ਦਰਬਾਰ ਸਾਹਿਬ 'ਤੇ ਭਾਰਤੀ ਫ਼ੌਜ ਦੇ ਹਮਲੇ ਦੇ ਕੁੱਝ ਅਣਜਾਣੇ ਤੱਥ

By : KOMALJEET

Published : Jun 4, 2023, 8:33 am IST
Updated : Jun 4, 2023, 8:33 am IST
SHARE ARTICLE
Representational Image
Representational Image

ਇੰਗਲੈਂਡ ਦੀ ਸਰਕਾਰ ਨੇ ਲਾਲਚ ਵਿਚ ਫੱਸ ਕੇ ਸਿੱਖਾਂ ਦੇ ਘਾਣ ਵਿਚ ਇੰਦਰਾ ਗਾਂਧੀ ਦਾ ਸਾਥ ਕਿਵੇਂ ਦਿਤਾ?

ਨਹਿਰੂ ਦੀ ਮੌਤ ਮਗਰੋਂ ਉਸ ਦੀ ਧੀ ਇੰਦਰਾ ਗਾਂਧੀ ਨੇ ਭਾਵੇਂ ਸਿੱਖਾਂ ਦੇ ਮਸਲੇ ’ਤੇ ਪਹਿਲਾਂ ਵਾਲੀ ਪਾਲਸੀ ਹੀ ਜਾਰੀ ਰੱਖੀ ਪਰ 1965 ਦੀ ਜੰਗ ਕਾਰਨ ਜਦੋਂ ਪੰਜਾਬੀ ਸੂਬਾ ਬਣਾਉਣਾ ਪੈ ਗਿਆ ਤਾਂ ਇਸ ਵਿਚ ਵੀ ਉਸ ਨੇ ਐਂਟੀ-ਸਿੱਖ ਪਾਲਸੀ ਵਰਤ ਕੇ ਉਤਰ ਦੇ ਹਿੰਦੂ ਵੋਟਰ ਨੂੰ ਹੱਥ ਵਿਚ ਰਖਣ ਦੀ ਕੋਸ਼ਿਸ਼ ਕੀਤੀ (ਇਹ ਗੱਲ ਉਸ ਨੇ ਅਪਣੀ ਸਵੈ-ਜੀਵਨੀ ‘ਮਾਈ ਸਟੋਰੀ’ ਵਿਚ ਵੀ ਮੰਨੀ ਹੈ)। ਇਸ ਮਗਰੋਂ 1967 ਤੋਂ 1980 ਤਕ ਉਸ ਨੇ ਗ਼ਰੀਬੀ ਹਟਾਉ ਅਤੇ ਹੋਰ ਆਰਥਕ ਨਾਅਰਿਆਂ ਨਾਲ ਵੋਟ ਬੈਂਕ ’ਤੇ ਕਬਜ਼ਾ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਪਰ ਉਸ ਨੇ ਮਹਿਸੂਸ ਕੀਤਾ ਕਿ ਹੁਣ ਇਹ ਨਾਅਰਾ ਅਗਲੀ ਵਾਰ ਕਾਮਯਾਬ ਨਹੀਂ ਹੋ ਸਕਣਾ ਕਿਉਂ ਕਿ 1977 ਵਿਚ ਬਣੀ ਜਨਤਾ ਪਾਰਟੀ ਦੀ ਸੋਚ ਵਿਚੋਂ ਨਵੀਆਂ ਧਿਰਾਂ ਦੇ ਉਠ ਪੈਣ ਅਤੇ ਤਾਕਤ ਵਿਚ ਆਉਣ ਦੇ ਆਸਾਰ ਕਾਇਮ ਰਹਿਣੇ ਸਨ। ਇਸ ਕਰ ਕੇ ਉਸ ਨੇ ਨਵਾਂ ਵੋਟ ਬੈਂਕ ਕਾਇਮ ਕਰਨ ਦੀ ਪਲਾਨਿੰਗ ਕੀਤੀ। ਉਸ ਕੋਲ ਦੋ ਵੋਟ ਜ਼ੋਨ ਸਨ: ਮੁਸਲਿਮ, ਸਿੱਖ ਤੇ ਦਰਾਵਿੜ ਇਕ ਪਾਸੇ ਅਤੇ ਬੰਗਾਲੀ, ਮਰਹੱਟਾ ਤੇ ਪਹਾੜੀ ਲੋਕ ਦੂਜੇ ਪਾਸੇ। ਵਿਚਕਾਰਲਾ ਹਿੰਦੀ ਜ਼ੋਨ ਦਾ ਹਿੰਦੂ ਵੋਟ (ਯੂ.ਪੀ., ਐਮ.ਪੀ., ਬਿਹਾਰ ਤੇ ਕੱੁਝ ਕੁ ਗੁਜਰਾਤ ਤੇ ਰਾਜਸਥਾਨ)।

ਇਨ੍ਹਾਂ ਸਾਰਿਆਂ ਨੂੰ ਉਹ ਇਕੱਠਿਆਂ ਵੋਟ ਬੈਂਕ ਵਜੋਂ ਨਹੀਂ ਵਰਤ ਸਕਦੀ ਸੀ। ਉਸ ਨੇ ਮਹਿਸੂਸ ਕੀਤਾ ਕਿ ਸਭ ਤੋਂ ਵੱਡੇ ਵੋਟ ਬੈਂਕ ਯਾਨਿ ਹਿੰਦੂ ਵੋਟ ਬੈਂਕ ਨੂੰ ਹਾਸਲ ਕਰਨ ਵਾਸਤੇ ਉਨ੍ਹਾਂ ਨੂੰ ਜਜ਼ਬਾਤੀ ਕਰ ਕੇ ਅਤੇ ਭੜਕਾ ਕੇ ਹੀ ਵੋਟ ਹਾਸਲ ਕੀਤੀ ਜਾ ਸਕਦੀ ਸੀ। ਇਸ ਵੋਟ ਨੂੰ ਹਾਸਲ ਕਰਨ ਵਾਸਤੇ ਉਸ ਕੋਲ ਦੋ ਹਥਿਆਰ ਸਨ : ਸਿੱਖ ਅਤੇ ਦਰਾਵਿੜ। ਇਨ੍ਹਾਂ ਦੇ ਨਾਂ ’ਤੇ ਹੀ ਉਹ ਹਿੰਦੂਸਤਾਨੀਆਂ ਦੀਆਂ ਵੋਟਾਂ ਹਾਸਲ ਕਰ ਸਕਦੀ ਸੀ।

ਇਸ ਸੋਚ ਨਾਲ ਉਸ ਨੇ ਪਹਿਲਾਂ ਦਰਾਵੜ ਵੋਟ ਬੈਂਕ ਵਰਤਣ ਦੀ ਸਕੀਮ ਬਣਾਈ। ਇਸ ਮਕਸਦ ਵਾਸਤੇ ਉਸ ਨੇ ਸ੍ਰੀਲੰਕਾ ਵਿਚ ਤਮਿਲਾਂ ਨੂੰ ਖੜਾ ਕੀਤਾ। ਉਸ ਨਿੱਕੇ ਜਿਹੇ ਮੁਲਕ ਵਿਚ ਤਮਿਲਾਂ ਦੀ ਆਜ਼ਾਦੀ ਦੇ ਨਾਂ ’ਤੇ ਹਥਿਆਰਬੰਦ ਜੰਗ ਸ਼ੁਰੂ ਕਰਵਾਈ। ਇਸ ਪਿਛੇ ਉਸ ਦੇ ਦੋ ਨਿਸ਼ਾਨੇ ਸਨ: ਇਕ ਇਹ ਕਿ ਦਰਾਵਿੜ ਲੋਕ ਉਸ ਦੇ ਵਫ਼ਾਦਾਰ ਰਹਿਣਗੇ (ਅਤੇ ਵਖਰੇ ਦਰਾਵਿੜਸਤਾਨ ਦੀ ਸੋਚ ਛੱਡ ਦੇਣਗੇ) ਅਤੇ ਦੂਜਾ ਉਹ ਸ੍ਰੀ ਲੰਕਾ ਵਿਚੋਂ ਤਾਮਿਲ-ਈਲਮ ਆਜ਼ਾਦ ਕਰਵਾ ਕੇ ਅਪਣੇ ਆਪ ਨੂੰ 1971 ਵਿਚ ਬੰਗਲਾ ਦੇਸ਼ ਕਾਇਮ ਕਰਨ ਵਰਗਾ ਨਾਅਰਾ ਲਾ ਕੇ ਹਿੰਦੂਸਤਾਨੀ ਵੋਟਰਾਂ ਵਾਸਤੇ ਫਿਰ ਦੇਵੀ ਬਣ ਜਾਵੇਗੀ। ਪਰ ਉਸ ਨੂੰ ਇਹ ਮੋਰਚਾ ਛਡਣਾ ਪਿਆ ਤੇ ਇਸ ਨਾਲ ਹਿੰਦੂ  ਵੋਟਰ ਉਸ ਦੇ ਨਾਲ ਨਾ ਜੁੜਿਆ।

ਇਸ ਮਗਰੋਂ ਉਸ ਨੇ ਸਿੱਖ ਪੱਤਾ ਵਰਤਣ ਦੀ ਸਕੀਮ ਘੜੀ। ਉਸ ਨੇ ਖ਼ੁਫ਼ੀਆ ‘ਥਰਡ ਏਜੰਸੀ’ ਕਾਇਮ ਕਰ ਕੇ ਇਸ ਰਾਹੀਂ ਪੰਜਾਬ ਵਿਚ ਗੜਬੜ ਕਰਵਾ ਕੇ ਹਿੰਦੂਆਂ ਵਿਚ ਡਰ ਅਤੇ ਨਫ਼ਰਤ ਦਾ ਅਹਿਸਾਸ ਪੈਦਾ ਕਰ ਕੇ ਤੇ ਸਿੱਖਾਂ ਖ਼ਿਲਾਫ਼ ਨਫ਼ਰਤ ਦਾ ਮਾਹੌਲ ਪੈਦਾ ਕੀਤਾ। ਪਰ ਉਸ ਦੀ ਇਸ ਪਾਲਸੀ ਨੂੰ ਉਲਟਾ ਭਾਰਤੀ ਜਨਤਾ ਪਾਰਟੀ ਅਤੇ ਇਸ ਦੀਆਂ ਸਾਥੀ ਪਾਰਟੀਆਂ ਸ਼ਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਵਗ਼ੈਰਾ ਨੇ ਵਧੇਰੇ ਕੈਸ਼ ਕਰਨਾ ਸ਼ੁਰੂ ਕਰ ਦਿਤਾ। ਹੁਣ ਇੰਦਰਾ ਗਾਂਧੀ ਵਾਸਤੇ ਇਹ ਹਥਿਆਰ ਘਾਤਕ ਸਾਬਤ ਹੋਣ ਲਗ ਪਿਆ। ਪਰ ਉਹ 1984 ਦੀਆਂ ਚੋਣਾਂ ਹਰ ਹਾਲਤ ਵਿਚ ਜਿੱਤਣਾ ਚਾਹੁੰਦੀ ਸੀ ਤੇ ਉਸ ਕੋਲ ਕੋਈ ਹੋਰ ਨਾਹਰਾ ਜਾਂ ਹਥਿਆਰ ਨਹੀਂ ਸੀ।  ਇਸ ਕਰ ਕੇ ਉਸ ਨੇ ਭਾਜਪਾ ਤੋਂ ਅੱਗੇ ਨਿਕਲਣ ਦੀ ਸਕੀਮ ਬਣਾਈ। ਇਹ ਸੀ: ਦਰਬਾਰ ਸਾਹਿਬ ’ਤੇ ਹਮਲਾ ਕਰ ਕੇ ‘ਹਿੰਦੂ ਰਾਸ਼ਟਰ ਦੀ ਦੇਵੀ’ ਬਣ ਕੇ ਹਿੰਦੂ ਵੋਟ ਹਾਸਲ ਕਰਨਾ।

ਦਰਬਾਰ ਸਾਹਿਬ ’ਤੇ ਹਮਲਾ ਕਰਨ ਦਾ ਹੁਕਮ
1984 ਦੀਆਂ ਚੋਣਾਂ ਤੋਂ ਡੇਢ ਸਾਲ ਪਹਿਲਾਂ ਉਸ ਨੇ ਇਹ ਫ਼ੈਸਲਾ ਕਰ ਲਿਆ ਸੀ ਕਿ ਉਹ ਸਿੱਖ ਪੱਤਾ ਵਰਤ ਕੇ ਹੀ ਕਾਮਯਾਬ ਹੋ ਸਕੇਗੀ। ਇਸ ਸਕੀਮ ਨਾਲ ਉਸ ਨੇ 1983 ਦੀਆਂ ਗਰਮੀਆਂ ਵਿਚ ਭਾਰਤੀ ਫ਼ੌਜ ਦੇ ਮੁਖੀ ਜਨਰਲ ਐਸ.ਕੇ. ਸਿਨਹਾ ਕੋਲ ਅਪਣੀ ਖ਼ਾਹਿਸ਼ ਜ਼ਾਹਰ ਕੀਤੀ। ਪਰ ਜਨਰਲ ਸਿਨਹਾ ਨੇ ਇੰਦਰਾ ਗਾਂਧੀ ਨੂੰ ਇਹ ਹਰਕਤ ਕਰਨ ਤੋਂ ਰੋਕਿਆ। (ਸਿਨਹਾ ਨੇ ਇਹ ਗੱਲ 26 ਜੂਨ 2011 ਦੇ ਦਿਨ ‘ਡੇਅ ਐਂਡ ਨਾਈਟ’ ਟੀ.ਵੀ ਤੋਂ ਸ਼ਰੇਆਮ ਕਹੀ ਸੀ)। ਇੰਦਰਾ ਗਾਂਧੀ ਨੇ ਜਦ ਜਨਰਲ ਸਿਨਹਾ ’ਤੇ ਜ਼ੋਰ ਪਾਇਆ ਤਾਂ ਉਸ ਨੇ ਅਗਾਊਂ ਰਿਟਾਇਰਮੈਂਟ ਲੈ ਲਈ। ਉਸ ਮਗਰੋਂ ਇੰਦਰਾ ਗਾਂਧੀ ਨੇ ਅਰੁਣ ਸ਼੍ਰੀਧਰ ਵੈਦਯਾ ਨੂੰ ਫ਼ੌਜ ਦੀ ਕਮਾਨ ਦੇ ਦਿਤੀ। ਸਤੰਬਰ 1983 ਵਿਚ ਇੰਦਰਾ ਨੇ ਜਨਰਲ ਵੈਦਯਾ ਨੂੰ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਸਤੇ ਤਿਆਰੀ ਕਰਨ ਦੀਆਂ ਹਦਾਇਤਾਂ ਦੇ ਦਿਤੀਆਂ।

ਉਸ ਦੇ ਨਾਲ ਹੀ ਵੈਸਟਰਨ ਕਮਾਂਡ ਦੇ ਜੀ.ਓ.ਸੀ. ਕਿ੍ਰਸ਼ਨ ਸਵਾਮੀ ਸੁੰਦਰਜੀ ਨੂੰ ਵੀ ਡਿਪਟੀ ਵਜੋਂ ਤਾਈਨਾਤ ਕੀਤਾ। ਇਹ ਦੋਵੇਂ ਇੰਦਰਾ ਗਾਂਧੀ ਦੇ ਵਫ਼ਾਦਾਰਾਂ ਵਾਂਙ ਉਸ ਦੇ ਹੁਕਮ ਮੰਨ ਕੇ ਦਰਬਾਰ ਸਾਹਿਬ ’ਤੇ ਹਮਲੇ ਵਾਸਤੇ ਤਿਆਰੀ ਕਰਨ ਲੱਗ ਪਏ। ਇਸ ਮਕਸਦ ਵਾਸਤੇ ਸਭ ਤੋਂ ਪਹਿਲਾਂ ‘ਪੁਜ਼ੀਸ਼ਨ ਪੇਪਰ’ ਤਿਆਰ ਕੀਤਾ ਗਿਆ ਜਿਸ ਵਿਚ ਸਾਰਾ ਐਕਸ਼ਨ ਪਲਾਨ ਸੀ। ਦਸੰਬਰ 1983 ਵਿਚ ਇਸ ਪਲਾਨ ਨੂੰ ਇੰਦਰਾ ਗਾਂਧੀ ਕੋਲ ਪੇਸ਼ ਕੀਤਾ ਗਿਆ। ਉਸ ਨੇ 15 ਜਨਵਰੀ 1984 ਦੇ ਦਿਨ ਵੈਦਯ ਤੇ ਸੁੰਦਰਜੀ ਨੂੰ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਸਤੇ ਤਿਆਰ ਰਹਿਣ ਦਾ ਹੁਕਮ ਦੇ ਦਿਤਾ। ਇਹ ਹਮਲਾ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਸੀ।

ਜਨਰਲ ਵੈਦਯ ਨੇ ਫ਼ੌਜ ਦੇ ਸਾਰੇ ਹਿੱਸਿਆਂ ਵਿਚੋਂ ਸਭ ਤੋਂ ਵਧੀਆ 600 ਕਮਾਂਡੋ ਚੁਣ ਕੇ ਇਕ ਫ਼ੋਰਸ ਤਿਆਰ ਕੀਤੀ ਅਤੇ ਦਿੱਲੀ ਤੋਂ 296 ਕਿਲੋਮੀਟਰ ਦੂਰ, ਉਤਰਾਖੰਡ ਵਿਚ ਭਾਰਤੀ ਫ਼ੌਜ ਦੇ ਸਭ ਤੋਂ ਅਹਿਮ ਅੱਡੇ ਚਕਰਾਤਾ ਦੀਆਂ ਪਹਾੜੀਆਂ ਵਿਚ ਦਰਬਾਰ ਸਾਹਿਬ ਦਾ ਇਕ ਪੂਰੇ ਸਾਈਜ਼ ਦਾ ਜ਼ਿੰਦਾ ਮਾਡਲ ਤਿਆਰ ਕੀਤਾ ਗਿਆ ਅਤੇ ਦਰਬਾਰ ਸਾਹਿਬ ’ਤੇ ਕਬਜ਼ਾ ਕਰਨ ਵਾਸਤੇ ਲਗਾਤਾਰ ਰੀਹਰਸਲ ਸ਼ੁਰੂ ਕਰ ਦਿਤੀ ਗਈ। ਕੱੁਝ ਹੀ ਹਫ਼ਤਿਆਂ ਵਿਚ ਫ਼ੌਜ ਨੇ ਐਲਾਨ ਕਰ ਦਿਤਾ ਕਿ ਉਨ੍ਹਾਂ ਦੀ ਪਲਾਨਿੰਗ ਕਾਮਯਾਬ ਹੋਣ ਵਿਚ ਕੋਈ ਕਸਰ ਨਹੀਂ ਰਹੀ ਅਤੇ ਉਹ ਹਮਲਾ ਕਰਨ ਦੇ 36 ਘੰਟਿਆਂ ਵਿਚ ਹੀ ਦਰਬਾਰ ਸਾਹਿਬ ’ਤੇ ਕਬਜ਼ਾ ਕਰ ਲੈਣਗੇ।

ਫ਼ਰਵਰੀ 1984 ਵਿਚ ਜਨਰਲ ਵੈਦਯਾ ਤੇ ਸੁੰਦਰਜੀ ਨੇ ਇੰਦਰਾ ਗਾਂਧੀ ਨੂੰ ਕਹਿ ਦਿਤਾ ਸੀ ਕਿ ਉਹ ਹਮਲੇ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ। ਇੰਦਰਾ ਗਾਂਧੀ ਨੇ ਇਹ ਸਾਰਾ ਕੱੁਝ ਅਪਣੇ ਨਜ਼ਦੀਕੀਆਂ (ਅਰੁਣ ਨਹਿਰੂ, ਅਰੁਣ ਸਿੰਹ ਤੇ ਰਾਜੀਵ ਗਾਂਧੀ ਵਗ਼ੈਰਾ) ਨਾਲ ਵਿਚਾਰਿਆ। ਇਸ ਦੌਰਾਨ ਇੰਦਰਾ ਗਾਂਧੀ ਨੇ ਅਪਣੀ ਖ਼ੁਫ਼ੀਆ ‘ਥਰਡ ਏਜੰਸੀ’ ਰਾਹੀਂ ਪੰਜਾਬ ਵਿਚ ਗੜਬੜ ਕਰਾਉਣੀ ਸ਼ੁਰੂ ਕਰ ਦਿਤੀ। ਇਸ ਵਿਚ ਕਈ ਕਤਲ ਅਤੇ 36 ਸਟੇਸ਼ਨ ਸਾੜਨਾ ਵੀ ਸ਼ਾਮਲ ਸੀ। ਇਹ ਸਾਰਾ ਕੁੱਝ ਅਪ੍ਰੈਲ-ਮਈ ਵਿਚ ਕੱੁਝ ਹੀ ਦਿਨਾਂ ਵਿਚ ਕੀਤਾ ਗਿਆ ਤਾਂ ਜੋ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣਾ ਕੇ ਦਰਬਾਰ ਸਾਹਿਬ ’ਤੇ ਹਮਲੇ ਨੂੰ ਜਾਇਜ਼ ਠਹਿਰਾਇਆ ਜਾ ਸਕੇ। ਇਨ੍ਹਾਂ ਕਤਲਾਂ ਅਤੇ ਸਾੜ ਫੂਕ ਨੂੰ ਨਿਸ਼ਾਨਾ ਬਣਾ ਕੇ ਵਿਸ਼ਵ ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਫ਼ੌਜ ਭੇਜਣ ਦੀ ਮੰਗ ਕੀਤੀ ਅਤੇ ਇਸ ਵਾਸਤੇ ਦਿੱਲੀ ਵਿਚ ਇਕ ਜਲੂਸ ਵੀ ਕਢਿਆ ਜਿਸ ਦੀ ਅਗਵਾਈ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਹ ਨੇ ਕੀਤੀ ਸੀ। ਇਸ ਜਲੂਸ ਦਾ ਜ਼ਿਕਰ ਅਡਵਾਨੀ ਨੇ ਅਪਣੀ ਕਿਤਾਬ ‘ਮਾਈ ਕੰਟਰੀ ਮਾਈ ਨੇਸ਼ਨ’ ਵਿਚ ਵੀ ਕੀਤਾ ਹੈ।

ਰੂਸ, ਇੰਗਲੈਂਡ ਅਤੇ ਇਜ਼ਰਾਈਲ ਤੋਂ ਮਦਦ
ਇੰਦਰਾ ਗਾਂਧੀ ਨੇ 15 ਜਨਵਰੀ 1984 ਦੇ ਦਿਨ ਜਨਰਲ ਵੈਦਯ ਨੂੰ ਹੁਕਮ ਦੇਣ ਮਗਰੋਂ ਰੂਸ, ਇੰਗਲੈਂਡ ਅਤੇ ਇਜ਼ਰਾਈਲ  ਨਾਲ ਰਾਬਤਾ ਕਾਇਮ ਕੀਤਾ। ਇੰਦਰਾ ਨੇ ਇਸ ਮਦਦ ਬਦਲੇ ਇਨ੍ਹਾਂ ਤਿੰਨਾਂ ਹੀ ਸਰਕਾਰਾਂ ਨੂੰ ਉਨ੍ਹਾਂ ਕੋਲੋਂ ਹਥਿਆਰ ਖ਼ਰੀਦਣ ਵਾਸਤੇ ਵੱਡੇ ਆਰਡਰ ਦੇਣ ਦੀ ਪੇਸ਼ਕਸ਼ ਕੀਤੀ। ਰੂਸ ਤਾਂ ਪਹਿਲਾਂ ਹੀ ਇੰਦਰਾ ਦੀ ਮਦਦ ਕਰ ਰਿਹਾ ਸੀ, ਇਸ ਕਰ ਕੇ ਉਹ ਤਾਂ ਇਕ ਦਮ ਮੰਨ ਗਿਆ। ਇਸ ਮਗਰੋਂ ਇੰਦਰਾ ਗਾਂਧੀ ਨੇ ਰਾਅ ਦੇ ਦੋ ਅਫ਼ਸਰ ਮਾਸਕੋ ਭੇਜੇ ਜਿਥੇ ਉਨ੍ਹਾਂ ਨੇ ਰੂਸ ਦੀ ਖ਼ੁਫ਼ੀਆ ਏਜੰਸੀ ਕੇ.ਜੀ.ਬੀ. ਅਤੇ ਰੂਸੀ ਫ਼ੌਜ ਦੇ ਸੀਨੀਅਰ ਜਰਨੈਲਾਂ ਨਾਲ ਬਹੁਤ ਸਾਰੀਆਂ ਮੁਲਾਕਾਤਾਂ ਕੀਤੀਆਂ ਤੇ ਸਿਖਲਾਈ ਹਾਸਲ ਕੀਤੀ। ਮਗਰੋਂ ਇਹ ਰੂਸੀ ਅਫ਼ਸਰ ਦਿੱਲੀ ਵੀ ਜਾਂਦੇ ਰਹੇ ਤੇ ਦਰਬਾਰ ਸਾਹਿਬ ’ਤੇ ਹਮਲੇ ਦਾ ਪਲਾਨ ਬਣਾਉਣ ਵਿਚ ਅਗਵਾਈ ਦੇਂਦੇ ਰਹੇ। ਇੰਞ ਹੀ ਰਾਅ ਦੇ ਇਹ ਦੋ ਅਫ਼ਸਰ ਜੇਰੂਸਲਮ ਵੀ ਗਏ ਤੇ ਇਜ਼ਰਾਈਲ ਦੀ ਖ਼ੁਫ਼ੀਆ ਏਜੰਸੀ ‘ਮੌਸਾਦ’ ਤੋਂ ਵੀ ਸਲਾਹ ਲਈ।

ਬਿ੍ਰਟਿਸ਼ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦਾ ਰੋਲ
ਦਰਬਾਰ ਸਾਹਿਬ ’ਤੇ ਇਸ ਹਮਲੇ ਦੀ ਪਲਾਨ ਵਿਚ ਸਭ ਤੋਂ ਵੱਡਾ ਹੈਰਾਨਕੁਨ ਐਕਸ਼ਨ ਇੰਗਲੈਂਡ ਦੀ ਪ੍ਰਧਾਨ ਮੰਤਰੀ ਮਰਗਰੇਟ ਥੈਚਰ ਦਾ ਸੀ। ਹਾਲਾਂਕਿ ਇੰਦਰਾ ਗਾਂਧੀ ਦਾ ਇਹ ਐਕਸ਼ਨ ਇਕ ਵਿਰੋਧੀ ਸਿਆਸੀ ਪਾਰਟੀ ਦੇ ਖ਼ਿਲਾਫ਼ ਸੀ ਤੇ ਉਸ ਦੇ ਅਪਣੇ ਮੁਲਕ ਦਾ ਅੰਦਰੂਨੀ ਮਸਲਾ ਸੀ, ਪਰ ਮਾਰਗਰੇਟ ਥੈਚਰ ਨੇ ਭਾਰਤ ਤੋਂ ਹਥਿਆਰਾਂ ਦਾ ਵੱਡਾ ਆਰਡਰ ਹਾਸਲ ਕਰਨ ਵਾਸਤੇ, ਇਕ ਮੁਲਕ ਦੇ ਅੰਦਰੂਨੀ ਮਸਲੇ ਵਿਚ ਅਪਣੀ ਫ਼ੌਜ ਦਾ ਦਖ਼ਲ ਦੇਣ ਦਾ ਫ਼ੈਸਲਾ ਕਰ ਲਿਆ। ਇਹ ਨਾ ਤਾਂ ਕੌਮਾਂਤਰੀ ਅਸੂਲਾਂ ਮੁਤਾਬਕ ਸਹੀ ਸੀ ਤੇ ਨਾ ਹੀ ਇਨਸਾਨੀਅਤ ਦੇ ਪੱਖ ਤੋਂ। ਪਰ ਥੈਚਰ, ਜੋ ਅਪਣੇ ਆਪ ਨੂੰ ‘ਆਇਰਨ ਲੇਡੀ’ ਅਖਵਾਉਂਦੀ ਸੀ, ਉਹ ਇਕ ਬੇਅਸੂਲੀ ਤੇ ਜ਼ਾਲਮ ਔਰਤ ਨਾਲ ਮਿਲ ਕੇ ਸਾਰੇ ਕੌਮਾਂਤਰੀ ਅਸੂਲਾਂ ਨੂੰ ਛਿੱਕੇ ਟੰਗ ਕੇ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰਵਉਣ ਵਾਸਤੇ ਤਿਆਰ ਹੋ ਗਈ।

ਫਿਰ ਮਾਰਗਰੇਟ ਥੈਚਰ ਨੇ ਦੇਰ ਵੀ ਨਾ ਲਾਈ ਅਤੇ ਇੰਦਰਾ ਗਾਂਧੀ ਦੀ ਸਾਜ਼ਸ਼ ਵਿਚ ਇਕ ਦਮ ਹੀ ਸ਼ਾਮਲ ਹੋ ਗਈ। ਚਾਹੀਦਾ ਤਾਂ ਇਹ ਸੀ ਕਿ ਉਹ ਖ਼ੁਫ਼ੀਆ ਤੌਰ ’ਤੇ ਪਤਾ ਕਰਦੀ ਕਿ ਇੰਦਰਾ ਗਾਂਧੀ ਦੀ ਅਸਲ ਮਨਸ਼ਾ ਕੀ ਹੈ? ਕੀ ਇਹ ਹਰਕਤ ਕੌਮਾਂਤਰੀ ਅਸੂਲਾਂ ਦੇ ਉਲਟ ਤਾਂ ਨਹੀਂ? ਕੀ ਇਸ ਦੇ ਪਿਛੋਕੜ ਵਿਚ ਕੋਈ ਹੋਰ ਸਾਜ਼ਸ਼ ਤਾਂ ਨਹੀਂ? ਪਰ ਇਸ ਦੀ ਬਜਾਏ ਮਾਰਗਰੇਟ ਥੈਚਰ ਨੇ ਬਿਨਾ ਕਿਸੇ ਖੋਜ ਪੜਤਾਲ ਦੇ, ਦੋ-ਚਾਰ ਦਿਨਾਂ ਅੰਦਰ-ਅੰਦਰ ਅਪਣੇ ਦੋ ਸੀਨੀਅਰ ਐਸ.ਏ.ਐਸ. ਅਫ਼ਸਰ, ਖ਼ੁਫ਼ੀਆ ਤੌਰ ’ਤੇ ਦਿੱਲੀ ਅਤੇ ਅੰਮ੍ਰਿਤਸਰ ਭੇਜ ਦਿਤੇ। ਇਹ ਅਫ਼ਸਰ 17 ਫ਼ਰਵਰੀ 1984 ਦੇ ਦਿਨ ਦਰਬਾਰ ਸਾਹਿਬ ਇਕ ਯਾਤਰੂ ਦੇ ਤੌਰ ’ਤੇ ਗਏ ਅਤੇ ਸਾਰਾ ਮੌਕਾ ਵੇਖਿਆ। ਉਸ ਦਿਨ ਰੀਹਰਸਲ ਵਜੋਂ ਦਰਬਾਰ ਸਾਹਿਬ ’ਤੇ ਬੇਵਜਹ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ। ਇਸ ਨਾਲ ਅੱਧੀ ਦਰਜਨ ਯਾਤਰੂ ਮਾਰੇ ਗਏ ਪਰ ਖਾੜਕੂਆਂ ਨੇ ਇਕ ਵੀ ਗੋਲੀ ਨਾ ਚਲਾਈ। ਦਰਅਸਲ ਉਹ ਅਪਣਾ ਅਸਲਾ ਜ਼ਾਇਆ ਨਹੀਂ ਸਨ ਕਰਨਾ ਚਾਹੁੰਦੇ। ਅਜਿਹਾ ਜਾਪਦਾ ਹੈ ਕਿ ਇਹ ਐਕਸ਼ਨ ਬਿ੍ਰਟਿਸ਼ ਅਫ਼ਸਰ ਦੀਆਂ ਹਦਾਇਤਾਂ ਮੁਤਾਬਕ ਕੀਤਾ ਗਿਆ ਸੀ ਜੋ ਇਸ ਦਾ ਜਵਾਬੇ-ਅਮਲ (ਰੀਐਕਸ਼ਨ) ਦੇਖਣਾ ਚਾਹੁੰਦਾ ਸੀ। 
 

ਇਸ ਤੋਂ ਬਾਅਦ ਉਸ ਅਫ਼ਸਰ ਨੇ ਇਕ ਪਲਾਨ ਤਿਆਰ ਕੀਤਾ ਸੀ ਜਿਸ ਨੂੰ ਇੰਦਰਾ ਗਾਂਧੀ ਨੇ ਮਨਜ਼ੂਰੀ ਦਿਤੀ ਸੀ। ਯਾਨਿ ਇਸ ਪਲਾਨ ਵਿਚ ਮਾਰਗਰੇਟ ਥੈਚਰ ਪੂਰੀ ਤਰ੍ਹਾਂ ਸ਼ਾਮਲ ਸੀ।
ਮਾਰਗਰੇਟ ਥੈਚਰ ਦੀ ਇਸ ਕਾਰਵਾਈ ਦਾ ਰਾਜ਼ ਖੋਲ੍ਹਦੀਆਂ ਇਹ ਖ਼ੁਫ਼ੀਆ ਚਿੱਠੀਆਂ 6 ਫ਼ਰਵਰੀ 1984 ਅਤੇ 23 ਫ਼ਰਵਰੀ 1984 ਦੀਆਂ ਹਨ। 6 ਫ਼ਰਵਰੀ ਦੀ ਚਿੱਠੀ ਬਰਾਇਨ ਹਾਲ (ਪ੍ਰਾਈਵੇਟ ਸੈਕਟਰੀ ਟੂ ਫ਼ਾਰਨ ਮਨਿਸਟਰ ਜੈਫ਼ਰੀ ਹੌਵੇ) ਦੀ 3 ਫ਼ਰਵਰੀ ਦੀ ਚਿੱਠੀ ਦੇ ਜਵਾਬ ਵਿਚ ਹੈ। ਇਹ ਚਿੱਠੀ ਐਫ਼.ਈ.ਆਰ. ਬਟਲਰ (ਪਿ੍ਰੰਸੀਪਲ ਪ੍ਰਾਈਵੇਟ ਸੈਕਟਰੀ ਟੂ ਮਾਰਗਰੇਟ ਥੈਚਰ) ਵਲੋਂ ਲਿਖੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ “ਸਾਨੂੰ ਦਿੱਲੀ ਤੋਂ ਅਰਜ਼ ਆਈ ਹੈ ਕਿ ਇੰਦਰਾ ਗਾਂਧੀ ਨਾਲ ‘ਮਤਭੇਦ ਰਖਣ ਵਾਲੇ’ ਸਿੱਖਾਂ ਨੂੰ ਦਰਬਾਰ ਸਾਹਿਬ ਵਿਚੋਂ ਕਢਣ ਵਾਸਤੇ ਸਲਾਹ ਦਿਤੀ ਜਾਵੇ” ਨੋਟ: ਇਸ ਵਿਚ ਉਨ੍ਹਾਂ ਨੂੰ ਦਹਿਸ਼ਤਗਰਦ ਜਾਂ ਵੱਖਵਾਦੀ ਵੀ ਨਹੀਂ ਕਿਹਾ ਗਿਆ ਤੇ ਸਿਰਫ਼ ਸਰਕਾਰ ਨਾਲ ‘ਮਤਭੇਦ ਰੱਖਣ ਵਾਲੇ’, ਯਾਨਿ ਸਰਕਾਰ/ਇੰਦਰਾ ਗਾਂਧੀ ਦੇ ਵਿਰੋਧੀ, ਕਿਹਾ ਗਿਆ ਹੈ। ਇਸ ਚਿੱਠੀ ਮੁਤਾਬਕ ਥੈਚਰ ਨੇ ਫ਼ਾਰਨ ਸੈਕਟਰੀ (ਵਜ਼ੀਰ) ਨੂੰ ਉਸ ਵਲੋਂ ਭਾਰਤ ਸਰਕਾਰ ਦੀ ਮਦਦ ਵਾਸਤੇ ਬਣਾਈ ਪਲਾਨ ਨੂੰ ਕਬੂਲ ਕਰ ਲਿਆ ਸੀ ਅਤੇ ਅਪਣੇ ਫ਼ੌਜੀ ਐਡਵਾਈਜ਼ਰ (ਅਫ਼ਸਰ) ਦਿੱਲੀ ਭੇਜਣ ਵਾਸਤੇ ਕਿਹਾ ਸੀ। (ਇਸ ਚਿੱਠੀ ਦੀ ਇਕ-ਇਕ ਕਾਪੀ ਡਿਫ਼ੈਂਸ ਮਨਿਸਟਰੀ ਦੇ ਰਿਚਰਡ ਮੋਟਰਾਮ ਅਤੇ ਕੈਬਨਿਟ ਦਫ਼ਤਰ ਦੇ ਰਿਚਰਡ ਹੈਟਫ਼ੀਲਡ ਨੂੰ ਵੀ ਭੇਜੀ ਗਈ ਸੀ।

ਦੂਜੀ ਚਿੱਠੀ, 23 ਫ਼ਰਵਰੀ 1984 ਦੀ ਹੈ ਜੋ ਬੀ.ਜੇ.ਪੀ ਫ਼ਾਲ (ਪ੍ਰਾਈਵੇਟ ਸੈਕਟਰੀ ਟੂ ਫ਼ਾਰਨ ਮਨਿਸਟਰ ਜੈਫ਼ਰੀ ਹੌਵੇ) ਵਲੋਂ ਹਿਊ ਟੇਲਰ (ਪ੍ਰਾਈਵੇਟ ਸੈਕਟਰੀ ਟੂ ਹੋਮ ਸੈਕਟਰੀ ਲਿਓਨ ਬਿ੍ਰਟਨ) ਨੂੰ ਲਿਖੀ ਗਈ ਹੈ। ਇਸ ਦਾ ਹੈਡਿੰਗ ਹੀ “ਸਿੱਖ ਕਮਿਊਨਿਟੀ” ਹੈ। ਇਸ ਵਿਚ ਦਸਿਆ ਗਿਆ ਹੈ ਕਿ ਦਰਬਾਰ ਸਾਹਿਬ ’ਤੇ ਐਕਸ਼ਨ ਕਰਨ ਦੀ ਪਲਾਨ ਸਬੰਧੀ, ਇੰਗਲੈਂਡ ਦੀ ਸਰਕਾਰ ਦਾ ਇਕ ਐਸ.ਏ.ਐਸ. ਅਫ਼ਸਰ ਇੰਗਲੈਂਡ ਦੀ ਪ੍ਰਧਾਨ ਮੰਤਰੀ ਥੈਚਰ ਦੀ ਮਨਜ਼ੂਰੀ ਨਾਲ ਭਾਰਤ ਗਿਆ ਸੀ ਅਤੇ ਉਸ ਨੇ ਇਕ ਪਲਾਨ ਤਿਆਰ ਕੀਤੀ ਸੀ ਜਿਸ ਨੂੰ ਇੰਦਰਾ ਗਾਂਧੀ ਨੇ ਮਨਜ਼ੂਰੀ ਦਿਤੀ ਸੀ। (ਯਾਨਿ ਇਸ ਚਿੱਠੀ ਤੋਂ ਸਾਫ਼ ਸਪਸ਼ਟ ਹੈ ਕਿ ਇਹ ਪਲਾਨ ਇੰਗਲੈਂਡ ਦੇ ਫ਼ੌਜੀ ਅਫ਼ਸਰਾਂ ਨੇ ਹੀ ਬਣਾਈ ਸੀ)।

ਇਸੇ ਚਿੱਠੀ ਵਿਚ ਫ਼ਾਰਨ ਸੈਕਟਰੀ ਹੋਰ ਲਿਖਦਾ ਹੈ ਕਿ ਭਾਰਤ ਸਰਕਾਰ ਉਸ ਬਰਤਾਨਵੀ ਅਫ਼ਸਰ ਦੀ ਪਲਾਨ ’ਤੇ ਜਲਦੀ ਹੀ ਐਕਸ਼ਨ ਕਰੇਗੀ। ਚਿੱਠੀ ਵਿਚ ਕਿਹਾ ਗਿਆ ਹੈ ਕਿ ਇਸ ਐਕਸ਼ਨ (ਯਾਨਿ ਦਰਬਾਰ ਸਾਹਿਬ ’ਤੇ ਹਮਲੇ) ਦਾ ਨਤੀਜਾ ਪੰਜਾਬ ਵਿਚ ਫ਼ਿਰਕੂ ਫ਼ਸਾਦ ਭੜਕੇਗਾ ਅਤੇ ਇਸ ਦਾ ਅਸਰ ਇੰਗਲੈਂਡ ਵਿਚ ਰਹਿੰਦੇ ਭਾਰਤੀ ਭਾਈਚਾਰੇ ’ਤੇ ਵੀ ਪਵੇਗਾ, ਖ਼ਾਸ ਕਰ ਕੇ ਜੇ ਇਹ ਰਾਜ਼ ਖੁਲ ਗਿਆ ਕਿ ਇੰਗਲੈਂਡ ਦਾ ਐਸ.ਏ.ਐਸ. ਅਫ਼ਸਰ ਇਸ (ਯਾਨਿ ਦਰਬਾਰ ਸਾਹਿਬ ’ਤੇ ਹਮਲੇ) ਵਿਚ ਸ਼ਾਮਲ ਸੀ। ਇਸ ਚਿੱਠੀ ਦੀ ਇਕ-ਇਕ ਕਾਪੀ ਡਿਫ਼ੈਂਸ ਮਨਿਸਟਰੀ ਦੇ ਰੌਬਿਨ ਬਟਲਰ (ਨੰਬਰ 10, ਯਾਨਿ ਪ੍ਰਾਈਮ ਮਨਿਸਟਰ ਦਫ਼ਤਰ), ਰਿਚਰਡ ਮੋਟਰਾਮ (ਮਨਿਸਟਰੀ ਆਫ਼ ਡਿਫ਼ੈਂਸ ਅਤੇ ਕੈਬਨਿਟ ਦਫ਼ਤਰ ਦੇ ਰਿਚਰਡ ਹੈਟਫ਼ੀਲਡ (ਕੈਬਨਿਟ ਆਫ਼ਿਸ) ਨੂੰ ਵੀ ਭੇਜੀ ਗਈ ਸੀ)।
13 ਅਤੇ 14 ਜਨਵਰੀ 2014 ਦੇ ਦਿਨ ਇਹ ਦੋ ਚਿੱਠੀਆਂ ਇੰਟਰਨੈਟ ਰਾਹੀਂ ਸਾਰੇ ਪਾਸੇ ਫੈਲ ਗਈਆਂ ਅਤੇ ਦੁਨੀਆਂ ਭਰ ਵਿਚ ਸਾਰੇ ਪਾਸੇ ਜ਼ਬਰਦਸਤ ਤੂਫ਼ਾਨ ਉਠ ਖੜਾ ਹੋਇਆ। ਮਗਰੋਂ 4 ਫ਼ਰਵਰੀ 2014 ਦੇ ਦਿਨ ਬਰਤਾਨੀਆ ਦੇ ਫ਼ਾਰਨ ਸੈਕਟਰੀ ਵਿਲੀਅਮ ਹੇਗ ਨੇ ਬਰਤਾਨਵੀ ਪਾਰਲੀਮੈਂਟ ਵਿਚ ਮੰਨਿਆ ਕਿ ਬਰਤਾਨੀਆ ਨੇ ਸਿਰਫ਼ ਸਲਾਹ ਦਿਤੀ ਸੀ ਤੇ ਫ਼ੌਜੀ ਮਦਦ ਨਹੀਂ ਦਿਤੀ ਸੀ)।

17 ਫ਼ਰਵਰੀ 1984 ਤੋਂ ਮਗਰੋਂ ਵੀ ਭਾਰਤ ਸਰਕਾਰ ਦੇ ਖ਼ੁਫ਼ੀਆ ਮਹਿਕਮੇ ਦੇ ਦੋ ਸੀਨੀਅਰ ਅਫ਼ਸਰ ਗੈਰੀ ਸਕਸੈਨਾ ਤੇ ਆਰ.ਐਨ.ਰਾਉ ਕਈ ਵਾਰ ਲੰਡਨ ਆਏ ਅਤੇ ਇੰਗਲੈਂਡ ਦੀਆਂ ਖ਼ੁਫ਼ੀਆ ਏਜੰਸੀਆਂ ਅਤੇ ਫ਼ੌਜ ਤੋਂ ਸਲਾਹ ਅਤੇ ਅਗਵਾਈ ਲੈਂਦੇ ਰਹੇ। ਫ਼ਰਵਰੀ ਦੇ ਅਖ਼ੀਰ ਅਤੇ ਅਪ੍ਰੈਲ ਵਿਚ ਦੋ ਵਾਰ ਦਰਬਾਰ ਸਾਹਿਬ ’ਤੇ ਹਮਲਾ ਕਰਨ ਦਾ ਪ੍ਰੋਗਰਾਮ ਬਣਿਆ ਪਰ ਦੋਵੇਂ ਵਾਰ, ਐਨ ਮੌਕੇ ’ਤੇ ਇਸ ਨੂੰ ਮੁਲਤਵੀ ਕਰ ਦਿਤਾ ਜਾਂਦਾ ਰਿਹਾ। ਅਖ਼ੀਰ 31 ਮਈ 1984 ਦੀ ਰਾਤ ਨੂੰ ਇੰਦਰਾ ਗਾਂਧੀ ਨੇ ਜਨਰਲ ਵੈਦਯਾ ਨੂੰ ਹਮਲਾ ਕਰਨ ਦੇ ਹੁਕਮ ਜਾਰੀ ਕੀਤੇ ਅਤੇ ਪਹਿਲੀ ਜੂਨ ਨੂੰ ਤਕਰੀਬਨ ਇਕ ਲੱਖ ਫ਼ੌਜਾਂ ਅੰਮ੍ਰਿਤਸਰ ਵਲ ਚੱਲ ਪਈਆਂ।

ਦਰਬਾਰ ਸਾਹਿਬ ’ਤੇ ਹਮਲੇ ਦੀ ਤਫ਼ਸੀਲ
ਤਕਰੀਬਨ ਇਕ ਲੱਖ ਫ਼ੌਜ ਇਸ ਸਾਰੀ ਮੁਹਿੰਮ ਵਿਚ, ਇਕ ਜਾਂ ਦੂਜੇ ਤਰੀਕੇ ਨਾਲ, ਸ਼ਾਮਲ ਸਨ। ਇਨ੍ਹਾਂ ਵਿਚ, ਆਰਮੀ, ਨੇਵੀ ਤੇ ਏਅਰਫ਼ੋਰਸ ਤਿੰਨੇ ਸ਼ਾਮਲ ਸਨ। ਪਹਿਲੀ ਜੂਨ ਨੂੰ ਚੰਡੀਗੜ੍ਹ ਕੋਲ ਚੰਡੀ ਮੰਦਰ ‘2 ਕੋਰ’ ਦੇ ਹੈੱਡਕੁਆਰਟਰ ਵਿਚ ਕੇ.ਐਸ. ਬਰਾੜ, ਲੈਫ਼ਟੀਨੈਂਟ ਜਨਰਲ ਕੇ. ਸੁੰਦਰਜੀ, ਆਰ.ਐਸ. ਦਿਆਲ ਅਤੇ ਕਈ ਹੋਰ ਫ਼ੌਜੀ ਅਫ਼ਸਰ ਇਕੱਠੇ ਹੋਏ। ਇਨ੍ਹਾਂ ਵਿਚੋਂ ਸੁੰਦਰਜੀ ਪਾਕਿਸਤਾਨ ਨਾਲ ਹੋਈ 1965 ਦੀ ਲੜਾਈ ਵਿਚ ਇਕ ਰਜਮੈਂਟ ਦਾ ਕਮਾਂਡਰ ਰਿਹਾ ਸੀ ਤੇ ਦਿਆਲ ਵੀ ਇਸੇ ਲੜਾਈ ਵਿਚ ਹਿੱਸਾ ਲੈ ਰਹੀ ਪੈਰਾਸ਼ੂਟ ਰਜਮੈਂਟ ਦਾ ਇਕ ਮੇਜਰ ਸੀ। ਚੰਡੀ ਮੰਦਰ ਛਾਉਣੀ ਵਿਚ ਹੋਈ ਇਸ ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਗਿਆਨੀ ਜ਼ੈਲ ਸਿੰਘ ਅਤੇ ਇੰਦਰਾ ਵਲੋਂ ਦਿਤੀ ਹਦਾਇਤ ਮੁਤਾਬਕ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਜਾਣਾ ਸੀ ਅਤੇ ਸਾਰੇ ਕੰਪਲੈਕਸ ’ਤੇ ਪੂਰਾ ਕਬਜ਼ਾ 48 ਤੋਂ 72 ਘੰਟੇ ਵਿਚ ਮੁਕੰਮਲ ਕੀਤਾ ਜਾਣਾ ਸੀ। ਇਸ ਐਕਸ਼ਨ ਦੇ ਦੋ ਮੁਖ ਹਿੱਸੇ ਸਨ : ਦਰਬਾਰ ਸਾਹਿਬ ’ਤੇ ਹਮਲਾ ਅਤੇ ਕਬਜ਼ਾ ਕਰਨਾ (ਅਪ੍ਰੇਸ਼ਨ ਬਲੂ ਸਟਾਰ) ਅਤੇ ਅੰਮ੍ਰਿਤਸਰ ਦੀ ਪਾਕਿਸਤਾਨ ਵਲ ਅਤੇ ਬਾਕੀ ਪੰਜਾਬ ਨਾਲ ਸਰਹੱਦ ਸੀਲ ਕਰਨਾ (ਅਪ੍ਰੇਸ਼ਨ ਵੁੱਡ ਰੋਜ਼)। ਸਰਹੱਦ ਸੀਲ ਕਰਨ ਦਾ ਕੰਮ 11 ਕੋਰ ਯੂਨਿਟ ਜਿਸ ਦਾ ਮੁਖੀ ਲੈਫ਼ਟੀਨੈਂਟ ਜਨਰਲ ਕੇ. ਗੌਰੀ ਸ਼ੰਕਰ ਸੀ ਨੂੰ ਸੌਂਪਿਆ ਗਿਆ ਸੀ। (ਇਹ ਕੋਰਾ ਝੂਠ ਹੈ ਕਿ ਗਿਆਨੀ ਜ਼ੈਲ ਸਿੰਘ ਨੂੰ ਹਮਲੇ ਦਾ ਪਤਾ ਨਹੀਂ ਸੀ ਤੇ ਉਸ ਨੇ ਦਸਤਖ਼ਤ ਨਹੀਂ ਸਨ ਕੀਤੇ। ਦਰਅਸਲ ਇਹ ਹਮਲਾ ਉਸ ਦੀ ਮਰਜ਼ੀ ਨਾਲ ਹੋਇਆ ਸੀ)।

ਕੇ.ਐਸ. ਬਰਾੜ ਪਹਿਲੀ ਜੂਨ ਨੂੰ ਸਵੇਰੇ ਤੜਕਸਾਰ ਅਪਣੇ ਡਿਪਟੀ ਬ੍ਰਿਗੇਡੀਅਰ ਐਨ.ਕੇ. ਤਲਵਾੜ ਨਾਲ ਅੰਮ੍ਰਿਤਸਰ ਪਹੁੰਚ ਚੁੱਕਾ ਸੀ। ਇਸ ਵੇਲੇ ਤਕ 15 ਪਿਆਦਾ ਡਵੀਜ਼ਨ ਫ਼ੌਜ ਨੂੰ ਤਿਆਰ ਕਰ ਲਿਆ ਗਿਆ ਹੋਇਆ ਸੀ। ਇਨ੍ਹਾਂ ਦੇ ਹੈੱਡਕੁਆਟਰ ਵਿਚ ਦਰਬਾਰ ਸਾਹਿਬ, ਅਕਾਲ ਬੁੰਗਾ ਅਤੇ ਹੋਰ ਸਾਰੇ ਪਾਸਿਉਂ ਮਿੰਟ-ਮਿੰਟ ਦੀ ਖ਼ਬਰ ਪੁਜ ਰਹੀ ਸੀ। ਦਿੱਲੀ ਨਾਲ ਇਨ੍ਹਾਂ ਦਾ ਸਿੱਧਾ ਰਾਬਤਾ ਸੀ ਜੋ ਫ਼ੋਨ ਰਾਹੀਂ ਹਾੱਟ-ਲਾਈਨ ’ਤੇ ਹੋ ਰਿਹਾ ਸੀ। ਇਸ ਦੇ ਨਾਲ ਹੀ ਲੈਫ਼ਟੀਨੈਂਟ ਕਰਨਲ ਕੇ.ਐਸ. ਰੰਧਾਵਾ ਤੇ ਬ੍ਰਿਗੇਡੀਅਰ ਡੀ.ਵੀ. ਰਾਉ ਦੀ ਅਗਵਾਈ ਹੇਠ, ਦਰਬਾਰ ਸਾਹਿਬ ’ਚੋਂ ਸੂਹਾਂ ਹਾਸਲ ਕਰਨ ਦੀ ਨਿਗਰਾਨੀ ਕਰ ਰਹੇ ਸਨ। ਇਸ ਸਬੰਧ ਵਿਚ ਉਨ੍ਹਾਂ ਦੀ ਮਦਦ ਵਾਸਤੇ 12 ਬਿਹਾਰ ਬਟਾਲੀਅਨ ਤੇ 10 ਗਾਰਡ ਤਿਆਰ ਖੜੀਆਂ ਸਨ। ਵਧੇਰੇ ਸੂਹ ਲੈਣ ਵਾਸਤੇ ਕੈਪਟਨ ਜਸਬੀਰ ਰੈਣਾ ਦਰਬਾਰ ਸਾਹਿਬ ’ਚ ਸਾਦੇ ਕਪੜਿਆਂ ਵਿਚ ਗਿਆ। ਇੰਞ 2 ਤਾਰੀਖ਼ ਸ਼ਾਮ ਤਕ ਫ਼ੌਜ ਨੇ ਦਰਬਾਰ ਸਾਹਿਬ ’ਤੇ ਹਮਲੇ ਦੀ ਪੂਰੀ ਤਿਆਰੀ ਕਰ ਲਈ ਸੀ। ਇਸੇ ਰਾਤ ਸਵਾ ਨੌ ਵਜੇ ਇੰਦਰਾ ਨੇ ਟੀ.ਵੀ. ’ਤੇ ਤਕਰੀਰ ਕੀਤੀ। ਟੀ.ਵੀ. ’ਤੇ ਬੋਲਣ ਲਗਿਆਂ ਇੰਦਰਾ ਥਕੀ ਹੋਈ, ਡਰੀ ਹੋਈ ਤੇ ‘ਖ਼ੁਦਕੁਸ਼ੀ ਤੋਂ ਪਹਿਲਾਂ ਵਾਲੀ ਹਾਲਤ’ ਵਿਚ ਨਜ਼ਰ ਆ ਰਹੀ ਸੀ। ਇਸ ਤਕਰੀਰ ਵਿਚ ਉਸ ਨੇ ਫ਼ੌਜੀ ਹਮਲੇ ਦੀ ਗੱਲ ਨਹੀਂ ਕੀਤੀ ਪਰ ਜਿਸ ਵੇਲੇ ਉਹ ਟੀ.ਵੀ. ’ਤੇ ਬੋਲ ਰਹੀ ਸੀ, ਉਸ ਵੇਲੇ ਇਕ ਪਿਆਦਾ ਬਟਾਲੀਅਨ ‘12-ਬਿਹਾਰ’ ਦੇ ਫ਼ੌਜੀ ਦਰਬਾਰ ਸਾਹਿਬ ਨੂੰ ਘੇਰਾ ਪਾ ਰਹੇ ਸਨ। ਸੀ.ਆਰ.ਪੀ.ਐਫ਼. ਨੇ ਪਹਿਲੋਂ ਹੀ ਦਰਬਾਰ ਸਾਹਿਬ ਦੇ ਦੁਆਲੇ ਪੁਜ਼ੀਸ਼ਨਾਂ ਲਈਆਂ ਹੋਈਆਂ ਸਨ।

ਦਿੱਲੀ ਵਿਚ ‘ਅਪਰੇਸ਼ਨ ਬਲੂ ਸਟਾਰ’ ਦੀ ਸਾਰੀ ਕਾਰਵਾਈ ਦੀ ਨਿਗਰਾਨੀ ਇੰਦਰਾ, ਰਾਜੀਵ, ਅਰੁਣ ਨਹਿਰੂ, ਅਰੁਣ ਸਿੰਹ ਵਗ਼ੈਰਾ ਆਪ ਕਰ ਰਹੇ ਸਨ। 3 ਜੂਨ ਨੂੰ ਤੜਕੇ ਹੀ 12 ਬਿਹਾਰ ਦੇ ਫ਼ੌਜੀਆਂ ਨੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸਾਰੀਆਂ ਇਮਾਰਤਾਂ ਵਿਚ ਮੋਰਚੇ ਸੰਭਾਲ ਲਏ ਸਨ। ਉਨ੍ਹਾਂ ਕੋਲ ਹਰ ਤਰ੍ਹਾਂ ਦੇ ਮਾਰੂ ਹਥਿਆਰ ਸਨ। ਇਸ ਯੂਨਿਟ ਦਾ ਕਮਾਂਡਿੰਗ ਅਫ਼ਸਰ ਲੈਫ਼ਟੀਨੈਂਟ ਕਰਨਲ ਰੰਧਾਵਾ ਸੀ। ਉਸ ਨੇ ਹਮਲੇ ਵਾਸਤੇ ਟਿਕਾਣਿਆਂ ਦੀ ਨਿਸ਼ਾਨ-ਦੇਹੀ ਕਰ ਲਈ ਸੀ। ਪਹਿਲੀ ਜੂਨ ਨੂੰ, ਸੀ.ਆਰ.ਪੀ.ਐਫ਼. ਨੇ ਵੀ ਦਰਬਾਰ ਸਾਹਿਬ ’ਤੇ ਅੰਨ੍ਹੇ-ਵਾਹ ਫ਼ਾਇਰਿੰਗ ਕਰ ਕੇ ਕੋਸ਼ਿਸ਼ ਕੀਤੀ ਸੀ ਕਿ ਉਸ ਨੂੰ ਪਤਾ ਲਗ ਸਕੇ ਕਿ ਮੁਕਾਬਲਾ ਕਿਥੋਂ-ਕਿਥੋਂ ਹੋਣਾ ਹੈ। ਪਰ ਉਸ ਦਿਨ ਖਾੜਕੂਆਂ ਨੇ ਸੀ.ਆਰ.ਪੀ.ਐਫ਼. ਦੀ ਕਾਰਵਾਈ ਦਾ ਜਵਾਬ ਨਹੀਂ ਦਿਤਾ ਸੀ ਕਿਉਂਕਿ ਉਹ ਅਸਲਾ ਗੁਆਉਣਾ ਨਹੀਂ ਸਨ ਚਾਹੁੰਦੇ। ਇਸ ਦਿਨ ਫ਼ੌਜ ਦੀਆਂ ਗੋਲੀਆਂ ਨਾਲ ਇਕ ਸਿੱਖ ਭਾਈ ਕੁਲਵੰਤ ਸਿੰਘ ਸ਼ਹੀਦ ਹੋਇਆ ਸੀ। ਫਿਰ 2 ਜੂਨ ਦੇ ਦਿਨ ਵੀ ਫ਼ੌਜ ਨੇ ਅਕਾਲ ਤਖ਼ਤ ਦੇ ਪਿਛਵਾੜੇ ’ਤੇ 32 ਫ਼ਾਇਰ ਕੀਤੇ। ਇਸ ਫ਼ਾਇਰਿੰਗ ਨਾਲ 20-25 ਬੰਦੇ ਮਾਰੇ ਗਏ ਸਨ (ਇਸ 2 ਜੂਨ ਦੀ ਘਟਨਾ ਦੀ ਰਿਪੋਰਟਿੰਗ ਕਿਸੇ ਸੋਮੇ ਨੇ ਨਹੀਂ ਕੀਤੀ)।
2 ਜੂਨ ਨੂੰ ਰਾਤ ਦੇ 9 ਵਜੇ ਸਾਰੇ ਪੰਜਾਬ ਵਿਚ 36 ਘੰਟੇ ਵਾਸਤੇ ਕਰਫ਼ਿਊ ਲਾ ਦਿਤਾ ਗਿਆ (ਮਗਰੋਂ ਇਸ ਨੂੰ ਹੋਰ ਵਧਾ ਦਿਤਾ ਗਿਆ ਸੀ)। ਇਸ ਤੋਂ ਸਾਫ਼ ਸਮਝਿਆ ਜਾ ਸਕਦਾ ਸੀ ਕਿ ਫ਼ੌਜ ਦਰਬਾਰ ਸਾਹਿਬ ’ਤੇ ਹਮਲਾ ਕਰ ਦੇਵੇਗੀ। ਦਰਬਾਰ ਸਾਹਿਬ ਦੇ ਅੰਦਰ ਬੈਠੇ ਖਾੜਕੂਆਂ ਦੀ ਕਮਾਨ ਜਨਰਲ ਸੁਬੇਗ ਸਿੰਘ ਕੋਲ ਸੀ। ਉਸ ਨੇ ਇਸ ਹਮਲੇ ਦਾ ਅੰਦਾਜ਼ਾ ਲਾ ਲਿਆ ਸੀ ਅਤੇ ਵੱਖ-ਵੱਖ ਥਾਵਾਂ ’ਤੇ ਮੋਰਚਿਆਂ ਵਿਚ ਖਾੜਕੂਆਂ ਨੂੰ ਤਾਈਨਾਤ ਕਰ ਦਿਤਾ ਸੀ।

3 ਤਾਰੀਖ਼ ਦੀ ਰਾਤ ਨੂੰ ਹੀ ਦਰਬਾਰ ਸਾਹਿਬ ਤੋਂ ਸਿਰਫ਼ 300 ਮੀਟਰ ਦੂਰ ਫ਼ੌਜ ਨੇ ਅਪਣਾ ਕੰਟਰੋਲ ਰੂਮ ਕਾਇਮ ਕਰ ਲਿਆ ਸੀ। ਇਹ ਇਕ ਉੱਚੀ ਇਮਾਰਤ ਦੀ ਉਪਰਲੀ ਮੰਜ਼ਿਲ ’ਤੇ ਸੀ। ਇਸ ਜਗ੍ਹਾ ‘ਆਰਡਰਜ਼ ਗਰੁਪ’, ਜਿਸ ਨੂੰ ਬਰਾੜ ਨੇ ਹੁਕਮ ਦੇ ਕੇ ਲਾਗੂ ਕਰਵਾਉਣਾ ਸੀ ਅਤੇ ਹੋਰ ਅਫ਼ਸਰ ਹਾਜ਼ਰ ਸਨ। ਇਨ੍ਹਾਂ ਵਿਚ 350 ਪਿਆਦਾ ਬ੍ਰਿਗੇਡ ਦਾ ਕਮਾਂਡਰ ਅਤੇ ਇਸ ਹੇਠ ਰਖੀਆਂ ਚਾਰ ਪਿਆਦਾ ਬਟਾਲੀਅਨਾਂ ਦੇ ਕਮਾਂਡਿੰਗ ਅਫ਼ਸਰ ਵੀ ਸਨ। ਇਹ ਚਾਰ ਬਟਾਲੀਅਨ ਸਨ - 10 ਗਾਰਡ, 26 ਮਦਰਾਸ, 12 ਬਿਹਾਰ ਤੇ 9 ਕਮਾਊਂ। ਇਸੇ ਸ਼ਾਮ ਨੂੰ ਜਨਰਲ ਸੁੰਦਰਜੀ ਅਤੇ ਦਿਆਲ ਵੀ ਡਵੀਜ਼ਨ ਦੇ ਹੈੱਡ-ਕੁਆਟਰ ’ਤੇ ਪਹੁੰਚ ਗਏ।
ਇਸ ਵੇਲੇ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਸੀ। ਉਸ ਨੇ ਰਸਮੀ ਤੌਰ ’ਤੇ ਵੀ ਦਰਬਾਰ ਸਾਹਿਬ ’ਤੇ ਹਮਲੇ ਦੀ ਮਨਜ਼ੂਰੀ ਦੇਣ ਵਾਸਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ। ਇਸ ’ਤੇ ਉਸ ਨੂੰ ਛੁੱਟੀ ’ਤੇ ਭੇਜ ਕੇ ਉਸ ਦੀ ਥਾਂ ’ਤੇ ਰਮੇਸ਼ਇੰਦਰ ਸਿੰਘ ਨੂੰ ਲਾ ਦਿਤਾ ਗਿਆ ਜਿਸ ਨੇ ਚੁਪਚਾਪ ਦਸਤਖ਼ਤ ਕਰ ਦਿਤੇ। (ਇਸ ਰਮੇਸ਼ਇੰਦਰ ਨੂੰ ਬਾਦਲ ਨੇ ਮੁੱਖ ਮੰਤਰੀ ਬਣਨ ’ਤੇ ਦੋਵੇਂ ਵਾਰ ਅਪਣਾ ਚੀਫ਼ ਸੈਕਟਰੀ ਲਾਇਆ ਸੀ)।

3-4 ਜੂਨ 1984 ਦੀ ਰਾਤ ਨੂੰ ਦਰਬਾਰ ਸਾਹਿਬ ਦੀ ਬਿਜਲੀ ਪਾਣੀ ਦਾ ਕੁਨੈਕਸ਼ਨ ਕੱਟ ਦਿਤਾ ਗਿਆ ਇਹ ਮਹੀਨਾ ਪੰਜਾਬ ਵਿਚ ਅੱਤ ਦੀ ਗਰਮੀ ਦਾ ਹੁੰਦਾ ਹੈ। ਫ਼ੌਜ ਦਾ ਨਿਸ਼ਾਨਾ ਸਿੱਖਾਂ ਨੂੰ ਪਿਆਸੇ ਮਾਰਨਾ ਵੀ ਸੀ। ਸਵੇਰੇ ਚਾਰ ਵਜ ਕੇ ਚਾਲੀ ਮਿੰਟ ’ਤੇ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ’ਤੇ ਹਮਲਾ ਕਰ ਦਿਤਾ। ਸੱਭ ਤੋਂ ਪਹਿਲਾਂ ਅੱਗੇ ਭੇਜੀਆਂ ਜਾਣ ਵਾਲੀਆਂ ਚਾਰ ਪਿਆਦਾ ਬਟਾਲੀਅਨਾਂ ਅਤੇ ਦੋ ਕੰਪਨੀਆਂ ਦੀ ਗਿਣਤੀ ਦੇ ਬਰਾਬਰ ਕਮਾਂਡੋ ਸਨ। ਇਸ ਪਹਿਲੀ ਹਮਲਾਵਰ ਫ਼ੌਜ ਨੂੰ ਇੰਞ ਵੰਡਿਆ ਗਿਆ ਸੀ: (ੳ) ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਦੀਆਂ ਉੱਤਰ-ਪੱਛਮੀ ਬਾਹੀਆਂ (ਘੰਟਾ ਘਰ ਤੋਂ ਅਕਾਲ ਬੁੰਗਾ ਤਕ ਦਾ ਇਲਾਕਾ) = ਇਕ ਪਿਆਦਾ ਬਟਾਲੀਅਨ, ਇਕ ਕੰਪਨੀ ਪੈਰਾ ਕਮਾਂਡੋ, ਇਕ ਕੰਪਨੀ ਸਪੈਸ਼ਲ ਬਾਰਡਰ ਫ਼ੋਰਸ (ਐਸ.ਐਫ਼.ਐਸ.)। (ਅ) ਦਰਬਾਰ ਸਾਹਿਬ ਵਾਸਤੇ = ਕਮਾਂਡੋ ਟੋਲਿਆਂ ਦੀ ਹੱਲਾ-ਬੋਲ ਟੋਲੀ। (ੲ) ਦਰਬਾਰ ਸਾਹਿਬ ਦੀਆਂ ਦਖਣੀ ਤੇ ਪੂਰਬੀ ਬਾਹੀਆਂ (ਆਟਾ ਮੰਡੀ, ਸਿੱਖ ਰੈਫ਼ਰੈਂਸ ਲਾਇਬਰੇਰੀ, ਮੰਜੀ ਸਾਹਿਬ, ਬਾਬਾ ਅਟਲ) = ਇਕ ਪਿਆਦਾ ਬਟਾਲੀਅਨ। (ਸ) ਇਨ੍ਹਾਂ ਸਾਰੀਆਂ ਵਾਸਤੇ ਰੀਜ਼ਰਵ = ਇਕ ਪਿਆਦਾ ਬਟਾਲੀਅਨ। (ਹ) ਘੇਰਾਬੰਦੀ = ਇਕ ਪਿਆਦਾ ਬਟਾਲੀਅਨ।

ਫ਼ੌਜ ਨੇ ਹਮਲਾ ਕਰਨ ਵੇਲੇ ਸੱਭ ਤੋਂ ਪਹਿਲਾਂ ਰਾਮਗੜ੍ਹੀਆ ਬੁੰਗਿਆਂ ਤੇ ਗੁਰੂ ਰਾਮਦਾਸ ਸਰਾਂ ਦੇ ਪਿਛੇ ਵਾਲੀ ਟੈਂਕੀ ਉੱਤੇ 106 ਐਮ.ਐਮ. ਦੀ ਤੋਪ ਤੇ 3.7 ਇੰਚ ਦੀ ਹਾਊਵਿਟਜ਼ਰ ਲਾਲ ਗੋਲੇ ਦਾਗਣੇ ਸ਼ੁਰੂ ਕਰ ਦਿਤੇ। ਇਸ ਲਗਾਤਾਰ ਗੋਲਾਬਾਰੀ ਨਾਲ ਟੈਂਕੀ ਟੁੱਟ ਗਈ ਅਤੇ ਬੁੰਗਿਆਂ ਦਾ ਉਪਰਲਾ ਹਿੱਸਾ ਬੁਰੀ ਤਰ੍ਹਾਂ ਤਬਾਹ ਹੋ ਗਿਆ। ਇਸ ਦੇ ਨਾਲ ਹੀ ਇਹ ਮੋਰਚੇ ਬਿਨਾਂ ਕਿਸੇ ਲੜਾਈ ਤੋਂ ਖ਼ਤਮ ਹੋ ਗਏ।

ਭਾਵੇਂ ਅਸਲ ਲੜਾਈ 4 ਜੂਨ ਸਵੇਰੇ 4 ਵਜ ਕੇ 40 ਮਿੰਟ ’ਤੇ ਸ਼ੁਰੂ ਹੋਈ ਸੀ ਪਰ ਫ਼ੌਜੀ ਹਮਲੇ ਦਾ ਚੀਫ਼ ਬਰਾੜ ਅਪਣੀ ਕਿਤਾਬ ਅਪਰੇਸ਼ਨ ਬਲੂ ਸਟਾਰ ਵਿਚ ਇਸ ਨੂੰ ਪੰਜ ਜੂਨ ਸ਼ਾਮ ਸਾਢੇ ਚਾਰ ਵਜੇ ਤੋਂ ਲਿਖਦਾ ਹੈ ਜਦੋਂ ਉਸ ਮੁਤਾਬਕ ਫ਼ੌਜ ਨੇ ਲਾਊਡ ਸਪੀਕਰਾਂ ਰਾਹੀਂ ਲੋਕਾਂ ਨੂੰ ਦਰਬਾਰ ਸਾਹਿਬ ’ਚੋਂ ਬਾਹਰ ਆ ਜਾਣ ਵਾਸਤੇ ਆਖਿਆ। ਬਰਾੜ ਮੁਤਾਬਕ ਇਹ ਐਲਾਨ ਸ਼ਾਮ 7 ਵਜੇ ਤਕ ਕੀਤੇ ਜਾਂਦੇ ਰਹੇ। ਉਸ ਦਾ ਕਹਿਣਾ ਹੈ ਕਿ 7 ਵਜੇ ਦੇ ਕਰੀਬ ਸਿਰਫ਼ 129 ਆਦਮੀ, ਔਰਤਾਂ ਅਤੇ ਬੱਚੇ ਹੀ ਬਾਹਰ ਆਏ। ਇਨ੍ਹਾਂ ਬਾਲਗਾਂ ਵਿਚੋਂ ਬਹੁਤੇ ਬੀਮਾਰ ਸਨ। ਪਰ, ਬਰਾੜ ਦੀ ਦਿਤੀ ਤਾਰੀਖ਼ ਅਤੇ ਵਕਤ ਦੋਵੇਂ ਗ਼ਲਤ ਹਨ। ਬਰਾੜ ਦੀ ਦਿਤੀ ਤਾਰੀਖ਼ ਦਰਅਸਲ ‘ਆਖ਼ਰੀ ਵੱਡੇ ਹਮਲੇ’ ਦੀ ਸ਼ੁਰੂਆਤ ਦੀ ਤਾਰੀਖ਼ ਹੈ।

ਬਰਾੜ ਮੁਤਾਬਕ ਫ਼ੌਜ ਨੇ ਉਸ ਰਾਤ 10 ਵਜੇ ਤਕ ਹੋਟਲ ‘ਟੈਂਪਲ ਵਿਊ’ ਅਤੇ ਬ੍ਰਹਮ ਬੂਟਾ ਅਖਾੜਾ ’ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਤਿੰਨ ਘੰਟੇ ਤੋਂ ਵੀ ਘੱਟ ਸਮੇਂ ਦੇ ਅੰਦਰ-ਅੰਦਰ ਭਾਰਤੀ ਫ਼ੌਜ ਦੀ ‘10 ਗਾਰਡ’ ਘੰਟਾ ਘਰ ਵਲੋਂ ਦਰਬਾਰ ਸਾਹਿਬ ਵਲ ਦਾਖ਼ਲ ਹੋਈ। ਦਾਖ਼ਲ ਹੁੰਦਿਆਂ ਹੀ ਇਸ ਦੇ 50 ਫ਼ੌਜੀ ਖਾੜਕੂਆਂ ਹੱਥੋਂ ਮਾਰੇ ਗਏ। ਜ਼ਖ਼ਮੀ ਹੋਣ ਵਾਲੀਆਂ ਵਿਚ ਜਸਬੀਰ ਰੈਣਾ ਵੀ ਸੀ ਜੋ 3 ਜੂਨ ਨੂੰ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਜਾਸੂਸੀ ਕਰ ਕੇ ਆਇਆ ਸੀ। ਜਸਬੀਰ ਰੈਣਾ ਨੂੰ ਲਗੀਆਂ ਗੋਲੀਆਂ ਕਾਰਨ ਮਗਰੋਂ ਉਸ ਦੀ ਲੱਤ ਵੀ ਕਟਣੀ ਪਈ ਸੀ। ਲੋਕ ਇਸ ਨੂੰ ‘ਗ਼ਦਾਰੀ ਦੀ ਸਜ਼ਾ’ ਆਖਦੇ ਹਨ। ਘੰਟਾ ਘਰ ਵਲੋਂ 10 ਗਾਰਡ ਦੇ ਨਾਲ-ਨਾਲ ਪੈਰਾ ਕਮਾਂਡੋ ਅਤੇ ਐਸ.ਐਸ.ਐਫ. ਨੇ ਵੀ ਅਪਰੇਸ਼ਨ ਸ਼ੁਰੂ ਕੀਤਾ ਸੀ।

ਸੈਂਕੜੇ ਫ਼ੌਜੀ ਥੋੜਾ-ਥੋੜਾ ਕਰ ਕੇ ਇਧਰੋਂ ਅਕਾਲ ਬੁੰਗਾ ਵਲ ਵਧਦੇ ਗਏ ਤੇ ਮਾਰੇ ਜਾਂਦੇ ਰਹੇ। ਉਨ੍ਹਾਂ ਦਾ ਨਿਸ਼ਾਨਾ ਅਕਾਲ ਬੁੰਗਾ ਦੀ ਇਮਾਰਤ ਨੇੜੇ ਪਹੁੰਚ ਕੇ ਇਸ ਦੇ ਅੰਦਰ ਗੈਸ ਦੇ ਗੋਲੇ ਸੁੱਟਣਾ ਸੀ ਜਿਸ ਨਾਲ ਖਾੜਕੂ ਬੇਹੋਸ਼ ਹੋ ਜਾਂਦੇ ਜਾਂ ਮਾਰੇ ਜਾਂਦੇ। ਪਰ ਇਸ ਨਿਸ਼ਾਨੇ ’ਚ ਫ਼ੌਜ ਨੂੰ ਕਾਮਯਾਬੀ ਹਾਸਲ ਨਾ ਹੋਈ ਤੇ ਸੈਂਕੜੇ ਫ਼ੌਜੀ ਮਾਰੇ ਗਏ। ਉਨ੍ਹਾਂ ਜ਼ਮੀਨ ’ਤੇ ਸਰਕ-ਸਰਕ ਕੇ, ਰਿੜ੍ਹ-ਰਿੜ੍ਹ ਕੇ ਵੀ ਅੱਗੇ ਵੱਧਣ ਦੀ ਕੋਸ਼ਿਸ਼ ਕੀਤੀ ਪਰ ਖਾੜਕੂਆਂ ਵਲੋਂ ਫ਼ਰਸ਼ ’ਤੇ ਫ਼ਿਟ ਕੀਤੀ ਮਸ਼ੀਨਗੰਨ ਨੇ ਸੈਂਕੜੇ ਫ਼ੌਜੀ ਮਾਰ ਦਿਤੇ ਅਤੇ ਕਈ ਘੰਟਿਆਂ ਬਾਅਦ ਹੀ ਭਾਰਤੀ ਫ਼ੌਜੀ ਦਰਸ਼ਨੀ ਡਿਉਢੀ ਦੇ ਨੇੜੇ ਪੁੱਜਣ ’ਚ ਕਾਮਯਾਬ ਹੋਏ, ਪਰ ਉਦੋਂ ਹੀ ਹਵਾ ਦਾ ਰੁਖ ਉਨ੍ਹਾਂ ਵਲ ਹੋ ਗਿਆ ਜਿਸ ਨਾਲ ਇਹ ਗੈਸ ਉਲਟਾ ਉਨ੍ਹਾਂ ਵਾਸਤੇ ਹੀ ਮੁਸੀਬਤ ਬਣ ਗਈ। ਹੁਣ ਤਕ ਅਕਾਲ ਤਖ਼ਤ ਸਾਹਿਬ, ਦਰਸ਼ਨੀ ਡਿਉਢੀ ਤੇ ਨਿਸ਼ਾਨ ਸਾਹਿਬ ਦੇ ਵਿਚਕਾਰ ਸਿਰਫ਼ ਲਾਸ਼ਾਂ ਹੀ ਲਾਸ਼ਾਂ ਸਨ ਤੇ ਕੋਈ ਵੀ ਫ਼ੌਜੀ ਬਚ ਨਹੀਂ ਸੀ ਸਕਿਆ।

ਇਸ ਅਪਰੇਸ਼ਨ ਦੌਰਾਨ ਫ਼ੌਜ ਨੇ ਪਰਕਰਮਾ ਦੇ ਸਾਰੇ ਕਮਰਿਆਂ, ਜਿਥੋਂ-ਜਿਥੋਂ ਫ਼ੌਜ ਲੰਘਦੀ ਗਈ, ਵਿਚ ਗਰਨੇਡ ਸੁੱਟ ਕੇ ਉੱਥੇ ਹਾਜ਼ਰ ਹਰ ਇਕ ਸ਼ਖ਼ਸ ਨੂੰ ਮਾਰ ਦਿਤਾ। ਪਰ ਅਜਿਹਾ ਕਰਦਿਆਂ ਵੀ ਦਰਜ਼ਨਾਂ ਫ਼ੌਜੀ ਮਾਰੇ ਗਏ। ਬਚੇ-ਖੁਚੇ ਫ਼ੌਜੀਆਂ ਦੀ ਅਗਵਾਈ ਲੈਫ਼ਟੀਨੈਂਟ ਜਨਰਲ ਇਸਰਾਰ ਖ਼ਾਨ ਨੇ ਸੰਭਾਲੀ ਹੋਈ ਸੀ। ਦੂਜੇ ਪਾਸੇ ਰਿਜ਼ਰਵ ਕੰਪਨੀ ਨੇ ਅਲਮੀਨੀਅਮ ਦੀ ਇਕ ਪੌੜੀ ਲਾਈ ਤੇ ਉਹ ਪਰਿਕਰਮਾ ਦੀ ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਪੁੱਜ ਗਈ। ਉਨ੍ਹਾਂ ਨੇ ਗਰਨੇਡ ਸੁੱਟ ਕੇ ਅਤੇ ਗੋਲੀਆਂ ਦੀ ਵਾਛੜ ਕਰ ਕੇ ਘੰਟਾ ਘਰ ਦੇ ਬਿਲਕੁਲ ਨੇੜੇ ਦੇ ਕਮਰਿਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਐਕਸ਼ਨ ਵਿਚ ਵੀ ਬਹੁਤ ਸਾਰੀ ਫ਼ੌਜ ਮਾਰੀ ਗਈ ਤੇ ਕਈ ਖਾੜਕੂ ਵੀ ਜਾਨ ਗੁਆ ਬੈਠੇ।

ਉੁਧਰ ਅਕਾਲ ਬੁੰਗਾ ਵਲ ਭਾਵੇਂ ਫ਼ੌਜੀਆਂ ਨੂੰ ਮੌਤ ਤੋਂ ਸਿਵਾ ਕੱੁਝ ਨਹੀਂ ਸੀ ਹਾਸਲ ਹੋ ਸਕਿਆ ਪਰ ਫਿਰ ਵੀ ਉਨ੍ਹਾਂ ਨੇ ਅਪਣਾ ਐਕਸ਼ਨ ਜਾਰੀ ਰਖਿਆ। ਹੁਣ ਲੈਫ਼ਟੀਨੈਂਟ ਜਨਰਲ ਕੇ.ਸੀ. ਪੱਡਾ ਅਪਣੇ ਸੂਬੇਦਾਰ ਮੇਜਰ ਤੇ 30 ਕਮਾਂਡੋ ਲੈ ਕੇ ਅੱਗੇ ਵਧਿਆ। ਪਰ ਉਹ ਸਾਰੇ ਹੀ ਮਾਰੇ ਗਏ। ਇਸ ਤੋਂ ਬਾਅਦ ਫ਼ੌਜ ਦੀ ਇਕ ਟੁਕੜੀ ਗੁਰਦੁਆਰਾ ਥੜ੍ਹਾ ਸਾਹਿਬ ਦੇ ਨਾਲ ਦੀ ਇਮਾਰਤ ’ਤੇ ਪੁੱਜ ਗਈ ਤੇ ਅਕਾਲ ਬੁੰਗਾ ’ਤੇ ਗੋਲੇ ਵਰ੍ਹਾਣੇ ਸ਼ੁਰੂ ਕਰ ਦਿਤੇ। ਉਧਰ ਹੌਲੀ-ਹੌਲੀ ਐਸ.ਐਸ.ਐਫ਼. ਦੀ ਗੈਸ ਸੁੱਟਣ ਵਾਲੀ ਟੋਲੀ ਦਰਸ਼ਨੀ ਡਿਉਢੀ ਵਲ ਵਧੀ ਤੇ 20 ਮੀਟਰ ਤੋਂ ਅਕਾਲ ਬੁੰਗਾ ’ਤੇ ਅੰਨ੍ਹੇ-ਵਾਹ ਗੋਲੇ ਸੁੱਟਣੇ ਸ਼ੁਰੂ ਕੀਤੇ ਪਰ ਵਰ੍ਹਦੀਆਂ ਗੋਲੀਆਂ ਨੇ ਉਨਾਂ ਦਾ ਸਫ਼ਾਇਆ ਕਰ ਦਿਤਾ। ਇਨ੍ਹਾਂ ਗੈਸ-ਗੋਲਿਆਂ ਦਾ ਵੀ ਖਾੜਕੂਆਂ ’ਤੇ ਕੋਈ ਅਸਰ ਨਾ ਹੋ ਸਕਿਆ ਕਿਉਂਕਿ ਅਕਾਲ ਬੁੰਗਾ ਦੀ ਇਮਾਰਤ ਦੇ ਦਰਵਾਜ਼ੇ, ਖਿੜਕੀਆਂ ਤੇ ਰੌਸ਼ਨਦਾਨ ਸਭ ਪੂਰੀ ਤਰ੍ਹਾਂ ਬੰਦ ਸਨ। ਦੂਜਾ, ਝਰੋਖਿਆਂ ’ਚੋਂ ਫ਼ੌਜੀਆਂ ’ਤੇ ਗੋਲਾਬਾਰੀ ਹੋ ਰਹੀ ਸੀ ਤੇ ਫ਼ੌਜੀ ਮਾਰੇ ਜਾ ਰਹੇ ਸਨ। ਤੀਜਾ, ਗੈਸ ਦੇ ਧੂੰਏ ਦਾ ਰੁਖ਼ ਫ਼ੌਜ ਵਾਲੇ ਪਾਸੇ ਹੋਣ ਕਰ ਕੇ ਵੀ ਫ਼ੌਜ ਦਾ ਬਹੁਤ ਨੁਕਸਾਨ ਹੋ ਰਿਹਾ ਸੀ।

ਉਧਰ 26 ਮਦਰਾਸ ਰਜਮੈਂਟ ਨੇ ਰਾਤ 10 ਵਜੇ ਜਲ੍ਹਿਆਂ ਵਾਲਾ ਬਾਗ਼ ਤੋਂ ਗੁਰੂ ਰਾਮਦਾਸ ਸਰਾਂ ਵਲ ਹਮਲਾ ਕਰਨਾ ਸੀ ਜਦੋਂ ਇਹ ਰਜਮੈਂਟ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਦੇ ਮੇਨ ਗੇਟ ’ਤੇ ਪੁੱਜੀ ਤਾਂ ਉਸ ਕੋਲੋਂ ਇਹ ਗੇਟ ਖੁੱਲ ਹੀ ਨਾ ਸਕਿਆ। ਅਖ਼ੀਰ ਉਸ ਨੇ ਟੈਂਕ ਮੰਗਵਾ ਲਏ ਤੇ ਟੈਂਕਾਂ ਨਾਲ ਸਰਾਂ ਵਾਲੇ ਪਾਸੇ ਦਾ ਮੇਨ ਗੇਟ ਤੋੜਿਆ। ਇਸ ਵੇਲੇ ਸਰਾਂ, ਲੰਗਰ ਅਤੇ ਬਾਬਾ ਅਟਲ ਵਾਲੇ ਮੋਰਚਿਆਂ ਤੋਂ ਗੋਲੀਬਾਰੀ ਨੇ ਭਾਰਤੀ ਫ਼ੌਜ ਦਾ ਅੱਗੇ ਵਧਣਾ ਰੋਕ ਦਿੱਤਾ। ਹੁਣ ਟੈਂਕਾਂ ਨੇ ਖਾੜਕੂਆਂ ਦੇ ਮੋਰਚਿਆਂ ’ਤੇ ਜ਼ਬਰਦਸਤ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਬਾਵਜੂਦ 26 ਮਦਰਾਸ ਬਹੁਤਾ ਅੱਗੇ ਨਾ ਵੱਧ ਸਕੀ। ਹਾਲਾਂਕਿ ਇਸ ਦਾ ਨਿਸ਼ਾਨਾ ਦਰਬਾਰ ਸਾਹਿਬ ’ਚ ਦਾਖ਼ਿਲ ਹੋ ਕੇ ਪਰਕਰਮਾ ਵਿਚ ਦੱਖਣੀ ਪਾਸਿਓਂ ਅਕਾਲ ਬੁੰਗਾ ਵੱਲ ਵਧਣਾ ਸੀ, ਪਰ ਇਹ ਰਜਮੈਂਟ ਕਈ ਘੰਟੇ ਸਰਾਂ ਦੇ ਨੇੜੇ ਹੀ ਗਹਿ-ਗੱਚ ਲੜਾਈ ਵਿਚ ਫਸੀ ਰਹੀ।

ਜਦੋਂ 26 ਮਦਰਾਸ ਬੁਰੀ ਤਰ੍ਹਾਂ ਦੀ ਲੜਾਈ ’ਚ ਉਲਝ ਗਈ ਤਾਂ 9 ਗੜ੍ਹਵਾਲ ਦੀਆਂ ਦੋ ਕੰਪਨੀਆਂ ਨੂੰ ਆਟਾ ਮੰਡੀ ਵਾਲੇ ਘੰਟਾ ਘਰ ਵਲੋਂ ਹਮਲਾ ਕਰਨ ਵਾਸਤੇ ਆਖਿਆ ਗਿਆ। ਉਨ੍ਹਾਂ ਦੇ ਪਿੱਛੇ 15 ਕਮਾਊਂ (2 ਕੰਪਨੀਆਂ ਘਟ) ਨੇ ਆਉਣਾ ਸੀ। 15 ਕਮਾਊਂ ਦੀ ਇਹ ਫ਼ੌਜ ਗੁਰੂ ਰਾਮਦਾਸ ਨਿਵਾਸ, ਅਕਾਲ ਰੈਸਟ ਹਾਊਸ, ਤੇਜਾ ਸਿੰਘ ਸਮੁੰਦਰੀ ਹਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ’ਤੇ ਕਬਜ਼ਾ ਕਰਨ ਵਾਸਤੇ ਰੀਜ਼ਰਵ ਰੱਖੀ ਹੋਈ ਸੀ। ਹੁਣ ਇਸ ਨੂੰ ਇਸ ਐਕਸ਼ਨ ਦੀ ਜਗ੍ਹਾ ਦੱਖਣੀ ਦਰਵਾਜ਼ੇ ਵੱਲ ਟੋਰ ਦਿੱਤਾ ਗਿਆ।
9 ਗੜ੍ਹਵਾਲ ਦੀਆਂ ਕੰਪਨੀਆਂ ਨੇ ਤੜਕੇ ਡੇਢ ਵਜੇ ਤਕ ਸਿੱਖ ਰੈਫ਼ਰੈਂਸ ਲਾਇਬਰੇਰੀ ਅਤੇ ਇਸ ਦੇ ਦੋਹੀਂ ਪਾਸੀਂ ਮਕਾਨਾਂ ’ਤੇ ਕਬਜ਼ਾ ਕਰ ਲਿਆ ਸੀ। ਇਸ ਵੇਲੇ ਤਕ 15 ਕਮਾਊਂ ਐਕਸ਼ਨ ਫੋਰਸ, ਲੈਫ਼ਟੀਨੈਂਟ ਜਨਰਲ ਐਨ.ਸੀ. ਪੰਤ ਦੀ ਕਮਾਨ ਹੇਠ ਐਕਸ਼ਨ ਵਿਚ ਰੁੱਝੀ ਹੋਈ ਸੀ। ਬਰਾੜ ਮੁਤਾਬਿਕ 6 ਜੂਨ ਤੜਕੇ 2 ਵਜੇ ਤਕ ਹਾਲਾਤ ਇੰਞ ਸੀ:
(

1)    10 ਗਾਰਡ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ ਤੇ ਉਸ ਨੇ ਉੱਤਰੀ ਘੰਟਾ ਘਰ ’ਤੇ ਕਬਜ਼ਾ ਕਰ ਲਿਆ ਸੀ, ਪਰ ਅਜੇ ਵੀ ਪਰਕਰਮਾ ਦੇ ਕਮਰਿਆਂ ਵਿਚ ਖਾੜਕੂਆਂ ਦੀਆਂ ਗੋਲੀਆਂ ਭਾਰਤੀ ਫ਼ੌਜੀਆਂ ਦੀਆਂ ਜਾਨਾਂ ਲੈ ਰਹੀਆਂ ਸਨ।
(2)    26 ਮਦਰਾਸ ਦੱਖਣੀ ਬਾਹੀ ਵਿਚ ਪਹੁੰਚ ਚੁੱਕੀ ਸੀ।
(3)    9 ਗੜ੍ਹਵਾਲ ਰਾਈਫ਼ਲ ਦੀਆਂ ਦੋ ਕੰਪਨੀਆਂ ਦੱਖਣੀ ਦੁਆਰ (ਸਿੱਖ ਰੈਫ਼ਰੈਂਸ ਲਾਇਬਰੇਰੀ) ਦੇ ਦੋਹੀਂ ਪਾਸੀ ਕਬਜ਼ਾ ਕਰ ਚੁੱਕੀਆਂ ਸਨ।
(4)    1 ਪੈਰਾ-ਕਮਾਂਡੋ ਅਤੇ ਐਸ.ਐਸ.ਐਫ਼. ਵਲੋਂ ਅਕਾਲ ਬੁੰਗਾ ਤਕ ਪੁੱਜਣ ਦੀਆਂ ਸਾਰੀਆਂ ਕੋਸ਼ਿਸਾਂ ਨਾਕਾਮ ਰਹੀਆਂ ਸਨ ਤੇ ਉਹ ਸਾਰੇ ਉੱਥੇ ਜਾਣ ਦੀ ਕੋਸ਼ਿਸ਼ ਵਿਚ ਮਾਰੇ ਜਾ ਚੁੱਕੇ ਸਨ।

ਦਰਬਾਰ ਸਾਹਿਬ ’ਤੇ ਟੈਂਕਾਂ ਨਾਲ ਹਮਲਾ
ਜਿਸ ਵੇਲੇ ਬਰਗੇਡੀਅਰ ਏ.ਕੇ. ਦੀਵਾਨ (ਚਿੱਕੀ) ਸਿੱਖ ਰੈਫ਼ਰੈਂਸ ਲਾਇਬਰੇਰੀ ਕੋਲ ਆ ਗਿਆ। ਬਰਾੜ ਨੇ 26 ਮਦਰਾਸ, 15 ਕਮਾਊਂ ਤੇ 9 ਗੜ੍ਹਵਾਲ ਨੂੰ ਦੀਵਾਨ ਦੀ ਕਮਾਨ ਹੇਠ ਕਰ ਦਿੱਤਾ। ਉਨ੍ਹਾਂ ਨੂੰ ਹਦਾਇਤ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਹੀ ਨਿਸ਼ਾਨਾ ਰੱਖਣ। ਤੜਕੇ ਢਾਈ ਵਜੇ ਤਕ ਦੀਵਾਨ ਨੇ ਗੜ੍ਹਵਾਲ ਤੇ ਕਮਾਊਂ ਦੀ ਕਮਾਨ ਸੰਭਾਲ ਕੇ ਐਕਸ਼ਨ ਸ਼ੁਰੂ ਕਰ ਦਿੱਤਾ ਸੀ। ਉਸ ਵਲੋਂ ਸਖ਼ਤ ਗੋਲਾਬਾਰੀ ਸ਼ੁਰੂ ਹੋ ਚੁੱਕੀ ਸੀ। ਪਰ ਇਸ ਦੇ ਬਾਵਜੂਦ ਭਾਰਤੀ ਫ਼ੌਜ ਅਕਾਲ ਬੁੰਗਾ ਦੀ ਇਮਾਰਤ ਵੱਲ ਇਕ ਸੈਂਟੀਮੀਟਰ ਵੀ ਨਹੀਂ ਸੀ ਵੱਧ ਸਕੀ। ਇਸ ਹਾਲਤ ਵਿਚ ਦੀਵਾਨ ਤੇ ਬਰਾੜ ਨੇ ਟੈਂਕਾਂ ਨਾਲ ਹਮਲਾ ਕਰਨ ਦੀ ਪਲਾਨ ਬਣਾਈ।

ਪਰ ਉਹ ਸੁੰਦਰਜੀ ਨਾਲ ਰਾਬਤਾ ਨਾ ਬਣਾ ਸਕੇ। ਅਖ਼ੀਰ ਜਦੋਂ ਬਰਾੜ ਦਾ ਸੁੰਦਰਜੀ ਨਾਲ ਰਾਬਤਾ ਹੋਇਆ, ਉਸ ਨੇ ਇੰਦਰਾ ਗਾਂਧੀ ਤੋਂ ਹੁਕਮ ਲੈ ਕੇ ਪਰਕਰਮਾ ਵਿਚ ਟੈਂਕ ਭੇਜਣ ਦੀ ਇਜਾਜ਼ਤ ਦੇ ਦਿੱਤੀ।ਢਾਈ ਤੇ ਪੌਣੇ ਤਿੰਨ ਵਜੇ ਦੇ ਵਿਚਕਾਰ ਪਹਿਲਾ ਟੈਂਕ ਗੁਰੂ ਰਾਮਦਾਸ ਸਰਾਂ (ਪੂਰਬੀ ਬਾਹੀ) ਵੱਲੋਂ ਲਿਆਂਦਾ ਗਿਆ। ਟੈਂਕ ਨੇ ਪਰਕਰਮਾ ਵਿਚ ਦਾਖ਼ਿਲ ਹੋ ਕੇ ਅਕਾਲ ਬੁੰਗਾ ਦੀ ਇਮਾਰਤ ਵਲ ਸਰਚ ਲਾਈਟ ਸੁੱਟੀ ਅਤੇ ਨਾਲ ਹੀ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ।ਹੁਣ ਟੈਂਕ ਤੋਂ ਅਤੇ ਸਾਰੀਆਂ ਫ਼ੌਜੀ ਟੁਕੜੀਆਂ ਵਲੋਂ ਆਖ਼ਰਾਂ ਦੀ ਗੋਲਾਬਾਰੀ ਸ਼ੁਰੂ ਹੋ ਗੀ। ਪਰ ਇਹ ਐਕਸ਼ਨ ਵੀ ਬਹੁਤੀ ਦੇਰ ਨਾ ਚੱਲ ਸਕਿਆ, ਕਿਉਂਕਿ ਸਰਚ ਲਾਈਟ ਦੀਆਂ ਬੱਤੀਆਂ ਇਕ ਮਿੰਟ ਤੋਂ ਵੱਧ ਜਗਾਉਣ ਨਾਲ ਹਰ ਵਾਰ ਇਨ੍ਹਾਂ ਬਲਬਾਂ ਦੀ ਤਾਰ ਸੜ ਜਾਂਦੀ ਸੀ। ਇਸ ਹਾਲਤ ਵਿਚ ਭਾਰਤੀ ਫ਼ੌਜ ਨੇ ਇਕ ਹੋਰ ਟੈਂਕ ਲੈ ਆਂਦਾ। ਜਦੋਂ ਦੂਜੇ ਟੈਂਕ ਦੇ ਬਲਬਾਂ ਦੀਆਂ ਤਾਰਾਂ ਸੜ ਗਈਆਂ ਤਾਂ ਤੀਜਾ ਟੈਂਕ ਵੀ ਅੰਦਰ ਲਿਆਂਦਾ ਗਿਆ। ਥੋੜ੍ਹੀ ਦੇਰ ਮਗਰੋਂ ਤਕਰੀਬਨ ਚਾਰ ਕੁ ਵਜੇ ਇਕ ਬਖ਼ਤਰਬੰਦ ਗੱਡੀ ਵੀ ਪਰਕਰਮਾ ਵਿਚ ਲਿਆਂਦੀ ਗਈ। ਇਸ ਗੱਡੀ ਨੂੰ ਲਿਆਉਣ ਵਾਸਤੇ ਪਰਿਕਰਮਾ ਦੀਆਂ ਪੌੜੀਆਂ ਟੈਂਕ ਨਾਲ ਤੋੜਨੀਆਂ ਪਈਆਂ, ਕਿਉਂਕਿ ਪਹੀਆਂ ਵਾਲੀ ਸਕੌਟ ਇਨ੍ਹਾਂ ਪੌੜੀਆਂ ਤੋਂ ਲੰਘ ਨਹੀਂ ਸੀ ਸਕਦੀ।

ਇਸ ਵੇਲੇ ਤਕ 84 ਐਮ.ਐਮ. ਦੇ ਕਾਰਲ ਗੁਸਤਾਵ (ਸਵੀਡਨ ਦੇ ਬਣੇ) ਰੌਂਦ ਅਕਾਲ ਬੁੰਗਾ ਦੀ ਇਮਾਰਤ ’ਤੇ ਸੁੱਟੇ ਜਾ ਰਹੇ ਸਨ। ਹੁਣ 15 ਕਮਾਊਂ ਦੇ ਕੁਝ ਦਸਤੇ ਬਖ਼ਤਰਬੰਦ ਗੱਡੀ ਵਿਚ ਬੈਠ ਕੇ ਪਰਿਕਰਮਾ ਵਿਚੋਂ ਅਕਾਲ ਬੁੰਗਾ ਦੀ ਇਮਾਰਤ ਵਲ ਵੱਧੇ ਤਾਂ ਜੋ ਉਹ ਭਾਰਤੀ ਫ਼ੌਜ ਦੇ ਰਾਕਟਾਂ ਦੇ ਹਮਲਿਆਂ ਦੀ ਆੜ ਵਿਚ ਲੰਘਦੇ ਅਕਾਲ ਬੁੰਗਾ ਤਕ ਜਾ ਪੁੱਜਣ। ਪਰ ਇਹ ਬਖ਼ਤਰਬੰਦ ਗੱਡੀ ਜਦੋਂ ਸਾਢੇ ਚਾਰ ਕੁ ਵਜੇ ਅਕਾਲ ਬੁੰਗਾ ਦੇ ਨੇੜੇ ਪੁੱਜੀ ਤਾਂ ਇਕ ਐਂਟੀ-ਟੈਂਕ ਗੋਲਾ ਇਸ ’ਤੇ ਆ ਵੱਜਾ ਤੇ ਇਹ ਉੱਥੇ ਹੀ ਜਾਮ ਹੋ ਗਈ। ਹੁਣ ਸਰਘੀ ਵੇਲਾ ਹੋ ਗਿਆ ਸੀ ਅਤੇ ਨਿੰਮ੍ਹੀ-ਨਿੰਮ੍ਹੀ ਰੌਸ਼ਨੀ ਹੋ ਗਈ ਸੀ। ਸਵੇਰੇ 5 ਵਜ ਕੇ 10 ਮਿੰਟ ’ਤੇ ਇੰਦਰਾ ਗਾਂਧੀ ਨੇ ਅਕਾਲ ਬੁੰਗਾ ਦੀ ਇਮਾਰਤ ਨੂੰ ਟੈਂਕਾ ਰਾਹੀਂ ਉਡਾ ਦੇਣ ਦਾ ਹੁਕਮ ਦੇ ਦਿੱਤਾ। 5 ਵਜ ਕੇ 21 ਮਿੰਟ ’ਤੇ ਟੈਂਕਾਂ ਨੇ ਅੰਨ੍ਹੇ-ਵਾਹ ਗੋਲਾਬਾਰੀ ਸ਼ੁਰੂ ਕਰ ਦਿੱਤੀ। ਜਿਸ ਨਾਲ ਅਕਾਲ ਬੁੰਗਾ ਦੀ ਇਮਾਰਤ ਦਾ ਘੱਟੋ-ਘੱਟ ਤੀਜਾ ਹਿੱਸਾ ਜਾਂ ਤਾਂ ਬਿਲਕੁਲ ਹੀ ਢਹਿ-ਢੇਰੀ ਹੋ ਗਿਆ ਤੇ ਜਾਂ ਬੁਰੀ ਤਬਾਹ ਹੋ ਗਿਆ। ਇਸ ਦੇ ਨਾਲ ਭਾਰਤੀ ਫ਼ੌਜ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਸੀ। ਅਖ਼ੀਰ ਪੌਣੇ ਕੁ ਛੇ ਵਜੇ ਏ-ਕਮਾਂਡੋ ਕੰਪਨੀ ਦਾ ਮੇਜਰ ਬੀ.ਕੇ. ਮਿਸ਼ਰਾ ਅਕਾਲ ਬੁੰਗਾ ਦੀ ਇਮਾਰਤ ਦੀਆਂ ਪੌੜੀਆਂ ਨੇੜੇ ਜਾ ਪੁੱਜਾ ਪਰ ਉਹ ਅਤੇ ਉਸ ਦੇ ਸਾਥੀ ਉਥੇ ਹੀ ਢੇਰੀ ਹੋ ਗਏ। ਇਸ ਤੋਂ ਇਲਾਵਾ ਦੋਵੇਂ ਕੰਪਨੀਆਂ, ਜੋ ਅਕਾਲ ਬੁੰਗਾ ਦੀ ਇਮਾਰਤ ਵੱਲ ਵਧ ਰਹੀਆਂ ਸਨ, ਵੀ ਖਾੜਕੂਆਂ ਦੀ ਜ਼ਬਰਦਸਤ ਗੋਲਾਬਾਰੀ ਦਾ ਸ਼ਿਕਾਰ ਹੋ ਗਈਆਂ। ਉਨ੍ਹਾਂ ਵਿਚੋਂ ਬਹੁਤ ਸਾਰੇ ਮਾਰੇ ਗਏ ਤੇ ਬਚੇ-ਖੁਚੇ ਪਰਿਕਰਮਾ ਦੇ ਬਰਾਂਡੇ ਵਿਚ ਆ ਕੇ ਲੁਕ ਗਏ।

ਸਵੇਰੇ 6 ਵਜ ਕੇ 20 ਮਿੰਟ ਤਕ ਭਾਰਤੀ ਫ਼ੌਜ ਸਿਰਫ਼ ਬੰਦੇ ਮਰਵਾਉਣ ਵਿਚ ਹੀ ਕਾਮਯਾਬ ਹੋ ਸਕੀ ਸੀ ਤੇ ਅਕਾਲ ਬੁੰਗਾ ਦੇ ਮੋਰਚੇ ’ਚੋਂ ਹੋਰ ਕੁਝ ਵੀ ਹਾਸਿਲ ਨਹੀਂ ਸੀ ਕਰ ਸਕੀ। ਇਸ ਮਗਰੋਂ ਸੂਬੇਦਾਰ ਕੇ.ਪੀ. ਰਮਨ ਰਵੀ ਦੀ ਅਗਵਾਈ ਹੇਠ ਕੁਝ ਕਮਾਂਡੋ ਅਕਾਲ ਬੁੰਗਾ ਦੀ ਇਮਾਰਤ ਵੱਲ ਵਧੇ। ਉਹ ਸਾਰੇ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ’ਚ ਪੁੱਜ ਗਏ। ਖਾੜਕੂਆਂ ਨੇ ਸੂਬੇਦਾਰ ਰਵੀ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਜਿਸਮ ਦੇ ਦੁਆਲੇ ਬਾਰੂਦ ਦੀਆਂ ਲੜੀਆਂ ਬੰਨ੍ਹ ਕੇ ਉਸ ਨੂੰ ਉਡਾ ਦਿੱਤਾ ਤੇ ਬਾਕੀ ਦੇ ਕਮਾਂਡੋ ਵੀ ਮਾਰ ਦਿੱਤੇ। ਸਵੇਰੇ ਸਾਢੇ ਸੱਤ ਵਜੇ ਤਕ ਭਾਰਤੀ ਫ਼ੌਜੀਆਂ ਦੀਆਂ ਲਾਸ਼ਾਂ ਦਾ ਢੇਰ ਲੱਗ ਚੁੱਕਾ ਸੀ। ਹੁਣ ਵਿਜਯੰਤ ਟੈਂਕਾਂ ਨੇ 105 ਐਮ.ਐਮ. ਦੇ ਧਮਾਕਾਖ਼ੇਜ਼ ਸੂਕੈਸ਼ ਹੈੱਡ ਗੋਲੇ ਅਕਾਲ ਬੁੰਗਾ ਦੀ ਇਮਾਰਤ ’ਤੇ ਸੁੱਟਣੇ ਸ਼ੁਰੂ ਕਰ ਦਿੱਤੇ। ਇਕ ਸੋਮੇ ਮੁਤਾਬਿਕ ਘਟੋ-ਘੱਟ 80 ਅਜਿਹੇ ਗੋਲੇ ਅਕਾਲ ਬੁੰਗਾ ਵਲ ਸੁੱਟੇ ਗਏ। ਦੁਪਹਿਰ 11 ਵਜੇ ਤਕ ਇਹ ਲੜਾਈ ਚਲਦੀ ਰਹੀ। ਇਸ ਦੌਰਾਨ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ*, ਭਾਈ ਅਮਰੀਕ ਸਿੰਘ, (ਜਨਰਲ) ਸੁਬੇਗ ਸਿੰਘ ਅਤੇ ਦਰਜਨਾਂ ਹੋਰ ਸਿੱਖ ਸ਼ਹੀਦ ਹੋ ਚੁੱਕੇ ਸਨ।ਅਕਾਲ ਬੁੰਗਾ ਕੁਝ ਸਿੱਖ ਪਿਛਲੇ ਪਾਸਿਓਂ ਬਚ ਕੇ ਨਿਕਲ ਵੀ ਚੁੱਕੇ ਸਨ।

(*ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸ਼ਹੀਦੀ ਕਬੂਲੀ: ਜਥਾ ਭਿੰਡਰਾਂ-ਮਹਿਤਾ (ਜੋ ਆਪਣੇ ਆਪ ਨੂੰ 1977 ਤੋਂ ਦਮਦਮੀ ਟਕਸਾਲ ਕਹਿਣ ਲਗ ਪਿਆ ਹੈ) 1984 ਤੋਂ ਲਗਾਤਾਰ ਇਹੀ ਕਹਿੰਦਾ ਰਿਹਾ ਹੈ ਕਿ ਬਾਬਾ ਜਰਨੈਲ ਸਿੰਘ 6 ਜੂਨ 1984 ਦੇ ਦਿਨ ਸ਼ਹੀਦ ਨਹੀਂ ਹੋਏ ਸਨ ਅਤੇ ਖ਼ੁਫ਼ੀਆ ਰਸਤੇ ਰਾਹੀਂ ਦਰਬਾਰ ਸਾਹਿਬ ਵਿਚੋਂ ਨਿਕਲ ਕੇ ਚਲੇ ਗਏ ਸਨ। ਇਸ ਡੇਰੇ ਦੇ ਮੁਖੀ ਠਾਕਰ ਸਿੰਘ ਨੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਈ ਵਾਰ ਕਹੀ ਕਿ ਬਾਬਾ ਜਰਨੈਲ ਸਿੰਘ ਠੀਕ ਠਾਕ ਹਨ ਅਤੇ ਉਨ੍ਹਾਂ ਨਾਲ ਉਸ (ਠਾਕਰ ਸਿੰਘ) ਦਾ ਰਾਬਤਾ ਲਗਾਤਾਰ ਕਾਇਮ ਹੈ; ਉਸ ਨੇ ਅਤੇ ਇਸ ਡੇਰੇ ਦੇ ਬਾਕੀ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਹ ਝੂਠ ਲਗਾਤਾਰ 21 ਸਾਲ ਬੋਲਿਆ; ਅਖ਼ੀਰ ਇਨ੍ਹਾਂ ਵਿਚੋਂ ਬਹੁਤਿਆਂ ਨੇ, ਸਣੇ ਬਾਬਾ ਜਰਨੈਲ ਸਿੰਘ ਦੇ ਪਰਵਾਰ ਨੇ, 6 ਜੂਨ 2001 ਦੇ ਦਿਨ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਮੰਨ ਲਈ)।

ਅਕਾਲ ਬੁੰਗਾ ਦੀ ਇਮਾਰਤ’ਤੇ ਕਬਜ਼ੇ ਮਗਰੋਂ ਭਾਰਤੀ ਫ਼ੌਜ ਨੂੰ ਸਿਰਫ਼ ਖਾੜਕੂਆਂ ਦੀਆਂ ਲਾਸ਼ਾਂ ਅਤੇ ਚੰਦ ਇਕ ਛੋਟੇ-ਮੋਟੇ ਹਥਿਆਰਾਂ ਤੋਂ ਸਿਵਾ ਕੁਝ ਵੀ ਨਾ ਮਿਲਿਆ। ਭਾਵੇਂ ਭਾਰਤੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ 6 ਜੂਨ ਨੂੰ ਦੁਪਹਿਰੇ 11 ਵਜੇ ਕੁਝ ਖਾੜਕੂ ਅਕਾਲ ਬੁੰਗਾ ਦੀ ਇਮਾਰਤ ਤੋਂ ਨਿਕਲ ਕੇ ਸਰੋਵਰ ਵਲ ਭੱਜੇ ਤਾਂ ਜੋ ਤੈਰ ਕੇ ਦਰਬਾਰ ਸਾਹਿਬ ਜਾ ਸਕਣ, ਪਰ ਫ਼ੌਜ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਤੇ ਇੰਞ ਹੀ 10 ਖਾੜਕੂ ਚਿੱਟਾ ਝੱਡਾ ਲਹਿਰਾ ਕੇ ਅਕਾਲ ਬੁੰਗਾ ਦੀ ਇਮਾਰਤ ਚੋਂ ਨਿਕਲ ਕੇ ਬਾਹਰ ਆਏ ਤੇ ਫ਼ੌਜ ਨੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ। ਅਕਾਲ ਬੁੰਗਾ ਤੋਂ ਸਰੋਵਰ ਤਕ ਪੁੱਜਣ ਤਕ ਹਜ਼ਾਰਾਂ ਗੋਲੀਆਂ ਦੀ ਵਾਛੜ ਤੋਂ ਬਚਣਾ ਨਾਮੁਮਕਿਨ ਸੀ ਤੇ ਇੰਞ ਹੀ ਚਿੱਟਾ ਝੰਡਾ ਲੈ ਕੇ ਆਉਣ ਵਾਲੇ ਨੂੰ ਗਿ੍ਰਫ਼ਤਾਰ ਕਰਨ ਦੀ ਗੱਲ ਵੀ ਝੂਠੀ ਹੈ, ਕਿਉਂਕਿ ਫ਼ੌਜ ਨੇ ਇਸ ਮੌਕੇ ’ਤੇ ਕਿਸੇ ਵੀ ਖਾੜਕੂ ਨੂੰ ਗਿ੍ਰਫ਼ਤਾਰ ਨਹੀਂ ਕੀਤਾ, ਬਲਕਿ ਸਿਰਫ਼ ਗੋਲੀ ਨਾਲ ਹੀ ਉਡਾਇਆ ਸੀ। ਸ਼ਾਇਦ ਬਰਾੜ ਹਥਿਆਰ ਸੁੱਟਣ ਦੀ ਗੱਲ ਆਖ ਕੇ ਫ਼ੌਜ ਦੀ ਕੋਈ ‘ਕਾਮਯਾਬੀ’ ਸਾਬਿਤ ਕਰਨੀ ਚਾਹੁੰਦਾ ਹੈ। ਦਰਅਸਲ ਅਕਾਲ ਬੁੰਗਾ ਦੇ ਮੂਹਰੇ ਗਹਿ-ਗੱਚ ਲੜਾਈ ਹੋਈ ਸੀ ਤੇ ਚਸ਼ਮਦੀਦ ਗਵਾਹਾਂ ਮੁਤਾਬਿਕ ਇਕ ਵੀ ਖਾੜਕੂ ਉੱਥੋਂ ਜਿਊਂਦਾ ਨਹੀਂ ਸੀ ਫੜਿਆ ਗਿਆ।

ਦਰਬਾਰ ਸਾਹਿਬ ’ਤੇ ਹਮਲੇ ਦੇ ਕੁਝ ਅਣਜਾਣੇ ਪੱਖ

ਦੁਨੀਆਂ ਭਰ ਦੀ ਸਭ ਤੋਂ ਵੱਡੀ ਅਸਾਂਵੀਂ ਲੜਾਈ
    ਦੁਨੀਆਂ ਭਰ ਵਿਚ ਬਹੁਤ ਸਾਰੀਆਂ ਲੜਾਈਆਂ ਅਸਾਵੀਆਂ ਲੜਾਈਆਂ ਮੰਨੀਆਂ ਗਈਆਂ ਹਨ ਜਿਨ੍ਹਾਂ ਵਿਚ ਇਕ ਪਾਸੇ ਮੁਠ ਕੂ ਲੋਕ ਸਨ ਤੇ ਉਨ੍ਹਾਂ ਕੋਲ ਅਸਲਾ ਵੀ ਥੌੜ੍ਹਾ ਜਾਂ ਮਾਮੂਲੀ ਜਿਹਾ ਸੀ ਤੇ ਦੂਜੇ ਪਾਸੇ ਬਹੁਤ ਤਾਕਤਵਰ, ਵੱਡੀ, ਅਤੇ ਅਸਲੇ ਨਾਲ ਭਰਪੂਰ ਫ਼ੌਜ ਸੀ। ਇਨ੍ਹਾਂ ਵਿਚੋਂ ਅੱਧੀਆਂ ਤੋਂ ਵਧ ਜੰਗਾਂ ਸਿੱਖਾਂ ਨੇ ਲੜੀਆਂ ਸਨ, ਜਿਵੇਂ ਚਮਕੌਰ (7-8 ਦਸੰਬਰ 1705), ਲੋਹਗੜ੍ਹ (30 ਨਵੰਬਰ 1710), ਅਕਾਲ ਬੁੰਗਾ (1 ਦਸੰਬਰ 1764), ਸਾਰਾਗੜ੍ਹੀ (12 ਸਤੰਬਰ 1897)। ਪਰ ਸਭ ਤੋਂ ਲਾਸਾਨੀ ਸੀ ਜੂਨ 1984 ਦੀ ਲੜਾਈ। 4 ਤੋਂ 6 ਜੂਨ 1984 ਦੀ ਦਰਬਾਰ ਸਾਹਿਬ ਦੀ ਲੜਾਈ ਨੇ ਦੁਨੀਆਂ ਭਰ ਦੀਆਂ ਜੰਗਾਂ ਦੀ ਤਵਾਰੀਖ਼ ਬਦਲ ਕੇ ਰੱਖ ਦਿੱਤੀ। ਸਿਰਫ਼ 444 ਵਰਗ ਫੁੱਟ ਜਗਹ ‘ਤੇ ਕਬਜ਼ਾ ਕਰਨ ਵਾਸਤੇ ਇਕ ਪਾਸੇ ਦੁਨੀਆਂ ਭਰ ਦੀ ਚੌਥੀ ਵੱਡੀ ਫ਼ੌਜ ਦੇ ਇਕ ਲੱਖ ਤੋਂ ਵਧ ਫ਼ੌਜੀ, ਦੁਨੀਆਂ ਭਰ ਦੇ ਸਭ ਤੋਂ ਨਵਾਂ ਅਸਲਾ, ਟੈਕਨਾਲੋਜੀ ਅਤੇ ਸਹੂਲਤਾਂ ਸਣੇ (ਜਿਸ ਵਿਚ ਹੈਲੀਕਾਪਟਰ, ਬਖ਼ਤਰਬੰਦ ਗੱਡੀਆਂ, ਬੰਬ, ਟੈਂਕ ਵੀ ਸਾਮਿਲ ਸਨ) ਅਤੇ ਦੂਜੇ ਪਾਸੇ ਸਨ: ਭੁੱਖੇ ਭਾਣੇ 125 ਦੇ ਕਰੀਬ ਅਸਿਖਿਅਤ ਨੌਜਵਾਨ ਸਨ। ਭਲਕੇ ਸ਼ਾਇਦ ਤਵਾਰੀਖ਼ ਪੜ੍ਹਨ ਵਾਲੇ ਇਹ ਮੰਨਣ ਤੋਂ ਝਕ ਜਾਣ ਕਿ ਕੀ ਇਹ ਜੰਗ ਸਚਮੁਚ ਹੋਈ ਸੀ ਜਿਸ ਵਿਚ ਐਡੀ ਵੱਡੀ ਤਾਕਤ ਨੂੰ ਏਨੀ ਕੂ ਜਗਹ ‘ਤੇ ਕਬਜ਼ਾ ਕਰਨ ਵਾਸਤੇ ਏਨੇ ਕੂ ਬੰਦਿਆਂ ਨੇ ਤਿੰਨ ਦਿਨ ਅੱਗੇ ਲਾਈ ਰੱਖਿਆ।

ਲੜਾਈ ਦੇ ਹੀਰੋ ਕੌਣ ਸਨ ?
ਇਸ ਜੰਗ ਦਾ ਸਾਰਾ ਪੈਂਤੜਾ ਜਨਰਲ ਸੁਬੇਗ ਸਿੰਘ ਨੇ ਤਿਆਰ ਕੀਤਾ ਸੀ। ਸਭ ਤੋਂ ਵਧ ਤਕੜਾ ਮੋਰਚਾ (ਜਥੇਦਾਰ ਤਲਵਿੰਦਰ ਸਿੰਘ ਦੇ ਸਾਥੀ ਤੇ ਸਿਮਰਨਜੀਤ ਸਿੰਘ ਮਾਨ ਦੀ ਸਰਪਰਸਤੀ ਵਾਲੇ) ਅਮਰਜੀਤ ਸਿੰਘ ਖੇਮਕਰਨੀ ਦਾ ਸੀ। ਉਨ੍ਹਾਂ ਤੋਂ ਇਲਾਵਾ ਨਾਗੋਕੇ ਦੇ ਜੁਝਾਰੂ ਸ਼ਾਇਦ ਸਭ ਤੋਂ ਵਧ ਲੜੇ ਸਨ। ਬੀਬੀਆਂ ਵਿਚੋਂ ਉਪਕਾਰ ਕੌਰ ਅਤੇ ਪਰਮਜੀਤ ਕੌਰ ਸੰਧੂ ਨੇ ਬੀਬੀ ਭਿੱਖਾਂ ਚੌਹਾਨ (6 ਦਸੰਬਰ 1705) ਵਾਲਾ ਸਾਕਾ ਮੁੜ ਦੁਹਰਾਇਆ ਸੀ। ਖਾੜਕੂਆਂ ਦੀ ਗਿਣਤੀ ਕਿਸੇ ਤਰ੍ਹਾਂ ਨਾਲ ਵੀ 125 ਤੋਂ ਵਧ ਨਹੀਂ ਸੀ।

ਭਾਰਤੀ ਫ਼ੌਜ ਨੇ ਇਹ ਲੜਾਈ ਸ਼ਰਾਬੀ ਹੋ ਕੇ ਲੜੀ
    ਦਰਬਾਰ ਸਾਹਿਬ ਅਤੇ ਹੋਰ ਥਾਂਵਾਂ ’ਤੇ ਹਮਲਾਵਰ ਫ਼ੌਜੀਆਂ ਨੇ ਸਾਰੀ ਲੜਾਈ ਸ਼ਰਾਬੀ ਹੋ ਕੇ ਲੜੀ ਸੀ। ਇਕ ਸਰਕਾਰੀ ਰਿਪੋਰਟ ਮੁਤਾਬਿਕ ਫ਼ੌਜ ਨੇ ਸਿਰਫ਼ ਪੰਜਾਬ ਵਿਚੋਂ ਹੀ 7 ਲੱਖ ਬੋਤਲਾਂ ਰੰਮ ਦੀਆਂ, 30 ਹਜ਼ਾਰ ਵਿਸਕੀ ਦੇ ਅਧੀਏ, 60 ਹਜ਼ਾਰ ਬਰਾਂਡੀ ਦੇ ਅਧੀਏ ਤੇ ਇਕ ਲੱਖ 60 ਹਜ਼ਾਰ ਬੀਅਰ ਦੀਆਂ ਬੋਤਲਾਂ ਖ਼ਰੀਦੀਆਂ ਸਨ। ਇਹ ਸਾਰੀਆਂ ਪੰਜਾਬ ਸਰਕਾਰ ਦੇ ‘ਟੈਕਸ ਅਤੇ ਐਕਸਾਈਜ਼’ ਮਹਿਕਮੇ ਨੇ ਇਕ ਨੋਟੀਫ਼ੀਕੇਸ਼ਨ ਰਾਹੀਂ ਟੈਕਸ-ਫ਼ਰੀ ਕਰ ਕੇ ਫ਼ੌਜ ਨੂੰ ‘ਅਪਰੇਸ਼ਨ ਬਲੂ ਸਟਾਰ’ ਵਾਸਤੇ ਮੁਹੱਈਆ ਕੀਤੀਆਂ ਸਨ। ਇਸ ਤੋਂ ਇਲਾਵਾ ਹਜ਼ਾਰਾਂ ਡੱਬੀਆਂ ਸਿਗਰਟਾਂ ਵੀ ਮੁਹੱਈਆ ਕੀਤੀਆਂ ਗਈਆਂ। ਫ਼ੌਜੀ ਦਰਬਾਰ ਸਾਹਿਬ ਦੀ ਹਦੂਦ ਵਿਚ ਸ਼ਰੇਆਮ ਸਿਗਰਟਾਂ ਪੀਂਦੇ ਰਹੇ।

ਮਾਰੇ ਗਏ ਸਿੱਖਾਂ ਦੀਆਂ ਲਾਸ਼ਾਂ ਨਾਲ ਕੀ ਸਲੂਕ ਕੀਤਾ ਗਿਆ?
ਭਾਰਤੀ ਫ਼ੌਜ ਨੂੰ ਹੁਕਮ ਸੀ ਦਰਬਾਰ ਸÇਾਹਬ ਵਿਚੋਂ ਕਿਸੇ ਵੀ ਸਿੱਖ ਨੂੰ ਗਿ੍ਰਫ਼ਤਾਰ ਨਹੀਂ ਕਰਨਾ; ਜੋ ਵੀ ਨਜ਼ਰ ਆਵੇ ਉਸ ਨੂੰ ਗੋਲੀ ਮਾਰ ਦੇਣੀ ਹੈ। ਇਸ ਦੇ ਬਾਵਜੂਦ ਇਕ ਫ਼ੌਜੀ ਅਫ਼ਸਰ ਨੇ ਬੇਗੁਨਾਹ ਲੋਕਾਂ ਨੂੰ ਗੋਲੀ ਮਾਰਨ ਦੀ ਬਜਾਇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਤੇ ਉਨ੍ਹਾਂ ਦੇ ਹੱਥ ਪਿੱਠ ਪਿੱਛੇ ਬੰਨ੍ਹ ਕੇ ਬਿਠਾ ਲਿਆ ਗਿਆ। ਪਰ ਅਖ਼ੀਰ ਫ਼ੌਜੀ ਜਰਨੈਲਾਂ ਦੇ ਹੁਕਮ ਹੇਠ ਉਨ੍ਹਾਂ ਕੈਦ ਕੀਤੇ ਸਿੱਖਾਂ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜਦ ਕੁਝ ਲਾਸ਼ਾਂ ਦਾ ਪੋਸਟ ਮਾਰਟਮ ਹੋਇਆ ਤਾਂ ਉਨ੍ਹਾਂ ਵਿਚ ਪਿੱਠ ਪਿੱਛੇ ਬੰਨੇ ਹੱਥਾਂ ਵਾਲੇ ਇਹ ਲੋਕ ਵੀ ਸ਼ਾਮਿਲ ਸਨ (ਰੋਜ਼ਾਨਾ ‘ਟਾਈਮਜ਼’ ਲੰਡਨ, 14 ਜੂਨ 1984)। 6 ਜੂਨ ਦੀ ਸ਼ਾਮ ਤਕ ਦਰਬਾਰ ਸਾਹਿਬ ਕੰਪਲੈਕਸ ਵਿਚ ਹਰ ਪਾਸੇ ਲਾਸ਼ਾਂ ਦੇ ਢੇਰ ਸਨ। ਸੈਂਕੜੇ ਫ਼ੌਜੀਆਂ ਦੀਆਂ ਲਾਸ਼ਾਂ ਫ਼ੌਜੀ ਟਰੱਕਾਂ ਵਿਚ ਲਿਜਾਈਆਂ ਗਈਆਂ ਅਤੇ ਸਿੱਖਾਂ ਦੀਆਂ ਲਾਸ਼ਾਂ ਢੋਣ ਵਾਸਤੇ ਮਿਊਂਸਪਲ ਕਮੇਟੀ ਦੀਆਂ ਕੂੜਾਂ ਚੁੱਕਣ ਵਾਲੀਆਂ ਟਰਾਲੀਆਂ ਲਿਆਂਦੀਆਂ ਗਈਆਂ। ਲਾਸ਼ਾਂ ਚੁੱਕਣ ਵਾਲੇ ਭੰਗੀਆਂ (ਸਫ਼ਾਈ ਸੇਵਕਾਂ) ਨੂੰ ਲਾਲਚ ਦਿੱਤਾ ਗਿਆ ਕਿ ਲਾਸ਼ਾਂ ਦੇ ਬੋਝਿਆਂ ਵਿਚੋਂ ਜੋ ਵੀ ਮਾਲ ਮੱਤਾ ਮਿਲੇ ਉਹ ਰਖ ਸਕਦੇ ਹਨ। ਉਨ੍ਹਾਂ ਸਾਰਿਆਂ ਨੂੰ ਸ਼ਰਾਬ ਦੀਆਂ ਬੋਤਲਾਂ ਦਿੱਤੀਆਂ ਗਈਆਂ ਤੇ ਉਨ੍ਹਾਂ ਸ਼ਰਾਬ ਦੇ ਨਸ਼ੇ ਵਿਚ ਲਾਸ਼ਾਂ ਦੀ ਬੋਅ ਦੀ ਪਰਵਾਹ ਨਾ ਕਰਦੇ ਹੋਏ ਇਨ੍ਹਾਂ ਲਾਸ਼ਾਂ ਨੂੰ ਅਮਿ੍ਰਤਸਰ ਤੇ ਆਲੇ-ਦੁਆਲੇ ਦੇ ਸ਼ਮਸ਼ਾਨ ਘਾਟਾਂ ਵਿਚ ਇਕੱਠੀਆਂ ਕਰ ਕੇ ਬਿਨਾਂ ਕਿਸੇ ਧਾਰਮਿਕ ਰਸਮਾਂ ਦੇ ਫੂਕ ਦਿੱਤਾ। ਲਾਸ਼ਾਂ ਢੋਣ ਦਾ ਕੰਮ 6 ਤੇ 7 ਜੂਨ ਦੋਵੇਂ ਦਿਨ, ਦਿਨ ਰਾਤ, ਚਲਦਾ ਰਿਹਾ।ਇਹ ਸਾਰਾ ਕੁਝ ਡੀ.ਸੀ. ਰਮੇਸ਼ਇੰਦਰ ਸਿੰਘ ਦੀ ਨਿਗਰਾਨੀ ਹੇਠ ਕੀਤਾ ਗਿਆ। (ਸੁਭਾਸ਼ ਕਿਰਪਾਕਰ ਅਤੇ ਬ੍ਰਹਮਾ ਚੇਲਾਨੀ ਨੇ ਇਸ ਸਾਰੀ ਹਾਲਤ ਵਿਚੋਂ ਬਹੁਤਾ ਕੁਝ ਨੂੰ ਅੱਖੀਂ ਵੇਖ ਕੇ ਆਪਣੀਆਂ ਲਿਖਤਾਂ ਵਿਚ ਬਿਆਨ ਕੀਤਾ ਹੈ)।

2 ਤੋਂ 12 ਸਾਲ ਦੀ ਉਮਰ ਦੇ ਸਿੱਖ ਦਹਿਸ਼ਤਗਰਦ ਜੇਲ੍ਹ ਵਿਚ
    ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿਚ ਹਜ਼ਾਰਾਂ ਸਿੱਖ ਯਾਤਰੂਆਂ ਦਾ ਬੇਰਹਿਮੀ ਨਾਲ ਕਤਲ ਕੀਤਾ। ਇਨ੍ਹਾਂ ਯਾਤਰੂਆਂ ਵਿਚੋਂ ਕਈਆਂ ਦੇ ਨਾਲ ਨਿੱਕੇ ਨਿੱਕੇ ਬੱਚੇ ਵੀ ਆਏ ਹੋਏ ਸਨ।ਜਿਹੜੇ ਬੱਚੇ ਦਰਬਾਰ ਸਾਹਿਬ ਦੀ ਪਰਕਰਮਾ ਵਿਚ ਸੁੱਤੇ ਪਏ ਸਨ ਉਨ੍ਹਾਂ ਨੂੰ ਤਾਂ ਫ਼ੌਜ ਨੇ ਮਾਂ ਪਿਓ ਦੇ ਨਾਲ ਹੀ ਗੋਲੀਆਂ ਨਾਲ ਭੁੰਨ ਦਿੱਤਾ ਸੀ ਪਰ ਜਿਹੜੇ ਬੱਚੇ ਸਰਾਵਾਂ ਵਿਚ ਰਹਿ ਗਏ ਸਨ ਉਨ੍ਹਾਂ ਦੇ ਮਾਪਿਆਂ ਦੇ ਮਰਨ ਪਿੱਛੋਂ ਫ਼ੌਜ ਨੇ ਇਨ੍ਹਾਂ 39 ਬੱਚਿਆਂ, ਜਿਨ੍ਹਾਂ ਦੀ ਉਮਰ 2 ਤੋਂ 12 ਸਾਲ ਤਕ ਸੀ, ਨੂੰ ‘ਦਹਿਸ਼ਤਗਰਦ’ ਕਹਿ ਕੇ ਗਿ੍ਰਫ਼ਤਾਰ ਕਰ ਲਿਆ। ਇਹ ‘ਦਹਿਸ਼ਤਗਰਦ’ ਬੱਚੇ ਲੁਧਿਆਣਾ ਜੇਲ੍ਹ ਵਿਚ  ਰੱਖੇ ਗਏ ਸਨ। ਉੱਥੇ ਇਨ੍ਹਾਂ ਵਾਸਤੇ ਕੋਈ ਨਿਗਰਾਨ ਨਹੀਂ ਸੀ ਤੇ ਵੱਡੇ (11-12 ਸਾਲ ਦੇ) ਬੱਚੇ ਨਿੱਕੇ ਬੱਚਿਆਂ ਦੀ ਦੇਖ ਭਾਲ ਕਰਦੇ ਸਨ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਮਾਂ ਬਾਪ ਮਰ ਚੁਕੇ ਸਨ। ਕਾਨੂੰਨ (ਚਿਲਡਰਨ ਐਕਟ 1960 ਤੇ 1976) ਮੁਤਾਬਿਕ ਇਸ ਉਮਰ ਦੇ ਬੱਚੇ ਨੂੰ ਜੇਲ੍ਹ ਵਿਚ ਰੱਖਣ ਦੀ ਸਖ਼ਤ ਮਨਾਹੀ ਹੈ। ਪਰ ਸਿੱਖਾਂ ਦੇ ਇਨਸਾਨੀ ਹੱਕ ਤਾਂ ਹੁੰਦੇ ਹੀ ਨਹੀਂ! ਅਖ਼ੀਰ ਸਤੰਬਰ ਵਿਚ ਕਮਲਾ ਦੇਵੀ ਚੱਟੋਪਾਧੀਆ ਨਾਂ ਦੀ ਇਕ ਇਨਸਾਨੀ ਹਕੂਕ ਦੀ ਇਕ ਅਲੰਬਰਦਾਰ ਨੇ ਇਸ ਸਬੰਧੀ ਭਾਰਤ ਦੀ ਸੁਪਰੀਮ ਕੋਰਟ ਵਿਚ ਦਰਖ਼ਾਸਤ ਦਿੱਤੀ ਤਾਂ ਇਨ੍ਹਾਂ ਬੱਚਿਆਂ ਦੀ ਖਲਾਸੀ ਹੋਈ (ਇਸ ਤੋਂ ਪਹਿਲਾਂ ਕਿ ਸੁਪਰੀਮ ਕੋਰਟ ਦਾ ਹੁਕਮ ਉਥੇ ਪੁੱਜਦਾ ਇਨ੍ਹਾਂ ਵਿਚੋਂ ਕੁਝ ਬੱਚੇ ਨਾਭਾ ਜੇਲ੍ਹ ਵਿਚ ਭੇਜ ਦਿਤੱੇ ਗਏ ਸਨ ਜੋ ਕਈ ਕਈ ਸਾਲ ਜੇਲ੍ਹ ਵਿਚ ਰਹੇ।

ਜ਼ਾਲਮ ਫ਼ੌਜੀਆਂ ਨੂੰ ਐਵਾਰਡ
ਭਾਰਤੀ ਫ਼ੌਜ ਨੇ ਲੋਕਾਂ ‘ਤੇ ਏਨੇ ਜ਼ੁਲਮ ਕੀਤੇ ਕਿ ਇਕ ਆਮ ਬੰਦਾ ਤਰਾਹ-ਤਰਾਹ ਕਰ ਉਠਦਾ ਹੈ; ਪਰ ਭਾਰਤ ਸਰਕਾਰ ਨੇ ਇਨ੍ਹਾਂ ਫ਼ੌਜੀਆਂ ਨੂੰ ਇਨਸਾਨੀ ਹੱਕਾਂ ਦਾ ਘਾਣ ਕਰਨ ਦੇ ਬਦਲੇ ਵਿਚ ਐਵਾਰਡ ਦਿੱਤੇ। ਚੇਤੇ ਰਹੇ ਕਿ 1962, 1965 ਤੇ 1971 ਵਿਚ ਭਾਰਤੀ ਫ਼ੌਜ ਨੇ ਪਾਕਿਸਤਾਨ ਅਤੇ ਚੀਨ ਦੇ ਖ਼ਿਲਾਫ਼ ਜੰਗਾਂ ਲੜੀਆਂ ਸਨ। ਉਨ੍ਹਾਂ ਜੰਗਾਂ ਵਿਚ ਦੁਸ਼ਮਣ ਦੇ ਖ਼ਿਲਾਫ਼ ਲੜਦਿਆਂ ਕਈ ਫ਼ੌਜੀਆਂ ਨੇ ਕਮਾਲ ਦੀ ਬਹਾਦਰੀ ਦਿਖਾਈ ਸੀ। ਉਨ੍ਹਾਂ ਵਿਚੋਂ ਕਿਸੇ ਨੂੰ ਐਵਾਰਡ ਤੇ ਈਨਾਮ ਦੇਣ ਵਾਸਤੇ ਕਦੇ ਕੋਈ ਸਮਾਗਮ ਨਹੀਂ ਕੀਤਾ ਗਿਆ ਸੀ, ਪਰ, ਦਰਬਾਰ ਸਾਹਿਬ ‘ਤੇ ਹਮਲੇ ਦੌਰਾਨ ‘ਬਹਾਦਰੀ ਦਿਖਾਉਣ’ ਬਦਲੇ 10 ਜੁਲਾਈ 1985 ਦੇ ਦਿਨ ਉਚੇਚਾ ਸਮਾਗਮ ਕਰ ਕੇ ਭਾਰਤ ਦੇ ਰਾਸ਼ਟਰਪਤੀ ਜ਼ੈਲ ਸਿੰਘ ਨੇ ਇਨ੍ਹਾਂ ‘ਬਹਾਦਰ ਫ਼ੌਜੀਆਂ’ਨੂੰ ਐਵਾਰਡ ਦਿੱਤੇ।

ਭਾਰਤੀ ਫ਼ੌਜ ਦੇ ਮੁਖੀ ਜ਼ੈਲ ਸਿੰਘ ਦਾ ਦਰਬਾਰ ਸਾਹਿਬ ਆਉਣਾ
    ਜੂਨ 1984 ਦੇ ਪਹਿਲੇ ਹਫ਼ਤੇ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਤਬਾਹੀ ਨੂੰ ਜਿਹੜਾ ਵੀ ਸਿੱਖ ਸੁਣਦਾ ਉਸ ਦੇ ਅੰਦਰ ਭਾਰਤ ਵਾਸਤੇ ਤੇ ਇੰਦਰਾ ਵਾਸਤੇ ਹੋਰ ਅਤੇ ਨਫ਼ਰਤ ਸੁਤੇ-ਸਿੱਧ ਆਉਣੀ ਹੀ ਸੀ। ਇਸ ਸਾਰੇ ’ਤੇ ਪਰਦਾ ਪਾਉਣ ਵਾਸਤੇ ਤੇ ਸਿੱਖਾਂ ਦੇ ਰੋਹ ਨੂੰ ਠੰਡਿਆਂ ਕਰਨ ਵਾਸਤੇ ਡਰਾਮੇ ਵਜੋਂ ਭਾਰਤ ਦਾ ਰਾਸ਼ਟਰਪਤੀ ਜ਼ੈਲ ਸਿੰਘ 8 ਜੂਨ ਨੂੰ ਅੰਮ੍ਰਿਤਸਰ ਲਿਆਂਦਾ ਗਿਆ। ਕਿਉਂਕਿ ਉਹ ਭਾਰਤੀ ਫ਼ੌਜਾਂ ਦਾ ਮੁਖੀ ਸੀ, ਇਸ ਕਰ ਕੇ ਉਸ ਨੇ ਆਪਣੀ ਫ਼ੌਜ ਦੀ ‘ਕਾਮਯਾਬੀ’ ਨੂੰ ਵੇਖਣਾ ਹੀ ਸੀ! ਅਕਾਲ ਤਖ਼ਤ ਸਾਹਿਬ ਦੀ ਤਬਾਹੀ, ਦਰਬਾਰ ਸਾਹਿਬ ’ਤੇ 350 ਤੋਂ ਗੋਲੀਆਂ ਦੇ ਨਿਸ਼ਾਨ, ਸੜੀ ਹੋਈ ਕਰੋੜਾਂ ਰੁਪਿਆਂ ਦੀ ਚਾਨਣੀ, ਗੋਲੀਆਂ ਨਾਲ ਜ਼ਖ਼ਮੀ ਹੋਇਆ ਦਰਬਾਰ ਸਾਹਿਬ ’ਚ ਪਿਆ ਗੁਰੂ ਗ੍ਰੰਥ ਸਾਹਿਬ ਦਾ 1830 ਦਾ ਸਰੂਪ, ਚੋਰੀ ਕਰ ਲਈ ਗਈ ਸਿੱਖ ਰੈਫ਼ਰੈਂਸ ਲਾਇਬਰੇਰੀ (ਜੋ ਹੁਣ ਤਕ ਵੀ ਪੂਰੀ ਤਰ੍ਹਾ ਵਾਪਿਸ ਨਹੀਂ ਕੀਤੀ), ਦਰਬਾਰ ਸਾਹਿਬ ਵਿਚ ਸਿਗਰਟਾਂ ਪੀਂਦੇ ਭਾਰਤੀ ਫ਼ੌਜੀ ਵੇਖ ਕੇ ਉਸ ਦੇ ਦਿਲ ਵਿਚ ਦਰਦ ਨਾ ਜਾਗਿਆ। ਉਸ ਦੀ ਮੁਰਦਾ ਰੂਹ ਨੂੰ ਜ਼ਖ਼ਮੀ ਹੋਏ-ਹੋਏ ਦਰਬਾਰ ਸਾਹਿਬ ਕੰਪਲੈਕਸ ਨੇ ਨਾ ਟੁੰਬਿਆ। ਇਕ ਬੇਗ਼ੈਰਤ, ਜਜ਼ਬਾਤ-ਰਹਿਤ, ਮੁਰਦਾ-ਰੂਹ ਵਾਂਗ ਉਹ ਆਇਆ ਅਤੇ ਟੀ.ਵੀ. ਅਤੇ ਅਖ਼ਬਾਰਾਂ ਵਿਚ ਤਸਵੀਰਾਂ ਛਪਵਾ ਕੇ ਚਲਾ ਗਿਆ। ਇਥੇ ਹੀ ਬੱਸ ਨਹੀਂ ਇੰਦਰਾ ਗਾਂਧੀ ਦੇ ਇਸ ‘ਝਾੜੂ-ਬਰਦਾਰ’ ਨੇ ਇਕ ਤਕਰੀਰ ਵਿਚ ਇਸ ‘ਮਹਾਨ ਕਾਰਨਾਮੇ’ ਨੂੰ ਹੱਕ-ਬਜਾਨਬ ਵੀ ਠਹਿਰਾਇਆ ਤੇ ਮਗਰੋਂ ਹਮਲਾ ਕਰਨ ਵਾਲਿਆਂ ਨੂੰ ਮੈਡਲ ਵੀ ਦਿੱਤੇ। ਜ਼ੈਲ ਸਿੰਘ ਦੀ ਫੇਰੀ ਵੇਲੇ ਇਕ ਸਿੱਖ ਨੇ ਫ਼ਾਇਰਿੰਗ ਵੀ ਕੀਤੀ ਜਿਸ ਨਾਲ (ਰੂਹਾਨੀ ਤੌਰ ’ਤੇ ਮਰ ਚੁਕਾ) ਜ਼ੈਲ ਤਾਂ ਬਚ ਗਿਆ ਪਰ ਇਕ ਕਰਨਲ ਨੂੰ ਗੋਲੀ ਵੱਜੀ। ਉਸ ਵੇਲੇ ਦਰਬਾਰ ਸਾਹਿਬ ਸਿੱਖਾਂ ਵਾਸਤੇ ਬੈਨ ਸੀ ਪਰ ਜ਼ੈਲ ਸਿੰਘ ਦੇ ਆਉਣ ’ਤੇ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਵਾਸਤੇ ਰਾਗੀ ਜੱਥਾ ਲਿਆਂਦਾ ਗਿਆ; ਉਸ ਵੇਲੇ ਰਾਗੀ ਸੁਰਿੰਦਰ ਸਿੰਘ ਪਟਨਾ ਸਾਹਿਬ ਕੀਰਤਨ ਕਰ ਰਹੇ ਸਨ; ਜ਼ੈਲ ਸਿੰਘ ਦੇ ਆਉਣ ‘ਤੇ ਉਨ੍ਹਾਂ ਨੇ ਭਾਈ ਗੁਰਦਾਸ ਦੀ ਵਾਰ 35 ਦੀ ਪਹਿਲੀ ਪਉੜੀ ‘ਕੁਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ’ ਗਾਈ ਅਤੇ ਜ਼ੈਲ ਸਿੰਘ ਨੂੰ ਉਸ ਦੀ ਔਕਾਤ ਦੱਸੀ। ਮਗਰੋਂ ਇਸ ਰਾਗੀ ਨੂੰ ਗਿ੍ਰਫ਼ਤਾਰ ਕਰ ਕੇ ਜੇਲ ਵਿਚ ਸੁੱਟ ਦਿੱਤਾ ਗਿਆ ਸੀ।

ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਕਿੰਨੇ ਲੋਕ ਮਰੇ?
    ਦਰਬਾਰ ਸਾਹਿਬ ’ਤੇ ਹਮਲੇ ਦੌਰਾਨ ਭਾਵੇਂ ਸਰਕਾਰ ਨੇ ਆਪਣੇ ‘ਵ੍ਹਾਈਟ ਪੇਪਰ’ (ਜੂਨ 1984) ਵਿਚ ਕਿਹਾ ਸੀ ਕਿ ਉਸ ਹਮਲੇ ਦੌਰਾਨ ਸਿਰਫ਼ 83 ਫ਼ੌਜੀ ਤੇ 493 ਸਿੱਖ ਮਰੇ ਸਨ। ਪਰ, 20 ਜੂਨ 1984 ਦੇ ਦਿਨ, ਭਾਰਤੀ ਫ਼ੌਜ ਦੇ ਮੇਜਰ ਜਨਰਲ ਆਰ.ਕੇ. ਗੌੜ ਨੇ 4 ਅਫ਼ਸਰਾਂ, 4 ਜੇ.ਸੀ.ਸੀਜ਼. ਅਤੇ 92 ਫ਼ੌਜੀਆਂ ਦਾ ਮਰਨਾ ਮੰਨਿਆ); ਸਰਕਾਰ ਨੇ 287 ਫ਼ੌਜੀਆਂ ਦਾ ਜ਼ਖ਼ਮੀ ਹੋਣਾ ਅਤੇ 121 ਸਿੱਖਾਂ ਦਾ ਫੱਟੜ ਹੋਣਾ ਮੰਨਿਆ ਸੀ। ਮਗਰੋਂ 1987 ਵਿਚ ਰਾਜੀਵ ਗਾਂਧੀ ਨੇ ਨਾਗਪੁਰ ਵਿਚ ਮੀਡੀਆ ਕੋਲ 700 ਫ਼ੌਜੀਆਂ ਦਾ ਮਰਨਾ ਕਬੂਲ ਕੀਤਾ ਸੀ। ਪਰ ਖ਼ੁਫ਼ੀਆ ਰਿਪੋਰਟਾਂ ਮੁਤਾਬਿਕ 1208 ਫ਼ੌਜੀ, 125 ਦੇ ਕਰੀਬ ਖਾੜਕੂ ਅਤੇ 3228 ਸਿੱਖ ਯਾਤਰੂ ਤੇ ਬੰਗਲਾਦੇਸ਼ੀ ਮੁਸਾਫ਼ਿਰ ਮਾਰੇ ਗਏ ਸਨ; ਗ਼ੈਰ-ਸਰਕਾਰੀ ਸੋਮਿਆਂ ਮੁਤਾਬਿਕ ਜ਼ਖ਼ਮੀਆਂ ਵਿਚ 3000 ਫ਼ੌਜੀ, 12 ਖਾੜਕੂ ਅਤੇ 1526 ਸਿੱਖ ਤੇ ਬੰਗਲਾਦੇਸ਼ੀ ਮੁਸਾਫ਼ਿਰ ਸ਼ਾਮਿਲ ਸਨ। (ਸਰਕਾਰ ਮੁਤਾਬਿਕ ਹੋਰ ਗੁਰਦੁਆਰਿਆਂ ਵਗ਼ੈਰਾ ’ਚ ਹਮਲਿਆਂ ਦੌਰਾਨ 9 ਫ਼ੌਜੀ ਤੇ 60 ਸਿੱਖ ਮਾਰੇ ਗਏ ਸਨ। ਸਰਕਾਰ ਨੇ ਦਰਬਾਰ ਸਾਹਿਬ ’ਚੋਂ 1592, ਹੋਰ ਗੁਰਦੁਆਰਿਆਂ ’ਚੋਂ 796 ਤੇ ਬਾਕੀ ਜਗਹ ਤੋਂ 2324, ਕੁਲ 4712, ਸਿੱਖਾਂ ਦੀਆਂ ਗਿ੍ਰਫ਼ਤਾਰੀਆਂ ਮੰਨੀਆਂ ਹਨ)।

ਦੁਨੀਆਂ ਭਰ ਵਿਚ ਸਿੱੱਖਾਂ ਵੱਲੋਂ ਰੋਸ: ਪਦਮ ਸ੍ਰੀ ਐਵਾਰਡ ਮੋੜੇ
    ਦਰਬਾਰ ਸਾਹਿਬ ’ਤੇ ਹਮਲੇ ਦੇ ਖ਼ਿਲਾਫ਼ ਸਭ ਤੋਂ ਪਹਿਲਾਂ ਖੁਸ਼ਵੰਤ ਸਿੰਘ ਨੇ ਪਦਮ ਸ੍ਰੀ ਐਵਾਰਡ ਵਾਪਿਸ ਕੀਤਾ।10 ਜੂਨ 1984 ਦੇ ਦਿਨ ਕੈਪਟਨ ਅਮਰਿੰਦਰ ਸਿੰਘ ਅਤੇ ਦਵਿੰਦਰ ਸਿੰਘ ਗਰਚਾ ਨੇ ਪਾਰਲੀਮੈਂਟ ਦੀ ਮੈਂਬਰੀ ਅਤੇ ਕਾਂਗਰਸ ਤੋਂ ਅਸਤੀਫ਼ਾ ਦਿੱਤਾ; ਇਨ੍ਹਾਂ ਨਾਲ ਬੂਟਾ ਸਿੰਘ ਨੇ ਵੀ ਅਸਤੀਫ਼ਾ ਦੇਣ ਦੀ ਪਲਾਨ ਬਣਾਈ ਸੀ ਪਰ ਬਾਅਦ ਵਿਚ ਉਸ ਦਾ ਦਿਲ ਬੇਈਮਾਨ ਹੋ ਗਿਆ ਅਤੇ ਉਹ ਮੁਕਰ ਗਿਆ ਤੇ ਸਿੱਖਾਂ ‘ਤੇ ਜ਼ੁਲਮ ਕਰਨ ਵਿਚ ਭਾਈਵਾਲ ਬਣਿਆ। ਇਸ ਮਗਰੋਂ ਡਾ: ਗੰਡਾ ਸਿੰਘ, ਭਗਤ ਪੂਰਨ ਸਿੰਘ ਨੇ ਵੀ ਪਦਮਸ੍ਰੀ ਦੇ ਖ਼ਿਤਾਬ ਵਾਪਿਸ ਕਰ ਦਿੱਤੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement