![Sri Guru Gobind Singh College - [SGGS] Sri Guru Gobind Singh College - [SGGS]](/cover/prev/216m0p7ntin9317odvq1e8k982-20180707235338.Medi.jpeg)
ਗੱਲ ਕੁੱਝ ਮਹੀਨੇ ਪਹਿਲਾਂ ਦੀ ਹੈ। ਇਕ ਦਿਨ ਮੈਂ ਕਰਨਲ (ਰਿਟਾ.) ਜਸਮੇਰ ਸਿੰਘ ਬਾਲਾ ਨੂੰ ਮਿਲਣ ਗਿਆ.............
ਗੱਲ ਕੁੱਝ ਮਹੀਨੇ ਪਹਿਲਾਂ ਦੀ ਹੈ। ਇਕ ਦਿਨ ਮੈਂ ਕਰਨਲ (ਰਿਟਾ.) ਜਸਮੇਰ ਸਿੰਘ ਬਾਲਾ ਨੂੰ ਮਿਲਣ ਗਿਆ। ਉਨ੍ਹਾਂ ਦਾ ਦਫ਼ਤਰ ਚੰਡੀਗੜ੍ਹ ਸੈਕਟਰ-26 ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਕੰਪਲੈਕਸ ਵਿਚ ਹੈ ਅਤੇ ਉਹ ਸਿੱਖ ਐਜੂਕੇਸ਼ਨਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਅਦਾਰਿਆਂ ਦੇ ਸਕੱਤਰ ਹਨ। ਉਹ ਹਨ ਤਾਂ ਫ਼ੌਜੀ ਪਿਛੋਕੜ ਵਾਲੇ ਪਰ ਸਾਹਿਤ ਦੇ ਵਿਦਿਆਰਥੀ ਹੋਣ ਕਰ ਕੇ ਸਿਆਣਪ ਭਰਪੂਰ ਵਾਦ-ਵਿਵਾਦ ਕਰਦੇ ਹਨ। ਉਂਜ ਵੀ ਬੜੇ ਮਿਲਾਪੜੇ ਹਨ। ਮੇਰੇ ਬੜੇ ਪੁਰਾਣੇ ਵਾਕਫ਼ਕਾਰ ਹਨ। ਮੈਂ ਜਦੋਂ ਚੰਡੀਗੜ੍ਹ ਹੋਵਾਂ ਤਾਂ ਮਹੀਨੇ ਦੋ ਮਹੀਨੀਂ ਉਨ੍ਹਾਂ ਨੂੰ ਮਿਲਣ ਚਲਾ ਜਾਂਦਾ ਹਾਂ।
ਉਨ੍ਹਾਂ ਨੂੰ ਮਿਲਣ ਸਮੇਂ ਸ. ਗੁਰਦੇਵ ਸਿੰਘ ਬਰਾੜ ਨਾਲ ਵੀ ਮੁਲਾਕਾਤ ਹੋ ਜਾਂਦੀ ਹੈ। ਦੱਸ ਦੇਈਏ ਕਿ ਇਹ ਸ. ਬਰਾੜ ਉਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਸਾਕਾ ਨੀਲਾ ਤਾਰਾ ਵੇਲੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਫ਼ੌਜੀ ਹਮਲੇ ਦੀ ਇਜਾਜ਼ਤ ਦੇਣ ਵਾਲੇ ਦਸਤਾਵੇਜ਼ਾਂ ਤੇ ਦਸਤਖ਼ਤ ਕਰਨੋਂ ਨਾਂਹ ਕਰ ਦਿਤੀ ਸੀ ਅਤੇ ਛੁੱਟੀ ਲੈ ਲਈ ਸੀ। ਉਸ ਉਪਰੰਤ ਪਛਮੀ ਬੰਗਾਲ ਤੋਂ ਆਏ ਨੌਜਵਾਨ ਆਈ.ਏ.ਐਸ. ਅਧਿਕਾਰੀ ਰਮੇਸ਼ ਇੰਦਰ ਸਿੰਘ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਸੀ। ਸ. ਬਰਾੜ ਇਸ ਸੰਸਥਾ ਦੇ ਪ੍ਰਧਾਨ ਹਨ। ਕਰਨਲ ਬਾਲਾ ਅਤੇ ਉਨ੍ਹਾਂ ਦੋਹਾਂ ਦੀ ਪਿਛਲੇ ਸਾਲਾਂ ਤੋਂ ਸੁਸਾਇਟੀ ਲਈ ਨਿੱਠ ਕੇ ਕੰਮ ਕਰਨ ਵਾਲੀ ਇਹ ਜੋੜੀ ਹੈ।
ਖ਼ੈਰ! ਮੈਂ ਤਾਂ ਕਰਨਲ ਬਾਲਾ ਨੂੰ ਮਿਲਣ ਅਤੇ ਇਹ ਕਹਿਣ ਲਈ ਗਿਆ ਸਾਂ ਕਿ ਮੈਂ ਰੋਜ਼ਾਨਾ ਸਪੋਕਸਮੈਨ ਨਾਲ ਜੁੜਿਆ ਹੋਇਆ ਹਾਂ ਅਤੇ ਉਹ ਅਪਣੀਆਂ ਸੁਸਾਇਟੀਆਂ ਦੀਆਂ ਗਤੀਵਿਧੀਆਂ ਛਪਣ ਲਈ ਸਾਨੂੰ ਵੀ ਭੇਜਿਆ ਕਰਨ। ਉਹ ਕਿਉਂਕਿ ਸਪੋਕਸਮੈਨ ਦੇ ਬਾਨੀ ਐਡੀਟਰ ਸ. ਜੋਗਿੰਦਰ ਸਿੰਘ ਨੂੰ ਬਹੁਤ ਨੇੜਿਉਂ ਅਤੇ ਚੰਗੀ ਤਰ੍ਹਾਂ ਜਾਣਦੇ ਹਨ, ਇਸ ਲਈ ਬੜੇ ਖ਼ੁਸ਼ ਹੋਏ। ਅਸੀ ਦੋਹਾਂ ਨੇ ਸਿੱਖ ਸਿਆਸਤ ਅਤੇ ਹੋਰ ਮਸਲਿਆਂ ਬਾਰੇ ਕਈ ਗੰਭੀਰ ਗੱਲਾਂ ਕੀਤੀਆਂ। ਕੁੱਝ ਸਮੇਂ ਪਿਛੋਂ ਮੈਂ ਜਦੋਂ ਜਾਣ ਲਈ ਛੁੱਟੀ ਮੰਗੀ ਤਾਂ ਪਤਾ ਨਹੀਂ ਉਨ੍ਹਾਂ ਨੂੰ ਕੀ ਚੇਤੇ ਆਇਆ, ਕਹਿਣ ਲੱਗੇ ਇਕ ਮਿੰਟ ਰੁਕੋ।
ਉਨ੍ਹਾਂ ਅਲਮਾਰੀ ਖੋਲ੍ਹੀ ਅਤੇ ਉਸ ਵਿਚੋਂ ਸੁਸਾਇਟੀ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਂਦੀ ਇਕ ਛੋਟੀ ਜਿਹੀ ਕਿਤਾਬ ਮੇਰੇ ਹੱਥਾਂ ਵਿਚ ਥਮਾ ਦਿਤੀ। ਪੁਸਤਕ ਦਾ ਨਾਂ ਸੀ 'ਸਿੱਖ ਐਜੂਕੇਸ਼ਨ ਸੁਸਾਇਟੀ ਸਿੱਖ ਚੇਤਨਾ ਦਾ ਸੰਦਰਭ'। ਇਹ ਪ੍ਰੋ. ਸ਼ਿੰਦਰਪਾਲ ਸਿੰਘ ਦੀ ਲਿਖੀ ਹੋਈ ਸੀ। ਇਹ ਕਿਤਾਬ ਉਸ ਵੇਲੇ ਦੇ ਕਾਲਜ ਦੇ ਸਕੱਤਰ ਅਤੇ ਪਿੰ੍ਰਸੀਪਲ ਭਰਪੂਰ ਸਿੰਘ ਨੇ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਕਹਿਣ ਤੇ ਪ੍ਰੋ. ਸ਼ਿੰਦਰਪਾਲ ਸਿੰਘ ਕੋਲੋਂ ਲਿਖਵਾਈ ਸੀ। ਜਥੇਦਾਰ ਟੋਹੜਾ ਉਦੋਂ ਜਿਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ, ਉਥੇ ਇਸ ਸੁਸਾਇਟੀ ਦੇ ਵੀ ਮੁਖੀ ਸਨ।
ਅਸਲ ਵਿਚ ਇਹ ਜਥੇਦਾਰ ਟੋਹੜਾ ਹੀ ਸਨ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁੰਦਿਆਂ ਇਸ ਸੁਸਾਇਟੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਖ਼ਾਲਸਾ ਕਾਲਜ ਸੰਸਥਾਵਾਂ ਚਲਾਉਣ ਲਈ 22 ਏਕੜ ਜ਼ਮੀਨ ਲੀਜ਼ ਤੇ ਦੇ ਦਿਤੀ ਸੀ। ਪਿਛੋਂ ਚਾਰ ਏਕੜ ਜ਼ਮੀਨ ਇਸ ਸੰਸਥਾ ਨੇ ਹੋਰ ਖ਼ਰੀਦ ਕੇ ਅਪਣਾ ਕੰਪਲੈਕਸ 26 ਏਕੜ ਵਿਚ ਫੈਲਾ ਲਿਆ ਹੈ। ਅੱਜ ਇਹ ਵਿਸ਼ਾਲ ਕੈਂਪਸ ਹੈ ਜਿਸ ਵਿਚ ਚਾਰ ਅਦਾਰੇ ਚਲ ਰਹੇ ਹਨ। ਸ਼ਾਮੀਂ ਘਰ ਆ ਕੇ ਮੈਂ ਜਦੋਂ ਇਸ ਕਿਤਾਬ ਦੇ ਪੰਨੇ ਫੋਲਣੇ ਸ਼ੁਰੂ ਕੀਤੇ ਤਾਂ ਬਹੁਤੀ ਦਿਲਚਸਪ ਨਾ ਲੱਗੀ ਅਤੇ ਮੈਂ ਇਸ ਨੂੰ ਪੜ੍ਹਨ ਵਾਲੀਆਂ ਕਿਤਾਬਾਂ ਵਾਲੇ ਰੈਕ ਵਿਚ ਟਿਕਾ ਦਿਤਾ ਸੀ।
ਕੁੱਝ ਦਿਨਾਂ ਪਿਛੋਂ ਇਸੇ ਕੰਪਲੈਕਸ ਵਿਚ ਹੋਏ ਇਕ ਮਹੱਤਵਪੂਰਨ ਸੈਮੀਨਾਰ ਦੀ ਜਦੋਂ ਰੀਪੋਰਟ ਪੜ੍ਹੀ ਤਾਂ ਮੈਂ ਰੈਕ ਵਿਚੋਂ ਉਹ ਕਿਤਾਬ ਫਿਰ ਚੁੱਕ ਲਈ ਅਤੇ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ। ਤਕਰੀਬਨ ਇਕ ਦਿਨ ਵਿਚ ਹੀ ਮੈਂ ਇਸ ਕਿਤਾਬ ਦਾ ਗੰਭੀਰਤਾ ਨਾਲ ਪਾਠ ਕਰ ਲਿਆ ਸੀ ਅਤੇ ਸੁਸਾਇਟੀ ਦੀ ਸਿੱਖ ਬੱਚਿਆਂ ਲਈ ਕੀਤੀ ਗਈ ਇਸ ਕੋਸ਼ਿਸ਼ ਤੋਂ ਬੜਾ ਪ੍ਰਭਾਵਤ ਹੋਇਆ ਸਾਂ। ਅਸਲ ਵਿਚ ਸਿੱਖ ਐਜੂਕੇਸ਼ਨ ਸੁਸਾਇਟੀ ਦੀ ਨੀਂਹ ਤਾਂ ਦੇਸ਼ ਦੀ ਵੰਡ ਤੋਂ ਇਕ ਦਹਾਕਾ ਪਹਿਲਾਂ 1937 ਵਿਚ ਲਾਹੌਰ ਵਿਚ ਰੱਖੀ ਗਈ ਸੀ। ਇਸ ਪਿਛੇ ਬਹੁਤਾ ਦਿਮਾਗ਼ ਮਾਸਟਰ ਤਾਰਾ ਸਿੰਘ ਦੇ ਭਰਾ ਪ੍ਰੋ. ਨਰਿੰਜਨ ਸਿੰਘ ਦਾ ਕੰਮ ਕਰਦਾ ਸੀ।
ਉਹ ਲਾਹੌਰ ਦੇ ਸਿੱਖ ਪ੍ਰਵਾਰਾਂ ਦੇ ਬੱਚਿਆਂ ਲਈ ਅਜਿਹੀ ਸੰਸਥਾ ਖੜੀ ਕਰਨਾ ਚਾਹੁੰਦੇ ਸਨ ਜਿਸ ਤੇ ਕਿਸੇ ਦਾ ਨਿਜੀ ਅਧਿਕਾਰ ਨਾ ਹੋਵੇ। ਸੰਸਥਾ ਬਣ ਗਈ ਸੀ ਅਤੇ ਸਿੱਖ ਨੈਸ਼ਨਲ ਕਾਲਜ ਲਾਹੌਰ ਖੋਲ੍ਹ ਲਿਆ ਗਿਆ ਜੋ ਦਸ ਵਰ੍ਹਿਆਂ ਦੇ ਅੰਦਰ ਅੰਦਰ ਅਪਣੇ ਪੈਰਾਂ ਤੇ ਖੜਾ ਹੋ ਗਿਆ ਸੀ। ਸ਼ੁਰੂ ਵਿਚ ਇਹ ਫ਼ੰਡਾਂ ਦੇ ਸਿਰ ਤੇ ਚਲਦਾ ਸੀ। ਤਦੇ ਦੇਸ਼ ਵੰਡ ਦਾ ਰੌਲਾ ਪੈ ਗਿਆ ਅਤੇ ਇਸ ਕਾਲਜ ਨੂੰ ਕਾਦੀਆਂ ਲਿਆਂਦਾ ਗਿਆ ਜਿਹੜਾ ਹੁਣ ਵੀ ਇਲਾਕੇ ਦੇ ਸਿੱਖ ਬੱਚਿਆਂ ਨੂੰ, ਖ਼ਾਸ ਕਰ ਕੇ ਪਿੰਡਾਂ ਦੇ ਬੱਚਿਆਂ ਨੂੰ, ਵਿਦਿਆ ਦੇ ਰਿਹਾ ਹੈ। ਹੌਲੀ-ਹੌਲੀ ਸੁਸਾਇਟੀ ਆਰਥਕ ਪੱਖੋਂ ਮਜ਼ਬੂਤ ਹੋਣ ਲੱਗੀ।
ਫਿਰ ਇਸ ਨੇ ਦੋਆਬੇ ਦੇ ਬੰਗਾ ਸ਼ਹਿਰ ਵਿਚ ਇਕ ਹੋਰ ਸਿੱਖ ਨੈਸ਼ਨਲ ਖੋਲ੍ਹ ਦਿਤਾ। 1966 ਵਿਚ ਜਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਤਿੰਨ ਸੌ ਸਾਲਾ ਪ੍ਰਕਾਸ਼ ਉਤਸਵ ਸੀ ਤਾਂ ਚੰਡੀਗੜ੍ਹ ਦੇ ਸੈਕਟਰ-26 ਵਾਲੇ ਇਸ ਕੰਪਲੈਕਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਜੋ ਬੜਾ ਸਫ਼ਲ ਰਿਹਾ। ਸੱਤ ਸਾਲ ਪਿਛੋਂ 1973 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ (ਲੜਕੀਆਂ) ਲਈ ਸਥਾਪਤ ਕੀਤਾ ਗਿਆ। ਫਿਰ 1982 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਫ਼ਾਰਮੇਸੀ ਖੋਲ੍ਹਿਆ ਗਿਆ ਅਤੇ 1991 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਚਾਲੂ ਕੀਤਾ ਗਿਆ।
ਇਹ ਚਾਰੇ ਸੰਸਥਾਵਾਂ ਇਕ ਹੀ ਕੰਪਲੈਕਸ ਵਿਚ ਹਨ ਅਤੇ ਇਹ ਕੰਪਲੈਕਸ ਚੰਡੀਗੜ੍ਹ ਅਤੇ ਇਸ ਦੇ ਆਲੇ-ਦੁਆਲੇ ਦੇ ਉਨ੍ਹਾਂ ਗ਼ਰੀਬ ਸਿੱਖ ਪ੍ਰਵਾਰਾਂ ਦੇ ਲਾਇਕ ਬੱਚਿਆਂ ਲਈ ਵਿਦਿਆ ਦਾ ਰੌਸ਼ਨੀ ਕੇਂਦਰ ਬਣ ਗਿਆ ਹੈ ਜਿਨ੍ਹਾਂ ਨੂੰ ਇਸੇ ਖ਼ੂਬਸੂਰਤ ਸ਼ਹਿਰ ਦੇ ਵੱਡੇ ਸਰਕਾਰੀ ਅਤੇ ਨਿਜੀ ਕਾਲਜ, ਨੰਬਰਾਂ ਦੇ ਆਧਾਰ ਤੇ ਦਾਖ਼ਲਾ ਦੇਣ ਤੋਂ ਨਾਂਹ ਕਰ ਦਿੰਦੇ ਸਨ। ਪੰਜਾਬ ਦੇ ਦੂਰ-ਦੁਰਾਡੇ ਖੇਤਰਾਂ ਵਿਚੋਂ ਵੀ ਕਈ ਵਿਦਿਆਰਥੀਆਂ ਨੇ ਇਥੇ ਅਪਣੀ ਕਿਸਮਤ ਅਜ਼ਮਾਈ ਹੈ। ਮੋਟੇ ਤੌਰ ਤੇ ਇਸ ਸੰਸਥਾ ਨੇ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ ਅਤੇ ਆਰੀਆ ਸਮਾਜੀ ਕੁੱਝ ਹੋਰ ਵਿਦਿਅਕ ਸੰਸਥਾਵਾਂ ਦੇ ਟਾਕਰੇ ਤੇ ਸਿੱਖ ਪ੍ਰਵਾਰਾਂ ਦੇ ਬੱਚਿਆਂ ਲਈ
ਇਕ ਅਜਿਹੀ ਭੂਮਿਕਾ ਨਿਭਾਈ ਹੈ। ਕਾਰਨ ਸ਼ਾਇਦ ਸੁਸਾਇਟੀ ਦਾ ਪ੍ਰਬੰਧ ਸੁਯੋਗ ਹੱਥਾਂ ਵਿਚ ਹੋਣਾ ਹੈ। ਸ਼ਾਇਦ ਨੇੜ ਭਵਿੱਖ ਵਿਚ ਸੁਸਾਇਟੀ ਕੋਈ ਤਕਨੀਕੀ ਸਿਖਿਆ ਸੰਸਥਾਵਾਂ ਵੀ ਸ਼ੁਰੂ ਕਰ ਲਵੇ। ਪ੍ਰੋ. ਸ਼ਿੰਦਰਪਾਲ ਸਿੰਘ ਨੇ ਨਾ ਕੇਵਲ ਸਾਫ਼ ਸਪੱਸ਼ਟ ਅਤੇ ਸਰਲ ਭਾਸ਼ਾ ਵਿਚ ਇਸ ਸੁਸਾਇਟੀ ਦੇ ਅਤੀਤ, ਭਵਿੱਖ ਅਤੇ ਵਰਤਮਾਨ ਤੇ ਭਰਪੂਰ ਰੌਸ਼ਨੀ ਪਾਈ ਹੈ, ਸਗੋਂ ਜਿਸ ਵੇਲੇ ਇਹ ਸੁਸਾਇਟੀ ਬਣੀ, ਉਸ ਵੇਲੇ ਦੇ ਸਮਾਜਕ, ਸਿਆਸੀ ਅਤੇ ਧਾਰਮਕ ਹਾਲਾਤ ਤੇ ਵੀ ਪੂਰਾ ਚਾਨਣਾ ਪਾਇਆ ਹੈ।
ਸੁਸਾਇਟੀ ਨੂੰ ਵਰਤਮਾਨ ਥਾਂ ਤੇ ਪਹੁੰਚਾਉਣ ਵਿਚ ਜਿਸ ਵੀ ਇਕ-ਇਕ ਸੱਜਣ ਦਾ ਯੋਗਦਾਨ ਹੈ, ਉਸ ਨੂੰ ਹਾਂ ਪੱਖੀ ਦ੍ਰਿਸ਼ਟੀ ਤੋਂ ਚਿਤਰਿਆ ਹੈ। ਸੁਸਾਇਟੀ ਦੇ ਅਹੁਦੇਦਾਰਾਂ ਅਤੇ ਕਾਲਜਾਂ ਦੀਆਂ ਹਰ ਵਰ੍ਹੇ ਦੀਆਂ ਗਤੀਵਿਧੀਆਂ ਸਬੰਧੀ ਰੰਗਦਾਰ ਤਸਵੀਰਾਂ ਛਾਪ ਕੇ ਇਸ ਨੂੰ ਦਿਲਖਿਚਵੀਂ ਡਾਇਰੀ ਦਾ ਰੂਪ ਦੇ ਦਿਤਾ ਹੈ। ਇਹ ਸੁਸਾਇਟੀ ਦਾ ਇਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ ਅਤੇ ਸਾਂਭਣਯੋਗ ਹੈ।
ਸੰਪਰਕ : 98141-22870