
ਸੋਸ਼ਲ ਮੀਡੀਆ ਉਪਰ ਅਜਕਲ ਵੱਖ-ਵੱਖ ਤਰ੍ਹਾਂ ਦੇ ਬਹਿਸ-ਮੁਬਾਹਸੇ ਹੋ ਰਹੇ ਹਨ। ਫ਼ੇਸਬੁੱਕ, ਟਵਿੱਟਰ, ਵਟਸਐਪ, ਬਲਾਗ ਆਦਿ ਉਪਰ ਵੱਡੀਆਂ-ਵੱਡੀਆਂ ਬਹਿਸਾਂ ਚਲ ਰਹੀਆਂ ਹਨ।
ਸੋਸ਼ਲ ਮੀਡੀਆ ਉਪਰ ਅਜਕਲ ਵੱਖ-ਵੱਖ ਤਰ੍ਹਾਂ ਦੇ ਬਹਿਸ-ਮੁਬਾਹਸੇ ਹੋ ਰਹੇ ਹਨ। ਫ਼ੇਸਬੁੱਕ, ਟਵਿੱਟਰ, ਵਟਸਐਪ, ਬਲਾਗ ਆਦਿ ਉਪਰ ਵੱਡੀਆਂ-ਵੱਡੀਆਂ ਬਹਿਸਾਂ ਚਲ ਰਹੀਆਂ ਹਨ। ਹਰ ਕੋਈ ਅਪਣੇ ਵਿਚਾਰ ਸਾਂਝੇ ਕਰ ਰਿਹਾ ਹੈ। ਕੋਈ ਮੌਜੂਦਾ ਸਿਸਟਮ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹ ਰਿਹਾ ਹੈ ਅਤੇ ਕੋਈ ਇਸ ਦੇ ਵਿਰੋਧ ਵਿਚ ਅਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ। ਚਲੋ ਖ਼ੈਰ, ਇਹ ਇਕ ਵਖਰਾ ਵਿਸ਼ਾ ਹੈ। ਪਰ, ਅਹਿਮ ਗੱਲ ਇਹ ਹੈ ਕਿ ਇਸ ਬਹਿਸ ਵਿਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਲੋਕ, ਵਿਸ਼ੇਸ਼ ਤੌਰ ਤੇ ਨੌਜਵਾਨ, ਅਜਿਹੇ ਹੁੰਦੇ ਹਨ ਜਿਨ੍ਹਾਂ ਨੇ ਅਜੇ ਤਕ ਅਪਣੀ ਵੋਟ ਹੀ ਨਹੀਂ ਬਣਵਾਈ। ਜੇ ਉਨ੍ਹਾਂ ਨੂੰ ਪੁੱਛੋ ਕਿ 'ਕੀ ਤੁਸੀ ਵੋਟ ਬਣਵਾ ਲਈ ਹੈ?' ਤਾਂ ਅੱਗੋਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ 'ਟਾਈਮ ਹੀ ਨਹੀਂ ਲਗਦਾ' ਜਾਂ ਫਿਰ ਕਹਿਣਗੇ ਕਿ 'ਸਾਡੀ ਇਕ ਵੋਟ ਨਾਲ ਕਿਹੜਾ ਕੋਈ ਫ਼ਰਕ ਪੈ ਜਾਵੇਗਾ?' ਜਾਂ ਫਿਰ ਇਹ ਸੋਚਦੇ ਹਨ ਕਿ ਵੋਟ ਪਾਉਣ ਲਈ ਉਨ੍ਹਾਂ ਨੂੰ ਕਾਫ਼ੀ ਦੇਰ ਤਕ ਕਤਾਰ ਵਿਚ ਖੜੇ ਹੋਣਾ ਪਵੇਗਾ ਅਤੇ ਅਨੁਸ਼ਾਸਨ ਦੀ ਪਾਲਣਾ ਕਰਨੀ ਪਵੇਗੀ। ਅਜਿਹੇ ਲੋਕਾਂ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੀ ਸਿਰਫ਼ ਇਕ ਵੋਟ ਕਾਰਨ ਬਣਦੀ-ਬਣਦੀ ਰਹਿ ਗਈ ਸੀ।
ਲੋਕਤੰਤਰ ਵਿਚ ਵੋਟ ਦਾ ਬਹੁਤ ਮਹੱਤਵ ਹੈ। ਜਿਸ ਤਰ੍ਹਾਂ ਸੜਕ ਉਤੇ ਵਾਹਨ ਚਲਾਉਣ ਲਈ ਡਰਾਈਵਿੰਗ ਲਾਇੰਸਸ ਦੀ ਲੋੜ ਹੁੰਦੀ ਹੈ ਅਤੇ ਡਰਾਈਵਿੰਗ ਲਾਇਸੰਸ ਬਣਵਾਉਣ ਲਈ ਘੱਟੋ-ਘੱਟ ਉਮਰ 18 ਸਾਲ ਨਿਰਧਾਰਤ ਹੈ, ਇਸੇ ਤਰ੍ਹਾਂ ਦੇਸ਼ ਵੀ ਇਕ ਵਾਹਨ ਵਾਂਗ ਹੈ। ਇਸ ਨੂੰ ਚਲਾਉਣ ਲਈ ਵੀ ਸਾਨੂੰ ਵੋਟ ਪਾਉਣੀ ਪਵੇਗੀ। 18 ਸਾਲ ਦੀ ਉਮਰ ਹੋਣ ਤੇ ਦੇਸ਼ ਦੇ ਹਰ ਨਾਗਰਿਕ ਨੂੰ ਸਾਡਾ ਸੰਵਿਧਾਨ ਵੋਟ ਬਣਾਉਣ ਦਾ ਅਧਿਕਾਰ ਦਿੰਦਾ ਹੈ। ਪਹਿਲਾਂ ਵੋਟ ਬਣਵਾਉਣ ਲਈ ਯੋਗਤਾ ਉਮਰ 20 ਸਾਲ ਹੁੰਦੀ ਸੀ ਪਰ 28 ਮਾਰਚ, 1989 ਨੂੰ ਇਕ ਸੋਧ ਰਾਹੀਂ ਵੋਟ ਬਣਾਉਣ ਦੀ ਉਮਰ ਹੱਦ 18 ਸਾਲ ਕਰ ਦਿਤੀ ਗਈ। ਫਿਰ ਅਸੀ ਇਹ ਕਿਉਂ ਨਹੀਂ ਸੋਚਦੇ ਕਿ ਜੇਕਰ ਡਰਾਈਵਿੰਗ ਲਾਇਸੰਸ ਬਣਵਾਉਣ ਨੂੰ ਅਸੀ ਤਰਜੀਹ ਦਿੰਦੇ ਹਾਂ ਤਾਂ ਵੋਟ ਬਣਵਾਉਣਾ ਵੀ ਸਾਡਾ ਸੰਵਿਧਾਨਕ ਫ਼ਰਜ਼ ਹੈ। ਕੋਈ ਵੀ ਵੋਟਰ ਦੇਸ਼ ਵਿਚ ਸਿਰਫ਼ ਇਕ ਥਾਂ ਹੀ ਵੋਟ ਬਣਵਾ ਸਕਦਾ ਹੈ।
ਦੇਸ਼ ਦੇ ਨਾਗਰਿਕਾਂ ਨੂੰ ਸੰਵਿਧਾਨ ਰਾਹੀਂ ਸਰਕਾਰ ਚਲਾਉਣ ਲਈ ਅਪਣੇ ਨੁਮਾਇੰਦੇ ਚੁਣਨ ਦੇ ਅਧਿਕਾਰ ਨੂੰ ਵੋਟ ਦਾ ਅਧਿਕਾਰ ਕਹਿੰਦੇ ਹਨ। ਭਾਰਤੀ ਸੰਵਿਧਾਨ ਦੀ ਧਾਰਾ 325 ਅਤੇ 326 ਰਾਹੀਂ ਦੇਸ਼ ਦੇ ਹਰ ਉਸ ਨਾਗਰਿਕ ਜੋ ਪਾਗਲ ਜਾਂ ਅਪਰਾਧੀ ਨਾ ਹੋਵੇ, ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ। ਕਿਸੇ ਵੀ ਨਾਗਰਿਕ ਨੂੰ ਧਰਮ, ਜਾਤ, ਵਰਗ, ਫ਼ਿਰਕੇ ਜਾਂ ਲਿੰਗ ਭੇਦ ਕਾਰਨ ਵੋਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 1935 ਦੇ ਗਵਰਨਮੈਂਟ ਆਫ਼ ਇੰਡੀਆ ਐਕਟ ਅਨੁਸਾਰ ਸਿਰਫ਼ 13 ਫ਼ੀ ਸਦੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਸੀ। ਉਸ ਸਮੇਂ ਇਹ ਅਧਿਕਾਰ ਸਿਰਫ਼ ਸਮਾਜਕ ਅਤੇ ਆਰਥਕ ਸਥਿਤੀ ਵਾਲੇ ਨਾਗਰਿਕਾਂ ਨੂੰ ਹੀ ਪ੍ਰਾਪਤ ਸੀ। ਪਰ ਆਜ਼ਾਦੀ ਮਗਰੋਂ ਡਾ. ਬੀ.ਆਰ. ਅੰਬੇਦਕਰ ਦੀ ਅਣਥੱਕ ਮਿਹਨਤ ਸਦਕਾ 26 ਜਨਵਰੀ, 1950 ਨੂੰ ਲਾਗੂ ਹੋਏ ਭਾਰਤੀ ਸੰਵਿਧਾਨ ਨੇ ਇਹ ਵਿਤਕਰਾ ਖ਼ਤਮ ਕਰ ਦਿਤਾ।
ਭਾਰਤੀ ਚੋਣ ਕਮਿਸ਼ਨ ਵਲੋਂ ਵੋਟ ਬਣਾਉਣ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ ਤੇ ਦੇਸ਼ ਭਰ ਵਿਚ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਂਦੇ ਹਨ। ਆਮ ਲੋਕਾਂ ਨੂੰ ਵੋਟ ਦੇ ਮਹੱਤਵ ਬਾਰੇ ਜਾਗਰੂਕ ਕਰਨ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਹਰ ਸਾਲ 25 ਜਨਵਰੀ ਦਾ ਦਿਨ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਬੂਥ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤਕ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਦਿਨ ਸਕੂਲਾਂ/ਕਾਲਜਾਂ ਵਿਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਹ ਦਿਨ ਇਸ ਲਈ ਚੁਣਿਆ ਗਿਆ ਕਿਉਂਕਿ 25 ਜਨਵਰੀ, 1950 ਨੂੰ ਹੀ ਭਾਰਤੀ ਚੋਣ ਕਮਿਸ਼ਨ ਦਾ ਗਠਨ ਹੋਇਆ ਸੀ। ਇਹ ਵੀ ਇਕ ਕੌੜਾ ਸੱਚ ਹੈ ਕਿ ਦੇਸ਼ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਅਪਣੀ ਉਮਰ ਦਾ 18ਵਾਂ ਸਾਲ ਪੂਰਾ ਹੋਣ ਦੇ ਬਾਵਜੂਦ ਵੋਟਰ ਸੂਚੀ ਵਿਚ ਅਪਣਾ ਨਾਂ ਦਰਜ ਨਹੀਂ ਕਰਵਾਉਂਦਾ ਜਦਕਿ ਡਰਾਈਵਿੰਗ ਲਾਇਸੰਸ ਜਾਂ ਪਾਸਪੋਰਟ ਬਣਵਾਉਣ ਲਈ ਹਰ ਕੋਈ 18 ਸਾਲ ਦੀ ਉਮਰ ਪੂਰੀ ਹੋਣ ਦੀ ਉਡੀਕ ਕਰਦਾ ਹੈ। ਇਹ ਸਾਡਾ ਸੱਭ ਦਾ ਸੰਵਿਧਾਨਕ ਫ਼ਰਜ਼ ਹੈ ਕਿ ਅਸੀ ਅਪਣਾ ਨਾਂ ਵੋਟਰ ਸੂਚੀ ਵਿਚ ਜ਼ਰੂਰ ਦਰਜ ਕਰਵਾਈਏ ਨਾਕਿ ਲੋੜ ਪੈਣ ਤੇ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹਰ ਵੋਟਰ ਨੂੰ ਅਪਣਾ ਨਾਂ ਅਪਣੇ ਸਬੰਧਤ ਬੂਥ ਦੀ ਵੋਟਰ ਸੂਚੀ ਵਿਚ ਜ਼ਰੂਰ ਦਰਜ ਕਰਵਾਉਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੋਈ ਵੀ ਵਿਅਕਤੀ ਵੋਟ ਨਹੀਂ ਪਾ ਸਕਦਾ।
ਭਾਰਤੀ ਚੋਣ ਕਮਿਸ਼ਨ ਵਲੋਂ ਮਿਤੀ 01.01.2017 ਨੂੰ ਆਧਾਰ ਬਣਾ ਕੇ ਫ਼ੋਟੋ ਵੋਟਰ ਸੂਚੀਆਂ ਦੀ ਸਮਰੀ ਰਿਵੀਜ਼ਨ ਦਾ ਕੰਮ ਮਿਤੀ 01 ਜੁਲਾਈ, 2017 ਤੋਂ ਸ਼ੁਰੂ ਹੋ ਚੁੱਕਾ ਹੈ ਜੋ 31 ਜੁਲਾਈ, 2017 ਤਕ ਚਲੇਗਾ। ਭਾਰਤੀ ਚੋਣ ਕਮਿਸ਼ਨ ਵਲੋਂ ਇਸ ਵਾਰ ਪਹਿਲੀ ਵਾਰ 5RO N5“ ਰਾਹੀਂ ਵੋਟਾਂ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਕੋਈ ਵੀ ਯੋਗ ਬਿਨੈਕਾਰ NVSP ਅਤੇ 3S3s ਰਾਹੀਂ ਆਨਲਾਈਨ ਫ਼ਾਰਮ ਨੰਬਰ 6 ਭਰ ਸਕਦਾ ਹੈ। ਇਸ ਵਿਸ਼ੇਸ਼ ਮੁਹਿੰਮ ਦੌਰਾਨ ਨਵੀਂ ਵੋਟ ਬਣਵਾਉਣ ਲਈ 6 ਨੰਬਰ ਫ਼ਾਰਮ, ਮਰ ਚੁੱਕੇ ਜਾਂ ਘਰ ਬਦਲ ਚੁੱਕੇ ਵੋਟਰਾਂ ਲਈ 7 ਨੰਬਰ ਫ਼ਾਰਮ, ਵੋਟਰ ਕਾਰਡ ਵਿਚ ਕਿਸੇ ਵੀ ਤਰ੍ਹਾਂ ਦੀ ਦਰੁਸਤੀ (ਜਿਵੇਂ ਨਾਂ, ਫ਼ੋਟੋ, ਜਨਮ ਤਰੀਕ ਜਾਂ ਪਤਾ ਆਦਿ) ਲਈ 8 ਨੰਬਰ ਫ਼ਾਰਮ, ਵਿਧਾਨ ਸਭਾ ਹਲਕੇ ਵਿਚ ਹੀ ਇਕ ਥਾਂ ਤੋਂ ਦੂਜੀ ਥਾਂ ਰਿਹਾਇਸ਼ ਤਬਦੀਲ ਕਰਨ ਲਈ 8ਏ ਫ਼ਾਰਮ ਸਬੰਧਤ ਬੀ.ਐਲ.ਓ. ਰਾਹੀਂ ਭਰੇ ਜਾਣਗੇ। ਫ਼ਾਰਮ ਨੰਬਰ 6 ਭਰਨ ਲਈ ਜਨਮਮਿਤੀ ਦਾ ਸਰਟੀਫ਼ੀਕੇਟ ਅਤੇ ਰਿਹਾਇਸ਼ ਦਾ ਸਬੂਤ ਹੋਣਾ ਲਾਜ਼ਮੀ ਹੈ। ਫ਼ਾਰਮ ਨੰਬਰ 6 ਸਿਰਫ਼ ਉਹੀ ਵਿਅਕਤੀ ਭਰ ਸਕਦਾ ਹੈ ਜੋ ਭਾਰਤ ਦਾ ਨਾਗਰਿਕ ਹੋਵੇ ਅਤੇ ਫ਼ੋਟੋ ਵੋਟਰ ਸੂਚੀ ਦੀ ਸੁਧਾਈ ਵਾਲੇ ਸਾਲ ਦੀ 1 ਜਨਵਰੀ ਨੂੰ ਉਸ ਦੀ ਉਮਰ 18 ਸਾਲ ਹੋ ਚੁੱਕੀ ਹੋਵੇ। ਇਸ ਤੋਂ ਇਲਾਵਾ ਬਿਨੈਕਾਰ ਉਸ ਵਿਧਾਨ ਸਭਾ ਹਲਕੇ ਦਾ ਨਾਗਰਿਕ ਹੋਵੇ ਜਿਥੇ ਉਹ ਅਪਣੀ ਵੋਟ ਬਣਵਾਉਣੀ ਚਾਹੁੰਦਾ ਹੈ। 23 ਜੁਲਾਈ, 2017 (ਐਤਵਾਰ) ਨੂੰ ਬੀ.ਐਲ.ਓਜ਼ ਅਪਣੇ-ਅਪਣੇ ਬੂਥ ਉਪਰ ਬੈਠ ਕੇ ਬੂਥ ਪੱਧਰ ਦੇ ਏਜੰਟਾਂ, ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ। ਜਿਹੜੇ ਲੋਕਾਂ ਨੇ ਅਜੇ ਤਕ ਵੋਟ ਨਹੀਂ ਬਣਵਾਈ, ਵਿਸ਼ੇਸ਼ ਤੌਰ ਤੇ 18-19 ਸਾਲ ਉਮਰ ਵਰਗ ਦੇ ਨੌਜਵਾਨ, ਇਸ ਸਮਰੀ ਰਿਵੀਜ਼ਨ ਦੌਰਾਨ ਅਪਣੀ ਵੋਟ ਜ਼ਰੂਰ ਬਣਵਾਉਣ। ਸੰਪਰਕ : 98550-93424