
ਆਉ ਮਿਲੀਏ ਰਾਮਗੜ੍ਹੀਏ ਸਰਦਾਰਾਂ ਨੂੰ
ਮੇਰਾ ਬਚਪਨ ਤੋਂ ਹੀ ਰਾਮਗੜ੍ਹੀਏ ਸਰਦਾਰਾਂ ਨਾਲ ਬਹੁਤ ਪਿਆਰ ਰਿਹਾ ਹੈ। ਇਨ੍ਹਾਂ ਸੱਜਣਾਂ ਦੇ ਘਰਾਂ ਵਿਚ ਬਹੁਤ ਅੰਨ ਪਾਣੀ ਖਾਧਾ। ਬੜੀ ਮੁਹਾਰਤ ਰਖਦੇ ਹਨ ਅਪਣੇ ਪੁਰਾਤਨ ਕੰਮ ਵਿਚ ਇਹ ਰਾਮਗੜ੍ਹੀਏ ਸਰਦਾਰ। ਲੱਕੜ ਦਾ ਸਾਰਾ ਕੰਮ, ਖੇਤੀਬਾੜੀ ਲਈ ਵਰਤੇ ਜਾਣ ਵਾਲੇ ਸੰਦ ਬਣਾਉਣੇ ਅਤੇ ਘਰਾਂ ਦੀ ਉਸਾਰੀ ਦਾ ਕੰਮ ਇਨ੍ਹਾਂ ਭਰਾਵਾਂ ਦਾ ਖ਼ਾਨਦਾਨੀ ਪੇਸ਼ਾ ਹੈ।
Jassa Singh Ramgarhia
ਸੱਗੂ, ਕਲਸੀ, ਮਠਾਰੂ ਦੇ ਨਾਮ 'ਤੇ ਬਣੀਆਂ ਵਰਕਸ਼ਾਪਾਂ ਇਨ੍ਹਾਂ ਦੀਆਂ ਹੁੰਦੀਆਂ ਹਨ। ਰਾਮਗੜ੍ਹੀਏ ਸਰਦਾਰ ਸਿੱਖ ਇਤਿਹਾਸ ਦੀ ਮਹਾਨ ਵਿਰਾਸਤ ਦਾ ਅਹਿਮ ਹਿੱਸਾ ਹੈ ਕਿਉਂਕਿ 18ਵੀਂ ਸਦੀ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਅਪਣਾ ਪੂਰਾ ਜੀਵਨ ਸਿੱਖੀ ਸਿਧਾਂਤਾਂ ਦੀ ਰਾਖੀ ਕਰਦਿਆਂ ਗੁਰ ਚਰਨਾ ਵਿਚ ਭੇਟ ਕੀਤਾ।
Darbar Sahib
ਉਨ੍ਹਾਂ ਅਪਣੇ ਹੱਥੀਂ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ 'ਬੁੰਗਾ ਰਾਮਗੜ੍ਹੀਆ' ਦੀ ਨੀਂਹ 1755 ਨੂੰ ਰਖੀ। ਉਸ ਯੋਧੇ ਦੀ ਕੁਰਬਾਨੀ ਅੱਜ ਵੀ ਸਿੱਖ ਕੌਮ ਦਾ ਸਰਮਾਇਆ ਹੈ। ਜੱਸਾ ਸਿੰਘ ਦੇ ਵਾਰਸ ਇਹ ਰਾਮਗੜ੍ਹੀਏ ਸਰਦਾਰ ਅਪਣਾ ਪੂਰਾ ਜੀਵਨ ਸਿੱਖੀ ਸਿਧਾਂਤਾਂ ਨੂੰ ਅਪਣਾਉਂਦਿਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਅਤੁੱਟ ਵਿਸ਼ਵਾਸ ਰਖਦੇ ਹਨ। ਮੇਰਾ ਦਿਲੋਂ ਸਲਾਮ ਹੈ ਇਨ੍ਹਾਂ ਰਾਮਗੜ੍ਹੀਏ ਭਰਾਵਾਂ ਨੂੰ ਜੋ ਸਮਾਜਕ ਕੁਰੀਤੀਆਂ ਤੋਂ ਦੂਰ ਅਪਣੇ ਬੱਚਿਆਂ ਦੇ ਵਿਆਹ ਵਿਚ ਮੂੰਹੋਂ ਦਾਜ-ਦਹੇਜ ਨਹੀਂ ਮੰਗਦੇ ਅਤੇ ਮੰਗ ਕਰਨ ਵਾਲੇ ਦੇ ਘਰ ਰਿਸ਼ਤਾ ਨਹੀਂ ਕਰਦੇ।
Ramgarhia Bunga
ਜ਼ਿਆਦਾਤਰ ਹੱਥੀਂ ਕਿਰਤ ਕਰਨ ਵਾਲੇ ਇਨ੍ਹਾਂ ਭਰਾਵਾਂ ਨੂੰ ਅਪਣੇ ਕੰਮ ਨਾਲ ਇੰਨਾ ਮੋਹ ਹੈ ਕਿ ਨਾ ਅਕਣਾ ਨਾ ਥਕਣਾ, ਪਸੀਨੋ ਪਸੀਨੀ ਹੁੰਦਿਆਂ ਬਸ ਲੱਗੇ ਰਹਿਣਾ ਸਤਿਗੁਰਾਂ ਦੇ ਭਾਣੇ ਵਿਚ। ਸਾਡੇ ਸਾਪੂ ਸਰਦਾਰ ਕੁਲਵੰਤ ਸਿੰਘ ਕਲਸੀ (ਰਾਮਗੜ੍ਹੀਆ) ਦਸਦੇ ਹਨ ਕਿ ਪੁੱਤਰਾ ਜਦੋਂ ਤੋਂ ਮੈਂ ਹੋਸ਼ ਸੰਭਾਲੀ, ਕਦੇ ਵਿਹਲਾ ਨਹੀਂ ਰਿਹਾ। ਭਾਰਤ ਦੇਸ਼ ਦੀਆਂ ਚਾਰੇ ਦਿਸ਼ਾਵਾਂ ਵਿਚੋਂ ਤੇਸਾ-ਆਰੀ ਚਲਾ ਕੇ ਬਹੁਤ ਕੁੰਡੇ ਕਬਜ਼ੇ ਲਾਏ। ਫਿਰ 25 ਸਾਲ ਦੁਬਈ ਵਿਚ ਲੱਕੜ ਰੰਦੀ ਅਤੇ ਅਜਕ੍ਹਲ ਗੁਰੂ ਕ੍ਰਿਪਾ ਸਦਕਾ ਇੰਗਲੈਂਡ ਦੀ ਲੱਕੜ ਨੂੰ ਤਰਾਸ਼ ਕੇ ਲੋਕਾਂ ਦੇ ਘਰ ਰੁਸ਼ਨਾ ਰਹੇ ਹਾਂ।
Ramgarhia Bunga
ਬਾਪੂ ਜੀ ਅੰਦਰ ਜ਼ਿੰਦਾਦਿਲੀ ਇੰਨੀ ਹੈ ਕਿ ਅੱਜ ਵੀ ਵਿਦੇਸ਼ ਵਿਚ ਸਵੇਰੇ ਚਾਰ ਵਜੇ ਜਾਗ ਕੇ ਮਾਲਕ ਦਾ ਓਟ ਆਸਰਾ ਲੈ ਕੇ ਚੱਲ ਪੈਂਦੇ ਨੇ ਅਪਣੀ ਕਿਰਤ ਨੂੰ ਸਲਾਮ ਕਰਨ ਲਈ। ਬਾਪੂ ਜੀ ਦੇ ਘਰੋਂ ਸਾਡੀ ਬੀਬੀ ਬਲਜਿੰਦਰ ਕੌਰ ਰਾਮਗੜ੍ਹੀਆ ਐਨ ਰੱਬ ਦੇ ਭਾਣੇ ਨੂੰ ਮੰਨਣ ਵਾਲੀ ਸਬਰ, ਸੰਤੋਖ, ਮਿੱਠ ਬੋਲੜੀ ਰੂਹ ਦੇ ਚਰਨੀਂ ਹੱਥ ਲਾ ਕੇ ਇੰਝ ਲਗਦਾ ਹੈ ਜਿਵੇਂ ਅੰਮ੍ਰਿਤ ਵੇਲੇ ਦੀ ਸ਼ਾਂਤ ਕੁਦਰਤ ਨੂੰ ਜੱਫ਼ੀ ਪਾਈ ਹੋਵੇ।
Gurbani
ਉਨ੍ਹਾਂ ਦੇ ਰਿਸ਼ਤੇਦਾਰ ਰਾਮਗੜ੍ਹੀਏ ਭਰਾਵਾਂ ਨੂੰ ਮਿਲ ਕੇ ਵੀ ਇਉਂ ਲਗਦਾ ਹੈ ਜਿਵੇਂ ਕਿਸੇ ਜਨਮ ਦੇ ਅਸੀ ਵਿਛੜੇ ਮਿਲੇ ਹੋਈਏ। ਭਾਈ ਧੀਰ ਸਿੰਘ ਰਾਮਗੜ੍ਹੀਆ ਜਿਨ੍ਹਾਂ ਅਪਣੀ ਕਿਰਤ ਅਤੇ ਸਿਦਕ ਦਾ ਹਮੇਸ਼ਾ ਪਵਿੱਤਰ ਗੁਰਬਾਣੀ ਦੇ ਓਟ ਆਸਰੇ ਸਦਉਪਯੋਗ ਕੀਤਾ। ਜਿਥੇ ਵੀ ਉਹ ਕਿਰਤ ਕਰਨ ਗਏ, ਉਨ੍ਹਾਂ ਪ੍ਰੇਮ ਹੀ ਖੱਟਿਆ। 'ਰਾਮਗੜ੍ਹੀਆ' ਸ਼ਬਦ ਲਾਸਾਨੀ ਕੁਰਬਾਨੀ ਦਾ ਪ੍ਰਤੀਕ ਹੈ।
ਇਹ ਮਹਾਨ ਸ਼ਬਦ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਬਲਕਿ ਕਾਬੁਲ, ਕੰਧਾਰ, ਦੱਰਾ ਏ ਖੈਬਰ ਅਤੇ ਲਾਲ ਕਿਲ੍ਹੇ ਦੀਆਂ ਕੰਧਾਂ ਅੱਜ ਵੀ ਰਾਮਗੜ੍ਹੀਆ ਸਰਦਾਰਾਂ ਦੀ ਕੁਰਬਾਨੀ ਨੂੰ ਯਾਦ ਕਰਦੀਆਂ ਹਨ। ਸੋ ਗੁਰੂ ਘਰ ਦੇ ਸੇਵਾਦਾਰ ਅਤਿ ਸਤਿਕਾਰਯੋਗ ਮੇਰੇ ਵਾਕਫ਼ ਸਰਦਾਰ ਰਵੀ ਸਿੰਘ, ਗੁਰਜਿੰਦਰ ਸਿੰਘ, ਸਤਿੰਦਰ ਸਿੰਘ, ਮਨੀ ਸਿੰਘ, ਸ਼ੇਰ ਸਿੰਘ ਮੇਰੇ ਰਾਮਗੜ੍ਹੀਆ ਭਰਾ ਹਨ ਜਿਨ੍ਹਾਂ ਕੋਲੋਂ ਬਹੁਤ ਪ੍ਰੇਮ ਸਤਿਕਾਰ ਮਿਲਿਆ। ਚਾਹ ਕੇ ਵੀ ਇਨ੍ਹਾਂ ਰਾਮਗੜ੍ਹੀਆ ਸਰਦਾਰਾਂ ਦਾ ਕਰਜ਼ ਨਹੀਂ ਉਤਾਰ ਸਕਦਾ। ਬਸ ਇਹੋ ਅਰਦਾਸ ਹੈ ਕਿ ਇਹ ਭਰਾ ਗੁਰੂ ਚਰਨਾਂ ਨਾਲ ਇਸੇ ਤਰ੍ਹਾਂ ਜੁੜੇ ਰਹਿਣ, ... ਆਮੀਨ!
ਮੋਬਾਈਲ : 94634-19012