Punjab News:ਸਿਆਸੀ ਆਗੂਆਂ ਨੇ ਵਾਰ-ਵਾਰ ਪੰਜਾਬ ਦੇ ਟੁਕੜੇ ਕਰ ਕੇ, ਇਕ ਵਿਸ਼ਾਲ ਸੂਬੇ ਤੋਂ ਇਸ ਨੂੰ ਇਕ ਛੋਟੀ ਜਹੀ ਸੂਬੀ ਬਣਾ ਧਰਿਆ
May my country be Punjab: ਅੱਜ ਮਜਬੂਰੀ ਵੱਸ ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਬੈਠਾ ਹੋਵੇ ਪਰ ਅਪਣੇ ਪੰਜਾਬ ਦਾ ਮੋਹ ਕਦੇ ਵੀ ਉਹ ਦਿਲੋਂ ਨਹੀਂ ਕੱਢ ਸਕਦਾ। ਸੱਤ ਸਮੁੰਦਰੋਂ ਪਾਰ ਬੈਠੇ ਕਈ ਪੰਜਾਬੀਆਂ ਨੂੰ ਗੁਣ-ਗੁਣਾਉਂਦੇ ਸੁਣਿਆ ਜਾ ਸਕਦਾ ਹੈ :
ਮੈਂ ਜੱਦ ਦੁਨੀਆਂ ਤੋਂ ਜਾਵਾਂ
ਮੁੜ ਫੇਰ ਦੁਬਾਰਾ ਆਵਾਂ
ਮੈਂ ਜੋ ਵੀ ਜੂਨ ਹੰਢਾਵਾਂ
ਮੇਰਾ ਦੇਸ਼ ਹੋਵੇ ਪੰਜਾਬ।
ਧਰਤੀ ਸੂਰਮਿਆਂ, ਸਰਦਾਰਾਂ ਦੀ
ਕਈ ਸੂਫ਼ੀ ਸੰਤ ਫ਼ਕੀਰਾਂ ਦੀ
ਕਈ ਰਾਂਝੇ ’ਤੇ ਕਈ ਹੀਰਾਂ ਦੀ
ਮੇਰਾ ਖ਼ੁਸ਼ਹਾਲ ਹੋਵੇ ਪੰਜਾਬ।
ਮੇਰਾ ਦੇਸ਼ ਹੋਵੇ ਪੰਜਾਬ।
ਅੱਜ ਬੇਸ਼ੱਕ ਅਸੀਂ ਪੰਜਾਬ ਦਿਵਸ ਮਨਾ ਰਹੇ ਹਾਂ ਪਰ ਸਚਾਈ ਇਹ ਹੈ ਕਿ 1 ਨਵੰਬਰ 1966 ਨੂੰ ਪੰਜਾਬ ਭਾਸ਼ਾ ਦੇ ਆਧਾਰ ’ਤੇ ਵੰਡਿਆ ਗਿਆ ਸੀ। ਹਿੰਦੀ ਬੋਲਦੇ ਇਲਾਕੇ ਲਈ ਹਰਿਆਣਾ ਬਣਾ ਦਿਤਾ ਗਿਆ ਤੇ ਪਹਾੜੀ ਬੋਲਣ ਵਾਲੇ ਇਲਾਕੇ ਨੂੰ ਹਿਮਾਚਲ ਪ੍ਰਦੇਸ਼ ਬਣਾ ਦਿਤਾ ਗਿਆ ਭਾਵ ਪੰਜਾਬ ਨੂੰ ਪਹਿਲਾਂ ਨਾਲੋਂ ਵੀ ਇਸ ਕਰ ਕੇ ਛੋਟਾ ਬਣਾ ਦਿਤਾ ਗਿਆ ਕਿ ਕਿਤੇ ਪੰਜਾਬ ਇਕ ਖ਼ੁਦ-ਮੁਖ਼ਤਿਆਰੀ ਵਾਲਾ ਦੇਸ਼ ਨਾ ਬਣ ਸਕੇ। ਅਗਰ ਅੱਜ ਦੇ ਪੰਜਾਬ ਦੀ ਗੱਲ ਕਰੀਏ ਤਾਂ ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ 75 ਸਾਲਾ ਬਾਅਦ ਵੀ ਪਹਿਲਾ ਵਰਗਾ ਖ਼ੁਸ਼ਹਾਲ ਪੰਜਾਬ ਨਾ ਬਣਾ ਸਕੀਆਂ। ਅੱਜ ਸਾਡੇ ਪੰਜਾਬ ਦੀ ਜਵਾਨੀ ਉਨ੍ਹਾਂ ਮੁਲਕਾਂ ’ਚ ਜਾਣ ਲਈ ਮਜਬੂਰ ਹੈ ਜਿਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਭਾਰਤ ’ਚੋਂ ਕੱਢਣ ਲਈ ਭਗਤ ਸਿੰਘ ਵਰਗੇ ਹਜ਼ਾਰਾਂ ਨੌਜਵਾਨਾਂ ਨੇ ਸ਼ਹਾਦਤ ਦਿਤੀ ਸੀ। ਉਸੇ ਪੰਜਾਬ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਖੋਹਣ ਲਈ ਮੁਗ਼ਲ, ਅੰਗਰੇਜ਼, ਅਫ਼ਗ਼ਾਨ ਸਮੇਂ-ਸਮੇਂ ’ਤੇ ਹਮਲੇ ਕਰਦੇ ਰਹੇ।
ਜੇਕਰ ਪੰਜਾਬ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਪਤਾ ਲਗਦਾ ਹੈ ਕਿ ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ ‘ਪੰਜ’ ਤੇ ‘ਆਬ’ ਦੇ ਸੁਮੇਲ ਤੋਂ ਬਣਿਆ ਹੈ, ਮਤਲਬ ਪੰਜ ਦਰਿਆਵਾਂ ਤੋਂ ਬਣਿਆ ਹੈ। ਜਿਹਲਮ ਅਤੇ ਝਨਾਂ ਪਾਕਿ ’ਚ ਰਹਿ ਗਏ, ਸਤਲੁਜ, ਰਾਵੀ, ਬਿਆਸ ਭਾਰਤ ਦੇ ਹਿੱਸੇ ਆਏ। ਕਿਸੇ ਵੇਲੇ ਪੰਜਾਬ ਨੂੰ ਯੂਨਾਨੀਆਂ, ਮੱਧ ਇਸਾਈਆਂ, ਅਫ਼ਗ਼ਾਨਾਂ ਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਸੀ। ਬਾਬਰ ਦੇ ਮੁਗ਼ਲ ਸਾਮਰਾਜ ਦੀ ਸਥਾਪਨਾ ਦੇ ਨਾਲ ਨਾਲ ਹੀ ਪੰਜਾਬ ਦੀ ਧਰਤੀ ’ਤੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਧਰਮ ਦੀ ਸ਼ੁਰੂਆਤ ਹੋ ਗਈ ਸੀ। ਸਿੱਖ ਧਰਮ ਨੇ ਲੋਕਾਂ ’ਚ ਐਸੀ ਚੇਤਨਾ ਪੈਦਾ ਕੀਤੀ ਕਿ ਲੋਕ ਤਲਵਾਰ ਫੜ ਕੇ ਹਮਲਾਵਰ ਵਿਰੁਧ ਖੜੇ ਹੋ ਗਏ। ਸੱਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਸਥਾਪਤ ਕੀਤਾ। ਭਾਵੇਂ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੋਸਤਾਨ ’ਤੇ ਦਸ ਹਮਲੇ ਕੀਤੇ ਪਰ ਜਦੋਂ ਉਹ ਵਾਪਸ ਮੁੜਦਾ ਤਾਂ ਸਿੱਖ ਹਮਲਾ ਕਰ ਕੇ ਉਸ ਨੂੰ ਲੁੱਟ ਲੈਂਦੇ। ਸਿੱਖਾਂ ਨੇ 1799 ’ਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਿਚ ਅਫ਼ਗ਼ਾਨ ਸਾਮਰਾਜ ਦੀ ਕਬਰ ਤੇ ਖ਼ਾਲਸਾ ਰਾਜ ਸਥਾਪਤ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ’ਚ ਪੰਜਾਬ ’ਤੇ ਅੰਗਰੇਜ਼ਾਂ ਦਾ ਰਾਜ ਹੋ ਗਿਆ।
ਵੰਡ ਤੋਂ ਪਹਿਲਾਂ ਪੰਜਾਬ ਦੀਆਂ ਪੰਜ ਡਵੀਜ਼ਨਾਂ (ਅੰਬਾਲਾ, ਜਲੰਧਰ, ਲਾਹੌਰ, ਰਾਵਲ-ਪਿੰਡੀ, ਮੁਲਤਾਨ) ਅਤੇ 29 ਜ਼ਿਲ੍ਹੇ ਸਨ। ਅਗਰੇਜ਼ਾਂ ਦੇ ਜਾਣ ਤੋਂ ਬਾਅਦ ਸੰਨ 1947 ਵੇਲੇ ਦੇਸ਼ ਦੀ ਵੰਡ ਹੋਈ ਭਾਰਤ ਅਤੇ ਪਾਕਿਸਤਾਨ ਦੋ ਵਖਰੇ ਦੇਸ਼ ਬਣਾ ਦਿਤੇ ਗਏ ਜਿਸ ਵਿਚ ਪੰਜਾਬ ਦਾ ਬਹੁਤ ਸਾਰਾ ਹਿੱਸਾ ਪਾਕਿਸਤਾਨ ਦੀ ਧਰਤੀ ’ਤੇ ਰਹਿ ਗਿਆ ਜਿਸ ਨੂੰ ਲਹਿੰਦੇ ਪੰਜਾਬ ਨਾਲ ਜਾਣਿਆ ਜਾਂਦੈ ਤੇ ਭਾਰਤ ਦੀ ਧਰਤੀ ਤੇ ਵਸੇ ਪੰਜਾਬ ਨੂੰ ਚੜ੍ਹਦੇ ਪੰਜਾਬ ਕਰ ਕੇ ਜਾਣਿਆ ਜਾਂਦਾ ਹੈ ਪਰ ਦੇਸ਼ ਦੇ ਮਾੜੇ ਸਿਸਟਮ ਕਾਰਨ ਪੰਜਾਬ ਵਿਦੇਸ਼ਾਂ ’ਚ ਅਪਣੀ ਹੋਂਦ ਲੱਭਣ ਦਾ ਯਤਨ ਕਰ ਰਿਹਾ ਹੈ।
ਦੇਸ਼ ਦੀ ਵੰਡ ਵੇਲੇ ਸਿੱਖਾਂ ਲਈ ਇਕ ਵਖਰਾ ਰਾਜ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ ਸੀ ਜਿਸ ਨੂੰ ਭਾਰਤ ਦੇ ਸਿਆਸਤਦਾਨਾਂ ਨੇ ਦਬਾ ਦਿਤਾ ਸੀ ਜੇਕਰ ਉਸ ਵੇਲੇ ਇਹ ਮੰਗ ਮੰਨ ਲਈ ਜਾਂਦੀ ਤਾਂ ਅੱਜ ਪੰਜਾਬ ਇਕ ਵਖਰਾ ਖ਼ੁਦ-ਮੁਖ਼ਤਿਆਰ ਦੇਸ਼ ਹੋਣਾ ਸੀ। ਉਸ ਵਕਤ ਮਾ. ਤਾਰਾ ਸਿੰਘ ਤੇ ਅਕਾਲੀ ਦਲ ਨੇ ਨਵਾਂ ਦੇਸ਼ ਪਾਕਿਸਤਾਨ ਬਣਾਏ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਉਨ੍ਹਾਂ ਨੇ ਸੱਭ ਤੋਂ ਪਹਿਲਾਂ ‘ਪਾਕਿਸਤਾਨ ਮੁਰਦਾਬਾਦ’ ਦਾ ਨਾਹਰਾ ਲਾਇਆ ਸੀ। ਮੁਸਲਿਮ ਲੀਗ ਨੇ ਉਨ੍ਹਾਂ ਨੂੰ ਪਾਕਿਸਤਾਨ ਵਿਚ ਰਹਿਣ ਦੀ ਗੱਲ ਕੀਤੀ ਤੇ ਕਿਹਾ ਕਿ ਉਨ੍ਹਾਂ ਲਈ ਇਕ ਵਖਰਾ ਖ਼ੁਦ-ਮੁਖ਼ਤਿਆਰ ਸਿੱਖ ਸੂਬਾ ਬਣਾ ਦਿਤਾ ਜਾਵੇਗਾ ਪਰ ਉਸ ਵਕਤ ਮਾ. ਤਾਰਾ ਸਿੰਘ ਨੇ ਹਾਮੀ ਨਾ ਭਰੀ। ਇਸ ਵੰਡ ਤੋਂ ਦੋ ਸਾਲ ਬਾਅਦ ਹੀ ਮਾ. ਤਾਰਾ ਸਿੰਘ ਨੇ ਭਾਸ਼ਾ ਦੇ ਆਧਾਰ ’ਤੇ ਪੰਜਾਬ ਦੀ ਮੁੜ ਹੱਦਬੰਦੀ ਕਰਨ ਦੀ ਮੰਗ ਰੱਖੀ ਜਿਸ ਕਰ ਕੇ ਉਨ੍ਹਾਂ ਨੂੰ 1949, 1953, 1955 ਤੇ 1960 ’ਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਇਸ ਤੋਂ ਬਾਅਦ ਪੰਜਾਬ ਨੂੰ ਹੋਰ ਛੋਟਾ ਕਰ ਦਿਤਾ ਗਿਆ ਜਿਸ ’ਚੋ ਰਾਜਸਥਾਨ, ਜੰਮੂ-ਕਸ਼ਮੀਰ ਤੇ ਦਿੱਲੀ ਕੱਢ ਦਿਤੇ ਗਏ। ਇਥੇ ਹੀ ਬਸ ਨਹੀਂ ਹੋਈ ਤੇ ਅਖ਼ੀਰ 1 ਨਵੰਬਰ 1966 ਨੂੰ ਇਕ ਵਾਰ ਫਿਰ ਪੰਜਾਬ ਦੇ ਟੁਕੜੇ ਕਰ ਕੇ ਇਸ ਨੂੰ ਹੋਰ ਛੋਟਾ ਕਰ ਦਿਤਾ ਗਿਆ ਤੇ ਪੰਜਾਬ ਵਿਚੋਂ ਦੋ ਹੋਰ ਸੂਬੇ ਹਰਿਆਣਾ ਤੇ ਹਿਮਾਚਲ ਬਣਾ ਦਿਤੇ ਗਏ। ਇਹ ਸੱਭ ਤਾਂ ਹੀ ਕੀਤਾ ਗਿਆ ਕਿ ਮੁੜ ਦੁਬਾਰਾ ਸਿੱਖ ਰਾਜ ਕਾਇਮ ਨਾ ਹੋ ਸਕੇ ਤੇ ਪੰਜਾਬ ਨੂੰ ਇਕ ਛੋਟਾ ਜਿਹਾ ਸੂਬਾ ਬਣਾ ਦਿਤਾ ਗਿਆ ਤਾਕਿ ਇਹ ਇਕ ਦੇਸ਼ ਨਾ ਬਣ ਸਕੇ। ਨਵੇਂ ਬਣੇ ਚੜ੍ਹਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸਨ ਅਤੇ ਪਹਿਲੇ ਰਾਜਪਾਲ ਧਰਮਵੀਰ ਸਨ। ਇਸ ਵਿਚ 17 ਜ਼ਿਲ੍ਹੇ ਤੇ 83 ਤਹਿਸੀਲਾਂ ਸਨ। ਨਵੇਂ ਪੰਜਾਬ ਦੀ ਆਬਾਦੀ 1 ਕਰੋੜ, 11 ਲੱਖ, 47 ਹਜ਼ਾਰ 54 ਸੀ ਅਤੇ ਰਕਬਾ 50,225 ਵਰਗ ਕਿਲੋਮੀਟਰ ਸੀ। 1966 ਤੋਂ ਲੈ ਕੇ ਹੁਣ ਤਕ ਪੰਜਾਬ ਨੇ ਬੜੇ ਉਤਰਾਅ ਚੜ੍ਹਾ ਵੇਖੇ ਹਨ। 1978 ਤੋਂ ਬਾਅਦ ਪੰਜਾਬ ਲਈ ਬੜਾ ਮਾੜਾ ਵਕਤ ਹੋਇਆ ਜਿਸ ਦਾ ਸਿਖਰ 1984 ਦਾ ਸਾਲ ਰਿਹਾ। ਇਸ ਵਕਫ਼ੇ ਦੌਰਾਨ ਪੰਜਾਬ ਨੂੰ ਅਪਣੇ ਹੀ ਲੋਕਾਂ ਨੂੰ ਗੁਆਉਣਾ ਪਿਆ। ਪੰਜਾਬ ਦੇ ਇਹ ਜ਼ਖ਼ਮ ਸ਼ਾਇਦ ਨਾ ਭਰਨ ਯੋਗ ਹਨ।
1966 ਤੋਂ ਬਾਅਦ ਪੰਜਾਬ ਵਿਚ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਰਾਜ ਕੀਤਾ ਅਤੇ ਪੰਜਾਬ ਨੂੰ ਕੈਲੀਫ਼ੋਰਨੀਆ ਵਰਗਾ ਬਣਾਉਣ ਦੇ ਵਾਅਦੇ ਵੀ ਕੀਤੇ ਗਏ ਪਰ 77 ਸਾਲਾਂ ਬਾਅਦ ਵੀ ਅਸੀਂ ਪੰਜਾਬ ਨੂੰ ਚੰਡੀਗੜ੍ਹ ਵਰਗਾ ਖ਼ੂਬਸੂਰਤ ਵੀ ਨਹੀਂ ਬਣਾ ਸਕੇ। ਅਜ਼ਾਦੀ ਤੋਂ ਬਾਅਦ ਪੰਜਾਬ ਅਤੇ ਹੋਰ ਸੂਬਿਆਂ ਦੇ ਬਹੁਤ ਸਾਰੇ ਮਸਲਿਆਂ ਦੀ ਚਾਬੀ ਕੇਂਦਰ ਸਰਕਾਰ ਕੋਲ ਹੈ ਜਿਸ ਕਰ ਕੇ ਪੰਜਾਬ ਨੂੰ ਖ਼ੁਦ-ਮੁਖਤਿਆਰੀ ਦੀ ਘਾਟ ਵੀ ਰੜਕਦੀ ਆ ਰਹੀ ਹੈ। ਪੰਜਾਬ ਦੀ ਮਜਬੂਰੀ ਹੈ ਕਿ ਉਹ ਅਪਣੇ ਹਿਸਾਬ ਨਾਲ ਕਾਨੂੰਨ ਨਹੀਂ ਬਣਾ ਸਕਦਾ ਅਤੇ ਹੋਰ ਬਹੁਤ ਸਾਰੇ ਮੁੱਦਿਆਂ ’ਤੇ ਵੀ ਕੇਂਦਰ ਸਰਕਾਰ ਉਤੇ ਨਿਰਭਰ ਹੈ।
ਦੂਜੇ ਪਾਸੇ ਦੇਸ਼ ਦੀ ਰਾਜਨੀਤੀ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਹੈ। ਦੇਸ਼ ਦੇ ਕਾਨੂੰਨ ਇੰਨੇ ਕਮਜ਼ੋਰ ਹੋ ਚੁੱਕੇ ਹਨ ਕਿ ਕੋਈ ਵੀ ਇਨ੍ਹਾਂ ਦੀ ਪ੍ਰਵਾਹ ਨਹੀਂ ਕਰਦਾ। ਸਿਖਿਆ, ਸਿਹਤ ਸੰਸਥਾਵਾਂ ਦਾ ਵਪਾਰੀਕਰਨ ਹੋ ਚੁੱਕਾ ਹੈ, ਬੇਰੁਜ਼ਗਾਰੀ ਅਤੇ ਗ਼ਰੀਬੀ ਹਾਸ਼ੀਏ ’ਤੇ ਖੜੀ ਹੈ। ਸ਼ਾਇਦ ਇਹੋ ਕਾਰਨ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਵਰਗ ਵਿਦੇਸ਼ ਜਾਣ ਲਈ ਕਾਹਲਾ ਹੈ ਜਾਂ ਫਿਰ ਨਸ਼ੇ ਲਈ। ਪੰਜਾਬ ਨੂੰ ਨਵੀਂ ਸਰਕਾਰ ਤੋਂ ਖ਼ੁਸ਼ਹਾਲੀ ਅਤੇ ਬੇਹਤਰੀ ਦੀ ਕਾਫ਼ੀ ਉਮੀਦ ਸੀ ਪਰ ਅਫ਼ਸੋਸ ਅਜੇ ਤਕ ਉਮੀਦ ਬਾਕੀ ਹੈ।