
Special Article : ਕਿਸਾਨ ਅਪਣੇ ਬਲਦਾਂ ਨੂੰ ਖੇਤਾਂ ਵਲ ਨੂੰ ਚਲ ਪੈਂਦੇ ਅਤੇ ਇਨ੍ਹਾਂ ਬਲਦਾਂ ਦੇ ਗਲਾਂ ’ਚ ਵੱਜਦੀਆਂ ਟੱਲੀਆਂ ਕੋਈ ਰੱਬੀ ਸੰਗੀਤ ਅਲਾਪ ਰਹੀਆਂ ਹੁੰਦੀਆਂਆਂ
Special Article : ਪੰਜਾਬੀ ਵਿਰਸਾ ਬਹੁਤ ਹੀ ਸ਼ਾਨਦਾਰ, ਰੌਚਿਕ ਅਤੇ ਅਧਿਆਤਮਕ ਰਿਹਾ ਹੈ। ਕਦੇ ਸਮਾਂ ਹੁੰਦਾ ਸੀ ਕਿ ਪੰਜਾਬ ਦੇ ਪਿੰਡਾਂ ਦੀ ਸਵੇਰ ਬਹੁਤ ਹੀ ਮਨਭਾਉਂਦੀ ਅਤੇ ਮਨ ਨੂੰ ਸਕੂਨ ਦੇਣ ਵਾਲੀ ਹੁੰਦੀ ਸੀ। ਲੋਕਾਂ ਵਿਚ ਸਵੇਰੇ ਸਵੱਖਤੇ ਉਠਣ ਦੀ ਆਦਤ ਪ੍ਰੱਪਕ ਸੀ। ਉਨ੍ਹਾਂ ਦਿਨਾਂ ਵਿਚ ਟਾਈਮ ਕਲਾਕ ਜਾਂ ਅੱਜ ਵਾਲੇ ਮੋਬਾਇਲ ਉਠਣ ਲਈ ਅਲਾਰਮ ਲਗਾਉਣ ਵਾਲੇ ਨਹੀਂ ਸਨ ਪਰ ਦੇਸੀ ਕੁਕੜ ਸਵੇਰੇ ਹੀ ਬਾਂਗ ਦੇ ਕੇ ਕਿਰਤੀ ਲੋਕਾਂ ਨੂੰ ਜਗਾਉਣ ਦਾ ਕੰਮ ਕਰ ਦੇਂਦੇ ਸਨ। ਲੋਕ ਵੀ ਇੰਨੇ ਮਿਹਨਤੀ ਅਤੇ ਅੰਮ੍ਰਿਤ ਵੇਲੇ ਦਾ ਲਾਭ ਉਠਾਉਣ ਵਾਲੇ ਸਨ ਕਿ ਮੁਰਗੇ ਦੀ ਬਾਂਗ ਦੇ ਨਾਲ ਹੀ ਉਠ ਪੈਂਦੇ ਅਤੇ ਅਪਣੇ ਕੰਮ ਧੰਦਿਆਂ ਵਿਚ ਲੱਗ ਜਾਂਦੇ।
ਪਿੰਡਾਂ ਦੀ ਸਵੇਰ ਦੇ ਨਜ਼ਾਰੇ ਕੁਦਰਤੀ ਕ੍ਰਿਸ਼ਮਿਆਂ ਦੀ ਗਵਾਹੀ ਭਰਦੇ ਸਨ। ਕਿਸਾਨ ਅਪਣੇ ਬਲਦਾਂ ਨੂੰ ਲੈ ਕੇ ਖੇਤਾਂ ਵਲ ਨੂੰ ਚਲ ਪੈਂਦੇ ਅਤੇ ਇਨ੍ਹਾਂ ਬਲਦਾਂ ਦੇ ਗਲਾਂ ਵਿਚ ਵੱਜਦੀਆਂ ਟੱਲੀਆਂ ਕੋਈ ਰੱਬੀ ਸੰਗੀਤ ਅਲਾਪ ਰਹੀਆਂ ਹੁੰਦੀਆਂ। ਪਿੰਡਾਂ ਦੀਆਂ ਗਲੀਆਂ ਜਾਂ ਚੌੜੀਆਂ ਫਿਰਨੀਆਂ ਉਤੇ ਇਹ ਬਲਦ ਬਹੁਤ ਹੀ ਮੜਕ ਨਾਲ ਚਲਦੇ ਅਤੇ ਕਿਸਾਨ ਦੇ ਹਰ ਇਸ਼ਾਰੇ ਦਾ ਸਤਿਕਾਰ ਕਰਦੇ ਅਤੇ ਟੱਲੀਆਂ ਦੀ ਵੱਜਦੀ ਆਵਾਜ਼ ਵਿਚ ਮਸਤ ਹੋ ਕੇ ਤੁਰਦੇ ਰਹਿੰਦੇ, ਉਹ ਖੇਤਾਂ ਵਲ ਜਾਣ ਦੇ ਆਦੀ ਸਨ ਅਤੇ ਅਪਣੇ ਆਪ ਉਨ੍ਹਾਂ ਰਸਤਿਆਂ ਪਰ ਚਲਦੇ ਰਹਿੰਦੇ। ਉਹ ਵੀ ਅਪਣੇ ਮਾਲਕ ਦੀ ਸੇਵਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੁੰਦੇ। ਕਿਸਾਨ ਲੋੜ ਅਨੁਸਾਰ ਉਸ ਨੂੰ ਕਦੇ ਖੂਹ ਚਲਾਉਣਗੇ ਲਈ ਜੋਤ ਲੈਂਦੇ ਜਾਂ ਫਿਰ ਹੱਲ ਚਲਾਉਣ ਲਈ ਹੱਲ ਦੇ ਅੱਗੇ ਜੋੜ ਲੈਂਦੇ। ਕਿਸਾਨ ਵੀ ਬੜੀ ਫੁਰਤੀ ਨਾਲ ਖੇਤ ਵਿਚ ਹੱਲ ਚਲਾਉਂਦਾ ਅਤੇ ਸੂਰਜ ਦੀਆਂ ਕਿਰਨਾਂ ਨਿਕਲਣ ਤੋਂ ਪਹਿਲਾ-ਪਹਿਲਾ ਬਹੁਤ ਸਾਰਾ ਖੇਤ ਵਾਹ ਛਡਦਾ, ਉਸ ਦੀ ਮਿਹਨਤ ਚੰਗਾ ਰੰਗ ਲਿਆਉਂਦੀ ਪਰ ਉਹ ਅਪਣੇ ਬਲਦਾਂ ਨੂੰ ਸ਼ਾਬਾਸ਼ ਦੇਣੀ ਕਦੇ ਨਾ ਭੁਲਦਾ। ਉਨ੍ਹਾਂ ਦੇ ਗਲਾਂ ਵਿਚ ਪਾਈਆਂ ਟੱਲੀਆਂ ਨੂੰ ਹੱਥਾਂ ਨਾਲ ਖੜਕਾ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਦਾ।
ਪ੍ਰਸਿੱਧ ਕਵੀ ਵਿਧਾਤਾ ਸਿੰਘ ਧੀਰ ਨੇ ਤਾਂ ਕਿਸਾਨ ਦੇ ਸਵੇਰੇ ਉਠ ਕੇ ਅਪਣੇ ਬਲਦਾਂ ਨਾਲ ਖੇਤਾਂ ਵਿਚ ਜਾ ਕੇ ਖ਼ੂਬ ਤਪੱਸਿਆ ਕਰਨ ਕਰ ਕੇ ਉਸ ਨੂੰ ‘ਖੇਤਾਂ ਦਾ ਸਾਧੂ’ ਦੀ ਉਪਾਧੀ ਦਿਤੀ ਹੈ ਅਤੇ ਇਸੇ ਕਰ ਕੇ ਉਸ ਦੀ ਮਿਹਨਤ ਦੇ ਗੁਣਗਾਣ ਕਰਦਿਆਂ ਅਪਣੀ ਕਵਿਤਾ ਵਿਚ ਲਿਖਿਆ ਹੈ:
ਨਾ ਅੱਠ ਸੱਠ ਨਹਾਵੇ, ਨਾ ਠਾਕਰ ਨੂੰ ਪੂਜੇ।
ਨਹੀਂ ਜਾਣਦਾ ਉਹ, ਕਰਮ-ਕਾਂਡ ਦੂਜੇ।
ਨਾ ਵਿਸ਼ਨੂੰ ਉਪਾਸਕ, ਨਾ ਸ਼ਿਵ ਦਾ ਅਰਾਧੂ।
ਹੈ ਹੱਲ ਦਾ ਪੁਜਾਰੀ, ਉਹ ਖੇਤਾਂ ਦਾ ਸਾਧੂ।
ਇਸ ਤਰ੍ਹਾਂ ਪਿੰਡ ਵਿਚੋਂ ਨਿਕਲਦੀਆਂ ਸਵੇਰੇ-ਸਵੇਰੇ ਬਲਦਾਂ ਦੀਆਂ ਜੋੜੀਆਂ ਜਿਥੇ ਵਾਤਾਵਰਣ ਨੂੰ ਨਵਾਂ ਮੋੜ ਦੇ ਦੇਂਦੀਆਂ ਉਥੇ ਹੀ ਇਕ ਅੰਨ ਦਾਤਾ ਦੇ ਕਿਰਦਾਰ ਨੂੰ ਵੀ ਉਚ ਕੋਟੀ ਦੀਆਂ ਅਸੀਸਾਂ ਦੇ ਦੇਂਦੀਆਂ। ਸੱਚ ਵਿਚ ਹੀ ਪਿੰਡ ਦੀ ਉਹ ਸਵੇਰ ਪਿੰਡ ਵਾਸੀਆਂ ਨੂੰ ਸਵੱਖਤੇ-ਸਵੱਖਤੇ ਉਠਣ ਦੀ ਨਸੀਅਤ ਦੇ ਕੇ ਉਨ੍ਹਾਂ ਨੂੰ ਅਪਣੇ ਕੰਮਾਂ ਧੰਦਿਆਂ ਵਿਚ ਲੱਗਣ ਲਈ ਜਾਗਰੂਕ ਕਰ ਦੇਂਦੀ। ਇਹੀ ਕਾਰਨ ਸੀ ਕਿ ਪਿੰਡ ਦੀਆਂ ਸੁਆਣੀਆਂ ਅਪਣੇ ਘਰਾਂ ਵਿਚ ਬਹੁਤ ਜਲਦੀ ਉਠਦੀਆਂ ਅਤੇ ਅਪਣੇ ਕੰਮ-ਧੰਦਿਆਂ ਵਿਚ ਲੱਗ ਜਾਂਦੀਆਂ। ਦੁਧਾਰੂ ਪਸ਼ੂਆਂ ਦੀ ਸੰਭਾਲ, ਚੌਕੇ-ਚੁਲ੍ਹੇ ਦੀ ਤਿਆਰੀ ਅਤੇ ਪ੍ਰਵਾਰ ਲਈ ਤਾਜ਼ਾ-ਤਾਜ਼ਾ ਮੱਖਣ ਕੱਢਣ ਵਾਸਤੇ ਚਾਟੀ ਵਿਚ ਮਧਾਣੀ ਪਾ ਕੇ ਉਸ ਦਾ ਰਾਗ, ਬਲਦਾਂ ਦੇ ਗਲਾਂ ਵਿਚ ਵੱਜਦੀਆਂ ਟੱਲੀਆਂ ਨਾਲ ਮਿਲਾ ਦੇਂਦੀਆਂ। ਕਈ ਜਲਦੀ ਉਠ ਘਰ ਦੀ ਚੱਕੀ ਤੇ ਕਣਕ ਪੀਸਣ ਬੈਠ ਜਾਂਦੀਆਂ ਅਤੇ ਗੁਰਬਾਣੀ ਦੇ ਨਾਲ ਬਾਬਾ ਨਾਨਕ ਜੀ ਵਲੋਂ ਚਲਾਈਆਂ ਚੱਕੀਆਂ ਨੂੰ ਯਾਦ ਕਰਦੀਆਂ ਹੋਈਆਂ ਪ੍ਰਵਾਰ ਦੀ ਚੜ੍ਹਦੀ ਕਲਾ ਲਈ ਸਤਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦੀਆਂ।
ਪਿੰਡ ਦੀਆਂ ਧੀਆਂ, ਨੂੰਹਾਂ, ਮੁਟਿਆਰਾਂ ਵੀ ਇਸ ਸਵੇਰ ਦਾ ਲਾਹਾ ਲੈਣ ਵਿਚ ਪਿਛੇ ਨਾ ਰਹਿੰਦੀਆਂ। ਸਗੋਂ ਡੋਲ-ਬਾਲਟੀਆਂ ਲੈ, ਪਿੰਡ ਦੇ ਖੂਹ ਤੇ ਪਹੁੰਚ ਜਾਂਦੀਆਂ ਅਤੇ ਖੂਹ ਦੀਆਂ ਭੌਣੀਆਂ ਉਤੇ ਅਜਿਹੀਆਂ ਲੱਜਾਂ ਪਾਉਂਦੀਆਂ ਕਿ ਉਹ ਭੌਣੀਆਂ ਸਵੇਰ ਦੇ ਸ਼ਾਂਤਮਈ ਵਾਤਾਵਰਣ ਵਿਚ ਕੋਈ ਇਲਾਹੀ ਰਾਗ ਛੇੜ ਦੇਂਦੀਆਂ। ਉਹ ਮੁਟਿਆਰਾਂ ਵੀ ਉਨ੍ਹਾਂ ਦੇ ਇਸ ਨਵੇਂ ਛੇੜੇ ਰਾਗ ਦੀ ਧੁੰਨ ਵਿਚ ਅਜਿਹੀਆਂ ਗੁਆਚਦੀਆਂ ਕਿ ਕੁਦਰਤੀ ਵਾਤਾਵਰਣ ਵਿਚ ਅਨੰਦਮਈ ਹੋ ਇਸ ਕੰਮ ਨੂੰ ਕੋਈ ਭਾਰ ਨਹੀਂ ਸਗੋਂ ਵਰਦਾਨ ਸਮਝਣ ਲਗਦੀਆਂ ਅਤੇ ਕਿਸੇ ਰੂਹਾਨੀ ਦਾਤ ਦੀ ਬਖ਼ਸ਼ਿਸ਼ ਮਿਲੀ ਸਮਝਦੀਆਂ। ਇਹੀ ਤਾਂ ਉਹ ਸਮਾਂ ਹੁੰਦਾ ਸੀ ਕਿ ਜਦੋਂ ਅੰਮ੍ਰਿਤ ਵੇਲੇ ਸ੍ਰੀ ਗੁਰਦੁਆਰਾ ਸਾਹਿਬ ਦਾ ਭਾਈ ਸਾਹਿਬ ਵੀ ਅਪਣੇ ਸਪੀਕਰ ਤੇ ਰੱਬੀ ਗੁਰਬਾਣੀ ਦਾ ਗੁਣਗਾਣ ਸ਼ੁਰੂ ਕਰ ਦੇਂਦਾ ਅਤੇ ਇਸ ਗੁਰਬਾਣੀ ਨਾਲ ਸਵੇਰ ਦੇ ਉਸ ਮਿੱਠ ਬਖ਼ਸ਼ੇ ਵਾਤਾਵਰਣ ਨੂੰ ਅਧਿਆਤਮਕ ਦੇ ਮੇਲ ਨਾਲ ਜੋੜ ਦੇਂਦਾ।
ਇਸ ਤਰ੍ਹਾਂ ਪਿੰਡ ਦੀ ਉਹ ਸਵੇਰ ਜਦੋਂ ਬਲਦਾਂ ਦੇ ਗਲਾਂ ਵਿਚ ਖੜਕਦੀਆਂ ਟੱਲੀਆਂ, ਗੁਰਬਾਣੀ ਦੀਆਂ ਧੁਨਾਂ, ਚਾਟੀਆਂ ਵਿਚ ਚਲਦੀਆਂ ਮਧਾਣੀਆਂ ਅਤੇ ਖੂਹ ਦੀਆਂ ਭੌਣਾਂ ਦੀ ਆਵਾਜ਼ ਕੁਦਰਤੀ ਵਾਤਾਵਰਣ ਵਿਚ ਅਜਿਹਾ ਸੰਗੀਤ ਪੈਦਾ ਕਰ ਦੇਂਦੀਆਂ ਕਿ ਮਨੁੱਖ ਦਾ ਮਨ ਅਪਣੇ ਆਪ ਸਵੇਰੇ ਉਠ ਕੇ ਰੱਬ ਦਾ ਨਾਮ ਧਿਆਉਣ ਅਤੇ ਦਿਨ ਭਰ ਦੇ ਕੰਮਾਂ ਦੀ ਤਿਆਰੀ ਵਿਚ ਜੁਟ ਜਾਂਦਾ। ਇਨ੍ਹਾਂ ਸਾਰੀਆਂ ਧੁੰਨੀਆਂ ਦਾ ਸੁਮੇਲ ਪਿੰਡ ਦੇ ਵਾਤਾਵਰਣ ਨੂੰ ਨਵੀਂ ਰੂਹਾਨੀਅਤ ਪ੍ਰਦਾਨ ਕਰ ਦੇਂਦਾ ਅਤੇ ਮਨੁੱਖ ਨੂੰ ਇਕ ਚੰਗਾ ਇਨਸਾਨ ਬਣਨ ਲਈ ਪ੍ਰੇਰਣਾ ਮਿਲਦੀ। ਪਰ ਸਮੇਂ ਦੇ ਨਾਲ-ਨਾਲ ਬੜਾ ਕੁੱਝ ਬਦਲ ਗਿਆ ਹੈ। ਪਿੰਡਾਂ ਵਿਚ ਬਲਦ ਅਲੋਪ ਹੋਣ ਲੱਗੇ ਅਤੇ ਨਾਲ ਹੀ ਅਲੋਪ ਹੋ ਗਈਆਂ ਉਨ੍ਹਾਂ ਦੇ ਗਲਾਂ ਵਿਚ ਖੜਕਦੀਆਂ ਟੱਲੀਆਂ।
-ਬਹਾਦਰ ਸਿੰਘ ਗੋਸਲ
ਸੈਕਟਰ-37ਡੀ,
ਚੰਡੀਗੜ੍ਹ- 98764-52223