ਕਿਸਾਨ ਦੀ ਬੇਵਸੀ
Published : Jul 6, 2018, 1:07 am IST
Updated : Jul 6, 2018, 1:07 am IST
SHARE ARTICLE
Farmer
Farmer

ਕੁਦਰਤੀ ਕਰੋਪੀਆਂ ਨਾਲ ਟੱਕਰ ਲੈਣੀ ਤਾਂ ਮੁੱਢ ਤੋਂ ਹੀ ਕਿਸਾਨ ਦਾ ਕੁਦਰਤੀ ਸੁਭਾਅ ਰਿਹਾ ਹੈ........

ਕੁਦਰਤੀ ਕਰੋਪੀਆਂ ਨਾਲ ਟੱਕਰ ਲੈਣੀ ਤਾਂ ਮੁੱਢ ਤੋਂ ਹੀ ਕਿਸਾਨ ਦਾ ਕੁਦਰਤੀ ਸੁਭਾਅ ਰਿਹਾ ਹੈ। ਪਰ ਆਧੁਨਿਕ ਵਪਾਰ ਦੇ ਮੱਕੜ ਜਾਲ ਨਾਲ ਟੱਕਰ ਲੈਣੀ ਕਿਸਾਨ ਦੇ ਵੱਸ ਦਾ ਰੋਗ ਨਹੀਂ। ਭਾਵੇਂ ਕਿਸਾਨ ਪੜ੍ਹਿਆ ਲਿਖਿਆ ਵੀ ਕਿਉਂ ਨਾ ਹੋਵੇ ਫਿਰ ਵੀ ਇਕ ਬੇਵੱਸ ਕਿਸਾਨ ਹੀ ਰਹਿੰਦਾ ਹੈ। ਇਸ ਬੇਵਸੀ ਦੀ ਦਾਸਤਾਨ ਕਿਸੇ ਕਿਸਾਨ ਦੇ ਪ੍ਰਵਾਰ ਤੇ ਕੀ-ਕੀ ਅਸਰ ਛਡਦੀ ਹੈ ਹੁਣ ਕਿਸੇ ਨੂੰ ਕਹਿਣ ਜਾਂ ਸੁਣਾਉਣ ਵਾਲੀ ਗੱਲ ਨਹੀਂ। ਮੈਂ ਬਚਪਨ ਤੋਂ ਲੈ ਕੇ ਹੁਣ ਤਕ ਕਿਸਾਨੀ ਦੀ ਦੁਰਦਸ਼ਾ ਦਾ ਹਰ  ਪੜਾਅ ਅਪਣੇ ਪਿੰਡੇ ਤੇ ਹੰਢਾਇਆ ਹੈ ਜਿਸ ਵਿਚ ਕਰਜ਼ਾ, ਫ਼ਸਲ ਦਾ ਮਰਨਾ, ਪਸ਼ੂਆਂ ਦਾ ਮਰਨਾ, ਫ਼ਸਲ ਦੇ ਬੀਜਾਂ ਵਿਚ ਨੁਕਸ ਨਿਕਲਣਾ ਤੇ ਬੈਂਕਾ ਦੀਆਂ ਹਥਕੜੀਆਂ ਦਾ

ਸ਼ਿਕਾਰ ਹੁੰਦੇ ਅਪਣੇ ਪਿਤਾ ਤੇ ਖ਼ੁਦ ਨੂੰ ਤਕਿਆ ਹੈ। ਉਨ੍ਹਾਂ ਦਿਨਾਂ ਵਿਚ ਕਿਸਾਨ ਨੂੰ ਫੜਨ ਲਈ ਬੈਂਕ ਵਾਲੇ ਅਧਿਕਾਰੀਆਂ ਦਾ ਛਾਪਾ ਕਿਸੇ ਸ਼ਰਾਬ ਦੀ ਚਲਦੀ ਭੱਠੀ ਉਤੇ ਪੈਂਦੇ ਛਾਪੇ ਵਾਂਗ ਹੁੰਦਾ ਸੀ। ਮੈਂ ਅਪਣੇ ਵਿਦਿਆ ਗ੍ਰਹਿਣ ਕਰਨ ਦੇ ਸਮੇਂ ਦੌਰਾਨ ਹੀ ਸਮਝ ਲਿਆ ਸੀ ਕਿ ਖੇਤੀ ਕਰਨਾ ਬੇਵਸੀ ਅਤੇ ਘਾਟੇ ਦਾ ਸੌਦਾ ਹੀ ਹੈ।
ਸਾਲ 1984 ਦੀ ਗੱਲ ਹੈ ਕਿ ਅਸੀ ਅਪਣੇ ਗੁਆਂਢੀ ਪਿੰਡ ਭੁਰਥਲੇ ਤੋਂ ਸੋਹਣੇ-ਸੋਹਣੇ ਪੀਲੇ ਡੱਬਿਆਂ ਵਿਚ ਗੁੱਲੀ ਡੰਡਾ ਮਾਰਨ ਵਾਲੀ ਸਪਰੇਅ ਲਿਆਂਦੀ ਤੇ ਸਪਰੇਅ ਕਰਨ ਤੋਂ ਬਾਅਦ ਗੁੱਲੀ ਡੰਡੇ ਦੇ ਮਰਨ ਦੀ ਉਮੀਦ ਵਿਚ ਮੈਂ ਤੇ ਮੇਰੇ ਪਿਤਾ ਜੀ ਤੜਕੇ ਉੱਠ ਕੇ ਰੋਜ਼ ਖੇਤ ਗੇੜਾ ਮਾਰਨ ਜਾਂਦੇ। ਪਰ ਗੁੱਲੀ ਡੰਡੇ ਨੂੰ ਜਿਵੇਂ ਕੋਈ ਮਾਰੂ

ਦਵਾਈ ਨਹੀਂ ਬਲਕਿ ਕੋਈ ਖ਼ੁਰਾਕ ਮਿਲੀ ਹੋਵੇ। ਉਹ ਤਾਂ ਚਾਂਭਲ-ਚਾਂਭਲ ਕੇ ਕਣਕ ਤੋਂ ਵੀ ਵੱਧ ਫ਼ੈਲਦਾ ਜਾਂਦਾ ਸੀ। ਕੁੱਝ ਦਿਨਾਂ ਬਾਅਦ ਦੁਕਾਨਦਾਰ ਨੂੰ ਵੀ ਬੁਲਾਇਆ ਗਿਆ ਪਰ ਉਹ ਕਹਿੰਦਾ ਕਿ ''ਕੋਈ ਨਾ ਦਵਾਈ ਹੌਲੀ-ਹੌਲੀ ਅਸਰ ਕਰੇਗੀ, ਕੁੱਝ ਦਿਨਾਂ ਬਾਅਦ ਆਪੇ ਮਰ ਜਾਵੇਗਾ।'' ਅਖ਼ੀਰ ਬੇਵਸੀ ਵਿਚ ਸਾਨੂੰ ਇਕ ਸਪਰੇਅ ਮੁੜ ਕਰਨੀ ਪਈ। ਪਰ ਉਸ ਸਮੇਂ ਤਕ ਗੁੱਲੀ ਡੰਡਾ ਤਾਂ ਗੱਭਰੂ ਹੋ ਚੁਕਿਆ ਸੀ, ਉਸ ਤੇ ਸਪਰੇਅ ਦਾ ਵੀ ਕੋਈ ਅਸਰ ਨਾ ਹੋਇਆ। ਆਖ਼ਰ ਅੱਖਾਂ ਸਾਹਮਣੇ ਕਣਕ ਘੱਟ ਅਤੇ ਗੁੱਲੀ ਡੰਡਾ ਵੱਧ ਨਜ਼ਰ ਆਉਣ ਲਗਿਆ। ਗੁਆਂਢੀ ਕਿਸਾਨ ਸਾਨੂੰ ਟਿੱਚਰਾਂ ਕਰਨ ਲੱਗੇ, ''ਗੁਰਮਖਾ ਮੱਝਾਂ ਨੂੰ ਹੀ ਚਾਰ ਲੈ ਇਥੇ ਕਣਕ ਤਾਂ ਹੈ ਨਹੀਂ।'' ਮੇਰੇ ਪਿਤਾ

ਜੀ ਤਾਂ ਪਸ਼ੂਆਂ ਨੂੰ ਉਂਜ ਵੀ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਕਣਕ ਦਾ ਨੁਕਸਾਨ ਭੁੱਲ ਕੇ ਮੱਝਾਂ ਨੂੰ ਚਾਰਨਾ ਆਰੰਭ ਕਰ ਦਿਤਾ। ਚੰਗੇ ਹਰੇ ਚਾਰੇ ਨੇ ਮੱਝਾਂ ਸੋਹਣੀਆਂ ਤਕੜੀਆਂ ਕਰ ਦਿਤੀਆਂ। ਫਿਰ ਕਣਕ ਦਾ ਘਾਟਾ ਪੂਰਾ ਕਰਨ ਲਈ ਅਸੀ ਮੱਝਾਂ ਨੂੰ ਵੇਚਣ ਦੀ ਸਲਾਹ ਬਣਾ ਲਈ। ਸਾਨੂੰ ਲਗਦਾ ਸੀ ਮੱਝ ਵੇਚ ਕੇ ਕੁੱਝ ਚੰਗੇ ਪੈਸੇ ਮਿਲ ਜਾਣਗੇ। ਸੱਭ ਤੋਂ ਚੰਗੀ ਮੱਝ ਦਾ ਮੁੱਲ ਅਸੀ 6 ਹਜ਼ਾਰ ਮੰਗਣਾ ਸ਼ੁਰੂ ਕਰ ਦਿਤਾ ਪਰ ਕੋਈ ਵੀ ਵਪਾਰੀ 3800 ਨਕਦ ਦੇਣ ਤੋਂ ਨਾ ਵਧਿਆ। 
ਸਾਡੀ ਮਾੜੀ ਕਿਸਮਤ ਨੂੰ ਕੁੱਝ ਦਿਨਾਂ ਬਾਅਦ ਪੰਜ ਰੁੱਖੇ ਦਾ ਇਕ ਵਪਾਰੀ ਕੁੱਝ ਮਹੀਨੇ ਦੇ ਉਧਾਰ ਦੇ ਨਾਲ 4500 ਰੁਪਏ ਦੀ ਮੱਝ ਲੈ ਗਿਆ। ਫਿਰ ਉਸ ਵਪਾਰੀ ਨੇ

ਸਾਨੂੰ ਲਾਰੇ-ਲੱਪੇ ਵਿਚ ਲਾਈ ਰਖਿਆ ਪਰ ਢਾਈ ਸਾਲ ਤਕ ਵੀ ਉਸ ਨੇ ਸਾਨੂੰ ਕੋਈ ਵੀ ਪੈਸਾ ਨਾ ਮੋੜਿਆ। ਉਸ ਕੋਲ ਕੁੱਝ ਬਕਰੀਆਂ ਸਨ ਤੇ ਉਸ ਨੇ ਮੱਝ ਦਾ ਮੁੱਲ ਤਾਰਨ ਲਈ 7-8 ਬਕਰੀਆਂ ਖੁੱਲ੍ਹਾ ਦਿਤੀਆਂ। ਅਸੀ ਵੀ ਕੁੱਝ ਹੋਰ ਮਿਲਦਾ ਨਾ ਵੇਖ ਕੇ ਬਕਰੀਆਂ ਉਤੇ ਹੀ ਸਬਰ ਕਰ ਲਿਆ। ਪਰ ਸਾਡੇ ਕੋਲ ਬਕਰੀਆਂ ਨੂੰ ਸੰਭਾਲਣ ਦਾ ਕੋਈ ਤਜਰਬਾ ਨਹੀਂ ਸੀ। ਬਕਰੀਆਂ ਨੂੰ ਸਾਂਭਣ ਲਈ ਅਸੀ ਪਹਿਲਾਂ ਹੀ ਸਾਡੇ ਪਿੰਡ ਦੇ ਭੰਤੇ ਬਕਰੀਆਂ ਵਾਲੇ ਨੂੰ ਕਹਿ ਦਿਤਾ ਸੀ। ਸਾਡੀ ਬੇਨਤੀ ਤੇ ਉਸ ਨੇ ਸਾਰੀ ਜ਼ਿੰਮੇਵਾਰੀ ਲੈ ਲਈ ਤੇ ਅਸੀ ਸਾਰੀਆਂ ਬਕਰੀਆ ਭੰਤੇ ਦੇ ਘਰ ਹੀ ਤੋਰ ਦਿਤੀਆਂ। ਸੋ 5-7 ਦਿਨ ਤਾਂ ਚੰਗੇ ਲੰਘੇ। ਪਰ ਇਕ ਦਿਨ ਸਵੇਰ ਤੋਂ ਹੀ ਮੀਂਹ ਦੀ

ਝੜੀ ਲੱਗੀ ਹੋਈ ਸੀ। ਮੀਂਹ ਵਿਚ ਪਸ਼ੂ ਸੰਭਾਲਣੇ ਹੋਰ ਵੀ ਔਖੇ ਹੁੰਦੇ ਹਨ ਅਤੇ ਉਦੋਂ ਕੁੱਝ ਲੋਕਾਂ ਨੇ ਭੰਤੇ ਦੇ ਕੰਨ ਭਰ ਦਿਤੇ ਕਿ 'ਕਿਸੇ ਦੀਆਂ ਬਕਰੀਆਂ, ਤੂੰ ਮੁਫ਼ਤ ਵਿਚ ਹੀ ਅਪਣੇ ਪੈਰ ਵਢਾਈ ਜਾਨੈ।' ਅੰਦਰੋਂ-ਅੰਦਰੀ ਭੰਤਾ ਵੀ ਬਕਰੀਆਂ ਤੋਂ ਤੰਗ ਆ ਚੁਕਿਆ ਸੀ। ਭੰਤੇ ਨੂੰ ਵੀ ਵਾਧੂ ਦੀ ਬਲਾ ਗਲ ਵਿਚ ਪਈ ਜਾਪੀ। ਅਖ਼ਰ ਭੰਤੇ ਨੇ ਸਾਰੀਆਂ ਬਕਰੀਆਂ ਡੰਡੇ ਮਾਰ-ਮਾਰ ਸਾਡੇ ਅੰਦਰ ਵਾੜ ਦਿਤੀਆਂ। ਮੀਂਹ ਦੀ ਝੜੀ ਲੱਗੀ ਹੋਣ ਕਾਰਨ ਪਸ਼ੂਆਂ ਦੇ ਖੜੋਣ ਲਈ ਵੀ ਜਗ੍ਹਾ ਨਹੀਂ ਸੀ। ਮੱਝਾਂ ਬਕਰੀਆਂ ਤੋਂ ਡਰ ਗਈਆਂ, ਕੁੱਝ ਨੇ ਸੰਗਲ ਤੁੜਾ ਲਏ ਕੁੱਝ ਖੁਰਲੀਆਂ ਵਿਚ ਚੜ੍ਹ ਗਈਆਂ। ਬਕਰੀਆਂ ਮੱਝਾਂ ਤੋਂ ਡਰੀ ਜਾਣ ਤੇ ਮੱਝਾਂ ਬਕਰੀਆਂ ਤੋਂ। ਉਦੋਂ ਅਜੇ ਮੈਂ ਕਾਲਜ ਤੋਂ ਪੜ੍ਹ ਕੇ

ਹੀ ਆਇਆਂ ਸੀ ਕਿ ਸਾਡੇ ਘਰ ਦੇ ਅੱਗੇ ਲੋਕ ਐਵੇਂ ਖੜੇ ਸੀ ਕਿ ਜਿਵੇਂ ਕੋਈ ਡਰਾਮਾ ਵੇਖਣ ਆਏ ਹੋਣ। ਮੈਨੂੰ ਸਮਝ ਨਾ ਆਵੇ ਕਿ ਮੈਂ ਕੀ ਕਰਾਂ? ਸਾਡਾ ਸਾਰਾ ਟੱਬਰ ਬਕਰੀਆਂ ਤੇ ਮੱਝਾਂ ਵਿਚਕਾਰ ਇਕ ਮਨੁੱਖੀ ਦੀਵਾਰ ਬਣਾਈ ਖੜਾ ਸੀ। ਕਿਸੇ ਨੂੰ ਕੁੱਝ ਸਮਝ ਨਹੀਂ ਸੀ ਲੱਗ ਰਿਹਾ ਕਿ ਕੀ ਕੀਤਾ ਜਾਵੇ? ਬਕਰੀਆਂ ਠੰਢ ਕਾਰਨ ਕੰਬ ਰਹੀਆਂ ਸਨ ਤੇ ਮੱਝਾਂ ਨੇ ਪੱਠੇ ਖਾਣੇ ਛੱਡ ਦਿਤੇ। ਤਮਾਸ਼ਬੀਨ ਤਮਾਸ਼ਾ ਵੇਖ ਰਹੇ ਸਨ ਤੇ ਉਨ੍ਹਾਂ ਨੂੰ ਵੇਖ ਮੇਰਾ ਪਾਰਾ ਚੜ੍ਹ ਰਿਹਾ ਸੀ ਪਰ ਫਿਰ ਮੈਂ ਸੋਚਿਆ ਕਿ ਇਨ੍ਹਾਂ ਦਾ ਵੀ ਕੀ ਕਸੂਰ ਹੈ? ਇਹ ਤਾਂ ਇਕ ਜੱਟ ਦੀ ਹੋਣੀ ਉਤੇ ਹੱਸ ਰਹੇ ਸਨ। ਸਾਡੇ ਪ੍ਰਵਾਰ ਨੇ ਔਖਿਆਂ-ਸੌਖਿਆਂ ਨੇ ਪਹਿਰਾ ਲਗਾ ਕੇ ਸਾਰੀ ਰਾਤ ਕੱਢੀ ਤੇ ਸਵੇਰੇ ਹੀ

