ਡਾਰਵਿਨ ਦਾ ਸਿਧਾਂਤ ਗ਼ਲਤ ਨਹੀਂ ਸੀ
Published : Jun 6, 2018, 11:54 pm IST
Updated : Jun 6, 2018, 11:54 pm IST
SHARE ARTICLE
Darwin's Theory
Darwin's Theory

ਮਨੁੱਖੀ ਸਾਧਨ ਤੇ ਵਿਕਾਸ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸਤਿਆਪਾਲ ਸਿੰਘ ਨੇ ਕਿਹਾ ਹੈ ਕਿ ਚਾਰਲਸ ਡਾਰਵਿਨ ਦਾ ਮਨੁੱਖ ਦੀ ਉਤਪਤੀ ਦਾ ਸਿਧਾਂਤ ਗਲਤ...

ਮਨੁੱਖੀ ਸਾਧਨ ਤੇ ਵਿਕਾਸ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸਤਿਆਪਾਲ ਸਿੰਘ ਨੇ ਕਿਹਾ ਹੈ ਕਿ ਚਾਰਲਸ ਡਾਰਵਿਨ ਦਾ ਮਨੁੱਖ ਦੀ ਉਤਪਤੀ ਦਾ ਸਿਧਾਂਤ ਗਲਤ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਸਿਲੇਬਸ ਵਿਚੋਂ ਕੱਢਣ ਦੀ ਲੋੜ ਹੈ। ਸਾਡੇ ਪੂਰਵਜਾਂ ਨੇ ਕਦੇ ਨਹੀਂ ਕਿਹਾ ਕਿ ਬੰਦੇ ਬਾਂਦਰ ਤੋਂ ਬਣਦੇ ਵੇਖੇ ਗਏ ਹਨ। ਇਹ ਕੇਂਦਰੀ ਰਾਜ ਮੰਤਰੀ ਪੁਲਿਸ ਦਾ ਵੱਡਾ ਅਧਿਕਾਰੀ ਸੀ ਤੇ ਉਸ ਤੋਂ ਵੱਡਾ ਸਿਆਸਤਦਾਨ ਬਣਿਆ ਹੈ। ਉਸ ਦੀ ਆਖੀ ਹੋਈ ਇਹ ਗੱਲ ਇਹ ਦਰਸਾਉਂਦੀ ਹੈ ਕਿ ਹਿੰਦੂਤਵ ਪਾਰਟੀਆਂ ਦੇਸ਼ ਦੇ ਵਿਕਾਸ ਦਾ ਪਹੀਆ ਪਿੱਛੇ ਮੋੜਨ ਦੀ ਤਾਕ ਵਿਚ ਹਨ।

ਪਹਿਲਾਂ ਵੀ ਇਕ ਵਾਰ ਸਾਡੇ ਮਰਹੂਮ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਜਦੋਂ ਕਿਸੇ ਪੱਤਰਕਾਰ ਨੇ ਪੁਛਿਆ ਕਿ ਵਿਗਿਆਨਕ ਕਹਿ ਰਹੇ ਹਨ ਕਿ ਮਨੁੱਖ ਦਾ ਵਿਕਾਸ ਬਾਂਦਰਾਂ ਤੋਂ ਹੋਇਆ ਹੈ ਤਾਂ ਉਨ੍ਹਾਂ ਨੇ ਕਿਹਾ ਕਿ ''ਸਾਡੇ ਪੂਰਵਜ ਤਾਂ ਬਾਂਦਰ ਨਹੀਂ ਸਨ।'' ਸੋ ਇਸ ਲਈ ਆਉ ਵੇਖਦੇ ਹਾਂ ਕਿ ਮਨੁੱਖ ਦਾ ਵਿਕਾਸ ਬਾਂਦਰ ਤੋਂ ਕਿਵੇਂ ਹੋਇਆ?

ਐਤਵਾਰ ਦਾ ਦਿਨ ਸੀ। ਸਵੇਰੇ ਹੀ ਮੇਰਾ ਮਿੱਤਰ ਰਾਮ ਲਾਲ ਆ ਗਿਆ। ਕਹਿਣ ਲਗਿਆ, ''ਤੂੰ ਰੋਜ਼ ਇਹ ਕਹਿੰਦਾ ਰਹਿੰਦਾ ਹੈਂ ਕਿ ਬੰਦੇ ਦਾ ਵਿਕਾਸ ਬਾਂਦਰ ਤੋਂ ਹੋਇਆ ਹੈ। ਮੈਨੂੰ ਦੱਸ ਕਿ ਅੱਜ ਦੇ ਬਾਂਦਰ, ਬੰਦੇ ਕਿਉਂ ਨਹੀਂ ਬਣ ਰਹੇ? ਮੈਂ ਉਸ ਨੂੰ ਪੁਛਿਆ ਕਿ ''ਆਹ ਮੇਰੇ ਪੋਤੇ ਪਾਵੇਲ ਦੇ ਹੱਥ ਵਿਚ ਕੀ ਹੈ?'' ਉਹ ਕਹਿਣ ਲਗਿਆ ਕਿ ਟੀ.ਵੀ. ਦਾ ਰਿਮੋਟ। ''ਤੇਰੇ ਬਾਬੇ ਦੇ ਹੱਥ ਇਸ ਉਮਰ ਵਿਚ ਕੀ ਹੁੰਦਾ ਸੀ?'' ਕਹਿਣ ਲਗਿਆ ''ਪਸ਼ੂਆਂ ਨੂੰ ਹੱਕਣ ਵਾਲੀ ਸੋਟੀ। ਉਸ ਵੇਲੇ ਤਾਂ ਸਕੂਲ ਹੁੰਦੇ ਹੀ ਨਹੀਂ ਸਨ। ਕਿਤੇ-ਕਿਤੇ ਕੋਈ ਮੌਲਵੀ ਮਸਜਿਦ ਵਿਚ ਜ਼ਰੂਰ ਕੁੱਝ ਇਲਮ ਦਾ ਗਿਆਨ ਦਿੰਦਾ ਹੁੰਦਾ ਸੀ।

ਇਸ ਲਈ ਮੇਰਾ ਬਾਬਾ ਤਾਂ ਅਨਪੜ੍ਹ ਸੀ।''
ਮੇਰਾ ਉਸ ਨੂੰ ਇਹ ਦੱਸਣ ਦਾ ਇਕ ਢੰਗ ਸੀ ਕਿ ਕਿਵੇਂ ਪੀੜ੍ਹੀ ਦਰ ਪੀੜ੍ਹੀ ਨਸਲਾਂ ਵਿਚ ਕੁੱਝ ਨਾ ਕੁੱਝ ਸੁਧਾਰ ਹੁੰਦਾ ਜਾਂਦਾ ਹੈ। ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਜਾਂਦਿਆਂ ਇਹ ਫ਼ਰਕ ਭਾਵੇਂ ਅੱਧ ਫ਼ੀ ਸਦੀ ਹੀ ਹੁੰਦਾ ਹੈ ਪਰ ਹਜ਼ਾਰ ਦੋ ਹਜ਼ਾਰ ਪੀੜ੍ਹੀਆਂ ਦਾ ਸਫ਼ਰ ਵੱਡੇ ਫ਼ਰਕ ਪਾ ਦਿੰਦਾ ਹੈ।
ਬਾਂਦਰ ਤੋਂ ਬੰਦੇ ਬਣਨ ਦਾ ਸਫ਼ਰ ਕੋਈ ਦਸ ਵੀਹ ਸਾਲਾਂ ਦਾ ਨਹੀਂ, ਸਗੋਂ ਇਹ ਤਾਂ ਲੱਖਾਂ ਵਰ੍ਹਿਆਂ ਦਾ ਹੈ। ਇਸ ਦੌਰਾਨ ਜੇ ਪੀੜ੍ਹੀਆਂ ਦੀ ਗਿਣਤੀ ਕਰਨੀ ਵੀ ਹੋਵੇ ਤਾਂ ਇਹ ਲੱਖਾਂ ਵਿਚ ਹੋ ਜਾਂਦੀ ਹੈ। ਸੋ ਲੱਖਾਂ ਪੀੜ੍ਹੀਆਂ ਵਿਚ ਤਬਦੀਲੀਆਂ ਵੀ ਹਜ਼ਾਰਾਂ ਗੁਣਾਂ ਹੋ ਸਕਦੀਆਂ ਹਨ।

ਮੇਰੇ ਬਾਪ ਨੇ ਜਦੋਂ ਸਾਈਕਲ ਚਲਾਣਾ ਸਿਖਿਆ ਸੀ ਤਾਂ ਤਿੰਨ ਜਣੇ ਸਾਈਕਲ ਨੂੰ ਪਿਛੋਂ ਫੜਦੇ ਸਨ, ਫਿਰ ਉਹ ਬੈਠਦਾ ਸੀ ਤੇ ਤਾਂ ਵੀ ਉਸ ਦੇ ਗੋਡਿਆਂ ਤੇ ਟਾਕੀਆਂ ਲੱਗ ਜਾਂਦੀਆਂ ਸਨ, ਪਰ ਜਦੋਂ ਮੇਰੇ ਪੋਤੇ ਨੇ ਸਾਈਕਲ ਸਿਖਿਆ ਤਾਂ ਸਾਨੂੰ ਪਤਾ ਵੀ ਨਾ ਲਗਿਆ ਕਿ ਕਦੋਂ ਉਹ ਸਿਖ ਗਿਆ? ਸੋ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿਚ ਜਾਂਦੇ, ਤਬਦੀਲੀਆਂ ਆਉਂਦੀਆਂ ਜ਼ਰੂਰ ਨੇ ਪਰ ਇਹ ਵਿਖਾਈ ਨਹੀਂ ਦਿੰਦੀਆਂ। ਲੱਖਾਂ ਸਾਲਾਂ ਵਿਚ ਵਾਪਰਨ ਵਾਲਾ ਵਰਤਾਰਾ ਸੱਤਰ-ਅੱਸੀ ਸਾਲਾਂ ਵਿਚ ਤਾਂ ਵੇਖਿਆ ਹੀ ਨਹੀਂ ਜਾ ਸਕਦਾ।

ਧਰਤੀ ਉੱਪਰ ਬਾਂਦਰਾਂ ਦੀਆਂ ਸੈਂਕੜੇ ਨਸਲਾਂ ਹਨ। ਇਨ੍ਹਾਂ ਵਿਚੋਂ ਚਿਪੈਂਜ਼ੀ, ਅੋਰਿੰਜੋਟੇਨ, ਗੁਰੀਲਾ ਆਦਿ ਨਸਲਾਂ ਮਨੁੱਖ ਜਾਤੀ ਦੇ ਜ਼ਿਆਦਾ ਨੇੜੇ ਹਨ। ਟੀ. ਵੀ. ਉੱਤੇ ਤੇ ਦੁਨੀਆਂ ਦੇ ਵੱਖ-ਵੱਖ ਚਿੜੀਆਘਰਾਂ ਵਿਚ ਮੈਂ ਅੋਰਿੰਜੋਟੇਨਾ ਨੂੰ ਅਪਣੀ ਬੁੱਧੀ ਦਾ ਇਸਤੇਮਾਲ ਕਰਦੇ ਵੇਖਿਆ ਹੈ। ਉਹ ਬਲਾਕਾਂ ਨੂੰ ਇਕ ਦੂਜੇ ਉੱਪਰ ਤਰਤੀਬ ਨਾਲ ਚਿਣ ਕੇ ਛੱਤ ਉਤੇ ਟੰਗੇ ਫੱਲ ਉਤਾਰ ਕੇ ਖਾਂਦੇ ਵੇਖੇ ਹਨ। ਉਹ ਤੰਗ ਮੂੰਹ ਵਾਲੇ ਬਰਤਨਾਂ ਵਿਚ ਮੂੰਗਫ਼ਲੀ ਚੁੱਕਣ ਲਈ, ਉਨ੍ਹਾਂ ਵਿਚ ਪਾਣੀ ਪਾਉਂਦੇ ਜਾਂ ਪਿਸ਼ਾਬ ਕਰਦੇ, ਮੈਂ ਖ਼ੁਦ ਵੇਖੇ ਹਨ।

ਉਹ ਦਰੱਖ਼ਤਾਂ ਦੇ ਤਣੇ ਤੋੜ ਕੇ ਅਪਣੇ ਬਿਸਤਰੇ ਬਣਾਉਂਦੇ ਵੀ ਤੁਹਾਨੂੰ ਨਜ਼ਰੀਂ ਆਏ ਹੋਣਗੇ। ਹੱਥਾਂ ਨਾਲ ਪੱਥਰ ਚੁੱਕ ਕੇ ਫੱਲ ਤੋੜਦੇ ਸਾਡੇ ਵਿਚੋਂ ਬਹੁਤਿਆਂ ਨੇ ਤੱਕੇ ਹੋਣਗੇ।ਇਥੇ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਪਹਿਲਾਂ ਪਹਿਲ ਕੁੱਝ ਲੋਕ ਆਸਟ੍ਰੇਲੀਆ ਗਏ ਸਨ ਤਾਂ ਉਨ੍ਹਾਂ ਨੇ ਉੱਥੇ ਇਕ ਅਜਿਹੀ ਮਨੁੱਖੀ ਨਸਲ ਐਬੋਉਰੀਜਨ ਵੀ ਵੇਖੀ ਸੀ, ਜੋ ਨਾ ਤਾਂ ਰਹਿਣ ਲਈ ਅਪਣਾ ਘਰ ਬਣਾਉਂਦੀ ਸੀ ਤੇ ਨਾ ਹੀ ਖਾਣਾ ਬਣਾਉਣ ਲਈ ਬਰਤਨਾਂ ਦਾ ਇਸਤੇਮਾਲ ਕਰਨਾ ਜਾਣਦੀ ਸੀ।

ਸਗੋਂ ਉਸ ਦੇ ਮੈਂਬਰ ਸਮੁੰਦਰੀ ਕਿਨਾਰਿਆਂ ਨੇੜੇ ਉੱਚੀਆਂ ਥਾਵਾਂ ਉਤੇ ਅਪਣੀਆਂ ਖੁੱਡਾਂ ਪੁੱਟ ਲੈਂਦੇ ਸਨ ਤੇ ਜਦੋਂ ਵੀ ਕੋਈ ਡੱਡੂ ਜਾਂ ਮੱਛੀ ਨਜ਼ਰ ਆਉਂਦੀ ਤਾਂ ਉਸ ਨੂੰ ਫੜ ਕੇ ਖਾ ਜਾਂਦੇ ਸਨ।ਇਹ ਘਟਨਾ ਇਸ ਗੱਲ ਦੀ ਤਸਦੀਕ ਕਰਦੀ ਹੈ ਕਿ ਮਨੁੱਖੀ ਵਿਕਾਸ ਇਕ ਪਾਸੜ ਹੀ ਨਹੀਂ ਹੁੰਦਾ। ਕਈ ਵਾਰੀ ਇਹ ਵਿਕਾਸ ਉਲਟਾ ਵੀ ਸ਼ੁਰੂ ਹੋ ਜਾਂਦਾ ਹੈ। ਲੱਖ ਕੁ ਸਾਲ ਪਹਿਲਾਂ ਆਸਟਰੇਲੀਆ ਦੀ ਧਰਤੀ, ਏਸ਼ੀਆ ਦੀ ਧਰਤੀ ਨਾਲ ਜ਼ਮੀਨੀ ਰਸਤੇ ਤੋਂ ਜੁੜੀ ਹੋਈ ਸੀ।

ਮਨੁੱਖਾਂ ਦੀ ਕੋਈ ਜਾਤੀ ਕਿਸ਼ਤੀਆਂ ਰਾਹੀਂ ਹੀ ਆਸਟਰੇਲੀਆ ਜਾ ਪੁੱਜੀ ਸੀ। ਉਥੇ ਉਨ੍ਹਾਂ ਦਾ ਵਿਕਾਸ ਉਲਟਾ ਹੋਣਾ ਸ਼ੁਰੂ ਹੋ ਗਿਆ। ਜੋ ਕੁੱਝ ਉਸ ਸਮੇਂ ਸਿਖਿਆ ਸੀ, ਉਹ ਪੀੜ੍ਹੀ ਦਰ ਪੀੜ੍ਹੀ ਭੁਲਦਾ ਗਿਆ। ਸੋ ਐਵੋਉਰੀਜਨ ਦੀ ਪੈਦਾਇਸ਼ ਦੀ ਵਿਆਖਿਆ ਇਹ ਹੀ ਹੈ।ਸੋ ਮਨੁੱਖ ਵਿਚ ਨਜ਼ਰ ਆਉਂਦਾ ਵਿਕਾਸ ਕੋਈ ਜ਼ਿਆਦਾ ਪੁਰਾਣਾ ਨਹੀਂ। ਦਸ ਕੁ ਹਜ਼ਾਰ ਸਾਲ ਪਹਿਲਾਂ ਮਨੁੱਖ ਕਬੀਲਿਆਂ ਵਿਚ ਹੀ ਰਹਿੰਦਾ ਸੀ। ਹੌਲੀ-ਹੌਲੀ ਇਥੇ ਰਿਆਸਤਾਂ ਦੀ ਹੋਂਦ ਆਉਣੀ ਸ਼ੁਰੂ ਹੋਈ ਤੇ ਇਸ ਤੋਂ ਬਾਅਦ ਹੀ ਇਥੇ ਬਾਦਸ਼ਾਹੀਆਂ ਬਣਨ ਲੱਗ ਪਈਆਂ।

ਅੱਜ ਦੀਆਂ ਜਮਹੂਰੀ ਸਰਕਾਰਾਂ ਤਾਂ ਦੋ ਤਿੰਨ ਸੌ ਸਾਲ ਹੀ ਪੁਰਾਣੀਆਂ ਹਨ। ਅਜੇ ਵੀ ਕੁੱਝ ਦੇਸ਼ ਧਰਤੀ ਤੇ ਅਜਿਹੇ ਹਨ ਜਿਥੇ ਇਸਤਰੀਆਂ ਨੂੰ ਵੋਟ ਪਾਉਣ ਦੇ ਅਧਿਕਾਰ ਵੀ ਨਹੀਂ।ਬ੍ਰਹਿਮੰਡ ਦੇ ਮੌਜੂਦਾ ਰੂਪ ਦੀ ਸ਼ੁਰੂਆਤ ਤੋਂ ਮਨੁੱਖ ਤਕ ਦੇ ਸਫ਼ਰ ਦਾ ਇਤਿਹਾਸ ਬਹੁਤ ਹੀ ਲੰਮਾ ਹੈ। ਜੇ ਬ੍ਰਹਿਮੰਡ ਦੀ ਸ਼ੁਰੂਆਤ ਪਹਿਲੀ ਜਨਵਰੀ ਨੂੰ ਹੋਈ ਮੰਨ ਲਈ ਜਾਵੇ ਤਾਂ ਇਥੇ ਮਨੁੱਖ ਦੀ ਆਮਦ ਤਾਂ 31 ਦਸੰਬਰ ਰਾਤੀਂ ਸੱਤ ਵੱਜ ਕੇ ਪੰਦਰਾਂ ਮਿੰਟ ਉਤੇ ਹੀ ਹੁੰਦੀ ਹੈ। ਜੇ ਸਭਿਅਕ ਮਨੁੱਖ ਦੀ ਆਮਦ ਨੂੰ ਗਿਣਨਾ ਹੋਵੇ ਤਾਂ ਇਹ ਕੁੱਲ 25 ਸੈਕਿੰਡ ਤੋਂ ਵੱਧ ਦੀ ਨਹੀਂ।

ਸੋ ਮਨੁੱਖੀ ਨਸਲ ਦੇ ਵਿਕਾਸ ਦੀ ਰਫ਼ਤਾਰ ਪਿਛਲੀਆਂ ਦੋ ਤਿੰਨ ਸਦੀਆਂ ਤੋਂ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਵਿਗਿਆਨ ਦੀ ਹਰ ਲੱਭਤ ਇਸ ਵਿਕਾਸ ਨੂੰ ਵੀ ਪਰ ਲਗਾ ਦਿੰਦੀ ਹੈ। ਭਵਿੱਖ ਵਿਚ ਮਨੁੱਖ ਕਿਹੋ ਜਿਹਾ ਹੋਵੇਗਾ, ਇਸ ਦਾ ਅੱਜ ਅੰਦਾਜ਼ਾ ਲਗਾਉਣਾ ਅਸੰਭਵ ਹੈ।ਪਰ ਚੇਤੰਨ ਮਨੁੱਖ ਪਿਛਲੇ ਇਕ ਦਹਾਕੇ ਵਿਚ ਹੀ ਹੋਈਆਂ ਤਬਦੀਲੀਆਂ ਨੂੰ ਮੁੱਖ ਰੱਖ ਕੇ ਆਉਣ ਵਾਲੇ ਕੁੱਝ ਦਹਾਕਿਆਂ ਵਿਚ ਹੋਣ ਵਾਲੀਆਂ ਤਬਦੀਲੀਆਂ ਦਾ ਅੰਦਾਜ਼ਾ ਜ਼ਰੂਰ ਲਗਾ ਸਕਦੇ ਹਨ।

ਮੋਬਾਈਲ ਤੇ ਇੰਟਰਨੈੱਟ ਨੇ ਸਮੁੱਚੀ ਦੁਨੀਆਂ ਨੂੰ ਇਕ ਪਿੰਡ ਵਿਚ ਬਦਲ ਦਿਤਾ ਹੈ। ਅੱਜ ਤੁਸੀ ਦੁਨੀਆਂ ਦੀ ਕਿਸੇ ਵੀ ਲਾਇਬ੍ਰੇਰੀ ਦੀ ਕੋਈ ਵੀ ਕਿਤਾਬ ਜਾਂ ਅਖ਼ਬਾਰ ਅਪਣੇ ਘਰ ਬੈਠਿਆਂ ਹੀ ਪੜ੍ਹ ਜਾਂ ਖਰੀਦ ਸਕਦੇ ਹੋ। ਲੱਖਾਂ ਕੁੜੀਆਂ ਮੁੰਡਿਆਂ ਲਈ ਵਰ ਕੰਪਿਊਟਰ ਹੀ ਉਪਲਬਧ ਕਰਵਾਉਂਦਾ ਹੈ। ਹਵਾਈ ਜਹਾਜ਼ ਦੀ ਟਿਕਟ ਹੋਵੇ ਜਾਂ ਰੇਲਵੇ ਦੀ, ਘਰ ਬੈਠਿਆਂ ਹੀ ਉਪਲੱਬਧ ਹੋ ਜਾਂਦੀ ਹੈ। ਕੰਪਿਊਟਰੀਕਰਨ ਤੇ ਸਟੈਮ ਸੈੱਲ ਤਕਨੀਕ ਨੇ ਇਲਾਜ ਦੇ ਖੇਤਰ ਵਿਚ ਵੱਡੀਆਂ ਤਬਦੀਲੀਆਂ ਤੁਹਾਡੇ ਤਕ ਪਹੁੰਚਾ ਦਿਤੀਆਂ ਹਨ।

ਅਜਤਕ ਅਸੀ ਤਰਕਸ਼ੀਲ, ਲੋਕਾਂ ਨੂੰ ਇਹ ਕਹਿੰਦੇ ਰਹੇ ਹਾਂ ਕਿ ਬੰਦੇ ਦਾ ਵਿਕਾਸ ਬਾਂਦਰ ਤੋਂ ਹੋਇਆ ਹੈ। ਇਸ ਲਈ ਅਸੀ ਧਰਤੀ ਦੀਆਂ ਤਹਿਆਂ ਵਿਚੋਂ ਮਿਲਣ ਵਾਲੀਆਂ ਹੱਡੀਆਂ ਦਾ ਪ੍ਰਮਾਣ ਦਿੰਦੇ ਰਹੇ ਹਾਂ। ਅਸੀ ਦਸਦੇ ਰਹੇ ਹਾਂ ਕਿ ਬਾਂਦਰ ਤੇ ਮਨੁੱਖ ਦੇ ਡੀ. ਐਨ. ਏ. 98 ਫ਼ੀ ਸਦੀ ਇਕ ਦੂਜੇ ਨਾਲ ਮੇਲ ਖਾਂਦੇ ਹਨ। ਲੋਕ ਇਹ ਵੀ ਪੁਛਦੇ ਰਹੇ ਨੇ ਕਿ ਕਿਵੇਂ ਕੁੱਝ ਵਿਅਕਤੀਆਂ ਦੇ ਪਿਛਲੇ ਪਾਸੇ ਪੂਛ ਵੀ ਹੁੰਦੀ ਹੈ।

Ñਲੋਕ ਅਖ਼ਬਾਰਾਂ ਵਿਚ ਛਪੀਆਂ ਪੂਛਾਂ ਦੇ ਆਪਰੇਸ਼ਨਾਂ ਦੀਆਂ ਖ਼ਬਰਾਂ ਦੀਆਂ ਕਟਿੰਗਾਂ ਵੀ ਸਾਨੂੰ ਭੇਜਦੇ ਰਹੇ ਹਨ। ਅਸੀ ਉਨ੍ਹਾਂ ਦੀ ਇਹ ਕਹਿ ਕੇ ਹੀ ਤਸੱਲੀ ਕਰਵਾਉਂਦੇ ਰਹੇ ਹਾਂ ਕਿ ਇਹ ਸਾਰੀਆਂ ਗੱਲਾਂ ਬੰਦੇ ਦੇ ਬਾਂਦਰ ਤੋਂ ਹੋਏ ਵਿਕਾਸ ਦੀ ਪੁਸ਼ਟੀ ਕਰਦੀਆਂ ਹਨ। ਕਿਸੇ ਘਰ ਵਿਚ ਪੈਦਾ ਹੋਏ ਬਾਂਦਰ ਵਰਗੇ ਬੱਚੇ ਨੂੰ ਹਨੂੰਮਾਨ ਦਾ ਅਵਤਾਰ ਧਾਰਨਾ ਕਹਿਣ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।

ਅਜਿਹੀਆਂ ਖ਼ਬਰਾਂ ਵੀ ਸਾਨੂੰ ਸਹਾਈ ਹੁੰਦੀਆਂ ਸਨ ਕਿਉਂਕਿ ਅਸੀ ਕਹਿ ਸਕਦੇ ਸਾਂ ਕਿ ਮਨੁੱਖ ਤੇ ਬਾਂਦਰ ਦੇ ਬੱਚਿਆਂ ਦੇ ਭਰੂਣ ਵੀ ਲੱਗਭਗ ਇਕੋ ਜਿਹੇ ਹੀ ਹੁੰਦੇ ਹਨ। ਅਸੀ ਲੱਗਭਗ ਹਰ ਲਿਖਤ ਵਿਚ ਇਹ ਹੀ ਕਹਿੰਦੇ ਰਹੇ ਹਾਂ ਕਿ ਵਿਗਿਆਨਕ ਜਾਣਕਾਰੀ ਹਮੇਸ਼ਾਂ ਬਦਲਦੀਆਂ ਰਹਿੰਦੀਆਂ ਹੈ। ਇਹ ਧਾਰਮਕ ਗ੍ਰੰਥਾਂ ਦੀ ਤਰ੍ਹਾਂ ਨਹੀਂ ਹੁੰਦੀ, ਜਿਸ ਨੂੰ ਬਦਲਣਾ ਅਸੰਭਵ ਹੁੰਦਾ ਹੈ। ਕਿਸੇ ਸਮੇਂ ਸਕੂਲਾਂ ਵਿਚ ਇਹ ਪੜ੍ਹਾਇਆ ਜਾਂਦਾ ਸੀ ਕਿ ਪ੍ਰਕਾਸ਼ ਇਕ ਸਿੱਧੀ ਰੇਖਾ ਵਿਚ ਚਲਦਾ ਹੈ ਪਰ ਅੱਜ ਇਸ ਨੂੰ ਮੋੜ ਕੇ ਟਿਊਬਾਂ ਵਿਚੋਂ ਦੀ ਵੀ ਲੰਘਾ ਦਿੰਦੇ ਹਨ।

ਦੁਕਾਨਾਂ ਵਿਚ ਜਗਮਗਾਉਂਦੇ ਸਾਈਨ ਬੋਰਡ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਬਾਂਦਰ ਤੋਂ ਬੰਦਾ ਬਣਨ ਦੀ ਵਿਗਿਆਨਕ ਜਾਣਕਾਰੀ ਨੂੰ ਵੀ ਅੱਜ ਡੀ. ਐਨ. ਏ. ਟੈਸਟਾਂ ਤੋਂ ਮਿਲੇ ਹੱਡੀਆਂ ਦੇ ਪ੍ਰਮਾਣਾਂ ਨੇ ਝੁਠਲਾ ਦਿਤਾ ਹੈ। ਵਿਗਿਆਨੀ ਹੁਣ ਇਹ ਗੱਲ ਕਹਿ ਰਹੇ ਹਨ ਕਿ ਮਨੁੱਖ ਦਾ ਵਿਕਾਸ ਬਾਂਦਰ ਤੋਂ ਨਹੀਂ ਹੋਇਆ ਸਗੋਂ ਬਾਂਦਰਾਂ ਤੇ ਬੰਦੇ ਦਾ ਵਿਕਾਸ ਇਕੋ ਪੂਰਵਜ ਤੋਂ ਹੋਇਆ ਹੈ। ਲੰਗੂਰ ਵਰਗਾ ਇਹ ਲੰਮੀ ਪੂਛ ਵਾਲਾ ਜਾਨਵਰ ਦਰੱਖ਼ਤਾਂ ਉਤੇ ਰਹਿਣ ਦਾ ਆਦੀ ਸੀ। ਸੱਤਰ ਕੁ ਲੱਖ ਸਾਲ ਪਹਿਲਾਂ ਇਹ ਜਾਨਵਰ ਅਫ਼ਰੀਕਾ ਦੇ ਜੰਗਲਾਂ ਵਿਚ ਵੱਡੀ ਮਾਤਰਾ ਵਿਚ ਉਪਲੱਬਧ ਸੀ।

ਇਸ ਜਾਨਵਰ ਦਾ ਵਿਕਾਸ ਕਈ ਜਾਤੀਆਂ ਵਿਚੋਂ ਇਕੋ ਸਮੇਂ ਹੋਣਾ ਸ਼ੁਰੂ ਹੋ ਗਿਆ। ਇਕ ਜਾਤੀ ਅਰਿੰਜੋਟੈਨ, ਦੂਜੀ ਚਿਪੈਂਜ਼ੀ, ਤੀਜੀ ਗੁਰੀਲੇ ਤੇ ਚੌਥੀ ਮਾਨਵ ਦੇ ਰੂਪ ਵਿਚ ਵਿਕਸਤ ਹੋਈ। ਅਗਾਂਹ ਮਨੁੱਖ ਦੇ ਵਿਕਾਸ ਵਿਚੋਂ ਵੀ ਨਹੀਂ ਐਂਡਰਥਲ, ਜਾਵਾ, ਪੀਕਿੰਗ ਆਸਟ੍ਰੇਲੀਅਨ,  ਮੈਗਨਾਨ ਆਦਿ ਦਰਜਨ ਦੇ ਲਗਭਗ ਜਾਤੀਆਂ ਸਮੇਂ-ਸਮੇਂ ਵਿਕਸਤ ਹੁੰਦੀਆਂ ਰਹੀਆਂ। ਸਮੇਂ-ਸਮੇਂ ਵਖਰੀਆਂ ਵਖਰੀਆਂ ਨਸਲਾਂ ਵਿਚ ਹੁੰਦੀਆਂ ਲੜਾਈਆਂ ਵਿਚ ਬਾਕੀ ਸਾਰੀਆਂ ਜਾਤਾਂ ਅਲੋਪ ਹੋ ਗਈਆਂ। ਸਿਰਫ਼ ਤੇ ਸਿਰਫ਼ ਇਕ ਜਾਤੀ ਹੀ ਬਚ ਸਕੀ।

ਸੰਦ ਫੜਨ ਦੀ ਤੇ ਬਰਤਨ ਦੀ ਯੋਗਤਾ ਨੇ ਮਨੁੱਖ ਦੇ ਹੱਥਾਂ ਨੂੰ ਮਜ਼ਬੂਤ ਕਰ ਦਿਤਾ। ਅਪਣੇ ਬੱਚਿਆਂ ਨੂੰ ਚੁੱਕਣਾ, ਜਾਨਵਰਾਂ ਦਾ ਸ਼ਿਕਾਰ ਕਰਨਾ ਤੇ ਸ਼ਿਕਾਰ ਹੋਣ ਦੇ ਡਰੋਂ ਭੱਜਣਾ, ਬਾਂਦਰ ਨੇ ਇਨ੍ਹਾਂ ਦੀਆਂ ਲੱਤਾਂ ਤੇ ਬਾਹਾਂ ਨੂੰ ਸਿੱਧੀਆਂ ਤੇ ਮਜ਼ਬੂਤ ਕਰ ਦਿਤਾ। ਅੱਜ ਤੋਂ ਪੰਜਾਹ-ਸੱਠ ਹਜ਼ਾਰ ਸਾਲ ਪਹਿਲਾਂ ਤਕ ਮਨੁੱਖ ਕੂਕਾਂ ਮਾਰਨਾ ਹੀ ਜਾਣਦਾ ਸੀ। ਅੱਜ ਉਹ ਇਕ ਵਧੀਆ ਭਾਸ਼ਾ ਤੇ ਸ਼ਬਦਾਵਲੀ ਦਾ ਮਾਲਕ ਹੈ।

ਉਸ ਨੇ ਇਹ ਸੱਭ ਕੁੱਝ ਪ੍ਰਕਿਰਤੀ ਨਾਲ ਕੀਤੇ ਸੰਘਰਸ਼ ਵਿਚੋਂ ਪ੍ਰਾਪਤ ਕੀਤਾ ਹੈ।ਹਨੂੰਮਾਨ ਜੀ ਦੀ ਬਾਂਦਰ ਸੈਨਾ ਵਲੋਂ ਸ੍ਰੀਲੰਕਾ ਤੇ ਭਾਰਤ ਨੂੰ ਜੋੜਨ ਵਾਲੇ ਪੁਲ ਦੀ ਮਿਥਿਹਾਸਕ ਕਹਾਣੀ ਨੂੰ ਭਾਵੇਂ ਨਾਸਾ ਦੇ ਵਿਗਿਆਨੀਆਂ ਨੇ ਝੁਠਲਾ ਦਿਤਾ ਹੈ ਪਰ ਮੈਂ ਸਮਝਦਾ ਹਾਂ ਕਿ ਉਂਜ ਬਾਂਦਰ ਸੈਨਾ ਅਜਿਹੇ ਕਬਾਇਲੀ ਮਨੁੱਖਾਂ ਦੀ ਸੀ ਜੋ ਕਿਰਤ ਨੂੰ ਪਿਆਰ ਕਰਦੀ ਸੀ ਅਤੇ ਕਿਰਤ ਲਈ ਜੁੜੇ ਹੱਥ ਪ੍ਰਾਰਥਨਾ ਲਈ ਜੁੜੇ ਹੱਥਾਂ ਤੋਂ ਹਜ਼ਾਰਾਂ ਗੁਣਾਂ ਬਿਹਤਰ ਹੀ ਹੁੰਦੇ ਹਨ।
ਸੰਪਰਕ : 9888787440

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement