ਕੀ ਸਨ, ਕੀ ਹੋ ਗਈਆਂ ਕਲਮਾਂ!
Published : Jun 6, 2018, 11:46 pm IST
Updated : Jun 6, 2018, 11:46 pm IST
SHARE ARTICLE
Baba Nanak
Baba Nanak

ਜੀਅ ਹਜ਼ੂਰੀ ਤੇ ਸੱਚ ਬੋਲਣ ਵਾਲੀਆਂ ਕਲਮਾਂ ਦਾ ਟਕਰਾਅ ਸ਼ੁਰੂ ਹੈ, ਕੀ ਕੋਈ ਨਵਾਂ ਇਨਕਲਾਬ ਜਨਮ ਲਵੇਗਾ?

ਘਰ ਆਏ ਦੁਸ਼ਮਣ ਨੂੰ ਮਹਿਮਾਨ ਨਿਵਾਜਣ ਵਾਲਿਆਂ ਕਿਸੇ ਯੁੱਗ ਵਿਚ ਸ਼ਹਾਬੂਦੀਨ ਗੌਰੀ ਰੂਪੀ ਮਹਿਮਾਨਾਂ ਨੂੰ, ਕਿਸੇ ਯੁੱਗ ਵਿਚ ਬਾਬਰਾਂ ਨੂੰ ਅਤੇ ਕਿਸੇ ਯੁੱਗ ਅਬਦਾਲੀਆਂ, ਨਾਦਰਾਂ ਨੂੰ ਮਹਿਮਾਨ ਨਿਵਾਜ਼ੀ ਵਜੋਂ ਧੀਆਂ-ਭੈਣਾਂ ਦੇ ਡੋਲੇ ਖਾਰੇ ਵਿਚ ਸ਼ਿੰਗਾਰ ਕੇ ਪੇਸ਼ ਕੀਤੇ। ਬੇਆਬਰੂਆਂ ਨੂੰ ਹਲੂਣਾ ਦੇਣ ਵਾਲੇ ਸੂਰਵੀਰਤਾ ਦੇ ਮੋਢੀ ਅਵਤਾਰ, ਕਲਮ ਦੇ ਯੋਧੇ ਬਾਬੇ ਨਾਨਕ ਦੀ ਦਲੇਰੀ ਤੋਂ ਵਾਰੇ ਵਾਰੇ ਜਾਈਏ ਜਿਨ੍ਹਾਂ ਜਾਬਰਾਂ ਨੂੰ ਜਾਬਰ ਹੀ ਕਿਹਾ।

ਸੱਚ ਤੇ ਕੂੜ ਦਾ ਨਿਸਤਾਰਾ ਕਰਦਿਆਂ ਬਾਬੇ ਨੇ ਰੱਤੀ-ਮਾਸਾ ਭਰ ਵੀ ਹਕੂਮਤ ਦਾ ਭੈਅ ਨਹੀਂ ਖਾਧਾ। ਜਾਬਰਾਂ ਨੂੰ ਬਾਬੇ ਦੀ ਖੂੰਡੀ ਖ਼ੂੰਖਾਰ ਸ਼ੇਰਨੀ ਜਾਪੀ। ਟੱਕਰ ਲੈਣ ਦਾ ਹੀਆਂ ਕਿਸ ਨੇ ਕਰਨਾ ਸੀ? ਇਸ ਦੇ ਨਾਲ ਨਾਲ ਹੀ ਬਾਬੇ ਦੀ ਕਲਮ ਵੀ ਜਾਬਰਾਂ ਨੂੰ ਫਿੱਟ-ਲਾਹਨਤਾਂ ਦਿੰਦੀ ਰਹੀ। ਹਿੰਦ ਦੀ ਨਿਘਰੀ ਹਾਲਤ ਤੇ ਇਉਂ ਦੁਖ ਪ੍ਰਗਟਾਇਆ

ਪਾਪ ਕੀ ਜੰਞ ਲੈ ਕਾਬਲਹੁ ਪਾਇਆ
ਜੋਰੀ ਮੰਗੈ ਦਾਨੁ ਵੇ ਲਾਲੋ।

ਸ਼ਰਮ ਧਰਮੁ ਦੁਇ ਛਪਿ ਖਲੋਏ 
ਕੂੜ ਫਿਰੈ ਪਰਧਾਨੁ ਵੇ ਲਾਲੋ।

ਬਾਬਾ ਨਾਨਕ ਯੁੱਗ ਦੇ ਅੰਤਲੇ ਦੌਰ ਦੇ ਮਹਾਂਬਲੀ ਦੁੱਲਾ ਭੱਟੀ ਅਤੇ ਮਹਾਰਾਣਾ ਪ੍ਰਤਾਪ ਨੇ ਬਾਬਾ ਨਾਨਕ ਦਾ ਹੀ ਮਾਰਗ ਅਖਤਿਆਰ ਕੀਤਾ ਅਤੇ ਇਤਿਹਾਸ 'ਚ ਅਮਰ ਅਹੁਦਾ ਪਾ ਗਏ। ਜਾਬਰ ਬਾਬਰ ਵੰਸ਼ੀ ਅਕਬਰ, ਜਿਸ ਨੂੰ ਕੁੱਝ ਇਤਿਹਾਸਕਾਰਾਂ ਵਾਂਗ ਪੰਡਿਤ ਜਵਾਹਰ ਲਾਲ ਨਹਿਰ ਨੇ ਵੀ 'ਅਕਬਰ ਮਹਾਨ' ਲਿਖ ਕੇ ਗ਼ਲਤ ਪਿਰਤ ਦਾ ਹੁੰਗਾਰਾ ਭਰਿਆ, ਉਸ ਅਕਬਰ ਨੇ ਹਲਦੀ ਘਾਟੀ ਦੇ ਯੁੱਧ 'ਚ ਰਾਜਪੂਤਾਂ ਦੇ ਵੀਰਤਾ ਜੌਹਰ ਤੋਂ ਖਾਰ ਖਾ ਕੇ 5000 ਬੰਦੀ ਰਾਜਪੂਤਾਂ ਦੇ ਖ਼ੂਨ ਨਾਲ ਹੱਥ ਰੰਗੇ।

ਕੈਦੀ ਰਾਜਪੂਤਾਂ ਵਿਚੋਂ ਸਮੇਂ ਦਾ ਕਵੀ ਦੁਰਦਾਸੀ ਜਾਂ ਦੁਰਗਾ ਦਾਸ (ਦੂਜਾ) ਵੀ ਸੀ, ਉਸ ਨੂੰ ਅੰਨ੍ਹਿਆਂ ਕਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਫ਼ੁਰਮਾਨ ਹੋਇਆ। ਕਵੀਵਰ ਨੇ ਅਪਣੀ ਵੀਰ ਸਤਮਈ ਦਾ ਦੋਹਿਰਾ ਉਚਾਰਣ ਕੀਤਾ, ''ਅਕਬਰ ਸਮੁੰਦ ਅਥਾਹ ਤਿਹ ਡੂਬਾ ਹਿੰਦ ਤੁਰਕ, ਮੇਵਾੜੋਤਿਣ ਮਾਂਹ ਪੋਇਣ ਫੁਲ ਪ੍ਰਤਾਪਸ਼ਾਹੀ।' ਉਪਰੰਤ ਸ਼ਹੀਦੀ ਜਾਮ ਪੀ ਪਿਆ। ਰਾਜਪੁਤਾਨੇ ਦੇ ਭਾਟ ਕਿਸੇ ਮੌਕੇ ਵੀ ਵੀਰ ਸਤਸਈ ਦੇ ਮਹਾਂਨਾਇਕ (ਮਹਾਰਾਣਾ ਪ੍ਰਤਾਪ) ਅਤੇ ਕਲਮ ਦੇ ਯੋਧੇ (ਦੁਰਦਾਸੀ) ਦੀ ਵੀਰਤਾ ਗਾਇਨ ਕਰਨੀ ਨਹੀਂ ਭੁਲਦੇ:

ਮਰੈ ਹੂਕ ਹੂਕ ਵਹੈ ਸਾਰ ਸਾਰਮੰ।
ਰਮਕੈ ਰਮਕੈ ਰਹੈ ਕਰਾਰ ਕਰਾਰਮੰ।
ਭਭਕੈ ਭਭਕੈ ਵਹੈ ਰਕਤ ਧਾਰਮੰ।
ਸਨਕੈ ਸਨਕੈ ਵਹੈ ਬਾਨ ਭਾਰਮੰ।

ਰਾਜਪੂਤ ਸੈਨਿਕਾਂ ਦੀ ਵੀਰਤਾ, ਹਲਦੀ ਘਾਟੀ ਦਾ ਘਮਸਾਨ ਕੋਈ ਸੁਣੇ ਇਨ੍ਹਾਂ ਭੱਟਾਂ ਤੋਂ। ਸਮੇਂ ਦੇ ਨਾਲ ਨਾਲ ਇਤਿਹਾਸ ਵੀ ਕਰਵਟ ਲੈਂਦਾ ਆਇਆ ਹੈ। ਕੁੱਝ ਅਜਿਹੀਆਂ ਤਾਕਤਾਂ ਸਿਰ ਚੁਕਦੀਆਂ ਹੋਂਦ ਜਤਾਉਂਦੀਆਂ ਹਨ ਜੋ ਵਕਤ ਦੇ ਬਦਲਾਅ ਤੋਂ ਪਹਿਲਾਂ ਹੀ ਨਵਾਂ-ਨਵੇਕਲਾ, ਮਾਣਮੱਤਾ ਇਤਿਹਾਸ ਸਿਰਜ ਦਿੰਦੀਆਂ ਹਨ। ਇਹ ਆਪਾਵਾਰੂ ਤਾਕਤਾਂ ਤੱਤੀਆਂ ਤਵੀਆਂ ਤੇ ਤਪ ਕੇ ਤੈਮੂਰਵੰਸ਼ੀਆਂ ਦੇ ਜ਼ੁਲਮ ਦੇ ਸਾਹਮਣੇ ਡਟਦੀਆਂ, ਉਨ੍ਹਾਂ ਨੂੰ ਅਪਣੇ ਸਿਦਕ ਅਤੇ ਮਰ-ਮਿਟਣ ਦੇ ਚਾਅ ਦਾ ਅਹਿਸਾਸ ਕਰਵਾਉਂਦੀਆਂ ਹਨ।

ਸੱਚ ਮਾਰਗੀ, ਸ਼ਾਂਤੀ ਪੁੰਜ ਪੰਜਵੇਂ ਪਾਤਸ਼ਾਹ ਨੇ ਚੌਥੇ ਮੁਗਲ ਜ਼ਾਲਮ ਨੂੰ ਕਲਮ ਦੀ ਤਾਕਤ 'ਤੇਰਾ ਭਾਣਾ ਮੀਠਾ ਲਾਗੈ' ਦੁਆਰਾ ਅਹਿਸਾਸ ਕਰਵਾਇਆ ਕਿ 'ਐ ਬਾਦਸ਼ਾਹ! ਇਹ ਭਰਮ ਨਾ ਪਾਲ ਬੈਠੀਂ ਕਿ ਤੱਤੀ ਤਵੀ ਤੇਰੇ ਹੁਕਮ ਦੀ ਤਾਮੀਰ ਹੈ, ਸਗੋਂ ਵਰਤ ਰਿਹਾ ਵਰਤਾਰਾ ਕੁਦਰਤੀ ਖੇਡ ਹੈ।' ਕਲਮ ਦੀ ਤਾਕਤ ਜਹਾਂਗੀਰ ਨੂੰ ਧੂਹ ਲਿਆਈ, ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਦੇ ਚਰਨੀਂ। ਪਛਚਾਤਾਪ ਵਜੋਂ ਉਹ ਅਤੇ ਉਸ ਦੀ ਬੇਗ਼ਮ ਦੋਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਾਕਰੀ ਕਰਦੇ ਰਹੇ ਤਾਉਮਰ।

ਮੁਗਲੀਆ ਸਲਤਨਤ ਬਾਹਰੋਂ ਭਾਵੇਂ ਤਾਕਤ ਦਾ ਦੰਭ ਭਰਦੀ ਸੀ, ਅੰਦਰਖਾਤੇ ਕੇਲੇ ਦੇ ਪੱਤੇ ਵਾਂਗ ਕੰਬਦੀ, ਡੋਲਦੀ, ਹਿੱਲ ਚੁੱਕੀ ਆਖ਼ਰੀ ਸਾਹਾਂ ਤੇ ਸੀ। ਗੁਰੂ ਤੇਗ਼ ਬਹਾਦਰ ਜੀ ਨੂੰ ਤਲਵਾਰ ਦੇ ਘਾਟ ਸ਼ਹੀਦ ਕਰਨ ਹੇਤ ਦਿੱਲੀ ਦਾ ਕੋਈ ਵੀ ਜੱਲਾਦ ਇਸ ਡਰੋਂ ਤਿਆਰ ਨਾ ਹੋਇਆ ਕਿ ਸਿੱਖਾਂ ਦਾ ਪੀਰ ਕਰਾਮਾਤੀ ਹੈ। ਸ਼ੰਕਾ ਨਿਵਾਰਨ ਲਈ ਕਾਜ਼ੀਆਂ, ਮੁੱਲਾਂ-ਮੁਲਾਣਿਆਂ, ਵਜ਼ੀਰਾਂ ਨੇ ਪੁਛਿਆ।

ਗੁਰੂ ਜੀ ਨੇ ਕਰਾਮਾਤ ਦੀ ਹਾਮੀ ਭਰੀ, ''ਤਲਵਾਰ ਵਾਹੋ, ਸਾਡਾ ਸੀਸ ਧੜ ਤੋਂ ਅਲੱਗ ਨਹੀਂ ਹੋਵੇਗਾ, ਇਹੀ ਸਾਡੀ ਕਰਾਮਾਤ ਹੈ।'' ਗੁਰੂ ਜੀ ਨੇ ਮੁਗਲਾਂ ਨੂੰ ਵੰਗਾਰਿਆ। ਇਹ ਸੀ ਸ਼ਹੀਦੀ ਦੇਣ ਦਾ ਚਾਉ। ਉਮਦਾ ਤਰੀਕਾ ਅਤੇ ਸੁੱਤੀਆਂ ਕੌਮਾਂ ਨੂੰ ਜਗਾਉਣ ਦੀ ਜਾਚ। ਕੌਮਾਂ ਜਾਗੀਆਂ ਕਿ ਕ੍ਰਿਤਘਨ ਕਹਾਈਆਂ ਵਖਰਾ ਵਿਸ਼ਾ ਹੈ, ਪਰ ਬਾਲ ਲਿਖਾਰੀ ਬਾਲ ਗੋਬਿੰਦ ਰਾਏ ਦੀ ਕਲਮ ਨੇ ਅੰਗਾਰ ਵਰਸਾਉਣੇ ਅਰੰਭੇ: 
ਤੇਗ ਬਹਾਦਰ ਦੇ ਚਲਤ ਹੀ ਭਓ ਜਗਤ ਮੇ ਸ਼ੋਕ।

ਹੈ ਹੈ ਜਗ ਭਓ ਜੈ ਜੈ ਮੁਰ ਲੋਕ।
ਅਤੇ ਇਧਰ ਹਕੂਮਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਸਮੇਂ ਦੀਆਂ ਨਜ਼ਰਾਂ ਨੇ ਡਿੱਠੀ। ਸ੍ਰੀ ਪਾਊਂਟਾ ਸਾਹਿਬ ਦੀ ਧਰਤੀ ਤੇ 52 ਕਵੀਆਂ ਦੇ ਦਰਬਾਰ ਦੀ ਪਾਈ ਪਿਰਤ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਤੀਰਾਂ, ਤੇਗਾਂ, ਢਾਲਾਂ, ਦਮਾਮਿਆਂ ਦਾ ਰੂਪ ਅਖਤਿਆਰ ਕਰ ਗਈ। ਕਲਮ ਦੀ ਨੋਕ ਦੇ ਇਨ੍ਹਾਂ ਅਗਨੀਬਾਨ ਸ਼ਸਤਰਾਂ ਦੀ ਟੁਣਕਾਰ 'ਚੰਡੀ ਦੀ ਵਾਰ' ਮਹਾਂਕਾਵਿ ਵਿਚ ਪ੍ਰਤੱਖ ਸੁਣੀਂਦੀ ਹੈ:

'ਬੱਜੇ ਢੋਲ ਨਗਾਰੇ ਦਲਾਂ ਮੁਕਾਬਲਾ।
ਤੀਰ ਫਿਰੈ ਰੈਬਾਰੇ ਆਹਮੋ-ਸਾਹਮਣੇ।'
ਅਤੇ
'ਉਰੜ ਫਊਂਜਾ ਆਈਆਂ ਬੀਰ ਚੜ੍ਹੇ ਕੰਧਾਰੀ।

ਸੜਕ ਮਿਆਨੋ ਕੱਢੀਆਂ ਤਿੱਖੀਆਂ ਭਰਵਾਰੀ।'
ਹੈ ਨਾ ਕਲਮ ਦੇ ਯੋਧੇ ਦਾ ਕਮਾਲ। ਆਪੇ ਗੁਰੂ, ਆਪੇ ਜਰਨੈਲ, ਆਪੇ ਕਵੀ ਦੀ ਕਲਮ ਨੇ ਉਹ ਮਰਜੀਵੜੇ ਪੈਦਾ ਕੀਤੇ ਜਿਨ੍ਹਾਂ ਦੇ ਸਦਕਾ ਇਨਕਲਾਬ ਦੀ ਮੀਨਾਰ ਖੜੀ ਹੋਈ ਜੋ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਪਾਉਂਟਾ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫ਼ਤਹਿਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ, ਜਿਥੇ ਵੀ ਚਲੇ ਜਾਉ, ਹਰ ਥਾਂ ਦਿਸਦੀ ਸੀ ਅਤੇ ਦਿਸ ਰਹੀ ਹੈ।

ਦੁਨੀਆਂ ਵਿਚ ਯੁੱਗ ਪਲਟਾਊ ਬਹੁਤੇ ਇਨਕਲਾਬ ਹੋਏ ਪਰ ਇਨਕਲਾਬ ਲਿਆਉਣਾ, ਉਸ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਤੋਂ ਸਿਵਾਏ ਕੋਈ ਦੂਜਾ ਇਨਕਲਾਬੀ ਲਿਖਾਰੀ ਨਹੀਂ ਕਰ ਸਕਿਆ। ਇਨਕਲਾਬੀ ਗੁਰੂ ਦੀ ਕਲਮ ਨੇ ਚਾਰ ਸਦੀਆਂ ਤੋਂ ਬੇਦੋਸ਼ਿਆਂ ਦੇ ਸਿਰਾਂ ਤੇ ਉਸਾਰੇ ਗਏ ਮੁਗ਼ਲੀਆ ਸਲਤਨਤ ਦੇ ਪਾਪ ਬੁਰਜ ਨੂੰ ਨੇਸਤੋਨਾਬੂਤ ਕੀਤਾ। ਜਗਤ-ਜਲੰਦਾ ਦੰਗ ਰਹਿ ਗਿਆ। ਇਨਕਲਾਬੀ ਕਲਮ ਦੀ ਦੇਣ ਸੀ ਜ਼ਫ਼ਰਨਾਮਾ।

ਜ਼ਫ਼ਰਨਾਮਾ ਸੀ ਕਿ ਕਲਮ ਬਣ ਜਿਸ ਪੜ੍ਹਨ-ਸੁਣਨ ਵਾਲੇ ਨੂੰ ਚਾਰੇ ਖਾਨੇ ਚਿੱਤ ਕਰ ਦਿਤਾ। ਇਨਕਲਾਬੀ ਕਲਮ ਨੇ ਮਰਿਆਦਾ ਵੀ ਪੁਗਾਈ। ਇਕ ਪਾਤਸ਼ਾਹ ਨੇ ਦੂਜੇ ਪਾਤਸ਼ਾਹ ਨੂੰ ਸਤਿਕਾਰ ਦਿਤਾ। ਇਹ ਗੱਲ ਵਖਰੀ ਹੈ ਕਿ ਪਾਤਸ਼ਾਹ ਦੇ ਜ਼ਫ਼ਰਨਾਮੇ ਦੇ ਸ਼ਬਦ-ਬਾਣ ਦਾ ਵਿੰਨ੍ਹਿਆ ਪਾਤਸ਼ਾਹ ਜ਼ੁਲਮ ਦੇ ਕੱਫਣ 'ਚ ਦਫ਼ਨ ਹੋ ਗਿਆ।

ਵੰਨ-ਸੁਵੰਨੀਆਂ ਸਿਆਹੀਆਂ, ਜਿਗਰ ਦੇ ਟੁਕੜਿਆਂ ਤੋਂ ਘੜੀ ਕਲਮ ਦੀ ਨੋਕ 'ਚ ਨਿਕਲਿਆ ਇਨਕਲਾਬ, ਉਸ ਨੂੰ ਝੁਠਲਾਉਣ ਦੀਆਂ ਕੌੜੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਥੇਦਾਰ ਦੀ ਕਥਾ ਦੇ ਦੋ ਸਿੰਘ ਜ਼ਫ਼ਰਨਾਮਾ ਲੈ ਕੇ ਔਰੰਗਜ਼ੇਬ ਦੇ ਦਰਬਾਰ ਪਹੁੰਚਦੇ ਹਨ। ਬਾਦਸ਼ਾਹ ਪੁਛਦਾ ਹੈ, ''ਕੌਣ ਹੋ ਤੁਸੀ?'' ਨਿਧੜਕ ਸਿੰਘਾਂ ਨੇ ਉੱਤਰ ਦਿਤਾ, ''ਅਸੀ ਗੁਰੂ ਗੋਬਿੰਦ ਸਿੰਘ ਦੇ ਸਿੰਘ ਹਾਂ।'' ਬਾਦਸ਼ਾਹ ਸਹਿਮਿਆ, ''ਸੁਣਿਐ ਤੁਹਾਡਾ ਗੁਰੂ ਬੜਾ ਕਰਨੀ ਵਾਲਾ ਤੇ ਤਾਕਤਵਰ ਹੈ।'' ਸਿੰਘ, ''ਉਹ ਤਾਂ ਹੈਨ ਹੀ, ਉਸ ਦੇ ਸਿੰਘ ਅਤੇ ਉਨ੍ਹਾਂ ਦਾ ਕੁੱਤਾ ਵੀ ਤਾਕਤ ਦਾ ਬਾਦਸ਼ਾਹ ਹੈ।''

'ਕੁੱਤਾ ਪੇਸ਼ ਕਰੋ।'' ਹੁਕਮ ਹੋਇਆ। ਦਰਬਾਰ ਵਿਚ ਕੁੱਤਾ ਬੋਲਿਆ, ''ਬਾਦਸ਼ਾਹ ਸਲਾਮਤ! ਤੁਸੀ ਪਹਿਲਾਂ ਵੀ ਕੁੱਤੇ ਸੀ, ਹੁਣ ਵੀ ਕੁੱਤੇ ਹੋ, ਅਗਲੇ ਜਨਮ ਵਿਚ ਵੀ ਕੁੱਤੇ ਦੀ ਜੂਨ ਭੋਗੋਵੇ।'' ਸ੍ਰੀ ਤਖ਼ਤ ਸਾਹਿਬ .. 'ਚ 350ਵੇਂ ਅਵਤਾਰ ਦਿਵਸ ਮੌਕੇ ਜੁੜ ਬੈਠੀ ਸੰਗਤ ਕੂੜ ਸਾਖੀ ਤੇ ਜੈਕਾਰੇ ਲਾ ਲਾ ਕੇ ਅਪਣੀ ਮੂਰਖਤਾ ਦਾ ਪ੍ਰਗਟਾਵਾ ਕਰਦੀ ਰਹੀ। ਪਵਿੱਤਰ ਅਸਥਾਨ ਦੀ ਮਰਿਆਦਾ ਤਾਂ ਤਾਰ ਤਾਰ ਹੋਈ ਹੀ, ਸਿੱਖ ਸਮਾਜ ਉਤੇ ਜਗ ਖ਼ੂਬ ਹਸਿਆ।

ਫ਼ਰਾਂਸੀਸੀ ਯਾਤਰੀ ਫੈਬਰਿਸ ਬਰਨਿਅਰ ਨੇ ਮੁਗ਼ਲਾਂ, ਖ਼ਾਸ ਕਰ ਕੇ ਔਰੰਗਜ਼ੇਬ, ਦੇ ਦਰਬਾਰ ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ। ਮੁਗ਼ਲ ਦਰਬਾਰ ਦੇ ਸੱਭੇ ਦਰਬਾਰੀ, ਮੁਨਸਬਦਾਰ, ਰੇਜਨੀਦਾਰ, ਦਸ ਹਜ਼ਾਰੀ, ਦੋਆਜਦਹ, ਸਾਹਿਬਜ਼ਾਦਿਆਂ ਤਕ ਨੂੰ ਹੁਕਮ ਸੀ ਕਿ ਦਸਤੂਰ ਮੁਵਾਫਿਕ ਆਦਾਬ ਬਜ੍ਹਾ ਲਾਉਣ ਯਾਨੀ ਕਿ ਵੱਲਾਅ-ਵਿਲਾਅ ਆਦਾਬਸਾਹ ਤਸਲੀਮਾਤ ਅਦਾ ਕਰਨ। ਉਪਰੰਤ ਬਾਦਸ਼ਾਹ ਦੇ ਨਜ਼ਦੀਕ ਆਉਣ। ਤਿੰਨ ਵਾਰ ਗੋਡਿਆਂ ਤੀਕ ਝੁਕ ਕੇ ਰਿਵਾਜ ਮੁਵਾਫਿਕ ਸਲਾਮ ਕਰਨ। ਦਰਬਾਰ ਵਿਚ ਕਿਸੇ ਨੂੰ ਵੀ ਆਕੜ ਕੇ ਖਲੋਣ, ਆਪਸ 'ਚ ਗੁਫ਼ਤਗੂ ਦੀ ਇਜਾਜ਼ਤ ਨਹੀਂ ਸੀ।

ਇਕ ਦਿਨ ਸ਼ਾਹ ਸ਼ੂਜਾ ਦੀ ਵਿਧਵਾ, ਜੋ ਕਿ ਗਰਭਵਤੀ ਸੀ, ਕੋਈ ਫ਼ਰਿਆਦ ਕਰਨੀ ਚਾਹੁੰਦੀ ਸੀ। ਗਰਭ ਕਾਰਨ ਉਸ ਤੋਂ ਝੁਕ ਕੇ ਸਲਾਮ ਨਾ ਫ਼ੁਰਮਾਈ ਗਈ। ਦੋਸ਼ੀ ਨੂੰ ਸਜ਼ਾਏ ਪੇਟ ਚਾਕ ਦਾ ਹੁਕਮ ਹੋਇਆ। ਸੱਤ ਮਹੀਨੇ ਦਾ ਬੱਚਾ ਅਤੇ ਜੱਚਾ ਨੂੰ ਤੜਪਦੇ ਵੇਖ ਕੇ ਬਾਦਸ਼ਾਹ ਦੇ ਮੂੰਹੋਂ ਨਿਕਲਿਆ, ''ਵਾਹ ਅੱਲ੍ਹਾ ਕਾ ਕਮਾਲ ਜੁਮਲਾ।'' ਅਜਿਹਾ ਸੀ ਔਰੰਗਜ਼ੇਬ ਦਾ ਦਰਬਾਰ, ਜਿਥੇ ਚਿੜੀ ਵੀ ਨਾ ਫੁਰਕਦੀ ਹੋਵੇ। ਸਿੰਘਾਂ ਦਾ ਕੁੱਤਾ ਉਸ ਨੂੰ ਕੁੱਤਾ ਕਿਵੇਂ ਕਹਿ ਗਿਆ, ਦੱਸੋ ਮੂਰਖੋ।

ਰੂਸੀ ਇਨਕਲਾਬ ਦਾ ਮਹਾਂਨਾਇਕ ਲੈਨਿਨ ਲਿਖਦਾ ਹੈ ਕਿ ਸਿਆਹੀ ਦਾ ਇਕ ਡੋਬਾ ਲੱਖਾਂ-ਕਰੋੜਾਂ ਲੋਕਾਂ ਦੀ ਸੋਚ ਵਿਚ ਤੂਫ਼ਾਨ ਪੈਦਾ ਕਰ ਸਕਦਾ ਹੈ। ਭਾਰਤ ਦੀ ਆਜ਼ਾਦੀ ਦੇ ਸਿਰਕੱਢ ਇਨਕਲਾਬੀ ਭਗਤ ਸਿੰਘ ਅਤੇ ਉਸ ਦੇ ਸਾਥੀ ਸ਼ਹੀਦ ਬਿਸਮਿਲ ਦੀ ਕਲਮ ਦਾ ਗੀਤ 'ਸਰਫ਼ਰੋਸ਼ੀ ਕੀ ਤਮੰਨਾ...' ਅਤੇ 'ਮਾਏ ਰੰਗ ਦੇ ਬਸੰਤੀ ਚੋਲਾ' ਗਾਉਂਦੇ ਹੋਏ ਸ਼ਹੀਦੀਆਂ ਪਾ ਗਏ ਸਨ।

ਅੱਸੀਵਿਆਂ ਦੇ ਨੇੜੇ-ਤੇੜੇ ਕ੍ਰਾਂਤੀਕਾਰੀ ਪਾਸ਼ ਦੀ ਕਲਮ ਗੁਰੂ ਗੋਬਿੰਦ ਸਿੰਘ ਦੇ ਬਾਜ਼ ਦਾ ਸੰਦੇਸ਼ ਘਰ ਘਰ ਪਹੁੰਚਾਉਂਦੀ ਰਹੀ ਅਤੇ ਅਣਖੀ ਕੰਮੀਆਂ ਦੇ ਵਿਹੜੇ ਸੂਰਜ ਮਘਾਉਂਦੀ ਰਹੀ। ਸਮਾਜ, ਸਿਆਸਤ, ਸਾਹਿਤ, ਇਤਿਹਾਸ ਨੂੰ ਫ਼ਿਰਕੂ ਚਾਸ਼ਨੀ ਦੀ ਪੁੱਠ ਦੇਣ ਦੀਆਂ ਬੇਹੁਦਰੀਆਂ ਹੋਈਆਂ। ਕਲਮਾਂ ਦਾ ਕਮਾਲ ਕਿ ਪੁਰਸਕਾਰ, ਤਮਗ਼ੇ ਵਗਾਹ ਮਾਰੇ। ਕਲਮ ਨੇ ਅਪਣੀ ਸੰਘੀ ਨੂੰ ਫ਼ਿਰਕੂ ਦੈਂਤ ਦਾ ਪੰਜਾ ਨਹੀਂ ਪੈਣ ਦਿਤਾ।

ਫ਼ਿਰਕੂ ਤੱਤਾਂ ਨੂੰ ਉਨ੍ਹਾਂ ਦੀ ਔਕਾਤ ਕਲਮ ਨੇ ਗੱਜ-ਵੱਜ ਕੇ ਚੇਤਾ ਕਰਵਾਇਆ। ਛਿੜੀ ਚੇਤਨਾ ਮੁਹਿੰਮ ਮੱਠੀ ਨਹੀਂ ਪੈਣ ਦਿਤੀ। ਸਮਾਜ ਦੇ ਦੱਬੇ-ਲਿਤਾੜੇ ਵਰਗ ਦੀ ਚਹੇਤੀ ਚੇਤਨਾ ਮੁਹਿੰਮ ਦੀ ਇਕ ਹੋਰ ਡੂੰਘੀ ਕਾਰਕੁਨ ਅਰੂੰਧਤੀ ਰਾਏ ਦੀ ਕਲਮ ਤੋਂ ਦਿੱਲੀ ਵੀ ਖੌਫ਼ਜ਼ਦਾ ਹੋਈ।ਬਿਨਾਂ ਸ਼ੱਕ, ਬਿਨਾਂ ਨਾਗਾ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ, ਅਖ਼ਬਾਰ ਦੇ ਪਾਠਕ-ਲੇਖਕ ਇੰਦਰ ਸਿੰਘ ਘੱਗਾ, ਰਾਜਬੀਰ ਸਿੰਘ ਰਿਕਸ਼ਾਵਾਲਾ ਅਤੇ ਉੱਚ ਪੁਲਿਸ ਅਧਿਕਾਰੀ ਬਲਰਾਜ ਸਿੰਘ ਆਦਿ ਦੀਆਂ ਕਲਮਾਂ ਵੀ ਸਮਾਜ ਨੂੰ ਜਗਾਉਣ ਦੀਆਂ ਲਹਿਰਾਂ ਬਹਿਰਾਂ 'ਚ ਮਸ਼ਗੂਲ ਹਨ।

ਡੇਰੇਦਾਰਾਂ ਦੀਆਂ ਠੱਗੀਆਂ-ਠੋਰੀਆਂ ਤੋਂ ਅਖੌਤੀ ਧਾਰਮਕ ਆਗੂਆਂ ਰਾਹੀਂ ਸੁਰਗ-ਧਾਮ ਦੇ ਵੰਡੇ ਜਾਂਦੇ ਲਾਲੀਪਾਪ ਤੋਂ ਖ਼ਬਰਦਾਰ ਕੀਤਾ ਜਾਣਾ ਸਲਾਹੁਣਯੋਗ ਹੈ। ਦੁੱਖ ਕਿ ਬਹੁਤੀਆਂ ਕਲਮਾਂ 'ਗਿਆ-ਰਾਮਾ' ਦੇ ਢਹੇ ਚੜ੍ਹ ਕੇ ਉਨ੍ਹਾਂ ਤੱਤਾਂ ਦੀ ਉਸਤਤਿ 'ਚ ਗਲਤਾਨ ਹਨ ਜਿਨ੍ਹਾਂ ਦੇ ਪੈਰਾਂ 'ਚ ਕਲਮਕਾਰਾਂ ਦਾ ਸਿਰ ਝੁਕਿਆ ਅਤੇ ਈਮਾਨ ਵਿਕਿਆ ਰਹਿੰਦਾ ਹੈ।

ਜਾਗਦੀ ਜ਼ਮੀਰ ਵਾਲਿਆਂ ਨੂੰ ਪਾਕਿਸਤਾਨ ਜਾਉ ਦੀਆਂ ਨਸੀਹਤਾਂ ਵੰਡੀਆਂ ਜਾਂਦੀਆਂ ਹਨ। ਕਲਮਾਂ ਦਾ ਟਕਰਾਅ ਜਾਂ ਤਾਂ ਨਵੇਂ ਇਨਕਲਾਬ ਦਾ ਮੁੱਢ ਬੰਨ੍ਹਦਾ ਹੈ, ਵਰਨਾ ਸਭਿਅਤਾਵਾਂ ਨੂੰ ਗਰਕੀ ਵਲ ਧੱਕ ਦਿੰਦਾ ਹੈ।
ਸੰਪਰਕ : 94669-38792

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰੱਬਾ ਆਹ ਕੀ ਕਰ ‘ਤਾ, ਖੇਡਦਾ ਖੇਡਦਾ ਬਾਥਰੂਮ ਚ ਬਾਲਟੀ ਚ ਡੁੱਬ ਗਿਆ ਮਾਸੂਮ ਪੁੱਤ, ਹੋਈ ਮੌ.ਤ, ਦਾਦੀ ਦਾ ਹਾਲ ਨਹੀਂ ਦੇਖ

29 Apr 2024 10:39 AM

ਟੱਕਰ ਮਗਰੋਂ ਮੋਟਰਸਾਈਕਲ ਸਵਾਰ ਦਾ ਕਾਰ ਚਾਲਕ ਨਾਲ ਪੈ ਗਿਆ ਪੰਗਾ.. ਬਹਿਸਬਾਜ਼ੀ ਮਗਰੋਂ ਹੱਥੋਪਾਈ ਤੱਕ ਪੁੱਜੀ ਗੱਲ.......

29 Apr 2024 10:09 AM

Punjab Congress 'ਚ ਹੋਵੇਗਾ ਇੱਕ ਹੋਰ ਧਮਾਕਾ ! ਪਾਰਟੀ ਛੱਡਣ ਦੀ ਤਿਆਰੀ 'ਚ Dalvir Singh Goldy , Social Media..

29 Apr 2024 9:57 AM

Big News: Raja Warring ਦਾ Sunil Jakhar ਖਿਲਾਫ ਚੋਣ ਲੜਣ ਦਾ ਐਲਾਨ, ਦੇਖੋ ਕੀ ਦਿੱਤਾ ਬਿਆਨ, ਗਰਮਾਈ ਪੰਜਾਬ ਦੀ..

27 Apr 2024 1:49 PM

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM
Advertisement