Village Ponds: ਸਾਡੇ ਲੋਕ ਗੀਤਾਂ ਵਿਚ ਟੋਭਿਆਂ ਦਾ ਆਮ ਹੀ ਜ਼ਿਕਰ ਕੀਤਾ ਜਾਂਦਾ ਹੈ
Village ponds are disappearing: ਟੋਭੇ ਸਾਡੇ ਪੰਜਾਬੀ ਸਭਿਆਚਾਰ ਦਾ ਅਹਿਮ ਹਿੱਸਾ ਹਨ। ਸਾਡਾ ਵਿਰਾਸਤੀ ਚਿੰਨ੍ਹ ਹਨ ਕਿਉਂਕਿ ਸ਼ੁਰੂ ਤੋਂ ਹੀ ਹਰ ਪਿੰਡ ਦਾ ਸ਼ਿੰਗਾਰ ਟੋਭੇ ਮੰਨੇ ਜਾਂਦੇ ਰਹੇ ਹਨ।
ਸਾਡੇ ਲੋਕ ਗੀਤਾਂ ਵਿਚ ਟੋਭਿਆਂ ਦਾ ਆਮ ਹੀ ਜ਼ਿਕਰ ਕੀਤਾ ਜਾਂਦਾ ਹੈ ਜਿਵੇਂ:
ਵਿਚ ਤ੍ਰਿੰਝਣਾਂ ਮੈਂ ਚਰਖ਼ਾ ਕੱਤਦੀ
ਕੱਤਦੀ ਨੀਝਾਂ ਲਾ ਕੇ
ਵੇ ਮਿਲ ਜਾ ਹਾਣਦਿਆਂ
ਪਾਰ ਟੋਭੇ ਦੇ ਆ ਕੇ।
ਪੁਰਾਤਨ ਜ਼ਮਾਨੇ ਵਿਚ ਜਿਵੇਂ ਜਿਵੇਂ ਪਿੰਡ ਹੋਂਦ ਵਿਚ ਆਉਂਦੇ ਸਨ ਤਾਂ ਪਿੰਡ ਦੇ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਪਿੰਡ ਦੇ ਬਾਹਰਵਾਰ ਸੁੰਨੀ ਥਾਂ ’ਤੇ ਟੋਭੇ ਬਣਾਏ ਜਾਂਦੇ ਸਨ ਤੇ ਟੋਭਿਆਂ ਵਿਚ ਸਾਰੇ ਪਿੰਡ ਦਾ ਬਰਸਾਤੀ ਪਾਣੀ ਹੀ ਇਕੱਠਾ ਹੁੰਦਾ ਸੀ ਜੋ ਪਾਣੀ ਦੇ ਸਦ ਉਪਯੋਗ ਦਾ ਉਤਮ ਤਰੀਕਾ ਹੁੰਦਾ ਸੀ। ਉਨ੍ਹਾਂ ਵੇਲਿਆਂ ਵਿਚ ਘਰੇਲੂ ਕੰਮਾਂ ਲਈ ਸੁਆਣੀਆਂ ਖੂਹਾਂ ਤੋਂ ਪਾਣੀ ਭਰ ਕੇ ਲਿਜਾਂਦੀਆਂ ਸਨ ਜਿਸ ਕਰ ਕੇ ਪਾਣੀ ਦੀ ਬਹੁਤ ਸੀਮਤ ਮਾਤਰਾ ਵਿਚ ਵਰਤੋਂ ਕੀਤੀ ਜਾਂਦੀ ਸੀ ਜਿਸ ਕਰ ਕੇ ਘਰਾਂ ਵਿਚ ਲੋੜ ਦੇ ਹਿਸਾਬ ਨਾਲ ਵਰਤਿਆ ਗਿਆ ਪਾਣੀ ਕੱਚੇ ਵਿਹੜਿਆਂ ਵਿਚ ਹੀ ਸਮਾ ਕੇ ਖਪਤ ਹੋ ਜਾਂਦਾ ਸੀ।
ਘਰ ਦੇ ਮਰਦਾਂ ਵਲੋਂ ਨਹਾਉਣ ਜਾਂ ਇਸਤਰੀਆਂ ਵਲੋਂ ਕਪੜੇ ਬਗ਼ੈਰਾ ਧੋਣ ਦਾ ਜ਼ਿਆਦਾ ਕੰਮ ਖੂਹਾਂ ਉਤੇ ਜਾ ਕੇ ਹੀ ਨਿਬੇੜ ਲਿਆ ਜਾਂਦਾ ਸੀ। ਉਨ੍ਹਾਂ ਵਲੋਂ ਵਰਤਿਆ ਗਿਆ ਪਾਣੀ ਉਥੇ ਆਲੇ ਦੁਆਲੇ ਜੋ ਕੱਚੀ ਥਾਂ ਵਿਚ ਅਸਾਨੀ ਨਾਲ ਖਪਤ ਹੋ ਜਾਂਦਾ ਸੀ ਜਿਸ ਕਰ ਕੇ ਟੋਭੇ ਵਿਚ ਭਾਰੀ ਮਾਤਰਾ ਵਿਚ ਇਕੱਠਾ ਹੋਇਆ ਬਰਸਾਤੀ ਪਾਣੀ ਬਿਲਕੁਲ ਸਾਫ਼ ਸੁਥਰਾ ਹੁੰਦਾ ਸੀ ਜੋ ਪਿੰਡ ਦੇ ਡੰਗਰ ਪਸ਼ੂਆਂ ਨੂੰ ਪਿਆਉਣ ਲਈ ਅਤੇ ਉਨ੍ਹਾਂ ਨੂੰ ਨਹਾਉਣ ਲਈ ਕੰਮ ਆ ਜਾਂਦਾ ਸੀ।
ਕੱਚੇ ਟੋਭੇ ਵਿਚ ਇਕੱਠਾ ਪਾਣੀ ਹੌਲੀ ਹੌਲੀ ਧਰਤੀ ਅੰਦਰ ਜਾ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਨੀਵਾਂ ਨਹੀਂ ਹੋਣ ਦਿੰਦਾ ਸੀ। ਉਪਰਲੀ ਸੱਤਾ ਦਾ ਪਾਣੀ ਫ਼ਿਲਟਰ ਹੋ ਕੇ ਸਾਫ਼ ਸੁਥਰਾ ਰਹਿੰਦਾ ਸੀ। ਗਰਮੀਆਂ ਵਿਚ ਬੱਚਿਆਂ ਵਲੋਂ ਟੋਭੇ ਵਿਚ ਤੈਰੀਆਂ ਲਾ ਕੇ ਗਰਮੀ ਦੂਰ ਭਜਾਉਣ ਦਾ ਉਤਮ ਸਾਧਨ ਹੁੰਦਾ ਸੀ।
ਟੋਭੇ ਦਾ ਪਾਣੀ ਪਿੰਡ ਦਾ ਤਾਪਮਾਨ ਵੀ ਠੰਢਾ ਰੱਖਣ ਦਾ ਕੰਮ ਕਰਦਾ ਸੀ। ਸ਼ਾਮ ਨੂੰ ਪਿੰਡ ਦੇ ਬੱਚਿਆਂ, ਬਜ਼ੁਰਗਾਂ ਤੇ ਨੌਜਵਾਨਾਂ ਵਲੋਂ ਉਥੇ ਇਕੱਠੇ ਹੋ ਕੇ ਦਿਲ ਦੀਆਂ ਗੱਲਾਂ ਦੀਆਂ ਸਾਂਝਾਂ ਪਾਈਆਂ ਜਾਂਦੀਆਂ ਸਨ ਜਿਸ ਨਾਲ ਆਪਸ ਵਿਚ ਰਲ ਮਿਲ ਕੇ ਬੈਠਣ ਅਤੇ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਸੀ। ਪਿੰਡਾਂ ਦੇ ਟੋਭੇ ਰੱਸਾ ਵੱਟਣ ਦੇ ਛੋਟੇ ਉਤਪਾਦ ਵਿਚ ਵੀ ਸਹਾਈ ਹੁੰਦੇ ਸਨ। ਸਣ ਨੂੰ ਦੋ ਤਿੰਨ ਦਿਨ ਖੁੱਲ੍ਹੇ ਪਾਣੀ ਵਿਚ ਭਿਉਂ ਕੇ ਰੱਸਾ ਵੱਟਣ ਲਈ ਤਿਆਰ ਕਰਨਾ ਪੈਂਦਾ ਸੀ ਜਿਸ ਕਰ ਕੇ ਲੋਕ ਪਿੰਡਾਂ ਦੇ ਟੋਭਿਆਂ ਦੀ ਵਰਤੋਂ ਇਸ ਕੰਮ ਲਈ ਵੀ ਬਾਖ਼ੂਬੀ ਕਰਦੇ ਸਨ।
ਪਰ ਸਮੇਂ ਦੇ ਬਦਲਾਅ ਦੇ ਨਾਲ ਨਾਲ ਟੋਭਿਆਂ ਦੇ ਰੰਗ ਰੂਪ ਅਤੇ ਉਸ ਵਰਤੋਂ ਵਿਚ ਵੀ ਭਾਰੀ ਬਦਲਾਅ ਆਇਆ ਹੈ। ਜਿਵੇਂ ਜਿਵੇਂ ਘਰਾਂ ਵਿਚ ਪਾਣੀ ਦੀ ਲੋੜ ਦੀ ਪੂਰਤੀ ਲਈ ਨਲਕੇ ਜਾਂ ਟੂਟੀਆਂ ਦੀ ਵਰਤੋਂ ਵਧੀ, ਘਰ ਪੱਕੇ ਹੋਣ ਲੱਗੇ, ਕੱਚੀਆਂ ਨਾਲੀਆਂ ਪੱਕੀਆਂ ਹੋਣ ਲੱਗੀਆਂ ਤਾਂ ਪਿੰਡ ਦੇ ਲੋਕਾਂ ਵਲੋਂ ਘਰਾਂ ਵਿਚ ਵਰਤੇ ਜਾਂਦੇ ਗੰਦੇ ਪਾਣੀ ਦੀ ਨਿਕਾਸੀ ਟੋਭਿਆਂ ਵਿਚ ਕੀਤੀ ਜਾਣ ਲੱਗੀ।
ਇਨ੍ਹਾਂ ਵਿਚ ਘਰਾਂ ਦੇ ਸੈਪਟਿਕ ਟੈਂਕਾਂ ਦਾ ਲੈਟਰੀਨ ਵਾਲਾ ਪਾਣੀ ਵੀ ਪੈ ਰਿਹਾ ਹੈ। ਪਿੰਡਾਂ ਵਿਚ ਦੁੱਧ ਇਕੱਠਾ ਕਰਨ ਵਾਲੇ ਮਿਲਕ ਸੈਂਟਰਾਂ ਦਾ ਕੈਮੀਕਲ ਵਾਲਾ ਗੰਦਾ ਪਾਣੀ ਇਨ੍ਹਾਂ ਛੱਪੜਾਂ ਨੂੰ ਦੂਸ਼ਿਤ ਕਰ ਰਿਹਾ ਹੈ ਜਿਸ ਨਾਲ ਟੋਭਿਆਂ ਦੇ ਪਾਣੀ ਦੂਸ਼ਿਤ ਕਰ ਦਿਤੇ ਗਏ। ਉਹ ਪਾਣੀ ਡੰਗਰਾਂ ਪਸ਼ੂਆਂ ਦੇ ਪੀਣ ਯੋਗ ਹੀ ਨਹੀਂ ਰਿਹਾ ਸਗੋਂ ਉਹ ਨਿਰਾ ਬਿਮਾਰੀਆਂ ਦਾ ਘਰ ਬਣਨ ਲੱਗਿਆ।
