ਵੱਡਾ ਘੱਲੂਘਾਰਾ ਤੇ ਸਿੱਖਾਂ ਦੀ ਯੁਧਨੀਤੀ

By : GAGANDEEP

Published : Feb 8, 2023, 3:26 pm IST
Updated : Feb 8, 2023, 3:26 pm IST
SHARE ARTICLE
 photo
photo

ਫ਼ਰਵਰੀ 1762 ਈਸਵੀ ਕੁੱਪ ਰੋਹੀੜਾ ਦੇ ਮੈਦਾਨ ਵਿਚ ਸਿੰਘਾਂ ਨੇ ਦੁਨੀਆਂ ਦੀ ਸੱਭ ਤੋਂ ਅਨੋਖੀ ਲੜਾਈ ਦਾ ਡੱਟ ਕੇ ਮੁਕਾਬਲਾ ਕੀਤਾ

 

ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉਪਰ ਤੀਜਾ ਹਮਲਾ  ਕਰ ਕੇ ਮਰਾਠਿਆਂ ਤੇ ਮੁਗ਼ਲਾਂ ਨੂੰ ਭਜਾ ਦਿਤਾ ਤਾਂ ਉਸ ਨੇ ਦਿੱਲੀ ਨੂੰ ਰੱਜ ਕੇ ਲੁਟਿਆ। ਉਸ ਨੇ ਧਨ, ਦੌਲਤ, ਹੀਰੇ, ਜਵਾਰਾਤ, ਪਸ਼ੂ, ਹਥਿਆਰ ਤੇ ਲਗਭਗ 2200 ਦੇ ਕਰੀਬ ਨੌਜੁਆਨ ਲੜਕੀਆਂ ਵੀ ਬੰਦੀ ਬਣਾ ਕੇ ਕਾਬੁਲ ਨੂੰ ਵਾਪਸੀ ਕਰ ਦਿਤੀ। ਬੰਦੀ ਬਣਾਈਆਂ ਲੜਕੀਆਂ ਦੇ ਵਾਰਸਾਂ ਨੇ ਜਾ ਕੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਫ਼ਰਿਆਦ ਕੀਤੀ ਕਿ  ਸਾਡੀਆਂ ਲੜਕੀਆਂ ਬਚਾਉ ਕਿਉਂਕਿ ਤੁਸੀ ਪਹਿਲਾਂ ਵੀ ਨਾਦਰ ਸ਼ਾਹ ਦੇ ਹਮਲੇ ਸਮੇਂ ਬੰਦੀ ਬੱਚੀਆਂ, ਉਸ ਕੋਲੋਂ ਛੁਡਵਾਈਆਂ ਸਨ ਤੇ ਸਾਡੇ ਉਤੇ ਵੀ ਕ੍ਰਿਪਾ ਕਰੋ। ਘਰ ਚੱਲ ਕੇ ਆਏ ਫ਼ਰਿਆਦੀ ਨੂੰ ਖ਼ਾਲੀ ਮੋੜਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖ਼ਾਲਸੇ ਦੇ ਅਸੂਲਾਂ ਵਿਰੁਧ ਸੀ। ਇਸ ਲਈ ਸ. ਜੱਸਾ ਸਿੰਘ ਆਹਲੂਵਾਲੀਆ ਨੇ ਉਸੇ ਵੇਲੇ ਅਪਣੇ ਸਾਥੀ ਜਰਨੈਲਾਂ ਦੀ ਇਕ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਆਖਿਆ, ‘‘ਕੀ ਸਮਝਣਗੇ ਕਾਬੁਲ ਦੇ ਲੋਕ ਕਿ ਭਾਰਤ ਵਿਚ ਕੋਈ ਮਰਦ ਕੌਮ ਹੀ ਨਹੀਂ ਰਹੀ। ਜੋ ਇਨ੍ਹਾਂ ਕੁੜੀਆਂ ਨੂੰ ਬਚਾਅ ਸਕੇ? ਖ਼ਾਲਸਾ ਜੀ, ਬੱਚੀਆਂ ਦੇਸ਼ ਦੀ ਇੱਜ਼ਤ ਹੁੰਦੀਆਂ ਨੇ, ਇਸ ਲਈ ਸਾਨੂੰ ਉਨ੍ਹਾਂ ਨੂੰ ਬਚਾਉਣਾ ਚਾਹੀਦਾ ਹੈ।’’

ਸਾਰੇ ਸਿੱਖ ਜਰਨੈਲਾਂ ਨੇ ਸ. ਜੱਸਾ ਸਿੰਘ ਦੀ ਹਾਂ ਵਿਚ ਹਾਂ ਮਿਲਾਈ ਤੇ ਉਸੇ ਵੇਲੇ ਅਹਿਮਦ ਸ਼ਾਹ ਅਬਦਾਲੀ ਦੇ ਕਾਫ਼ਲੇ ਵਲ ਕੂਚ ਕਰ ਦਿਤਾ। ਅਬਦਾਲੀ ਉਸ ਵੇਲੇ ਗੋਇੰਦਵਾਲ ਦੇ ਪੱਤਣ ਉਤੇ ਹੀ ਪਹੁੰਚਿਆ ਸੀ। ਖ਼ਾਲਸੇ ਨੇ ਜਾ ਕੇ ਉਸ ਦੇ ਲੰਮੇ ਕਾਫ਼ਲੇ ਦੇ ਉਸ ਹਿੱਸੇ ਉਤੇ ਹਮਲਾ ਕੀਤਾ ਜਿਥੇ ਗੱਡਿਆਂ ਉਪਰ ਲੱਦੀਆਂ ਹੋਈਆਂ ਲੜਕੀਆਂ ਰੋਂਦੀਆਂ ਕੁਰਲਾਉਂਦੀਆਂ ਜਾ ਰਹੀਆਂ ਸਨ ਤੇ ਉਨ੍ਹਾਂ ਨੇ ਅਬਦਾਲੀ ਦੇ ਸਿਪਾਹੀਆਂ ਨੂੰ ਮਾਰ ਕੇ ਉਹ 2200 ਲੜਕੀਆਂ ਛੁਡਵਾਈਆਂ, ਨਾਲ ਹੀ ਕੁੱਝ ਹਥਿਆਰ ਸ਼ਸਤਰ ਅਸਲਾ ਬਾਰੂਦ ਤੇ ਕੁੱਝ ਅਰਬੀ ਘੋੜੇ ਵੀ ਖੋਹ ਕੇ ਖ਼ਾਲਸੇ ਉਥੋਂ ਅੱਗੇ ਨਿਕਲ ਗਏ।  ਅਹਿਮਦ ਸ਼ਾਹ ਅਬਦਾਲੀ ਨੇ ਸ਼ਾਮ ਤਕ ਲਾਹੌਰ ਪਹੁੰਚ ਕੇ ਅਪਣੇ ਅਹਿਲਕਾਰਾਂ ਕੋਲੋਂ ਪੁਛਿਆ ਕਿ ਕੀ ਸਾਰਾ ਸਮਾਨ ਸਹੀ ਸਲਾਮਤ ਪਹੁੰਚ ਗਿਆ? ਤਾਂ ਉਸ ਦੇ ਅਹਿਲਕਾਰਾਂ ਨੇ ਦਸਿਆ ਬਾਦਸ਼ਾਹ ਸਲਾਮਤ ਗੋਇੰਦਵਾਲ ਦੇ ਪੱਤਣ ਤੇ ਸਿੰਘਾਂ ਦੇ ਇਕ ਦਸਤੇ ਨੇ ਸਾਡੇ ਉਪਰ ਹਮਲਾ ਕਰ ਕੇ 2200 ਲੜਕੀਆਂ ਤੇ ਕੁੱਝ ਹਥਿਆਰ, ਘੋੜੇ ਖੋਹ ਲਏ ਸਨ। ਬਾਕੀ ਸਾਰਾ ਲੁੱਟ ਦਾ ਸਮਾਨ ਸਹੀ ਸਲਾਮਤ ਪਹੁੰਚ ਗਿਆ ਹੈ।

ਇਹ ਸੁਣ ਕੇ ਅਹਿਮਦ ਸ਼ਾਹ ਅਬਦਾਲੀ ਅੱਗ ਬਬੂਲਾ ਹੋ ਉਠਿਆ। ਉਸ ਦੀਆਂ ਅੱਖਾਂ ਵਿਚ ਖ਼ੂਨ ਉਤਰ ਆਇਆ। ਉਸ ਨੇ ਆਖਿਆ, ‘‘ਮੇਰੇ ਕਾਫ਼ਲੇ ਉਪਰ ਹਮਲਾ ਕਰਨ ਦੀ ਕਿਸੇ ਨੂੰ ਹਿੰਮਤ ਕਿਵੇਂ ਪਈ? ਅਹਿਮਦ ਸ਼ਾਹ ਅਬਦਾਲੀ ਨੇ ਪੂਰੇ ਏਸ਼ੀਆ ਵਿਚ ਤਲਵਾਰ ਖੜਕਾ ਕੇ ਅਪਣੇ ਆਪ ਨੂੰ ਜ਼ਬਰਦਸਤ ਜਰਨੈਲ ਸਾਬਤ ਕੀਤਾ ਹੋਇਆ ਹੈ।’’ ਉਸ ਨੇ ਅਪਣੇ ਅਹਿਲਕਾਰਾਂ ਨੂੰ ਆਖਿਆ, ‘‘ਅਹਿਮਦਸ਼ਾਹ ਅਬਦਾਲੀ ਕੋਲੋਂ ਪੂਰੀ ਦੁਨੀਆਂ ਥਰ-ਥਰ  ਕੰਬਦੀ ਉਠਦੀ ਹੈ, ਇਕ ਤੂਫ਼ਾਨ ਦਾ ਨਾਮ ਹੈ ਅਹਿਮਦ ਸ਼ਾਹ ਅਬਦਾਲੀ। ਮੈਂ ਜਿਸ ਮੁਲਕ ਉਪਰ ਹਮਲਾ ਕਰਦਾ ਹਾਂ, ਉਥੇ ਪਰਲੋ ਆ ਜਾਂਦੀ ਹੈ। ਮੇਰੇ ਨਾਮ ਤੋਂ ਏਸ਼ੀਆ ਦਾ ਪੱਤਾ-ਪੱਤਾ ਕੰਬਦਾ ਹੈ। ਇਹ ਕਿਹੜੇ ਸੂਰਮੇ ਨੇ ਜਿਨ੍ਹਾਂ ਨੇ ਅਹਿਮਦਸ਼ਾਹ ਅਬਦਾਲੀ ਦੇ ਕਾਫ਼ਲੇ ਨੂੰ ਲੁੱਟਣ ਦੀ ਹਿੰਮਤ ਵਿਖਾਈ?’’ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਦੇ ਸੂਬੇਦਾਰਾਂ ਤੋਂ ਸਿੱਖਾਂ ਬਾਰੇ ਪੂਰੀ ਜਾਣਕਾਰੀ ਮੰਗੀ। ਸੂਬੇਦਾਰ ਨੇ ਜਵਾਬ ਦਿਤਾ ਕਿ ‘‘ਇਹ ਪੀਰ-ਏ-ਹਿੰਦ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦਾ ਸਾਜਿਆ ਹੋਇਆ ਖ਼ਾਲਸਾ ਹੈ। ਇਹ ਪੂਰੇ ਪੰਜਾਬ ਵਿਚ ਵਸਿਆ ਹੋਇਆ ਹੈ।

ਇਹ ਗ਼ਰੀਬਾਂ ਲੋੜਵੰਦਾਂ ਦੀ ਮਦਦ ਕਰਦੇ ਹਨ ਤੇ ਸਰਕਾਰਾਂ  ਨਾਲ ਟੱਕਰ ਲੈਣ ਤੋਂ ਨਹੀਂ ਘਬਰਾਉਂਦੇ। ਸਾਡਾ ਇਨ੍ਹਾਂ ਨੇ ਨੱਕ ਵਿਚ ਦਮ ਕੀਤਾ ਹੋਇਆ ਹੈ। ਇਹ ਛੁਡਵਾਈਆਂ ਲੜਕੀਆਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਤਕ ਪਹੁੰਚਾ ਆਏ। ਇਸੇ ਕਰ ਕੇ ਪੰਜਾਬ ਦੀ ਬਹੁਤੀ ਵਸੋਂ ਧੜਾਧੜ ਸਿੱਖ ਬਣਦੀ ਜਾ ਰਹੀ ਹੈ। ਇਹ ਆਉਣ ਵਾਲੇ ਸਮੇਂ ਤਕ ਬਹੁਤ ਵੱਡਾ ਖ਼ਤਰਾ ਬਣ ਸਕਦੇ ਹਨ।’’ ਅਹਿਮਦ ਸ਼ਾਹ ਅਬਦਾਲੀ ਨੇ ਇਸ ਘਟਨਾ ਤੋਂ ਇਹ ਸਬਕ ਸਿਖ ਲਿਆ ਕਿ ਜਾਂ ਤਾਂ ਉਹ ਅੱਗੇ ਤੋਂ ਭਾਰਤ ਤੇ ਹਮਲਾ ਕਰਨਾ ਬੰਦ ਕਰ ਦੇਵੇ ਤੇ ਜਾਂ ਪਹਿਲਾਂ ਇਨ੍ਹਾਂ ਸਿੱਖਾਂ ਨੂੰ ਖ਼ਤਮ ਕਰੇ ਨਹੀਂ ਤਾਂ ਕਾਮਯਾਬੀ ਹੱਥ ਨਹੀਂ ਆ ਸਕਦੀ। ਉਸ ਨੇ ਅਪਣੇ ਚੋਣਵੇਂ ਜਰਨੈਲਾਂ ਦੀ ਇਕ ਮੀਟਿੰਗ ਬੁਲਾਈ ਤੇ ਉਨ੍ਹਾਂ ਨਾਲ ਸਲਾਹ ਕਰ ਕੇ ਇਹ ਫ਼ੈਸਲਾ ਕੀਤਾ ਗਿਆ ਕਿ ਅਗਲਾ ਹਮਲਾ ਕੇਵਲ ਪੰਜਾਬ ਉਤੇ ਹੋਵੇਗਾ ਤੇ ਇਸ ਹਮਲੇ ਦਾ ਨਿਸ਼ਾਨਾ ਕੇਵਲ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੋਵੇਗਾ। ਇਸੇ ਕਰ ਕੇ ਉਸ ਨੇ ਪੰਜਾਬ ਦੇ ਸਾਰੇ ਸੂਬੇਦਾਰ ਬਦਲ ਦਿਤੇ ਜਿਨ੍ਹਾਂ ਵਿਚ ਮੁਲਤਾਨ, ਮਲੇਰਕੋਟਲਾ, ਸਰਹੰਦ ਤੇ ਲਾਹੌਰ ਦੇ ਸਾਰੇ ਅਹੁਦੇਦਾਰ ਅਪਣੇ ਵਿਸ਼ਵਾਸਪਾਤਰ ਲਗਾਏ ਤੇ ਉਨ੍ਹਾਂ ਨੂੰ ਸਿੱਖਾਂ ਦਾ ਕਤਲੇਆਮ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ। ਸਿੱਖਾਂ ਦੇ ਸਿਰਾਂ ਦੇ ਮੁੱਲ ਰਖਣੇ ਸ਼ੁਰੂ ਕੀਤੇ। ਕਾਬੁਲ ਪਹੁੰਚ ਕੇ ਅਹਿਮਦ ਸ਼ਾਹ ਅਬਦਾਲੀ ਨੇ ਅਗਲੇ ਹਮਲੇ ਦੀ ਤਿਆਰੀ ਸ਼ੁਰੂ ਕੀਤੀ।

ਉਸ ਦੀ ਇਹ ਖ਼ਾਸੀਅਤ ਸੀ ਕਿ ਉਹ ਇਕ ਹਮਲਾ ਕਰ ਕੇ ਦੂਸਰੇ ਹਮਲੇ ਦੀ ਤਿਆਰੀ ਸ਼ੁਰੂ ਕਰ ਦੇਂਦਾ ਸੀ ਤੇ ਲਗਭਗ ਇਕ ਸਾਲ ਤੋਂ ਵੱਧ ਸਮਾਂ ਹਰ ਪੱਖ ਤੋਂ ਪੂਰੀ ਤਿਆਰੀ ਕਰ ਕੇ ਯੋਜਨਾਬੱਧ ਤਰੀਕੇ ਨਾਲ ਅਗਲਾ ਹਮਲਾ ਕਰਦਾ ਸੀ। ਉਹ ਅਪਣੇ ਆਪ ਨੂੰ ਧਰਤੀ ਦਾ ਵੱਡਾ ਸੂਰਮਾ ਸਮਝਦਾ ਸੀ, ਇਸ ਕਰ ਕੇ ਉਸ ਕੋਲੋਂ ਸਿੱਖਾਂ ਦੀ ਸੂਰਮਤਾਈ ਦੀ ਗੱਲ ਬਰਦਾਸ਼ ਨਾ ਹੋਈ ਤੇ ਉਸ ਨੇ ਸਿੱਖ ਕੌਮ ਨੂੰ ਖ਼ਤਮ ਕਰਨ ਦਾ ਪੂਰਾ ਇਰਾਦਾ ਬਣਾ ਲਿਆ। ਉਸ ਨੇ ਪੂਰੇ ਅਫ਼ਗਾਨਿਸਤਾਨ, ਇਰਾਨ ਤੇ ਹੋਰ ਹਮਖ਼ਿਆਲ ਦੇਸ਼ਾਂ ਵਿਚ ਜੇਹਾਦ (ਧਰਮ ਯੁਧ) ਦੀ ਜੰਗ ਲਈ ਚੋਣਵੇ ਜਵਾਨਾਂ ਦੀ ਮੰਗ ਕੀਤੀ, ਜੋ ਉਸ ਨੂੰ ਪ੍ਰਾਪਤ ਹੋਏ। ਉਸ ਨੇ ਨਵੇਂ ਸ਼ਸਤਰ, ਤੋਫ਼ਾ ਹਾਥੀ, ਘੋੜੇ ਆਦਿ ਦੀ ਸਮਗਰੀ ਵੀ ਸਪੈਸ਼ਲ ਤਿਆਰ ਕੀਤੀ। ਉਸ ਨੇ ਨਾਲ ਲਗਦੇ ਦੇਸ਼ਾਂ ਵਿਚ, ਅਰਬੀ, ਫ਼ਾਰਸੀ ਦੇ ਲੇਖਕ, ਕਵੀ, ਵਿਦਵਾਨ ਤੇ ਇਤਿਹਾਸਕਾਰ ਇਕੱਠੇ ਕੀਤੇ ਜਿਨ੍ਹਾਂ ਨੇ ਅਬਦਾਲੀ ਹੱਥੋਂ ਸਿੱਖਾਂ ਦੇ ਖ਼ਾਤਮੇ ਤੋਂ ਬਾਅਦ ਕਵਿਤਾਵਾਂ ਤੇ ਇਤਿਹਾਸ ਲਿਖਣਾ ਸੀ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸੇ ਨੂੰ ਖ਼ਤਮ ਕਰ ਕੇ ਦੁਨੀਆਂ ਦੇ ਇਤਿਹਾਸ ਵਿਚ ਅਪਣਾ ਨਾਮ ਦਰਜ ਕਰਵਾਉਣਾ ਚਾਹੁੰਦਾ ਸੀ। ਇਸ ਗੱਲ ਦੀ ਪੁਸ਼ਟੀ ਉਸ ਦੇ ਹਮਲੇ ਵਿਚ ਆਏ ਇਰਾਨ ਦੇ ਫ਼ਾਰਸੀ ਦੇ ਪ੍ਰਸਿੱਧ ਲੇਖਕ ਤਹਿਬਾਜ਼ ਖ਼ਾਨ ਨੇ ਅਪਣੀ ਮਸ਼ਹੂਰ ਕਿਤਾਬ (ਤਹਿਬਾਜ਼ ਨਾਮਾ) ਵਿਚ ਕੀਤਾ ਹੈ।

ਅਹਿਮਦਸ਼ਾਹ ਅਬਦਾਲੀ ਨੇ ਅਪਣੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਅਪਣੇ ਇਕ ਜਰਨੈਲ ਨੁਰਦੀਨ ਬਾਵਜਈ ਨੂੰ ਸਿੱਖਾਂ ਉਪਰ ਚੜ੍ਹਾਈ ਲਈ ਭੇਜਿਆ ਜੋ ਸਿਆਲਕੋਟ ਵਿਚ ਸ. ਚੜ੍ਹਤ ਸਿੰਘ ਸ਼ੁਕਰਚਕੀਆ ਹੱਥੋਂ ਬੁਰੀ ਤਰ੍ਹਾਂ ਹਾਰਿਆ। ਉਸ ਤੋਂ ਬਾਅਦ ਉਸ ਦਾ ਲਾਹੌਰ ਦਾ ਸੂਬੇਦਾਰ, ਸ. ਜੱਸਾ ਸਿੰਘ ਆਹਲੂਵਾਲੀਆ ਹੱਥੋਂ ਹਾਰ ਗਿਆ ਤੇ ਲਾਹੌਰ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਉਸ ਤੋਂ ਬਾਅਦ ਦੀਵਾਲੀ ਤੇ ਸਿੱਖਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਰਬੱਤ ਖ਼ਾਲਸਾ ਬੁਲਾ ਕੇ ਅਪਣੀ ਰਣਨੀਤੀ ਤਿਆਰ ਕਰ ਲਈ। ਉਨ੍ਹਾਂ ਨੇ ਸਲਾਹ ਕੀਤੀ ਕਿ ਪੂਰੇ ਪੰਜਾਬ ਵਿਚੋਂ ਸਾਰੀ ਸਿੱਖ ਕੌਮ ਬੱਚੇ, ਬਜ਼ੁਰਗ, ਬੀਬੀਆਂ ਆਦਿ ਨੂੰ ਕਿਸੇ ਸੁਰੱਖਿਅਤ ਥਾਂ ਤੇ ਪਹੁੰਚਾ ਕੇ ਅਬਦਾਲੀ ਦਾ ਸਾਹਮਣਾ ਕੀਤਾ ਜਾਵੇ। ਇਸੇ ਸਕੀਮ ਤਹਿਤ ਸਾਰੇ ਲੋਕ ਪੰਜਾਬ ਦੇ ਸਾਰੇ ਇਲਾਕਿਆਂ ਤੋਂ ਇਕੱਠੇ ਕਰ ਕੇ ਮਾਲਵੇ ਵਲ ਚਾਲੇ ਪਾ ਦਿਤੇ। ਇਸ ਗੱਲ ਦੀ ਖ਼ਬਰ ਜੰਡਿਆਲੇ ਦੇ ਮਹੰਤ ਅਕਲਦਾਸ ਕੋਲ ਪਹੁੰਚ ਗਈ।

ਉਸ ਨੇ ਇਹ ਖ਼ਬਰ, ਅਹਿਮਦ ਸ਼ਾਹ ਅਬਦਾਲੀ ਨੂੰ ਪਹੁੰਚਾਈ। ਅਬਦਾਲੀ ਉਸੇ ਵੇਲੇ ਭਾਰਤ ਵਲ ਚੱਲ ਪਿਆ। ਉਸ ਨੇ ਆ ਕੇ ਲਾਹੌਰ ਵਿਖੇ ਪੜਾਅ ਕੀਤਾ। ਉਥੇ ਉਸ ਨੂੰ ਇਹ ਖ਼ਬਰ ਮਲੇਰ-ਕੋਟਲੇ ਦੇ ਨਵਾਬ ਭੀਖਣ ਸ਼ਾਹ ਨੇ ਅਪਣੇ ਸੁਹੀਏ ਰਾਹੀਂ ਭੇਜੀ ਕਿ ਸਿੱਖਾਂ ਦਾ ਇਕ ਕਾਫ਼ਲਾ ਮਲੇਰਕੋਟਲੇ ਲਾਗੇ ਪਹੁੰਚ ਚੁੱਕਾ ਹੈ, ਕੀ ਕੀਤਾ ਜਾਵੇ? ਅਹਿਮਦ ਸ਼ਾਹ ਅਬਦਾਲੀ ਨੇ ਇਥੇ ਰੱਬ ਦਾ ਸ਼ੁਕਰ ਕੀਤਾ ਤੇ ਆਖਿਆ ਕਿ  ਇਸ ਹਮਲੇ ਵਿਚ ਰੱਬ ਮੇਰਾ ਸਾਥ ਦੇ ਰਿਹਾ ਹੈ, ਉਸ ਨੇ ਸਾਰੇ ਸਿੱਖਾਂ ਨੂੰ ਆਪ ਹੀ ਇਕ ਥਾਂ ਇਕੱਠਾ ਕਰ ਦਿਤਾ ਨਹੀਂ ਤਾਂ ਮੈਨੂੰ ਪੂਰੇ ਪੰਜਾਬ ਵਿਚ ਲਭਣੇ ਔਖੇ ਹੋ ਜਾਣੇ ਸਨ। ਉਸ ਨੇ ਭੀਖਣ ਸ਼ਾਹ ਨੂੰ ਜਵਾਬੀ ਹੁਕਮ ਭੇਜੇ ਕਿ ਤੁਸੀ ਨਵਾਬ ਸਰਹਿੰਦ ਜ਼ੈਨ ਖ਼ਾਨ ਨੂੰ ਨਾਲ ਲੈ ਕੇ ਸਿੰਘਾਂ ਉਪਰ ਹਮਲਾ ਕਰ ਕੇ ਇਨ੍ਹਾਂ ਨੂੰ ਅੱਗੇ ਵੱਧਣ ਤੋਂ ਰੋਕੋ। ਮੈਂ ਬਹੁਤ ਜਲਦੀ ਮਲੇਰ ਕੋਟਲੇ ਪਹੁੰਚਦਾ ਹਾਂ। ਅਹਿਮਦ ਸ਼ਾਹ ਅਬਦਾਲੀ ਦਾ ਸੁਨੇਹਾ ਮਿਲਦੇ ਸਾਰ ਭੀਖਣ ਸ਼ਾਹ ਤੇ ਜ਼ੈਨ ਖ਼ਾਨ ਦਾ ਸੈਨਾਪਤੀ ਪੰਡਤ ਲਕਸ਼ਮੀ ਨਰਾਇਣ, ਵਲੀ ਖ਼ਾਨ, ਰਹਿਮਤ ਉਲਾ ਖ਼ਾਨ, ਕਾਸਮ ਖ਼ਾਨ, ਮੁਰਤਜ਼ਾ ਖ਼ਾਨ ਵੜੈਚ ਤੇ ਇਤਿਹਾਸਕਾਰ ਤੇਜਬਾਜ਼ ਖ਼ਾਨ ਆਦਿ ਨੇ ਸਿੱਖਾਂ ਉਪਰ ਅਚਨਚੇਤ ਹਮਲਾ ਕਰ ਦਿਤਾ ਤੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਲਿਆ।

ਹੁਣ ਸਿੰਘ ਉਨ੍ਹਾਂ ਦਾ ਮੁਕਾਬਲਾ ਵੀ ਕਰ ਰਹੇ ਸਨ ਤੇ ਅਪਣੇ ਬਾਲ ਬੱਚੇ ਦੀ ਸੁਰੱਖਿਆ ਵੀ ਕਰ ਰਹੇ ਸਨ। ਦੂਜੇ ਪਾਸੇ ਬਿਨਾਂ ਦੇਰੀ ਕੀਤੇ ਅਬਦਾਲੀ ਵਰ੍ਹਦੇ ਮੀਂਹ ਵਿਚ ਲਾਹੌਰ ਤੋਂ ਮਲੇਰਕੋਟਲਾ ਵਲ ਰਾਤ ਦੇ ਹਨੇਰੇ ਦੀ ਪ੍ਰਵਾਹ ਨਾ ਕਰਦਾ ਹੋਇਆ ਚੱਲ ਪਿਆ ਤੇ ਰਾਤੋਂ ਰਾਤ 90 ਕੋਹ ਦਾ ਪੰਧ ਮੁਕਾ ਕੇ ਦਿਨ ਚੜ੍ਹੇ ਨੂੰ ਮਲੇਰਕੋਟਲਾ ਪਹੁੰਚ ਗਿਆ। ਅਹਿਮਦ ਸ਼ਾਹ ਅਬਦਾਲੀ ਨੇ ਜਾਂਦਿਆਂ ਸਾਰ ਅਪਣੇ ਸਾਰੇ ਜਰਨੈਲਾਂ ਦੀ ਇਕ ਮੀਟਿੰਗ ਬੁਲਾਈ ਜਿਸ ਵਿਚ ਉਸ ਨੇ ਸਾਰਿਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਇਸ ਲੜਾਈ ਵਿਚ ਅਸੀ ਸਾਰੇ ਸਿੱਖਾਂ ਉਪਰ ਤਲਵਾਰ ਚਲਾਉਣੀ ਹੈ। ਇਨ੍ਹਾਂ ਦੀਆਂ ਔਰਤਾਂ, ਬਜ਼ੁਰਗ, ਬੱਚੇ ਕਿਸੇ ਦਾ ਕੋਈ ਲਿਹਾਜ਼ ਨਾ ਕੀਤਾ ਜਾਵੇ, ਭਾਵੇਂ ਇਹ ਇਸਲਾਮ ਉਲਟ ਹੈ ਪਰ ਆਪਾਂ ਸਿੱਖਾਂ ਦਾ ਖੁਰਾ ਖੋਜ  ਮੁਕਾ ਦੇਣਾ ਹੈ। ਉਸ ਨੇ ਅਪਣੀ ਫ਼ੌਜ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਿਸ ਵਿਚ ਜ਼ੈਨ ਖ਼ਾਨ ਨਵਾਬ ਸਰਹਿੰਦ, ਭੀਖਣ ਸ਼ਾਹ ਨਵਾਬ ਮਲੇਰਕੋਟਲਾ, ਮੁਰਤਜ਼ਾ ਖ਼ਾਨ ਵੜੈਚ, ਤਹਿਬਾਜ਼ ਖ਼ਾਨ, ਰਹਿਮਤ ਉਲਾ ਖ਼ਾਨ, ਕਾਸਮ ਖ਼ਾਨ ਆਦਿ ਜਰਨੈਲਾਂ ਦੀ ਡਿਊਟੀ ਲਗਾਈ ਕਿ ਉਹ ਅਗਲੇ ਪਾਸੇ ਜਾ ਕੇ ਵਹੀਰ ਨੂੰ ਘੇਰ ਕੇ ਉਨ੍ਹਾਂ ਦਾ ਕਤਲ-ਏ-ਆਮ ਸ਼ੁਰੂ ਕਰਨ ਤੇ ਕੁੱਝ ਚੋਣਵੇਂ ਜਵਾਨ ਜਿਨ੍ਹਾਂ ਵਿਚ ਬਖ਼ਸ਼ੀ ਜਹਾਨ ਖ਼ਾਨ, ਸਰਬੁਲੰਦ ਖ਼ਾਨ ਆਦਿ ਅਪਣੇ ਕੋਲ ਰੱਖ ਲਏ ਤਾਂ ਜੋ ਸਿੱਖ ਜਰਨੈਲਾਂ ਉਪਰ ਸਿੱਧਾ ਹਮਲਾ ਕੀਤਾ ਜਾ ਸਕੇ।

5 ਫ਼ਰਵਰੀ 1762 ਈਸਵੀ ਕੁੱਪ ਰੋਹੀੜਾ ਦੇ ਮੈਦਾਨ ਵਿਚ ਸਿੰਘਾਂ ਨੇ ਦੁਨੀਆਂ ਦੀ ਸੱਭ ਤੋਂ ਅਨੋਖੀ ਲੜਾਈ ਦਾ ਡੱਟ ਕੇ ਮੁਕਾਬਲਾ ਕੀਤਾ। ਉਨ੍ਹਾਂ ਨੇ ਅਪਣੀ ਫ਼ੌਜੀ ਵੰਡ ਇਸ ਤਰ੍ਹਾਂ ਕੀਤੀ ਕਿ ਸਾਰੀ ਵਹੀਰ ਬਾਲ ਬੱਚਾ ਵਿਚਕਾਰ ਕਰ ਕੇ ਸਾਰੀ ਫ਼ੌਜ ਚਾਰੇ ਪਾਸੇ ਘੇਰਾ ਬਣਾ ਕੇ ਖੜੀ ਹੋ ਗਈ ਤੇ ਇਕ ਗੋਲ ਚੱਕਰ ਵਿਚ ਥੋੜੀ-ਥੋੜੀ  ਦੂਰੀ ਤੇ ਜਰਨੈਲ ਡਿਊਟੀਆਂ ਤੇ ਤਾਈਨਾਤ ਹੋਏ ਜਿਨ੍ਹਾਂ ਵਿਚ ਸ. ਦਿੱਤ ਸਿੰਘ ਡਲੇਵਾਲੀਆ, ਸ. ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਸੰਤ ਸਿੰਘ, ਸ. ਸ਼ਾਮ ਸਿੰਘ, ਸ. ਨੱਥਾ ਸਿੰਘ, ਸ. ਪ੍ਰੇਮ ਸਿੰਘ, ਸ. ਬਘੇਲ ਸਿੰਘ ਤੇ ਸੁਲਤਾਨ ਉਲ ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਤੇ ਸ. ਚੜ੍ਹਤ ਸਿੰਘ ਸ਼ੁਕਰਚੱਕੀਆ ਸਾਰਿਆਂ ਉਪਰ ਮੁੱਖ ਜਰਨੈਲ ਸਨ। ਇਹ ਰਣਨੀਤੀ ਉਦੋਂ ਬਣੀ ਜਦੋਂ ਅਬਦਾਲੀ ਪਹੁੰਚਿਆ ਤੇ ਕੁੱਝ ਸਮੇਂ ਦੀ ਲੜਾਈ ਰੁਕੀ ਕਿਉਂਕਿ ਲੜਾਈ ਤਾਂ ਭੀਖਣ ਸ਼ਾਹ, ਜ਼ੈਨ ਖ਼ਾਨ ਤੇ ਮੁਰਤਜ਼ਾ ਖ਼ਾਨ ਵਲੋਂ ਤੜਕਸਾਰ ਹੀ ਆਰੰਭ ਹੋ ਗਈ ਸੀ। ਉਨ੍ਹਾਂ ਨੇ ਵਹੀਰ ਤੇ ਅਣਜਾਣ ਬੈਠੇ ਸਿੰਘਾਂ ਦਾ ਬਹੁਤ ਨੁਕਸਾਨ ਕੀਤਾ ਸੀ। 

ਅਬਦਾਲੀ ਨੇ 5 ਫ਼ਰਵਰੀ 1962 ਈਸਵੀ ਨੂੰ ਸਵੇਰੇ ਦਸ ਵਜੇ ਅਪਣੇ ਚੋਣਵੇਂ ਜਰਨੈਲ ਨਾਲ ਲੈ ਕੇ ਸਿੰਘਾਂ ਉਪਰ ਬੜਾ ਕਹਿਰੀ ਹਮਲਾ ਕੀਤਾ। ਸਿੰਘਾਂ ਕੋਲ ਨਾ ਤਾਂ ਤੋਪਖਾਨਾ ਸੀ ਤੇ ਨਾ ਹੀ ਅਬਦਾਲੀ ਦੇ ਮੁਕਾਬਲੇ ਹਥਿਆਰ ਸਨ ਪਰ ਸਿੰਘਾਂ ਨੇ ਜਿਹੜੀ ਯੁੱਧ ਨੀਤੀ ਤਿਆਰ ਕੀਤੀ, ਉਸ ਨੂੰ ਵੇਖ ਕੇ ਅਬਦਾਲੀ ਹੈਰਾਨ ਰਹਿ ਗਿਆ। ਉਹ ਏਸ਼ੀਆ ਦਾ ਮੰਨਿਆ ਹੋਇਆ ਜਰਨੈਲ ਸੀ ਪਰ ਸਿੰਘਾਂ ਦੀ ਰਣਨੀਤੀ ਵੇਖ ਕੇ ਦੰਗ ਰਹਿ ਗਿਆ। ਸਿੰਘ ਇਕ ਚੱਕਰ ਵਿਚ  ਲੜਦੇ-ਲੜਦੇ ਅੱਗੇ ਵੱਧ ਰਹੇ ਸਨ। ਜਦੋਂ ਇਕ ਜਰਨੈਲ ਦਾ ਜਥਾ ਹੰਭ ਜਾਂਦਾ ਤਾਂ ਉਹ ਅੱਗੇ ਵੱਲ ਘੁੰਮ ਜਾਂਦਾ। ਫਿਰ ਦੂਜਾ ਜਰਨੈਲ ਅਪਣੇ ਜਥੇ ਸਮੇਤ ਮੁਕਾਬਲਾ ਕਰਦਾ। ਪਰ ਅਬਦਾਲੀ ਦੇ ਜਰਨੈਲ ਉਹੀ ਰਹਿੰਦੇ। ਇਹ ਜੰਗ ਨੀਤੀ ਅਬਦਾਲੀ ਨੇ ਪਹਿਲੀ ਵਾਰ ਵੇਖੀ ਸੀ। ਅਬਦਾਲੀ ਨੇ ਪੂਰੇ ਜ਼ੋਰ ਨਾਲ ਸਿੰਘਾਂ ਉਪਰ 6  ਹਮਲੇ ਕੀਤੇ ਪਰ ਉਸ ਦੀ ਇਕ ਵੀ ਪੇਸ਼ ਨਾ ਗਈ। ਉਦੋ ਗੁੱਸੇ ਵਿਚ ਆਏ ਸ. ਜੱਸਾ ਸਿੰਘ ਅਹਲੂਵਾਲੀਆ ਤੇ ਸ. ਚੜ੍ਹਤ ਸਿੰਘ ਸ਼ੁਕਰਚਕੀਆ ਨੇ ਅੱਗੇ ਵੱਧ ਕੇ ਅਬਦਾਲੀ ਤੇ ਹਮਲਾ ਕੀਤਾ। ਜੇਕਰ ਅਬਦਾਲੀ ਦਾ ਵੱਡਾ ਜਰਨੈਲ ਬਖ਼ਸ਼ੀ ਜਹਾਨ ਖ਼ਾਨ ਉਸ ਦੀ ਮਦਦ ਲਈ ਨਾ ਆਉਂਦਾ ਦਾ ਅਬਦਾਲੀ ਸ. ਚੜ੍ਹਤ ਸਿੰਘ ਹੱਥੋਂ ਮਾਰਿਆ ਜਾਣਾ ਸੀ ਤੇ ਜੰਗ ਦਾ ਨਤੀਜਾ ਕੁੱਝ ਹੋਰ ਬਣ ਜਾਣਾ ਸੀ।

ਉਸ ਦੀ ਕਿਸਮਤ ਸਾਥ ਦੇ ਗਈ ਪਰ ਉਹ ਪੂਰੀ ਤਰ੍ਹਾਂ ਡਰ ਗਿਆ ਤੇ ਫਿਰ ਵਾਰ-ਵਾਰ ਵੰਗਾਰਨ ਤੇ ਵੀ ਉਹ ਅੱਗੇ ਨਾ ਆਇਆ। ਅਸਲ ਵਿਚ ਉਸ ਨੇ ਹਾਰ ਮੰਨ ਲਈ ਸੀ। ਇਹ ਭਿਆਨਕ ਜੰਗ ਦਿਨ ਡੁੱਬਣ ਤਕ ਚਲਦੀ ਰਹੀ ਤੇ ਦੋਹਾਂ ਪਾਸਿਆਂ ਤੋਂ ਸੂਰਮੇ ਧਰਤੀ ਉਪਰ ਡਿਗਦੇ ਰਹੇ। ਸਿੰਘ ਲੜਦੇ ਲੜਦੇ ਪਿੰਡ ਗਹਿਲ ਤਕ ਪਹੁੰਚ ਗਏ ਪਰ ਉਥੇ ਵੀ ਕੋਈ ਮਦਦ ਨਾ ਮਿਲੀ। ਅੱਗੇ ਜਾ ਕੇ ਪਿੰਡ ਕੁਤਬਾ ਬਾਮਨਿਆ ਵਿਚ ਹਨੇਰਾ ਪੈਣ ਲੱਗਾ ਤੇ ਲੜਾਈ ਬੰਦ ਹੋ ਗਈ। ਅਬਦਾਲੀ ਅਪਣੀ ਫ਼ੌਜ ਸਮੇਤ ਮਲੇਰਕੋਟਲੇ ਵਲ ਚਲਾ ਗਿਆ ਤੇ ਸਿੰਘ ਅੱਗੇ ਬਰਨਾਲੇ ਵਲ ਨਿਕਲ ਗਏ। ਇਸ ਜਗ੍ਹਾ ਉਪਰ ਲਗਭਗ 55 ਹਜ਼ਾਰ ਬੰਦੇ ਦਾ ਜਾਨੀ ਨੁਕਸਾਨ ਹੋਇਆ। ਇਸ ਵਿਚ ਸਿੰਘਾਂ ਦਾ 30 ਹਜ਼ਾਰ ਤੇ ਅਬਦਾਲੀ ਫ਼ੌਜ ਦੇ 25 ਹਜ਼ਾਰ ਦੇ ਕਰੀਬ ਫ਼ੌਜੀ ਮਾਰੇ ਗਏ ਸਨ। ਇਸ ਲੜਾਈ ਵਿਚ ਸਿੰਘਾਂ ਦੀ ਗਿਣਤੀ 50 ਹਜ਼ਾਰ ਦੇ ਕਰੀਬ ਸੀ ਤੇ 30 ਹਜ਼ਾਰ ਵਿਚ ਵੱਡੀ ਗਿਣਤੀ ਬੀਬੀਆਂ ਤੇ ਬਜ਼ੁਰਗ ਮਾਰੇ ਗਏ ਸਨ। ਇਸ ਲੜਾਈ ਨੂੰ ਇਤਿਹਾਸ ਵਿਚ ਵੱਡਾ ਘਲੂਘਾਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 
                                                                                      ਇੰਜ. ਸੁਖਚੈਨ  ਸਿੰਘ ਲਾਇਲਪੁਰੀ, ਸੰਪਰਕ : 95010-26652

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement