
5 ਜੂਨ ਸੋਮਵਾਰ ਦੇ ਸਪੋਕਸਮੈਨ ਵਿਚ ਮੇਰਾ ਇਕ ਲੇਖ 'ਛੋਟੇ ਕਿਸਾਨ ਹੀ ਕਿਉਂ ਕਰਦੇ ਹਨ ਆਤਮਹਤਿਆ?' ਛਪਿਆ। ਬਹੁਤ ਸਾਰੇ ਪਾਠਕਾਂ ਦੇ ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚੋਂ ਵੀ ਫ਼ੋਨ ਆਏ।
5 ਜੂਨ ਸੋਮਵਾਰ ਦੇ ਸਪੋਕਸਮੈਨ ਵਿਚ ਮੇਰਾ ਇਕ ਲੇਖ 'ਛੋਟੇ ਕਿਸਾਨ ਹੀ ਕਿਉਂ ਕਰਦੇ ਹਨ ਆਤਮਹਤਿਆ?' ਛਪਿਆ। ਬਹੁਤ ਸਾਰੇ ਪਾਠਕਾਂ ਦੇ ਦੇਸ਼ਾਂ ਅਤੇ ਪ੍ਰਦੇਸ਼ਾਂ ਵਿਚੋਂ ਵੀ ਫ਼ੋਨ ਆਏ। ਇਕ ਫ਼ੋਨ ਸ਼ਾਇਦ ਸੁਲਤਾਨਪੁਰ ਲੋਧੀ ਤੋਂ ਸੇਵਾਮੁਕਤ ਫ਼ੌਜ ਵਿਚੋਂ ਬ੍ਰਿਗੇਡੀਅਰ ਫ਼ੌਜੀ ਦਾ ਸੀ ਜਿਸ ਦਾ ਕਹਿਣਾ ਸੀ ਕਿ 'ਮੇਰੇ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ, ਜਿਸ ਵਿਚੋਂ ਅੱਧਾ ਏਕੜ ਵਿਚ ਸਿਰਫ਼ ਕਣਕ ਬੀਜਦਾ ਹਾਂ। ਇਸ ਵਿਚੋਂ ਸਾਲ ਭਰ ਪ੍ਰਵਾਰ ਦੇ ਖਾਣ ਜੋਗੀ ਕਣਕ ਹੋ ਜਾਂਦੀ ਹੈ। ਇਕ ਮੱਝ ਅਤੇ ਗਾਂ ਰੱਖੀ ਹੋਈ ਹੈ, ਉਨ੍ਹਾਂ ਲਈ ਕੁੱਝ ਤੂੜੀ ਬਣ ਜਾਂਦੀ ਹੈ। ਕਣਕ ਕੱਟਣ ਤੋਂ ਬਾਅਦ ਉਸ ਵਿਚ ਮੌਸਮੀ ਪੱਠੇ ਬੀਜ ਲਈਦੇ ਹਨ। ਦੋਹਾਂ ਪਸ਼ੂਆਂ ਦਾ ਦੁੱਧ ਘਰ ਜੋਗਾ ਰੱਖ ਕੇ ਬਾਕੀ ਡੇਅਰੀ ਵਿਚ ਪਾ ਦੇਈਦਾ ਹੈ ਜਿਸ ਨਾਲ ਇਕ ਮਹੀਨੇ ਵਿਚ 20-21 ਹਜ਼ਾਰ ਰੁਪਏ ਦਾ ਫ਼ਾਇਦਾ ਵੀ ਹੋ ਜਾਂਦਾ ਹੈ ਅਤੇ ਘਰ ਦਾ ਖ਼ਰਚਾ ਚੱਲ ਜਾਂਦਾ ਹੈ। ਬਾਕੀ ਡੇਢ ਏਕੜ ਵਿਚ ਸਿਰਫ਼ ਦਾਲਾਂ ਅਤੇ ਸਬਜ਼ੀਆਂ ਹੀ ਬੀਜੀਆਂ ਜਾਂਦੀਆਂ ਹਨ। ਕਹੀ, ਰੰਬਾ ਅਤੇ ਦਾਤਰੀ ਤੋਂ ਇਲਾਵਾ ਕੋਈ ਸਾਂਝੀ ਸੀਰੀ ਜਾਂ ਟਰੈਕਟਰ ਅਤੇ ਹੋਰ ਖੇਤੀ ਨਾਲ ਸਬੰਧਤ ਸੰਦ ਨਹੀਂ ਖ਼ਰੀਦਿਆ। ਬਾਕੀ ਸੱਭ ਸੰਦ ਟਰੈਕਟਰ ਤੋਂ ਲੈ ਕੇ ਹੱਲ, ਸੁਹਾਗਾ, ਬਿਜਾਈ ਵਾਲੀ ਮਸ਼ੀਨ ਤਕ ਪਿੰਡ ਦੀ ਸੁਸਾਇਟੀ ਤੋਂ ਕਿਰਾਏ ਤੇ ਮਿਲ ਜਾਂਦੇ ਹਨ। ਫਿਰ ਕਿਉਂ ਐਵੇਂ ਬੈਂਕਾਂ ਦੇ ਜਾਂ ਆੜ੍ਹਤੀਆਂ ਦੇ ਕਰਜ਼ਦਾਰ ਬਣੀਏ?' ਉਸ ਦੇ ਕਹਿਣ ਅਨੁਸਾਰ ਬਹੁਤ ਹੀ ਘੱਟ ਡਾਇਆ ਜਾਂ ਯੂਰੀਆ ਖਾਦ ਵਰਤੀ ਜਾਂਦੀ ਹੈ। ਜ਼ਿਆਦਾਤਰ ਢੇਰ ਹੀ ਜ਼ਮੀਨ ਵਿਚ ਖਿਲਾਰਿਆ ਜਾਂਦਾ ਹੈ। ਉਸ ਨੇ ਕਿਹਾ ਕਿ ਫ਼ੌਜ ਵਿਚੋਂ ਸੇਵਾਮੁਕਤੀ ਤੋਂ ਕੁੱਝ ਸਾਲ ਪਹਿਲਾਂ ਟਿਊਬਵੈੱਲ ਵਾਲੀ ਥਾਂ ਦੇ ਨਾਲ ਇਕ 8*10 ਦਾ ਕਮਰਾ ਬਣਾ ਕੇ ਆਲੇ-ਦੁਆਲੇ ਨਿੰਮ ਦੇ 8-10 ਕੁ ਪੌਦੇ ਲਾ ਦਿਤੇ ਸਨ ਜਿਹੜੇ ਹੁਣ ਵੱਡੇ ਵੱਡੇ ਦਰੱਖ਼ਤ ਦਾ ਰੂਪ ਧਾਰ ਗਏ ਹਨ। ਉਸ ਦੇ ਕਹਿਣ ਅਨੁਸਾਰ ਉਸ ਨੇ ਸਬਜ਼ੀਆਂ ਅਤੇ ਕੀੜੇਮਾਰ (ਕੈਮੀਕਲ) ਦਵਾਈਆਂ ਦੀ ਕਦੇ ਵੀ ਸਪ੍ਰੇ ਨਹੀਂ ਕੀਤੀ। ਗਾਂ ਦਾ ਪਿਸ਼ਾਬ ਇਕੱਠਾ ਕਰਨ ਲਈ ਚੁਬੱਚਾ ਬਣਾਇਆ ਹੋਇਆ ਹੈ ਜਿਸ ਵਿਚ ਗਾਂ ਦਾ ਮਲਮੂਤਰ ਇਕੱਠਾ ਹੋ ਜਾਂਦਾ ਹੈ। ਨਿੰਮ ਦੇ ਪੱਤੇ ਉਬਾਲ ਕੇ ਉਸ ਵਿਚ ਗਾਂ ਦਾ ਮਲਮੂਤਰ ਮਿਲਾ ਕੇ ਕਪੜਛਾਣ ਕਰ ਕੇ ਫਿਰ ਸਪ੍ਰੇ ਪੰਪ ਨਾਲ ਸਬਜ਼ੀਆਂ ਉਪਰ ਸਪ੍ਰੇ ਕਰ ਦਿਤੀ ਜਾਂਦੀ ਹੈ। ਕਦੇ ਵੀ ਸਬਜ਼ੀਆਂ ਨੂੰ ਕੋਈ ਵੀ ਕੀੜਾ-ਮਕੌੜਾ ਨਹੀਂ ਲਗਿਆ। ਉਸ ਦੀਆਂ ਸਬਜ਼ੀਆਂ ਪਿੰਡ ਵਿਚ ਹੀ ਵਿਕ ਜਾਂਦੀਆਂ ਹਨ ਜਿਸ ਨਾਲ ਉਸ ਨੂੰ ਲੱਖਾਂ ਰੁਪਿਆ ਸਾਲਾਨਾ ਆਮਦਨ ਹੋ ਜਾਂਦੀ ਹੈ। ਗੱਲਾਂ ਤਾਂ ਉਸ ਕਿਸਾਨ ਨੇ ਹੋਰ ਵੀ ਬਹੁਤ ਕੀਤੀਆਂ ਜਿਹੜੀਆਂ ਕਿ ਬਹੁਤ ਹੀ ਜਾਣਕਾਰੀ ਨਾਲ ਭਰਪੂਰ ਸਨ।
ਹੁਣ ਗੱਲ ਕਰ ਲੈਂਦੇ ਹਾਂ ਇਕ ਦੋਸਤ ਕਿਸਾਨ ਦੀ ਜਿਸ ਕੋਲ ਅਪਣੀ ਖ਼ੁਦ ਦੀ ਅੱਠ ਏਕੜ ਜ਼ਮੀਨ ਹੈ। ਉਸ ਦੀ ਜ਼ਮੀਨ ਦੇ ਨਾਲ ਗੁਰੂ ਘਰ ਦੀ ਸੱਤ ਕੁ ਏਕੜ ਜ਼ਮੀਨ ਲਗਦੀ ਹੈ ਜਿਸ ਵਿਚ ਸਿਰਫ਼ ਟਿਊਬਵੈੱਲ ਬੋਰ ਕਰ ਕੇ ਸਬਮਰਸੀਬਲ ਮੋਟਰ ਪਾਈ ਹੋਈ ਹੈ ਜਿਹੜੀ ਸਿਰਫ਼ ਜੈਨਰੇਟਰ ਨਾਲ ਹੀ ਚਲਾਈ ਜਾ ਸਕਦੀ ਹੈ। ਉਹ ਪਹਿਲਾਂ ਕਿਸੇ ਹੋਰ ਕਿਸਾਨ ਕੋਲ 28 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਉਤੇ ਚੜ੍ਹੀ ਹੋਈ ਸੀ। ਕਣਕ ਕੱਟਣ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਵਿਚ ਗੁਰਦਵਾਰਾ ਕਮੇਟੀ ਵਲੋਂ ਉਸ ਜ਼ਮੀਨ ਦੀ ਬੋਲੀ ਕੀਤੀ ਜਾਣੀ ਸੀ। ਕੁਦਰਤੀ ਮੈਂ ਵੀ ਦੋਸਤ ਨੂੰ ਮਿਲਣ ਚਲਾ ਗਿਆ। ਘਰ ਜਾ ਕੇ ਪਤਾ ਲਗਿਆ ਕਿ ਉਹ ਤਾਂ ਗੁਰੂ ਘਰ ਗਿਆ ਹੋਇਆ ਹੈ ਅਤੇ ਅੱਜ ਗੁਰੂ ਘਰ ਦੀ ਜ਼ਮੀਨ ਦੀ ਬੋਲੀ ਹੈ। ਮੈਂ ਉਨ੍ਹੀਂ ਪੈਰੀਂ ਗੁਰਦਵਾਰਾ ਸਾਹਿਬ ਚਲਾ ਗਿਆ। ਪ੍ਰਧਾਨ ਜੀ ਅਜੇ ਆਏ ਨਹੀਂ ਸਨ। 10-12 ਕੁ ਬੰਦੇ ਗੁਰੂ ਘਰ ਦੇ ਬਾਗ਼ ਵਿਚ ਲੱਗੇ ਘਾਹ ਉਪਰ ਬੈਠੇ ਹੋਏ ਸਨ। ਚਾਰ-ਪੰਜ ਕੁ ਕੁਰਸੀਆਂ ਤੇ ਇਕ ਛੋਟਾ ਜਿਹਾ ਪਲਾਸਟਿਕ ਦਾ ਟੇਬਲ, ਜਿਸ ਉਪਰ ਇਕ ਰਜਿਸਟਰ ਰਖਿਆ ਹੋਇਆ ਸੀ। ਮੈਂ ਵੀ ਅਪਣੇ ਦੋਸਤ ਕੋਲ ਜਾ ਬੈਠਾ। ਉਸੇ ਵੇਲੇ ਗੁਰੂ ਘਰ ਦੀ ਕਮੇਟੀ ਮੈਂਬਰ ਅਤੇ ਪ੍ਰਧਾਨ ਜੀ ਵੀ ਆ ਕੇ ਕੁਰਸੀਆਂ ਉਤੇ ਸੱਜ ਗਏ। ਪ੍ਰਧਾਨ ਜੀ ਬੋਲੇ ਕਿ ਗੁਰੂ ਘਰ ਦੀ ਜ਼ਮੀਨ ਪਹਿਲਾਂ 28 ਹਜ਼ਾਰ ਰੁਪਏ ਸਾਲਾਨਾ ਪ੍ਰਤੀ ਏਕੜ ਠੇਕੇ ਉਤੇ ਚੜ੍ਹੀ ਹੋਈ ਹੈ। ਜੇ ਕੋਈ ਵੱਧ ਕੇ ਲੈਣਾ ਚਾਹੇ ਤਾਂ ਬੋਲੀ ਦੇ ਸਕਦਾ ਹੈ। 28 ਹਜ਼ਾਰ ਰੁਪਏ ਤੋਂ ਲੈ ਕੇ ਚੜ੍ਹਦੀ ਚੜ੍ਹਦੀ ਬੋਲੀ ਮੇਰਾ ਦੋਸਤ 37 ਹਜ਼ਾਰ ਰੁਪਏ ਏਕੜ ਤਕ ਲੈ ਗਿਆ। ਬੋਲੀ ਟੁੱਟ ਗਈ। ਮੈਂ ਦੋਸਤ ਨੂੰ ਕਿਹਾ ਕਿ ਮੋਟਰ ਤਾਂ ਲੱਗੀ ਨਹੀਂ, ਤੂੰ ਐਨੀ ਬੋਲੀ ਕਿਉਂ ਚਾੜ੍ਹ ਦਿਤੀ? ਉਹ ਵੀ ਇਕੱਠਾ 9 ਹਜ਼ਾਰ ਰੁਪਏ। ਸ਼ਾਇਦ ਪਹਿਲੇ ਕਿਸਾਨ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਫ਼ਲਾਣਾ ਬੰਦਾ ਇਸ ਵਾਰ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਛੱਡੇਗਾ। ਖ਼ੈਰ ਦੋਸਤ ਕਿਸਾਨ ਨੇ ਪੈਸੇ ਜਮ੍ਹਾਂ ਕਰਵਾ ਕੇ ਕਮੇਟੀ ਤੋਂ ਰਸੀਦ ਪ੍ਰਾਪਤ ਕਰ ਕੇ ਜ਼ਮੀਨ ਕਬਜ਼ੇ ਵਿਚ ਲੈ ਕੇ ਸੱਠੀ ਮੁੰਗੀ ਬੀਜ ਦਿਤੀ। ਮੈਂ ਉਸ ਕੋਲੋਂ ਪੁਛਿਆ ਕਿ 'ਹੁਣ ਕਿੰਨੀ ਕੁ ਆਮਦਨ ਕੱਢ ਲਵੇਂਗਾ?' ਉਸ ਨੇ ਦੋ ਨੌਕਰ ਰੱਖੇ ਹੋਏ ਸਨ। ਉਸ ਦਾ ਕਹਿਣਾ ਸੀ ਕਿ ਸੱਠੀ ਮੁੰਗੀ 70-80 ਹਜ਼ਾਰ ਦੀ ਹੋ ਜਾਵੇਗੀ। ਦੋਹਾਂ ਨੌਕਰਾਂ ਦਾ ਖ਼ਰਚਾ ਸਾਲ ਦਾ ਨਿਕਲ ਆਵੇਗਾ। ਬਾਕੀ ਝੋਨਾ + ਬਾਸਮਤੀ ਅਤੇ ਕਣਕ ਦੋਹਾਂ ਫ਼ਸਲਾਂ ਵਿਚੋਂ ਇਕ ਦੀ ਆਮਦਨ ਤਾਂ ਬੱਚ ਹੀ ਜਾਵੇਗੀ।
ਮੁੰਗੀ ਦਾ ਝਾੜ ਆਸ ਤੋਂ ਵੱਧ ਨਿਕਲਿਆ। ਨੱਬੇ ਕੁ ਫ਼ੀ ਸਦੀ ਤਾਂ ਲੇਬਰ ਲਾ ਕੇ ਫਲੀਆਂ ਸਮੇਤ ਘਰ ਦੀ ਚਾਰਦੀਵਾਰੀ ਦੇ ਅੰਦਰ ਵਿਹੜੇ ਵਿਚ ਢੇਰ ਲਾ ਦਿਤਾ। ਮੌਸਮ ਨੇ ਕਰਵਟ ਲਈ। ਉਪਰੋਂ ਮੀਂਹ ਪੈ ਗਿਆ। ਬਚਦੀ ਦਸ ਕੁ ਫ਼ੀ ਸਦੀ ਵੀ ਲੇਬਰ ਲਾ ਕੇ ਫਲੀਆਂ ਤੁੜਵਾ ਕੇ ਉਸੇ ਢੇਰ ਉਪਰ ਰੱਖ ਦਿਤੀ। ਮੀਂਹ ਪੈਣ ਕਰ ਕੇ ਸਾਰੀ ਦੀ ਸਾਰੀ ਮੁੰਗੀ ਅਪਣਾ ਸੁਆਦ ਬਦਲ ਕੇ ਕੌੜੀ ਹੋ ਗਈ ਅਤੇ ਪਸ਼ੂਆਂ ਦੇ ਖਾਣਯੋਗ ਵੀ ਨਾ ਰਹੀ। ਮੈਂ ਇਕ ਦਿਨ ਸੋਚਿਆ ਕਿ ਚਲੋ ਦੋਸਤ ਤੋਂ ਪੰਜ ਸੱਤ ਕਿਲੋ ਮੁੰਗੀ ਹੀ ਲੈ ਆਉਂਦੇ ਹਾਂ। ਉਸ ਨੇ ਜਾਣ ਸਾਰ ਪਹਿਲਾਂ ਹੀ ਆਖ ਦਿਤਾ ਕਿ 'ਯਾਰ ਲੱਖ ਰੁਪਏ ਦਾ ਘਾਟਾ ਪੈ ਗਿਆ ਹੈ।' ਮੈਂ ਕਿਹਾ ਚਲੋ, ਸਮਝੋ ਗੁਰੂ ਘਰ ਲਈ ਮਾਇਆ ਦਾਨ ਹੀ ਦੇ ਦਿਤੀ। ਗੱਲ ਕੀ ਕਣਕ ਦੀ ਫ਼ਸਲ ਤਾਂ ਕੁੱਝ ਦੇ ਹੀ ਗਈ, ਬਾਸਮਤੀ ਜਿਹੜੀ ਪਿਛਲੇ ਸਾਲ 3000-3200 ਰੁਪਏ ਪ੍ਰਤੀ ਕੁਇੰਟਲ ਨੂੰ ਵਿਕੀ ਸੀ, ਉਸ ਨੂੰ ਵੀ ਐਤਕੀਂ ਕੋਈ 2000 ਰੁਪਏ ਪ੍ਰਤੀ ਕੁਇੰਟਲ ਨਹੀਂ ਖ਼ਰੀਦਦਾ ਲਗਦਾ। ਖੇਤੀ ਕਰਮਾਂ ਸੇਤੀ।
ਸੰਪਰਕ : 98881-17053