
ਮਨੁੱਖ ਲਈ ਜਿਥੇ ਢਿੱਡ ਭਰਨ ਲਈ ਕਾਰੋਬਾਰ ਕਰਨਾ ਜ਼ਰੂਰੀ ਹੈ, ਉਸੇ ਤਰ੍ਹਾਂ ਹੀ ਘਰ ਵਿਚ ਲੋੜੀਂਦੀਆਂ ਵਸਤਾਂ ਦੀ ਉਨੀਂ ਹੀ ਜ਼ਰੂਰਤ ਹੈ।
ਅੱਜ ਤੋਂ ਤਕਰੀਬਨ ਤਿੰਨ ਕੁ ਦਹਾਕੇ ਪਹਿਲਾਂ ਵਲ ਝਾਤ ਮਾਰੀਏ ਤਾਂ ਅੱਜ ਦੇ ਸਮੇਂ ਵਿਚ ਬਹੁਤ ਤਬਦੀਲੀ ਆ ਗਈ ਹੈ ਕਿਉਂਕਿ ਮਨੁੱਖ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਅਹਿਮ ਵਸਤਾਂ ਘਰਾਂ ਵਿਚੋਂ ਅਲੋਪ ਹੋ ਰਹੀਆਂ ਹਨ। ਮਨੁੱਖ ਲਈ ਜਿਥੇ ਢਿੱਡ ਭਰਨ ਲਈ ਕਾਰੋਬਾਰ ਕਰਨਾ ਜ਼ਰੂਰੀ ਹੈ, ਉਸੇ ਤਰ੍ਹਾਂ ਹੀ ਘਰ ਵਿਚ ਲੋੜੀਂਦੀਆਂ ਵਸਤਾਂ ਦੀ ਉਨੀਂ ਹੀ ਜ਼ਰੂਰਤ ਹੈ।
ਜੇ ਦੇਖਿਆ ਜਾਵੇ ਤਾਂ ਸਾਡੇ ਪੰਜਾਬੀ ਕਲਚਰ ਨਾਲ ਜੁੜਿਆ ਘਰਾਂ ਵਿਚ ਬਣਿਆ ਚੁੱਲ੍ਹਾ ਚੌਕਾ ਜੋ ਪੇਟ ਦੀ ਅੱਗ ਬੁਝਾਉਣ ਲਈ ਸਵੇਰੇ ਸ਼ਾਮ ਬਾਲਣਾ ਜ਼ਰੂਰੀ ਹੈ, ਹੁਣ ਇਹ ਚੁੱਲ੍ਹਾ ਚੌਕਾ ਵੀ ਘਰਾਂ ਦਾ ਸ਼ਿੰਗਾਰ ਬਣਨ ਦੀ ਬਜਾਏ ਸਗੋਂ ਘਰਾਂ ਵਿਚ ਅੜਿੱਕਾ ਬਣਨ ਦਾ ਕੰਮ ਕਰਦਾ ਹੈ ਕਿਉਂਕਿ ਅੱਜ ਤੋਂ ਤਿੰਨ ਕੁ ਦਹਾਕੇ ਪਹਿਲਾਂ ਔਰਤਾਂ ਵਲੋਂ ਚੁੱਲ੍ਹਾ ਚੌਕਾ ਘਰਾਂ ਵਿਚ ਪਹਿਲ ਦੇ ਆਧਾਰ ’ਤੇ ਬਣਾਇਆ ਜਾਂਦਾ ਸੀ। ਫਿਰ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੁੰਦਾ ਸੀ ਜੇ ਉਸ ਦੀ ਟੁੱਟ ਭੱਜ ਹੋ ਜਾਂਦੀ ਤਾਂ ਉਸ ’ਤੇ ਮਿੱਟੀ ਲਗਾ ਕੇ ਮੁਰੰਮਤ ਦਾ ਕੰਮ ਕੀਤਾ ਜਾਂਦਾ ਸੀ।
ਸੋਹਣਾ ਲੱਗਣ ਦਾ ਰੂਪ ਦੇਣ ਲਈ ਪਾਂਡੂ ਦਾ ਪੋਚਾ ਫੇਰਿਆ ਜਾਂਦਾ ਜਿਸ ਨਾਲ ਸਜਾਵਟ ਆ ਜਾਂਦੀ ਸੀ ਅਤੇ ਉਸ ਨੂੰ ਆਲੇ-ਦੁਆਲੇ ਦੇ ਘਰਾਂ ਦੀਆਂ ਔਰਤਾਂ ਦੇਖ ਸੋਹਣਾ ਹੋਣ ਦੀ ਤਾਰੀਫ਼ ਕਰਦੀਆਂ ਸਨ। ਉਨ੍ਹਾਂ ਸਮਿਆਂ ਵਿਚ ਲੱਕੜਾਂ ਦੀ ਵੀ ਕੋਈ ਕਮੀ ਨਹੀਂ ਹੁੰਦੀ ਸੀ। ਖੇਤਾਂ ਵਿਚ ਨਰਮੇ ਕਪਾਹ ਦੀ ਫ਼ਸਲ ਤੋਂ ਛਟੀਆਂ ਘਰ ਆ ਜਾਂਦੀਆਂ ਸਨ ਤੇ ਸਰਦੀ ਮੌਕੇ ਚੌਕੇ ਵਿਚ ਬੈਠ ਕੇ ਰੋਟੀ ਖਾਣ ਦਾ ਅਨੰਦ ਮਾਣਨਾ ਤੇ ਨਾਲ ਹੀ ਅੱਗ ਸੇਕਣੀ, ਮਾਂ ਵਲੋਂ ਅਪਣੀ ਧੀ ਨੂੰ ਚੁੱਲ੍ਹੇ ਚੌਕੇ ਦਾ ਸਿਖਾਉਣਾ ਅਤੇ ਸਹੁਰੇ ਘਰ ਜਾਣ ਦੀ ਦੁਹਾਈ ਦੇ ਕੇ ਰੋਟੀ-ਟੁਕ ਬਣਾਉਣ ਦਾ ਵੱਲ ਸਿਖਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ।
ਹੁਣ ਕੋਈ ਚੁੱਲ੍ਹਾ ਚਲਾ ਕੇ ਰਾਜ਼ੀ ਨਹੀਂ। ਹਰ ਸਮੇਂ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਅੱਜ ਦੀ ਗੈਸ ਸਿਲੰਡਰ ਵਾਲੀ ਰੋਟੀ ਚੁੱਲੇ੍ਹ ਵਾਲੀ ਰੋਟੀ ਦੀ ਰੀਸ ਨਹੀਂ ਕਰ ਸਕਦੀ, ਤਾਂ ਹੀ ਤਾਂ ਅੱਜਕਲ ਚੁੱਲ੍ਹੇ ਦੀ ਰੋਟੀ ਖਾਣ ਲਈ ਲੋਕਾਂ ਵਲੋਂ ਵਿਆਹ ਸਮਾਗਮ ਵਿਚ ਪੰਜਾਬੀ ਢਾਬੇ ਦੀ ਸਟਾਲ ਲਗਵਾਈ ਜਾਂਦੀ ਹੈ ਜਿਥੇ ਬਹੁਤੇ ਲੋਕੀਂ ਚੁੱਲ੍ਹੇ ਦੀ ਰੋਟੀ ਖਾਣ ਲਈ ਤਿਆਰ ਹੁੰਦੇ ਹਨ।
ਚੁੱਲ੍ਹੇ ਦੀ ਰੋਟੀ ਨੂੰ ਲੋਕ ਸ਼ੌਕ ਨਾਲ ਖਾਂਦੇ ਹਨ ਕਿਉਂਕਿ ਚੁੱਲ੍ਹੇ ਦੀ ਰੋਟੀ ਦਾ ਸਵਾਦ ਹੀ ਵਖਰਾ ਹੈ। ਜਿਥੇ ਗੈਸ ਸਿਲੰਡਰ ਤੇ ਬਣਨ ਵਾਲੀ ਰੋਟੀ ਕਈ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ ਉਥੇ ਹੀ ਚੁੱਲ੍ਹੇ ’ਤੇ ਬਣਨ ਵਾਲੀ ਰੋਟੀ ਵਿਚ ਬਹੁਤ ਅਰਕ ਹੁੰਦਾ ਹੈ। ਕਹਿੰਦੇ ਹੁੰਦੇ ਹਨ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ। ਸਮੇਂ ਨਾਲ ਬਹੁਤ ਤਬਦੀਲੀ ਆ ਗਈ ਹੈ।
ਮਸ਼ੀਨਰੀ ਯੁੱਗ ਸ਼ੁਰੂ ਹੋਣ ਤੇ ਇਲੈਕਟਰਾਨਿਕ ਚੁੱਲ੍ਹੇ ਬਣ ਗਏ। ਘਰਾਂ ਵਿਚ ਰਸੋਈ ਗੈਸ ਦੀ ਵਰਤੋਂ ਹੋਣ ਲੱਗ ਪਈ। ਚੁੱਲ੍ਹਾ ਮਚਾਉਣ ਨਾਲ ਅਤੇ ਉਸ ਦੇ ਧੂੰਏਂ ਨਾਲ ਕੰਧਾਂ ਕਾਲੀਆਂ ਹੋਣ ਲੱਗ ਪਈਆਂ ਸਨ। ਇਨ੍ਹਾਂ ਗੱਲਾਂ ਦਾ ਹਵਾਲਾ ਦਿੰਦੇ ਹੋਏ ਲੋਕ ਹੁਣ ਚੁੱਲ੍ਹੇ ਨੂੰ ਘਰਾਂ ਦਾ ਸ਼ਿੰਗਾਰ ਬਣਾਉਣ ਦੀ ਬਜਾਏ ਸਗੋਂ ਘਰਾਂ ਵਿਚੋਂ ਅਲੋਪ ਕਰ ਰਹੇ ਹਨ ਅਤੇ ਗੈਸ ਸਿਲੰਡਰ ਵਾਲੇ ਚੁੱਲ੍ਹੇ ਨੂੰ ਘਰਾਂ ਦਾ ਸ਼ਿੰਗਾਰ ਬਣਾ ਖ਼ੁਸ਼ ਹੋ ਰਹੇ ਹਨ। ਅੱਜਕਲ੍ਹ ਦੀਆਂ ਘਰਾਂ ਦੀਆਂ ਔਰਤਾਂ ਚੁੱਲ੍ਹਾ ਜਲਾਉਣਾ ਬਿਲਕੁਲ ਭੁਲਦੀਆਂ ਜਾ ਰਹੀਆਂ ਹਨ।
ਖ਼ਾਸ ਗੱਲ ਇਹ ਹੈ ਕਿ ਕੁੱਝ ਸਾਲ ਪਹਿਲਾਂ ਚੁੱਲ੍ਹੇ ਦੀ ਵਰਤੋਂ ਰੋਟੀ ਬਣਾਉਣ ਦੀ ਬਜਾਏ ਪਾਣੀ ਗਰਮ ਕਰਨ ਲਈ ਸਰਦੀਆਂ ਵਿਚ ਕੰਮ ਲਿਆ ਜਾਂਦਾ ਸੀ ਪਰ ਵਰਕਸ਼ਾਪ ਦਾ ਕੰਮ ਕਰਨ ਵਾਲੇ ਮਿਸਤਰੀਆਂ ਵਲੋਂ ਲੋਹੇ ਦੇ ਗੀਜ਼ਰ ਬਣਾ ਕੇ ਵੇਚਣੇ ਸ਼ੁਰੂ ਕਰ ਦਿਤੇ ਜਿਸ ਨਾਲ ਘਰਾਂ ਵਿਚ ਚੁੱਲ੍ਹੇ ਦੀ ਪ੍ਰੰਪਰਾ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ। ਅਜਿਹਾ ਘਰਾਂ ਦਾ ਸ਼ਿੰਗਾਰ ਚੁੱਲ੍ਹਾ ਜੇ ਅਲੋਪ ਹੋਵੇਗਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਬਹੁਤ ਵੱਡੀ ਭੁੱਲ ਹੋਵੇਗੀ।