
ਅਧਿਆਪਕ ਇਕ ਕਿੱਤੇ ਦਾ ਹੀ ਨਾਂ ਨਹੀਂ ਸਗੋਂ ਅਧਿਆਪਕ ਅਪਣੇ ਆਪ ਵਿਚ ਇਕ ਪਰਉਪਕਾਰੀ ਸੰਸਥਾ ਹੈ।
ਅਧਿਆਪਕ ਇਕ ਕਿੱਤੇ ਦਾ ਹੀ ਨਾਂ ਨਹੀਂ ਸਗੋਂ ਅਧਿਆਪਕ ਅਪਣੇ ਆਪ ਵਿਚ ਇਕ ਪਰਉਪਕਾਰੀ ਸੰਸਥਾ ਹੈ। ਪੁਰਾਣੇ ਸਮੇਂ ਤੋਂ ਹੀ ਅਧਿਆਪਕ ਨੂੰ ਪਰਮਾਤਮਾ ਤੋਂ ਉੱਚਾ ਰੁਤਬਾ ਦਿਤਾ ਜਾਂਦਾ ਰਿਹਾ ਹੈ। ਅਧਿਆਪਕ ਮਨੁੱਖ ਦੀ ਜ਼ਿੰਦਗੀ ਦੇ ਵਿਕਾਸ, ਤਰੱਕੀ ਅਤੇ ਉੱਚਤਾ ਲਈ ਮਹੱਤਵਪੂਰਨ ਅਤੇ ਅਪੂਰਕ ਧੁਰਾ ਰਿਹਾ ਹੈ। ਅਧਿਆਪਕ ਅਤੇ ਉਸ ਦੇ ਦਿਤੇ ਗਿਆਨ ਦੀ ਲੋਅ ਸਦਕਾ ਹੀ ਇਕ ਸਭਿਅਕ ਸਮਾਜ ਹੋਂਦ ਵਿਚ ਆਇਆ ਅਤੇ ਸਮਾਜ ਵਿਚ ਸ੍ਰੇਸ਼ਠਤਾ ਅਤੇ ਸ਼ਿਸ਼ਟਤਾ ਬਣੀ ਰਹਿੰਦੀ ਹੈ। ਅਧਿਆਪਕ ਅਤੇ ਜੀਵਨ ਨੂੰ ਅਪਣੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚ ਸੋਚ ਕਰ ਕੇ ਖ਼ੁਸ਼ਹਾਲ, ਸੁਖਾਲਾ, ਉੱਤਮ, ਸ਼ਿਸ਼ਟ ਅਤੇ ਸਭਿਅਕ ਬਣਾਉਂਦਾ ਹੈ।
Teacher and students
ਹਰ ਅਧਿਆਪਕ ਦੀ ਇਹ ਸਿਰਤੋੜ ਕੋਸ਼ਿਸ਼ ਹੁੰਦੀ ਹੈ ਕਿ ਉਸ ਦਾ ਸ਼ਗਿਰਦ ਜ਼ਿੰਦਗੀ 'ਚ ਉੱਚ-ਪਦਵੀ ਉਤੇ ਪਹੁੰਚੇ, ਸ਼ਿਸ਼ਟਤਾ ਅਤੇ ਨੈਤਿਕਤਾ ਦਾ ਪੱਲਾ ਜ਼ਿੰਦਗੀ ਭਰ ਫੜੀ ਰੱਖੇ ਅਤੇ ਜੀਵਨ ਵਿਚ ਕਾਮਯਾਬ ਹੋ ਸਕੇ। ਅਧਿਆਪਕ ਉਸ ਦੀਵੇ ਵਾਂਗ ਹੀ ਹੁੰਦਾ ਹੈ ਜੋ ਖ਼ੁਦ ਸੜ ਕੇ ਦੂਜਿਆਂ ਨੂੰ ਲੋਅ ਦਿੰਦਾ ਹੈ। ਅਧਿਆਪਕ ਅਪਣੇ ਸ਼ਾਗਿਰਦ ਨਾਲ ਮਾਤਾ, ਪਿਤਾ ਅਤੇ ਇਕ ਸੱਚੇ ਦੋਸਤ ਵਾਲਾ ਰਿਸ਼ਤਾ ਵੀ ਨਿਭਾਉਂਦਾ ਹੈ। ਅਧਿਆਪਕ ਕੋਲ ਪੜ੍ਹਿਆ ਕੋਈ ਸ਼ਗਿਰਦ ਜਦੋਂ ਕਿਸੇ ਉੱਚ ਅਹੁਦੇ ਉਤੇ ਪਹੁੰਚ ਜਾਂਦਾ ਹੈ ਜਾਂ ਜ਼ਿੰਦਗੀ 'ਚ ਸਫ਼ਲ ਹੋ ਕੇ ਬੁਲੰਦੀਆਂ ਛੂੰਹਦਾ ਹੈ ਤਾਂ ਜੋ ਆਨੰਦ, ਖ਼ੁਸ਼ੀ, ਸਕੂਨ, ਤ੍ਰਿਪਤੀ, ਖੇੜਾ ਅਤੇ ਸ਼ਾਂਤੀ ਇਕ ਅਧਿਆਪਕ ਨੂੰ ਮਿਲਦੀ ਹੈ, ਉਸ ਨੂੰ ਦਸਣਾ ਕਲਮਬੰਦ ਕਰਨਾ ਅਤੇ ਸਿੱਧ ਕਰਨਾ ਬਹੁਤ ਹੀ ਔਖਾ ਹੁੰਦਾ ਹੈ।
Teacher and students
ਅਧਿਆਪਕ ਕਦੇ ਵੀ ਕਿਸੇ ਸ਼ਗਿਰਦ ਨਾਲ ਕਿਸੇ ਵੀ ਗੱਲ ਜਾਂ ਰੁਤਬੇ ਕਰ ਕੇ ਕੋਈ ਵਿਤਕਰਾ ਨਹੀਂ ਕਰਦਾ। ਇਕ ਮਾਂ ਵਾਂਗ ਹੀ ਉਸ ਲਈ ਵੀ ਸਾਰੇ ਵਿਦਿਆਰਥੀ ਬਰਾਬਰ ਹੁੰਦੇ ਹਨ। ਉਹ ਸੱਭ ਨੂੰ ਇਕ 'ਅੱਖ' ਨਾਲ ਹੀ ਵੇਖਦਾ ਹੈ ਅਤੇ ਸੱਭ ਵਿਦਿਆਰਥੀਆਂ ਨਾਲ ਇਕੋ ਜਿਹਾ ਸਲੂਕ ਕਰਦਾ ਹੈ। ਅਧਿਆਪਕ ਵੀ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਵਾਂਗ ਹੀ ਦਿਲੋਂ ਸੱਚਾ, ਈਮਾਨਦਾਰ, ਨੇਕ, ਸਭਿਅਕ, ਸਿਸ਼ਟਤਾ-ਭਰਪੂਰ ਅਤੇ ਸਦਾਚਾਰੀ ਹੁੰਦਾ ਹੈ। ਅਧਿਆਪਕ ਦਾ ਦਿਲ ਵੀ ਬੱਚਿਆਂ ਦੇ ਦਿਲ ਵਾਂਗ ਸਾਫ਼ ਅਤੇ ਨਿਰਮਲ ਹੁੰਦਾ ਹੈ। ਜ਼ਿੰਦਗੀ, ਸਮਾਜ, ਦੇਸ਼ ਅਤੇ ਮਨੁੱਖਤਾ ਦੀ ਤਰੱਕੀ ਵਿਚ ਅਧਿਆਪਕ ਦੀ ਅਹਿਮ ਅਤੇ ਮਜ਼ਬੂਤ ਭੂਮਿਕਾ ਨੂੰ ਸਮਝਦੇ ਹੋਏ, ਸਾਨੂੰ ਅਤੇ ਸਮਾਜ ਨੂੰ ਅਧਿਆਪਕ ਦੀ ਦਿਲੋਂ ਇੱਜ਼ਤ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।
Teacher and students
ਅਸੀ ਅਪਣੀ ਜ਼ਿੰਦਗੀ ਦਾ ਸੁਨਹਿਰੀ ਪੜਾਅ (ਬਚਪਨ) ਅਪਣੇ ਅਧਿਆਪਕਾਂ ਕੋਲ ਹੀ ਬਤੀਤ ਕੀਤਾ ਹੁੰਦਾ ਹੈ। ਉਨ੍ਹਾਂ ਕੋਲੋਂ ਹੀ ਜੀਵਨ-ਜਾਚ, ਮਰਿਆਦਾ, ਸ਼ਿਸ਼ਟਤਾ ਅਤੇ ਸਫ਼ਲਤਾ ਦੇ ਗੁਰ ਸਿਖੇ ਹੁੰਦੇ ਹਨ ਅਤੇ ਤਰੱਕੀਆਂ ਪ੍ਰਾਪਤ ਕੀਤੀਆਂ ਹੋਈਆਂ ਹੁੰਦੀਆਂ ਹਨ। ਇਸ ਲਈ ਇਹ ਅਤਿ-ਜ਼ਰੂਰੀ ਬਣਦਾ ਹੈ ਕਿ ਜੀਵਨ ਵਿਚ ਅਤੇ ਵੱਡੇ-ਵੱਡੇ ਮੁਕਾਮ ਹਾਸਲ ਕਰਨ ਮਗਰੋਂ ਵੀ ਅਪਣੇ ਅਧਿਆਪਕਾਂ ਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ। ਉਨ੍ਹਾਂ ਦੀ ਤਸਵੀਰ ਘਰ-ਪ੍ਰਵਾਰ ਵਿਚ ਜ਼ਰੂਰ ਲਾਉਣੀ ਚਾਹੀਦੀ ਹੈ। ਜੀਵਨ ਵਿਚ ਅਤੇ ਘਰ-ਪ੍ਰਵਾਰ ਦੇ ਹਰ ਦੁੱਖ-ਸੁੱਖ ਵਿਚ ਅਪਣੇ ਅਧਿਆਪਕਾਂ ਨੂੰ ਇੱਜ਼ਤ ਮਾਣ ਨਾਲ ਬੁਲਾ ਕੇ ਉਨ੍ਹਾਂ ਦੀ ਸ਼ਿਰਕਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਜਦੋਂ ਵੀ ਯਾਦ ਆਵੇ ਤਾਂ ਅਪਣੇ ਅਧਿਆਪਕਾਂ ਨੂੰ ਫ਼ੋਨ ਜਾਂ ਚਿੱਠੀ ਪੱਤਰ ਰਾਹੀਂ ਯਾਦ ਕਰ ਲੈਣਾ ਚਾਹੀਦਾ ਹੈ ਜਾਂ ਸਮਾਂ ਕੱਢ ਕੇ ਅਧਿਆਪਕਾਂ ਦੇ ਘਰ ਜਾ ਆਉਣਾ ਚਾਹੀਦਾ ਹੈ।
Teacher and students
ਇਹ ਗੱਲ ਦਿਲ ਵਿਚ ਕਦੇ ਨਹੀਂ ਲਿਆਉਣੀ ਚਾਹੀਦੀ ਕਿ ਹੁਣ ਅਸੀ ਅਪਣੇ ਅਧਿਆਪਕਾਂ ਤੋਂ ਕੀ ਲੈਣਾ ਹੈ, ਕਿਉਂ ਉਨ੍ਹਾਂ ਨੂੰ ਫ਼ੋਨ ਕਰੀਏ, ਕਿਉਂ ਉਨ੍ਹਾਂ ਨੂੰ ਮਿਲਣ ਜਾਈਏ? ਇਕ ਅਧਿਆਪਕ ਨੂੰ ਇਹ ਆਸ ਹੁੰਦੀ ਹੈ ਅਤੇ ਉਸ ਲਈ ਇਹ ਬਹੁਤ ਵੱਡਾ ਸਨਮਾਨ ਹੁੰਦਾ ਹੈ। ਜਦੋਂ ਉਸ ਤੋਂ ਪੜ੍ਹਿਆ ਹੋਇਆ ਵਿਦਿਆਰਥੀ ਉਸ ਨੂੰ ਇੱਜ਼ਤ, ਮਾਣ ਅਤੇ ਸਤਿਕਾਰ ਵਜੋਂ ਬੁਲਾਉਂਦਾ, ਉਸ ਦਾ ਹਾਲ-ਚਾਲ, ਦੁੱਖ-ਸੁੱਖ ਪੁਛਦਾ ਅਤੇ ਅਪਣੇ ਘਰ ਬੁਲਾਉਂਦਾ ਹੈ ਜਾਂ ਖ਼ੁਦ ਪ੍ਰਵਾਰ ਅਤੇ ਬੱਚਿਆਂ ਨੂੰ ਲੈ ਕੇ ਅਧਿਆਪਕ ਨੂੰ ਮਿਲਣ ਲਈ ਉਸ ਦੇ ਘਰ ਜਾਂਦਾ ਹੈ। ਹਮੇਸ਼ਾ ਯਾਦ ਰਖਣਾ ਅਧਿਆਪਕਾਂ ਦੀ ਇੱਜ਼ਤ-ਮਾਣ ਕਰਨ ਵਾਲਾ ਅਧਿਆਪਕਾਂ ਦੀ ਦਿਤੀ ਸਿਖਿਆ, ਸੰਸਕਾਰਾਂ ਅਤੇ ਜੀਵਨ-ਜਾਚ ਨੂੰ ਯਾਦ ਰੱਖਣ ਅਤੇ ਉਸ ਉਤੇ ਅਮਲ ਕਰਨ ਵਾਲਾ ਵਿਅਕਤੀ ਜ਼ਿੰਦਗੀ 'ਚ ਜ਼ਰੂਰ ਹੀ ਤਰੱਕੀ ਅਤੇ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਜਾਂਦਾ ਹੈ ਅਤੇ ਸ਼ਾਂਤੀ ਤੇ ਸਕੂਨ ਭਰੀ ਖ਼ੁਸ਼ਹਾਲ ਜ਼ਿੰਦਗੀ ਜਿਊਂਦਾ ਹੈ।
Teacher and students
ਦੁਨੀਆਂ ਵਿਚ ਅਨੇਕਾਂ ਉਦਾਹਰਣਾਂ ਹਨ ਕਿ ਜੀਵਨ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਿਆਂ ਨੇ ਅਪਣੇ ਅਧਿਆਪਕਾਂ ਅਤੇ ਉਨ੍ਹਾਂ ਦੀ ਦਿਤੀ ਸਿਖਿਆ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕੀਤਾ ਅਤੇ ਉਹ ਜੀਵਨ ਵਿਚ ਸਫ਼ਲ ਅਤੇ ਖ਼ੁਸ਼ਹਾਲ ਇਨਸਾਨ ਵਜੋਂ ਉੱਭਰ ਕੇ ਸਾਹਮਣੇ ਆਏ। ਅੱਜ ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਦਿਨ ਪ੍ਰਤੀ ਦਿਨ ਮਨੁੱਖ ਦੇ ਦਿਮਾਗ਼ ਵਿਚ ਜੋ ਅਨੈਤਿਕਤਾ, ਅਸਮਾਜਿਕਤਾ, ਅਸਭਿਅਕਤਾ, ਗ਼ੈਰ-ਮਨੁੱਖਤਾ ਵੱਧ ਰਹੀ ਹੈ ਅਤੇ ਸਮਾਜ ਵਿਚ ਦਿਨ ਪ੍ਰਤੀ ਦਿਨ ਜੋ ਕੁਰੀਤੀਆਂ ਵੱਧ ਰਹੀਆਂ ਹਨ ਅਤੇ ਸਮਾਜ ਨਿਘਾਰ ਵਲ ਜਾ ਰਿਹਾ ਹੈ, ਉਸ ਦਾ ਮੂਲ ਕਾਰਨ ਸਾਡੇ ਦਿਲ-ਦਿਮਾਗ਼ ਵਿਚੋਂ ਅਪਣੇ ਅਧਿਆਪਕਾਂ ਨੂੰ ਵਿਸਾਰਨਾ ਅਤੇ ਉਨ੍ਹਾਂ ਦੀ ਇੱਜ਼ਤ-ਸਤਿਕਾਰ ਨਾ ਕਰਨਾ ਅਤੇ ਅਧਿਆਪਕਾਂ ਦੀ ਦਿਤੀ ਸਿਖਿਆ ਨੂੰ ਭੁੱਲ ਜਾਣਾ ਹੀ ਹੈ।
Teacher and students
ਦੂਜੇ ਪਾਸੇ ਅਧਿਆਪਕ ਨੂੰ ਵੀ ਬਦਲਦੇ ਸਮਾਜ ਅਨੁਸਾਰ ਅਪਣੇ ਰੁਤਬੇ, ਮਰਿਆਦਾ ਅਤੇ ਗਰਿਮਾ ਨੂੰ ਵੱਟਾ ਲੱਗਣ ਅਤੇ ਠੇਸ ਪਹੁੰਚਣ ਤੋਂ ਬਚਾਉਣਾ ਚਾਹੀਦਾ ਹੈ। ਆਖ਼ਰ ਇਹੋ ਕਹਿਣਾ ਵਾਜਬ ਹੋ ਸਕਦਾ ਹੈ ਕਿ ਸਾਨੂੰ ਅਪਣੇ ਅਧਿਆਪਕਾਂ ਦਾ ਸਾਰੀ ਜ਼ਿੰਦਗੀ ਇੱਜ਼ਤ-ਮਾਣ ਕਰਨਾ ਚਾਹੀਦਾ ਹੈ। ਵੇਲੇ-ਕੁਵੇਲੇ ਉਨ੍ਹਾਂ ਨਾਲ ਰਾਬਤਾ ਰਖਣਾ ਚਾਹੀਦਾ ਹੈ, ਉਨ੍ਹਾਂ ਨੂੰ ਮੁੜ ਦਿਤੀ ਸਿਖਿਆ ਨੂੰ ਕਦੇ ਵੀ ਨਹੀਂ ਵਿਸਾਰਨਾ ਚਾਹੀਦਾ ਅਤੇ ਸਮੇਂ-ਸਮੇਂ ਤੇ ਅਧਿਆਪਕਾਂ ਦੀਆਂ ਦੁਆਵਾਂ, ਅਸੀਸਾਂ ਅਤੇ ਆਸ਼ੀਰਵਾਦ ਲੈਂਦੇ ਰਹਿਣਾ ਚਾਹੀਦਾ ਹੈ।
ਸੰਪਰਕ : 94785-61356