ਭਗਤੀ ਤੇ ਸ਼ਕਤੀ ਦੇ ਅਵਤਾਰ ਗੁਰੂ ਗੋਬਿੰਦ ਸਿੰਘ ਜੀ

By : GAGANDEEP

Published : Jan 4, 2023, 4:45 pm IST
Updated : Jan 4, 2023, 5:01 pm IST
SHARE ARTICLE
Guru Gobind Singh
Guru Gobind Singh

ਤਿਲਕ ਤੇ ਜੰਞੂ ਦੀ ਰਖਿਆ ਖ਼ਾਤਰ ਕੀਤਾ ਗੁਰੂ ਤੇਗ਼ ਬਹਾਦਰ ਜੀ ਦਾ ਬਲੀਦਾਨ ਕਲਯੁਗ ਅੰਦਰ ਇਕ ਮਹਾਨ ਸਾਕਾ ਸੀ।

 

ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿਚ ਉਹ ਮਹਾਨ ਹਸਤੀ ਹੋਏ ਹਨ, ਜਿਨ੍ਹਾਂ ਦੀਆਂ ਦੇਸ਼, ਧਰਮ ਤੇ ਕੌਮ ਦੀ ਖ਼ਾਤਰ ਕੀਤੀਆਂ ਲਾਸਾਨੀ ਕੁਰਬਾਨੀਆਂ ਸੂਰਜਵਤ ਰੌਸ਼ਨ ਹਨ। ਆਪ ਜੀ ਦਾ ਜਨਮ ਗੁਰੂ ਤੇਗ਼ ਬਹਾਦਰ ‘ਹਿੰਦ ਦੀ ਚਾਦਰ’ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸ਼ਹਿਰ ਵਿਖੇ 5 ਜਨਵਰੀ, 1666 ਨੂੰ ਹੋਇਆ। ਬਾਲਾ-ਪ੍ਰੀਤਮ ਦੇ ਬਾਲਵਰੇਸ ’ਚ ਕੀਤੇ ਚਮਤਕਾਰਾਂ ਤੋਂ ਹੀ ਉਨ੍ਹਾਂ ਦੀ ਮਹਾਨਤਾ ਦੀ ਝਲਕ ਪੈਂਦੀ ਸੀ। ਬੱਚਿਆਂ ਦੀਆਂ ਨਕਲੀ ਲੜਾਈਆਂ ਤੋਂ ਪਤਾ ਚਲਦਾ ਸੀ ਕਿ ਉਹ ਆਗਾਮੀ ਜੀਵਨ ’ਚ ਇਕ ਨਿਧੜਕ ਜਰਨੈਲ ਤੇ ਮਹਾਨ ਤਲਵੱਰੀਏ ਬਣਨਗੇ। ਪੰਜ ਸਾਲ ਪਟਨਾ ਰਹਿਣ ਪਿਛੋਂ ਆਪ ਜੀ ਨੂੰ ਅਨੰਦਪੁਰ ਲਿਆਂਦਾ ਗਿਆ। ਹਿੰਦੀ, ਫ਼ਾਰਸੀ ਤੇ ਅੰਗਰੇਜ਼ੀ ਤੋਂ ਛੁੱਟ ਆਪ ਨੂੰ ਸ਼ਸਤਰ ਵਿਦਿਆ ਦੀ ਸਿਖਿਆ ਵੀ ਦਿਤੀ ਗਈ।

1675 ਵਿਚ 9 ਵਰਿ੍ਹਆਂ ਦੀ ਬਾਲ ਉਮਰੇ ਆਪ ਨੇ ਮੁਸਲਮਾਨੀ ਅਤਿਆਚਾਰਾਂ ਦੇ ਸਤਾਏ ਦੁਖੀਆਂ ਦੀ ਪੁਕਾਰ ਸੁਣ ਕੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ’ਚ ਸ਼ਹੀਦ ਹੋਣ ਲਈ ਭੇਜ ਦਿਤਾ। ਤਿਲਕ ਤੇ ਜੰਞੂ ਦੀ ਰਖਿਆ ਖ਼ਾਤਰ ਕੀਤਾ ਗੁਰੂ ਤੇਗ਼ ਬਹਾਦਰ ਜੀ ਦਾ ਬਲੀਦਾਨ ਕਲਯੁਗ ਅੰਦਰ ਇਕ ਮਹਾਨ ਸਾਕਾ ਸੀ। ਔਰੰਗਜ਼ੇਬੀ ਜ਼ੁਲਮਾਂ ਤੇ ਅਤਿਆਚਾਰਾਂ ਦੀ ਹੱਦ ਹੋ ਚੁੱਕੀ ਸੀ। ਮਰ ਚੁੱਕੀ ਕੌਮ ਅੰਦਰ ਜਾਗ੍ਰਿਤੀ ਲਿਆਉਣ ਲਈ ਗੁਰੂ ਜੀ ਨੇ ਬੀਰ ਰਸੀ ਕਵਿਤਾਵਾਂ ਤੇ ਵਾਰਾਂ ਦਾ ਹੜ੍ਹ ਲਿਆ ਦਿਤਾ। ਦੁਸ਼ਟ ਦਮਨ ਦਸ਼ਮੇਸ਼ ਗੁਰੂ ਨੇ ਸ਼ਸਤਰਾਂ ਦੀ ਸਰਦਾਰ ਤਲਵਾਰ ਨੂੰ ਯੁੱਧ ਦੀ ਦੇਵੀ ਚੰਡੀ ਕਹਿ ਕੇ ਨਮਸਕਾਰ ਕੀਤੀ :

ਯਹੀ ਚੰਡਕਾ ਦੰਡਕਾ ਦੁਸ਼ਟ ਦਮਨੀ।
ਹਰੇ ਦੁਸ਼ਟ ਦੋਖੀ ਯਹੀ ਜਵਾਲ ਬਮਨੀ।
ਰਹੇ ਮਿਆਨ ਮਧੰ ਸਮੇਂ ਦੁਸ਼ਟ ਘਾਵੈ।
ਯਹੀ ਆਦਿ ਸ਼ਕਤੀ ਭਵਾਨੀ ਕਹਾਵੈ।
ਇਸੇ ਭਗੌਤੀ ਦੀ ਜੈ-ਜੈਕਾਰ ਇਨ੍ਹਾਂ ਗੁੰਜਾਰ ਭਰੇ ਸ਼ਬਦਾਂ ’ਚ ਵਰਣਨ ਕੀਤੀ :
ਖਗ ਖੰਡ ਬਿਹੰਡੰ ਖਲ ਦਲ ਖੰਡੰ 
ਅਤ ਰਣ ਮੰਡੰ ਵਰਭੰਡੰ।
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ 
ਜੋਤ ਅਮੰਡੰ ਭਾਨ ਪ੍ਰਭੰ।
ਸੁਖ ਸੰਤਹ ਕਰਣੰ ਦੁਰਮਤ ਦਰਣੰ 
ਕਿਲਵਿਖ ਹਰਣੰ ਅਸ ਸਰਣੰ।
ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ 
ਮਮ ਪ੍ਰਤਿਪਾਰਣੰ ਜੈ ਤੇਗ਼ੰ।
ਅਜਿਹੀਆਂ ਕਵਿਤਾਵਾਂ ਤੇ ਚੰਡੀ ਦੀ ਵਾਰ ਵਰਗੀਆਂ ਅਮਰ ਰਚਨਾਵਾਂ ਨਾਲ ਕਾਇਰ ਤੇ ਡਰਪੋਕ ਜਨਤਾ ’ਚ ਦੇਸ਼ ਪਿਆਰ ਤੇ ਸੂਰਬੀਰਤਾ ਦੇ ਭਾਂਬੜ ਮੱਚ ਉੱਠੇ। ਅਨੰਦਪੁਰ ਦੀਆਂ ਪਹਾੜੀਆਂ ਰਣਜੀਤ ਨਗਾਰੇ ਦੀਆਂ ਚੋਟਾਂ ਨਾਲ ਗੂੰਜ ਉਠੀਆਂ। ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੀਆਂ ਸ਼ਸਤਰ ਝੁਣਕਾਰਾਂ ’ਚੋਂ ਬਗ਼ਾਵਤ ਦੀ ਬੂ ਆ ਰਹੀ ਸੀ। ਉਨ੍ਹਾਂ ਨੇ ਅਤਿਆਚਾਰਾਂ ਤੋਂ ਨਿਜਾਤ ਦਿਵਾਉਣ ਵਾਲੇ ਮੁਕਤੀ-ਦਾਤੇ ਨਾਲ ਹੀ ਲੜਾਈ ਛੇੜ ਲਈ। ਭੰਗਾਣੀ ਦੇ ਸਥਾਨ ਤੇ ਦਸਮੇਸ਼ ਸੈਨਾ ਨੇ ਪਹਾੜੀਆਂ ਦੇ ਲਸ਼ਕਰ ਨੂੰ ਲੱਕ-ਤੋੜਵੀਂ ਹਾਰ ਦਿਤੀ।
ਗੁਰੂ ਜੀ ਮਾਨਵ ਧਰਮ ਦੇ ਰਾਖੇ ਸਨ। ਉਹ ਨਿਰਵੈਰ ਤਲਵਰੀਏ ਸਨ। ਇਸ ਰਾਜ਼ ਨੂੰ ਸਢੌਰੇ ਦਾ ਉੱਘਾ ਮੁਸਲਮਾਨ ਪੀਰ ਸੱਯਦ ਬੁੱਧੂ ਸ਼ਾਹ ਚੰਗੀ ਤਰ੍ਹਾਂ ਜਾਣਦਾ ਸੀ। ਇਸੇ ਲੜਾਈ ਵਿਚ ਉਸ ਨੇ ਅਪਣੇ ਦੋ ਪੁੱਤਰ ਗੁਰੂ ਜੀ ਦੀ ਹਮਾਇਤ ਕਰਦਿਆਂ ਸ਼ਹੀਦ ਕਰਵਾ ਕੇ ਆਖਿਆ :
ਅੱਜ ਸਪੂਤਾ ਹੋ ਗਿਆ, ਬੁੱਧੂ ਸ਼ਾਹ ਫ਼ਕੀਰ।
ਬੇਟੇ ਚਰਨੀਂ ਲਾ ਲਏ, ਕਲਗ਼ੀਆਂ ਵਾਲੇ ਪੀਰ।
1699 ਈ. ਨੂੰ ਵਿਸਾਖੀ ਦੇ ਸੁਭਾਗੇ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਲੱਥ ਤੇ ਸਰਫ਼ਰੋਸ਼ ਪ੍ਰਵਾਨਿਆਂ ਦੀ ਉਸ ਸੂਰਬੀਰ ਤੇ ਸਰਦਾਰ ਖ਼ਾਲਸਾ ਕੌਮ ਨੂੰ ਜਨਮ ਦਿਤਾ ਜਿਸ ਨੇ ਮਜ਼ਲੂਮ ਤੇ ਪੀੜਤ ਜਨਤਾ ਲਈ ਜਿੰਦੜੀਆਂ ਵਾਰਨਾ ਅਪਣਾ ਮੁੱਖ ਉਦੇਸ਼ ਮਿਥ ਲਿਆ। ਕੇਸਗੜ੍ਹ ਦੀ ਉੱਚੀ ਪਹਾੜੀ ਤੋਂ ਸੀਸ ਭੇਟ ਮੰਗ ਰਿਹਾ ਗੁਰੂ, ਮੌਤ ਤੋਂ ਜੀਵਨ ਦੇਣ ਦਾ ਅਨੋਖਾ ਨੁਸਖਾ ਦੱਸ ਰਿਹਾ ਸੀ। ਉਨ੍ਹਾਂ ਨੇ ਐਲਾਨ ਕੀਤਾ :
ਜਿਨਕੀ ਜ਼ਾਤ ਔਰ ਕੁਲ ਮਾਹੀਂ
ਸਰਦਾਰੀ ਨਹਿੰ ਭਈ ਕਦਾਹੀਂ।
ਉਨਹੀਂ ਕੋ ਸਰਦਾਰ ਬਣਾਵੋਂ
ਤਬੈ ਗੋਬਿੰਦ ਸਿੰਘ ਨਾਮ ਸਦਾਵੋਂ।

ਸਦੀਆਂ ਤੋਂ ਲਤਾੜੇ ਆ ਰਹੇ ਅਛੂਤਾਂ ਨੂੰ ਅੱਜ ਪਹਿਲੀ ਵਾਰ ਮਨੁੱਖ ਹੋਣ ਦਾ ਅਹਿਸਾਸ ਹੋਇਆ। ਇਕੋ ਬਾਟੇ ਵਿਚੋਂ ਸਦੀਵੀਂ ਜੀਵਨ ਦੇਣ ਵਾਲੇ ਅੰਮ੍ਰਿਤ ਨੂੰ ਛਕ ਕੇ ‘ਰੰਘਰੇਟੇ’ ਸੱਚਮੁਚ ‘ਗੁਰੂ ਕੇ ਬੇਟੇ’ ਬਣ ਗਏ। ਇਸ ਆਬੇ-ਹਯਾਤ ਨੇ ਚਿੜੀਆਂ ਤੋਂ ਬਾਜ਼ ਤੁੜਵਾਉਣ ਤੇ ਗਿੱਦੜਾਂ ਤੋਂ ਸ਼ੇਰ ਮਰਵਾਉਣ ਦੀ ਅਨੋਖੀ ਕਰਾਮਾਤ ਕਰ ਵਿਖਾਈ।  
ਜਦੋਂ ਪੰਥ ਦਾ ਵਾਲੀ ਕੌਮ-ਨਿਰਮਾਤਾ ਹੋ ਕੇ ਅਪਣੇ ਹੀ ਚੇਲਿਆਂ ਅੱਗੇ ਅੰਮ੍ਰਿਤ-ਅਭਿਲਾਖੀ ਹੋਣ ਲਈ ਜੋਦੜੀ ਕਰ ਰਿਹਾ ਸੀ ਤਾਂ ਲੋਕਾਈ ਅਸ਼-ਅਸ਼ ਕਰ ਉੱਠੀ। ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਦੀ ਧੁਨੀ ਨਾਲ ਧਰਤੀ-ਆਕਾਸ਼ ਗੂੰਜ ਉੱਠੇ। ਹਰ ਸਾਫ਼ ਤੇ ਸਵੱਛ ਇਨਸਾਨ ਨੂੰ, ਹਰ ਸੱਚੇ ਤੇ ਸੁੱਚੇ ਹਿੰਦੂ ਮੁਸਲਮਾਨ ਨੂੰ ਗੁਰੂ ਗੋਬਿੰਦ ਸਿੰਘ ਵਿਚੋਂ ਰੱਬ  ਵਿਖਾਈ ਦਿੰਦਾ ਸੀ। ਸੱਯਦ ਬੇਗ਼ ਵਰਗੇ ਸੈਨਾਪਤੀ ਗੁਰੂ ਜੀ ਦੇ ਨੂਰਾਨੀ ਮੱਥੇ ਦੀ ਤਾਬ ਨਾ ਝੱਲ ਸਕੇ। ਗੁਰੂ ਜੀ ਨੂੰ ਮਾਰਨ ਲਈ ਆਏ ਸੈਦ ਖ਼ਾਂ ਦੇ ਕਦਮ ਡਗਮਗਾ ਗਏ, ਉਸ ਦੇ ਹੱਥ ਥਰਥਰਾ ਗਏ ਤੇ ਉਸ ਦਾ ਮੱਥਾ ਇਸ ਮਹਾਨ ਪੈਗ਼ੰਬਰ ਦੇ ਮੁਤਬੱਰਿਕ ਚਰਨ ਕੰਵਲਾਂ ਵਿਚ ਸਿਜਦੇ ਲਈ ਝੁਕ ਗਿਆ। ਤਲਵਾਰ ਦੀ ਧਾਰ ਦੇ ਵਾਰ ਨਾਲੋਂ ਗੁਰੂ ਜੀ ਦੇ ਪਿਆਰ ਦੀ ਮਾਰ ਕਿੰਨੀ ਪ੍ਰਬਲ ਸੀ। ਸੰਸਾਰ ਦਾ ਇਤਿਹਾਸ ਅਜਿਹੀ ਅਦੁਤੀ ਤੇ ਅਨੂਪਮ ਮਿਸਾਲ ਪੇਸ਼ ਕਰਨੋਂ ਅਸਮਰਥ ਰਿਹਾ ਹੈ।

ਗੁਰੂ ਜੀ ਦੀਆਂ ਲੜਾਈਆਂ ਜਰ, ਜੋਰੂ ਜਾਂ ਜ਼ਮੀਨ ਖ਼ਾਤਰ ਨਹੀਂ ਸਨ ਸਗੋਂ ਉਹ ਤਾਂ ‘ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ’ ਲਈ ਯੁੱਧ ਭੂਮੀ ਵਿਚ ਨਿੱਤਰੇ ਸਨ। ਮਜ਼ਲੂਮਾਂ ਦੀ ਰਖਿਆ ਖ਼ਾਤਰ ਉਹ ਜ਼ਾਲਮ ਵਿਰੁਧ ਡਟ ਜਾਂਦੇ ਸਨ। ਹਿੰਦੂ ਜਾਂ ਮੁਸਲਮਾਨ ਦਾ ਉਨ੍ਹਾਂ ਦੀ ਨਿਗ੍ਹਾ ’ਚ ਕੋਈ ਫ਼ਰਕ ਨਹੀਂ ਸੀ। ਉਨ੍ਹਾਂ ਦਾ ਫ਼ੁਰਮਾਨ ਤਾਂ ਸਾਫ਼ ਤੇ ਸਪੱਸ਼ਟ ਸੀ :
ਮਾਨਸ ਕੀ ਜਾਤ ਸਭੈ ਏਕੈ ਹੀ ਪਹਿਚਾਨਬੋ।
ਭਾਈ ਘਨ੍ਹਈਏ ਵਰਗੇ ਮਹਾਨ ਸਮਦਰਸ਼ੀ ਤੇ ਪੂਰਨ ਬ੍ਰਹਮ ਗਿਆਨੀ ਗੁਰੂ ਜੀ ਦੇ ਉੱਚ ਆਦਰਸ਼ ਨੂੰ ਭਲੀ ਭਾਂਤ ਸਮਝ ਚੁੱਕੇ ਸਨ। ਉਹ ਪੱਖਪਾਤ ਤੇ ਵਿਤਕਰੇ ਨੂੰ ਭੁਲਾ ਕੇ ਅਨੰਦਪੁਰ ਦੀ ਭਿਆਨਕ ਤੇ ਲਹੂ ਡੋਲ੍ਹਵੀਂ ਘਮਸਾਨ ਦੀ ਲੜਾਈ ਵਿਚ ਦੁਸ਼ਮਣਾਂ ਨੂੰ ਵੀ ਦੋਸਤ ਸਮਝ ਕੇ ਪਾਣੀ ਪਿਆ ਰਹੇ ਸਨ। ਭੁੱਲੜਾਂ ਨੇ ਸ਼ਿਕਾਇਤ ਕੀਤੀ। ਨਿਰਵੈਰ ਗੁਰੂ ਦੇ ਸਨਮੁਖ ਖਲੋਤੇ ਭਾਈ ਘਨ੍ਹਈਆ ਜੀ ਸਪੱਸ਼ਟ ਸ਼ਬਦਾਂ ਵਿਚ ਆਖ ਰਹੇ ਸਨ :
ਸੱਚੇ ਪਾਤਸ਼ਾਹ ਸਾਰੇ ਮੈਦਾਨ ਅੰਦਰ, 
ਤੇਰੇ ਬਿਨਾਂ ਦੂਜਾ ਨਜ਼ਰ ਆਇਆ ਹੀ ਨਹੀਂ।
ਜਿੱਥੇ ਚੋਵਾਂ ਪਾਣੀ ਤੇਰਾ ਮੁੱਖ ਦਿਸੇ, 
ਕਿਸੇ ਗ਼ੈਰ ਦੇ ਮੂੰਹ ਵਿਚ ਪਾਇਆ ਹੀ ਨਹੀਂ।
1704 ਈ. ਨੂੰ ਨੀਲੇ ਦਾ ਸ਼ਾਹ-ਅਸਵਾਰ ਅਨੰਦਪੁਰੀ ਨੂੰ ਛੱਡ ਕੇ ਕੁਰਬਾਨੀਆਂ ਦੇਣ ਲਈ ਨਿਕਲ ਤੁਰਿਆ। 22 ਦਸੰਬਰ ਨੂੰ ਅਪਣੀਆਂ ਅੱਖਾਂ ਸਾਹਵੇਂ ਵੱਡੇ ਪੁੱਤਰਾਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ) ਦੀ ਜੋੜੀ ਚਮਕੌਰ ਦੀ ਕਰਬਲਾ ਅੰਦਰ ਹੱਸ-ਹੱਸ ਕੇ ਸ਼ਹੀਦ ਕਰਵਾ ਦਿਤੀ। ਇਸ ਤੋਂ ਪੰਜ ਦਿਨ ਪਿੱਛੋਂ, 27 ਦਸੰਬਰ ਨੂੰ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਵਜ਼ੀਰ ਖ਼ਾਂ ਸੂਬਾ ਸਰਹਿੰਦ ਦੇ ਹੁਕਮ ਨਾਲ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿਤੇ ਗਏ। ਪੋਹ ਦੀਆਂ ਠੰਢੀਆਂ ਰਾਤਾਂ ’ਚ ਗੁਰੂ ਜੀ ਮਾਛੀਵਾੜੇ ਦੇ ਕੰਡਿਆਲੇ ਜੰਗਲਾਂ ’ਚ ਵਿਚਰ ਰਹੇ ਸਨ। ਉਨ੍ਹਾਂ ਦੇ ਪੈਰਾਂ ਵਿਚ ਛਾਲੇ ਹੀ ਛਾਲੇ ਸਨ। ਚੜ੍ਹਦੀ ਕਲਾ ਦੇ ਅਵਤਾਰ ਦੇ ਚਿਹਰੇ ਤੇ ਮਲਾਲ ਦੀ ਥਾਂ ਤੇ ਜਲਾਲ ਸੀ। ਉਨ੍ਹਾਂ ਦੇ ਬੁੱਲ੍ਹਾਂ ਤੇ ਸ਼ੁਕਰਾਨੇ ਦਾ ਮਧੁਰ ਸੰਗੀਤ ਸੀ। ਉਹ ਗਾ ਰਹੇ ਸਨ :

ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਤੁਧ ਬਿਨ ਰੋਗ ਰਜਾਈਆਂ ਦਾ ਓਢਣ 
ਨਾਗ ਨਿਵਾਸਾਂ ਦੇ ਰਹਿਣਾ।
ਸੂਲ ਸੁਰਾਹੀ ਖੰਜਰ ਪਿਆਲਾ 
ਬਿੰਗ ਕਸਾਈਆਂ ਦਾ ਸਹਿਣਾ।
ਯਾਰੜੇ ਦਾ ਸਾਨੂੰ ਸੱਥਰ ਚੰਗਾ 
ਭੱਠ ਖੇੜਿਆਂ ਦਾ ਰਹਿਣਾ।
ਇਥੇ ਗਨੀ ਖ਼ਾਂ ਤੇ ਨਬੀ ਖ਼ਾਂ ਨੇ ‘ਉੱਚ ਦੇ ਪੀਰ’ ਲਈ ਅਪਣੀਆਂ ਸੇਵਾਵਾਂ ਭੇਟ ਕੀਤੀਆਂ। ਰਾਇ ਇਕੱਲਾ ਇਕ ਹੋਰ ਸੱਚਾ ਮੁਸਲਮਾਨ ਸੀ ਜਿਸ ਨੂੰ ਕਲਗ਼ੀਧਰ ਦੀ ਅਜ਼ਮਤ ’ਤੇ ਦ੍ਰਿੜ ਵਿਸ਼ਵਾਸ ਸੀ। ਦੀਨੇ ਪਿੰਡ ਤੋਂ ਸਰਬੰਸਦਾਨੀ ਤੇ ਮਹਾਨ ਸੈਨਾਨੀ ਸਤਿਗੁਰੂ ਨੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਨੂੰ ਇਕ ਇਤਿਹਾਸਕ ਪਤ੍ਰਿਕਾ ਲਿਖੀ। ਚਿੱਠੀ ਦਾ ਸਿਰਲੇਖ ਸੀ: ‘ਜ਼ਫ਼ਰਨਾਮਾ’। ਉਸ ਵਿਚ ਗੁਰੂ ਜੀ ਨੇ ਅਤਿਆਚਾਰੀ ਔਰੰਗਜ਼ੇਬ ਨੂੰ ਲਲਕਾਰ ਕੇ ਆਖਿਆ ਸੀ :
ਚਿਹਾ ਸ਼ੁਦ ਕਿ ਚੂੰ ਬਚੁੰਗਾ ਕੁਸ਼ਤਾ ਚਾਰ।
ਕਿ ਬਾਕੀ ਬਿਮਾਦਸਤ ਪੇਚੀਦਾ ਮਾਰ।
ਇਸੇ ਵਿਜੈ ਪੱਤਰ ਵਿਚ ਚੜ੍ਹਦੀ ਕਲਾ ਦੇ ਅਵਤਾਰ ਨੇ ਤੁਅੱਸਬੀ ਔਰੰਗਜ਼ੇਬ ਨੂੰ ਫਿਟਕਾਰ ਤੇ ਧਿਰਕਾਰ ਪਾਉਂਦਿਆਂ ਲਿਖਿਆ ਸੀ :
ਨਾਜ਼ੇਬਦ ਤੁਰਾ ਨਾਮ ਔਰੰਗਜ਼ੇਬ 
ਕਿ ਔਰੰਗਜ਼ੇਬਾਂ ਨ ਬਾਇਦ ਫ਼ਰੇਬ।
ਚਿੱਠੀ ਦੇ ਜੋਸ਼ੀਲੇ ਤੇ ਭੜਕੀਲੇ ਸ਼ਬਦ ਪੜ੍ਹ ਕੇ ਔਰੰਗਜ਼ੇਬ ਵਰਗਾ ਪੱਥਰ ਦਿਲ ਇਨਸਾਨ ਵੀ ਪਿਘਲ ਗਿਆ।

1705 ਈ. ਵਿਚ ਮੁਕਤਸਰ ਦੇ ਅਸਥਾਨ ਤੇ ਸ਼ਾਹੀ ਸੈਨਾਵਾਂ ਨਾਲ ਗੁਰੂ ਜੀ ਦੀ ਅੰਤਮ ਲੜਾਈ ਹੋਈ। ਭਾਈ ਮਹਾਂ ਸਿੰਘ ਦੇ ਸਾਹਮਣੇ ਬੇਦਾਵੇ ਦਾ ਕਾਗ਼ਜ਼ ਪਾੜ ਕੇ ਗੁਰੂ ਜੀ ਲੱਖੀ ਜੰਗਲ ਵਿਚੋਂ ਦੀ ਹੁੰਦੇ ਹੋਏ ਚੌਧਰੀ ਡੱਲੇ ਦੀ ਤਲਵੰਡੀ ਜਾ ਬਿਰਾਜੇ। ਇਸ ਸੁਭਾਗੀ ਧਰਤੀ ਤੇ ਗੁਰੂ ਜੀ ਨੇ ਨੌਂ ਮਹੀਨੇ ਨੌਂ ਦਿਨ ਦਾ ਲੰਮਾ ਸਮਾਂ ਵਿਸ਼ਰਾਮ ਕੀਤਾ। ਇਸੇ ਪੁਨੀਤ ਤੇ ਪਵਿੱਤਰ ਭੂਮੀ ਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਦੇ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਤਿਆਰ ਕਰਵਾਈ। ਲਿਖਣਸਰ ਦੇ ਸਰੋਵਰ ਵਿਚ ਗੁਰੂ ਜੀ ਕਲਮਾਂ ਘੜ ਘੜ ਕੇ ਸੁੱਟ ਰਹੇ ਸਨ ਤੇ ਇਸ ਧਰਮੱਗ ਧਰਤੀ ਨੂੰ ਅਪਣੀਆਂ ਸ਼ੁਭ-ਕਾਮਨਾਵਾਂ ਨਾਲ ਵਰਸਾਉਂਦੇ ਹੋਏ ਆਖ ਰਹੇ ਸਨ :
ਇਹ ਹੈ ਪ੍ਰਗਟ ਹਮਾਰੀ ਕਾਸ਼ੀ
ਪੜ੍ਹ ਹੈਂ ਈਹਾਂ ਢੋਰ ਮਤਰਾਸੀ।
ਲੇਖਕ ਗੁਨੀ ਕਵਿੰਦ ਗਿਆਨੀ 
ਬੁਧ ਸਿੱਧ ਹੈਂ ਹੈਂ ਇਤਿਆਨੀ।
ਤਿਨ ਕੇ ਕਾਰਨ ਕਲਮ ਗਢ
ਦੇਤ ਪ੍ਰਗਟ ਹਮ ਡਾਰ।
ਸਿਖ ਸਖਾ ਸਭ ਪੜ੍ਹੈਂਗੇ
ਹਮਰੇ ਕਈ ਹਜ਼ਾਰ।
ਇਸੇ ਸਰਜ਼ਮੀਨ ਤੇ ਗੁਰੂ ਜੀ ਦਾ ਦਰਬਾਰ ਸੁਸ਼ੋਭਿਤ ਸੀ, ਜਦੋਂ ਦਿੱਲੀ ਤੋਂ ਗੁਰੂ ਮਹਿਲ (ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ) ਕਲਗ਼ੀਧਰ ਦੀ ਹਜ਼ੂਰੀ ਵਿਚ ਹਾਜ਼ਰ ਹੋਏ। ਮਾਤਾਵਾਂ ਨੇ ਪੁੱਤਰਾਂ ਬਾਰੇ ਪੁੱਛ ਕੀਤੀ ਤਾਂ ਗੁਰੂ ਜੀ ਨੇ ਭਰੀ ਹੋਈ ਖ਼ਾਲਸਾ ਸੰਗਤ ਵਲ ਸੰਕੇਤ ਕਰ ਕੇ ਫ਼ੁਮਾਇਆ :
ਇਨ ਪੁਤਰਨ ਕੇ ਸੀਸ ਪਰ, 
ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ, 
ਜੀਵਤ ਕਈ ਹਜ਼ਾਰ।

ਅਖ਼ੀਰ ਸਿਰਲੱਥ ਸੂਰਬੀਰ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਸੇਵਾ-ਸੰਭਾਲ ਸੌਂਪ ਕੇ ਆਪ ਬਹਾਦਰ ਸ਼ਾਹ ਦੇ ਸੱਦੇ ਤੇ ਦੱਖਣ ਵਲ ਚਲੇ ਗਏ। ਉੱਥੋਂ (ਨਦੇੜ, ਹਜ਼ੂਰ ਸਾਹਿਬ ਤੋਂ) ਹੀ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਵਜੋਂ ਸਿੰਘ ਸਜਾ ਕੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਤੋਰਿਆ ਤੇ ਆਪ ਗੋਦਾਵਰੀ ਨਦੀ ਦੇ ਕਿਨਾਰੇ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ 42 ਵਰ੍ਹੇ ਦੀ ਸੰਸਾਰ ਯਾਤਰਾ ਪੂਰੀ ਕਰ ਕੇ 1708 ਵਿਚ ਅਪਣੀ ਜੋਤ ਨੂੰ ਗੁਰੂ ਗ੍ਰੰਥ ਪੰਥ ਵਿਚ ਲੀਨ ਕਰ ਕੇ ਅੰਤਮ ਫ਼ਤਹਿ ਬੁਲਾ ਗਏ।
ਸਚਾਈ ਤੇ ਬੀਰਤਾ ਦੇ ਅਵਤਾਰ ਦਸ਼ਮੇਸ਼ ਪਿਤਾ ਜੀ ਇਕ ਮਹਾਨ ਇਨਕਲਾਬੀ ਯੋਧੇ ਸਨ ਜੋ ਅਪਣੇ ਉੱਚ ਆਦਰਸ਼ ਤੇ ਮਹਾਨ ਲਕਸ਼ ਦੀ ਖ਼ਾਤਰ ਉਮਰ ਭਰ ਜ਼ੁਲਮ ਵਿਰੁਧ ਸੰਘਰਸ਼ ਕਰਦੇ ਰਹੇ। ਆਪ ਦੀ ਗੌਰਵਮਈ ਗਾਥਾ ਸਦਾ ਹਨੇਰੇ ਜੀਵਨਾਂ ਨੂੰ ਰੁਸ਼ਨਾਉਂਦੀ ਰਹੇਗੀ ਅਤੇ ਕਾਇਰ ਤੇ ਕਮਜ਼ੋਰ ਮਨਾਂ ਅੰਦਰ ਸੂਰਬੀਰਤਾ ਦਾ ਸੰਚਾਰ ਕਰਦੀ ਰਹੇਗੀ।
# ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਟੀ, ਤਲਵੰਡੀ ਸਾਬੋ (ਬਠਿੰਡਾ) ਮੋ: 94176-92015

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement