿਆਂ ਕਿਹਾ, ‘‘ਕੁੱਝ ਨਹੀਂ ਪੁੱਤ ਅੱਖ ਵਿਚ ਮੱਛਰ ਪੈ ਗਿਆ ਸੀ’’ ਕਿਉਂਕਿ ਉਸ ਦੇ ਸਵਾਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਗੱਲ ਨੂੰ ਬਦਲਣ ਲਈ ਮੈਂ ਅਖ਼ਬਾਰ ਪਿੱਛੇ ਰੱਖ ਦਿਤਾ ਤੇ ਉਸ ਨੂੰ ਸਕੂਲ ਲਈ ਤਿਆਰ ਕਰਨਾ ਸ਼ੁਰੂ ਕਰ ਦਿਤਾ।
ਜਿਵੇਂ ਹੀ ਸਕੂਲ ਦੀ ਬੱਸ ਵਿਚ ਮੈਂ ਉਸ ਨੂੰ ਬਿਠਾਇਆ ਤਾਂ ਉਸੇ ਹੀ ਬੱਸ ਵਿਚ ਬੈਠੀਆਂ ਦੋ ਮਾਸੂਮ ਬੱਚੀਆਂ ਦੇ ਭਵਿੱਖ ਦੀ ਚਿੰਤਾ ਮੈਨੂੰ ਸਤਾਉਣ ਲੱਗੀ। ਮੈਂ ਸੋਚਣ ਲਈ ਮਜਬੂਰ ਹੋ ਗਈ ਕਿ ਆਖ਼ਰਕਾਰ ਅਜਿਹੀ ਕਿਹੜੀ ਥਾਂ ਹੈ ਜਿੱਥੇ ਮਾਸੂਮ ਬਾਲੜੀਆਂ ਸੁਰੱਖਿਅਤ ਹਨ? ਵਹਿਸ਼ੀ, ਦਰਿੰਦਿਆਂ ਤੇ ਹਵਸ ਦੇ ਭੁੱਖਿਆਂ ਤੋਂ ਲੁਕਾ ਕੇ ਮਾਪੇ ਧੀਆਂ ਨੂੰ ਕਿੱਥੇ ਰੱਖਣ? ਇਹ ਸਮੁੱਚੇ ਸਮਾਜ ਅੱਗੇ ਮੇਰਾ ਸਵਾਲ ਹੈ।
ਧੀਆਂ ਨੇ ਵੀ ਪੁੱਤਰਾਂ ਵਾਂਗੂ ਵਧਣਾ ਫੁਲਣਾ ਹੈ ਤੇ ਅਪਣਾ ਭਵਿੱਖ ਬਣਾਉਣਾ ਹੈ ਪਰ ਅਜਿਹੇ ਹਾਲਾਤ ਵਿਚ ਤਾਂ ਇਹ ਸੰਭਵ ਲਗਦਾ ਹੀ ਨਹੀਂ। ਧੀ ਦੇ ਘਰ ਜਨਮ ਲੈਂਦੀਆਂ ਹੀ ਸਭ ਤੋਂ ਪਹਿਲਾਂ ਮਾਪਿਆਂ ਅੱਗੇ ਵੱਡੀ ਚੁਣੌਤੀ ਆ ਖੜੀ ਹੁੰਦੀ ਕਿ ਉਸ ਨੂੰ ਮਾੜੇ ਮਨਸੂਬੇ ਰੱਖਣ ਵਾਲੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਕਿਵੇਂ ਰਖਣਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਔਰਤ ਆਪ ਔਰਤ ਹੋ ਕੇ ਵੀ ਅਪਣੇ ਗਰਭਵਤੀ ਹੋਣ ਦੌਰਾਨ ਵਾਹਿਗੁਰੂ ਅੱਗੇ ਪੁੱਤ ਲਈ ਅਰਦਾਸ ਕਰਦੀ ਹੈ ਕਿਉਂਕਿ ਇਕ ਔਰਤ ਹੋਣ ਦੇ ਨਾਤੇ ਉਨ੍ਹਾਂ ਨੇ ਸਾਰੇ ਹਾਲਾਤ ਨੂੰ ਆਪ ਅਪਣੇ ਤਨ-ਮਨ ’ਤੇ ਹੰਢਾਇਆ ਹੁੰਦੈ।
ਜਦੋਂ ਧੀਆਂ ਨਾਲ ਹੋਣ ਵਾਲੇ ਜਬਰ- ਜਿਨਾਹ ਦੀਆਂ ਘਟਨਾਵਾਂ ਅਤੇ ਔਰਤ ਤੇ ਮਰਦ ਦੀ ਮੌਜੂਦਾ ਸਥਿਤੀ ਬਾਰੇ ਗੱਲ ਕਰ ਰਹੀ ਹਾਂ ਤਾਂ ਇਸ ਲੇਖ ਨੂੰ ਪੜ੍ਹ ਰਹੇ ਪਾਠਕਾਂ ਅੱਗੇ ਕੁੱਝ ਗੱਲਾਂ ਰਖਣੀਆਂ ਬੇਹੱਦ ਲਾਜ਼ਮੀ ਹਨ। ਔਰਤਾਂ ਦੀ ਭਲਾਈ ਲਈ ਕੰਮ ਕਰ ਰਹੀ ਇਕ ਸੰਸਥਾ ਦੀ ਮੈਂ ਆਪ ਪ੍ਰਧਾਨ ਹਾਂ ਜਿਸ ਕਰ ਕੇ ਇਕ ਆਮ ਔਰਤ ਦੇ ਮੁਕਾਬਲੇ ਮੈਂ ਅਣਗਿਣਤ ਅਜਿਹੇ ਕੇਸਾਂ ਨੂੰ ਬੜੀ ਨਜ਼ਦੀਕੀ ਤੋਂ ਵੇਖਿਆ ਹੈ ਜਿੱਥੇ ਧੀਆਂ ਅਤੇ ਔਰਤਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ। ਦੂਜੇ ਪਾਸੇ ਬਤੌਰ ਮਹਿਲਾ ਪੱਤਰਕਾਰ ਪ੍ਰਿੰਟ ਮੀਡੀਆ ਤੇ ਇਲੈਕਟ੍ਰਾਨਿਕ ਮੀਡੀਆ ਦੇ ਪ੍ਰਮੁੱਖ ਅਦਾਰਿਆਂ ਨਾਲ ਕੰਮ ਕਰ ਚੁੱਕੀ ਹਾਂ ਤੇ ਮੌਜੂਦਾ ਦੌਰ ’ਚ ਕਰ ਵੀ ਰਹੀ ਹਾਂ।
ਪੱਤਰਕਾਰੀ ਦੇ ਅਪਣੇ 22 ਸਾਲਾਂ ਦੇ ਤਜਰਬੇ ਦੇ ਆਧਾਰ ’ਤੇ ਮੈਂ ਅਪਣੀ ਗੱਲ ਪਾਠਕਾਂ ਅੱਗੇ ਪੂਰੀ ਜ਼ਿੰਮੇਵਾਰੀ ਨਾਲ ਰੱਖ ਰਹੀ ਹਾਂ। ਕੰਮਕਾਜੀ ਦਫ਼ਤਰਾਂ ਵਿਚ ਜਿੰਨੀ ਮਾਨਸਕ ਪੀੜਾ ਇਕ ਔਰਤ ਨੂੰ ਝਲਣੀ ਪੈਂਦੀ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਥੋੜਾ ਔਖਾ ਹੈ। ਖ਼ਾਸ ਕਰ ਕੇ ਜਿਹੜੇ ਦਫ਼ਤਰਾਂ ਵਿਚ ਬੌਸ ਪੁਰਸ਼ ਹੁੰਦਾ ਹੈ, ਉਥੇ ਹੀ ਔਰਤਾਂ ਅੱਗੇ ਅਪਣੇ ਬੌਸ ਵਲੋਂ ਦਿਤੇ ਗਏ ਕੰਮਾਂ ਨੂੰ ਪੂਰਾ ਕਰਨਾ ਇਕ ਵੱਡੀ ਚੁਣੌਤੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਬੌਸ ਅਪਣੇ ਅਹੁਦੇ ਅਤੇ ਰੁਤਬੇ ਦਾ ਗ਼ਲਤ ਇਸਤੇਮਾਲ ਕਰਦੇ ਹੋਏ, ਦਫ਼ਤਰ ਵਿਚ ਅਪਣੇ ਅਧੀਨ ਕੰਮ ਕਰਨ ਵਾਲੀਆਂ ਔਰਤਾਂ ਉਤੇ ਬੁਰੀ ਨਜ਼ਰ ਵੀ ਰਖਦੇ ਹਨ ਅਤੇ ਜਾਣ-ਬੁਝ ਕੇ ਉਨ੍ਹਾਂ ਨੂੰ ਅਜਿਹੇ ਕੰਮ ਦਿਤੇ ਜਾਂਦੇ ਹਨ ਜੋ ਪੂਰਾ ਕਰਨ ਵਿਚ ਉਹ ਅਸਮਰੱਥ ਰਹਿੰਦੀਆਂ ਹਨ। ਫਿਰ ਕਈ ਵਾਰੀ ਅਪਣੇ ਘਰ ਦੇ ਹਾਲਾਤ ਨੂੰ ਦੇਖਦੇ ਹੋਏ, ਅਪਣੀ ਨੌਕਰੀ ਬਚਾਉਣ ਲਈ ਕੱੁਝ ਔਰਤਾਂ ਨੂੰ ਨਾ ਚਾਹੁੰਦੇ ਹੋਏ ਵੀ ਅਪਣੇ ਬੌਸ ਦੀ ਹਰ ਗੱਲ ਮੰਨਣੀ ਪੈਂਦੀ ਹੈ।
ਫਿਰ ਸ਼ੁਰੂ ਹੁੰਦਾ ਹੈ ਉਨ੍ਹਾਂ ਔਰਤਾਂ ਦਾ ਸਰੀਰਕ ਤੇ ਮਾਨਸਕ ਸ਼ੋਸ਼ਣ। ਬਹੁਤ ਸਾਰੇ ਦਫ਼ਤਰਾਂ ਵਿਚ ਤਾਂ ਅੱਜ ਵੀ ਮਾਂ ਤੇ ਭੈਣ ਦੀਆਂ ਗਾਲਾਂ ਪੁਰਸ਼ਾਂ ਵਲੋਂ ਸਿੱਧੇ ਤੌਰ ’ਤੇ ਔਰਤਾਂ ਸਾਹਮਣੇ ਬੋਲੀਆਂ ਜਾਂਦੀਆਂ ਹਨ। ਇਹ ਗੱਲ ਸੱਚੀ ਹੈ ਪਰ ਕੌੜੀ ਹੈ ਕਿ ਅੱਜ ਵੀ ਸਾਡੇ ਸਮਾਜ ਵਿਚ ਬਹੁਤਾਤ ਮਰਦ ਕਿਸੇ ਔਰਤ ਨੂੰ ਅਪਣੇ ਨਾਲੋਂ ਅੱਗੇ ਵਧਦੀ ਹੋਈ ਦੇਖਣਾ ਪਸੰਦ ਹੀ ਨਹੀਂ ਕਰਦੇ।
ਅਜਿਹੇ ਮਰਦਾਂ ਨੂੰ ਲਗਦਾ ਹੈ ਕਿ ਸਿਆਣਪ, ਸੱਤਾ ਤੇ ਸੁੱਖ ਦਾ ਅਧਿਕਾਰ ਪੁਰਸ਼ਾਂ ਦਾ ਜਨਮ-ਸਿੱਧ ਅਧਿਕਾਰ ਹੈ ਜਦਕਿ ਔਰਤਾਂ ਬਾਰੇ ਅੱਜ ਵੀ ਉਨ੍ਹਾਂ ਦੀ ਸੋਚ ਔਰਤ ਨੂੰ ਭੋਗਣ ਵਾਲੀ ਮਾਨਸਿਕ ਪ੍ਰਵਿਰਤੀ ਤੋਂ ਉਪਰ ਨਹੀਂ ਉਠ ਸਕੀ। ਅਪਣੇ ਨਾਲ ਹੋਣ ਵਾਲੀ ਕਿਸੇ ਵਧੀਕੀ ਨੂੰ ਜਦੋਂ ਕੋਈ ਔਰਤ ਸਮਾਜ ਸਾਹਮਣੇ ਲਿਆਉਂਦੀ ਹੈ ਤਾਂ ਸਮਾਜ ਦੇ ਵੱਡੇ ਠੇਕੇਦਾਰ ਔਰਤ ਨੂੰ ਕਰੈਕਟਰ ਸਰਟੀਫ਼ਿਕੇਟ ਦੇਣ ਲੱਗੇ ਇਕ ਮਿੰਟ ਲਗਾਉਂਦੇ ਹਨ। ਦੂਜੀ ਗੱਲ ਇਹ ਵੀ ਹੈ ਕਿ ਸਾਰੇ ਹੀ ਪੁਰਸ਼ ਮਰੀ ਤੇ ਕੋਝੀ ਮਾਨਸਕਤਾ ਵਾਲੇ ਨਹੀਂ ਹੁੰਦੇ ਸਗੋਂ ਦੁਨੀਆਂ ਵਿਚ ਧਰਮੀ ਬੰਦੇ ਵੀ ਹਨ।
ਲਹਿਜਾ ਮੇਰਾ ਇਹ ਲੇਖ ਹਵਸ ਦੇ ਭੁੱਖੇ ਮਰਦਾਂ ਨੂੰ ਭੰਡਣ ਲਈ ਹੈ। ਹਮ ਉਮਰ ਔਰਤ-ਮਰਦ ਵਿਚਲੇ ਰਿਸ਼ਤੇ ਤੇ ਕਿੰਤੂ-ਪ੍ਰੰਤੂ ਬੇਸ਼ਕ ਕਰਨ ਦਾ ਅਧਿਕਾਰ ਉਨ੍ਹਾਂ ਦੇ ਅਪਣੇ ਪ੍ਰਵਾਰਕ ਮੈਂਬਰਾਂ ਨੂੰ ਹੋ ਸਕਦਾ ਹੈ ਪ੍ਰੰਤੂ ਇਕ ਵੱਡੀ ਉਮਰ ਵਾਲਾ ਮਰਦ ਜੇਕਰ ਕਿਸੇ ਲਾਲਚ ਵੱਸ ਕਿਸੇ ਬੱਚੀ ਨੂੰ ਅਪਣੇ ਪਿਆਰ ਦੇ ਜਾਲ ’ਚ ਫਸਾਉਂਦਾ ਹੈ ਤੇ ਉਸ ਨਾਲ ਸ੍ਰੀਰਕ ਸਬੰਧ ਵੀ ਬਣਾਉਂਦਾ ਹੈ ਤਾਂ ਇਹ ਸੁਖਾਵੇਂ ਸਬੰਧ ਨਹੀਂ ਹੋ ਸਕਦੇ। ਅਜਿਹੇ ਸਬੰਧ ਸਿੱਧੇ ਤੌਰ ਤੇ ਪੁਰਸ਼ ਵਲੋਂ ਔਰਤ ਉਪਰ ਕੀਤੇ ਸਰੀਰਕ ਅਤੇ ਮਾਨਸਕ ਸ਼ੋਸ਼ਣ ਦੀ ਸ਼੍ਰੇਣੀ ਵਿਚ ਆਉਂਦੇ ਹਨ।
ਪੈਸੇ ਤੇ ਅਹੁਦਿਆਂ ਦੀ ਧੌਂਸ : ਪੈਸਿਆਂ ਵਾਲੇ ਮਾੜੇ ਜੁਰਮ ਕਰ ਕੇ ਵੀ ਬਚ ਜਾਂਦੇ ਹਨ ਅਤੇ ਇਨਸਾਫ਼ ਲਈ ਰੋਂਦੇ ਰਹਿੰਦੇ ਨੇ ਮਾਸੂਮ ਧੀਆਂ ਦੇ ਮਾਪੇ। ਇਹ ਗੱਲ ਮੇਰੀ ਸਮਝ ਤੋਂ ਪਰ੍ਹੇ ਹੈ ਕਿ ਪਿੰਡ ‘ਬਦਲਾਪੁਰ’ ਮਹਾਂਰਾਸ਼ਟਰ ਵਿਚ ਜਿਨ੍ਹਾਂ ਤਿੰਨ ਤੇ ਚਾਰ ਸਾਲ ਦੀਆਂ ਬੱਚੀਆਂ ਨਾਲ ਬਲਾਤਕਾਰ ਹੋਇਆ ਹੈ, ਉਨ੍ਹਾਂ ਨੇ ਕਿਹੜੇ ਛੋਟੇ-ਛੋਟੇ ਕਪੜੇ ਪਾ ਕੇ ਮਰਦਾਂ ਨੂੰ ਉਕਸਾਇਆ ਸੀ? ਤਿੰਨ ਤੋਂ ਚਾਰ ਸਾਲ ਦੀਆਂ ਬੱਚੀਆਂ ਤੋਂ ਸਮਾਜ ਇਹ ਉਮੀਦ ਕਿਵੇਂ ਕਰ ਸਕਦਾ ਹੈ ਕਿ ਉਨ੍ਹਾਂ ਨੂੰ ਕਪੜੇ ਪਾਉਣ ਦੀ ਅਕਲ ਲਿਆਕਤ ਹੋਵੇ।
ਇਹ ਗੱਲ ਇਸ ਕਰ ਕੇ ਪਾਠਕਾਂ ਅੱਗੇ ਰੱਖੀ ਹੈ ਕਿਉਂਕਿ ਸਮਾਜ ਦੇ ਇਕ ਵਰਗ ਵਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਔਰਤਾਂ ਛੋਟੇ-ਛੋਟੇ ਕਪੜੇ ਪਾ ਕੇ ਮਰਦਾਂ ਨੂੰ ਆਪ ਉਕਸਾਉਂਦੀਆਂ ਹਨ। ਅਯੋਧਿਆ ਸਮੂਹਕ ਜਬਰ-ਜਨਾਹ ਮਾਮਲੇ ਵਿਚ 12 ਸਾਲ ਦੀ ਜੋ ਬੱਚੀ ਗਰਭਵਤੀ ਹੋ ਗਈ, ਉਸ ਦਾ ਆਖ਼ਰਕਾਰ ਕਸੂਰ ਕੀ ਸੀ? ਸੌ ਕੁੜੀਆਂ ਨਾਲ ਬਲੈਕਮੇਲਿੰਗ ਅਤੇ ਸਮੂਹਕ ਬਲਾਤਕਾਰ ਅਜਮੇਰ ‘ਸੈਕਸ ਸਕੈਂਡਲ’ ਦੀ ਕਹਾਣੀ ਵੀ ਦਿਲ ਨੂੰ ਬਹੁਤ ਜ਼ਿਆਦਾ ਝੰਜੋੜਦੀ ਹੈ।
ਗਰਲਜ਼ ਸਕੂਲ ਸੋਫੀਆ, ਅਜਮੇਰ ਵਿਚ ਪੜ੍ਹਦੀਆਂ ਲੜਕੀਆਂ ਨੂੰ ਇਕ ਗੈਂਗ ਫਾਰਮ ਹਾਊਸਾਂ ਵਿਚ ਬੁਲਾ ਕੇ ਬਲਾਤਕਾਰ ਕਰਦਾ ਰਿਹਾ ਤੇ ਉਨ੍ਹਾਂ ਲੜਕੀਆਂ ਦੇ ਪ੍ਰਵਾਰ ਵਾਲਿਆਂ ਨੂੰ ਇਸ ਦਾ ਪਤਾ ਵੀ ਨਾ ਲੱਗਾ। ਬਲਾਤਕਾਰੀਆਂ ਵਿਚ ਆਈਏਐਸ ਅਤੇ ਆਈਪੀਐਸ ਦੀਆਂ ਧੀਆਂ ਵੀ ਸ਼ਾਮਲ ਸਨ। ਕੋਲਕਾਤਾ ਮਾਮਲੇ ’ਚ ਇਕ ਬੱਚੀ ਦਾ ਡਾਕਟਰ ਬਣਨ ਦਾ ਸੁਪਨਾ ਹੀ ਉਸ ਦੀ ਜਾਨ ਲੈ ਬੈਠਾ।
ਪਿਛਲੇ ਇਕ ਮਹੀਨੇ ਦੇ ਅਖ਼ਬਾਰਾਂ ਨੂੰ ਚੁਕ ਕੇ ਵੇਖ ਲਵੋ, ਉਨ੍ਹਾਂ ਉਪਰ ਨਜ਼ਰ ਮਾਰੋ, ਇਕ ਮਹੀਨੇ ਦੇ ਅੰਦਰ ਔਰਤਾਂ ਨਾਲ ਹੋਣ ਵਾਲੇ ਸ਼ੋਸ਼ਣ ਦੇ ਮਾਮਲਿਆਂ ਦੀ ਗਿਣਤੀ ਸੈਂਕੜੇ ਨੂੰ ਪਾਰ ਕਰਦੀ ਹੈ। ਇਹ ਸਿਰਫ਼ ਉਹ ਕੇਸ ਹਨ ਜੋ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣ ਕੇ ਲੋਕਾਂ ਅੱਗੇ ਆ ਗਏ। ਪ੍ਰੰਤੂ ਬਹੁਤਾਤ ਕੇਸ ਤਾਂ ਸਮਾਜ ਅੱਗੇ ਆਉਂਦੇ ਹੀ ਨਹੀਂ। ਇਹ ਉਹ ਕੇਸ ਹਨ ਜਿੱਥੇ ਧੀਆਂ ਦੇ ਅਪਣੇ ਹੀ ਪ੍ਰਵਾਰਕ ਮੈਂਬਰਾਂ, ਸਕੇ-ਸਬੰਧੀਆਂ ’ਚੋਂ ਕਿਸੇ ਮਰਦ ਵਲੋਂ, ਸਕੇ ਬਾਪ ਜਾਂ ਮਤਰੇਏ ਬਾਪ ਵਲੋਂ ਲੜਕੀ ਨੂੰ ਅਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ।
ਲੋਕ ਲੱਜਾ, ਡਰ ਤੇ ਹੋਰਨਾਂ ਮਜਬੂਰੀਆਂ ਕਾਰਨ ਬਹੁਤ ਸਾਰੀਆਂ ਧੀਆਂ ਅਜਿਹੀਆਂ ਵਧੀਕੀਆਂ ਨੂੰ ਬਰਦਾਸ਼ਤ ਕਰ ਲੈਂਦੀਆਂ ਹਨ ਤੇ ਜਿਉਂਦੀਆਂ ਲਾਸ਼ਾਂ ਬਣ ਕੇ ਸਮਾਜ ਵਿਚ ਵਿਚਰਦੀਆਂ ਰਹਿੰਦੀਆਂ ਹਨ। ਜ਼ਿੰਦਗੀ ਨੂੰ ਚਾਈਂ-ਚਾਈਂ ਜਿਉਣ ਦੇ ਉਨ੍ਹਾਂ ਦੇ ਸੁਪਨੇ ਟੁੱਟ ਜਾਂਦੇ ਹਨ ਤੇ ਸੱਧਰਾਂ ਮਰ ਜਾਂਦੀਆਂ ਹਨ। ਫਿਰ ਅਜਿਹੇ ਵਿਚ ਧੀਆਂ ਕਿੱਥੇ ਜਾਣ? ਦੱਸੋ ਕਿਹੜੀ ਥਾਂ ਹੈ ਉਨ੍ਹਾਂ ਲਈ ਸੁਰੱਖਿਅਤ? ਉੱਚ ਅਹੁਦਿਆਂ ਵਾਲੇ, ਰੁਤਬਿਆਂ ਵਾਲੇ, ਪੈਸਿਆਂ ਵਾਲੇ, ਕੋਝੀਆਂ ਸੋਚਾਂ ਵਾਲੇ, ਮਾੜੇ ਕੰਮ ਕਰ ਕੇ ਵੀ ਬੱਚ ਜਾਂਦੇ ਹਨ ਤੇ ਇਨਸਾਫ਼ ਦੀ ਟੇਕ ਲਾਈ ਬੈਠੇ ਮਾਸੂਮ ਧੀਆਂ ਦੇ ਮਾਪੇ ਉਮਰਾਂ ਭਰ ਰੋਂਦੇ ਰਹਿੰਦੇ ਹਨ। ਜਿਹੜੇ ਦੇਸ਼ ਵਿਚ 32 ਸਾਲਾਂ ਬਾਅਦ ਇਨਸਾਫ਼ ਮਿਲੇ, ਜਿਹੜੇ ਦੇਸ਼ ਵਿਚ ਮਹਿਲਾ ਜੱਜ ਮੌਤ ਲਈ ਅਪੀਲ ਕਰੇ, ਜਿਹੜੇ ਦੇਸ਼ ਵਿਚ ਹਰ ਚੌਥੇ ਤੋਂ ਪੰਜਵਾਂ ਮਰਦ ਗੱਲ-ਗੱਲ ’ਤੇ ਮਾਂ ਧੀ ਦੀ ਗਾਲ ਕੱਢੇ, ਜਿਹੜੇ ਦੇਸ਼ ਵਿਚ ਅਖ਼ਬਾਰ ਦੇ ਹਰ ਪਹਿਲੇ ਪੰਨੇ ’ਤੇ ਲਗਭਗ ਹਰ ਰੋਜ਼ ਔਰਤਾਂ ਨਾਲ ਹੋਏ ਜਬਰ ਜਿਨਾਹ ਦੀ ਖ਼ਬਰ ਹੋਵੇ, ਜਿਹੜੇ ਦੇਸ਼ ਵਿਚ ਧੀਆਂ-ਪੁੱਤਰਾਂ ਦੇ ਪਾਲਣ-ਪੋਸ਼ਣ ਵਿਚ ਅੱਜ ਵੀ ਵਿਤਕਰਾ ਹੋਵੇ, ਉਸ ਦੇਸ਼ ਵਿਚ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਔਰਤਾਂ ਨੂੰ ਹੁਣ ਮਰਦਾਂ ਦੇ ਬਰਾਬਰ ਅਧਿਕਾਰ ਮਿਲ ਗਏ ਹਨ ਤੇ ਔਰਤਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ।
.
ਹਰਦੀਪ ਕੌਰ
ਮੋ : 99141-27999