ਕਦੇ ਜਿਹੜੇ ਟੋਭਿਆਂ ਵਿਚ ਡੱਡੂਆਂ ਦੀ ਟੈਂ ਟੈਂ ਕਿਤੇ ਮੀਂਹ ਆਉਣ ਦਾ ਸੰਕੇਤ ਦਿੰਦੀ ਸੀ ਜੋ ਹੁਣ ਸਮੇਂ ਦੇ ਬਦਲਾਅ ਨਾਲ ਹੌਲੀ ਹੌਲੀ ਮੱਛਰਾਂ ਮੱਖੀਆਂ ਦੇ ਪੈਦਾ ਹੋਣ ਨਾਲ ਮਲੇਰੀਆ, ਡੇਂਗੂ ਅਤੇ ਹੈਜ਼ਾ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇਣ ਲੱਗੀਆਂ ਹਨ। ਚਾਹੇ ਅੱਜ ਬਹੁਤੇ ਪਿੰਡਾਂ ਵਿਚ ਟੋਭੇ ਪੱਕੇ ਕੀਤੇ ਜਾਣ ਲੱਗ ਪਏ ਹਨ, ਉਨ੍ਹਾਂ ਦੇ ਆਲੇ ਦੁਆਲੇ ਰੰਗਦਾਰ ਜਾਲੀਆਂ ਦੀ ਵਾੜ ਕਰ ਦਿਤੀ ਜਾਣ ਲੱਗੀ ਹੈ। ਮੌਸਮ ਦੇ ਹਿਸਾਬ ਨਾਲ ਉਥੇ ਮੱਖੀਆਂ ਮੱਛਰ ਪੈਦਾ ਹੋਣ ਤੋਂ ਪੰਚਾਇਤਾਂ ਵਲੋਂ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੀਤਾ ਜਾਣ ਲੱਗਿਆ ਹੈ ਜੋ ਬਹੁਤ ਚੰਗੀ ਗੱਲ ਹੈ।
ਬੇਸ਼ੱਕ ਪਿੰਡਾਂ ਅਤੇ ਪਿੰਡਾਂ ਦੇ ਘਰਾਂ ਦਾ ਤੇਜ਼ੀ ਨਾਲ ਵਿਕਾਸ ਹੋ ਕੇ ਰੰਗ ਰੂਪ ਬਦਲ ਗਿਆ ਹੈ ਉਥੇ ਹੀ ਪੱਕੇ ਟੋਭੇ, ਆਲੇ ਦੁਆਲੇ ਰੰਗਦਾਰ ਜਾਲੀਆਂ ਅਤੇ ਕਈ ਪਿੰਡਾਂ ਵਿਚ ਉਸ ਦੇ ਆਲੇ ਦੁਆਲੇ ਫੁੱਲਾਂ ਵਾਲੇ ਪੌਦੇ ਲਗਾਏ ਜਾਣ ਲੱਗੇ ਹਨ, ਜਿਥੇ ਉਹ ਨਵੀਨੀਕਰਨ ਦਾ ਸੰਕੇਤ ਦਿੰਦੇ ਹਨ ਅਤੇ ਪਿੰਡ ਦੀ ਦਿੱਖ ਨੂੰ ਵੀ ਖ਼ੂਬਸੂਰਤ ਬਣਾਉਂਦੇ ਹਨ ਪਰ ਅਫ਼ਸੋਸ, ਉਥੇ ਹੀ ਜਿਸ ਮਕਸਦ ਨਾਲ ਸਾਡੇ ਪੁਰਖਿਆਂ ਵਲੋਂ ਟੋਭਿਆਂ ਦੀ ਇਜਾਦ ਕੀਤੀ ਗਈ ਸੀ ਉਹ ਮਕਸਦ ਜ਼ਰੂਰ ਅਲੋਪ ਹੋ ਰਿਹਾ ਹੈ।