ਬਕਰੀਆਂ ਖ਼ਰੀਦਣ ਵਾਲੇ ਤਾਜ ਝਟਕਈ ਨੂੰ ਸੁਨੇਹਾ ਭੇਜ ਦਿਤਾ। ਅੰਨ੍ਹਾ ਕੀ ਭਾਲੇ ਦੋ ਅੱਖਾਂ, ਉਸ ਨੂੰ ਸਾਡਾ ਪ੍ਰਵਾਰ ਇਕ ਕਸੂਤੀ ਸਥਿਤੀ ਵਿਚ ਫਸਿਆ ਦਿਖ ਰਿਹਾ ਸੀ। ਉਸਨੇ ਅਪਣੇ ਆਪ ਹੀ ਬਿਨਾਂ ਕਿਸੇ ਦੀ ਮਰਜੀ ਪੁੱਛੇ ਇਕ ਰੇਟ 2700 ਰੱਖ ਦਿਤਾ ਕਿ ਜੇ ਦੇਣੀਆਂ ਤਾਂ ਦਿਉ ਨਹੀਂ ਮੈਂ ਚਲਿਆ। ਮਿੰਨਤਾਂ ਕਰ ਕੇ ਅਸੀ ਮਸਾਂ 100 ਰੁਪਇਆ ਵਧਾਇਆ। ਪਰ ਜਦੋਂ ਉਹ ਬਕਰੀਆਂ ਨੂੰ ਲਈ ਜਾ ਰਿਹਾ ਸੀ ਤਾਂ ਮੇਰੇ ਮਨ ਵਿਚ ਖ਼ਿਆਲ ਆਇਆ ਜਿਵੇਂ ਬਕਰੀਆਂ ਨਹੀਂ ਬਲਕਿ ਸਾਡੀ ਕਣਕ ਦੇ ਬੋਹਲ ਨੂੰ ਡਾਕੂ ਲੁੱਟ ਕੇ ਲਿਜਾ ਰਹੇ ਹੋਣ। ਨਕਲੀ ਦਵਾਈਆਂ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਮੌਤ ਦਾ ਮੂੰਹ ਵਿਖਾਉਂਦੀਆਂ ਆਈਆਂ ਹਨ, ਅਪਣੇ ਕਰਮੀ ਭਾਵੇਂ ਕੋਈ ਬੱਚ ਜਾਵੇ।

ਮੈਨੂੰ ਸਮਝ ਨਹੀਂ ਲੱਗ ਰਹੀ ਕਿ ਕਿਸਾਨੀ ਨੂੰ ਬਚਾਉਣ ਖ਼ਾਤਰ ਸਰਕਾਰਾਂ ਕੀ ਕਰ ਰਹੀਆਂ ਹਨ। ਇਨ੍ਹਾਂ ਡੁਪਲੀਕੇਟ ਦਵਾਈਆਂ ਨੇ ਸਾਡਾ ਹਵਾ, ਪਾਣੀ, ਜ਼ਹਿਰ ਬਣਾ ਦਿਤਾ ਹੈ ਅਤੇ ਸਾਡੀਆਂ ਫ਼ਸਲਾਂ ਵੀ ਖਾਣਯੋਗ ਨਹੀਂ ਰਹੀਆਂ। ਜਿਵੇਂ ਪਹਿਲਾਂ ਵਿਸ਼ ਕੰਨਿਆ ਪਾਲੀ ਜਾਂਦੀ ਸੀ ਪਰ ਅੱਜ ਸਾਰੇ ਹੀ ਵਿਸ਼ ਇਨਸਾਨ ਬਣਦੇ ਜਾ ਰਹੇ ਹਨ। ਪੰਜਾਬ ਨੂੰ ਹੁਣ ਹਮਲਾਵਰ ਨਹੀਂ ਮਾਰ ਰਹੇ ਸਗੋਂ ਹੁਣ ਤਾਂ ਕਾਲਾ ਬਾਜ਼ਾਰੀ ਵਾਲੇ ਲੋਕ ਮਾਰ ਰਹੇ ਹਨ। ਹੁਣ ਕੋਈ ਇਹੋ ਜਿਹਾ ਕਰਮਯੋਗੀ ਆਵੇ ਜੋ ਇਨ੍ਹਾਂ ਗ਼ਰੀਬ ਤੇ ਅਣਭੋਲ ਕਿਸਾਨਾਂ ਦੇ ਹੱਕ ਉਨ੍ਹਾਂ ਨੂੰ ਦਿਵਾ ਸਕੇ।     ਸੰਪਰਕ : 98788-22000

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement