ਪੰਜਾਬੀਉ! ਸਾਡੇ ਨਾਂ ਵੀ ਮਰ ਰਹੇ ਨੇ
Published : Jul 20, 2017, 4:09 pm IST
Updated : Apr 5, 2018, 5:09 pm IST
SHARE ARTICLE
Punjabi
Punjabi

ਡਾ. ਸੁਖਪ੍ਰੀਤ ਸਿੰਘ ਉਦੋਕੇ ਦੀ ਵੀਡੀਉ ਵੇਖ ਰਿਹਾ ਸੀ। ਉਹ ਸਾਡੇ ਵੱਡੇ ਬਜ਼ੁਰਗਾਂ ਅਤੇ ਅੱਜ ਦੇ 'ਮਾਡਰਨ' ਨਾਵਾਂ ਦੀ ਤੁਲਨਾ ਕਰ ਰਹੇ ਸਨ ਕਿ ਕਿਵੇਂ ਅਸੀ ਹਰ ਚੀਜ਼ ਦੇ...

ਡਾ. ਸੁਖਪ੍ਰੀਤ ਸਿੰਘ ਉਦੋਕੇ ਦੀ ਵੀਡੀਉ ਵੇਖ ਰਿਹਾ ਸੀ। ਉਹ ਸਾਡੇ ਵੱਡੇ ਬਜ਼ੁਰਗਾਂ ਅਤੇ ਅੱਜ ਦੇ 'ਮਾਡਰਨ' ਨਾਵਾਂ ਦੀ ਤੁਲਨਾ ਕਰ ਰਹੇ ਸਨ ਕਿ ਕਿਵੇਂ ਅਸੀ ਹਰ ਚੀਜ਼ ਦੇ ਨਾਲ ਅਪਣੇ ਸ਼ਾਨਾਂਮੱਤੇ ਨਾਂ ਵੀ ਮਾਰ ਰਹੇ ਹਾਂ। ਹਰ ਕੌਮ ਦੇ ਨਾਂ ਉਸ ਦੀ ਪਛਾਣ ਹੁੰਦੇ ਹਨ। ਜਿਵੇਂ ਕਿ ਫ਼ਖ਼ਰਦੀਨ, ਖ਼ਾਨ ਸ਼ਮੀਰ, ਮੁਹੰਮਦ ਆਮਿਰ, ਸ਼ੋਇਬ ਅਖ਼ਤਰ, ਅਹਿਮਦ ਡੋਗਰ ਆਦਿ ਨਾਵਾਂ ਤੋਂ ਇਹ ਮੁਸਲਮਾਨ ਵੀਰਾਂ ਦੇ ਨਾਂ ਹੋਣ ਦਾ ਪਤਾ ਲੱਗ ਜਾਂਦਾ ਹੈ। ਮਾਰੀਆ ਸ਼ਾਰਾਪੋਵਾ, ਵਲਾਦੀਮੀਰ ਪੁਤਿਨ, ਟਰਾਟਸਕੀ, ਸਟਾਲਿਨ, ਰਸੂਲ ਹਮਜ਼ਾਤੋਵ ਆਦਿ ਨਾਂ ਬੋਲ ਰਹੇ ਹਨ ਕਿ ਇਹ ਰੂਸ ਜਾਂ ਸੋਵੀਅਤ ਯੂਨੀਅਨ ਦੇ 15 ਟੁਕੜਿਆਂ ਵਿਚ ਵੰਡੇ ਲੋਕਾਂ ਦੇ ਨਾਂ ਹਨ। ਸਿਲਵੈਸਟਰ ਸਟਾਲਿਨ, ਹੈਨਰੀ, ਟੌਮ, ਜਸਟਿਨ ਬੀਬਰ, ਐਂਜੇਲੀਨਾ, ਮਾਰੀਆ, ਅੰਗਰੇਜ਼ ਕੌਮ ਦੀ ਪਛਾਣ ਕਰਾਉਂਦੇ ਹਨ। ਮਹੇਸ਼ ਗੁਪਤਾ, ਸੁਰੇਸ਼, ਰਾਜੇਸ਼, ਰਾਜੀਵ, ਸੰਜੀਵ ਆਦਿ ਤੋਂ ਇਹ ਹਿੰਦੂ ਵੀਰਾਂ ਦੇ ਨਾਂ ਹੋਣ ਦਾ ਪਤਾ ਲੱਗ ਜਾਂਦਾ ਹੈ।
ਵਿਗਿਆਨ ਇਹ ਕਹਿੰਦਾ ਹੈ ਕਿ ਨਾਵਾਂ ਦਾ ਮਨੋਵਿਗਿਆਨਕ ਅਸਰ ਵੀ ਹੁੰਦਾ ਹੈ। ਜਿਵੇਂ ਕਿ ਕਿਲ੍ਹੇ ਦੇ ਬਾਹਰ ਖੜਾ ਮਹਾਰਾਜਾ ਰਣਜੀਤ ਸਿੰਘ ਦੁਸ਼ਮਣ ਨੂੰ ਲਲਕਾਰ ਰਿਹਾ ਹੈ, ''ਬਾਹਰ ਨਿਕਲ ਉਏ ਅਬਦਾਲੀ ਦਿਆ ਪੋਤਿਆ ਤੈਨੂੰ ਚੜ੍ਹਤ ਸਿੰਘ ਦਾ ਪੋਤਾ ਰਣਜੀਤ ਸਿੰਘ ਲਲਕਾਰ ਰਿਹਾ ਈ।'' ਨਾਂ ਦੀ ਦਹਿਸ਼ਤ ਹੈ, ਨਾਂ ਦਾ ਰੋਅਬ ਹੈ, ਨਾਂ ਦੀ ਕੌਮੀ ਪਛਾਣ ਹੈ। ਪਰ ਸੋਚੋ ਕਿ ਜੇ ਰਣਜੀਤ ਸਿੰਘ ਦਾ ਨਾਂ ਅੱਜ ਦੇ ਸਾਡੇ ਸਿੱਖਾਂ ਦੇ ਨਾਵਾਂ ਵਾਂਗ ਹੈਰੀ ਹੁੰਦਾ ਤਾਂ ਇਹ ਗੱਲ ਇੰਜ ਹੋਣੀ ਸੀ, ''ਬਾਹਰ ਨਿਕਲ ਉਏ ਅਬਦਾਲੀ ਦਿਆ ਪੋਤਿਆ ਤੈਨੂੰ ਜੈਲੀ ਦਾ ਪੋਤਾ ਹੈਰੀ ਲਲਕਾਰ ਰਿਹਾ ਈ।'' ਹੁਣ ਸੋਚੋ ਇਹੋ ਜਿਹੇ ਨਾਂ ਸੁਣ ਕੇ ਲੋਕ ਕੰਬਦੇ ਜਾਂ ਹੱਸ ਕੇ ਲੋਟ-ਪੋਟ ਹੋ ਜਾਂਦੇ?
ਅੱਜ ਤੋਂ ਲਗਭਗ 200-300 ਸਾਲ ਪਹਿਲਾਂ ਸਾਡੇ ਨਾਂ ਹੁੰਦੇ ਸਨ ਸ਼ਾਹਬਾਜ਼ ਸਿੰਘ, ਮਹਾਂ ਸਿੰਘ, ਸੁਬੇਗ ਸਿੰਘ, ਰਣਜੀਤ ਸਿੰਘ, ਚੜ੍ਹਤ ਸਿੰਘ, ਸ਼ਾਮ ਸਿੰਘ, ਹਰੀ ਸਿੰਘ, ਦੀਪ ਸਿੰਘ, ਬੋਹੜ ਸਿੰਘ, ਮੁਖ਼ਤਿਆਰ ਸਿੰਘ, ਬਖ਼ਤਾਵਰ ਸਿੰਘ, ਬਚਿੱਤਰ ਸਿੰਘ, ਅਜੀਤ ਸਿੰਘ, ਤਾਰੂ ਸਿੰਘ ਆਦਿ। ਸੋ ਸਾਡੇ ਨਾਂ ਵੀ ਸਾਡੀ ਪਛਾਣ ਅਤੇ ਦੁਸ਼ਮਣਾਂ ਵਾਸਤੇ ਕਾਫ਼ੀ ਸਨ। ਨਾਂ ਦਸਦੇ ਸਨ ਕਿ ਅਸੀ ਕੌਣ ਹਾਂ, ਕਿਸ ਦੇਸ਼ ਦੇ ਵਾਸੀ ਹਾਂ ਅਤੇ ਕਿਸ ਕੌਮ ਦੇ ਲੋਕ ਹਾਂ? ਦੁਸ਼ਮਣਾਂ ਦੇ ਦਿਲਾਂ ਵਿਚ ਇਨ੍ਹਾਂ ਨਾਵਾਂ ਦੇ ਖ਼ੌਫ਼ ਇਤਿਹਾਸ ਖ਼ੁਦ ਦਸਦਾ ਹੈ। ਸਾਨੂੰ ਕਦੇ ਖ਼ੁਦ ਦੱਸਣ ਦੀ ਲੋੜ ਨਹੀਂ ਪਈ ਕਿ ਅਸੀ ਕੌਣ ਹੁੰਦੇ ਹਾਂ। ਰੋਅਬਦਾਰ ਨਾਂ ਦੇ ਮਗਰ ਗੁਰੂ ਦਾ ਬਖ਼ਸ਼ਿਆ 'ਸਿੰਘ' ਸਾਡੀ ਪਛਾਣ ਖ਼ੁਦ ਕਰਾਉਂਦਾ ਸੀ।
ਸਾਡੀਆਂ ਮਾਤਾਵਾਂ ਦੇ ਨਾਂ ਵੀ ਉਦੋਂ ਪੰਜਾਬ ਕੌਰ, ਸਾਹਿਬ ਕੌਰ, ਮੁਖ਼ਤਿਆਰ ਕੌਰ, ਬਚਨ ਕੌਰ, ਜੋਗਿੰਦਰ ਕੌਰ, ਜੀਤ ਕੌਰ, ਪ੍ਰਸਿੰਨ ਕੌਰ, ਰਾਮ ਕੌਰ, ਅਮਰਜੀਤ ਕੌਰ ਵਰਗੇ ਹੁੰਦੇ ਸਨ ਜਾਂ ਕੁੱਝ ਕੁ ਪੇਂਡੂ ਜਿਹੇ ਦੇਸੀ ਨਾਂ। ਪਰ ਉਹ ਵੀ ਸਾਡੇ ਅਮੀਰ ਸਭਿਆਚਾਰ ਦੀ ਨਿਸ਼ਾਨੀ ਸਨ ਜਿਵੇਂ ਕਿ ਧੋਲਾਂ, ਘੋਟੋ, ਰਾਮ ਰੱਖੀ, ਸੀਤੋ, ਮਾੜੋ, ਬੀਬੋ ਆਦਿ। ਇਨ੍ਹਾਂ ਦੇਸੀ ਜਿਹੇ ਨਾਵਾਂ ਵਿਚੋਂ ਵੀ ਸਾਡਾ ਅਮੀਰ ਸਭਿਆਚਾਰ ਡੁਲ੍ਹ-ਡੁਲ੍ਹ ਪੈਂਦਾ ਸੀ।
ਉਸ ਤੋਂ ਬਾਅਦ ਜੇ ਮੈਂ ਗ਼ਲਤ ਨਾ ਹੋਵਾਂ ਤਾਂ ਪਿਛਲੇ 60-70 ਸਾਲ ਤੋਂ ਸਾਡੇ ਨਾਵਾਂ ਵਿਚ ਕੁੱਝ ਬਦਲਾਅ ਹੋਣੇ ਸ਼ੁਰੂ ਹੋਏ ਪਰ ਸਾਡੀ ਪੰਜਾਬੀ ਜਾਂ ਸਿੱਖੀ ਦਿੱਖ ਇਨ੍ਹਾਂ ਨਾਵਾਂ ਵਿਚ ਵੀ ਕਾਇਮ ਰਹੀ। ਜਿਵੇਂ ਕਿ ਦਿਲਜੀਤ ਸਿੰਘ, ਦਿਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਸੁਰਿੰਦਰ ਸਿੰਘ, ਦਿਲਰਾਜ ਸਿੰਘ, ਹਨੀਪ੍ਰੀਤ ਸਿੰਘ, ਖ਼ੁਸ਼ਪ੍ਰੀਤ ਸਿੰਘ ਆਦਿ। ਕੁੜੀਆਂ ਦੇ ਨਾਂ ਵੀ ਇਨ੍ਹਾਂ ਨਾਵਾਂ ਵਿਚ ਹੀ ਰਲਗੱਡ ਹੋ ਗਏ ਜਿਵੇਂ ਕਿ ਰਾਜਦੀਪ ਕੌਰ, ਜਸਲੀਨ ਕੌਰ, ਜਸਮੀਨ ਕੌਰ, ਖ਼ੁਸ਼ਪ੍ਰੀਤ ਕੌਰ, ਸੁਰਿੰਦਰ ਕੌਰ ਆਦਿ। ਨਾਂ ਭਾਵੇਂ ਅਸੀ ਨਵੇਂ ਲੱਭੇ ਅਤੇ ਰਖਣੇ ਸ਼ੁਰੂ ਕੀਤੇ ਪਰ ਇਨ੍ਹਾਂ ਨਾਵਾਂ ਵਿਚ ਵੀ ਪੰਜਾਬੀ ਅਤੇ ਸਿੱਖੀ ਦਿੱਖ ਕਾਇਮ ਰਹੀ ਕਿਉਂਕਿ ਉਦੋਂ ਹਾਲੇ ਸਾਨੂੰ ਅਪਣੇ ਨਾਂ ਨਾਲ ਅੱਜ ਵਾਂਗ ਸਿੰਘ ਜਾਂ ਕੌਰ ਲਾਉਂਦਿਆਂ ਸ਼ਰਮ ਮਹਿਸੂਸ ਨਹੀਂ ਸੀ ਹੋਣ ਲੱਗੀ। ਜਦੋਂ ਸਾਨੂੰ ਕੋਈ ਨਾਂ ਪੁਛਦਾ ਤਾਂ ਅਸੀ ਬੜੇ ਮਾਣ ਨਾਲ ਕਹਿੰਦੇ ਕਿ ਫ਼ਲਾਣਾ ਸਿੰਘ ਜਾਂ ਫ਼ਲਾਣੀ ਕੌਰ। ਕਹਿਣ ਦਾ ਭਾਵ ਕਿ ਕੌਮੀ ਅਣਖ ਅਤੇ ਗ਼ੈਰਤ ਉਦੋਂ ਹਾਲੇ ਮਰੀ ਨਹੀਂ ਸੀ।
ਪਰ ਹੁਣ ਗੱਲ ਕਰੀਏ ਪਿਛਲੇ 20-30 ਸਾਲਾਂ ਤੋਂ ਹੋਂਦ ਵਿਚ ਆ ਰਹੇ ਸਾਡੇ ਨਵੇਂ ਨਾਵਾਂ ਦੀ। ਜਿਵੇਂ ਹੈਰੀ, ਰਿੱਕੀ, ਗੈਰੀ, ਨਿੱਪੀ, ਹੈਪੀ, ਬੌਬੀ, ਜੈਜ਼ੀ, ਜੈਨੀ ਆਦਿ ਹੋਰ ਵੀ ਅਜਿਹੇ ਕਿੰਨੇ ਹੀ ਨਾਂ। ਕੋਈ ਇਨ੍ਹਾਂ ਨਾਵਾਂ ਨੂੰ ਪੜ੍ਹ ਕੇ ਇਹ ਦੱਸ ਸਕਦਾ ਹੈ ਕਿ ਇਹ ਕਿਸ ਕੌਮ ਦੇ, ਜਾਂ ਕਿਸ ਮਾਤਭੂਮੀ ਦੇ ਵਾਸੀਆਂ ਦੇ ਨਾਂ ਹਨ? ਜਵਾਬ ਆਵੇਗਾ ਨਹੀਂ। ਸੋਚਣ ਵਾਲੀ ਗੱਲ ਇਹ ਹੈ ਕਿ ਇਹ ਨਾਂ ਸਾਡੀ ਕੌਮ ਵਿਚ ਕਿਥੋਂ ਤੇ ਕਿਵੇਂ ਆਏ? ਮੇਰਾ ਮੰਨਣਾ ਹੈ ਕਿ ਇਹ ਮਿਹਰਬਾਨੀ ਵੀ ਸਾਡੀ ਮਾਂ-ਬੋਲੀ ਦੇ ਅਖੌਤੀ ਰਾਖਿਆਂ ਦੀ ਹੈ। ਜ਼ਰਾ ਵੇਖੋ ਸਾਡੇ ਗਾਇਕਾਂ ਅਤੇ ਗਾਇਕਾਵਾਂ ਦੇ ਨਾਂ - ਜੈਜ਼ੀ ਬੀ, ਕੌਰ ਬੀ, ਜੈਜ਼ ਧਾਮੀ, ਗਿੱਪੀ ਗਰੇਵਾਲ, ਸਿੱਪੀ ਗਿੱਲ, ਰਿਮਜ਼ ਜੇ, ਮਿਕਸ ਸਿੰਘ, ਜੈਨੀ ਜੌਹਲ, ਐਮੀ ਵਿਰਕ, ਜੈਸਮੀਨ ਸੈਂਡਲਜ਼, ਮਿਸ ਪੂਜਾ, ਹਨੀ ਸਿੰਘ, ਗੈਰੀ ਸੰਧੂ, ਹੈਰੀ ਬਾਜਵਾ, ਬੋਹੇਮੀਆ, ਮਿਸ ਨੀਲਮ, ਬੈਨੀ ਏ, ਏ-ਕੇ, ਤਾਨੀਆ ਗਿੱਲ ਆਦਿ। ਸਾਡੀ ਮਾਨਸਿਕਤਾ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਜੇ ਅਸੀ ਅਪਣੇ ਬਜ਼ੁਰਗਾਂ ਵਾਂਗ ਨਾਂ ਰੱਖੇ ਤਾਂ ਪਤਾ ਨਹੀਂ ਸਾਨੂੰ ਬੂਝੜ ਹੀ ਨਾ ਸਮਝ ਲਿਆ ਜਾਵੇ। ਪਰ ਅਜੋਕੀ ਪੀੜ੍ਹੀ ਨੂੰ ਇਹ ਗੱਲ ਭੁੱਲ ਗਈ ਹੈ ਕਿ ਤਹਿਜ਼ੀਬ ਸਾਨੂੰ ਇਹ ਸਿਖਾਉਂਦੀ ਹੈ ਕਿ ਅਪਣੀ ਕੌਮੀ ਵਿਰਾਸਤ ਨੂੰ ਛੱਡ ਕੇ ਦੁਨੀਆਂ ਦੀ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ। ਇਕੱਲੇ ਹਰੀ ਸਿੰਘ 'ਨਲੂਏ' ਅਤੇ ਸ਼ਾਮ ਸਿੰਘ 'ਅਟਾਰੀਵਾਲਾ' ਵਰਗੇ ਸ਼ੇਰਾਂ ਦੇ ਸਾਹਮਣੇ ਅਸੀ ਸਾਰੇ 3 ਕਰੋੜ ਸਵਾਹ ਦੀ ਢੇਰੀ ਹਾਂ।
ਸਾਡੇ ਗਾਇਕ ਹੁਣ ਇਕੱਲੀ ਨਵੀਂ ਪੀੜ੍ਹੀ ਦੇ ਹੀ ਨਹੀਂ ਸਗੋਂ ਸਾਡੇ ਪਿਉ-ਦਾਦਿਆਂ ਦੇ ਵੀ ਹੀਰੋ ਬਣ ਗਏ ਹਨ। ਵਿਆਹਾਂ ਵਿਚ 70-70 ਸਾਲ ਦੇ ਬਜ਼ੁਰਗ ਸਟੇਜਾਂ ਤੇ ਆਰਕੈਸਟਰਾ ਵਾਲੀਆਂ ਕੁੜੀਆਂ ਨਾਲ ਗੰਦੀਆਂ ਹਰਕਤਾਂ ਕਰਦੇ ਅਸੀ ਸੱਭ ਨੇ ਵੇਖੇ ਹੋਣਗੇ। ਕੌਮ ਜਦੋਂ ਇਥੋਂ ਤਕ ਡਿੱਗ ਗਈ ਹੈ ਤਾਂ ਕੌਮ ਦੀ ਅਮੀਰ ਵਿਰਾਸਤ ਨਾਲ ਸਾਡਾ ਵਾਹ ਵਾਸਤਾ ਕਿਥੇ ਰਹਿ ਗਿਆ? ਸਾਡਾ ਪੂਰਾ ਜ਼ੋਰ ਤਾਂ 'ਮਾਡਰਨ' ਅਖਵਾਉਣ ਉਤੇ ਲੱਗਾ ਹੋਇਆ ਹੈ। ਪਰ ਇਨ੍ਹਾਂ ਅਕਲ ਦੇ ਅੰਨ੍ਹਿਆਂ ਨੂੰ ਇਹ ਗੱਲ ਕੌਣ ਸਮਝਾਏ ਕਿ ਇਨਸਾਨ ਦਾ ਮੁੱਲ ਪੈਸੇ, ਨਾਵਾਂ ਜਾਂ ਸੂਰਤਾਂ ਨਾਲ ਨਹੀਂ ਬਲਕਿ ਲਿਆਕਤ, ਤਹਿਜ਼ੀਬ, ਪੜ੍ਹਾਈ ਤੇ ਅਣਖਾਂ ਨਾਲ ਪੈਂਦਾ ਹੈ।
ਦਿੱਲੀ ਕਮੇਟੀ ਵਿਚ ਤਾਂ ਇਹੋ ਜਿਹੇ ਨਾਵਾਂ ਦੀ ਭਰਮਾਰ ਹੈ। ਮੌਂਟੀ, ਸ਼ੈਂਟੀ ਆਦਿ ਨਾਵਾਂ ਵਾਲੇ ਕਿੰਨੇ ਹੀ ਸਾਡੇ ਸ਼੍ਰੋਮਣੀ ਕਮੇਟੀ ਮੈਂਬਰ ਹਨ। ਉਨ੍ਹਾਂ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਪਣੇ ਅਸਲੀ ਨਾਵਾਂ ਨਾਲ ਇਹੋ ਜਿਹੇ ਨਾਂ ਨਹੀਂ ਲਿਖਣੇ ਚਾਹੀਦੇ ਕਿਉਂਕਿ ਉਮਰ ਦੇ ਹਿਸਾਬ ਨਾਲ ਉਨ੍ਹਾਂ ਦੇ ਇਹੋ ਜਿਹੇ ਨਾਂ ਬੜੇ ਬਚਕਾਨਾ ਲਗਦੇ ਹਨ ਜਿਵੇਂ ਬੱਚਿਆਂ ਦੇ ਨਾਂ ਹੋਣ।
ਅਸੀ ਇਨ੍ਹਾਂ ਨਾਵਾਂ ਦੇ ਏਨੇ ਗ਼ੁਲਾਮ ਹੋ ਗਏ ਹਾਂ ਕਿ ਜਦੋਂ 'ਉਡਤਾ ਪੰਜਾਬ' ਫ਼ਿਲਮ ਦੇ ਮੁੱਖ ਕਿਰਦਾਰ ਦਾ ਨਾਂ 'ਟੌਮੀ ਸਿੰਘ' ਰਖਿਆ ਗਿਆ ਤਾਂ ਕੋਈ ਹਿਲਜੁਲ ਨਾ ਹੋਈ। ਸ਼੍ਰੋਮਣੀ ਕਮੇਟੀ ਨੇ ਕੋਈ ਕਾਰਵਾਈ ਨਾ ਕੀਤੀ ਕਿ ਟੌਮੀ ਆਮ ਤੌਰ ਤੇ ਕੁੱਤਿਆਂ ਦਾ ਨਾਂ ਹੁੰਦਾ ਹੈ। ਬਿਨਾਂ ਸ਼ੱਕ ਫ਼ਿਲਮ ਵਧੀਆ ਸੀ ਅਤੇ ਅੱਜ ਦੇ ਪੰਜਾਬ ਦਾ ਪੂਰਾ ਹਾਲ ਬਿਆਨ ਕਰਦੀ ਸੀ। ਪਰ ਇਸ ਨਾਂ ਵਿਰੁਧ ਕੋਈ ਇਕ ਵੀ ਆਵਾਜ਼ ਨਹੀਂ ਉੱਠੀ ਕਿਉਂਕਿ ਇਹ ਨਾਂ ਸਾਡੇ ਜ਼ਿਹਨ ਅੰਦਰ ਘਰ ਕਰ ਗਏ ਹਨ ਅਤੇ ਅਸੀ ਮੁਰਦਿਆਂ ਵਾਂਗ ਸਹਿਣਾ ਸਿਖ ਗਏ ਹਾਂ।
ਨਾਵਾਂ ਦਾ ਕਹਿਰ ਇਥੇ ਹੀ ਨਹੀਂ ਰੁਕ ਰਿਹਾ। ਅੱਜ ਤੋਂ 30-40 ਸਾਲ ਪਹਿਲਾਂ ਦੀਆਂ ਪੰਜਾਬੀ ਫ਼ਿਲਮਾਂ ਵੇਖੋ ਤਾਂ ਹੀਰੋ ਅਤੇ ਵਿਲੇਨ ਦੇ ਨਾਂ ਹੁੰਦੇ ਸਨ ਸੁੱਚਾ, ਸ਼ੇਰਾ, ਜੰਗਾ, ਘੁੱਕਰ, ਜ਼ੈਲਾ, ਸ਼ੇਰੂ, ਵੱਢਖਾਣਾ, ਜ਼ੋਰਾ, ਜ਼ੋਰਾਵਰ, ਬਖ਼ਤਾਵਰ, ਗੇਜਾ ਆਦਿ। ਫ਼ਿਲਮਾਂ ਦੇ ਨਾਂ ਹੁੰਦੇ ਸਨ ਜੱਟ ਸੂਰਮੇ, ਅਣਖ ਜੱਟਾਂ ਦੀ, ਬਲਬੀਰੋ ਭਾਬੀ, ਸੁੱਚਾ ਸੂਰਮਾ, ਤਬਾਹੀ, ਜੱਟ ਤੇ ਜ਼ਮੀਨ, ਯਾਰੀ ਜੱਟ ਦੀ, ਜੱਟ ਜਿਊਣਾ ਮੌੜ ਆਦਿ। ਕਹਿਣ ਦਾ ਭਾਵ ਕਿ ਫ਼ਿਲਮਾਂ ਦੇ ਪਾਤਰ ਅਤੇ ਫ਼ਿਲਮਾਂ ਦੇ ਨਾਂ ਦੋਵੇਂ ਹੀ ਪੰਜਾਬੀ ਸਭਿਆਚਾਰ ਦੀ, ਜੇ ਪੂਰੀ ਨਹੀਂ ਤਾਂ ਅੱਧ-ਪਚੱਧੀ ਤਰਜ਼ਮਾਨੀ ਜ਼ਰੂਰ ਕਰਦੇ ਸਨ। ਪਰ ਅੱਜ ਦੀਆਂ ਫ਼ਿਲਮਾਂ ਦੇ ਨਾਂ ਵੇਖੋ - ਜੱਟ ਐਂਡ ਜੂਲੀਅਟ, ਨੌਟੀ ਜੱਟਸ, ਮਿਸਟਰ ਐਂਡ ਮਿਸੇਜ਼ 420, ਜੱਟ ਜੇਮਜ਼ ਬਾਂਡ, ਡੈਡੀ ਕੂਲ ਮੁੰਡੇ ਫ਼ੂਲ, ਕੈਰੀ ਆਨ ਜੱਟਾ, ਓ ਮਾਈ ਪਿਓ ਜੀ, ਜੱਟਜ਼ ਇਨ ਗੋਲਮਾਲ ਆਦਿ। ਹੁਣ ਦੱਸੋ ਕਿ ਇਹ ਫ਼ਿਲਮਾਂ ਦੇ ਨਾਂ ਦੁਨੀਆਂ ਦੇ ਕਿਹੜੇ ਸਭਿਆਚਾਰ ਦੀਆਂ ਰਹੁ ਰੀਤਾਂ ਦੀ ਤਰਜਮਾਨੀ ਕਰਦੇ ਹਨ? ਫ਼ਿਲਮਾਂ ਦੇ ਪਾਤਰਾਂ ਦੇ ਨਾਵਾਂ ਦਾ ਤਾਂ ਰੱਬ ਨੂੰ ਵੀ ਪਤਾ ਨਹੀਂ ਚਲਦਾ ਕਿ ਇਹ ਦੁਨੀਆਂ ਦੇ ਕਿਹੜੇ ਪ੍ਰਾਣੀਆਂ ਦੇ ਨਾਂ ਹਨ। ਜੈਲੀ, ਹਨੀ, ਸੀਮਾ, ਹੈਪੀ, ਹਨੀ, ਗੈਵੀ, ਰੀਮਾ ਆਦਿ। ਜਿਹੋ ਜਿਹੇ ਫ਼ਿਲਮਾਂ ਦੇ ਨਾਂ ਉਹੋ ਜਿਹੇ ਹੀ ਇਨ੍ਹਾਂ ਦੇ ਕਿਰਦਾਰਾਂ ਦੇ ਨਾਂ।
ਨਾਂ ਕਿਸੇ ਕੌਮ ਦਾ ਅਪਣਾ ਸਰਮਾਇਆ ਹੁੰਦੇ ਹਨ,  ਅਪਣੀ ਕੌਮੀ ਸ਼ਾਨ ਹੁੰਦੇ ਹਨ ਅਤੇ ਪਛਾਣ ਹੁੰਦੇ ਹਨ। ਪਰ ਸਾਡੀ ਕੌਮ ਜਿੰਨੀ ਨਿਰਮੋਹੀ ਅਤੇ ਲਾਈਲੱਗ ਕੌਮ ਦੁਨੀਆਂ ਦੇ ਕਿਸੇ ਹਿੱਸੇ ਵਿਚ ਕੋਈ ਹੋਰ ਨਹੀਂ। ਦੂਜਿਆਂ ਦੀ ਰੀਸ ਕਰ ਕੇ ਅਪਣੇ ਸਭਿਆਚਾਰ ਦੀਆਂ ਜੜ੍ਹਾਂ 'ਚ ਤੇਲ ਦੇਣਾ ਕੋਈ ਸਾਡੇ ਤੋਂ ਸਿਖੇ। ਸਾਡੇ ਕੌਮੀ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ, ਸੋਹਣ ਸਿੰਘ ਭਕਨਾ, ਹਰਨਾਮ ਸਿੰਘ ਟੁੰਡੀਲਾਟ, ਜਰਨਲ ਮੋਹਨ ਸਿੰਘ, ਦੀਵਾਨ ਸਿੰਘ ਕਾਲੇਪਾਣੀ ਆਦਿ ਨਾਂ ਸਾਡੇ ਜ਼ਿਹਨ 'ਚੋਂ ਭੁੱਲ ਕਿਵੇਂ ਗਏ? ਅਸੀ ਅਪਣੀ ਔਲਾਦ ਦੇ ਨਾਂ ਉਨ੍ਹਾਂ ਦੇ ਨਾਵਾਂ ਤੇ ਕਿਉਂ ਨਹੀਂ ਰੱਖ ਸਕਦੇ? ਇਨ੍ਹਾਂ ਹੈਰੀਆਂ, ਸ਼ੈਰੀਆਂ, ਗੈਰੀਆਂ ਆਦਿ ਨਾਵਾਂ ਵਿਚੋਂ ਸਾਨੂੰ ਕਿਸੇ ਹੋਰ ਸਭਿਆਚਾਰ ਦੀ ਹਵਾੜ ਕਿਉਂ ਨਹੀਂ ਆਉਂਦੀ? ਜਾਂ ਫਿਰ ਇਹ ਕਹਿ ਲਿਆ ਜਾਵੇ ਕਿ ਅਸੀ ਮੁਰਦਾ ਹੋ ਗਏ ਹਾਂ ਅਤੇ ਅਸੀ ਕੁੱਝ ਵੀ ਸੋਚਣ, ਸਮਝਣ ਅਤੇ ਮਹਿਸੂਸ ਕਰਨ ਦੇ ਸਮਰੱਥ ਨਹੀਂ ਰਹੇ।
ਇਕੱਲੇ ਨਾਂ ਹੀ ਨਹੀਂ ਸੁਭਾਅ ਵੀ ਬਦਲ ਗਏ ਹਨ ਸਾਡੀ ਕੌਮ ਦੇ। ਰਹਿਣੀ-ਬਹਿਣੀ ਬਦਲ ਗਈ ਹੈ। ਜਦੋਂ ਕੌਮ ਦਾ ਘਰ ਘੋੜੇ ਦੀਆਂ ਕਾਠੀਆਂ ਤੇ ਸੀ, ਖ਼ੁਰਾਕ ਭੁੱਜੇ ਛੋਲੇ ਅਤੇ ਦਰੱਖ਼ਤਾਂ ਦੇ ਪੱਤੇ ਸਨ, ਪਹਿਰਾਵਾ ਦੇਸੀ ਸੀ, ਰਹਿਣ ਸਹਿਣ ਸਾਦਾ ਸੀ, ਆਟਾ ਚੱਕੀਆਂ ਤੇ ਪੀਂਹਦੇ ਸੀ, ਹੱਥੀਂ ਕਿਰਤ ਕਰਦੇ ਸੀ, ਦੁੱਖ-ਸੁੱਖ 'ਚ ਕੰਮ ਆਉਂਦੇ ਸੀ, ਗ਼ਰੀਬ ਉਤੇ ਤਰਸ ਕਰਦੇ ਸੀ, ਅਪਣੇ ਵਿਰਸੇ ਉਤੇ ਮਾਣ ਕਰਦੇ ਸੀ, ਅਕਾਲ ਪੁਰਖ ਦੇ ਭਾਣੇ ਵਿਚ ਰਹਿੰਦੇ ਸੀ ਅਤੇ ਕੌਮ ਦਾ ਕਿਰਦਾਰ ਜਮਰੌਦ ਦੇ ਕਿੱਲੇ ਜਿੰਨਾ ਉੱਚਾ ਸੀ ਉਦੋਂ ਕੌਮ ਏਕਤਾ, ਪਿਆਰ, ਸੱਬਰ, ਇਤਫ਼ਾਕ ਅਤੇ ਦੁਸ਼ਮਣ ਨਾਲ ਲੜਨ ਦੀ ਤਾਕਤ ਸੱਭ ਕੁੱਝ ਸੀ। ਪਰ ਅੱਜ ਜਦੋਂ ਅਸੀ ਡੌਮੀਨੋਜ਼ ਦੇ ਪੀਜ਼ੇ ਨਾਲ ਕੋਕ ਪੀਣ ਗਿੱਝ ਗਏ ਹਾਂ, ਸੀ.ਸੀ.ਡੀ. ਦੀ ਕੌਫ਼ੀ ਦੀਆਂ ਚੁਸਕੀਆਂ ਭਰਨ ਸਿਖ ਗਏ ਹਾਂ, ਫੁੱਲੇ ਜਦੋਂ ਦੇ ਪੌਪਕੋਰਨ ਹੋ ਗਏ ਹਨ, ਮੈਕਡਾਨਲਡ ਦਾ ਬਰਗਰ ਜਦੋਂ ਦੀ ਸਾਡੀ ਖੀਰ ਅਤੇ ਸੇਵੀਆਂ ਨੂੰ ਪਿੱਛੇ ਛੱਡ ਗਿਆ ਹੈ ਅਤੇ ਜਦੋਂ ਦੇ ਅਸੀ ਮਹਿੰਗੇ ਕਪੜੇ ਅਤੇ 'ਮਾਡਰਨ' ਨਾਵਾਂ ਦੇ ਪਿਛਲੱਗੂ ਬਣੇ ਹਾਂ, ਅਸੀ 3 ਕਰੋੜ ਦੀ ਗਿਣਤੀ 'ਚ ਹੁੰਦੇ ਹੋਏ ਵੀ ਕਿਸੇ ਗਿਣਤੀ 'ਚ ਨਹੀਂ ਆਉਂਦੇ। ਮਹਿਲਾਂ ਵਰਗੇ ਘਰ, ਬਦਾਮ, ਕਾਜੂ ਜਦੋਂ ਦੇ ਆਮ ਹੋ ਗਏ, ਸਿੱਖੀ ਕਿਰਦਾਰ, ਸਬਰ, ਸੰਤੋਖ, ਇਤਫ਼ਾਕ, ਭਾਈਚਾਰਾ, ਹਲੀਮੀ, ਪਤਾ ਨਹੀਂ ਕਿਹੜੇ ਪਤਾਲੀਂ ਜਾ ਵੜੇ।
ਕਦੇ ਸੁੱਚੇ ਸੂਰਮੇ ਅਤੇ ਜਿਊਣੇ ਮੋੜ ਵਰਗੇ ਸਾਡੇ ਹੀਰੋ ਹੁੰਦੇ ਸਨ। ਉਹੀ ਕੌਮ ਦੇ ਰੋਲ ਮਾਡਲ ਸਨ। ਪਰ ਅਫ਼ਸੋਸ ਕਿ ਅੱਜ ਦੇ ਸਮੇਂ ਅਹਿਮਦ ਡੋਗਰ, ਘੁੱਕਰ ਅਤੇ ਭਾਗ ਸਿਹੁੰ ਅਪਣੇ ਨਾਂ ਵਟਾ ਕੇ ਉਹੋ ਜਿਹੇ ਕੰਮ ਕਰ ਕੇ ਬੜੀ ਸ਼ਾਨ ਨਾਲ ਸਮਾਜ 'ਚ ਵਿਚਰ ਰਹੇ ਹਨ। ਨਾਵਾਂ ਦੇ ਬਦਲ ਜਾਣ ਨਾਲ ਸਾਡੇ ਸਮਾਜ ਦੀ ਸੋਚ ਵੀ ਬਦਲ ਗਈ ਹੈ। ਅੱਜ ਸੁੱਚੇ ਸੂਰਮੇ ਅਤੇ ਜਿਊਣੇ ਮੌੜ ਵਰਗੇ ਅਣਖੀ ਯੋਧਿਆਂ ਵਾਲੇ ਕੰਮ ਕਰਨ ਵਾਲਿਆਂ ਨੂੰ ਬੇਵਕੂਫ਼ ਅਤੇ ਪਛੜਿਆ ਹੋਇਆ ਕਿਹਾ ਜਾਂਦਾ ਹੈ। ਅਹਿਮਦ ਡੋਗਰ ਵਰਗੇ ਯਾਰ ਮਾਰ ਕਰਨ ਵਾਲੇ, ਘੁੱਕਰ ਵਰਗੇ ਦੂਜਿਆਂ ਦੀਆਂ ਇਜ਼ਤਾਂ ਮਿੱਟੀ ਵਿਚ ਰੋਲਣ ਵਾਲੇ ਅਤੇ ਭਾਗ ਸਿਹੁੰ ਵਰਗੇ ਦੱਲੇ ਅੱਜ ਦੇ ਸਮਾਜ ਵਿਚ ਹੀਰੋ ਕਹਾਉਂਦੇ ਹਨ। ਮਾਫ਼ ਕਰਨਾ ਜੋ ਕੰਮ ਸਾਡੀ ਕੌਮੀ ਅਣਖ ਅਤੇ ਗ਼ੈਰਤ ਦੇ ਹਮੇਸ਼ਾ ਵਿਰੁਧ ਰਹੇ ਹਨ, ਅੱਜ ਉਹ ਸੱਭ ਸਾਡੇ ਸਮਾਜ ਵਿਚ ਸ਼ਰੇਆਮ ਹੋ ਰਹੇ ਹਨ ਅਤੇ ਇਨ੍ਹਾਂ ਕੰਮਾਂ ਨੂੰ ਸਮਾਜ ਨੇ ਪ੍ਰਵਾਨਗੀ ਹੀ ਨਹੀਂ ਦਿਤੀ ਸਗੋਂ ਉਹ ਸੁੱਚੇ ਅਤੇ ਜਿਊਣੇ ਵਿਰੁਧ ਡੋਗਰਾਂ, ਘੁੱਕਰਾਂ ਅਤੇ ਭਾਗ ਸਿਹੁੰ ਵਰਗਿਆਂ ਨਾਲ ਖੜਾ ਵਿਖਾਈ ਦਿੰਦਾ ਹੈ।
ਅਜੇ ਵੀ ਵੇਲਾ ਹੈ, ਆਉ ਅਪਣੀ ਕੌਮੀ ਅਣਖ ਅਤੇ ਗ਼ੈਰਤ ਪਛਾਣੀਏ। ਅਪਣੇ ਸਭਿਆਚਾਰ ਉਤੇ ਫ਼ਖ਼ਰ ਕਰਨਾ ਸਿਖੀਏ। ਅਪਣੇ ਬੱਚਿਆਂ ਦੇ ਨਾਂ ਅਪਣੇ ਬਜ਼ੁਰਗਾਂ, ਕੌਮੀ ਯੋਧਿਆਂ, ਵਿਦਵਾਨਾਂ, ਲੇਖਕਾਂ ਆਦਿ ਦੇ ਨਾਂ ਤੇ ਰੱਖੋ ਅਤੇ ਉਨ੍ਹਾਂ ਨੂੰ ਉਨ੍ਹਾਂ ਵਰਗਾ ਬਣਨ ਦੀ ਪ੍ਰੇਰਨਾ ਦਿਉ। ਇਸ ਦੀ ਸ਼ੁਰੂਆਤ ਮੈਂ ਖ਼ੁਦ ਤੋਂ ਕਰ ਰਿਹਾ ਹਾਂ। ਮੇਰਾ ਵੀ ਛੋਟਾ ਨਾਂ 'ਨਿੱਪੀ' ਹੈ। ਛੋਟੇ ਹੁੰਦਿਆਂ ਮੈਨੂੰ ਅਪਣਾ ਇਹ ਨਾਂ ਬੜਾ ਪਸੰਦ ਸੀ। ਪਰ ਹੁਣ 34 ਸਾਲ ਦੀ ਉਮਰ ਭੋਗ ਕੇ ਮੈਨੂੰ ਇਹੋ ਜਿਹੇ ਬੱਚਿਆਂ ਵਾਲੇ ਨਾਂ ਬਿਲਕੁਲ ਚੰਗੇ ਨਹੀਂ ਲਗਦੇ। ਮੇਰੇ ਪਿਛਲੇ ਲੇਖ ਵਿਚ ਮੇਰਾ ਇਹ ਨਾਂ ਪੜ੍ਹ ਕੇ ਇਕ ਪਾਠਕ 'ਸੁਖਪਾਲ ਸਿੰਘ ਬੀਰ' ਦਾ ਫ਼ੋਨ ਆਇਆ। ਉਨ੍ਹਾਂ ਵਧੀਆ ਲੇਖ ਦੀ ਵਧਾਈ ਦਿਤੀ ਪਰ ਨਾਂ ਤੇ ਕਿੰਤੂ ਕੀਤਾ, ਜੋ ਉਨ੍ਹਾਂ ਨੇ ਬਿਲਕੁਲ ਠੀਕ ਕੀਤਾ। ਇਹੋ ਜਿਹੇ ਨਾਂ ਸਾਡੀ ਕੌਮ ਦੀ ਤਰਜਮਾਨੀ ਨਹੀਂ ਕਰਦੇ ਅਤੇ ਨਾ ਹੀ ਸਾਡੀ ਕੌਮ ਦੀ ਪਛਾਣ ਕਰਾਉਂਦੇ ਹਨ।  ਸੰਪਰਕ : 94785-22228

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਥਾਣਿਆਂ ਬਾਹਰ ਖੜੇ ਵੀਹਕਲਾਂ ਦੇ ਅੰਬਾਰ ਹੋਣਗੇ ਖ਼ਤਮ ! High Court ਦੇ ਕਿਹੜੇ orders ? ਦੇਖੋ lawyers ਦਾ interview

23 May 2025 3:03 PM

Manpreet Singh Ayali ਦਾ Sukhbir Badal ਨੂੰ challenge 'ਪ੍ਰਧਾਨਗੀ ਛੱਡਣ Sukhbir Badal' | Akali Dal NEWS

23 May 2025 3:01 PM

Thar ਵਾਲੀ Suspended Constable ਦੀ Court 'ਚ ਪੇਸ਼ੀ, Bathinda 'ਚ ਚਿੱਟੇ ਸਣੇ ਫੜੀ ਗਈ ਸੀ Amandeep Kaur

23 May 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

23 May 2025 12:24 PM

High Court ਬਾਹਰ ਲੱਗ ਗਈ Heavy force, Chandigarh Police ਚਾਰੇ ਪਾਸੇ ਸਰਗਰਮ

22 May 2025 9:03 PM
Advertisement