Diwali Special Article 2025: ‘‘ਦੀਵੇ ਭਾਵੇਂ ਜਗਣ ਬਥੇਰੇ, ਫਿਰ ਵੀ ਵੱਧਦੇ ਜਾਣ ਹਨੇਰੇ''
Published : Oct 20, 2025, 6:53 am IST
Updated : Oct 20, 2025, 9:00 am IST
SHARE ARTICLE
Diwali Special Article 2025
Diwali Special Article 2025

ਹਿੰਦੂ ਇਤਿਹਾਸ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ 14 ਸਾਲ ਦਾ ਬਨਵਾਸ ਕੱਟ ਕੇ ਅਤੇ ਲੰਕਾਪਤੀ ਰਾਜਾ ਰਾਵਣ ਨੂੰ ਯੁੱਧ 'ਚ ਮਾਰਨ ਉਪਰੰਤ ਅਯੋਧਿਆ ਪਹੁੰਚੇ ਸਨ।

ਦੀਵਾਲੀ ਭਾਵ ‘ਦੀਵਿਆਂ ਵਾਲੀ’ ਜੋ ਦੋ ਸ਼ਬਦਾਂ ਦਾ ਸੁਮੇਲ ਹੈ। ਕਈ ਇਤਿਹਾਸਕਾਰਾਂ ਦਾ ਮਤ ਹੈ ਕਿ  ਪੁਰਾਤਨ ਸਮਿਆਂ ’ਚ ਮਨੁੱਖ ਵਲੋਂ ਅਪਣੀ ਵੱਡੀ ਖ਼ੁਸ਼ੀ ਨੂੰ ਮਨਾਉਣ ਲਈ ਢੋਲ ਢਮੱਕੇ ਵਜਾ ਕੇ ਲੋਕਾਂ ਨੂੰ ਅਪਣੀ ਖ਼ੁਸ਼ੀ ਦੱਸੀ ਜਾਂਦੀ ਸੀ ਪਰ ਉੱਚੇ ਰੁਤਬੇ ਵਾਲੇ ਵਿਅਕਤੀ ਦੀ ਸਫ਼ਲਤਾ ਵੇਲੇ ਘਿਉ ਦੇ ਦੀਵੇ ਬਾਲੇ ਜਾਂਦੇ ਸਨ ਜਦਕਿ ਅਜੋਕੇ ਆਧੁਨਿਕ ਯੁੱਗ ਵਿਚ ਇਹ ਸਭ ਬਦਲ ਗਿਆ ਹੈ। ਅੱਜਕਲ ਦੀਵਾਲੀ ਦਾ ਤਿਉਹਾਰ ਪਟਾਕੇ ਅਤੇ ਮਹਿੰਗੀਆਂ ਰੌਸ਼ਨੀਆਂ ਨਾਲ ਮਨਾਇਆ ਜਾਂਦਾ ਹੈ। ਵਾਰਿਸ਼ ਸ਼ਾਹ ਨੇ ਵੀ 1745 ਵਿਚ ਅਪਣੇ ਕਿੱਸਾ ਹੀਰ ਦੇ ਇਕ ਛੰਦ ਵਿਚ ਇੰਜ ਬਿਆਨ ਕੀਤੀ ਹੈ, ‘‘ਦੇਵਾਂ ਚੁੂਰੀਆਂ ਘਿਉ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਦਿਸੇ ਉਹ ਆਂਵਦਾ ਈ।’’

ਹਿੰਦੂ ਇਤਿਹਾਸ ਅਨੁਸਾਰ ਇਸ ਦਿਨ ਸ੍ਰੀ ਰਾਮ ਚੰਦਰ 14 ਸਾਲ ਦਾ ਬਨਵਾਸ ਕੱਟ ਕੇ ਅਤੇ ਲੰਕਾਪਤੀ ਰਾਜਾ ਰਾਵਣ ਨੂੰ ਯੁੱਧ ’ਚ ਮਾਰਨ ਉਪਰੰਤ ਅਯੋਧਿਆ ਪਹੁੰਚੇ ਸਨ। ਇਸੇ ਖ਼ੁਸ਼ੀ ਵਜੋਂ ਲੋਕਾਂ ਨੇ ਅਪਣੇ ਘਰਾਂ ਉੱਤੇ ਦੀਵੇ ਜਗਾਏ ਸਨ। ਇਸੇ ਮਿੱਥ ਅਨੁਸਾਰ ਹੀ 20 ਦਿਨ ਪਹਿਲਾਂ ਦੁਸ਼ਹਿਰਾ ਮਨਾਇਆ ਗਿਆ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਦੀਵਾਲੀ ਪਿੱਛੇ ਖੜ੍ਹੇ ਇਤਿਹਾਸ ਤੋਂ ਸਿਖਿਆ ਤਾਂ ਸਾਨੂੰ ਹੰਕਾਰ ਤੇ ਬੁਰਾਈ ਤੋਂ ਦੂਰ ਰਹਿਣ ਦੀ ਮਿਲਦੀ ਹੈ ਪ੍ਰੰਤੂ ਸਾਡੇ ਅਜੋਕੇ ਸਮਾਜ ਵਿਚ ਜੋ ਧਾਰਮਕ ਤੇ ਜਾਤੀਵਾਦੀ ਕੱਟੜਤਾ ਦੇ ਹੰਕਾਰੀ ਲੋਕ ਗ਼ਰੀਬਾਂ ’ਤੇ ਜ਼ੁਲਮ ਕਰਦੇ ਹਨ ਅਤੇ ਜੋ ਲੋਕ ਬੇਤਹਾਸ਼ਾ ਵੱਡੇ ਪਟਾਕੇ ਚਲਾ ਕੇ ਜ਼ਹਿਰੀਲੇ ਧੂੰਏਂ ਤੇ ਉੱਚੇ ਖੜਕੇ ਨਾਲ ਕਈ ਮਰੀਜ਼ਾਂ ਲਈ ਬੇਚੈਨੀ, ਸਾਹ ਅਤੇ ਚਮੜੀ ਦੇ ਰੋਗ ਪੈਦਾ ਕਰਦੇ ਹਨ ਤੇ ਕਈ ਅਮੀਰ ਲੋਕ ਫ਼ਜ਼ੂਲ ਖ਼ਰਚੀ ਤਾਂ ਬਥੇਰੀ ਕਰਦੇ ਹਨ ਪ੍ਰੰਤੂ ਕਿਸੇ ਗ਼ਰੀਬ ਨੂੰ ਮਜ਼ਦੂਰੀ ਦੇਣ ਵੇਲੇ ਉਸ ਨਾਲ ਬਹਿਸ ਕਰਦੇ ਹਨ। ਕਈ ਲੋਕ ਸ਼ਰਾਬਾਂ ਪੀ ਕੇ ਲੜਾਈ ਝਗੜੇ ਕਰ ਕੇ ਸਮਾਜ ’ਚ ਅਸ਼ਾਂਤੀ ਫੈਲਾਉਂਦੇ ਹਨ।

ਉਨ੍ਹਾਂ ਲਈ ਦੀਵਾਲੀ ਦੇ ਇਸ ਅਸੁੂਲ ਦਾ ਕੀ ਮਹੱਤਵ ਹੈ? ਬੇਸ਼ਕ ਇਸ ਤਿਉਹਾਰ ਨੂੰ ਬੁਰਾਈ ਉਪਰ ਨੇਕੀ ਦੀ ਜਿੱਤ ਕਿਹਾ ਜਾਂਦਾ ਹੈ ਪ੍ਰੰਤੂ ਅਜੋਕੇ ਹਾਲਾਤ ਅਨੁਸਾਰ ਦੀਵਾਲੀ ਮੌਕੇ ਕਈ ਵੱਡੇ ਸਿਆਸਤਦਾਨ ਤੇ ਵੱਡੇ ਅਧਿਕਾਰੀ ਅਪਣੇ ਮਾਤਹਿਤਾਂ (ਛੋਟੇ ਲੀਡਰਾਂ, ਮੁਲਾਜ਼ਮਾਂ ਤੇ ਲੋੜਵੰਦਾਂ) ਤੋਂ ਕੀਮਤੀ ਤੋਹਫ਼ੇ ਲੈਣ ਨੂੰ ਪਹਿਲ ਦੇ ਕੇ, ਉਨ੍ਹਾਂ ਦੀ ਮਜ਼ਬੂਰੀ ਦਾ ਫ਼ਾਇਦਾ ਉਠਾਉਂਦੇ ਹਨ। ਸੁਣਦੇ ਤਾਂ ਇਹ ਵੀ ਹਾਂ ਕਿ ਪਿੰਡਾਂ ਤੇ ਸ਼ਹਿਰਾਂ ’ਚ ਦੀਵਾਲੀ ਮਨਾਈ ਜਾਂਦੀ ਹੈ ਪ੍ਰੰਤੂ ਦਫ਼ਤਰਾਂ ’ਚ ਦੀਵਾਲੀ ਕਮਾਈ ਜਾਂ ਬਣਾਈ ਜਾਂਦੀ ਹੈ।

ਅੰਕੜਿਆਂ ਅਨੁਸਾਰ ਸਾਡੇ ਦੇਸ਼ ਦੀ 13.7% ਆਬਾਦੀ ਭੁੱਖਮਰੀ ਦੀ ਸ਼ਿਕਾਰ ਹੈ ਭਾਵ 20 ਕਰੋੜ ਤੋਂ ਵੱਧ ਲੋਕ ਰੋਜ਼ਾਨਾ ਰਾਤ ਨੂੰ ਭੁੱਖੇ ਸੌਂਦੇ ਹਨ, 4 ਲੱਖ ਤੋਂ ਵੱਧ ਭਿਖਾਰੀ ਅਤੇ ਇੱਕਲੇ ਦਿੱਲੀ ’ਚ ਹੀ 50 ਹਜ਼ਾਰ ਤੋਂ ਵੱਧ ਭਿਖਾਰੀ ਹਨ। ਇੱਥੇ ਸੈਂਕੜੇ ਟਨ ਅਨਾਜ ਗੋਦਾਮਾਂ ਵਿਚ, ਪੰਚਾਇਤਾਂ ਦੇ ਸਟੋਰਾਂ ’ਚ ਜੋ ਗ਼ਰੀਬਾਂ ਨੂੰ ਵੰਡਣ ਲਈ ਆਇਆ ਹੁੰਦਾ ਹੈ ਅਤੇ ਗ਼ਲਤ ਭੰਡਾਰਣ ਕਾਰਨ ਗਲ ਸੜ ਜਾਂਦਾ ਹੈ। ਫਿਰ ਇਹੋ ਕਣਕ ਗ਼ਰੀਬਾਂ ਨੂੰ ਡਿਪੂਆਂ ਰਾਹੀਂ ਵੰਡੀ ਜਾਂਦੀ ਹੈ। ਇੰਜ ਹੀ ਹਜ਼ਾਰਾਂ ਬੋਰੀਆਂ ਅਨਾਜ ਗੋਦਾਮਾਂ ’ਚੋਂ ਸਬੰਧਤ ਮੁਲਾਜ਼ਮਾਂ ਦੀ ਮਿਲੀ ਭੁਗਤ ਕਾਰਨ ਖੁਰਦ ਬੁਰਦ ਕਰ ਦਿਤਾ ਜਾਂਦਾ ਹੈ ਜਿਸ ਦੀ ਮਾਰ ਵੀ ਗ਼ਰੀਬ ’ਤੇ ਹੀ ਪੈਂਦੀ ਹੈ। 
ਇਥੇ ਇਹ ਵੀ ਵਿਚਾਰਨਯੋਗ ਹੈ ਕਿ ਅਤਿ ਗ਼ਰੀਬ ਅਤੇ ਝੁੱਗੀ ਝੌਂਪੜੀਆਂ ਦੇ ਬੱਚੇ ਦੀਵਾਲੀ ਦੀਆਂ ਖ਼ੁਸ਼ੀਆਂ ਨੂੰ ਤਰਸਦੇ ਹਨ।

ਕੀ ਇਸ ਦ੍ਰਿਸ਼ ’ਚੋਂ ਇਹ ਝਲਕ ਨਹੀਂ ਪੈਂਦੀ ਕਿ ਸਾਡੇ ਲੀਡਰਾਂ ਵਲੋਂ ਵਿਕਾਸ ਦੇ, ਗ਼ਰੀਬੀ ਹਟਾਏ ਜਾਣ ਦੇ ਤੇ ਸਵੱਛ ਭਾਰਤ ਦੇ ਜੋ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਉਸ ’ਚ ਸਚਾਈ ਘੱਟ ਤੇ ਝੂਠ ਵੱਧ ਹੈ ਕਿਉਂਕਿ ਦੁਨੀਆਂ ਦੇ 127 ਮੁਲਕਾਂ ’ਚ ਭਾਰਤ ਦਾ 105ਵਾਂ ਸਥਾਨ ਭੁੱਖਮਰੀ ਵਿਚ ਹੈ ਤੇ ਦੁਨੀਆਂ ਦੀ ਕੁਲ ਭੁੱਖਮਰੀ ਪੀੜਤ ਵਸੋਂ ਦਾ 25% ਇਕੱਲੇ ਭਾਰਤ ਵਿਚ ਹੈ। ਇਸ ਗ਼ਰੀਬੀ, ਭੁੱਖਮਰੀ ਤੋਂ ਤੰਗ ਆ ਕੇ ਕਈ ਗ਼ਲਤ ਰਾਹ ਪੈ ਜਾਂਦੇ ਹਨ ਤੇ ਕਈ ਖ਼ੁਦਕੁਸ਼ੀ ਕਰ ਲੈਂਦੇ ਹਨ। ਪਰ ਸਾਡੇ ਲੀਡਰ ਮਸਤ ਹਨ, ਜਿਨ੍ਹਾਂ ਬਾਰੇ ਕਹਿ ਸਕਦੇ ਹਾਂ, ‘ਦਿਲੋਂ ਮੇ ਖੋਟ ਹੈ ਪਰ ਉਪਰ ਸੇ ਪਿਆਰ ਕਰਤੇ ਹੈਂ, ਯੇਹ ਵੋਹ ਲੋਗ ਹੈਂ ਜੋ ਬਸ ਯਹੀ ਵਪਾਰ ਕਰਤੇ ਹੈਂ।’  

ਕੀ ਹੁਣ ਇਹ ਸਭ ਵੇਖ ਕੇ ਅਸੀਂ ਦੀਵਾਲੀ ਨੂੰ ਬੁਰਾਈ ਉਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਕਿਵੇਂ ਕਹਾਂਗੇ  ਸਗੋ ਇਹ ਤਾਂ ਨੇਕੀ ’ਤੇ ਬੁਰਾਈ ਦੀ ਜਿੱਤ ਕਹੀ ਜਾ ਸਕਦੀ ਹੈ। ਹੁਣ ਇੱਥੇ ਇਹ ਵੀ ਸਵਾਲ ਪੁੱਛਿਆ ਜਾਵੇਗਾ ਕਿ ਦੀਵੇ ਤਾਂ ਭਾਵੇਂ ਹਰ ਸਾਲ ਜਗਦੇ ਹਨ ਪਰ ਅੰਧੇਰਾ ਮਿੱਟ ਕਿਉਂ ਨਹੀਂ ਰਿਹਾ। ਜਿਸ ਬਾਰੇ ਦਸਣਯੋਗ ਹੈ ਕਿ ਅਜਿਹੀ ਦੀਵਾਲੀ ਜਿਸ ’ਚ ਲੋਕ ਸਾਡੇ ਸਮਾਜ ’ਚ ਸਹੀ ਗਿਆਨ, ਆਪਸੀ ਬਰਾਬਰੀ ਤੇ ਇਨਸਾਫ਼ ਵੰਡਣ ਦੀ ਥਾਂ ਹਉਮੈਂ, ਪੂੰਜੀਵਾਦ, ਗ਼ਰੀਬੀ, ਭ੍ਰਿਸ਼ਟਾਚਾਰ ਤੇ ਅੰਧਵਿਸ਼ਵਾਸ ਦਾ ਘੁੱਪ ਹਨੇਰਾ ਲੋਕਾਂ ਨੂੰ ਵੰਡਿਆ ਜਾ ਰਿਹਾ ਹੋਵੇ ਤੇ ਲੱਖਾਂ ਕਰੋੜਾਂ ਰੁਪਏ ਦੀ ਫ਼ਜ਼ੂਲ ਖ਼ਰਚੀ ਤੇ ਜ਼ਹਿਰੀਲੇ ਪਟਾਕਿਆਂ ਨਾਲ ਪ੍ਰਦੂਸ਼ਣ ਫੈਲਾਉਂਦੇ ਹੋਣ ਜਿਨ੍ਹਾਂ ਪਟਾਕਿਆਂ ਨਾਲ ਕਈ ਥਾਂ ਅੱਗ ਲੱਗ ਕੇ ਭਾਰੀ ਨੁਕਸਾਨ ਹੁੰਦਾ ਹੋਵੇ ਅਤੇ ਸਾਡੇ ਸਮਾਜ ਵਿਚ ਦਿਨੋਂ ਦਿਨ ਅਗਿਆਨਤਾ, ਅਨਪੜ੍ਹਤਾ, ਗ਼ਰੀਬੀ-ਅਮੀਰੀ ਦਾ ਪਾੜਾ ਵੱਧ ਰਿਹਾ ਹੋਵੇ, ਬੇਰੁਜ਼ਗਾਰੀ, ਬਲਾਤਕਾਰ, ਲੁੱਟਾਂ-ਖੋਹਾਂ, ਗੁੰਡਾਗਰਦੀ ਜਿਹੇ ਜੁਰਮਾਂ ਦਾ ਹਨੇਰਾ ਦਿਨੋ ਦਿਨ ਵੱਧ ਰਿਹਾ ਹੋਵੇ, ਉਥੇ ਇਹ ਕਹਿਣਾ ਸੁਭਾਵਕ ਹੈ ਕਿ ‘ਦੀਵੇ ਤਾਂ ਹਰ ਸਾਲ ਜਗਣ ਹਰ ਬਨੇਰੇ, ਫਿਰ ਵੀ ਕਿਉਂ ਵਧਦੇ ਜਾਣ ਹਨੇਰੇ?’ 

ਸੋਚਿਆ ਜਾਵੇ ਤਾਂ, ਆਪਸੀ ਬਰਾਬਰੀ ਤੇ ਸਾਂਝ, ਇਨਸਾਫ਼ ਅਤੇ ਗਿਆਨ ਦੇ ਦੀਵਿਆਂ ਨਾਲ ਅਸਲ ਰੌਸ਼ਨੀ ਫੈਲਾਈ ਜਾ ਸਕਦੀ ਹੈ। ਅਮੀਰ ਲੋਕ, ਝੁੱਗੀ ਝੌਂਪੜੀਆਂ ਤੇ ਹੋਰ ਅਤਿ ਗ਼ਰੀਬ ਬੱਚਿਆਂ ਨੂੰ ਦੀਵਾਲੀ ਮੌਕੇ ਕੁੱਝ ਖਾਣਪੀਣ ਜਾਂ ਹੋਰ ਸਮਾਨ ਦੇ ਕੇ ਉਨ੍ਹਾਂ ਦੀ ਜ਼ਿੰਦਗੀ ’ਚ ਰੌਸ਼ਨੀ ਭਰ ਸਕਦੇ ਹਨ ਕਿਉਂਕਿ ਇਹੀ ਅਸਲ ਪੂਜਾ ਹੈ। ਇੰਜ ਹੀ ਜੋ ਗ਼ਰੀਬ ਕਾਰੀਗਰ ਅਪਣੇ ਹੱਥ ਦੇ ਬਣੇ ਦੀਵੇ, ਕੁੱਜੀਆਂ ਅਤੇ ਹੋਰ ਸਮਾਨ ਸੜਕਾਂ ਕਿਨਾਰੇ ਵੇਚਦੇ ਹਨ, ਸਾਨੂੰ ਮਹਿੰਗਾ ਸਮਾਨ ਤੇ ਲਾਈਟਾਂ ਖ਼ਰੀਦਣ ਦੀ ਬਜਾਏ ਇਨ੍ਹਾਂ ਗ਼ਰੀਬਾਂ ਤੋਂ ਸਮਾਨ ਖ਼ਰੀਦਣਾ ਚਾਹੀਦਾ ਹੈ। ਇਹ ਵੀ ਯਾਦ ਰੱਖੋ : ‘‘ਦੀਵੇ ਵੀ ਭਾਵੇਂ ਜਗਦੇ ਰਹੇ, ਸੂਰਜ ਵੀ ਭਾਵੇਂ ਮਘਦੇ ਰਹੇ, ਪਰ ਗ਼ਰੀਬਾਂ ਤੇਰੀ ਖ਼ੁਸ਼ੀਆਂ ਦੀ ਫਿਰ ਵੀ ਪ੍ਰਭਾਤ ਨਾ ਹੋਈ।’’

ਬੇਸ਼ੱਕ ਦੀਵਾਲੀ ਤੋਂ ਕੁੱਝ ਦਿਨ ਪਹਿਲਾਂ ਲੋਕ ਅਪਣੇ ਘਰਾਂ ਦੀ ਸਾਫ਼-ਸਫ਼ਾਈ ਅਤੇ ਰੰਗ ਰੋਗਨ ਕਰਦੇ ਹਨ ਜੋ ਸਵੱਛਤਾ ਦਾ ਪ੍ਰਤੀਕ ਹੈ ਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਉਣਾ ਵੀ ਆਪਸੀ ਸਾਂਝ ਦਾ ਸੁਨੇਹਾ ਹੈ ਪ੍ਰੰਤੂ ਫਿਰ ਵੀ ਕੁੱਝ ਲੋਕ ਇਸ ਮੌਕੇ ਗ਼ਲਤ ਤਰੀਕੇ ਨਾਲ ਅਪਣੀ ਖ਼ੁਸ਼ੀ ਮਨਾਉਣ ਲਈ ਉੱਚੀ ਆਵਾਜ਼ ’ਚ ਦੇਰ ਰਾਤ ਤਕ ਡੀ.ਜੇ. ਵਜਾ ਕੇ ਅਤੇ ਸਾਂਝੀਆਂ ਗਲੀਆਂ ਵਿਚ ਪਟਾਕੇ ਚਲਾ ਕੇ ਉਥੋਂ ਲੰਘਣ ਵਾਲਿਆਂ ਲਈ ਮੁਸ਼ਕਲ ਪੈਦਾ ਕਰਦੇ ਹਨ। ਮਿਠਾਈ ਵਿਕਰੇਤਾ ਮਿਲਾਵਟੀ ਸਮਾਨ ਵੇਚ ਕੇ ਲੋਕਾਂ ਦੀ ਸਿਹਤ ਦਾ ਨੁਕਸਾਨ ਵੀ ਕਰਦੇ ਹਨ। ਹਰ ਸਾਲ ਮੈਡੀਕਲ ਟੀਮਾਂ ਵਲੋਂ ਦੁੱਧ, ਪਨੀਰ, ਖੋਆ ਤੇ ਘਿਉ ਦੇ ਸੈਂਕੜੇ ਸੈਂਪਲ ਲਏ ਜਾਂਦੇ ਹਨ ਤੇ ਕਈ ਫ਼ੇਲ੍ਹ ਵੀ ਹੁੰਦੇ ਹਨ। ਇਕ ਤਾਜ਼ਾ ਖ਼ਬਰ ਅਨੁਸਾਰ ਪਟਿਆਲਾ ’ਚ ਢਾਈ ਕੁਇੰਟਲ ਨਕਲੀ ਪਨੀਰ ਫੜਿਆ ਗਿਆ ਜੋ ਬਹੁਤ ਵੱਡਾ ਭ੍ਰਿਸ਼ਟਾਚਾਰ ਹੈ ਤੇ ਲੋਕਾਂ ਦੀਆਂ ਜਾਨਾਂ ਨਾਲ ਵੱਡਾ ਖਿਲਵਾੜ ਹੈ, ਦੇਖੋ ਹੁਣ ਕੀ ਬਣਦਾ ਹੈ? 

ਬੇਸ਼ੱਕ ਸਾਡੀ ਸਰਕਾਰ ਵਲੋਂ ਗ਼ੈਰ-ਕਾਨੂੰਨੀ ਪਟਾਕਾਂ ਭੰਡਾਰਣ ਤੇ ਰੋਕ ਲਗਾਈ ਜਾਂਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਪੰਜਾਬ ਸਰਕਾਰ ਨੇ ਇਸ ਵਾਰ ਵੱਡੇ ਪਟਾਕੇ ਛੱਡ ਕੇ ਸਿਰਫ਼ ਗਰੀਨ ਪਟਾਕੇ ਰਾਤ 8 ਤੋਂ 10 ਵਜੇ ਤਕ ਚਲਾਉਣ ਦੇ ਆਦੇਸ਼ ਦਿਤੇ ਹਨ ਪ੍ਰੰਤੂ ਸਖ਼ਤੀ ਦੀ ਘਾਟ ਤੇ ਲੋਕਾਂ ਦੀ ਲਾਪ੍ਰਵਾਹੀ ਸਹੀ ਨਤੀਜੇ ਨਹੀਂ ਆਉਣ ਦਿੰਦੀ। ਕੇਂਦਰੀ ਗ੍ਰੀਨ ਟ੍ਰਿਬਿਊਨਲ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਕਿਹਾ ਕਿ ਆਮ ਪਟਾਕਿਆਂ ’ਚੋਂ 95% ਹਵਾ ਤੇ ਸ਼ੋਰ ਪ੍ਰਦੂਸ਼ਣ ਪੱਖੋਂ ਨਿਯਮਾਂ ਦੇ ਉਲਟ ਹਨ। ਵੇਖਿਆ ਜਾਵੇ ਤਾਂ ਇਸ ਵਾਰ ਦੀਵਾਲੀ ਕਿਸ ਨੇ ਮਨਾਉਣੀ ਹੈ ਕਿਉਂਕਿ ਪੂਰੇ ਦੇਸ਼ ਵਿਚ ਖ਼ਾਸਕਰ ਪੰਜਾਬ ’ਚ ਹੜ੍ਹਾਂ ਦੇ ਕਹਿਰ ਨੇ ਕਿਸਾਨ, ਖੇਤ ਮਜ਼ਦੂਰ, ਹੋਰ ਗ਼ਰੀਬ ਮਜ਼ਦੂਰ ਤੇ ਛੋਟੇ ਕਾਰੋਬਾਰੀ ਤਾਂ ਪੀੜਤ ਹੋਣ ਕਾਰਨ ਅਪਣੇ ਕਾਰੋਬਾਰਾਂ ਦਾ ਤਬਾਹਪੁਣਾਂ ਝੱਲ ਰਹੇ ਹਨ ਜੋ ਕਿ ਦੀਵਾਲੀ ਦੀਆਂ ਖ਼ੁਸ਼ੀਆਂ ਮਨਾਉਣ ਦੀ ਸੱਮਰਥਾ ਤੋਂ ਵਾਂਝੇ ਹਨ। 

ਦੀਵਾਲੀ ਤਿਉਹਾਰ ਦਾ ਸਿੱਖ ਇਤਿਹਾਸ ਨਾਲ ਵੀ ਸਬੰਧ ਦਸਿਆ ਜਾਂਦਾ ਹੈ ਜਿਵੇਂ ਕਿ ਬੰਦੀਛੋੜ ਦਿਵਸ ਵਜੋਂ ਦੀਵਾਲੀ ਇਹ ਕਹਿ ਕੇ ਮਨਾਈ ਜਾਂਦੀ ਹੈ ਕਿ ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਨਾਲ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਣ ਉਪ੍ਰੰਤ ਹਰਿਮੰਦਰ ਸਾਹਿਬ ਪਹੁੰਚੇ ਸਨ ਜਿਸ ਖ਼ੁਸ਼ੀ ਵਜੋਂ ਇੱਥੇ ਦੀਪਮਾਲਾ ਕੀਤੀ ਗਈ ਸੀ ਜਦਕਿ ਕੱੁਝ ਇਤਿਹਸਕਾਰ ਗੁਰੂ ਜੀ ਦੀ ਰਿਹਾਈ ਦੇ ਸਮੇਂ ਨੂੰ ਇਸ ਦਿਨ ਤੋਂ ਬਾਅਦ ਦਾ ਦਸਦੇ ਹਨ। ਚਲੋ ਫਿਰ ਵੀ ਹਰਿਮੰਦਰ ਸਾਹਿਬ ਤੇ ਹੋਰ ਗੁਰਦੁਆਰਿਆਂ ਵਿਚ ਇਸ ਦਿਨ ਸੰਗਤਾਂ ਨੂੰ ਧਾਰਮਕ ਉਪਦੇਸ਼ ਦੇਣਾ ਚੰਗੀ ਗੱਲ ਹੈ। ਪ੍ਰੰਤੂ ਜੋ ਭਾਰੀ ਗਿਣਤੀ ’ਚ ਪਟਾਕੇ ਤੇ ਆਤਿਸ਼ਬਾਜੀ ਚਲਾ ਕੇ ਧਾਰਮਕ ਸਥਾਨਾਂ ਵਲੋਂ ਹੀ ਪ੍ਰਦੂਸ਼ਣ ਫੈਲਾਉਣ ’ਚ ਹਿੱਸਾ ਪਾਇਆ ਜਾਂਦਾ ਹੈ, ਇਹ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਬਿਲਕੁਲ ਉਲਟ ਹੈ। ਜਿਵੇਂ ਕੇ ਗੁਰਬਾਣੀ ਦਾ ਫ਼ੁਰਮਾਨ ਹੈ : 

‘‘ਪਵਣ ਗੁਰੂ, ਪਾਣੀ ਪਿਤਾ ਮਾਤਾ ਧਰਤ ਮਹਤ’’ 
ਕਈ ਸਿੱਖ ਬੀਬੀਆਂ ਦੀਵਾਲੀ ਵਾਲੀ ਸ਼ਾਮ ਨੂੰ ਗੁਰਦੁਵਾਰਿਆਂ ਵਿਚ ਜਾਂਦੀਆਂ ਤਾਂ ਹਨ ਪ੍ਰੰਤੂ ਉਥੇ ਗੁਰਬਾਣੀ ਤੋਂ ਕੁੱਝ ਸਿੱਖਣ ਦੀ ਬਜਾਏ ਅੰਧ ਵਿਸ਼ਵਾਸ ’ਚ ਫਸ ਕੇ ਪਵਿੱਤਰ ਨਿਸ਼ਾਨ ਸਾਹਿਬ ਤੇ ਸਰੋਵਰ ਦੇ ਆਸ ਪਾਸ ਸਾਫ਼ ਸੁਥਰੀ ਜਗ੍ਹਾ ਤੇ ਮੋਮਬਤੀਆਂ ਜਗਾ ਕੇ ਮੋਮ ਨਾਲ ਸਫ਼ਾਈ ਖਰਾਬ ਕਰ ਦਿੰਦੀਆਂ ਹਨ  ਅਤੇ ਐਸੀਆਂ ਹੀ ਕਈ ਸਿੱਖ ਬੀਬੀਆਂ ਜੋ ਪਾਠ ਵੀ ਕਰਦੀਆਂ ਹਨ, ਗੁਰਦੁਆਰੇ ਵੀ ਜਾਂਦੀਆਂ ਹਨ ਫਿਰ ਵੀ ਉਹ ਨਵਰਾਤਰੇ ਅਤੇ ਕਰਵਾ ਚੌਥ ਦੇ ਵਰਤ ਰਖਦੀਆਂ ਹਨ ਜੋ ਪਾਵਨ ਗੁਰਬਾਣੀ ਦਾ ਨਿਰਾਦਰ ਹੈ ਕਿਉਂਕਿ ਗੁਰਬਾਣੀ ਦਾ ਫ਼ੁਰਮਾਨ ਹੈ, ‘‘ਛੋਡਹਿ ਅੰਨੁ ਕਰੇਹਿ ਪਾਖੰਡ, ਨਾ ਸੁਹਾਗਣ ਨਾ ਉਹ ਰੰਡ॥’’ ਸੋ ਸਾਨੂੰ ਅਜਿਹੇ ਸਮਾਜ ਸੇਵੀ ਸੱਜਣਾਂ ਦਾ ਸਾਥ ਦੇਣਾ ਚਾਹੀਦਾ ਹੈ ਜੋ ਪ੍ਰਦੂਸ਼ਣ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦੇ ਹਨ ਜੋ ਖ਼ੁਦ ਮਨੁੱਖੀ ਦੀਵੇ ਬਣ ਕੇ ਗਿਆਨ ਤੇ ਜਾਗਰੂਕਤਾ ਦਾ ਚਾਨਣ ਕਰਦੇ ਹਨ। ਇਹ ਲੋਕ ਹੀ ਅਸਲ ਵਿਚ ਦੀਵਾਲੀ ਦੀ ਵਧਾਈ ਦੇ ਹੱਕਦਾਰ ਹਨ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement