
ਇਸ ’ਚ ਤਾਂ ਕੋਈ ਸ਼ੱਕ ਨਹੀਂ ਕਿ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਸਰੋਵਰ ਦੀ ਪ੍ਰਕਰਮਾ ਅੰਦਰ ਫ਼ੌਜੀ ਬੂਟਾਂ ਸਣੇ ਹੀ ਫਿਰ ਰਹੇ ਸੀ।
Operation Blue Star 40th Anniversary: ਉਹ ਕਿਵੇਂ 84 ਨੂੰ ਭੁੱਲ ਸਕਦਾ ਹੈ ਜਿਸ ਦਾ ਬਾਪ ਅੰਮ੍ਰਿਤਸਰ ਮੱਥਾ ਟੇਕਣ ਗਿਆ ਹੋਵੇ ਤੇ ਅਤਿਵਾਦੀ ਕਹਿ ਕੇ ਮਾਰ ਦਿਤਾ ਗਿਆ ਹੋਵੇ ਜਦਕਿ ਉਸ ਵਿਚਾਰੇ ਨੂੰ ਤਾਂ ਇਹ ਪਤਾ ਵੀ ਨਹੀਂ ਸੀ ਪਤਾ ਕਿ ਅਤਿਵਾਦੀ ਹੁੰਦਾ ਕੌਣ ਏ? ਉਹ ਮਾਂ ਜੂਨ ਦਾ ਮਹੀਨਾ ਕਿਵੇਂ ਭੁੱਲ ਸਕਦੀ ਹੈ ਜਿਸ ਦਾ ਪੁੱਤਰ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ’ਤੇ ਗੁਰੂ ਘਰ ਗਿਆ ਤੇ ਗੋਲੀਆਂ ਮਾਰ ਕੇ ਬਿਨਾਂ ਕਿਸੇ ਵਜ੍ਹਾ ਦੇ ਮਾਰ ਦਿਤਾ ਗਿਆ। ਬੱਸ ਉਸ ਦਾ ਕਸੂਰ ਇਹੀ ਸੀ ਕਿ ਉਹ ਸਿਰ ਤੇ ਸੋਹਣੀ ਦਸਤਾਰ ਸਜਾ ਕੇ ਗਿਆ ਸੀ ਤੇ ਦਾਹੜੀ ਅਜੇ ਉਸ ਦੇ ਮੂੰਹ ਤੇ ਥੋੜੀ ਥੋੜੀ ਉਤਰ ਹੀ ਰਹੀ ਸੀ। ਬਖ਼ਸ਼ਿਆ ਤਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਨਹੀਂ ਸੀ ਗਿਆ। ਜਵਾਨ ਧੀਆਂ, ਬੀਬੀਆਂ ਨਾਲ ਉਹ ਕੁੱਝ ਕੀਤਾ ਗਿਆ ਜੋ ਬਿਆਨ ਕਰਨ ਲੱਗੇ ਕਲਮ ਵੀ ਕੰਬ ਜਾਂਦੀ ਹੈ।
ਮੈਂ ਤਾਂ ਇਹੀ ਕਹਾਂਗਾ ਕਿ ਜਿਸ ਤਰ੍ਹਾਂ ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਬੜੇ ਵੱਡੇ ਪੱਧਰ ’ਤੇ ਮਨਾਉਂਦੇ ਹਾਂ, ਉਸੇ ਤਰ੍ਹਾਂ ਸਾਨੂੰ ਜੂਨ 84 ਦੇ ਇਹ ਦਿਨ ਵੀ ਵੱਡੇ ਪੱਧਰ ’ਤੇ ਮਨਾਉਣੇ ਚਾਹੀਦੇ ਹਨ। ਅਪਣੇ ਪ੍ਰਵਾਰ ’ਚ ਬੈਠ ਕੇ ਛੋਟੇ ਬੱਚਿਆਂ ਤੇ ਜਵਾਨ ਹੋ ਰਹੇ ਧੀਆਂ ਪੁੱਤਰਾਂ ਨੂੰ ਦਸਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਜੂਨ 84 ’ਚ ਬੇਕਸੂਰ ਸਿੱਖਾਂ ਦਾ ਕਤਲੇਆਮ ਹੋਇਆ ਸੀ ਤੇ ਕਿਵੇਂ ਉਨ੍ਹਾਂ ਨੂੰ ਅਤਿਵਾਦੀ ਆਖ ਕੇ ਮਾਰ ਦਿਤਾ ਗਿਆ। ਜਿਹੜੀ ਅੱਖ ਨਾਲ ਵਜ਼ੀਰ ਖ਼ਾਂ ਨੂੰ ਅੱਜ ਸਿੱਖ ਸਮਾਜ ਵੇਖਦਾ ਹੈ, ਉਸੇ ਤਰ੍ਹਾਂ ਇੰਦਰਾ ਗਾਧੀ ਨੂੰ ਵੀ ਸਾਡੇ ਬੱਚੇ ਵੇਖਣ। ਜਿਸ ਤਰ੍ਹਾਂ ਵਜ਼ੀਰ ਖ਼ਾਂ ਨੂੰ ਪਾਪੀ ਆਖ ਕੇ ਸੰਬੋਧਨ ਕੀਤਾ ਜਾਂਦੈ, ਉਸੇ ਤਰ੍ਹਾਂ ਇੰਦਰਾ ਗਾਂਧੀ ਨੂੰ ਵੀ ਸਾਡੇ ਬੱਚੇ ਤੇ ਆਉਣ ਵਾਲੀਆਂ ਪੀੜ੍ਹੀਆਂ ਪਾਪਣ ਕਹਿ ਕੇ ਹੀ ਯਾਦ ਕਰਨ।
ਇਹ ਸੱਭ ਕੁੱਝ ਇਕ ਸੋਚੀ ਸਮਝੀ ਸਾਜ਼ਸ਼ ਅਧੀਨ ਕੀਤਾ ਗਿਆ ਸੀ। ਇੰਦਰਾ ਗਾਂਧੀ ਨੇ ਬਹੁਤ ਚਿਰ ਪਹਿਲਾਂ ਹੀ ਅਪਣੇ ਨਜ਼ਦੀਕੀ ਸਲਾਹਕਾਰਾਂ ਨਾਲ ਰਾਇ ਮਸ਼ਵਰਾ ਕਰ ਕੇ ਦਰਬਾਰ ਸਾਹਿਬ ’ਤੇ ਫ਼ੌਜੀ ਹਮਲਾ ਕਰਨ ਦਾ ਫ਼ੈਸਲਾ ਕਰ ਲਿਆ ਸੀ। ਉਸ ਨੇ ਭਾਰਤੀ ਫ਼ੌਜ ਦੇ ਮੁਖੀ ਜਨਰਲ ਏ.ਐਸ. ਵੈਦਿਆ ਨੂੰ ਕੋਈ ਸਾਢੇ ਪੰਜ ਮਹੀਨੇ ਪਹਿਲਾਂ 15 ਜਨਵਰੀ ਨੂੰ ਸੈਨਾ ਦਿਵਸ ਮੌਕੇ ਅਪਣੇ ਇਸ ਫ਼ੈਸਲੇ ਦੀ ਸੂਹ ਦੇ ਦਿਤੀ ਸੀ। ਉਸ ਤੋਂ ਬਾਅਦ ਪਛਮੀ ਕਮਾਨ ਦੀ ਪੈਰਾ ਬਰੀਗੇਡ ਡਿਵੀਜ਼ਨ ਦੀ ਫ਼ਸਟ ਬਟਾਲੀਅਨ ਦੇ ਆਲਾ ਦਰਜੇ ਦੇ ਕਮਾਂਡੋਆਂ ਨੂੰ ਚਕਰਾਤਾ (ਦੇਹਰਾਦੂਨ ਨੇੜੇ) ਤੇ ਸਰਸਾਵਾ (ਸਹਾਰਨਪੁਰ ਵਿਖੇ) ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿਤੀ ਗਈ।
ਉਨ੍ਹਾਂ ਨੂੰ ਦਰਬਾਰ ਸਾਹਿਬ ਨਾਲ ਮਿਲਦੀ ਜੁਲਦੀ ਇਮਾਰਤ ਤਿਆਰ ਕਰ ਕੇ ਦਿਤੀ ਤੇ ਉਸ ’ਤੇ ਹਮਲੇ ਦਾ ਅਭਿਆਸ ਕਰਵਾਇਆ ਗਿਆ। ਪੰਜਾਬ ਅੰਦਰ ਫ਼ੌਜ ਭੇਜਣ ਦੇ ਅਸਲ ਮੰਤਵ ਨੂੰ ਲੁਕਾਉਂਦੇ ਹੋਏ ਬਾਹਰੀ ਤੌਰ ’ਤੇ ਇਹ ਸ਼ੋਅ ਕੀਤਾ ਗਿਆ ਕਿ ਸਰਹੱਦੋਂ ਪਾਰ ਘੁਸਪੈਠ ਨੂੰ ਰੋਕਣ ਲਈ ਫ਼ੌਜ ਭੇਜੀ ਜਾ ਰਹੀ ਹੈ। (ਹਵਾਲਾ ਪੁਸਤਕ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, ਲੇਖਕ ਅਜਮੇਰ ਸਿੰਘ) ਉਸ ਸਮੇਂ ਹਾਲਾਤ ਜੋ ਵੀ ਹੋਣ, ਸਰਕਾਰ ਨੂੰ ਇਹ ਯਕੀਨ ਸੀ ਕਿ ਦਰਬਾਰ ਸਾਹਿਬ ਅੰਦਰ ਅਤਿਵਾਦੀ ਲੁਕੇ ਹੋਏ ਹਨ ਜਿਨ੍ਹਾਂ ਨੂੰ ਅੰਦਰੋਂ ਕੱਢਣ ਜਾਂ ਫੜਨ ਲਈ ਸੀਆਰਪੀ, ਬੀਐਸਐਫ਼, ਉੱਚ ਦਰਜੇ ਦੇ ਸਿਖਲਾਈ ਪ੍ਰਾਪਤ ਕਮਾਂਡੋ ਤੇ ਆਲਾ ਦਰਜੇ ਦੀਆਂ ਪੁਲੀਸ ਕੰਪਨੀਆਂ ਲੱਗੀਆਂ ਹੋਈਆਂ ਸਨ ਜਿਨ੍ਹਾਂ ਨੇ ਚਾਰੇ ਪਾਸੇ ਤੋਂ ਦਰਬਾਰ ਸਾਹਿਬ ਦੀ ਘੇਰਾਬੰਦੀ ਕਰ ਲਈ।
2 ਜੂਨ 1984 ਨੂੰ ਕੰਪਲੈਕਸ ਦਾ ਚਾਰਜ ਫ਼ੌਜ ਨੂੰ ਦੇ ਦਿਤਾ ਗਿਆ ਜਿਸ ਕੋਲ 24 ਅੱਗ ਉਗਲਦੇ ਟੈਂਕ ਸਨ (ਹਵਾਲਾ ਪੁਸਤਕ ਕਿਉਂ ਕੀਤੋ ਵੇਸਾਹੁ ਲੇਖਕ ਨਰੈਣ ਸਿੰਘ) ਇਨ੍ਹਾਂ ਦੀ ਸਹਾਇਤਾ ਲਈ ਵਿਸ਼ੇਸ਼ ਸਿਖਲਾਈ ਪ੍ਰਾਪਤ ਕਮਾਂਡੋਆਂ ਨੂੰ ਹੈਲੀਕਪਟਰ ਰਾਹੀਂ ਭੇਜਿਆ ਗਿਆ। 3 ਜੂਨ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਸੀ। ਚਾਰੇ ਪਾਸੇ ਸੰਗਤਾਂ ਦਾ ਭਾਰੀ ਇਕੱਠ ਸੀ। ਗੁਰੂ ਰਾਮਦਾਸ ਸਰਾਂ, ਅਕਾਲ ਰੈਸਟ ਹਾਊਸ, ਗੁਰੂ ਨਾਨਕ ਨਿਵਾਸ ਮੰਜੀ ਸਾਹਿਬ, ਗੁਰੂ ਰਾਮਦਾਸ ਲੰਗਰ ਹਾਲ, ਸਰੋਵਰ ਵਾਲੀ ਪ੍ਰਕਰਮਾ ਸੱਭ ਥਾਈਂ ਸੰਗਤਾਂ ਦਾ ਇਕੱਠ ਹੋ ਚੁੱਕਾ ਸੀ। 4 ਜੂਨ ਨੂੰ ਪੰਜਾਬ ਅੰਦਰ ਬੱਸ ਤੇ ਰੇਲ ਸੇਵਾ ਬੰਦ ਕਰ ਦਿਤੀ ਗਈ। ਇਸ ਸੱਭ ਦਾ ਦੋਸ਼ੀ ਇੰਦਰਾ ਗਾਂਧੀ ਨੇ ਉਸ ਸਮੇਂ ਦੇ ਅਕਾਲੀਆਂ ਨੂੰ ਦਸਿਆ ਤੇ ਪੰਜਾਬ ਅੰਦਰ ਕਰਫ਼ੀਊ ਲਗਾ ਦਿਤਾ ਗਿਆ ਤਾਕਿ ਬਾਹਰੀ ਸੂਬਿਆਂ ਤੋਂ ਕੋਈ ਵੀ ਸਿੱਖ ਇਥੇ ਨਾ ਆ ਸਕੇ। ਜਿਹੜੇ ਸਿੱਖ ਇਸ ਵਰਤਾਰੇ ਤੋਂ ਬਿਲਕੁਲ ਅਣਜਾਣ ਸਨ ਤੇ ਕੇਵਲ ਸ਼ਹੀਦੀ ਪੁਰਬ ਕਾਰਨ ਆਏ ਸਨ, ਉਨ੍ਹਾਂ ਦਾ ਘਰਾਂ ਨੂੰ ਮੁੜਨਾ ਹੁਣ ਨਾ-ਮੁਮਕਿਨ ਹੋ ਗਿਆ ਸੀ।
ਸੰਤ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀ ਸਮਝ ਗਏ ਸਨ ਕਿ ਕੋਈ ਅਣਸੁਖਾਵੀਂ ਘਟਨਾ ਵਾਪਰੇਗੀ। 4 ਤੇ 5 ਜੂਨ ਨੂੰ ਇਕ ਤਰਫ਼ਾ ਫ਼ਾਇਰਿੰਗ ਸ਼ੁਰੂ ਹੋ ਗਈ ਤੇ 5 ਜੂਨ ਦੀ ਰਾਤ ਨੂੰ ਅੰਨੇ੍ਹਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਇਕ ਛੋਟੇ ਬੱਚੇ ਤੇ ਇਕ ਬਿਰਧ ਔਰਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਛੇ ਹੋਰ ਸਿੱਖ ਸ਼ਰਧਾਲੂ ਵੀ ਦਰਬਾਰ ਸਾਹਿਬ ਅੰਦਰ ਮਾਰੇ ਗਏ। ਜਵਾਬੀ ਹਮਲਾ ਹੁੰਦੇ ਸਾਰ ਫ਼ੌਜ ਦੀਆਂ ਆਰਮਡ ਗੱਡੀਆਂ ਤੇ ਟੈਂਕ ਅੰਦਰ ਆਉਣੇ ਸ਼ੁਰੂ ਹੋ ਗਏ। 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਤੋਪਾਂ ਨੇ ਮੀਂਹ ਵਾਂਗ ਗੋਲੇ ਸੁਟਣੇ ਸ਼ੁਰੂ ਕਰ ਦਿਤੇ ਜਿਸ ਦੇ ਫ਼ਲਸਰੂਪ ਜੋ ਜਾਨੀ ਮਾਲੀ ਨੁਕਸਾਨ ਹੋਇਆ ਤੇ ਜੋ ਬੇਪਤੀ ਸਿੱਖਾਂ ਦੇ ਧਾਰਮਕ ਮੁੱਖ ਕੇਂਦਰੀ ਸਥਾਨ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਹੋਈ ਇਸ ਨੂੰ ਸਿੱਖ ਮਨਾਂ ’ਚੋਂ ਕਢਣਾ ਮੁਸ਼ਕਲ ਹੀ ਨਹੀਂ ਨਾ-ਮੁਮਕਿਨ ਹੈ।
ਅਕਾਲ ਤਖ਼ਤ ਦੀ ਇਮਾਰਤ ਨੂੰ ਤੋਪਾਂ ਨਾਲ ਨਸ਼ਟ ਕਰ ਦਿਤਾ ਗਿਆ। ਉਸ ਤੋਂ ਬਾਅਦ ਬੇਦੋਸ਼ਿਆਂ ਦਾ ਕਤਲੇਆਮ ਸ਼ੁਰੂ ਕਰ ਦਿਤਾ ਤੇ ਚਾਰੇ ਪਾਸੇ ਲਹੁੂ ਨਾਲ ਲਿਬੜੀਆਂ ਕੰਧਾਂ ਤੇ ਸਰੋਵਰ ਦਾ ਲਾਲ ਹੋਇਆ ਪਾਣੀ ਸ਼ਰੇਆਮ ਵੇਖਿਆ ਜਾ ਸਕਦਾ ਸੀ। ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਸਾਥੀ ਸ਼ਹੀਦੀ ਪਾ ਚੁੱਕੇ ਸਨ। ਦਸਿਆ ਜਾਂਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਵਲੋਂ ਵਰਤਾਏ ਕੁਪ ਰਹੀੜਾ ਘੱਲੂਘਾਰੇ ਸਮੇਂ ਜਿਹੜੀ ਬੀੜ ਸਿੱਖਾਂ ਕੋਲੋਂ ਖੋਹੀ ਗਈ ਸੀ, ਉਹ ਉਸ ਨੇ ਕਾਬਲ ਪਹੁੰਚ ਕੇ ਉਥੇ ਵਸਦੇ ਸਿੱਖਾਂ ਦੇ ਹਵਾਲੇ ਕਰ ਦਿਤੀ ਸੀ ਜੋ ਅੱਜ ਤਕ ਉਥੇ ਸੁਰੱਖਿਅਤ ਦੱਸੀ ਜਾਂਦੀ ਹੈ। ਪਰ ਸਾਡੇ ਅਪਣੇ ਦੇਸ਼ ਅੰਦਰ ਸਾਡੇ ਨਾਲ ਬੇਗ਼ਾਨਿਆਂ ਤੋਂ ਵੀ ਬੁਰਾ ਸਲੂਕ ਕੀਤਾ ਗਿਆ।
ਜਿਸ ਨੂੰ ਫੜਨ ਲਈ ਇਹ ਸਾਰਾ ਅਡੰਬਰ ਰਚਿਆ ਗਿਆ ਸੀ, ਜਿਸ ਨੂੰ ਫੜਨ ਲਈ ਸਿੱਖ ਕੌਮ ਦਾ ਏਨਾ ਨੁਕਸਾਨ ਕੀਤਾ ਗਿਆ, ਉਹ ਤਾਂ 6 ਜੂਨ ਤਕ ਸ਼ਹੀਦ ਕਰ ਦਿਤਾ ਗਿਆ ਸੀ ਫਿਰ ਉਸ ਦੇ ਸ਼ਹੀਦ ਹੋਣ ਤੋਂ ਬਾਅਦ ਇਹ ਸਾਰੀ ਤਬਾਹੀ ਕਿਉਂ ਮਚਾਈ ਗਈ? ਅਕਾਲ ਤਖ਼ਤ ਨੂੰ ਟੈਂਕਾਂ, ਤੋਪਾਂ ਨਾਲ ਉਡਾ ਦੇਣ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 350 ਸਾਲ ਪੁਰਾਣੇ ਸ਼ਸਤਰ, ਤੇਗਾਂ, ਦੋ ਧਾਰੇ ਖੰਡੇ ਤੇ ਹੋਰ ਇਤਿਹਾਸਕ ਸ਼ਸਤਰ ਜਿਨ੍ਹਾਂ ਦੇ ਦਰਸ਼ਨ ਰੋਜ਼ਾਨਾ ਹੀ ਸੰਗਤਾਂ ਨੂੰ ਕਰਵਾਏ ਜਾਂਦੇ ਸਨ, ਉਹ ਸਾਰੇ ਖੁਰਦ ਬੁਰਦ ਕਰ ਦਿਤੇ ਗਏ (ਹਵਾਲਾ ਪੁਸਤਕ ਕਿਉ ਕੀਤੋ ਵੇਸਾਹੁ ਪੰਨਾ 76)। ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜੋ ਕਿ ਨੇਤਰਹੀਣ ਸਨ, ਨੂੰ ਵੀ ਸ਼ਹੀਦ ਕਰ ਦਿਤਾ ਗਿਆ। ਮਹਾਰਾਜਾ ਰਣਜੀਤ ਸਿੰਘ ਵਲੋਂ ਭੇਟ ਕੀਤੀ ਗਈ ਅਮੋਲਕ ਤੇ ਇਤਿਹਾਸਕ ਚਾਨਣੀ ਵੀ ਸੜ ਗਈ ਸੀ। ਦਰਬਾਰ ਸਾਹਿਬ ਅੰਦਰ ਉਸ ਸਮੇਂ ਪ੍ਰਕਾਸ਼ ਕੀਤੀ ਹੋਈ ਬੀੜ ’ਚ ਲੱਗੀ ਗੋਲੀ ਕਾਰਨ 82 ਪੱਤਰੇ ਕਟੇ ਵੱਢੇ ਗਏ। ਦਰਸ਼ਨੀ ਡਿਉਢੀ ਦੀ ਉਤਰੀ ਬਾਹੀ ਦੇ ਕਮਰਿਆ ਅੰਦਰ ਤੋਸ਼ੇਖ਼ਾਨੇ ਦੀ ਲੁਟਮਾਰ ਤੇ ਬਰਬਾਦੀ ਦਾ ਸਹੀ ਅਨੁਮਾਨ ਹੁਣ ਤਕ ਨਹੀਂ ਲੱਗ ਸਕਿਆ।
7 ਜੂਨ ਨੂੰ ਸਾਰਾ ਕੰਪਲੈਕਸ ਲਾਸ਼ਾਂ ਨਾਲ ਭਰ ਗਿਆ ਸੀ। ਖ਼ਾਸ ਕਰ ਸਰੋਵਰ ਦੀ ਪ੍ਰਕਰਮਾ ’ਚ ਪੈਰ ਧਰਨ ਨੂੰ ਥਾਂ ਨਹੀਂ ਸੀ ਅਤੇ ਮਾਰੇ ਗਏ ਇਸਤਰੀ ਪੁਰਸ਼ ਤੇ ਬੱਚਿਆਂ ਦੇ ਖ਼ੁੂਨ ਨਾਲ ਸਰੋਵਰ ਦਾ ਰੰਗ ਲਾਲ ਹੋ ਚੁੱਕਾ ਸੀ। ਕਈ ਲਾਸ਼ਾਂ ਸਰੋਵਰ ’ਚ ਤਰ ਰਹੀਆਂ ਸਨ। ਲਾਸ਼ਾਂ ਨੂੰ ਚੁੱਕਣ ਲਈ ਕਈ ਭੰਗੀ ਵਿਸ਼ੇਸ਼ ਦਿਹਾੜੀ ਤੇ ਲਾਏ ਗਏ ਜੋ ਇਨ੍ਹਾਂ ਲਾਸ਼ਾ ਨੂੰ ਚੁੱਕ ਕੇ ਟਰੱਕਾਂ ’ਚ ਲੱਦ ਰਹੇ ਸਨ। ਇਸ ’ਚ ਤਾਂ ਕੋਈ ਸ਼ੱਕ ਨਹੀਂ ਕਿ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਸਰੋਵਰ ਦੀ ਪ੍ਰਕਰਮਾ ਅੰਦਰ ਫ਼ੌਜੀ ਬੂਟਾਂ ਸਣੇ ਹੀ ਫਿਰ ਰਹੇ ਸੀ। ਉਨ੍ਹਾਂ ਨੇ ਉਥੇ ਬੀੜੀਆਂ ਵੀ ਪੀਤੀਆਂ ਤੇ ਜਦੋਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਫੜ ਕੇ ਇਕ ਕਮਰੇ ’ਚ ਬਿਠਾਇਆ ਗਿਆ ਤਾਂ ਇਕ ਫ਼ੌਜੀ ਉਨ੍ਹਾਂ ਦੇ ਸਾਹਮਣੇ ਬੀੜੀ ਪੀਣ ਲੱਗ ਗਿਆ। ਟੌਹੜਾ ਜੀ ਨੇ ਕਿਹਾ ਕਿ ਇਥੇ ਬੀੜੀ ਪੀਣਾ ਮਨ੍ਹਾਂ ਹੈ ਤਾਂ ਉਸ ਫ਼ੌਜੀ ਨੇ ਹਿੰਦੀ ’ਚ ਕਿਹਾ, ‘‘ਬੁਢੇ ਚੁੱਪ ਰਹੋ, ਵਰਨਾ ਗੋਲੀ ਮਾਰ ਦੂੰਗਾ।’’ ਇਸ ਘੱਲੂਘਾਰੇ ਨੇ ਗੁਰੂ ਨਾਨਕ ਦੇਵ ਜੀ ਦੇ ਬਾਬਰ ਦੇ ਹਮਲੇ ਸਮੇਂ ਉਚਾਰਨ ਕੀਤੇ ਸ਼ਬਦ, ‘‘ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ’’ ਦੇ ਅਸਲ ਅਰਥਾਂ ਨੂੰ ਦੁਹਰਾ ਦਿਤਾ। 2 ਜੁਲਾਈ 1984 ਦੇ ਅਖ਼ਬਾਰਾਂ ’ਚ ਛਪੇ ਸਿਮਰਨਜੀਤ ਸਿੰਘ ਮਾਨ ਆਈਪੀਐਸ ਦੇ ਗਿ. ਜ਼ੈਲ ਸਿੰਘ ਪ੍ਰੈਜ਼ੀਡੈਂਟ ਭਾਰਤ ਸਰਕਾਰ ਨੂੰ ਲਿਖ ਭੇਜੇ ਅਪਣੇ ਅਸਤੀਫ਼ੇ ’ਚ ਇਸ ਘੱਲੂਘਾਰੇ ’ਚ ਮਾਰੇ ਗਏ ਸਿੱਖਾਂ ਦੀ ਗਿਣਤੀ ਵੀਹ ਹਜ਼ਾਰ ਦੱਸੀ ਗਈ ਹੈ (ਹਵਾਲਾ ਪੁਸਤਕ ਕਿਉ ਕੀਤੋ ਵੇਸਾਹੁ ਪੰਨਾ 88) ਜ਼ਹਿਰੀਲੀ ਗੈਸ ਜਿਸ ਦਾ ਜੰਗਾਂ ਸਮੇਂ ਵੀ ਵਰਤਿਆ ਜਾਣਾ ਅੰਤਰਰਾਸ਼ਟਰੀ ਫ਼ੈਸਲਿਆਂ ਅਨੁਸਾਰ ਮਨ੍ਹਾਂ ਹੈ, ਗਿ. ਜੋਗਿੰਦਰ ਸਿੰਘ ਵੇਦਾਂਤੀ ਅਨੁਸਾਰ ਜ਼ਹਿਰੀਲੀ ਗੈਸ ਦਾ ਗੋਲਾ ਵੀ ਅਕਾਲ ਤਖ਼ਤ ਸਾਹਿਬ ’ਤੇ ਸੁਟਿਆ ਗਿਆ।
ਇਹ ਹੈ 5 ਜੂਨ ਤੋਂ 8 ਜੂਨ 84 ਤਕ ਹੋਏ ਸਿੱਖ ਕਤਲੇਆਮ ਦੀ ਬਹੁਤ ਹੀ ਸੰਖੇਪ ਜਹੀ ਵਿਆਖਿਆ ਜੋ ਕਿ ਦੋ ਪੁਸਤਕਾਂ ’ਚੋਂ ਲਈ ਗਈ ਹੈ। ਪਾਠਕ ਇਸ ਤੀਸਰੇ ਘੱਲੂਘਾਰੇ ਦੀ ਜਾਣਕਾਰੀ ਜੇ ਵਿਸਥਾਰ ਨਾਲ ਲੈਣਾ ਚਾਹੁੰਦੇ ਹਨ ਤਾਂ ਉਹ ਇਹ ਪੁਸਤਕਾਂ ਤੇ ਹੋਰ ਸਮੱਗਰੀ ਵੀ ਜ਼ਰੂਰ ਪੜ੍ਹਨ। ਜਿਨ੍ਹਾਂ ਨੇ ਇਹ ਦਰਦ ਅਪਣੇ ਪਿੰਡੇ ’ਤੇ ਹੰਢਾਇਆ ਹੈ, ਇਸ ਬਾਰੇ ਤਾਂ ਸੱਚੋ ਸੱਚ ਉਹੀ ਦੱਸ ਸਕਦੇ ਹਨ। ਅਜਿਹੀਆਂ ਵੀ ਬਹੁਤ ਘਟਨਾਵਾਂ ਹੋਣਗੀਆਂ ਜਿਨ੍ਹਾਂ ਤੋਂ ਅਜੇ ਪਰਦਾ ਨਹੀਂ ਚੁਕਿਆ ਗਿਆ ਪਰ ਸੱਚ ਇਕ ਨਾ ਇਕ ਦਿਨ ਜ਼ਰੂਰ ਸਾਹਮਣੇ ਆਉਂਦਾ ਹੈ ਤੇ ਇਹੀ ਕੁਦਰਤ ਦਾ ਨਿਯਮ ਹੈ। ਉਸੇ ਰਾਤ ਜਦੋਂ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ ਪੰਜਾਬ ਅੰਦਰ 36 ਹੋਰ ਗੁਰਦੁਆਰਿਆਂ ਅੰਦਰ ਫ਼ੌਜ ਦਾਖ਼ਲ ਹੋਈ ਤੇ ਜਾਨੀ ਮਾਲੀ ਨੁਕਸਾਨ ਕੀਤਾ ਗਿਆ।
ਅਜਿਹੇ ਭਿਆਨਕ ਕਤਲੇਆਮ ਤੋਂ ਬਾਅਦ ਸਿਟੀਜ਼ਨਜ਼ ਫਾਰ ਡੈਮੋਕਰੇਸੀ ਨੂੰ ਅਪਣੀ ਰਿਪੋਰਟ ਅੰਦਰ ਇਹ ਖਰ੍ਹਵਾ ਫ਼ਤਵਾ ਦੇਣ ਲਈ ਮਜਬੂਰ ਹੋਣਾ ਪਿਆ ਕਿ, “ਇਹ ਕਾਂਡ ਆਜ਼ਾਦ ਹਿੰਦੁਸਤਾਨ ਦਾ ਜਲਿਆਂਵਾਲਾ ਬਾਗ਼ ਸੀ ਜਿਸ ਨੇ ਮੌਤਾਂ ਦੀ ਗਿਣਤੀ ਤੇ ਮਰਨ ਦੇ ਢੰਗ ਤਰੀਕਿਆਂ ਪੱਖੋਂ ਅੰਗਰੇਜ਼ਾਂ ਵੇਲੇ ਦੇ ਜਲਿਆਂਵਾਲੇ ਬਾਗ਼ ਨੂੰ ਕਿਤੇ ਪਿੱਛੇ ਛੱਡ ਦਿਤਾ ਸੀ। ਮਰਿਆਂ ਹੋਇਆਂ ਦੀ ਸ਼ਨਾਖ਼ਤ ਕਰਨ ਜਾਂ ਉਨ੍ਹਾਂ ਦਾ ਕੋਈ ਰਿਕਾਰਡ ਰੱਖਣ ਦੀ ਉਕਾ ਹੀ ਲੋੜ ਨਾ ਸਮਝੀ ਗਈ। ਇਸ ਕਾਰਨ ਅੱਜ ਤਕ ਸਰਕਾਰ ਨੇ ਦਰਬਾਰ ਸਾਹਿਬ ਅੰਦਰ ਮਾਰੇ ਗਏ ਸਿੱਖਾਂ ਦੀ ਕੋਈ ਸੂਚੀ ਜਾਰੀ ਨਹੀਂ ਕੀਤੀ। ਕਾਨੂੰਨੀ ਫ਼ਰਜ਼ ਦੀ ਅਜਿਹੀ ਅਣਦੇਖੀ ਸ਼ਾਇਦ ਹੀ ਕਿਤੇ ਦੇਖਣ ਨੂੰ ਮਿਲੇ। ਸੋ ਅਖ਼ੀਰ ’ਚ ਮੈਂ ਸਿੱਖ ਸਮਾਜ ਨੂੰ ਇਹੀ ਬੇਨਤੀ ਕਰਾਂਗਾ ਕਿ ਉਹ ਅਪਣੀ ਕੌਮ ਨੂੰ ਵਿਦਿਅਕ ਖੇਤਰ ’ਚ ਮੋਹਰੀ ਬਣਾਉਣ। ਅੱਜ ਦਾ ਯੁੱਗ ਕਲਮ ਦਾ ਯੁੱਗ ਹੈ, ਦਿਮਾਗ਼ ਵਾਲਿਆਂ ਦਾ ਯੁੱਗ ਹੈ ਤੇ ਮਿਲ ਬੈਠ ਕੇ ਸੋਚਣ ਵਾਲਿਆਂ ਦਾ ਯੁੱਗ ਹੈ।
ਹਰਪ੍ਰੀਤ ਸਿੰਘ ਸਰਹੰਦ
ਮੋ : 98147-02271