1699 'ਚ ਕੀਤੀ ਸੀ ਖ਼ਾਲਸਾ ਪੰਥ ਦੀ ਸਾਜਨਾ, ਕਈ ਭਾਸ਼ਾਵਾਂ ਦੇ ਗਿਆਨੀ ਸਨ ਦਸਮ ਪਿਤਾ
Sri Guru Gobind Singh Ji Special Article: ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਕਰਕੇ ਸਿੱਖ ਧਰਮ ਨੂੰ ਨਿਡਰਤਾ ਦੀ ਦਾਤ ਬਖ਼ਸ਼ਿਸ਼ ਕੀਤੀ ਅਤੇ ਹਕੂਮਤੀ ਬੇਇਨਸਾਫ਼ੀਆਂ ਵਿਰੁੱਧ ਆਵਾਜ਼ ਨੂੰ ਬੁਲੰਦ ਕੀਤਾ। ਕੁਰਬਾਨੀਆਂ ਦੇ ਮਾਮਲੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੇਚ ਦੀ ਉਦਾਹਰਨ ਸੰਸਾਰ ਦੇ ਕਿਸੇ ਵੀ ਇਤਿਹਾਸ ਵਿਚ ਨਹੀਂ ਮਿਲਦੀ। ਮਨੁੱਖਤਾ ਦੇ ਲਈ ਪਿਤਾ ਤੋਂ ਬਾਅਦ ਪੁੱਤਰਾਂ ਅਤੇ ਮਾਤਾ ਦਾ ਬਲੀਦਾਨ ਦੇਣਾ ਸਿਰਫ਼ ਤੇ ਸਿਰਫ਼ ਦਸਮ ਪਿਤਾ ਦੇ ਹਿੱਸੇ ਆਇਆ।
ਸਾਹਿਬ-ਏ-ਕਮਾਲ, ਨੀਲੇ ਘੋੜੇ ਦੇ ਸ਼ਾਹ ਸਵਾਰ, ਬਾਜਾਂ ਵਾਲੇ, ਕਲਗੀਧਰ ਪਾਤਸ਼ਾਹ, ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 7 ਪੋਹ ਸਦੀ, 23 ਪੋਹ 1723 ਵਿਕਰਮੀ ਸੰਮਤ ਭਾਵ ਕਿ 22 ਦਸੰਬਰ 1666 ਨੂੰ ਬਿਹਾਰ ਦੇ ਪਟਨਾ ਵਿਖੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ।
ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਉਨ੍ਹਾਂ ਆਪਣੇ ਸ਼ੁਰੂਆਤੀ ਸਾਲ ਇੱਥੇ ਹੀ ਬਿਤਾਏ ਸਨ। ਸੰਨ 1950 ਵਿਚ ਇੱਥੇ ਤਖ਼ਤ ਸ੍ਰੀ ਪਟਨਾ ਸਾਹਿਬ ਸਥਾਪਿਤ ਕੀਤਾ ਗਿਆ ਸੀ। ਕਿਹਾ ਜਾਂਦਾ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਤਾਂ ਉਸ ਸਮੇਂ ਬਾਬਾ ਭੀਖਨ ਸ਼ਾਹ ਜੀ ਨੇ ਉਸ ਦਿਨ ਚੜ੍ਹਦੇ ਸੂਰਜ ਨੂੰ ਮੂੰਹ ਕਰਕੇ ਨਮਾਜ਼ ਅਦਾ ਕੀਤੀ ਸੀ। ਬਾਬਾ ਭੀਖਨ ਸ਼ਾਹ ਜੀ ਇਹ ਜਾਣਨ ਲਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸ ਧਰਮ ਨਾਲ ਸਬੰਧਤ ਸਨ, ਉਹ ਉਨ੍ਹਾਂ ਦੇ ਦਰਸ਼ਨਾਂ ਲਈ ਗਏ ਅਤੇ ਪੁੱਛਿਆ ਗੁਰੂ ਸਾਹਿਬ, ‘ਤੁਸੀਂ ਕਿਸ ਧਰਮ ਦੇ ਪੈਗੰਬਰ ਹੋ?’ ਫਿਰ ਬਾਲ ਗੋਬਿੰਦ ਨੇ ਦੋਹਾਂ ਪਿਆਲਿਆਂ ’ਤੇ ਆਪਣੇ ਹੱਥ ਰੱਖ ਦਿੱਤੇ। ਇਸ ਤੋਂ ਭੀਖਨ ਸ਼ਾਹ ਜੀ ਸਮਝ ਗਏ ਕਿ ਇਹ ਕੋਈ ਸਾਧਾਰਨ ਅਵਤਾਰ ਨਹੀਂ ਸੀ।
ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿਚ ਕਈ ਜੰਗਾਂ ਲੜੀਆਂ ਅਤੇ ਹਰ ਜੰਗ ਵਿਚ ਫ਼ਤਿਹ ਹਾਸਲ ਕੀਤੀ। ਗੁਰੂ ਸਾਹਿਬ ਜੀ ਦਾ ਇੱਕੋ-ਇੱਕ ਮਕਸਦ ਸੀ ਕਿ ਮਜ਼ਲੂਮਾਂ ਅਤੇ ਗਰੀਬਾਂ ਦੀ ਰੱਖਿਆ ਕਰਨਾ। ਇਸ ਦੇ ਲਈ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਤੱਕ ਨੂੰ ਕੁਰਬਾਨ ਕਰ ਦਿੱਤਾ। ਇਸ ਦੀ ਸ਼ੁਰੂਆਤ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਤੋਂ ਕੀਤੀ, ਜਦੋਂ ਔਰੰਗਜ਼ੇਬ ਨੇ ਕਸਮ ਖਾ ਰੱਖੀ ਸੀ ਕਿ ਉਹ ਪੂਰੇ ਮੁਲਕ ਨੂੰ ਮੁਸਲਮਾਨ ਬਣਾ ਦੇਵੇਗਾ ਤਾਂ ਕਸ਼ਮੀਰੀ ਪੰਡਿਤਾਂ ਦੀ ਅਰਜ਼ੋਈ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਹੀ ਛੋਟੀ ਉਮਰੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦੂਆਂ ਦੀ ਰਾਖੀ ਲਈ ਆਪਣੇ ਸੀਸ ਦਾ ਬਲੀਦਾਨ ਦੇਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ।
13 ਅਪ੍ਰੈਲ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ, ਨਸਲ ਅਤੇ ਧਰਮ ਦੇ ਭੇਦਭਾਵ ਨੂੰ ਮਿਟਾ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਇੱਥੋਂ ਤੱਕ ਕਿ ਖਾਲਸੇ ਨੂੰ ਅਕਾਲ ਪੁਰਖ ਦੀ ਫ਼ੌਜ ਦੱਸਿਆ। ਇਤਿਹਾਸਕਾਰਾਂ ਦੇ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਜੰਗ ਜੰਗ 19 ਸਾਲ ਦੀ ਉਮਰ ਵਿਚ ਪਹਾੜੀ ਰਾਜਿਆਂ ਅਤੇ ਮੁਗਲ ਸਮਰਾਟ ਫ਼ਤਿਹ ਖ਼ਾਨ ਦੇ ਵਿਰੁੱਧ ਲੜੀ, ਜਿਸ ਵਿਚ ਗੁਰੂ ਸਾਹਿਬ ਨੂੰ ਫਤਿਹ ਹਾਸਲ ਹੋਈ। ਇਸ ਨੂੰ ਭੰਗਾਣੀ ਦਾ ਯੁੱਧ ਵੀ ਕਿਹਾ ਜਾਂਦਾ। ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੁੱਲ 14 ਜੰਗਾਂ ਲੜੀਆਂ ਅਤੇ ਸਾਰੀਆਂ ਵਿਚ ਹੀ ਫ਼ਤਿਹ ਹਾਸਲ ਕੀਤੀ ਪਰ ਇੰਚ ਭਰ ਵੀ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ। ਇਨ੍ਹਾਂ ਜੰਗਾਂ ਦੌਰਾਨ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਸ਼ਹੀਦ ਹੋਏ।
ਇਕ ਜੁਝਾਰੂ ਯੋਧਾ ਹੋਣ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਮ ਦੇ ਵੀ ਧਨੀ ਸਨ। ਉਨ੍ਹਾਂ ਨੇ ਆਪਣੇ ਦਰਬਾਰ ਵਿਚ 52 ਕਵੀ ਰੱਖੇ ਸਨ, ਉਨ੍ਹਾਂ ਨੂੰ ਸੰਸਕ੍ਰਿਤ, ਬ੍ਰਜ, ਉਰਦੂ, ਹਿੰਦੀ, ਗੁਰਮੁੱਖੀ, ਫ਼ਾਰਸੀ ਅਤੇ ਅਰਬੀ ਭਾਸ਼ਾਵਾਂ ਦਾ ਵੀ ਗਿਆਨ ਸੀ। ਜਦੋਂ ਧੀਰ-ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮੂੰਹ ਜ਼ੁਬਾਨੀ ਆਦਿ ਗ੍ਰੰਥ ਸਾਹਿਬ ਦਾ ਉਤਾਰਾ ਭਾਈ ਮਨੀ ਸਿੰਘ ਪਾਸੋਂ ਲਿਖਵਾਇਆ ਸੀ। ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਦਸਮ ਗ੍ਰੰਥ, ਚੰਡੀ ਦੀ ਵਾਰ ਅਤੇ ਜ਼ਫ਼ਰਨਾਮਾ ਗੁਰੂ ਸਾਹਿਬ ਜੀ ਦੀਆਂ ਮਹਾਨ ਰਚਨਾਵਾਂ ਹਨ। ਜਿਨ੍ਹਾਂ ਵਿਚ ਜ਼ਫ਼ਰਨਾਮਾ ਕਾਫ਼ੀ ਪ੍ਰਸਿੱਧ ਐ, ਜੋ ਉਨ੍ਹਾਂ ਨੇ ਆਪਣੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਗਰੋਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਭਾਵੇਂ ਛੋਟਾ ਸੀ, ਪਰ ਉਨ੍ਹਾਂ ਦਾ ਸਮੁੱਚਾ ਜੀਵਨ ਘਟਨਾਵਾਂ ਨਾਲ ਭਰਪੂਰ ਸੀ। ਗੁਰੂ ਸਾਹਿਬ ਨੇ ਮੁਗ਼ਲ ਸਾਮਰਾਜ ਨੂੰ ਖ਼ਤਮ ਕਰਨ ਲਈ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਏ ਅਤੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਫਤਹਿਗੜ੍ਹ ਸਾਹਿਬ ਵਿਖੇ ਸ਼ਹਾਦਤ ਹੋਈ।
ਗੁਰੂ ਸਾਹਿਬ ਜੀ ਮੁਗ਼ਲਾਂ ਨਾਲ ਲੜਦੇ-ਲੜਦੇ ਮਹਾਂਰਾਸ਼ਟਰ ਦੇ ਨਾਂਦੇੜ ਵੱਲ ਕੂਚ ਕਰ ਗਏ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਸੁਸ਼ੋਭਿਤ ਹੈ। ਇਸੇ ਸਫ਼ਰ ਦੌਰਾਨ ਗੁਰੂ ਸਾਹਿਬ ਜੀ ਨੇ ਮਾਧੋ ਦਾਸ ਬੈਰਾਗੀ ਨਾਂਅ ਦੇ ਸਾਧੂ ਨੂੰ ਗੁਰੂ ਕਾ ਖ਼ਾਲਸਾ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂਅ ਦਿੱਤਾ ਅਤੇ ਮੁਗ਼ਲਾਂ ਦਾ ਖ਼ਾਤਮਾ ਕਰਨ ਲਈ ਪੰਜਾਬ ਵੱਲ ਨੂੰ ਤੋਰਿਆ। ਸ੍ਰੀ ਹਜ਼ੂਰ ਸਾਹਿਬ ਉਹ ਅਸਥਾਨ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲਏ ਅਤੇ 7 ਦਸੰਬਰ 1708 ਨੂੰ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ। ਅੱਜ ਵੀ ਉਨ੍ਹਾਂ ਦਾ ਕੁਰਬਾਨੀਆਂ ਭਰਿਆ ਜੀਵਨ ਸਮੁੱਚੀ ਲੋਕਾਈ ਦੇ ਲਈ ਪ੍ਰੇਰਣਾ ਦਾ ਸਰੋਤ ਬਣ ਰਿਹਾ।
