ਦਾਜ ਦੀ ਸਤਾਈ ਵਿਆਹੁਤਾ ਦਾ ਦਰਦ
Published : Sep 6, 2018, 12:59 pm IST
Updated : Sep 6, 2018, 12:59 pm IST
SHARE ARTICLE
Dowry victim
Dowry victim

ਕੁੱਝ ਸਾਲ ਪਹਿਲਾਂ ਮੇਰੀ ਇਹ ਕਵਿਤਾ 'ਮੇਰੇ ਦਰਦਾਂ ਦਾ ਇਕ ਕਾਫ਼ਲਾ' 'ਸਪੋਕਸਮੈਨ' ਵਿਚ ਛਪੀ ਪੜ੍ਹ ਕੇ ਇਕ ਲੜਕੀ ਦਾ ਫ਼ੋਨ ਆਇਆ............

ਕੁੱਝ ਸਾਲ ਪਹਿਲਾਂ ਮੇਰੀ ਇਹ ਕਵਿਤਾ 'ਮੇਰੇ ਦਰਦਾਂ ਦਾ ਇਕ ਕਾਫ਼ਲਾ' 'ਸਪੋਕਸਮੈਨ' ਵਿਚ ਛਪੀ ਪੜ੍ਹ ਕੇ ਇਕ ਲੜਕੀ ਦਾ ਫ਼ੋਨ ਆਇਆ। ਲੜਕੀ ਨੇ ਕਿਹਾ, ''ਦੀਦੀ,  ਕੀ ਤੁਹਾਡੇ ਕੋਲ ਸਮਾਂ ਹੈ? ਮੈਂ ਤੁਹਾਡੇ ਕੁੱਝ ਮਿੰਟ ਲੈ ਸਕਦੀ ਹਾਂ?'' ਮੈਂ ਕਿਹਾ, ''ਹਾਂ ਕਿਉਂ ਨਹੀਂ।'' ''ਮੈਂ ਤੁਹਾਡੀ ਇਹ ਕਵਿਤਾ ਸਪੋਕਸਮੈਨ ਵਿਚ ਪੜ੍ਹ ਕੇ ਬਹੁਤ ਰੋਈ ।'' ਮੈਂ ਕਿਹਾ, ''ਏਦਾਂ ਦਾ ਵੀ ਕੀ ਸੀ ਕਵਿਤਾ ਵਿਚ?'' ਉਸ ਨੇ ਕਿਹਾ ''ਦੀਦੀ, ਮੈਨੂੰ ਲਗਦੈ ਤੁਸੀ ਮੇਰੀ ਕਹਾਣੀ ਬਿਆਨ ਕੀਤੀ ਹੈ।'' ਮੈਂ ਕਿਹਾ, ''ਲੇਖਣੀ ਉਹੀ ਹੁੰਦੀ ਜੋ ਪੜ੍ਹਨ ਵਾਲੇ ਦੀ ਬਣ ਜਾਵੇ।'' ਉਸ ਨੇ ਕਾਹਲੀ ਵਿਚ  ਕਿਹਾ, “ਮੈਂ ਕਿਸੇ ਦਿਨ ਫਿਰ ਗੱਲ ਕਰ ਸਕਦੀ ਹਾਂ ਤੁਹਾਡੇ ਨਾਲ? ਹੁਣ ਕੋਈ ਆ ਰਿਹੈ।''

ਮੇਰਾ ਜਵਾਬ ਸੁਣਨ ਤੋਂ ਪਹਿਲਾਂ ਹੀ ਉਸ ਨੇ ਫ਼ੋਨ ਕੱਟ ਦਿਤਾ ਤੇ ਇਹ ਗੱਲ ਵੀ ਆਈ ਗਈ ਹੋ ਗਈ। ਕੁੱਝ ਦਿਨਾਂ ਬਾਅਦ ਮੁੜ ਫ਼ੋਨ ਆਇਆ ਤੇ ਮੇਰੇ ਜ਼ਹਿਨ ਵਿਚ ਇਕਦਮ “ਉਹ ਲੜਕੀ'' ਆ ਗਈ। ਅਵਾਜ਼ ਆਈ ''ਦੀਦੀ, ਮੇਰੀ ਪੂਰੀ ਜ਼ਿੰਦਗੀ ਤੁਹਾਡੀ ਕਵਿਤਾ ਜਿਹੀ ਏ। ਮੇਰਾ ਜੀਅ ਕਰਦੈ, ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਕੀ ਤੁਸੀ ਅਪਣਾ ਥੋੜਾ ਜਿਹਾ ਸਮਾਂ ਦਿਓਗੇ? ਜੇ ਮੇਰਾ ਫ਼ੋਨ ਕੱਟ ਜਾਵੇ ਤਾਂ ਤੁਸੀ ਫ਼ੋਨ ਨਾ ਕਰਿਉ ਜਦੋਂ ਕਰਾਂਗੀ ਮੈਂ ਹੀ ਕਰਾਂਗੀ।'' ਮੈਂ ਕਿਹਾ, ''ਹਾਂ ਠੀਕ ਹੈ, ਬੋਲੋ।''
ਉਸ ਨੇ ਦਸਣਾ ਸ਼ੁਰੂ ਕੀਤਾ ਕਿ ''ਮੈਂ ਬੀ. ਟੈੱਕ ਕੀਤੀ ਹੋਈ ਏ ਤੇ ਦੋ ਸਾਲ ਪਹਿਲਾਂ ਮੇਰਾ ਵਿਆਹ ਕੈਨੇਡਾ ਰਹਿੰਦੇ ਮੁੰਡੇ ਨਾਲ ਹੋ ਗਿਆ।

ਮੈਂ ਬਹੁਤ ਖ਼ੁਸ਼ ਸਾਂ ਤੇ ਚਾਰ ਦਿਨਾਂ ਬਾਅਦ ਉਹ ਵਾਪਸ ਕੈਨੇਡਾ ਚਲਾ ਗਿਆ। ਇਕ ਮਹੀਨਾ ਤਾਂ ਫ਼ੋਨ ਉਤੇ ਗੱਲ ਹੋਈ ਪਰ ਹੌਲੀ-ਹੌਲੀ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿਤੀ।'' ਮੈਂ ਪੁਛਿਆ, “ਅਜਿਹਾ ਕਿਉਂ?'' ਕਹਿੰਦੀ ਉਹ ਅਪਣੀ ਮਾਂ ਤੇ ਭੈਣਾਂ ਨਾਲ ਗੱਲ ਕਰਦੈ ਪਰ ਮੇਰੇ ਨਾਲ ਨਹੀਂ। ਮੈਂ ਇਕ ਦਿਨ ਵਿਰੋਧ ਕੀਤਾ ਤਾਂ ਸੱਸ ਨੇ ਕਿਹਾ, ''ਗੱਲ ਨਾਲ ਕੀ ਹੋਜੂ ਤੂੰ ਪੇਕਿਉਂ ਦੱਸ ਲੱਖ ਲੈ ਕੇ ਆ ਤੇਰਾ ਵੀ ਵੀਜ਼ਾ ਲੱਗ ਜਾਉ, ਤੂੰ ਵੀ ਉਸ ਦੇ ਕੋਲ ਕੈਨੇਡਾ ਚਲੇ ਜਾਈਂ।'' ਮੈਂ ਹੁੰਗਾਰਾ ਭਰਦੀ ਰਹੀ। ਉਸ ਨੇ ਅੱਗੇ ਕਿਹਾ, ਦੀਦੀ ਮੇਰੇ ਪੇਕਿਆਂ ਨੇ ਹੈਸੀਅਤ ਤੋਂ ਵੱਧ ਦਾਜ ਦਿਤਾ, ਕਰਜ਼ਾ ਚੁਕਿਆ। ਉਨ੍ਹਾਂ ਦੇ ਰੋਟੀ ਵੀ ਮਸਾਂ ਪਕਦੀ ਹੈ।

ਉਨ੍ਹਾਂ ਸੋਚਿਆ ਧੀ ਦੀ ਜ਼ਿੰਦਗੀ ਸੌਖੀ ਹੋ ਜਾਊ। ਹੁਣ ਉਹਾਂ ਦੱਸ ਲੱਖ ਤਾਂ ਕੀ ਦੱਸ ਹਜ਼ਾਰ ਵੀ ਨਹੀਂ ਦੇ ਸਕਦੇ। ਇਹ ਕਹਿ ਕੇ ਉਸ ਨੇ ਅਚਾਨਕ ਫਿਰ ਫ਼ੋਨ ਕੱਟ ਦਿਤਾ। ਮੈਂ ਖ਼ੁਦ ਫ਼ੋਨ ਕਰਨਾ ਮੁਨਾਸਿਬ ਨਾ ਸਮਝਿਆ ਤੇ ਉਸ ਦੀ ਦੁੱਖ ਭਰੀ ਕਹਾਣੀ ਬਾਰੇ ਸੋਚਦੀ ਰਹੀ। ਮੈਂ ਉਸ ਨੂੰ ਜਾਣਦੀ ਤਕ ਨਹੀਂ ਸੀ ਪਰ ਇਕ ਕਵਿਤਾ ਨੇ ਉਸ ਨੂੰ ਮੇਰੇ ਏਨਾ ਨੇੜੇ ਕਰ ਦਿਤਾ ਕਿ ਮੈਨੂੰ ਉਸ ਦੀ ਫ਼ਿਕਰ ਤਕ ਹੋਣ ਲੱਗੀ।  ਹਫ਼ਤੇ ਬਾਅਦ ਮੁੜ ਫ਼ੋਨ ਆਇਆ ਤੇ ਉਹ ਰੋ ਰਹੀ ਸੀ। ਮੈਂ ਉਸ ਨੂੰ ਰੋਣ ਦਾ ਕਾਰਨ ਪੁਛਿਆ ਤਾਂ ਉਸ ਨੇ ਕਿਹਾ ਕਿ ''ਮੇਰੀ ਸੱਸ ਨੇ ਮੈਨੂੰ ਕਿਹਾ ਕਿ ਜੇ ਤੂੰ ਪੈਸੇ ਲੈ ਕੇ ਨਹੀਂ ਆਵੇਂਗੀ ਤਾਂ ਅਸੀ ਅਪਣੇ ਮੁੰਡੇ ਦਾ ਦੂਜਾ ਵਿਆਹ ਕਰ ਦੇਵਾਂਗੇ।''

ਮੈਂ ਕਿਹਾ, “ਤੂੰ ਪੜ੍ਹੀ ਲਿਖੀ ਹੈਂ, ਅਪਣੇ ਪੈਰਾਂ ਉਤੇ ਖੜੀ ਹੋ ਸਕਦੀ ਹੈਂ। ਤੂੰ ਕੀ ਸੋਚ ਕੇ ਇਸ ਰਿਸ਼ਤੇ ਨਾਲ ਬੱਝੀ ਹੋਈ ਹੈਂ? ਤੂੰ ਅਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦੀ ਹੈਂ? ਜੇ ਜੁਰਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਮਹਾਂਪਾਪ ਹੈ।'' ਪਰ ਉਸ ਦਾ ਜਵਾਬ ਆਉਣ ਤੋਂ ਪਹਿਲਾਂ ਹੀ ਉਸ ਨੇ ਫ਼ੋਨ ਕੱਟ ਦਿਤਾ। ਉਸ ਦਿਨ ਤੋਂ ਬਾਅਦ ਕਦੇ ਉਸ ਨਾਲ ਗੱਲ ਨਹੀਂ ਹੋ ਸਕੀ ਕਿਉਂਕਿ ਮੇਰਾ ਫ਼ੋਨ ਖ਼ਰਾਬ ਹੋ ਗਿਆ ਤੇ ਕੁੱਝ ਦਿਨ ਬੰਦ ਵੀ ਰਿਹਾ। ਨਵਾਂ ਫ਼ੋਨ ਲੈਣ ਕਾਰਨ ਪੁਰਾਣੇ ਫ਼ੋਨ ਦੇ ਸਾਰੇ ਨੰਬਰ ਮਿਟ ਗਏ। ਮੈਨੂੰ ਅੱਜ ਵੀ ਉਸ ਲੜਕੀ ਦੀ ਚਿੰਤਾ ਹੈ ਤੇ ਫ਼ੋਨ ਦੀ ਉਡੀਕ ਰਹਿੰਦੀ ਹਾਂ। ਮੇਰੇ ਚੇਤੇ ਵਿਚ 'ਉਹ ਲੜਕੀ' ਹੁਣ ਤਕ ਘੁੰਮ ਰਹੀ ਹੈ ਜੋ ਕਈ ਸਵਾਲ  ਛੱਡ ਗਈ। 

-ਈਮੇਲ : kammo.deon0gmail.com

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement