ਮਰਾਠਣ ਕੁੜੀ ਸ਼ਿਲਪਾ ਭੋਂਸਲੇ ਦਾ ਦਿਲ ਕਰਦਾ ਸੀ, ਉਹ ਇਕ ਸੋਹਣੇ ਸਰਦਾਰ ਨਾਲ ਵਿਆਹ ਕਰੇ
Published : Jul 7, 2018, 11:49 pm IST
Updated : Jul 7, 2018, 11:49 pm IST
SHARE ARTICLE
Anand Karaj
Anand Karaj

ਪੰਜਾਬ ਤੋਂ ਦੂਰ ਜੋ ਸਿੱਖ ਰਹਿੰਦੇ ਹਨ ਉਨ੍ਹਾਂ 'ਚ ਤਕਰੀਬਨ ਗੁਰਸਿੱਖੀ ਵਾਲਾ ਭਾਈਚਾਰਾ ਹੈ..........

ਪੰਜਾਬ ਤੋਂ ਦੂਰ ਜੋ ਸਿੱਖ ਰਹਿੰਦੇ ਹਨ ਉਨ੍ਹਾਂ 'ਚ ਤਕਰੀਬਨ ਗੁਰਸਿੱਖੀ ਵਾਲਾ ਭਾਈਚਾਰਾ ਹੈ। ਮੈਂ ਮਹਾਂਰਾਸ਼ਟਰ-ਬੰਗਾਲ-ਜੰਮੂ ਕਸ਼ਮੀਰ 'ਚ ਰਿਹਾ ਹਾਂ। ਸਾਰੇ ਸਿੱਖ ਪ੍ਰੇਮ ਸਦਭਾਵਨਾ ਨਾਲ ਮਿਲਦੇ ਰਹੇ ਹਨ। ਉਨ੍ਹਾਂ ਕਦੀ ਸਿੱਖ ਦਾ ਟ੍ਰੇਡ ਮਾਰਕ ਨਹੀਂ ਸੀ ਪੁਛਿਆ ਕਿ 'ਤੁਸੀ ਕਿਹੜੇ ਸਿੱਖ ਹੁੰਦੇ ਹੋ?'ਬਾਹਰਲੇ ਸੂਬਿਆਂ 'ਚ ਤਕਰੀਬਨ ਸਾਰੇ ਹੀ ਗ਼ੈਰਸਿੱਖ ਸੋਚਦੇ ਹਨ ਕਿ ਸਿੱਖਾਂ 'ਚ ਜਾਤ-ਪਾਤ ਨਹੀਂ ਹੁੰਦੀ। ਇਹ ਇਮਾਨਦਾਰ ਹੁੰਦੇ ਹਨ। ਇਸਤਰੀ ਜਾਤ ਦੀ ਬਹੁਤ ਇੱਜ਼ਤ ਕਰਦੇ ਹਨ। ਇਹ ਸਬਰ ਸੰਤੋਖ ਵਾਲੇ ਹੁੰਦੇ ਹਨ। ਦਾਜ ਦੇ ਲਾਲਚੀ ਨਹੀਂ ਹੁੰਦੇ। ਇੰਜ ਹੀ ਕੇਰਲਾ ਦੀ ਇਕ ਲੇਡੀ ਡਾਕਟਰ ਨੇ ਇਹ ਸੱਭ ਕੁੱਝ ਕਿਤਾਬ 'ਚ ਪੜ੍ਹ ਲਿਆ।

ਉਸ ਨੇ ਸਰਦਾਰ ਡਾਕਟਰ ਨਾਲ ਵਿਆਹ ਕਰਨ ਦਾ ਇਰਾਦਾ ਬਣਾ ਲਿਆ ਅਤੇ ਇਕ ਸਰਦਾਰ ਡਾਕਟਰ ਸਾਬ੍ਹ ਨੂੰ ਅਪਣੇ ਨਾਲ ਵਿਆਹ ਕਰਨ ਲਈ ਰਾਜ਼ੀ ਵੀ ਕਰ ਲਿਆ। ਇਹ ਊਧਮਪੁਰ ਆਰਮੀ ਬੇਸ ਹਸਪਤਾਲ ਦੀ ਗੱਲ ਹੈ। ਮੈਂ ਉਸ ਸਮੇਂ ਆਰਮੀ ਬੇਸ ਹਸਪਤਾਲ 'ਚ ਦਾਖ਼ਲ ਸੀ। ਸ਼ਾਇਦ ਇਹ 1980 ਦੀ ਗੱਲ ਹੈ। ਇੰਜ ਹੀ ਨਾਸਿਕ ਸ਼ਹਿਰ ਵਿਚ ਇਕ ਮਰਹੱਟਣ ਲੜਕੀ ਸ਼ਿਲਪਾ ਭੋਂਸਲੇ ਸੀ। ਉਸ ਦੀ ਕਾਲਜ ਦੀ ਸਹੇਲੀ ਨਿਰਮਲ ਕੌਰ ਸੀ, ਜੋ ਸ਼ਿਲਪਾ ਨੂੰ ਗੁਰੂ ਸਾਹਿਬਾਨ ਵਲੋਂ ਕੀਤੇ ਸਮਾਜ ਸੁਧਾਰ ਅਤੇ ਹਿੰਦੂ ਧਰਮ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਗੁਰੂ ਗੋਬਿੰਦ ਸਿੰਘ ਵਲੋਂ ਦੇਸ਼ ਕੌਮ ਲਈ ਸਰਬੰਸ ਕੁਰਬਾਨ ਕਰ ਦੇਣ

ਬਾਰੇ ਕੁੱਝ ਨਾ ਕੁੱਝ ਦਸਦੀ ਰਹਿੰਦੀ ਸੀ। ਸਿੱਖਾਂ 'ਚ ਜਾਤ-ਪਾਤ ਨਹੀਂ ਹੁੰਦੀ। ਇਹ ਸੱਭ ਇਕ ਪ੍ਰਵਾਰ ਦੀ ਤਰ੍ਹਾਂ ਰਹਿੰਦੇ ਹਨ। ਇਨ੍ਹਾਂ ਗੱਲਾਂ ਨੇ ਸ਼ਿਲਪਾ ਭੋਂਸਲੇ ਨੂੰ ਗੁਰਦਵਾਰੇ ਅਤੇ ਗੁਰੂ ਸਾਹਿਬਾਨਾਂ ਬਾਰੇ ਸਤਿਕਾਰ ਕਰ ਕੇ ਸ਼ਰਧਾਵਾਨ ਬਣਾ ਦਿਤਾ। ਗੁਲਾਬ ਭੋਂਸਲੇ ਕੈਪਟਨ ਰੈਂਕ ਤੋਂ ਸੇਵਾਮੁਕਤ ਹੋ ਕੇ ਨਾਸਿਕ ਵਿਚ ਅਪਣਾ ਘਰ ਬਣਾ ਕੇ ਰਹਿ ਰਿਹਾ ਸੀ, ਜਿਸ ਦੇ ਦੋ ਬੱਚੇ ਸਨ। ਸ਼ਿਲਪਾ ਭੋਂਸਲੇ ਲੜਕੀ ਅਤੇ ਰਘੂਨਾਥ ਭੋਂਸਲੇ ਲੜਕਾ, ਜੋ ਇਸ ਸਮੇਂ ਗਾਰਡ ਯੂਨਿਟ 'ਚ ਸੇਵਾ ਕਰ ਰਿਹਾ ਹੈ। ਦੋਵੇਂ ਭੈਣ-ਭਰਾ 6 ਫੁੱਟ ਉੱਚੇ, ਚੰਗੀ ਸਿਹਤ ਅਤੇ ਸੁੰਦਰ ਦਿੱਖ ਵਾਲੇ ਸਨ। ਸ਼ਿਲਪਾ ਦੀਆਂ ਕਾਲੀਆਂ ਝਿਮਣੀਆਂ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੀਆਂ ਸਨ,

ਜੋ ਪਾਪਾ ਦੀ ਬਹੁਤ ਹੀ ਪਿਆਰੀ ਅਤੇ ਲਾਡਲੀ ਬੇਟੀ ਸੀ। ਕੈਪਟਨ ਸਾਬ੍ਹ ਹਮੇਸ਼ਾ ਅਪਣੀ ਬੇਟੀ ਦੇ ਮੂੰਹੋਂ ਨਿਕਲੀ ਹਰ ਗੱਲ ਪੂਰੀ ਕਰਨ 'ਚ ਲੱਗੇ ਰਹਿੰਦੇ ਸਨ। ਸ਼ਿਲਪਾ ਭਰ ਜੁਆਨੀ 'ਚ ਤਕਰੀਬਨ 20 ਵਰ੍ਹਿਆਂ ਦਾ ਮੋੜ ਕੱਟ ਰਹੀ ਸੀ। ਸ਼ਿਲਪਾ ਦੀ ਭਰਪੂਰ ਜਵਾਨੀ ਅੰਗੜਾਈਆਂ ਲੈ ਰਹੀ ਸੀ। ਉਸ ਨੂੰ ਸੁਪਨੇ 'ਚ ਜਵਾਨ ਅਤੇ ਸੁੰਦਰ ਦਿਖ ਵਾਲਾ ਸਰਦਾਰ ਮੁੰਡਾ ਨਜ਼ਰੀਂ ਪੈਂਦਾ ਜੋ ਉਸ ਨੂੰ ਬਹੁਤ ਪਿਆਰ ਕਰਦਾ ਅਤੇ ਸ਼ਿਲਪਾ ਉਸ ਦਾ ਮੱਥਾ ਚੁੰਮਦਿਆਂ ਆਖਦੀ ਸ਼ਾਇਦ ਤੁਸੀ ਮੇਰੀ ਕਿਸਮਤ 'ਚ ਲਿਖੇ ਸੀ। ਉਸ ਨੇ ਮਨ ਹੀ ਮਨ ਵਿਚ ਫ਼ੈਸਲਾ ਕਰ ਲਿਆ ਕਿ ਮੈਂ ਹੁਣ ਕਿਸੇ ਸਰਦਾਰ ਮੁੰਡੇ ਨਾਲ ਹੀ ਵਿਆਹ ਕਰਾਵਾਂਗੀ।

ਉਸ ਦੇ ਦਿਲ ਦਿਮਾਗ਼ 'ਚ ਸਾਬਤ ਸੂਰਤ ਦਸਤਾਰ ਸਿਰ ਦੀ ਤਸਵੀਰ ਉਕਰ ਚੁੱਕੀ ਸੀ। ਉਸ ਦੇ ਕਾਲਜ ਸਮੇਂ ਦੀ ਸਹੇਲੀ ਨਿਰਮਲ ਕੌਰ ਨਾਲ ਉਹ ਕਈ ਵਾਰ ਗੁਰਦੁਆਰੇ ਵੀ ਗਈ ਸੀ। ਉਸ ਦੀ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਵੀ ਬਣਦੀ ਗਈ। ਨਿਰਮਲ ਕੌਰ ਕਹਿੰਦੀ ਹੁੰਦੀ ਸੀ, ''ਗੁਰੂ ਨਾਨਕ ਦਾ ਸਿੱਖ ਧਰਮ, ਪੁਜਾਰੀਵਾਦ ਦੀ ਗ਼ੁਲਾਮੀ ਤੋਂ ਆਜ਼ਾਦ ਅਤੇ 'ਸਰਬੱਤ ਦੇ ਭਲੇ' ਦੀ ਨੇਕ ਸੋਚ ਦਾ ਵਿਗਿਆਨਕ ਧਰਮ ਹੈ, ਜਿਸ ਵਿਚ ਜਾਤ-ਪਾਤ ਅੰਧ-ਵਿਸ਼ਵਾਸ ਕੋਈ ਥਾਂ ਨਹੀਂ। ਗੁਰੂ ਨਾਨਕ ਦੇ ਤਿੰਨ ਸਿਧਾਂਤ ਸਨ-ਕਿਰਤ ਕਰੋ, ਵੰਡੇ ਕੇ ਛਕੋ ਅਤੇ ਨਾਮ ਜਪੋ। ਤੀਜੇ ਗੁਰੂ ਅਮਰਦਾਸ ਜੀ ਨੇ ਅੰਤਰਜਾਤੀ ਅਤੇ ਵਿਧਵਾ ਵਿਆਹ ਪ੍ਰਚਲਤ ਕੀਤੇ

ਅਤੇ ਸਤੀ ਪ੍ਰਥਾ ਨੂੰ ਬੰਦ ਕਰਨ ਦੇ ਠੋਸ ਉਪਰਾਲੇ ਕੀਤੇ। ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਕੌਮ ਅਤੇ ਸਮਾਜ ਦੀ ਬਰਾਬਰੀ ਲਈ ਅਪਣਾ ਪੂਰਾ ਪ੍ਰਵਾਰ ਕੁਰਬਾਨ ਕਰ ਦਿਤਾ।'' ਗੁਰੂ ਸਾਹਿਬਾਨ ਵਲੋਂ ਸਮਾਜ ਸੁਧਾਰ ਲਈ ਕੀਤੇ ਉਪਰਾਲੇ ਅਤੇ ਮੁਗ਼ਲ ਹਕੂਮਤ, ਭਾਵ ਜ਼ੁਲਮੀ ਹਕੂਮਤ ਨੂੰ ਖ਼ਤਮ ਕਰਨ ਲਈ ਖ਼ਾਸ ਕਰ ਕੇ ਹਿੰਦੂ ਧਰਮ ਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਘਟਨਾ ਨੇ ਸ਼ਿਲਪਾ ਨੂੰ ਸਿੱਖ ਧਰਮ ਦੀ ਸ਼ਰਧਾਲੂ ਬਣਾ ਦਿਤਾ ਸੀ। ਉਸ ਦਾ ਦਿਲ-ਦਿਮਾਗ਼ ਹਮੇਸ਼ਾ ਗੁਰੂ ਸਾਹਿਬਾਨ ਵਲੋਂ ਕੀਤੇ ਪਰਉਪਕਾਰਾਂ ਨੂੰ ਯਾਦ ਕਰਦਾ ਤੇ ਸੀਸ ਝੁਕਾਉਂਦਾ। 

ਸੁਪਨਿਆਂ ਦੀਆਂ ਘਟਨਾਵਾਂ ਸ਼ਿਲਪਾ ਅਪਣੀ ਮਾਤਾ ਨਾਲ ਵੀ ਸਾਂਝੀਆਂ ਕਰਦੀ ਆਖਦੀ, ''ਮੰਮੀ ਜੀ! ਮੈਨੂੰ ਸੁਪਨਿਆਂ 'ਚ ਸਰਦਾਰ ਮੁੰਡਾ ਮਿਲਦੈ। ਮੈਨੂੰ ਪਿਆਰ ਕਰਦੈ ਤੇ ਮੈਂ ਵੀ ਉਸ ਨੂੰ ਸੁਪਨਿਆਂ 'ਚ ਪਿਆਰ ਕਰਦੀ ਹਾਂ। ਮੇਰੀ ਕਿਸਮਤ ਵਿਚ ਸਰਦਾਰ ਮੁੰਡਾ ਤਾਂ ਨਹੀਂ ਲਿਖਿਆ ਹੋਇਆ?'' ਪਰ ਸ਼ਿਲਪਾ ਭੋਂਸਲੇ ਦੀ ਮਾਤਾ ਜੀ ਕਹਿੰਦੇ, ''ਨਹੀਂ ਧੀਏ! ਸੁਪਨੇ ਕਦੀ ਸੱਚੇ ਥੋੜ੍ਹੀ ਹੁੰਦੇ ਨੇ। ਅਸੀ ਤੇਰਾ ਅਪਣੀ ਬਰਾਦਰੀ ਵਿਚ ਹੀ ਵਿਆਹ ਕਰਾਂਗੇ। ਤੂੰ ਸੁਪਨਿਆਂ ਦੀਆਂ ਗੱਲਾਂ ਭੁੱਲ ਜਾ।'' ਅਖ਼ੀਰ ਕਿਸੇ ਵਿਚੋਲੇ ਨੇ ਕੈਪਟਨ ਸਾਬ੍ਹ ਨੂੰ ਦੱਸ ਪਾਈ ਕਿ ਸ਼ਿਲਪਾ ਲਈ ਉਸ ਨੇ ਨੌਕਰੀ ਤੇ ਲਗਿਆ ਮੁੰਡਾ ਵੇਖਿਆ ਹੈ।

ਮਹਿੰਗਾਈ ਦੇ ਯੁੱਗ 'ਚ ਨੌਕਰੀ ਵਾਲੇ ਮੁੰਡੇ ਲਭਣੇ ਕੋਈ 'ਖਾਲਾ ਜੀ ਦਾ ਵਾੜਾ' ਨਹੀਂ। ਕੈਪਟਨ ਸਾਬ੍ਹ ਅਤੇ ਉਸ ਦੀ ਘਰ ਵਾਲੀ ਨੇ ਵਿਚੋਲੇ ਦੀਆਂ ਗੱਲਾਂ ਸੁਣ ਕੇ ਸੱਭ ਕੁੱਝ ਮਨਜ਼ੂਰ ਕਰ ਲਿਆ। ਪੰਡਿਤ ਜੀ ਨੂੰ ਬੁਲਾ ਕੇ ਚੰਗੇ ਮਹੂਰਤ ਤੇ ਵਿਆਹ ਦਾ ਦਿਨ ਵੀ ਮਿੱਥ ਲਿਆ। ਕੁੜੀ ਦੇ ਭਰਾ ਰਘੂਨਾਥ ਭੋਂਸਲੇ ਨੂੰ ਚਿੱਠੀ ਰਾਹੀਂ ਦਸਿਆ ਗਿਆ ਕਿ ਉਸ ਦੀ ਭੈਣ ਦਾ ਵਿਆਹ ਕਿਸੇ ਨੌਕਰੀ ਵਾਲੇ ਮੁੰਡੇ ਨਾਲ ਹੋ ਰਿਹਾ ਹੈ। ਉਸ ਨੇ ਜਵਾਬ 'ਚ ਲਿਖ ਭੇਜਿਆ, ''ਮੈਨੂੰ ਛੇਤੀ ਵਿਆਹ ਦਾ ਕਾਰਡ ਭੇਜ ਦਿਉ, ਮੈਂ ਸੀ.ਓ. ਨੂੰ ਵਿਖਾ ਕੇ ਛੁੱਟੀ ਦਾ ਪ੍ਰਬੰਧ ਕਰ ਸਕਾਂ, ਨਾਲ ਹੀ ਯਾਦ ਰਖਿਉ ਇਕ ਕਾਰਡ ਮੇਰੇ ਜਿਗਰੀ ਦੋਸਤ ਹਰਮੋਹਨ ਸਿੰਘ ਨੂੰ ਭੇਜਣਾ ਹੈ,

ਤਾਂ ਜੋ ਉਹ ਵੀ ਛੁੱਟੀ ਦਾ ਪ੍ਰਬੰਧ ਕਰ ਲਵੇਗਾ। ''ਅਖ਼ੀਰ ਉਡੀਕ ਕਰਦਿਆਂ ਸ਼ਿਲਪਾ ਬੇਟੀ ਦੇ ਵਿਆਹ ਦਾ ਦਿਨ ਨੇੜੇ ਆ ਗਿਆ। ਪੰਡਾਲ ਸਜਾਏ ਗਏ, ਜੰਝ ਨਾਸਿਕ ਪਹੁੰਚ ਗਈ, ਚਾਹ-ਪਾਣੀ ਹੋ ਗਿਆ। ਏਨੇ ਨੂੰ ਕਿਸੇ ਨੇ ਦਾਮਾਦ ਨੂੰ ਉਂਗਲੀ ਲਗਾ ਦਿਤੀ ਕਿ ਤੇਰਾ ਸੁਹਰਾ ਕੈਪਟਨ ਹੈ ਦਾਜ 'ਚ ਮੋਟਰਸਾਈਕਲ ਤਾਂ ਚਾਹੀਦਾ ਹੈ। ਲਾੜੇ ਨੇ ਵੀ ਵਿਚੋਲੇ ਰਾਹੀਂ ਕੈਪਟਨ ਤਕ ਗੱਲ ਪਹੁੰਚਾ ਦਿਤੀ। ਕੈਪਟਨ ਸਾਬ੍ਹ ਨੇ ਕਿਹਾ, ''ਦਮਾਦ ਜੀ, ਤੁਹਾਡੀ ਇਹ ਮੰਗ ਵੀ ਮੈਂ ਪੂਰੀ ਕਰ ਦਿਆਂਗਾ, ਪਹਿਲਾਂ ਆਪਾਂ ਵਿਆਹ ਦੀ ਰਸਮ ਤਾਂ ਪੂਰੀ ਕਰ ਲਈਏ। ''ਪਰ ਲਾੜਾ ਅੜ ਗਿਆ, ''ਨਹੀਂ ਪਾਪਾ ਜੀ! ਪਹਿਲਾਂ ਮੋਟਰਸਾਈਕਲ ਬਾਅਦ 'ਚ ਵਿਆਹ ਦੀ ਰਸਮ ਪੂਰੀ ਹੋਵੇਗੀ।''

ਵਿਚੋਲੇ ਨੇ ਵੀ ਮੁੰਡੇ ਨੂੰ ਸਮਝਾਇਆ ਕਿ ਪਹਿਲਾਂ ਵਿਆਹ ਦੀ ਰਸਮ ਪੂਰੀ ਕਰ ਲਈਏ ਬਾਅਦ 'ਚ ਮੋਟਰਸਾਈਕਲ ਵੀ ਆ ਜਾਵੇਗਾ। ਉਨ੍ਹਾਂ ਦਿਨਾਂ 'ਚ ਮੋਟਰਸਾਈਕਲ ਹੀ ਖ਼ਾਸ ਕਰ ਕੇ ਵੱਡੀ ਮੰਗ ਮੰਨੀ ਜਾਂਦੀ ਸੀ। ਹੁਣ ਤਾਂ ਮੁੰਡੇ ਕਾਰ ਦੀ ਮੰਗ ਕਰਦੇ ਹਨ। ਸ਼ਿਲਪਾ ਦੇ ਪਿਤਾ ਨੇ ਮੁੜ ਦਾਮਾਦ ਅੱਗੇ ਮਿੰਨਤਾਂ ਤਰਲੇ ਕੀਤੇ ਪਰ ਲਾੜਾ ਤਾਂ ਪੈਰਾਂ ਤੇ ਪਾਣੀ ਨਾ ਪੈਣ ਦੇਵੇ ਕਿ ਪਹਿਲਾਂ ਮੋਟਰਸਾਈਕਲ ਬਾਅਦ 'ਚ ਵਿਆਹ ਦੀ ਰਸਮ। ਗੁਲਾਬ ਭੋਂਸਲੇ ਅਪਣੇ ਦਮਾਦ ਦੇ ਪੈਰਾਂ ਤੇ ਪੱਗ ਰੱਖਣ ਵਾਲਾ ਹੋ ਗਿਆ। ਸ਼ਿਲਪਾ ਘਰੋਂ ਬਾਹਰ ਨਿਕਲੀ ਤੇ ਜ਼ਖ਼ਮੀ ਸ਼ੇਰਨੀ ਦੀ ਤਰ੍ਹਾਂ ਪੰਡਾਲ 'ਚ ਪਹੁੰਚ ਗਈ। ਬਹਾਦਰ ਸ਼ੇਰਨੀ ਵਾਂਗ ਕੜਕਵੀਂ ਆਵਾਜ਼ 'ਚ ਬੋਲੀ,

''ਪਾਪਾ ਜੀ! ਮੈਂ ਇਨ੍ਹਾਂ ਲਾਲਚੀ ਕੁੱਤਿਆਂ ਦੇ ਘਰ ਨਹੀਂ ਜਾਵਾਂਗੀ। ਲਾਲਚੀ ਸੱਸ-ਸਹੁਰੇ ਮੈਨੂੰ ਹੱਡੀਆਂ ਸਮੇਤ ਖਾ ਜਾਣਗੇ। ਤੁਹਾਡੇ ਤਕ ਮੇਰੀ ਆਵਾਜ਼ ਵੀ ਪਹੁੰਚਣ ਨਹੀਂ ਦੇਣਗੇ। ਮੁੰਡਾ ਵੇਖਿਆ ਜੇ, ਕਿੱਥੇ ਮੇਰਾ ਕੱਦ-ਕਾਠ ਤੇ ਕਿੱਥੇ ਮੁੰਡੇ ਦਾ। ਵਿਚੋਲੇ ਨੇ ਕੀ ਵੇਖਿਐ, ਕੇਵਲ ਮੁੰਡੇ ਦੀ ਨੌਕਰੀ ਤੇ ਤੁਸੀ ਹਾਂ ਕਰ ਦਿਤੀ। ਮੈਨੂੰ ਤਾਂ ਮੁੰਡਾ ਉਂਜ ਵੀ ਪਸੰਦ ਨਹੀਂ। ''ਪੰਡਾਲ 'ਚ ਖੜੇ ਹਰਮੋਹਨ ਸਿੰਘ ਨੇ ਸ਼ਿਲਪਾ ਦੀ ਬਹਾਦਰੀ ਅਤੇ ਹਿੰਮਤ ਦੀ ਕਦਰ ਕਰਦਿਆਂ ਇੰਜ ਮਹਿਸੂਸ ਕੀਤਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਸਿੰਘਣੀ ਮੈਦਾਨੇ ਜੰਗ 'ਚ ਗਰਜ ਰਹੀ ਹੋਵੇ। ਪੰਡਾਲ 'ਚ ਖੜੇ ਮੁੰਡਿਆਂ ਵਲ ਵੇਖਦਿਆਂ ਸ਼ਿਲਪਾ ਬੋਲੀ, ''ਤੁਹਾਡੇ ਵਿਚੋਂ ਕੋਈ ਨੇਕ ਮੁੰਡਾ ਹੈ,

ਜਿਸ ਨੂੰ ਦਾਜ ਦਾ ਲੋਭ ਲਾਲਚ ਨਹੀਂ ਤਾਂ ਅੱਗੇ ਆਵੇ। ਮੈਨੂੰ ਪਿਆਰ ਕਰਨ ਵਾਲਾ ਹੋਵੇ। ਮੈਨੂੰ ਲਾਲਚੀ ਕੁੱਤਾ ਮਨਜ਼ੂਰ ਨਹੀਂ। ਇਹ ਮੁੰਡਾ ਤਾਂ ਮੈਨੂੰ ਬਿਲਕੁਲ ਮਨਜ਼ੂਰ ਨਹੀਂ, ਨਾ ਹੀ ਇਸ ਦੇ ਮਾਂ-ਬਾਪ। ''ਹਰਮੋਹਨ ਸਿੰਘ ਅੱਗੇ ਆ ਗਿਆ ਜੋ ਸ਼ਿਲਪਾ ਦੇ ਕੱਦ-ਕਾਠ ਦੀ ਬਰਾਬਰੀ ਕਰਦਾ ਸੀ। ਸੋਹਣਾ-ਸੁਣੱਖਾ ਰੱਜ ਕੇ ਸੀ। ਸਿਰ ਤੇ ਸੋਹਣੀ ਦਸਤਾਰ ਸ਼ੋਭਨੀਕ ਸੀ। ਕੁੜੀ ਦੇ ਭਰਾ ਰਘੂਨਾਥ ਭੋਂਸਲੇ ਦਾ ਜਿਗਰੀ ਦੋਸਤ ਵੀ ਸੀ। ਉਸ ਨੂੰ ਵੇਖਦਿਆਂ ਸ਼ਿਲਪਾ ਖ਼ੁਸ਼ ਹੋ ਗਈ। ਸ਼ਿਲਪਾ ਵਲ ਵੇਖਦਿਆਂ ਹਰਮੋਹਨ ਬੋਲਿਆ, ''ਸ਼ਿਲਪਾ ਜੀ! ਜੇਕਰ ਆਪ ਜੀ ਨੂੰ ਪਸੰਦ ਹੋਵੇ ਤਾਂ ਮੈਂ ਤੁਹਾਡੀ ਬਹਾਦਰੀ ਦੀ ਕਦਰ ਕਰਦਿਆਂ ਸੇਵਾ ਲਈ ਹਾਜ਼ਰ ਹਾਂ।''

ਸ਼ਿਲਪਾ ਦੇ ਬੋਲਣ ਤੋਂ ਪਹਿਲਾਂ ਸ਼ਿਲਪਾ ਦਾ ਭਰਾ ਰਘੂਨਾਥ ਭੋਂਸਲੇ ਬੋਲ ਪਿਆ, ''ਦੋਸਤ, ਮੈਨੂੰ ਮਨਜ਼ੂਰ ਹੈ। ਮੇਰੇ ਜਿਗਰੀ ਦੋਸਤ ਦੇ ਘਰ ਮੇਰੀ ਭੈਣ ਸੁਖੀ ਰਹਿ ਸਕਦੀ ਹੈ।'' ਅਪਣੇ ਭਰਾ ਨੂੰ ਅਪਣੇ ਹੱਕ 'ਚ ਭੁਗਤਦਿਆਂ ਵੇਖਦਿਆਂ ਸ਼ਿਲਪਾ ਬੋਲੀ, ''ਮੈਨੂੰ ਮਨਜ਼ੂਰ ਹੈ ਹਰਮੋਹਨ ਜੀ। ਤੁਸੀ ਬਾਬੇ ਨਾਨਕ ਦੀ ਵਿਗਿਆਨਕ ਨੇਕ ਸੋਚ-'ਸਰਬੱਤ ਦੇ ਭਲੇ' ਦਾ ਬਾਹਰਲੇ ਪ੍ਰਾਂਤ 'ਚ ਗ਼ੈਰ-ਧਰਮ ਵਾਲਿਆਂ 'ਚ ਪ੍ਰਗਟਾਵਾ ਕੀਤਾ ਹੈ।'' ਲੋਕੀਂ ਕਹਿਣ ਲੱਗੇ ਹੁਣ ਬਣੀ ਜੋੜੀ। ਦੋਵੇਂ 6 ਫੁੱਟ ਹੋਣਗੇ।
ਸ਼ਿਲਪਾ ਦਿਲ 'ਚ ਸੋਚਣ ਲੱਗੀ ਕਿ ਵਾਹ ਰੱਬ ਦੇ ਰੰਗ ਨਿਆਰੇ ਹਨ।

ਇਹੀ ਸਰਦਾਰ ਮੁੰਡਾ ਤਾਂ ਮੇਰੇ ਸੁਪਨਿਆਂ 'ਚ ਆਉਂਦਾ ਸੀ। ਕਹਿਣ ਲੱਗੀ ਹੁਣ ਇਸ ਪੰਡਾਲ ਅਤੇ ਪੰਡਤ ਦੀ ਜ਼ਰੂਰਤ ਨਹੀਂ। ਹੁਣ ਸੱਤ ਫੇਰਿਆਂ ਦੀ ਬਜਾਏ ਚਾਰ ਫੇਰੇ ਹੋਣਗੇ ਅਤੇ ਉਹ ਵੀ ਗੁਰਦਵਾਰੇ ਅੰਦਰ। ਕੁੜੀ ਦੇ ਰਿਸ਼ਤੇਦਾਰਾਂ ਨੇ ਲਾਲਚੀ ਜੰਝ ਦਾ ਡਾਂਗਾਂ ਨਾਲ ਸਵਾਗਤ ਕਰਦਿਆਂ ਉਨ੍ਹਾਂ ਨੂੰ ਭਜਾ ਦਿਤਾ। ਹੁਣ ਉਨ੍ਹਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭ ਰਿਹਾ ਸੀ। ਲੋਕਾਂ ਨੇ ਜੰਝ ਦੀਆਂ ਕਾਰਾਂ ਦੇ ਸੀਸ਼ੇ ਵੀ ਭੰਨ ਦਿਤੇ। ਕਈ ਕਹਿ ਰਹੇ ਸਨ 'ਚਲੋ ਚੰਗਾ ਹੀ ਹੋਇਆ ਹੈ ਵਰਨਾ ਇਹ ਤਾਂ ਟਾਹਲੀ ਤੇ ਮੁੱਢ ਵਾਲੀ ਗੱਲ ਹੋਣੀ ਸੀ। ਕੁੜੀ ਏਨੀ ਜਵਾਨ ਤੇ ਮੁੰਡਾ...।'

ਤੁਰਤ ਕੈਪਟਨ ਗੁਲਾਬ ਭੋਂਸਲੇ ਨੇ ਅਪਣੀ ਲਾਡਲੀ ਬੇਟੀ ਸ਼ਿਲਪਾ ਦਾ ਗੁਰਦਵਾਰੇ 'ਚ ਅਨੰਦ ਕਾਰਜ ਕਰਨ ਦਾ ਪ੍ਰਬੰਧ ਕਰ ਦਿਤਾ। ਜਿਹੜੀ ਕੁੜੀ ਅੱਜ ਤਕ ਬਾਪ ਦੇ ਨਾਂ ਨਾਲ ਸ਼ਿਲਪਾ ਭੋਂਸਲੇ ਸੀ, ਉਹ ਚਾਰ ਲਾਵਾਂ ਪੂਰੀਆਂ ਹੋਣ ਤੇ 'ਸ਼ਿਲਪਾ ਕੌਰ' ਬਣ ਗਈ। ਸ਼ਿਲਪਾ ਨੂੰ ਨਾਲ ਲੈ ਕੇ ਹਰਮੋਹਨ ਜੀ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਅਤੇ ਉਪਰੰਤ ਅਪਣੇ ਪਿੰਡ ਤਿੰਮੋਵਾਲ ਪਹੁੰਚੇ। ਦੋਹਾਂ ਦੀ ਜੋੜੀ ਵੇਖਦਿਆਂ ਨਗਰ ਨਿਵਾਸੀ ਤੇ ਹਰਮੋਹਨ ਦੇ ਮਾਂ-ਬਾਪ ਬਹੁਤ ਖ਼ੁਸ਼ ਹੋਏ ਅਤੇ ਦਿਲ ਹੀ ਦਿਲ 'ਚ ਕਹਿ ਰਹੇ ਸਨ ਪ੍ਰਮਾਤਮਾ ਆਪ ਹੀ ਜੋੜੀਆਂ ਮਿਲਾਉਂਦਾ ਹੈ। ਕਿਥੋਂ ਦੀ ਚੀਜ਼ ਕਿੱਥੇ ਆ ਗਈ ਹੈ, ਇਹ ਵੀ ਤਾਂ ਰੱਬ ਦੇ ਰੰਗ ਹਨ।

ਮੁੰਡਾ ਕਿਸੇ ਦੇ ਵਿਆਹ ਤੇ ਗਿਆ ਅਤੇ ਆਪ ਹੀ ਵਿਆਹ ਕਰਵਾ ਕੇ ਵਹੁਟੀ ਘਰ ਲੈ ਆਇਆ ਹੈ। ਹੈ ਨਾ ਚਮਤਕਾਰ? ਕੈਪਟਨ ਬਗੀਚਾ ਸਿੰਘ (ਮੈਡੀਕਲ ਕੋਰ) ਤੇ ਉਸ ਦੀ ਘਰਵਾਲੀ ਨੇ ਹਰਮੋਹਨ ਸਿੰਘ ਅਤੇ ਸ਼ਿਲਪਾ ਦਾ ਭਰਪੂਰ ਸਵਾਗਤ ਕਰਦਿਆਂ ਸੁਭਾਗੀ ਜੋੜੀ ਨੂੰ 'ਜੀ ਆਇਆਂ ਨੂੰ' ਆਖਿਆ। ਸ਼ਿਲਪਾ ਗਿੱਲ ਨੇ ਅਪਣੇ ਸੁਪਨਿਆਂ ਵਾਲੀ ਸਾਰੀ ਕਹਾਣੀ ਹਰਮੋਹਨ ਜੀ ਨੂੰ ਸੁਣਾਈ ਕਿ ''ਤੁਸੀ ਮੈਨੂੰ ਸੁਪਨਿਆਂ 'ਚ ਵੀ ਛੇੜਦੇ ਹੁੰਦੇ ਸੀ। ਮੈਂ ਉਸ ਦਿਨ ਤੋਂ ਵਿਸ਼ਵਾਸ ਪੱਕਾ ਕਰ ਲਿਆ ਸੀ ਕਿ ਕੁਦਰਤ ਨੂੰ ਮੇਰਾ ਸਾਥੀ ਸਰਦਾਰ ਬਣਾਉਣਾ ਮਨਜ਼ੂਰ ਹੈ।

ਕਾਸ਼! ਹਰਮੋਹਨ ਜੀ, ਤੁਹਾਡੇ ਵਰਗੇ ਵਰ ਸਾਰੀਆਂ ਲੜਕੀਆਂ ਨੂੰ ਮਿਲਣ ਜੋ ਦਾਜ ਦੇ ਲੋਭ ਲਾਲਚ ਤੋਂ ਦੂਰ ਹਨ। ''''ਸ਼ਿਲਪਾ ਜੀ! ਮੈਂ ਤਾਂ ਆਉਂਦਿਆਂ ਹੀ ਤੁਹਾਨੂੰ ਵੇਖਦਿਆਂ ਅਤੇ ਉਸ ਵਿਆਹੁਣ ਆਏ ਮੁੰਡੇ ਵਲ ਵੇਖਦਿਆਂ ਸੋਚ ਰਿਹਾ ਸੀ ਕਿ ਵਿਚੋਲੇ ਨੇ ਸਿਰਫ਼ ਮੁੰਡੇ ਦੀ ਨੌਕਰੀ ਵੇਖੀ ਹੈ। ''ਇਕ ਦਿਨ ਸ਼ਿਲਪਾ ਨੇ ਅਪਣੇ ਵੀਰ ਰਘੂਨਾਥ ਭੋਂਸਲੇ ਨੂੰ ਚਿੱਠੀ ਲਿਖੀ, ''ਵੀਰੇ! ਸਹੁਰੇ ਘਰ 'ਚ ਮੈਨੂੰ ਹੱਦੋਂ ਹੱਦ ਪਿਆਰ ਤੇ ਸਤਿਕਾਰ ਮਿਲ ਰਿਹਾ ਹੈ। ਨਨਾਣ ਨਿਰਮਲ ਕੌਰ ਮੇਰੇ ਸਾਹ ਦੇ ਸਾਹ ਨਾਲ ਜਿਊਂਦੀ ਹੈ। ਸਮਝੋ ਕਿ ਮੇਰੀ ਕਾਲਜ ਦੀ ਸਹੇਲੀ ਨਿਰਮਲ ਮਿਲ ਗਈ ਹੈ। ਸਿੱਖ ਧਰਮ ਬਾਰੇ ਮੈਨੂੰ ਜਾਣਕਾਰੀ ਦੇਂਦੀ ਰਹਿੰਦੀ ਹੈ।

ਜਿਸ ਤਰ੍ਹਾਂ ਮੇਰੀ ਨਾਸਿਕ ਵਾਲੀ ਸਹੇਲੀ ਨਿਰਮਲ ਕੌਰ ਜੀ ਦਸ ਗੁਰੂ ਸਾਹਿਬਾਨ ਦੇ ਸਰਬੱਤ ਦੇ ਭਲੇ ਹਿੱਤ ਕੀਤੇ ਉਪਰਾਲਿਆਂ ਨੂੰ ਬਿਆਨ ਕਰਦੀ ਰਹਿੰਦੀ ਸੀ। ਸਰਦਾਰ ਜੀ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ। ਆਪ ਜੀ ਨੇ ਠੀਕ ਹੀ ਸੋਚਿਆ ਸੀ ਕਿ ਮੇਰੇ ਜਿਗਰੀ ਦੋਸਤ ਦੇ ਘਰ ਮੇਰੀ ਭੈਣ ਸਦਾ ਸੁਖੀ ਰਹੇਗੀ। ਸੱਸ ਸੁਹਰਾ ਵੀ ਮੈਨੂੰ ਬੇਟਾ ਜੀ ਕਹਿ ਕੇ ਬੁਲਾਉਂਦੇ ਹਨ। ਵੀਰ ਜੀ! ਮੈਂ ਆਪ ਜੀ ਨੂੰ ਨਹੀਂ ਸੀ ਦਸਿਆ ਪਰ ਮੰਮੀ ਜੀ ਨਾਲ ਮੈਂ ਵਿਚਾਰ ਸਾਂਝੇ ਕੀਤੇ ਸਨ-ਕਿ ਮੈਨੂੰ ਸੁਪਨਿਆਂ 'ਚ ਸਰਦਾਰ ਮੁੰਡਾ ਮਿਲਦਾ ਹੈ। ਵੈਸੇ ਮੇਰੀ ਦਿਲੀ ਤਮੰਨਾ ਸੀ ਕਿ ਮੈਂ ਵਿਆਹ ਕਿਸੇ ਸਰਦਾਰ ਮੁੰਡੇ ਨਾਲ ਹੀ ਕਰਾਉਣਾ ਹੈ।

ਇਹ ਵੀ ਇਕ ਇਤਫ਼ਾਕ ਹੈ, ਸਰਦਾਰ ਜੀ ਦੇ ਪਿਤਾ ਜੀ ਨੇ ਦਸਿਆ ਹੈ ਕਿ ਬੇਟਾ ਜੀ ਕੈਪਟਨ ਗੁਲਾਬ ਭੋਂਸਲੇ ਨੇ ਉਨ੍ਹਾਂ ਨਾਲ ਨੌਕਰੀ ਕੀਤੀ ਹੈ। ਨੌਕਰੀ ਦੌਰਾਨ ਉਹ ਦੋਸਤ ਸਨ ਅਤੇ ਇਕ-ਦੂਜੇ ਦੀ ਬਹੁਤ ਇੱਜ਼ਤ ਕਰਦੇ ਸਨ। ਆਪ ਜੀ ਦਾ ਬਹੁਤ ਬਹੁਤ ਧਨਵਾਦ ਵੀਰ ਜੀ ਆਪ ਜੀ ਨੇ ਮੇਰੇ ਹੱਕ 'ਚ ਖਲੋ ਕੇ ਭੈਣ ਅਪਣੀ ਦਾ ਸਾਥ ਦਿਤਾ। ਮੈਂ ਸਾਰੀ ਉਮਰ ਯਾਦ ਰੱਖਾਂਗੀ। ਮੈਨੂੰ ਨਹੀਂ ਸੀ ਪਤਾ ਕਿ ਮੇਰੇ ਸੁਪਨਿਆਂ ਦਾ ਸੁਦਾਗਰ ਤੁਹਾਡੇ ਜਿਗਰੀ ਦੋਸਤ ਹਰਮੋਹਨ ਜੀ ਹਨ। ''ਇਹ ਕਹਾਣੀ 1988 ਸੰਨ ਦੀ ਹੈ। ਮੈਂ ਪੂਨੇ ਕਾਲਜ ਆਫ਼ ਮਿਲਟਰੀ ਇੰਜੀਨੀਅਰਿੰਗ 'ਚ ਕਿਸੇ ਕੋਰਸ ਦੌਰਾਨ ਸੀ,

ਜਦੋਂ ਅਸੀ ਸੁਣਿਆ ਸੀ ਕਿ ਨਾਸਿਕ 'ਚ ਕਿਸੇ ਮੁੰਡੇ ਨੇ ਮੋਟਰਸਾਈਕਲ ਦੀ ਮੰਗ (ਦਾਜ) ਕੀਤੀ ਸੀ ਅਤੇ ਜੰਝ ਦਾ ਸਵਾਗਤ ਕੁੜੀ ਵਾਲਿਆਂ ਨੇ ਡਾਂਗਾਂ ਨਾਲ ਕੀਤਾ।
ਕਾਸ਼! ਅਸੀ ਫਜ਼ੂਲਖ਼ਰਚੀ ਤੋਂ ਬਚਦਿਆਂ ਮਨੁੱਖਤਾ ਤੋਂ ਗੁਰੂ ਦੀ ਸਿਖਿਆ ਘਰ ਘਰ ਪਹੁੰਚਾਉਂਦੇ ਤਾਂ ਅੱਜ ਅਸੀ ਘੱਟ ਗਿਣਤੀ 'ਚ ਨਾ ਹੁੰਦੇ। ਸਾਡਾ ਦੁਖਾਂਤ ਇਹ ਹੀ ਹੈ ਕਿ ਅਸੀ ਆਪ ਵੀ ਬਾਬੇ ਨਾਨਕ ਦੀ ਸੋਚ ਤੇ ਅਮਲ ਨਹੀਂ ਕੀਤਾ ਤੇ ਨਾ ਹੀ ਉਸ ਗੁਰੂ ਦੀ ਸੋਚ ਨੂੰ ਗ਼ੈਰ-ਧਰਮਾਂ 'ਚ ਪ੍ਰਚਾਰਿਆ ਹੈ।
ਸੰਪਰਕ : 94173-34837

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement