ਪੰਜਾਬੀ ਭਾਸ਼ਾ ਤੇ ਕਲਮ ਲਈ ਸੋਚਣ ਦੀ ਲੋੜ
Published : Sep 8, 2018, 12:04 pm IST
Updated : Sep 8, 2018, 12:04 pm IST
SHARE ARTICLE
Writing
Writing

ਬਦਲਾਅ ਭਾਵੇਂ ਕੁਦਰਤ ਦਾ ਨਿਯਮ ਹੈ ਪਰ ਕਈ ਵਾਰ ਸਮਾਜ ਵਿਚ ਕੁੱਝ ਅਜਿਹੇ ਬਦਲਾਅ ਹੋ ਜਾਂਦੇ ਹਨ ਜਿਨ੍ਹਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ............

ਬਦਲਾਅ ਭਾਵੇਂ ਕੁਦਰਤ ਦਾ ਨਿਯਮ ਹੈ ਪਰ ਕਈ ਵਾਰ ਸਮਾਜ ਵਿਚ ਕੁੱਝ ਅਜਿਹੇ ਬਦਲਾਅ ਹੋ ਜਾਂਦੇ ਹਨ ਜਿਨ੍ਹਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਜੋਕੇ ਯੁੱਗ ਦੇ ਮਸ਼ੀਨੀ ਯੁੱਗ ਹੋਣ ਕਰ ਕੇ ਇਸ ਵਿਚ ਤੇਜ਼ੀ ਵੇਖੀ ਜਾਣੀ ਆਮ ਜਿਹੀ ਗੱਲ ਹੈ। ਮੌਜੂਦਾ ਸਮੇਂ ਨੇ ਇਨਸਾਨੀ ਸੁਭਾਅ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਇਸ ਪ੍ਰਭਾਵ ਦਾ ਨਤੀਜਾ ਇਹ ਵੇਖਣ ਨੂੰ ਮਿਲਿਆ ਹੈ ਕਿ ਅਜੋਕੇ ਦੌਰ ਦਾ ਇਨਸਾਨ ਬਹੁਤ ਜਲਦ, ਬਹੁਤ ਕੁੱਝ ਕਰਨ ਦੀ ਪ੍ਰਵਿਰਤੀ ਵਾਲਾ ਬਣ ਗਿਆ ਹੈ। ਉਸ ਦਾ ਮਨ ਹਮੇਸ਼ਾ ਨਵੇਂ ਦੀ ਤਾਂਘ ਵਿਚ ਰਹਿੰਦਾ ਹੈ ਤੇ ਉਸ ਨਵੇਂ ਨੂੰ ਅਪਣਾਉਣ ਤੋਂ ਬਾਅਦ ਉਹ ਹੋਰ ਨਵੇਂ ਦੀ ਭਾਲ ਸ਼ੁਰੂ ਕਰ ਦਿੰਦਾ ਹੈ।

ਸਾਡੇ ਇਸ ਤੇਜ਼ ਤਰਾਰ ਸੁਭਾਅ ਕਾਰਨ ਅਸੀ ਦਿਨ-ਬ-ਦਿਨ ਅਪਣੀ ਵਿਰਾਸਤ ਨੂੰ ਵਿਸਾਰਦੇ ਜਾ ਰਹੇ ਹਾਂ। ਉਦਾਹਰਣ ਦੇ ਤੌਰ ਉਤੇ ਜੇ ਗੱਲ ਘਰਾਂ ਦੀ ਹੀ ਕਰ ਲਈਏ ਤਾਂ ਤੁਸੀ ਖ਼ੁਦ ਸੋਚੋ, ਇਕ ਸਮਾਂ ਸੀ ਜਦੋਂ ਘਰ ਵਿਚ ਇਕ ਜਾਂ ਦੋ ਬੈਠਕਾਂ ਹੁੰਦੀਆਂ ਸਨ ਤੇ ਕਿਸੇ-ਕਿਸੇ ਘਰ ਵਿਚ ਸਬਾਤਾਂ ਦੇ ਨਾਲ-ਨਾਲ ਬਰਾਂਡਾ ਹੁੰਦਾ ਸੀ। ਉਨ੍ਹਾਂ ਵੇਲਿਆਂ ਵਿਚ ਸਾਂਝੇ ਤੇ ਵੱਡੇ-ਵੱਡੇ ਪ੍ਰਵਾਰ ਹੁੰਦੇ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਸੱਭ ਦਾ ਉਸ ਛੋਟੀ ਜਿਹੀ ਉਸਾਰੀ ਵਾਲੇ ਘਰ ਵਿਚ ਹੀ ਆਸਾਨੀ ਨਾਲ ਸਰ ਜਾਂਦਾ ਸੀ। ਸਮੇਂ ਨੇ ਅਪਣਾ ਰੰਗ ਵਿਖਾਇਆ ਤਾਂ ਪਤਾ ਨਹੀਂ ਕੌਣ ਪਿੰਡ ਵਾਲਿਆਂ ਨੂੰ ਸ਼ਹਿਰੀ ਕੋਠੀਆਂ ਦੇ ਸੁਪਨੇ ਵਿਖਾ ਗਿਆ? 

ਸੁਪਨੇ ਵੇਖਣ ਵਾਲੇ ਨੇ ਫਿਰ ਦਿਨਾਂ ਵਿਚ ਹੀ ਘਰ ਨੂੰ ਕੋਠੀ ਦਾ ਰੂਪ ਦੇ ਦਿਤਾ ਤੇ ਕੋਠੀ ਵਿਚ ਘਰ ਦੇ ਮੈਂਬਰਾਂ ਦੀ ਲੋੜ ਮੁਤਾਬਕ ਕਮਰੇ ਵੀ ਬਣਾ ਲਏ। ਰੰਗ ਬਰੰਗੀਆਂ ਟਾਈਲਾਂ ਉਤੇ ਮਾਰਬਲ ਦੇ ਫ਼ਰਸ਼ਾਂ ਨਾਲ ਬਣੀ ਕੋਠੀ ਦੀ ਦਿੱਖ ਬਹੁਤ ਹੀ ਸੋਹਣੀ ਜੱਚ ਗਈ। ਪੰਜਾਬੀਆਂ ਦਾ ਸੁਭਾਅ ਸ਼ੁਰੂ ਤੋਂ ਹੀ ਭੇਡ ਚਾਲ ਵਾਲਾ ਰਿਹਾ ਹੈ ਜਿਸ ਕਰ ਕੇ ਸਾਰੇ ਹੀ ਘਰ ਦਿਨਾਂ ਵਿਚ ਹੀ ਸੋਹਣੀਆਂ ਕੋਠੀਆਂ ਵਿਚ ਬਦਲ ਗਏ। ਹਾਲਾਂਕਿ ਬਹੁਤੇ ਕੇਸਾਂ ਵਿਚ ਤਾਂ ਇਹ ਵੀ ਵੇਖਣ, ਸੁਣਨ ਨੂੰ ਮਿਲਿਆ ਹੈ ਕਿ ਲੋਕਾਂ ਨੇ ਵਿਆਜ ਉਤੇ ਪੈਸਾ ਚੁੱਕ ਕੇ ਕੋਠੀਆਂ ਬਣਾਉਣ ਦੀ ਰਸਮ ਨਿਭਾਈ।

ਇਨ੍ਹਾਂ ਉੱਚੀਆਂ ਲੰਮੀਆਂ ਅਲੀਸ਼ਾਨ ਕੋਠੀਆਂ ਨੇ ਘਰ ਦੇ ਸਾਰੇ ਹੀ ਜੀਆਂ ਨੂੰ ਅਪਣੇ-ਅਪਣੇ ਕਮਰੇ ਮੁਹਈਆ ਕਰਵਾ ਦਿਤੇ ਤੇ ਹੌਲੀ-ਹੌਲੀ ਘਰਾਂ ਵਿਚਲਾ ਸਾਂਝਾ ਪ੍ਰਵਾਰ ਕੋਠੀਆਂ ਦੇ ਕਮਰਿਆਂ ਵਿਚ ਵੰਡਿਆ ਗਿਆ। ਇਨ੍ਹਾਂ ਅਲੀਸ਼ਾਨ ਕੋਠੀਆਂ ਵਿਚੋਂ ਕੁੱਝ ਕੋਠੀਆਂ ਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਉੱਚਾ ਲੰਮਾ ਬਣਾ ਤਾਂ ਦਿਤਾ ਗਿਆ ਪਰ ਪ੍ਰਵਾਰ ਦੇ ਮੈਂਬਰਾਂ ਦੀ ਗਿਣਤੀ ਘੱਟ ਹੋਣ ਕਾਰਨ ਕੋਠੀ ਦੇ ਕਈ ਕਮਰੇ ਤਾਂ ਕਈ-ਕਈ ਦਿਨਾਂ ਬਾਅਦ ਖੁਲ੍ਹਦੇ ਹਨ। ਇਸ ਤਰ੍ਹਾਂ ਹੋਰ ਵੀ ਕਈ ਰਸਮਾਂ ਪੰਜਾਬੀਆਂ ਨੇ ਰੀਸੋ-ਰੀਸ ਨਿਭਾਈਆਂ ਹਨ, ਜਿਨ੍ਹਾਂ ਦਾ ਉਨ੍ਹਾਂ ਦੇ ਜੀਵਨ ਨਾਲ ਕੋਈ ਬਹੁਤਾ ਵਾਹ-ਵਾਸਤਾ ਨਹੀਂ ਸੀ।

ਹੁਣ ਮੈਂ ਗੱਲ ਕਰ ਰਿਹਾਂ ਹਾਂ ਤੇਜ਼-ਤਰਾਰ ਜ਼ਮਾਨੇ ਦੀ ਇਕ ਬਹੁਤ ਵੱਡੀ ਤਰਾਸਦੀ ਦੀ। ਇਸ ਤਰਾਸਦੀ ਦਾ ਸਬੰਧ ਲੇਖਕ ਭਾਈਚਾਰੇ ਨਾਲ ਹੈ। ਲੇਖਕ ਸਮਾਜ ਦਾ ਸ਼ੀਸ਼ਾ ਹੰਦੇ ਹਨ। ਇਹ ਅਪਣੀਆਂ ਲਿਖਤਾਂ ਰਾਹੀਂ ਸਮਾਜ ਵਿਚਲਾ ਸੱਚ ਬਿਆਨ ਕਰਦੇ ਹਨ। ਇਹ ਵਿਦਵਾਨ ਲੇਖਕਾਂ ਦੀ ਕਮਾਈ ਦਾ ਹੀ ਸਿੱਟਾ ਹੈ ਕਿ ਅੱਜ ਅਸੀ ਅਪਣੇ ਇਤਿਹਾਸ ਬਾਰੇ, ਸਭਿਆਚਾਰ ਬਾਰੇ ਪੜ੍ਹ ਸਕਦੇ ਹਾਂ। ਸਾਡੇ ਵਿਸਰ ਗਏ ਪੁਰਾਤਨ ਸਭਿਆਚਾਰ ਦੀ ਅਸਲ ਤਸਵੀਰ ਵੀ ਸਾਨੂੰ ਲੇਖਕਾਂ ਦੀਆਂ ਪੁਰਾਣੀਆਂ ਕਿਤਾਬਾਂ ਵਿਚੋਂ ਦਿਖ ਜਾਂਦੀ ਹੈ।

ਲੇਖਕ ਸ਼ਬਦ ਦੀ ਵਿਆਖਿਆ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਉਂਜ ਤਾਂ ਹਰ ਲਿਖਣ ਵਾਲਾ ਹੀ ਲੇਖਕ ਕਹਾਉਂਦਾ ਹੈ ਪਰ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ 'ਮਹਾਨ ਕੋਸ਼' ਵਿਚ ਲੇਖਕ ਨੂੰ ਗ੍ਰੰਥ ਰਚਣ ਵਾਲਾ, ਲਿਖਾਰੀ ਕਿਹਾ ਹੈ ਜਿਸ ਲੇਖਕ ਦੀਆਂ ਲਿਖਤਾਂ ਸਮਾਜ ਨੂੰ ਸੇਧ ਦਿੰਦੀਆਂ ਹਨ, ਜਿਨ੍ਹਾਂ ਲਿਖਤਾਂ ਤੋਂ ਉਸ ਦੇਸ਼ ਦੇ ਨਾਗਰਿਕਾਂ ਨੂੰ ਕੁੱਝ ਗਿਆਨ ਪ੍ਰਾਪਤ ਹੁੰਦਾ ਹੈ, ਜੋ ਲਿਖਤਾਂ ਸਮਾਜ ਵਿਚਲੀਆਂ ਬੁਰਾਈਆਂ ਉਤੇ ਅਪਣੀ ਕਲਮ ਰਾਹੀਂ ਵਿਅੰਗ ਕਰਦੀਆਂ ਹਨ ਤੇ ਜੋ ਲਿਖਤਾਂ ਬੁਰਾਈ ਨੂੰ ਲਲਕਾਰਦੀਆਂ ਹਨ। ਅਜਿਹੀਆਂ ਲਿਖਤਾਂ ਲਿਖਣ ਵਾਲਾ ਸੱਜਣ ਹੀ ਅਸਲ ਵਿਚ ਲੇਖਕ ਕਹਾਉਣ ਦਾ ਹੱਕਦਾਰ ਹੈ।

ਅਸਲ ਗੱਲ ਲੇਖਕ ਦੇ ਪੱਖ ਵਿਚ ਇਹ ਹੈ ਕਿ ਸਾਡਾ ਇਤਿਹਾਸ ਲੇਖਕਾਂ ਦੀਆਂ ਲਿਖਤਾਂ ਸਹਾਰੇ ਹੀ ਲਿਖਿਆ ਗਿਆ ਹੈ। ਇਕ ਗੱਲ ਹੋਰ ਬੜੀ ਅਹਿਮ ਇਹ ਹੈ ਕਿ ਲੇਖਕ ਦਾਂ ਅਪਣੇ ਕੰਮ ਵਿਚ ਵਫਾਦਾਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਉਹ ਅਪਣੀ ਕਲਮ ਰਾਹੀਂ ਇਤਿਹਾਸ ਨੂੰ ਤਰੋੜ ਮਰੋੜ ਕਿ ਪੇਸ਼ ਕਰੇਗਾ ਤਾਂ ਅਸੀ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬੀਤੇ ਵੇਲੇ ਦੀ ਸਹੀ ਜਾਣਕਾਰੀ ਨਹੀਂ ਪ੍ਰਾਪਤ ਕਰ ਸਕਣਗੀਆਂ। 

ਸਮਾਜ ਵਿਚ ਭਾਵੇਂ ਸਮੇਂ ਨਾਲ ਬਦਲਾਅ ਹੁੰਦੇ ਰਹਿੰਦੇ ਹਨ ਪਰ ਲੇਖਕ ਲਈ ਜ਼ਰੂਰੀ ਹੈ ਕਿ ਉਹ ਅਪਣੇ ਸਭਿਆਚਾਰ ਦੀ ਤਸਵੀਰ ਮਨ ਵਿਚ ਵਸਾ ਕੇ ਰੱਖੇ ਕਿਉਂਕਿ ਉਸ ਦੀਆਂ ਲਿਖਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਦੀ ਜਾਣਕਾਰੀ ਦੇਣਗੀਆਂ। ਸਮਾਜ ਵਿਚ ਤਬਦੀਲੀ ਹੋਣੀ ਆਮ ਜਿਹੀ ਗੱਲ ਹੈ। ਇਹ ਵਰਤਾਰਾ ਮੁੱਢੋਂ ਹੀ ਚਲਦਾ ਆ ਰਿਹਾ ਹੈ। ਇਨਸਾਨ ਆਲੇ-ਦੁਆਲੇ ਨੂੰ ਅਪਣੇ ਅਨੁਸਾਰ ਢਾਲਣ ਦੀ ਚਿਰਾਂ ਤੋਂ ਕੋਸ਼ਿਸ਼ ਕਰਦਾ ਆ ਰਿਹਾ ਜੋ ਅੱਗੇ ਵੀ ਜਾਰੀ ਰਹੇਗੀ। ਸਮਾਜ ਵਿਚ ਵਸਦੇ ਲੋਕਾਂ ਦੀ ਸੋਚ ਹਮੇਸ਼ਾ ਸੁੱਖ ਪ੍ਰਾਪਤ ਕਰਨ ਦੀ ਰਹੀ ਹੈ।

ਜਿਸ ਵੀ ਤਬਦੀਲੀ ਨੇ ਉਨ੍ਹਾਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੇ ਉਸ ਤਬਦੀਲੀ ਨੂੰ ਹੱਸ ਕੇ ਕਬੂਲ ਲਿਆ। ਇਹੀ ਕਾਰਨ ਹੈ ਕਿ ਸਮਾਜ ਵਿਚ ਨਿਰੰਤਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਇਸ ਬਦਲਾਅ ਦੇ ਦੌਰ ਵਿਚ ਇਕ ਤਬਦੀਲੀ ਅਜਿਹੀ ਮੇਰੇ ਧਿਆਨ ਵਿਚ ਆਈ ਜਿਸ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਉਹ ਤਬਦੀਲੀ ਹੈ ਸਾਡੇ ਲੇਖਕਾਂ ਦੀ ਸੋਚ ਦੀ। ਕਿਸੇ ਵੀ ਲੇਖਕ ਦਾ ਕਾਗ਼ਜ਼ ਤੇ ਕਲਮ ਬਿਨਾਂ ਕੀ ਵਜੂਦ ਹੈ? ਕੁੱਝ ਵੀ ਨਹੀਂ। ਪਰ ਸਾਡੇ ਪੜ੍ਹੇ ਲਿਖੇ ਲੇਖਕ ਹੁਣ ਕਾਗ਼ਜ਼, ਕਲਮ ਦਾ ਇਸਤੇਮਾਲ ਨਹੀਂ ਕਰਦੇ, ਉਹ ਮੋਬਾਈਲਾਂ ਉਤੇ ਹੀ ਲਿਖਦੇ, ਪੜ੍ਹਦੇ ਤੇ ਸੁਣਾਉਂਦੇ ਹਨ।

ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਾਹਿਤ ਦੀ ਰਾਖੀ ਕਰਨ ਵਾਲੀਆਂ ਸਾਹਿਤ ਸਭਾਵਾਂ ਵਿਚ ਵੀ ਬਹੁਤੇ ਲੇਖਕ ਮੋਬਾਈਲਾਂ ਤੋਂ ਵੇਖ ਕੇ ਅਪਣੇ ਵਿਚਾਰ ਪੇਸ਼ ਕਰ ਜਾਂਦੇ ਹਨ। ਅਸੀ ਪੰਜਾਬੀ ਤਾਂ ਪੰਜਾਬੀ ਭਾਸ਼ਾ ਨੂੰ ਬਚਾਉਣ ਦਾ ਯਤਨ ਕਰ ਰਹੇ ਹਾਂ ਪਰ ਮੈਨੂੰ ਇਸ ਗੱਲ ਦਾ ਡਰ ਹੈ ਕਿ ਸਰਮਾਏਦਾਰ ਸਾਡੇ ਕੋਲੋਂ ਸਾਡੀ ਕਲਮ ਤੇ ਕਾਗ਼ਜ਼ ਵੀ ਖੋਹਣ ਨੂੰ ਫਿਰਦੇ ਹਨ। ਪੰਜਾਬੀ ਭਾਸ਼ਾ ਨੂੰ ਖੋਰਾ ਲਾਉਣ ਵਿਚ ਸੱਭ ਤੋਂ ਵੱਡਾ ਕੰਮ ਕਾਨਵੈਂਟ ਸਕੂਲਾਂ ਨੇ ਕੀਤਾ ਹੈ। ਸਰਕਾਰਾਂ ਦੀਆਂ ਮਜਬੂਰੀਆਂ ਵੀ ਸਮਝ ਤੋਂ ਬਾਹਰ ਹਨ ਕਿ ਕੀ ਕਾਰਨ ਹੈ ਕਿ ਇਨ੍ਹਾਂ ਸਕੂਲਾਂ ਉਤੇ ਨਕੇਲ ਕਿਉਂ ਨਹੀਂ ਕਸੀ ਜਾ ਸਕਦੀ?

ਪੰਜਾਬੀ ਭਾਸ਼ਾ ਦੇ ਪ੍ਰਸਾਰ ਦਾ ਇਕੋ-ਇਕ ਵਸੀਲਾ ਸਰਕਾਰੀ ਸਕੂਲ ਦਿਨ-ਬ- ਦਿਨ ਸਰਕਾਰੀ ਸਕੂਲ ਖ਼ਾਲੀ ਹੋ ਰਹੇ ਹਨ। ਸਰਕਾਰਾਂ ਇਨ੍ਹਾਂ ਸਕੂਲਾਂ ਦੇ ਖ਼ਾਲੀ ਹੋਣ ਦਾ ਕਾਰਨ ਲੱਭਣ ਦੀ ਬਜਾਏ ਇਨ੍ਹਾਂ ਨੂੰ ਬੰਦ ਕਰਨ ਦੇ ਹੁਕਮ ਪੇਸ਼ ਕਰਦੀਆਂ ਹਨ। ਹਾਲਾਂਕਿ ਕੁੱਝ ਵਿਦਵਾਨ ਮੇਰੀ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ ਕਿ ਪੰਜਾਬੀ ਭਾਸ਼ਾ ਖ਼ਤਰੇ ਵਿਚ ਹੈ, ਪਰ ਮੈਨੂੰ ਇਸ ਗੱਲ ਦਾ ਵੀ ਡਰ ਹੈ ਕਿ ਪੰਜਾਬੀ ਭਾਸ਼ਾ ਦੇ ਨਾਲ-ਨਾਲ ਹੁਣ ਕਲਮ ਵੀ ਖ਼ਤਰੇ ਵਿਚ ਦਿਸ ਰਹੀ ਹੈ। ਸਰਕਾਰਾਂ ਨੇ ਲੋਕਾਂ ਨੂੰ ਡਿਜੀਟਲ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਉਸ ਨੂੰ ਦਿਨ-ਬ-ਦਿਨ ਭਾਗ ਵੀ ਲੱਗ ਰਹੇ ਹਨ।

ਬੱਚਿਆਂ ਕੋਲ ਕਿਤਾਬਾਂ ਦੀ ਥਾਂ ਮੋਬਾਈਲ, ਲੈਪਟਾਪ ਆ ਗਏ ਹਨ ਕਿਉਂਕਿ ਸਿਸਟਮ ਨੇ ਇਹ ਜ਼ਰੂਰੀ ਅੰਗ ਬਣਾ ਦਿਤੇ ਹਨ। ਪਾੜ੍ਹਿਆਂ ਤੇ ਪੜ੍ਹਾਉਣ ਵਾਲਿਆਂ ਕੋਲ ਹੁਣ ਕਿਤਾਬਾਂ, ਗਾਈਡਾਂ ਨਹੀਂ ਮੋਬਾਈਲ, ਲੈਪਟਾਪ ਨਜ਼ਰ ਆਉਂਦੇ ਹਨ। ਕਿਉਂਕਿ ਇਹੀ ਡਿਜੀਟਲ ਪੜ੍ਹਾਈ ਹੈ। ਤੇਜ਼ੀ ਦੇ ਦੌਰ ਵਿਚ ਅਜਿਹੀਆਂ ਪਲਿਸੀਆਂ ਰਾਹੀਂ ਨਵੀਂ ਪੀੜ੍ਹੀ ਤੋਂ ਮਾਂ-ਬੋਲੀ ਖੋਹੀ ਜਾ ਰਹੀ ਹੈ। ਉੱਚੀਆਂ ਲੰਮੀਆਂ ਇਮਾਰਤਾਂ ਵਾਲੇ ਅੰਗਰੇਜ਼ੀ ਸਕੂਲ ਬੱਚਿਆਂ ਨੂੰ ਸਿਰਫ਼ ਅੰਗਰੇਜ਼ੀ ਹੀ ਬੋਲਣ ਦਾ ਫ਼ੁਰਮਾਨ ਜਾਰੀ ਕਰਦੇ ਹਨ। ਮਾਪੇ ਦੇਖ-ਦੇਖ ਕੇ ਖ਼ੁਸ਼ ਹੁੰਦੇ ਹਨ ਕਿ ਸਾਡੇ ਧੀਆਂ, ਪੁੱਤਰ ਅੰਗਰੇਜ਼ ਬਣ ਰਹੇ ਹਨ।

ਪਰ ਸੱਚ ਆਖਾਂ ਤਾਂ ਪੰਜਾਬੀਉ ਸਾਨੂੰ ਸਾਡੀਆਂ ਜੜ੍ਹਾਂ ਨਾਲੋਂ ਤੋੜਿਆ ਜਾ ਰਿਹਾ ਹੈ। ਜੇ ਇਹੀ ਹਾਲ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਲਮ ਵੀ ਪ੍ਰਦਰਸ਼ਨੀ ਦੀਆਂ ਵਸਤਾਂ ਵਿਚ ਸ਼ਾਮਲ ਹੋ ਜਾਵੇਗੀ। ਮੈਨੂੰ ਇਕ ਗੱਲ ਚੇਤੇ ਆ ਰਹੀ ਹੈ ਕਿ ਕਿਸੇ ਨੇ ਕਿਸੇ ਵਿਦਵਾਨ ਨੂੰ ਸਵਾਲ ਕੀਤਾ ਕਿ ਕਿਸੇ ਇਨਸਾਨ ਕੋਲੋਂ ਅਜਿਹਾ ਕੀ ਖੋਹ ਲਿਆ ਜਾਵੇ ਕਿ ਉਹ ਗ਼ਰੀਬ ਹੋ ਜਾਵੇ?

ਉਸ ਵਿਦਵਾਨ ਦਾ ਜਵਾਬ ਸੀ ਕਿ ਉਸ ਕੋਲੋਂ ਉਸ ਦੀ ਭਾਸ਼ਾ ਲੈ ਲਉ। ਕਿਉਂਕਿ ਭਾਸ਼ਾ ਵਿਚ ਹੀ ਤੁਸੀ ਅਪਣੇ ਆਪ ਨੂੰ ਸਹੀ ਤਰੀਕੇ ਨਾਲ ਬਿਆਨ ਕਰ ਸਕਦੇ ਹੋ, ਭਾਸ਼ਾ ਰਾਹੀਂ ਹੀ ਅਪਣੇ ਦਿਲ ਦੀ ਦੂਜਿਆਂ ਤਕ ਪਹੁੰਚਾ ਸਕਦੇ ਹੋ। ਮਾਂ-ਬੋਲੀ ਲਈ ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਇਸ ਲਈ ਆਉ ਸਾਰੇ ਮਿਲ ਕੇ ਪੰਜਾਬੀ ਭਾਸ਼ਾ ਲਈ ਤੇ ਕਲਮ ਲਈ ਕੁੱਝ ਸੋਚੀਏ।
ਸੰਪਰਕ : 97816-77772

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement