
ਗੁਰੂ ਗ੍ਰੰਥ ਸਾਹਿਬ ਦੀਆਂ ਮੌਜੂਦਾ ਪ੍ਰਚਲਤ ਪ੍ਰਕਾਸ਼ ਕੀਤੀਆਂ ਜਾਂਦੀਆਂ ਸਾਰੀਆਂ ਹੀ ਬੀੜਾਂ ਵਿਚ ਵਿਆਕਰਣਕ ਗ਼ਲਤੀਆਂ ਬਹੁਤ ਹਨ.........
ਗੁਰੂ ਗ੍ਰੰਥ ਸਾਹਿਬ ਦੀਆਂ ਮੌਜੂਦਾ ਪ੍ਰਚਲਤ ਪ੍ਰਕਾਸ਼ ਕੀਤੀਆਂ ਜਾਂਦੀਆਂ ਸਾਰੀਆਂ ਹੀ ਬੀੜਾਂ ਵਿਚ ਵਿਆਕਰਣਕ ਗ਼ਲਤੀਆਂ ਬਹੁਤ ਹਨ। ਪਾਠੀਆਂ ਅਤੇ ਪਾਠਕਾਂ ਦੀ ਜਾਣਕਾਰੀ ਲਈ ਕੁਝ ਕੁ ਉਦਾਹਰਣਾਂ ਇਸ ਪ੍ਰਕਾਰ ਹਨ। ਹੇਠ ਲਿਖੇ ਪੰਨੇ ਅਤੇ ਨਾਲ ਲਿਖੀ ਲਾਈਨ ਤੇ ਸਤਿਗੁਰ ਦੀ ਥਾਂ ਸਤਗੁਰ ਲਿਖਿਆ ਹੈ। 'ਤ' ਨੂੰ ਸਿਹਾਰੀ ਲਗਣੀ ਚਾਹੀਦੀ ਸੀ ਜੋ ਨਹੀਂ ਲਾਈ ਗਈ: ਪੰਨਾ 34-3, 34-4, 35 ਹੇਠੋਂ ਤੀਜੀ, ਦੋ ਵਾਰ, ਪੰਨਾ 34-8, 9, 39-2, 880-7, 17, 881-16, 17, 559-1, 5, 8, 13, 14, 16 560-5, 16, 561-11, 562-6, 895-5 ਅਤੇ 905-2। ਪੰਨਾ 667-8, 15, 17
ਜਪੁ ਜੀ ਵਿਚ ਪੰਨਾ 4 ਤੇ 'ਪਾਣੀ ਧੋਤੈ ਉਤਰਸੁ ਖੇਹ' ਅਸ਼ੁੱਧ ਹੈ। ਇਥੇ 'ਉਤਰਸਿ' ਚਾਹੀਦਾ ਹੈ। ਸਬੂਤ ਵਜੋਂ ਸੁਖਮਨੀ ਵਿਚ ਪੰਨਾ 289 ਤੇ 'ਗੁਨ ਗਾਵਤਿ ਤੇਰੀ ਉਤਰਸਿ ਮੈਲ' ਅਤੇ ਪੰਨਾ 864 ਤੇ 'ਗੁਰ ਬਿਨੁ ਕੋਇ ਨਾ ਉਤਰਸਿ ਪਾਰ।' ਕਈ ਥਾਂ ਅਭਿਮਾਨ ਅਤੇ ਅਪਮਾਨ ਸ਼ਬਦ ਆਪਸ ਵਿਚ ਰਲਗੱਡ ਕਰ ਦਿਤੇ ਗਏ ਹਨ। ਸੁਖਮਨੀ ਵਿਚ 9ਵੀਂ ਅਸ਼ਟਪਦੀ ਦੇ ਸਤਵੇਂ ਪਦੇ ਵਿਚ 'ਜੈਸਾ ਮਾਨ ਤੈਸਾ ਅਭਿਮਾਨ' ਅਸ਼ੁਧ ਹੈ। ਇਸੇ ਪਦੇ ਵਿਚ ਜਿਵੇਂ ਰੰਕ ਤੇ ਰਾਜਾਨ ਅਤੇ ਸੁਵਰਨ ਤੇ ਮਾਟੀ ਵਿਰੋਧੀ ਸ਼ਬਦ ਹਨ ਤਿਵੇਂ ਮਾਨ ਤੇ ਅਭਿਮਾਨ ਵਿਰੋਧੀ ਸ਼ਬਦ ਨਹੀਂ ਹਨ।
ਮਾਨ ਦਾ ਵਿਰੋਧੀ ਸ਼ਬਦ ਅਪਮਾਨ ਹੁੰਦਾ ਹੈ। ਸੁਖਮਨੀ ਵਿਚੋਂ ਹੀ ਇਸ ਦਾ ਸਬੂਤ 21ਵੀਂ ਅਸ਼ਟਪਦੀ ਦੇ 7ਵੇਂ ਪਦੇ ਵਿਚੋਂ 'ਦੂਖ ਸੂਖ ਮਾਨ ਅਪਮਾਨ' ਹੈ ਅਤੇ ਪੰਨਾ 354 ਤੇ 'ਕਿਸ ਹੀ ਮਾਨੁ ਕਿਸੈ ਅਪਮਾਨ'। ਇਸੇ ਸਬੰਧ ਵਿਚ ਪੰਨਾ 215 ਤੇ ਪਹਿਲੀ ਸਤਰ 'ਮਾਨੁ ਅਭਿਮਾਨ ਦੋਊ ਸਮਾਨੇ ਮਸਤਕੁ ਡਾਰ ਗੁਰ ਪਾਗਿਓ'। ਇਥੇ ਅਭਿਮਾਨ ਦੀ ਥਾਂ ਅਪਮਾਨ ਚਾਹੀਦਾ ਸੀ ਅਤੇ ਪੰਨਾ 207 ਤੇ ਚੌਥੀ ਸਤਰ ਵਿਚ ਠੀਕ ਹੈ। 219 ਪੰਨੇ ਤੇ ਵੀ ਦੂਜੀ ਸਤਰ ਵਿਚ ਮਾਨ ਦਾ ਵਿਰੋਧੀ ਸ਼ਬਦ ਅਪਮਾਨ ਸਿੱਧ ਹੁੰਦਾ ਹੈ। ਪੰਨਾ 51 ਦੀ 14ਵੀਂ ਸਤਰ ਵੀ ਵੇਖੋ। ਗੁਰਬਾਣੀ ਵਿਚ ਮਤਿ ਦੇ ਅਰਥ ਬੁੱਧੀ ਤੋਂ ਹਨ ਅਤੇ ਮਤ ਜਾਂ ਮਤੁ ਦੇ ਅਰਥ ਮਨ੍ਹਾਂ ਜਾਂ ਨਾਂਹ ਦੇ ਹਨ।
'ਮਤਿ ਹੋਦੀ ਹੋਇਆ ਇਆਣਾ' (1384), 'ਮਤਿ ਵਿਚਿ ਰਤਨ ਜਵਾਹਰ ਮਾਣਿਕ ਜੋ ਇਕ ਗੁਰ ਕੀ ਸਿਖ ਸੁਣੀ' (ਜਪੁਜੀ) ਅਤੇ 'ਮਤਿ ਸੁਮਤਿ ਤੇਰੈ ਵਸਿ ਸੁਆਮੀ' (800)। ਉਪਰਲੇ ਵਾਕਾਂ ਵਿਚ ਮਤਿ ਦੇ ਅਰਥ ਬੁੱਧੀ ਜਾਂ ਅਕਲ ਦੇ ਹਨ। ਪਰ ਪੰਨਾ 1196 ਤੇ ਕਬੀਰ ਜੀ ਦੇ ਸ਼ਬਦ ਵਿਚ 'ਅਉਰ ਕਿਸ ਹੀ ਕੇ ਤੂੰ ਮਤਿ ਹੀ ਜਾਹਿ' ਗ਼ਲਤ ਹੈ। ਪਰ ਇਸੇ ਸ਼ਬਦ ਵਿਚ ਅੱਗੇ 'ਮਤੁ ਲਕਰੀ ਸੋਟਾ ਤੇਰੀ ਪਰੈ ਪੀਰਿ' ਠੀਕ ਹੈ। ਪੰਨਾ 1369 ਤੇ ਕਬੀਰ ਦਾ ਸਲੋਕ 'ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ' ਇੱਥੇ ਵੀ ਮਤਿ ਦੀ ਥਾਂ ਮਤ ਹੋਣਾ ਚਾਹੀਦਾ ਹੈ।
ਗੁਰਬਾਣੀ ਵਿਆਕਰਣ ਅਨੁਸਾਰ ਪੰਨਾ 648 ਤੇ 12ਵੀਂ ਅਤੇ ਤੇਰਵੀਂ ਸਤਰ ਵਿਚ 'ਇਕ ਦਝਹਿ ਇਕ ਦਬੀਅਹਿ' ਚਾਹੀਦਾ ਹੈ। ਇਸੇ ਤਰ੍ਹਾਂ ਪੰਨਾ 1378 ਤੇ 15ਵੀਂ ਸਤਰ ਵਿਚ 'ਇਕੁ ਛਿਜਹਿ ਬਿਆ ਲਤਾੜੀਅਹਿ' ਦੀ ਥਾਂ ਇਕਿ ਛਿਜਹਿ ਚਾਹੀਦਾ ਹੈ। ਪੰਨਾ 73 ਤੇ 11ਵੀਂ ਸਤਰ 'ਦੁਯਾ ਕਾਗਲੁ ਚਿਤਿ ਨ ਜਾਣਦਾ' ਵਿਚ 'ਦੁਯਾ ਕਾਗਲੁ' ਸ਼ੁੱਧ ਹੈ। ਪੰਨਾ 658 ਤੇ 10ਵੀਂ ਸਤਰ 'ਜਿਹ ਰਸ ਅਨਰਸ ਬੀਸਰ ਜਾਹੀ' ਦੀ ਥਾਂ 'ਜਿਹ ਰਸੁ' ਚਾਹੀਦਾ ਹੈ। ਇਸੇ ਤਰ੍ਹਾਂ ਆਨੰਦੁ ਸਾਹਿਬ ਦੀ ਸੱਤਵੀਂ ਪਉੜੀ ਵਿਚ 'ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ',
ਇਥੇ ਪਹਿਲੇ ਦੋ ਵਾਰ ਆਨੰਦ ਦੇ ਥੱਲੇ ਔਂਕੜ ਨਹੀਂ ਚਾਹੀਦਾ ਕੇਵਲ ਤੀਜੀ ਵਾਰ ਆਏ ਆਨੰਦ ਦੇ ਹੇਠਾਂ ਔਂਕੜ ਠੀਕ ਹੈ। ਕਿਸੇ ਨਾਂ ਦੇ ਹੇਠਾਂ ਔਂਕੜ ਲੱਗਣ ਨਾਲ ਉਹ ਖ਼ਾਸ ਬਣ ਜਾਂਦਾ ਹੈ। ਜਿਸ ਅਤੇ ਤਿਸ ਗੁਰਬਾਣੀ ਵਿਚ ਠੀਕ ਤਰ੍ਹਾਂ ਇੰਜ ਲਿਖੇ ਹੋਏ ਹਨ, 'ਜਿਸੁ ਤਿਸੁ'। ਪਰ ਇਨ੍ਹਾਂ ਸ਼ਬਦਾਂ ਨੂੰ ਬਹੁਤ ਵਾਰ ਔਂਕੜ ਨਹੀਂ ਲਾਇਆ ਗਿਆ। ਉਦਾਹਰਣ ਵਜੋਂ ਪੰਨਾ 896 ਤੇ ਪਹਿਲਾ ਸ਼ਬਦ 'ਰਾਮਕਲੀ ਮ: ੫ ਜਿਸ ਕੀ ਤਿਸ ਕੀ ਕੀਰ ਮਾਨੁ।' ਪੰਨਾ 1222 ਤੇ ਪਹਿਲਾ ਸ਼ਬਦ ਵੇਖੋ 'ਸਾਗਰ ਮਹਲਾ ੫ ਹਰਿ ਹਰਿ ਸੰਤ ਜਨਾ ਕੀ ਜੀਵਨਿ।। ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸੁ ਪੀਵਨ।।
' ਇਸ ਸ਼ਬਦ ਵਿਚ ਵੀ ਕੋਈ ਗੁੰਝਲ ਹੈ। ਸਮਝ ਵਿਚ ਨਹੀਂ ਆਉਂਦਾ। ਸਿੱਖ ਇਤਿਹਾਸ ਅਨੁਸਾਰ ਬਾਬਾ ਰਾਮਰਾਇ ਨੇ ਗੁਰਬਾਣੀ ਦੇ ਇਕ ਸ਼ਬਦ ਮੁਸਲਮਾਨ ਦੀ ਬਜਾਏ ਬੇਈਮਾਨ ਕਹਿ ਕੇ ਗੁਰੂ ਦੀ ਨਾਰਾਜ਼ਗੀ ਖੱਟ ਲਈ ਸੀ। ਪਰ ਜੇ ਅਸ਼ੁਧ ਸ਼ਬਦ ਨੂੰ ਸ਼ੁੱਧ ਕਰ ਕੇ ਲਿਖਿਆ ਜਾਵੇ ਤਾਂ ਗੁਰੂ ਜੀ ਕਿਉਂ ਨਾਰਾਜ਼ ਹੋਣਗੇ? ਛੇਵੇਂ ਗੁਰੂ ਜੀ ਨਾਲ ਸਬੰਧਤ ਇਕ ਸਾਖੀ ਹੈ। ਗੁਰੂ ਜੀ ਇਕ ਸਿੱਖ ਤੋਂ ਗੁਰਬਾਣੀ ਦਾ ਪਾਠ ਸੁਣ ਰਹੇ ਸਨ। ਉਸ ਸਿੱਖ ਨੇ 'ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੂ ਸੂਰਾ' ਦਾ ਪਾਠ 'ਕੈ' ਦੀ ਬਜਾਏ 'ਕੇ ਜਾਣੈ' ਗੁਰੂ ਸੁਰਾ ਕਰ ਦਿਤਾ। ਗੁਰੂ ਜੀ ਨੇ ਉਸ ਸਿੱਖ ਨੂੰ ਤਾੜਨਾ ਕੀਤੀ।
'ਕੈ ਜਾਣੈ' ਦਾ ਅਰਥ ਹੈ ਜਾਂ ਪ੍ਰਮੇਸ਼ਰ ਜਾਣਦਾ ਹੈ ਜਾਂ ਗੁਰੂ ਜਾਣਦਾ ਹੈ। 'ਕੇ ਜਾਣੈ' ਦਾ ਅਰਥ ਹੈ ਕੀ ਜਾਣਦਾ ਹੈ ਭਾਵ ਗੁਰੂ ਕੁੱਝ ਨਹੀਂ ਜਾਣਦਾ। ਗੁਰਬਾਣੀ ਅਨੁਸਾਰ 'ਖੋਜ ਬੂਝਿ ਜਉ ਕਰੈ ਬੀਚਾਰਾ। ਤਉ ਭਵਜਲ ਤਰਤ ਨ ਲਾਵੈ ਬਾਰਾ। (392)' ਅਤੇ ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ। (1255)। ਗੁਰਬਾਣੀ ਦਾ ਇਹੀ ਫ਼ੁਰਮਾਨ ਹੈ ਕਿ 'ਬਾਣੀ ਬਿਰਲਉ ਬੀਚਾਰਸੀ ਜੋ ਕੋ ਗੁਰਮੁਖਿ ਹੋਇ।' (935) ਭਾਵ ਬਾਣੀ ਪੜ੍ਹਨਗੇ ਤਾਂ ਬਹੁਤ ਲੋਕ ਪਰ ਵਿਚਾਰਨ ਵਾਲਾ ਕੋਈ ਵਿਰਲਾ ਹੀ ਹੋਵੇਗਾ।
ਅਜਿਹੇ ਬਿਨਾਂ ਵਿਚਾਰਾਂ ਤੋਂ, ਪਰ ਬਹੁਤ ਸ਼ਰਧਾ ਨਾਲ ਪੜ੍ਹਨ ਵਾਲਿਆਂ ਨੂੰ ਛਪਾਈ ਵਿਚ ਕੀਤੀਆਂ ਗ਼ਲਤੀਆਂ ਬਾਰੇ ਇਹ ਲੇਖ ਚੰਗਾ ਨਹੀਂ ਲੱਗੇਗਾ। ਪਰ ਗੁਰਬਾਣੀ ਦੇ ਖੋਜੀਆਂ ਤੇ ਵਿਚਾਰਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਿਚ ਕੀਤੀਆਂ ਗ਼ਲਤੀਆਂ ਚੰਗੀਆਂ ਨਹੀਂ ਲਗਦੀਆਂ। ਪ੍ਰਸਿੱਧ ਵਿਦਵਾਨ ਪਿਆਰਾ ਸਿੰਘ ਪਦਮ ਦੇ ਲਿਖਣ ਅਨੁਸਾਰ ਪੁਰਾਣੀਆਂ ਬੀੜਾਂ ਦੇ ਮੁਕਾਬਲੇ ਨਵੀਆਂ ਬੀੜਾਂ ਵਿਚ ਜ਼ਿਆਦਾ ਗ਼ਲਤੀਆਂ ਹਨ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਮਨਜੀਤ ਸਿੰਘ ਅਤੇ ਜੋਗਿੰਦਰ ਸਿੰਘ ਤਲਵਾੜਾ ਦੋਵਾਂ ਨੇ ਖੋਜ ਕਰ ਕੇ ਵੀ ਇਹੀ ਗੱਲ ਕਹੀ ਹੈ।
ਗੁਰਬਾਣੀ ਦੀਆਂ ਬੀੜਾਂ ਦੇ ਖੋਜੀ ਪ੍ਰਸਿੱਧ ਵਿਦਵਾਨ ਜੀ.ਬੀ. ਸਿੰਘ ਅਤੇ ਹਰਨਾਮ ਦਾਸ ਨੇ ਵੀ ਗ਼ਲਤੀਆਂ ਬਾਰੇ ਇਸ਼ਾਰਾ ਕੀਤਾ ਹੈ। ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਨੇ ਲਿਖਿਆ ਹੈ ਕਿ ਮੌਜੂਦਾ ਬੀੜਾਂ ਵਿਚ ਘੱਟੋ-ਘੱਟ 1500 ਗ਼ਲਤੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਬੀੜਾਂ ਛਾਪਣ ਵੇਲੇ ਉਕਤ ਵਿਦਵਾਨਾਂ ਦੀ ਖੋਜ ਨੂੰ ਕਿਉਂ ਅੱਖੋਂ-ਪਰੋਖੇ ਕੀਤਾ ਜਾਂਦਾ ਹੈ? ਜ਼ਿੰਮੇਵਾਰ ਸੱਜਣਾਂ ਨੂੰ ਤਨਦੇਹੀ ਨਾਲ ਅਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ।
ਸੰਪਰਕ : 99156-97300