ਸਾਡੀ ਪਾਕਿਸਤਾਨ ਯਾਤਰਾ ਦੀਆਂ ਖੱਟੀਆਂ ਮਿੱਠੀਆਂ ਯਾਦਾਂ
Published : Jun 6, 2018, 11:37 pm IST
Updated : Jun 6, 2018, 11:37 pm IST
SHARE ARTICLE
Journey To Pakistan
Journey To Pakistan

ਹਰ ਗੁਰਸਿਖ ਹਰ ਰੋਜ਼ ਅਰਦਾਸ ਵਿਚ ਅਰਜ਼ੋਈ ਕਰਦਾ ਹੈ ਕਿ 'ਹੇ ਅਕਾਲ ਪੁਰਖ ਅਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ...

ਹਰ ਗੁਰਸਿਖ ਹਰ ਰੋਜ਼ ਅਰਦਾਸ ਵਿਚ ਅਰਜ਼ੋਈ ਕਰਦਾ ਹੈ ਕਿ 'ਹੇ ਅਕਾਲ ਪੁਰਖ ਅਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ।' ਸਾਡੀ ਵੀ ਤੀਬਰ ਇੱਛਾ ਸੀ ਕਿ ਕਦੇ ਮੌਕਾ ਬਣੇ ਤੇ ਅਸੀ ਵੀ ਪਾਕਿਸਤਾਨ ਦੇ ਗੁਰਦਵਾਰਿਆਂ ਦੇ ਦਰਸ਼ਨ ਦੀਦਾਰੇ ਕਰ ਸਕੀਏ। ਖ਼ਾਸ ਤੌਰ ਤੇ ਬਾਬਾ ਨਾਨਕ, ਜਿਸ ਨੇ 'ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸੱਜਾ ਢੋਆ', ਦੇ ਜਨਮ ਸਥਾਨ ਨਨਕਾਣਾ ਸਾਹਿਬ ਦੇ ਦਰਸ਼ਨ ਕਰ ਸਕੀਏ।

ਇਕ ਸਾਲ ਵਿਚ ਚਾਰ ਵਾਰ ਜਥਿਆਂ ਦੇ ਪਾਕਿਸਤਾਨ ਜਾਣ ਬਾਰੇ ਅਖ਼ਬਾਰਾਂ ਵਿਚ ਪੜ੍ਹਦੇ ਅਤੇ ਟੀ.ਵੀ. ਤੇ ਵੇਖਦੇ ਸਾਂ। ਸਾਡੀ ਮੁਰਾਦ ਪੂਰੀ ਹੋਈ ਜਦੋਂ ਹਰਿਆਣਾ ਸਰਕਾਰ ਵਲੋਂ ਡੀ.ਸੀ. ਅੰਬਾਲਾ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਪਾਕਿਸਤਾਨੀ ਗੁਰਦਵਾਰਿਆਂ ਵਿਚ ਜਾਣ ਦੇ ਸ਼ਰਧਾਲੂਆਂ ਵਲੋਂ ਅਰਜ਼ੀਆਂ ਮੰਗ ਲਈਆਂ। ਅਸੀ ਦੋਹਾਂ ਪਤੀ-ਪਤਨੀ ਨੇ ਅਰਜ਼ੀ ਦੇ ਦਿਤੀ। ਸਮਾਂ ਆਉਣ ਤੇ ਕੋਈ 54 ਨਾਵਾਂ ਦੀ ਸੂਚੀ ਜਾਰੀ ਹੋ ਗਈ। ਅੰਬਾਲੇ ਵਿਚ ਲਗਭਗ 15 ਵਿਅਕਤੀਆਂ ਦੇ ਨਾਂ ਸਨ। 

ਹੁਣ ਵੀਜ਼ਾ ਲਈ ਕਾਰਵਾਈ ਕੀਤੀ ਜਾਣੀ ਸੀ। ਸ੍ਰੀ ਚੋਪੜਾ ਨੇ ਸਾਡੇ ਕੋਲੋਂ 700 ਰੁਪਏ ਪ੍ਰਤੀ ਯਾਤਰੀ ਲੈ ਕੇ ਵੀਜ਼ਾ ਦੀ ਕਾਰਵਾਈ ਕਰ ਦੇਣ ਦੀ ਹਾਮੀ ਭਰੀ। ਪਰ ਗਾਰੰਟੀ ਕੋਈ ਨਹੀਂ ਸੀ ਵੀਜ਼ਾ ਲਗਾਉਣ ਦੀ। ਉਹ ਦਸ ਵਿਅਕਤੀਆਂ ਦੇ ਪਾਸਪੋਰਟ ਲੈ ਗਿਆ ਪਰ ਸਿਰਫ਼ ਸਾਡੇ ਦੋ ਜੀਆਂ ਦਾ ਹੀ ਵੀਜ਼ਾ ਲੱਗ ਸਕਿਆ। ਜਿਸ ਪ੍ਰਵਾਰ ਦੇ ਨਾਲ ਜਾਣਾ ਸੀ ਉਨ੍ਹਾਂ ਦਾ ਵੀ ਵੀਜ਼ਾ ਨਾ ਲਗਿਆ। ਇਕੱਲੇ ਜਾਣ ਤੋਂ ਡਰ ਲਗਦਾ ਸੀ ਪਰ ਉਸ ਪ੍ਰਵਾਰ ਦੇ ਮੁਖੀ ਨੇ ਹੌਸਲਾ ਦਿਤਾ ਕਿ ਸਾਡੇ ਵੱਡੇ ਭਾਗ ਹਨ ਜਿਨ੍ਹਾਂ ਨੂੰ ਬਾਬਾ ਨਾਨਕ ਦੀ ਚਰਨਛੋਹ ਪ੍ਰਾਪਤ ਧਰਤੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ। ਅਸੀ ਜ਼ਰੂਰ ਜਾਈਏ, ਕੋਈ ਮੁਸ਼ਕਲ ਨਹੀਂ ਆਵੇਗੀ।

ਸਾਨੂੰ ਦਸਿਆ ਗਿਆ ਕਿ ਭਾਵੇਂ ਉਥੇ ਬਿਸਤਰ ਮਿਲ ਜਾਂਦੇ ਹਨ ਪਰ ਫਿਰ ਵੀ ਕੰਬਲ ਨਾਲ ਲੈ ਲਈਏ ਕਿਉਂਕਿ ਪੰਜਾ ਸਾਹਿਬ ਠੰਢ ਬਹੁਤ ਵੱਧ ਜਾਂਦੀ ਹੈ।
ਚਾਰ ਨਵੰਬਰ ਨੂੰ ਰੇਲ ਗੱਡੀ ਰਾਹੀਂ ਪਾਕਿਸਤਾਨ ਜਾਣਾ ਸੀ। ਅਸੀ ਦੋਵੇਂ ਬਜ਼ੁਰਗ ਹੋਣ ਕਰ ਕੇ ਸਾਨੂੰ ਬੱਸਾਂ ਦਾ ਸਫ਼ਰ ਔਖਾ ਲਗਦਾ ਸੀ। ਸੋ ਅੰਬਾਲੇ ਤੋਂ ਹੀ ਇਕ ਗੁਰਸਿੱਖ ਦੀ ਗੱਡੀ 3500/- ਰੁਪਏ ਕਿਰਾਏ ਤੇ ਲੈ ਲਈ ਅਤੇ ਦੋ ਵਜੇ ਸ੍ਰੀ ਆਨੰਦਪੁਰ ਪਹੁੰਚ ਗਏ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਤੋਂ ਕਮਰੇ ਬਾਰੇ ਪੁਛਿਆ ਤਾਂ ਦਸਿਆ ਗਿਆ ਕਿ ਯਾਤਰੀ ਜ਼ਿਆਦਾ ਹੋਣ ਕਰ ਕੇ ਕਮਰਾ ਕੋਈ ਖ਼ਾਲੀ ਨਹੀਂ।

ਸੋ ਨਜ਼ਦੀਕ ਹੀ ਇਕ ਗੈਸਟ ਹਾਊਸ ਵਿਚ ਕਮਰਾ ਕਿਰਾਏ ਤੇ ਲੈ ਲਿਆ। ਭਾਵੇਂ ਆਮ ਕਿਰਾਇਆ 300-400 ਰੁਪਏ ਹੁੰਦਾ ਹੈ ਪਰ ਉਸ ਦਿਨ ਉਨ੍ਹਾਂ ਵੀ ਰੇਟ ਵਧਾ ਦਿਤੇ ਸਨ ਅਤੇ 600 ਰੁਪਏ ਵਿਚ ਕਮਰਾ ਮਿਲਿਆ। ਰਾਤ ਦਾ ਲੰਗਰ ਛਕਿਆ। ਥੋੜੀ ਦੇਰ ਪਰਕਰਮਾ ਵਿਚ ਬੈਠ ਕੇ ਕੀਰਤਨ ਸੁਣਿਆ ਅਤੇ '84 ਦੇ ਸ਼ਹੀਦਾਂ ਦੀ ਯਾਦ ਵਿਚ ਬਣੀ ਯਾਦਗਾਰ ਵੇਖੀ ਜੋ ਕਿ ਸਿਰਫ਼ ਇਕ ਹੋਰ ਗੁਰਦਵਾਰਾ ਹੀ ਸੀ।

ਸਵੇਰੇ ਸੱਤ ਵਜੇ ਹੀ ਅਟਾਰੀ ਸਰਹੱਦ ਤੇ ਜਾਣ ਵਾਸਤੇ ਟੈਕਸੀਆਂ ਆ ਗਈਆਂ। ਸੌ ਰੁਪਏ ਪ੍ਰਤੀ ਸਵਾਰੀ। ਲਗਭਗ ਅੱਧੇ ਘੰਟੇ ਵਿਚ ਅਟਾਰੀ ਸਟੇਸ਼ਨ ਤੇ ਪਹੁੰਚ ਗਏ। ਪਲੇਟਫ਼ਾਰਮ ਤੇ ਇਕ ਵੱਡੇ ਹਾਲ ਵਿਚ ਲੋੜੀਂਦੀ ਕਾਰਵਾਈ ਹੋਈ। ਪਾਸਪੋਰਟ ਚੈੱਕ ਹੋਏ। ਕੰਪਿਊਟਰ ਤੇ ਸਾਰੀ ਜਾਣਕਾਰੀ ਦਰਜ ਹੋਈ ਅਤੇ ਤਸਵੀਰ ਵੀ ਲਈ ਗਈ। ਪਾਕਿਸਤਾਨ ਜਾਣ ਦੀ ਇਜਾਜ਼ਤ ਦਰਸਾਉਂਦੀ ਮੋਹਰ ਲੱਗ ਗਈ। ਸਾਥੋਂ ਪੋਲੀਉ ਬੂੰਦਾਂ ਪੀਣ ਦਾ ਸਰਟੀਫ਼ੀਕੇਟ ਮੰਗਿਆ ਗਿਆ ਜੋ ਲਗਪਗ ਕਿਸੇ ਕੋਲ ਨਹੀਂ ਸੀ। ਨਾਲੇ ਪੋਲੀਉ ਬੂੰਦਾਂ ਤਾਂ ਬੱਚਿਆਂ ਨੂੰ ਪਿਲਾਈਆਂ ਜਾਂਦੀਆਂ ਹਨ।

ਪਰ ਦਸਿਆ ਗਿਆ ਕਿ ਕੌਮਾਂਤਰੀ ਕਾਨੂੰਨ ਅਨੁਸਾਰ ਦੂਜੇ ਮੁਲਕ ਵਿਚ ਜਾਣ ਤੋਂ ਪਹਿਲਾਂ ਪੋਲੀਉ ਬੂੰਦਾਂ ਪੀਣਾ ਲਾਜ਼ਮੀ ਹੁੰਦਾ ਹੈ। ਖ਼ੈਰ ਸਾਰਿਆਂ ਨੂੰ ਬੂੰਦਾਂ ਪਿਲਾ ਕੇ ਸਰਟੀਫ਼ੀਕੇਟ ਦੇ ਦਿਤੇ ਗਏ।ਏਨੇ ਨੂੰ ਗੱਡੀ ਆ ਗਈ। ਉਤਸੁਕਤਾ ਸੀ ਕਿ ਸਰਹੱਦ ਕਿਵੇਂ ਦਾ ਬਣਾਇਆ ਹੋਇਆ ਹੈ। ਗੱਡੀ ਵਿਚ ਬੈਠ ਗਏ ਤੇ ਪੰਜ ਸੱਤ ਮਿੰਟਾਂ ਵਿਚ ਹੀ ਗੱਡੀ ਸਰਹੱਦ ਪਾਰ ਕਰ ਕੇ ਵਾਹਗਾ ਸਟੇਸ਼ਨ ਉਤੇ ਪਹੁੰਚ ਗਈ। ਸਰਹੱਦ ਕਈ ਤਰ੍ਹਾਂ ਦੀ ਕੰਡਿਆਲੀ ਤਾਰ ਨਾਲ ਬਣਾਇਆ ਹੋਇਆ ਸੀ ਅਤੇ ਦੋਹਾਂ ਪਾਸਿਆਂ ਤੇ ਪੁਲਿਸ ਦੀ ਗਸ਼ਤ ਬਹੁਤ ਜ਼ਿਆਦਾ ਕੀਤੀ ਜਾ ਰਹੀ ਸੀ। 

ਪਾਕਿਸਤਾਨ ਦੀ ਧਰਤੀ ਤੇ ਦਾਖ਼ਲ ਹੋਣ ਲਗਿਆਂ ਬੜੀ ਅਜੀਬ ਜਿਹੀ ਭਾਵਨਾ ਮਹਿਸੂਸ ਹੋ ਰਹੀ ਸੀ। ਵਾਹਗਾ ਪਲੇਟਫ਼ਾਰਮ ਤੇ ਕਈ ਤਰ੍ਹਾਂ ਦੇ ਸਵਾਗਤੀ ਬੈਨਰ ਲੱਗੇ ਹੋਏ ਸਨ। ਪਾਕਿਸਤਾਨ ਸਰਕਾਰ ਵਲੋਂ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ, ਔਕਾਫ਼ ਬੋਰਡ ਵਲੋਂ, ਵਰਤਮਾਨ ਅਤੇ ਸਾਬਕਾ ਗੁਰਦਵਾਰਾ ਕਮੇਟੀ ਦੇ ਪ੍ਰਧਾਨਾਂ ਵਲੋਂ ਪਲੇਟਫ਼ਾਰਮ ਸਜਾਇਆ ਹੋਇਆ ਸੀ। ਬਹੁਤ ਅਪਣੱਤ ਮਹਿਸੂਸ ਹੋਈ। ਅਟਾਰੀ ਸਟੇਸ਼ਨ ਨਾਲੋਂ ਇਥੇ ਲੰਗਰ ਦਾ ਸੁਚੱਜਾ ਪ੍ਰਬੰਧ ਸੀ। ਸ਼ਮਿਆਨਾ ਲਾ ਕੇ ਹੇਠਾਂ ਗਲੀਚੇ ਵਿਛੇ ਹੋਏ ਸਨ ਅਤੇ ਬੜੇ ਪਿਆਰ ਤੇ ਸਤਿਕਾਰ ਨਾਲ ਬਹੁਤ ਵਧੀਆ ਲੰਗਰ ਛਕਾਇਆ ਜਾ ਰਿਹਾ ਸੀ।

ਮੇਰੇ ਪੁਛਣ ਤੇ ਦਸਿਆ ਗਿਆ ਕਿ ਇਸ ਲੰਗਰ ਦਾ ਪ੍ਰਬੰਧ ਸਿੰਧ ਪ੍ਰਾਂਤ ਦੀਆਂ ਸੰਗਤਾਂ ਵਲੋਂ ਕੀਤਾ ਗਿਆ ਹੈ ਅਤੇ ਸੇਵਾਦਾਰ ਵੀ ਉਥੋਂ ਦੇ ਹੀ ਹਨ। ਜਦੋਂ ਪ੍ਰਬੰਧਕ ਬਾਰੇ ਪੁਛਿਆ ਤਾਂ ਦਸਿਆ ਗਿਆ ਕਿ ਉਹ ਸ. ਤਾਰਾ ਸਿੰਘ ਜੀ ਖੜੇ ਹਨ ਜਿਨ੍ਹਾਂ ਦੇ ਸੁਚੱਜੇ ਪ੍ਰਬੰਧ ਹੇਠ ਇਹ ਲੰਗਰ ਚਲਾਇਆ ਜਾ ਰਿਹਾ ਹੈ। ਮੈਂ ਜਾ ਕੇ ਫ਼ਤਹਿ ਬੁਲਾਈ। ਬਹੁਤ ਹੀ ਸੋਹਣੀ ਸ਼ਖਸੀਅਤ ਸੀ। ਉਨ੍ਹਾਂ ਦਸਿਆ ਕਿ ਨਨਕਾਣਾ ਸਾਹਿਬ, ਲਾਹੌਰ, ਪੰਜਾ ਸਾਹਿਬ, ਗੁਰਦਵਾਰਾ ਸੱਚਾ ਸੌਦਾ ਸਾਹਿਬ ਆਦਿ ਸੱਭ ਥਾਵਾਂ ਤੇ ਲੰਗਰ ਦਾ ਪ੍ਰਬੰਧ ਸਿੰਧ ਸੂਬੇ ਦੀਆਂ ਸੰਗਤਾਂ ਵਲੋਂ ਕੀਤਾ ਜਾਂਦਾ ਹੈ।

ਇਹ ਸੁਣ ਕੇ ਹੋਰ ਵੀ ਹੈਰਾਨੀ ਹੋਈ ਕਿ ਬਾਬੇ ਨਾਨਕ ਦੇ ਗੁਰਪੁਰਬ ਮੌਕੇ ਸਿੰਧ ਤੋਂ ਪੰਜ ਰੇਲ ਗੱਡੀਆਂ ਭਰ ਕੇ ਸ਼ਰਧਾਲੂ ਤੇ ਲੰਗਰ ਲੈ ਕੇ ਨਨਕਾਣਾ ਸਾਹਿਬ ਪੁਜਦੀਆਂ ਹਨ ਅਤੇ ਬੜੀ ਸ਼ਰਧਾ ਨਾਲ ਲੰਗਰ ਤਿਆਰ ਕਰਦੀਆਂ ਅਤੇ ਵਰਤਾਉਂਦੀਆਂ ਹਨ।ਵਾਹਗਾ ਸਟੇਸ਼ਨ ਤੇ ਹੀ ਕਈ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ। ਇਕ ਤਾਂ ਸਾਰੇ ਯਾਤਰੂਆਂ ਨੂੰ ਪਛਾਣ-ਪੱਤਰ ਦਿਤੇ ਗਏ ਜਿਨ੍ਹਾਂ ਉਤੇ ਯਾਤਰੀ ਦਾ ਨਾਂ, ਪਾਸਪੋਰਟ ਨੰਬਰ ਅਤੇ ਤਸਵੀਰ ਲੱਗੀ ਹੋਈ ਸੀ। ਨਾਲੇ ਹਦਾਇਤ ਕੀਤੀ ਗਈ ਕਿ ਇਹ ਪਛਾਣ-ਪੱਤਰ ਹਰ ਵੇਲੇ ਅਪਣੇ ਗਲ ਵਿਚ ਪਾ ਕੇ ਰਖਣੇ ਹਨ।

ਕਿਸੇ ਥਾਂ ਤੇ ਕੋਈ ਵੀ ਇਨ੍ਹਾਂ ਦੀ ਪੜਤਾਲ ਕਰ ਸਕਦਾ ਹੈ। ਉਂਜ ਦਸਿਆ ਗਿਆ ਕਿ ਇਹ ਸਾਡੀ ਹੀ ਸੁਰੱਖਿਆ ਵਾਸਤੇ ਜ਼ਰੂਰੀ ਹਨ। ਦੂਜਾ ਵਾਹਗਾ ਸਟੇਸ਼ਨ ਤੇ ਹੀ ਰੇਲ ਗੱਡੀਆਂ ਦੀ ਟਿਕਟ ਬਣਾ ਦਿਤੀ ਗਈ ਅਤੇ ਸੀਟ ਤੇ ਡੱਬਾ ਵੀ ਅਲਾਟ ਕਰ ਦਿਤਾ ਗਿਆ। ਸਾਰੀ ਯਾਤਰਾ ਵਿਚ ਇਹੋ ਸੀਟ ਅਤੇ ਇਹੋ ਹੀ ਡੱਬਾ ਰਹਿਣਾ ਹੈ। ਇਕ ਸਵਾਰੀ ਦੀ ਵਾਪਸੀ ਟਿਕਟ 970/- ਰੁਪਏ ਦੀ ਸੀ। ਇਹ ਟਿਕਟ ਵਾਹਗਾ ਤੋਂ ਨਨਕਾਣਾ ਸਾਹਿਬ, ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ, ਪੰਜਾ ਸਾਹਿਬ ਤੋਂ ਲਾਹੌਰ ਅਤੇ ਵਾਪਸੀ ਤੇ ਲਾਹੌਰ ਤੋਂ ਵਾਹਗਾ ਸਰਹੱਦ ਦੀ ਉਕਾ-ਪੁੱਕਾ ਟਿਕਟ ਸੀ। 

ਵਾਹਗਾ ਸਟੇਸ਼ਨ ਤੇ ਹੀ ਨਨਕਾਣਾ ਸਾਹਿਬ, ਪੰਜਾ ਸਾਹਿਬ ਅਤੇ ਲਾਹੌਰ ਵਿਚ ਠਹਿਰਨ ਲਈ ਕਮਰੇ ਵੀ ਅਲਾਟ ਕਰ ਦਿਤੇ ਗਏ ਅਤੇ ਛੇ ਛੇ-ਅੱਠ ਅੱਠ ਦੇ ਗਰੁਪ ਬਣਾ ਦਿਤੇ ਗਏ ਜਿਨ੍ਹਾਂ ਨੇ ਇਕਠਿਆਂ ਹੀ ਇਕ ਕਮਰੇ ਵਿਚ ਰਿਹਾਇਸ਼ ਕਰਨੀ ਸੀ। ਵਾਹਗਾ ਸਟੇਸ਼ਨ ਤੇ ਹੀ ਪੈਸੇ ਬਦਲਾਉਣ ਦਾ ਕੰਮ ਵੀ ਕੀਤਾ ਗਿਆ। ਭਾਰਤ ਦੇ ਇਕ ਰੁਪਏ ਬਦਲੇ ਪਾਕਿਸਤਾਨ ਦੇ ਡੇਢ ਰੁਪਏ ਮਿਲੇ।

ਦੋ ਹਜ਼ਾਰ ਰੁਪਏ ਦੀ ਕਰੰਸੀ ਵਟਾ ਲਈ ਅਤੇ ਕੁੱਝ ਭਾਰਤੀ ਰੁਪਏ ਵੀ ਨਾਲ ਰੱਖ ਲਏ। ਪਤਾ ਲੱਗਾ ਕਿ ਪਾਕਿਸਤਾਨ ਦੇ ਸੱਭ ਗੁਰਦਵਾਰਿਆਂ ਵਿਚ ਵੀ ਪੈਸੇ ਬਦਲੇ ਜਾ ਸਕਦੇ ਹਨ। ਇਥੇ ਹੀ ਅਧਿਕਾਰੀਆਂ ਨੇ ਸਾਰਿਆਂ ਦੇ ਪਾਸਪੋਰਟ ਜਮ੍ਹਾ ਕਰ ਲਏ। ਏਨੇ ਨੂੰ ਰੇਲ ਗੱਡੀ ਆ ਗਈ। ਸਿੱਖ ਤੀਰਥ ਯਾਤਰੀ ਅਪਣੀਆਂ ਸੀਟਾਂ ਤੇ ਬੈਠ ਗਏ।  (ਚਲਦਾ)
ਸੰਪਰਕ : 94168-75547

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement