ਇਕ ਸੀ ਮਹਿੰਦਰ ਭੱਟੀ
Published : Jul 7, 2018, 12:30 am IST
Updated : Jul 7, 2018, 12:30 am IST
SHARE ARTICLE
Akaash Vani
Akaash Vani

ਅਕਾਸ਼ਵਾਣੀ ਵਿਚ ਕੰਮ ਕਰਦਿਆਂ ਕਈ ਅਨਾਊਂਸਰਾਂ, ਪ੍ਰੋਡਿਊਸਰਾਂ ਤੇ ਹੋਰਾਂ ਅਧਿਕਾਰੀਆਂ ਨਾਲ ਮੇਰਾ ਵਾਹ ਵਾਸਤਾ ਪੈਂਦਾ ਰਹਿੰਦਾ ਹੈ............

ਅਕਾਸ਼ਵਾਣੀ ਵਿਚ ਕੰਮ ਕਰਦਿਆਂ ਕਈ ਅਨਾਊਂਸਰਾਂ, ਪ੍ਰੋਡਿਊਸਰਾਂ ਤੇ ਹੋਰਾਂ ਅਧਿਕਾਰੀਆਂ ਨਾਲ ਮੇਰਾ ਵਾਹ ਵਾਸਤਾ ਪੈਂਦਾ ਰਹਿੰਦਾ ਹੈ। ਕਈਆਂ ਨੂੰ ਸੁਣ ਕੇ ਬੜਾ ਕੁੱਝ ਸਿਖਿਆ ਤੇ ਕਈ ਮੇਰੇ ਕੰਮ ਦੌਰਾਨ ਸਾਥੀ ਵੀ ਰਹੇ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਬੇਹੱਦ ਮਿਲਣਸਾਰ ਹਸਤੀਆਂ ਨੇ ਅਮਿਟ ਪ੍ਰਭਾਵ ਪਾਇਆ। ਅਜਿਹੀਆਂ ਹੀ ਹਸਤੀਆਂ ਵਿਚ ਸ਼ੁਮਾਰ ਹੁੰਦੇ ਸਨ, ਮਰਹੂਮ ਮਹਿੰਦਰ ਭੱਟੀ। ਉਨ੍ਹਾਂ ਦੀ ਸ਼ਖ਼ਸੀਅਤ ਦਾ ਇਹ ਵਡੇਰਾ ਗੁਣ ਸੀ ਕਿ ਉਨ੍ਹਾਂ ਨੂੰ ਇਕ ਵਾਰ ਮਿਲ ਕੇ ਹੀ ਬੰਦਾ ਉਨ੍ਹਾਂ ਦੇ ਨਿੱਘੇ ਸੁਭਾਅ ਤੇ ਰੋਮ-ਰੋਮ ਸ਼ਰਸਾਰ ਕਰਦੀ ਮਿਲਣਸਾਰਤਾ ਅੱਗੇ ਆਪਾ ਲੁਟਾ ਬੈਠਦਾ।

ਮਹਿੰਦਰ ਭੱਟੀ ਹੁਰਾਂ ਨਾਲ ਮੇਰਾ ਵਾਹ 1994 ਵਿਚ ਪਿਆ ਸੀ, ਜਦੋਂ ਉਹ ਆਲ ਇੰਡੀਆ ਰੇਡੀਉ ਜਲੰਧਰ ਵਿਖੇ ਤਾਇਨਾਤ ਸਨ ਤੇ 'ਦੇਸ਼ ਪੰਜਾਬ' ਪ੍ਰੋਗਰਾਮ ਦੇ ਇੰਚਾਰਜ ਸਨ। ਮੈਂ ਪ੍ਰੋਗਰਾਮ ਨੂੰ ਚਿਠੀਆਂ ਲਿਖਦਾ ਰਹਿੰਦਾ ਸਾਂ। ਪ੍ਰੋਗਰਾਮਾਂ ਵਿਚ ਜਦੋਂ ਵੀ ਸੁਝਾਅ, ਮੈਂ ਜਾਂ ਕੋਈ ਹੋਰ ਸਰੋਤਾ ਦਿੰਦਾ ਤਾਂ ਉਹ ਜਿਥੋਂ ਤਕ ਅਦਾਰੇ ਦੇ ਨਿਯਮ ਤੇ ਬੰਦਸ਼ਾਂ ਇਜਾਜ਼ਤ ਦਿੰਦੇ, ਮੰਨ ਲੈਂਦੇ। ਇਕ ਵਾਰ ਇਕ ਰੇਡੀਉ ਸਰੋਤੇ ਦੀ ਹੈਸੀਅਤ ਵਿਚ ਹੀ ਮੈਂ ਆਲ ਇੰਡੀਆ ਰੇਡੀਉ ਜਲੰਧਰ ਗਿਆ ਸਾਂ, ਉਥੇ ਮੌਜੂਦ ਇਕ ਹੋਰ ਰੇਡੀਉ ਸਰੋਤਾ ਜਸਵਿੰਦਰ ਤੱਗੜ ਨੇ ਜਦੋਂ ਮੇਰਾ ਤੁਆਰਫ਼ ਕਰਵਾਇਆ ਤਾਂ ਭੱਟੀ ਜੀ ਨੇ ਅਪਣੀ ਕੁਰਸੀ ਤੋਂ ਖੜੇ ਹੋ ਕੇ 'ਜੀ ਆਇਆਂ' ਆਖਿਆ

ਤਾਂ ਉਸ ਵੇਲੇ ਉਨ੍ਹਾਂ ਦੀ ਸਖ਼ਸ਼ੀਅਤ ਧੁਰ ਅੰਦਰ ਲੱਥ ਗਈ। ਜਦੋਂ ਬਹੁਤੇ ਲੋਕ ਅਫ਼ਸਰੀ ਦੇ ਗ਼ਰੂਰ ਵਿਚ ਕਿਸੇ ਨਾਲ ਸਿਧੇ ਮੂੰਹ ਗੱਲ ਨਹੀਂ ਕਰ ਕੇ ਰਾਜ਼ੀ ਹੁੰਦੇ ਤੇ ਏਨੇ ਵੱਡੇ ਅਦਾਰੇ ਦਾ ਇਕ ਅਫ਼ਸਰ ਇਸ ਤਰ੍ਹਾਂ ਵੀ ਮਿਲ ਸਕਦਾ ਹੈ, ਇਹ ਵਰਤਾਰਾ ਬਿਨਾਂ ਸ਼ੱਕ ਹੈਰਾਨ ਕਰਨ ਵਾਲਾ ਸੀ। ਇਹ ਗੱਲ ਮਗਰੋਂ ਮੈਂ ਨੇੜਿਉਂ ਮਹਿਸੂਸ ਕੀਤੀ ਕਿ ਅਫ਼ਸਰੀ ਦੀ ਫੂੰ-ਫਾਂ ਨੂੰ ਤਾਂ ਉਹ ਨੇੜੇ-ਤੇੜੇ ਵੀ ਨਹੀਂ ਸਨ ਢੁੱਕਣ ਦਿੰਦੇ। ਬਾਅਦ ਵਿਚ ਜਦੋਂ ਰੇਡੀਉ ਲਿਸਨਰਜ਼ ਕਲੱਬ ਬਣਾਉਣ ਦਾ ਫੁਰਨਾ ਫੁਰਿਆ ਤਾਂ ਇਹ ਵਿਚਾਰ ਸੱਭ ਤੋਂ ਪਹਿਲਾਂ ਮੈਂ ਜਨਾਬ ਭੱਟੀ  ਤੇ ਸੁਖਵਿੰਦਰ ਸੁੱਖੀ ਨਾਲ ਸਾਂਝਾ ਕੀਤਾ। ਉਨ੍ਹਾਂ ਦੋਹਾਂ ਦੀ ਹੌਸਲਾ ਅਫ਼ਜ਼ਾਈ ਹੀ ਸੀ ਕਿ ਉਹ ਸੁਪਨਾ ਸਾਕਾਰ ਹੋਇਆ।

ਇਸ ਦੌਰਾਨ ਉਨ੍ਹਾਂ ਦਾ ਤਬਾਦਲਾ ਅਕਾਸ਼ਵਾਣੀ ਪਟਿਆਲਾ ਵਿਚ ਹੋ ਗਿਆ। ਉਥੇ ਜਾਣ ਤੋਂ ਬਾਅਦ ਵੀ ਉਨ੍ਹਾਂ ਨਾਲ ਮੇਰੀ ਚਿੱਠੀ ਪਤਰੀ ਚਲਦੀ ਰਹੀ। ਅਪਣੇ ਵਡੇਰੇ ਰੁਝੇਵਿਆਂ ਦੇ ਬਾਵਜੂਦ ਉਹ ਹਮੇਸ਼ਾ ਮੇਰੀਆਂ ਚਿਠੀਆਂ ਦਾ ਵਿਸਥਾਰ ਨਾਲ ਜਵਾਬ ਦਿੰਦੇ ਰਹੇ। 1997 ਵਿਚ ਉਹ ਅਕਾਸ਼ਵਾਣੀ ਬਠਿੰਡਾ ਆ ਗਏ। ਕਈ ਪ੍ਰੋਗਰਾਮਾਂ ਦਾ ਮੰਚ ਸੰਚਾਲਨ ਕਰਦਿਆਂ ਵੇਖ/ਸੁਣ ਚੁੱਕੇ ਭੱਟੀ ਹੁਰਾਂ ਨੇ ਮੈਨੂੰ ਅਪਣੇ ਪ੍ਰੋਗਰਾਮ ਪੇਸ਼ਕਾਰਾਂ ਦੀ ਟੀਮ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ। ਮੇਰੇ ਲਈ ਇਹ ਬੇਹਦ ਖ਼ੁਸ਼ੀ ਵਾਲੀ ਗੱਲ ਸੀ। ਉਨ੍ਹਾਂ ਦੀ ਅਗਵਾਈ ਹੇਠ ਮੈਂ ਕੁੱਝ ਪ੍ਰੋਗਰਾਮਾਂ ਨੂੰ ਆਵਾਜ਼ ਦਿੰਦਾ ਰਿਹਾ।

ਉਨ੍ਹਾਂ ਦਾ ਕੰਮ ਕਰਨ ਦਾ ਅੰਦਾਜ਼ ਸੀ ਕਿ ਉਹ ਕਲਾਕਾਰ ਨੂੰ ਅਪਣੀ ਪ੍ਰਤਿਭਾ ਵਿਖਾਉਣ ਦਾ ਪੂਰਾ ਮੌਕਾ ਦਿੰਦੇ ਸਨ, ਪਰ ਪ੍ਰੋਗਰਾਮ ਦੇ ਮਿਆਰ ਨਾਲ ਕਦੇ ਕੋਈ ਸਮਝੌਤਾ ਨਹੀਂ ਸੀ ਕਰਦੇ। ਫ਼ਨਕਾਰ ਨੂੰ ਪ੍ਰਬੀਨਤਾ ਨਾਲ ਤਰਾਸ਼ਦੇ। ਅਪਣੇ ਦਾਦਕਾ ਪਿੰਡ ਬਿਲਗਾ (ਜਲੰਧਰ) ਵਿਚ ਜਨਮੇ ਮਹਿੰਦਰ ਭੱਟੀ, ਐਮ.ਏ.ਬੀਐੱਡ ਕਰ ਕੇ ਪਹਿਲਾਂ ਜਲੰਧਰ ਇਕ ਅਖ਼ਬਾਰ ਵਿਚ ਸਹਾਇਕ ਸੰਪਾਦਕ ਵਜੋਂ ਤੇ ਫਿਰ 12 ਕੁ ਵਰ੍ਹੇ ਪੰਜਾਬ ਸਰਕਾਰ ਦੇ ਸੇਲ ਟੈਕਸ ਵਿਭਾਗ ਵਿਚ ਕੰਮ ਕਰਦੇ ਰਹੇ ਪਰ ਉਨ੍ਹਾਂ ਦੇ ਕਲਾਕਾਰ ਮਨ ਨੂੰ ਇਹ 'ਮਾਲਦਾਰ' ਸਮਝਿਆ ਜਾਂਦਾ ਮਹਿਕਮਾ ਵੀ ਰਾਸ ਨਾ ਆਇਆ।

11 ਮਾਰਚ 1987 ਨੂੰ ਉਨ੍ਹਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਿੱਲੀ ਵਿਚ ਇੰਟਰਵਿਊ ਦਿਤੀ ਤੇ ਸਫ਼ਲ ਰਹੇ। ਲਿਹਾਜ਼ਾ 1 ਫ਼ਰਵਰੀ 1990 ਨੂੰ ਉਨ੍ਹਾਂ ਨਵੇਂ ਸ਼ੁਰੂ ਹੋਣ ਜਾ ਰਹੇ ਅਕਾਸ਼ਵਾਣੀ ਬਠਿੰਡਾ ਕੇਂਦਰ ਵਿਖੇ ਬਤੌਰ ਪ੍ਰੋਗਰਾਮ ਐਗਜ਼ੀਕਿਊਟਿਵ ਤਾਇਨਾਤ ਹੋ ਗਏ। ਫਿਰ ਰੇਡੀਉ ਕਸ਼ਮੀਰ-ਜੰਮੂ, ਅਕਾਸ਼ਵਾਣੀ ਜਲੰਧਰ, ਅਕਾਸ਼ਵਾਣੀ ਪਟਿਆਲਾ ਆਦਿ ਕੇਂਦਰਾਂ ਉਤੇ ਅਪਣੀ ਮਿਹਨਤ ਤੇ ਲਿਆਕਤ ਦੀ ਅਮਿਟ ਛਾਪ ਛੱਡਣ ਮਗਰੋਂ 1996 ਵਿਚ ਮੁੜ ਅਕਾਸ਼ਵਾਣੀ ਬਠਿੰਡਾ ਆ ਗਏ ਤੇ ਅਪਣੇ ਜੀਵਨ ਕਾਲ ਦੇ ਅੰਤ ਤਕ ਇਥੇ ਹੀ ਤਾਇਨਾਤ ਸਨ। ਨਵੀਆਂ ਪ੍ਰਤਿਭਾਵਾਂ ਤਲਾਸ਼ਣ ਤੇ ਤਰਾਸ਼ਣ ਵਿਚ ਉਨ੍ਹਾਂ ਦੀ ਖ਼ਾਸ ਰੁਚੀ ਸੀ।

ਉਨ੍ਹਾਂ ਦਾ ਸੱਭ ਤੋਂ ਵੱਡਾ ਗੁਣ ਇਹ ਸੀ ਕਿ ਉਹ ਹਰ ਵੇਲੇ ਕੁੱਝ ਨਵਾਂ ਸਿੱਖਣ ਤੇ ਕਰਨ ਦੇ ਆਹਰ ਵਿਚ ਲੱਗੇ ਮਿਲਦੇ। ਰੇਡੀਉ ਨਾਲ ਜੁੜੇ ਕਈ ਲੋਕਾਂ ਨਾਲ ਉਨ੍ਹਾਂ ਦੀ ਪਕੇਰੀ ਸਾਂਝ ਸੀ। ਆਕਾਸ਼ਵਾਣੀ ਜਲੰਧਰ ਦੇ ਅਨਾਉਂਸਰ ਸੁਖਵਿੰਦਰ ਸੁੱਖੀ ਦੀ ਪ੍ਰਤਿਭਾ ਦੇ ਕਾਇਲ ਸਨ ਤੇ ਰੇਡੀਉ ਪਾਕਿਸਤਾਨ ਦੇ ਰਾਵੀ ਰੰਗ ਵਾਲੇ 'ਮੁਦੱਸਰ ਸ਼ਰੀਫ਼' ਦੀ ਬੇਹੱਦ ਤਾਰੀਫ਼ ਕਰਦੇ ਸਨ। ਇਕ ਨੇਕ ਦਿਲ ਤੇ ਸਿਰੜੀ ਇਨਸਾਨ, ਵਧੀਆ ਪ੍ਰੋਡਿਊਸਰ ਹੋਣ ਦੇ ਨਾਲ-ਨਾਲ ਉਨ੍ਹਾਂ ਦਾ ਸ਼ੁਮਾਰ ਜਾਣੇ ਪਛਾਣੇ ਪੰਜਾਬੀ ਲੇਖਕਾਂ ਵਿਚ ਵੀ ਹੁੰਦਾ ਸੀ। ਨਜ਼ਮ, ਗ਼ਜ਼ਲ, ਗੀਤ, ਕਹਾਣੀ ਤੇ ਨਾਵਲ ਲਿਖੇ। 

ਉਨ੍ਹਾਂ ਦੀਆਂ ਅੱਧੀ ਦਰਜਨ ਤੋਂ ਜ਼ਿਆਦਾ ਕਿਤਾਬਾਂ ਛਪੀਆਂ ਤੇ ਪ੍ਰਿੰਸੀਪਲ ਤਖ਼ਤ ਸਿੰਘ ਐਵਾਰਡ ਸਮੇਤ ਕਈ ਸਨਮਾਨ ਉਨ੍ਹਾਂ ਦੀ ਝੋਲੀ ਪਏ। ਰੇਡੀਉ ਲਈ ਕੁੱਝ ਬਹੁਤ ਵਧੀਆ ਯਾਦਗਾਰੀ ਪ੍ਰੋਗਰਾਮਾਂ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਹੇ ਸਨ ਕਿ ਇਕ ਵਿਆਹ ਸਮਾਗ਼ਮ ਵਿਚ ਗਏ ਤੇ ਵਾਪਸ ਸਿਰਫ ਇਕ ਮਨਹੂਸ ਖ਼ਬਰ ਹੀ ਆਈ-ਮਹਿੰਦਰ ਭੱਟੀ ਦੇ ਨਾ ਰਹਿਣ ਦੀ ਖ਼ਬਰ। ਜਿਸਮਾਨੀ ਤੌਰ Àਤੇ ਮਹਿੰਦਰ ਭੱਟੀ ਭਾਵੇਂ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੇ ਜਾਣਨ ਵਾਲਿਆਂ ਦੇ ਚੇਤਿਆਂ ਵਿਚੋਂ ਮੌਤ ਵੀ ਉਨ੍ਹਾਂ ਨੂੰ ਨਹੀਂ ਕੱਢ ਸਕੀ। ਅੱਜ ਵੀ ਜਦੋਂ ਕਦੇ ਅਕਾਸ਼ਵਾਣੀ ਬਠਿੰਡਾ ਜਾਂਦੇ ਹਾਂ ਤਾਂ ਮਹਿੰਦਰ ਭੱਟੀ ਕਿਤੇ ਆਸ-ਪਾਸ ਮਹਿਸੂਸ ਹੁੰਦੇ ਹਨ।
ਸੰਪਰਕ : 94173-33316

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement