
ਜਾਇਦਾਦਾਂ ਖੋਹ ਲਈਆਂ ਗਈਆਂ
ਮੁਹਾਲੀ: ਜੇਲਾਂ ਅੰਦਰ ਡੱਕੇ ਲੋਕ-1ਕੁੱ ਝ ਅੰਕੜੇ ਹੈਰਾਨੀਜਨਕ ਹੁੰਦੇ ਹਨ। ਦੁਨੀਆਂ ਭਰ ਵਿਚ ਜਿੰਨੇ ਲੋਕ ਜੇਲਾਂ ਵਿਚ ਬੰਦ ਹਨ, ਉਨ੍ਹਾਂ ਵਿਚੋਂ ਅੱਧੇ (ਲਗਭਗ 90 ਲੱਖ) ਸਿਰਫ਼ ਅਮਰੀਕਾ, ਚੀਨ ਅਤੇ ਰੂਸ ਵਿਚ ਬੰਦ ਹਨ। ਅਮਰੀਕਾ ਦੀਆਂ ਜੇਲਾਂ ਵਿਚ ਲਗਭਗ 22 ਲੱਖ ਲੋਕ ਬੰਦ ਹਨ, ਚੀਨ ਵਿਚ ਸਾਢੇ 15 ਲੱਖ, ਰੂਸ ਵਿਚ 8,74,161, ਬਰਾਜ਼ੀਲ ਵਿਚ ਤਿੰਨ ਲੱਖ 71,482, ਭਾਰਤ ਵਿਚ 3,96,223, ਮੈਕਸੀਕੋ ਵਿਚ 2,14,450, ਯੂਕਰੇਨ ਵਿਚ 1,62,602, ਸਾਊਥ ਅਫਰੀਕਾ 1,58,501, ਪੋਲੈਂਡ ਵਿਚ 89,546, ਇੰਗਲੈਂਡ ਵਿਚ 80 ਹਜ਼ਾਰ, ਜਪਾਨ ਵਿਚ ਵੀ ਲਗਭਗ ਏਨੇ ਹੀ। ਅਸਟ੍ਰੇਲੀਆ ਵਿਚ 25,790 ਤੇ ਆਇਰਲੈਂਡ ਵਿਚ 1375 ਹਨ। ਇਹ ਅੰਕੜੇ ਅੰਤਰਰਾਸ਼ਟਰੀ ਸੈਂਟਰ ਫ਼ਾਰ ਪਰਿਜ਼ਨ ਸਟੱਡੀਜ਼ ਵਲੋਂ ਜਾਰੀ ਕੀਤੇ ਗਏ।
prison
ਬੀ.ਬੀ.ਸੀ. ਵਲੋਂ ਜਾਰੀ ਰੀਪੋਰਟ ਅਨੁਸਾਰ ਦੁਨੀਆਂ ਭਰ ਵਿਚ ਜੇਲਾਂ ਵਿਚ ਡੱਕੇ ਲੋਕਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਪਰ ਵਿਕਾਸਸ਼ੀਲ ਦੇਸ਼ਾਂ ਵਿਚਲੀਆਂ ਜੇਲਾਂ ਵਿਚ ਲੋੜੋਂ ਵੱਧ ਲੋਕ ਤੁੰਨੇ ਹੋਏ ਹਨ। ਕੀਨੀਆ ਵਿਚ ਡੱਕੇ ਲੋਕਾਂ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਗਿਆ ਹੈ ਕਿ ਉਥੇ ਜਿੰਨੇ ਡੱਕੇ ਜਾ ਸਕਦੇ ਹਨ, ਉਸ ਗਿਣਤੀ ਨਾਲੋਂ 343.7 ਫ਼ੀ ਸਦੀ ਵੱਧ ਕੈਦੀ ਰੱਖੇ ਗਏ ਹਨ। ਆਈਸਲੈਂਡ ਬਾਰੇ ਕਿਹਾ ਗਿਆ ਹੈ ਕਿ ਉਸ ਦੇਸ਼ ਵਿਚ ਤਿੰਨ ਲੱਖ ਚਾਲੀ ਹਜ਼ਾਰ ਲੋਕ ਰਹਿੰਦੇ ਹਨ। ਉੱਥੇ ਸਿਰਫ਼ 5 ਜੇਲਾਂ ਹਨ ਜਿਨ੍ਹਾਂ ਵਿਚ 200 ਤੋਂ ਵੀ ਘੱਟ ਲੋਕ ਤਾੜੇ ਗਏ ਹਨ। ਸਿਰਫ਼ ਸਜ਼ਾਯਾਫ਼ਤਾ ਮੁਜਰਮ ਹੀ ਨਹੀਂ ਬਲਕਿ ਜਿਨ੍ਹਾਂ ਨੂੰ ਹਾਲੇ ਸਜ਼ਾ ਸੁਣਾਈ ਜਾਣੀ ਹੈ ਜਾਂ ਹਾਲੇ ਕੇਸ ਲਟਕ ਰਿਹਾ ਹੈ ਤੇ ਫ਼ੈਸਲੇ ਦੀ ਉਡੀਕ ਵਿਚ ਹਨ, ਇਹੋ ਜਹੇ ਵੀ ਲੱਖਾਂ ਦੀ ਗਿਣਤੀ ਵਿਚ ਲੋਕ ਬੇਕਸੂਰ ਹੁੰਦਿਆਂ ਹੋਇਆਂ ਵੀ ਸਜ਼ਾ ਭੁਗਤ ਰਹੇ ਹਨ। ਕਰਿਮੀਨਲ ਜਸਟਿਸ ਰਿਫ਼ੌਰਮ ਦੀ ਰੀਪੋਰਟ ਅਨੁਸਾਰ ਅਮਰੀਕਾ ਦੀਆਂ ਜੇਲਾਂ ਵਿਚ ਰਿਸ਼ਵਤਖ਼ੋਰੀ, ਭ੍ਰਿਸ਼ਟਾਚਾਰ, ਲੜਾਈਆਂ, ਸ੍ਰੀਰਕ ਸ਼ੋਸ਼ਣ, ਮਾਰਕੁਟਾਈ, ਕਤਲ, ਬਲਾਤਕਾਰ ਆਦਿ ਦੇ ਕਈ ਕੇਸ ਸਾਹਮਣੇ ਆਏ ਹਨ। 'ਐਲਬਾਮਾ ਡਿਪਾਰਟਮੈਂਟ ਆਫ਼ ਕੁਰੈਕਸ਼ਨ' ਵਿਰੁਧ ਪੜਤਾਲ ਜਾਰੀ ਹੋਈ ਹੈ ਕਿਉਂਕਿ ਸੇਂਟ ਕਲੇਅਰ ਜੇਲ ਵਿਚ ਬਹੁਤ ਜ਼ਿਆਦਾ ਕੁੱਟਮਾਰ ਦੇ ਕੇਸ ਸਾਹਮਣੇ ਆ ਚੁੱਕੇ ਹਨ।
Prison
ਐਲਬਾਮਾ ਦੀ ਟੁਟਵਿਲਰ ਔਰਤਾਂ ਦੇ ਜੇਲ ਵਿਚ ਬਲਾਤਕਾਰ ਦੇ ਕੇਸ ਬਹੁਤ ਜ਼ਿਆਦਾ ਵੱਧ ਚੁੱਕੇ ਹਨ ਜਿਸ ਬਾਰੇ ਇਨਕੁਆਇਰੀ ਸ਼ੁਰੂ ਹੋ ਚੁੱਕੀ ਹੈ। ਉਥੇ 50 ਕੈਦੀ ਔਰਤਾਂ ਨੇ ਮੰਨਿਆ ਕਿ ਉਨ੍ਹਾਂ ਨਾਲ ਬਹੁਤ ਭੱਦੇ ਤਰੀਕੇ ਨਾਲ ਸਮੂਹਕ ਬਲਾਤਕਾਰ ਕੀਤਾ ਜਾਂਦਾ ਹੈ। ਜਿਹੜੇ ਗਾਰਡ ਉਥੇ ਲਗਾਏ ਜਾਂਦੇ ਹਨ, ਉਹ ਹਰ ਰੋਜ਼ ਕਿਸੇ ਕੈਦੀ ਔਰਤ ਨੂੰ ਬੰਨ੍ਹ ਕੇ ਜਬਰਜ਼ਨਾਹ ਕਰਦੇ ਹਨ। ਇਸੇ ਦੌਰਾਨ ਬਥੇਰੀਆਂ ਗਰਭਵਤੀ ਹੋ ਜਾਂਦੀਆਂ ਹਨ। ਸੰਨ 2012 ਵਿਚ ਕਈ ਗਾਰਡਾਂ ਤੇ ਜੇਲਾਂ ਵਿਚ ਲੱਗੇ ਅਫ਼ਸਰਾਂ ਨੂੰ ਬਲਾਤਕਾਰ ਕਰਨ ਵਾਸਤੇ ਸਜ਼ਾਵਾਂ ਵੀ ਭੁਗਤਣੀਆਂ ਪਈਆਂ। ਅਫ਼ਸੋਸ ਇਹ ਹੈ ਕਿ ਕਈ ਸਜ਼ਾਵਾਂ ਸਿਰਫ਼ 5 ਦਿਨ ਦੀ ਕੈਦ ਤੇ ਸਨ। ਇਸ ਤੋਂ ਬਾਅਦ ਸ਼ਿਕਾਇਤਕਰਤਾ ਕੈਦੀ ਔਰਤਾਂ ਨਾਲ ਹੋਰ ਵੀ ਭੱਦਾ ਵਿਹਾਰ ਕੀਤਾ ਗਿਆ। ਅਪਣੇ ਟੱਬਰਾਂ ਨਾਲ ਮਿਲਣ ਨਾ ਦਿਤਾ ਗਿਆ, ਉਨ੍ਹਾਂ ਦੀਆਂ ਜਾਇਦਾਦਾਂ ਖੋਹ ਲਈਆਂ ਗਈਆਂ, ਉਨ੍ਹਾਂ ਨਾਲ ਹੋਰ ਭਿਆਨਕ ਤਰੀਕੇ ਸ੍ਰੀਰਕ ਸ਼ੋਸ਼ਣ ਕੀਤਾ ਗਿਆ ਤੇ ਮੂੰਹ ਵਿਚ ਪੇਸ਼ਾਬ ਤਕ ਕੀਤਾ ਗਿਆ।
Prison
ਸੰਨ 2013 ਵਿਚ ਫਿਰ ਸ਼ਿਕਾਇਤ ਮਿਲਣ ਤੇ ਇਕੁਆਇਰੀ ਕਮੇਟੀ ਬਿਠਾਈ ਗਈ। ਇਸ ਕਮੇਟੀ ਦੀ ਰੀਪੋਰਟ ਸੰਨ 2014 ਵਿਚ ਜਨਤਕ ਕੀਤੀ ਗਈ ਜਿਸ ਵਿਚ ਕੈਦੀ ਔਰਤਾਂ ਨੂੰ ਖੁੱਲ੍ਹੇ ਵਿਚ ਸੱਭ ਮਰਦ ਗਾਰਡਾਂ ਸਾਹਮਣੇ ਨਿਰਵਸਤਰ ਕਰ ਕੇ ਮਲ-ਮੂਤਰ ਕਰਨਾ, ਨਹਾਉਣ ਆਦਿ ਵੇਲੇ ਦੀਆਂ ਫ਼ਿਲਮਾਂ, ਪੁੱਠੇ ਟੰਗਣ ਤੇ ਹਰ ਰੋਜ਼ ਦਿਨ ਵਿਚ ਕਈ ਵਾਰ ਗੁਪਤ ਅੰਗਾਂ ਵਿਚ ਪੱਥਰ ਪਾਉਣ ਜਾਂ ਹੋਰ ਚੀਜ਼ਾਂ ਵਾੜਨ, ਸਮੂਹਕ ਬਲਾਤਕਾਰ ਕਰਨ ਆਦਿ ਦੀਆਂ ਵੀਡੀਉ ਬਣਾਉਣ ਬਾਰੇ ਦਸਿਆ ਗਿਆ। ਇਸ 36 ਸਫ਼ਿਆਂ ਦੀ ਰੀਪੋਰਟ ਵਿਚ ਅਣਮਨੁੱਖੀ ਦਾਸਤਾਨ ਦਰਜ ਕੀਤੀ ਸੀ ਜੋ ਰੌਂਗਟੇ ਖੜੇ ਕਰਨ ਵਾਲੀ ਸੀ। ਇਸ ਰੀਪੋਰਟ ਤੋਂ ਲਗਭਗ ਦੋ ਸਾਲ ਬਾਅਦ ਵੀ ਇਹ ਪਤਾ ਲਗਿਆ ਕਿ ਕੈਦੀ ਔਰਤਾਂ ਵਿਰੁਧ ਕੀਤੇ ਜਾਂਦੇ ਘਿਨਾਉਣੇ ਕੁਕਰਮ ਜੇਲਾਂ ਅੰਦਰ ਬੰਦ ਨਹੀਂ ਸਨ ਹੋਏ। ਅਮਰੀਕਾ ਦੀ ਨੈਸ਼ਨਲ ਇੰਸਟੀਚਿਊਟ ਆਫ਼ ਕੋਰੈਕਸ਼ਨ ਰੀਪੋਰਟ ਜੋ ਅਮਰੀਕਾ ਦੇ ਡਿਪਾਰਟਮੈਂਟ ਆਫ਼ ਜਸਟਿਸ ਵਲੋਂ ਜਾਰੀ ਕੀਤੀ ਗਈ ਹੈ, ਜੇਲਾਂ ਅੰਦਰ ਚੱਲ ਰਹੇ ਮਨੁੱਖੀ ਅਧਿਕਾਰਾਂ ਦੇ ਕਤਲਾਂ ਦੀ ਖੁੱਲ੍ਹੀ ਕਿਤਾਬ ਹੈ।
ਜੇਕਰ ਇੰਗਲੈਂਡ ਵਿਚ ਝਾਤ ਮਾਰੀਏ ਤਾਂ ਉੱਥੇ 12 ਜੇਲਾਂ ਔਰਤਾਂ ਲਈ ਹਨ। ਇਨ੍ਹਾਂ ਵਿਚੋਂ 48 ਫ਼ੀ ਸਦੀ ਔਰਤਾਂ ਸਿਰਫ਼ ਅਪਣੇ ਪਤੀ ਜਾਂ ਟੱਬਰ ਵਿਚ ਕਿਸੇ ਨੂੰ ਲੋੜੀਂਦਾ ਨਸ਼ਾ ਪਹੁੰਚਾਉਣ ਲਈ ਫੜੀਆਂ ਗਈਆਂ, 53 ਫ਼ੀ ਸਦੀ ਔਰਤਾਂ ਅਪਣੇ ਬਚਪਨ ਵਿਚ ਮਾਰ ਕੁਟਾਈ ਸਹਿੰਦੀਆਂ ਰਹੀਆਂ, ਤਾਅਨੇ ਸੁਣਦੀਆਂ ਰਹੀਆਂ ਤੇ ਸ੍ਰੀਰਕ ਸ਼ੋਸ਼ਣ ਵੀ ਭੋਗਿਆ, ਹਰ 10 ਵਿਚੋਂ 7 ਔਰਤਾਂ ਜੋ ਜੇਲ ਵਿਚ ਬੰਦ ਹਨ, ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਸਨ। ਇਨ੍ਹਾਂ ਕੈਦੀ ਔਰਤਾਂ ਵਿਚ ਪੰਜ ਗੁਣਾਂ ਵੱਧ ਮਾਨਸਕ ਰੋਗ ਹੋ ਚੁੱਕੇ ਸਨ। 80 ਫ਼ੀ ਸਦੀ ਤੋਂ ਵੱਧ ਅਪਣੀ ਭੁੱਖ ਮਿਟਾਉਣ ਲਈ ਦੁਕਾਨ ਤੋਂ ਖਾਣਾ ਚੁਕਦੀਆਂ ਫੜੀਆਂ ਗਈਆਂ ਸਨ ਤੇ 58 ਫ਼ੀ ਸਦੀ ਔਰਤਾਂ ਛੁੱਟ ਜਾਣ ਬਾਅਦ ਇਕ ਸਾਲ ਦੇ ਅੰਦਰ ਫਿਰ ਜੇਲ ਵਿਚ ਵਾਪਸ ਪਹੁੰਚ ਰਹੀਆਂ ਸਨ। ਇਸ ਸਾਰੇ ਵਿਚ ਪਿਸ ਰਹੇ ਸਨ ਨਾਬਾਲਗ ਬੱਚੇ! ਹਰ ਦੱਸਾਂ ਵਿਚੋਂ 9 ਬੱਚੇ ਘਰ ਛੱਡ ਕੇ ਮਜਬੂਰੀ ਵਸ ਬਾਹਰ ਨਿਕਲ ਰਹੇ ਸਨ ਕਿਉਂਕਿ ਉਨ੍ਹਾਂ ਦੀ ਮਾਂ ਜੇਲ ਵਿਚ ਬੰਦ ਸੀ। ਜਦ ਮਾਂ ਜੇਲੋਂ ਬਾਹਰ ਵੀ ਆ ਜਾਏ ਤਾਂ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਛੱਡੀ ਜਾਂਦੀ। ਇਸ ਲਈ ਹਰ ਪੰਜਾਂ ਵਿਚੋਂ ਦੋ ਔਰਤਾਂ ਜੇਲ ਵਿਚੋਂ ਬਾਹਰ ਨਿਕਲ ਕੇ ਅਪਣਾ ਨਵਾਂ ਟਿਕਾਣਾ ਭਾਲਦੀਆਂ ਹਨ। 'ਵੂਮੈਨ ਇਨ ਪਰਿਜ਼ਨ' ਨਾਮੀ ਪਰਚਾ, ਜੋ 6 ਮਾਰਚ 2018 ਨੂੰ ਛਾਪਿਆ ਗਿਆ, ਉਸ ਵਿਚ ਵਿਕਸਿਤ ਮੁਲਕਾਂ ਦੀਆਂ ਕੈਦੀ ਔਰਤਾਂ ਬਾਰੇ ਕੁੱਝ ਤੱਥ ਛਾਪੇ ਗਏ। ਉਸ ਅਨੁਸਾਰ :
1. ਕੈਦ ਵਿਚ ਬੰਦ ਔਰਤਾਂ ਵਿਚੋਂ 57 ਫ਼ੀ ਸਦੀ ਤੋਂ ਵੱਧ ਮੰਨੀਆਂ ਕਿ ਉਹ ਘਰੇਲੂ ਹਿੰਸਾ ਦੀਆਂ ਸ਼ਿਕਾਰ ਸਨ। ਅਸਲ ਨੰਬਰ ਬਹੁਤ ਵੱਧ ਹੋਵੇਗਾ ਕਿਉਂਕਿ ਬਾਕੀ ਔਰਤਾਂ ਡਰਦੀਆਂ ਮਾਰੀਆਂ ਜਵਾਬ ਹੀ ਨਹੀਂ ਸੀ ਦੇ ਰਹੀਆਂ ਕਿ ਜੇਲ ਤੋਂ ਬਾਹਰ ਨਿਕਲ ਕੇ ਕਿੱਥੇ ਰਹਾਂਗੀਆਂ।
2. ਕੈਦੀ ਔਰਤਾਂ ਕੈਦ ਵਿਚਲੇ ਮਰਦਾਂ ਨਾਲੋਂ ਦੁਗਣੀ ਗਿਣਤੀ ਵਿਚ ਢਹਿੰਦੀ ਕਲਾ ਦਾ ਸ਼ਿਕਾਰ ਹੋ ਰਹੀਆਂ ਸਨ ਤੇ ਕੈਦ ਤੋਂ ਬਾਹਰ ਵਿਚਰ ਰਹੀਆਂ ਔਰਤਾਂ ਨਾਲੋਂ ਤਿੰਨ ਗੁਣਾ ਵੱਧ ਢਹਿੰਦੀ ਕਲਾ ਸਹਿੰਦੀਆਂ ਸਨ। 3. ਕੈਦ ਵਿਚ ਔਰਤਾਂ ਵਿੱਚੋਂ 30 ਫ਼ੀ ਸਦੀ ਦੇ ਲਗਭਗ ਉਹ ਸਨ, ਜੋ ਜੇਲ ਵਿਚ ਆਉਣ ਤੋਂ ਪਹਿਲਾਂ ਹੀ ਮਾਨਸਿਕ ਰੋਗ ਸਹੇੜ ਚੁੱਕੀਆਂ ਹੋਈਆਂ ਸਨ। 4. ਜੁਰਮ ਕਰ ਕੇ ਜੇਲ ਪਹੁੰਚਣ ਵਾਲੀਆਂ ਔਰਤਾਂ ਵਿਚੋਂ 49 ਫ਼ੀ ਸਦੀ ਪਹਿਲਾਂ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਸਨ।
5. ਕੈਦੀ ਔਰਤਾਂ ਵਿਚੋਂ 53 ਫ਼ੀ ਸਦੀ ਅਪਣੇ ਬਚਪਨ ਵਿਚ ਮਾਰ ਕੁਟਾਈ, ਭੱਦੀ ਛੇੜ-ਛਾੜ, ਦੁਰਕਾਰਿਆ ਜਾਣਾ ਜਾਂ ਸ੍ਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਨ।
ਇਹ ਸਾਰੇ ਤੱਥ 13 ਜੇਲਾਂ ਵਿਚਲੀਆਂ ਔਰਤਾਂ ਦਾ ਸਰਵੇਖਣ ਕਰਨ ਬਾਅਦ ਸਾਹਮਣੇ ਰੱਖੇ ਗਏ ਜਿਨ੍ਹਾਂ ਵਿਚ ਬਰੌਂਜ਼ਫ਼ੀਲਡ ਔਰਤਾਂ ਦੀ ਜੇਲ ਸ਼ਾਮਲ ਸੀ। ਇਹ ਵੀ ਗੱਲ ਸਾਹਮਣੇ ਆਈ ਕਿ ਬਹੁਤੀਆਂ ਔਰਤਾਂ ਨਸ਼ੇ ਦੀ ਆਦਤ ਜੁਰਮ ਕਰਨ ਤੋਂ ਪਹਿਲਾਂ ਹੀ ਪਾਲ ਚੁਕੀਆਂ ਹੋਈਆਂ ਸਨ। ਹੈਰਾਨੀਜਨਕ ਗੱਲ ਇਹ ਸੀ ਕਿ 46 ਫ਼ੀ ਸਦੀ ਕੈਦੀ ਔਰਤਾਂ ਨੇ ਆਤਮਹਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਆਜ਼ਾਦ ਔਰਤਾਂ ਨਾਲੋਂ 7 ਗੁਣਾ ਵੱਧ ਰੇਟ ਸੀ। ਕੈਦੀ ਔਰਤਾਂ ਵਿਚ ਇਕ ਹੋਰ ਗੱਲ ਵੇਖਣ ਨੂੰ ਮਿਲੀ। ਉਹ ਸੀ-ਇਨ੍ਹਾਂ ਵਿਚ ਸਵੈ-ਭਰੋਸੇ ਦੀ ਘਾਟ। ਲਗਭਗ ਸਾਰੀਆਂ ਨੂੰ ਹੀ ਘਰ ਵਿਚੋਂ ਤਿਰਸਕਾਰ ਹਾਸਲ ਹੋਇਆ ਸੀ ਤੇ ਮਾਨਸਕ ਤਸ਼ੱਦਦ ਦਾ ਸ਼ਿਕਾਰ ਹੋਈਆਂ ਸਨ।
ਇਨ੍ਹਾਂ ਵਿਚੋਂ ਲਗਭਗ ਸਾਰੀਆਂ ਨੂੰ ਹੀ ਕਿਸੇ ਪਾਸਿਉਂ ਕੋਈ ਆਸਰਾ ਜਾਂ ਹੌਸਲਾ ਨਹੀਂ ਦਿਤਾ ਗਿਆ ਸੀ। ਸੱਭ ਪਾਸਿਉਂ ਨਕਾਰੇ ਜਾਣ ਉਤੇ ਤੇ ਪਿਆਰ ਵਿਹੂਣੇ ਰਹਿ ਜਾਣ ਸਦਕਾ ਇਨ੍ਹਾਂ ਦੇ ਮਨਾਂ ਵਿਚ ਏਨਾ ਗੁੱਸਾ ਭਰ ਗਿਆ ਸੀ ਕਿ ਉਹ ਜੁਰਮ ਕਰਨ ਲਈ ਮਜਬੂਰ ਹੋ ਗਈਆਂ ਸਨ। ਕੁੱਝ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈਆਂ ਸਨ ਤੇ ਕੁੱਝ ਅਪਣੇ ਹੀ ਘਰ ਵਿਚਲੇ ਰਿਸ਼ਤੇਦਾਰਾਂ ਵਲੋਂ ਇੱਜ਼ਤ ਤਾਰ-ਤਾਰ ਕਰਵਾਈ ਬੈਠੀਆਂ ਸਨ। ਤਾਜ਼ਾ ਰੀਪੋਰਟ ਅਨੁਸਾਰ ਇੰਗਲੈਂਡ ਦੀਆਂ ਜੇਲਾਂ ਵਿਚ ਪੰਜ ਫ਼ੀ ਸਦੀ ਔਰਤਾਂ ਹਨ ਤੇ ਉਨ੍ਹਾਂ ਲਈ 12 ਜੇਲਾਂ ਪਰ ਮਰਦਾਂ ਦੀਆਂ 123 ਜੇਲਾਂ। ਇਸੇ ਲਈ ਸਿਰਫ਼ ਮਰਦਾਂ ਦੇ ਮਨੁੱਖੀ ਹੱਕਾਂ ਲਈ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ। ਜੇਲਾਂ ਵਿਚ ਜੋ ਹੁਕਮ ਲਾਗੂ ਹੁੰਦੇ ਹਨ, ਉਹ ਮਰਦਾਂ ਦੇ ਹਿਸਾਬ ਨਾਲ ਲਾਗੂ ਹੋ ਰਹੇ ਹਨ। ਉਸ ਵਿਚ ਔਰਤਾਂ ਦੇ ਮਾਨਸਕ ਪੱਖ ਨੂੰ ਉੱਕਾ ਹੀ ਅਣਗੌਲਿਆ ਕਰ ਦਿਤਾ ਹੋਇਆ ਹੈ। ਦੋਹਾਂ ਦੀਆਂ ਸ੍ਰੀਰਕ ਲੋੜਾਂ ਵੀ ਵੱਖ ਹਨ ਪਰ ਔਰਤਾਂ ਬਾਰੇ ਕੁੱਝ ਵੀ ਵੱਖ ਨਹੀਂ ਸੋਚਿਆ ਗਿਆ।
ਏਨੀ ਵੱਡੀ ਗਿਣਤੀ ਵਿਚ ਮਾਨਸਕ ਤਸ਼ੱਦਦ ਸਹਿੰਦੀਆਂ ਔਰਤਾਂ ਨੂੰ ਵੇਖਦੇ ਹੋਏ ਕਮੇਟੀ ਵਲੋਂ ਇਹ ਸਲਾਹ ਦਿਤੀ ਗਈ ਕਿ ਜੇ ਵੇਲੇ ਸਿਰ ਇਨ੍ਹਾਂ ਔਰਤਾਂ ਨੂੰ ਮਨੋਵਿਗਿਆਨਕ ਡਾਕਟਰ ਕੋਲੋਂ ਇਲਾਜ ਨਾ ਮਿਲਿਆ ਤਾਂ ਇਨ੍ਹਾਂ ਵਿਚੋਂ ਬਹੁਤੀਆਂ ਖ਼ੁਦਕੁਸ਼ੀ ਕਰ ਸਕਦੀਆਂ ਹਨ ਜਾਂ ਸਦੀਵੀਂ ਮਾਨਸਕ ਰੋਗੀ ਬਣ ਸਕਦੀਆਂ ਹਨ। ਸੰਨ 1918 ਵਿਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦੇ ਹੱਕ ਮਿਲਣ ਦੇ 100 ਵਰ੍ਹੇ ਬਾਅਦ ਤਕ ਕੈਦੀ ਔਰਤਾਂ ਉਤੇ ਹੁੰਦੇ ਤਸ਼ੱਦਦ ਵਿਚ ਹਾਲੇ ਤਕ ਰੋਕ ਨਹੀਂ ਲੱਗ ਸਕੀ। ਕੈਨੇਡਾ ਦੀਆਂ ਜੇਲਾਂ ਵਿਚ ਪਿਛਲੇ 10 ਸਾਲਾਂ ਵਿਚ ਔਰਤਾਂ ਦੀ ਗਿਣਤੀ ਵਿਚ 37 ਫ਼ੀ ਸਦੀ ਵਾਧਾ ਹੋਇਆ ਹੈ। ਜਿਹੜਾ ਨੁਕਤਾ ਖ਼ਾਸ ਉਭਰ ਕੇ ਸਾਹਮਣੇ ਆਇਆ, ਉਹ ਹੈ-ਕੈਦ ਔਰਤਾਂ ਨੂੰ ਨਸ਼ਿਆਂ ਤੋਂ ਛੁਡਾਉਣ ਲਈ ਖ਼ਾਸ ਪ੍ਰਬੰਧ ਨਾ ਹੋਣੇ ਤੇ ਜੇਲਾਂ ਵਿਚ ਉਨ੍ਹਾਂ ਦੀ ਮਾਨਸਕ ਸਿਹਤ ਦਾ ਖ਼ਿਆਲ ਨਾ ਰਖਣਾ।
ਉਥੇ ਦੇ ਸੈਨੇਟਰਾਂ ਨੇ ਜੇਲਾਂ ਦੇ ਦੌਰੇ ਬਾਅਦ ਮੌਂਟਰੀਆਲ ਦੇ ਨੇੜੇ ਦੀ ਜੋਲੀਅਟ ਔਰਤਾਂ ਦੀ ਜੇਲ ਬਾਰੇ ਦਸਿਆ ਕਿ ਔਰਤਾਂ ਲਈ ਮਾਹਵਾਰੀ ਵਾਸਤੇ ਠੀਕ ਪ੍ਰਬੰਧ ਨਹੀਂ ਹਨ। ਮਾਈਕਲ ਫ਼ਰਗੂਸਨ, ਕੈਨੇਡਾ ਦੇ ਆਡੀਟਰ ਜਨਰਲ ਨੇ ਉਦੋਂ ਮੰਨਿਆ ਕਿ ਜੇਲਾਂ ਵਿਚਲੇ ਕਾਨੂੰਨ ਮਰਦਾਂ ਨੂੰ ਆਧਾਰ ਬਣਾ ਕੇ ਬਣਾਏ ਗਏ ਹਨ ਤੇ ਔਰਤਾਂ ਦੀਆਂ ਲੋੜਾਂ ਨੂੰ ਤਵੱਜੋਂ ਨਹੀਂ ਦਿਤੀ ਗਈ। ਇਸ ਵਾਸਤੇ ਔਰਤਾਂ ਦੀ ਮਾਨਸਕ ਦਸ਼ਾ ਨੂੰ ਵਿਸਾਰ ਦਿਤਾ ਗਿਆ ਹੈ ਜਿਸ ਦੀ ਸੰਭਾਲ ਦੀ ਬਹੁਤ ਜ਼ਿਆਦਾ ਲੋੜ ਹੈ। ਯੂਨੀਵਰਸਟੀ ਆਫ਼ ਟੋਰਾਂਟੋ ਦੇ ਡਾ. ਕੈਲੀ ਹਾਨਾ, ਜੋ ਕ੍ਰਿਮਿਨੌਲੋਜੀ ਦੇ ਪ੍ਰੋਫ਼ੈਸਰ ਹਨ ਵੀ ਮੰਨੇ ਹਨ ਕਿ ਜੇਲਾਂ ਤੋਂ ਬਾਹਰ ਨਿਕਲ ਕੇ ਔਰਤਾਂ ਲਈ ਜ਼ਿੰਦਗੀ ਬਹੁਤ ਔਖੀ ਹੈ। ਉੱਥੇ ਮੁੜ ਵਸੇਬੇ ਲਈ ਔਰਤਾਂ ਵਾਸਤੇ ਬਹੁਤੇ ਰਾਹ ਨਹੀਂ ਹਨ। (ਬਾਕੀ ਕੱਲ)
ਡਾ. ਹਰਸ਼ਿੰਦਰ ਕੌਰ,ਸੰਪਰਕ : 0175-2216783