
Bhagat Puran Singh : ਅਸੀ ਆਧੁਨਿਕਤਾ ਦੇ ਨਾਂਅ ’ਤੇ ਅਪਣਿਆਂ ਬੱਚਿਆ ’ਤੇ ਅਪਣੇ ਆਪ ਨੂੰ ਨੈਤਿਕ ਸਿਖਿਆ ਦੇ ਸਬਕ ਤੋਂ ਦੂਰ ਕਰ ਲਿਆ ਹੈ।
Bhagat Puran Singh News : ਭਾਵੇਂ ਭਗਤ ਪੂਰਨ ਸਿੰਘ ਜੀ ਨੂੰ ਦੁਨਿਆਵੀ ਰੂਪ ਵਿਚੋਂ ਸਾਡੇ ਚੋਂ ਗਿਆਂ ਅਰਸਾ ਹੋ ਗਿਆ ਹੈ ਪਰ ਉਨ੍ਹਾਂ ਦੀ ਕੀਤੀ ਨਿਰੋਲ ਸੇਵਾ ਅੱਜ ਵੀ ਸਾਡੇ ਵਿਚਕਾਰ ਹੈ ਤੇ ਸਦੀਆਂ ਤਕ ਸਾਡੇ ਨਾਲ ਚਲਦੀ ਰਹੇਗੀ। ਤੁਸੀ ਕਦੇ ਧਿਆਨ ਨਾਲ ਸੋਚਿਉ ਕਿ ਸਾਡੇ ਆਲੇ ਦੁਆਲੇ ਕਿੰਨਾਂ ਕੁਝ ਵਾਪਰ ਰਿਹਾ ਹੈ। ਲੁੱਟਾਂ-ਖੋਹਾਂ, ਰਿਸ਼ਤਿਆਂ ਦਾ ਘਾਣ, ਧੋਖ਼ੇਬਾਜ਼ੀ ਆਦਿ ਪਰ ਫਿਰ ਵੀ ਸਾਡਾ ਸਮਾਜ ਇਕ ਨਿਰੰਤਰ ਚਾਲ ਤੁਰੀ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਤਾਂ ਕਿਸੇ ਦੀ ਮਦਦ ਕਰ ਰਿਹਾ ਹੋਵੇਗਾ, ਕਿਸੇ ਨੂੰ ਹੌਸਲਾ ਦੇ ਰਿਹਾ ਹੋਵੇਗਾ, ਪਿਆਸੇ ਨੂੰ ਪਾਣੀ ਪਿਲਾ ਰਿਹਾ ਹੋਵੇਗਾ, ਡਿੱਗੇ ਨੂੰ ਉੱਠਣ ਵਿਚ ਮਦਦ ਕਰ ਰਿਹਾ ਹੋਵੇਗਾ। ਬਸ ਇਨ੍ਹਾਂ ਲੋਕ ਭਲਾਈ ਕਾਰਜਾਂ ਨਾਲ ਹੀ ਸਾਡੀ ਦੁਨਿਆਂ, ਹਾਲਾਤ ਭਾਵੇਂ ਕਿਵੇਂ ਦੇ ਵੀ ਹੋਣ ਹੱਸਣਾ ਵੱਸਣਾ ਸ਼ੁਰੂ ਕਰ ਦਿੰਦੀ ਹੈ।
ਅੱਜ ਸਾਡੇ ਸਮਾਜ ਵਿਚ ਨੈਤਿਕਤਾ ਤੇ ਅਨੈਤਿਕਤਾ ਦਾ ਸੰਤੁਲਨ ਏਨਾ ਵਿਗੜ ਚੁਕਿਆ ਹੈ ਕਿ ਨਿਰੋਲ ਮਨੁੱਖਤਾ ਦਾ ਵਜੂਦ ਬੀਤੇ ਦੀ ਗੱਲ ਜਾਪਣ ਲੱਗ ਪਿਆ ਹੈ। ਇਸ ਭੱਜ ਦੌੜ ਵਿਚ ਅਸੀ ਅਪਣਾ ਆਪ ਸੀਮਿਤ ਕਰਦਿਆਂ ਅਪਣੇ ਆਲੇ ਦੁਆਲੇ ਤੋਂ ਬਹੁਤ ਕੋਰੇ ਹੋ ਗਏ ਹਾਂ ਤੇ ਬਹਾਨਾ ਬਣਾਉਂਦੇ ਹਾਂ ਕਿ ਸਾਨੂੰ ਕਿਸੇ ਤੋਂ ਕੀ? ਇਸ ਸਮਾਜ ਵਿਚ ਮਨੁੱਖਤਾ ਦੀ ਸੇਵਾ ਦੇ ਪੁੰਜ ਭਗਤ ਪੂਰਨ ਸਿੰਘ ਜੀ ਲਿਖਦੇ ਹਨ ਕਿ ਜਿਸ ਚੀਜ਼ ਦਾ ਸਬੰਧ ਸੰਸਾਰ ਦੇ ਜੀਵਾਂ ਦੇ ਦੁੱਖ-ਸੁੱਖ ਨਾਲ ਹੈ ਉਸ ਨਾਲ ਮੇਰੀ ਦਿਲਚਸਪੀ ਹੈ ਅਰਥਾਤ ਸਾਡੀਆਂ ਸਾਰੀਆਂ ਜੀਵ ਤੇ ਨਿਰਜੀਵ ਚੀਜ਼ਾਂ ਦਾ ਸਬੰਧ ਹਰ ਇਕ ਮਨੁੱਖ ਨਾਲ ਹੈ ਅਤੇ ਮੈਂ ਮਨੁੱਖ ਵਜੋਂ ਸਭ ਦਾ ਖ਼ਿਆਲ ਰੱਖਣਾ ਚਾਹੁੰਦਾ ਹਾਂ। ਸਾਡੇ ਪੌਣ ਪਾਣੀ ਤੇ ਜੀਵ ਜੰਤੂਆਂ ਦਾ ਖ਼ਿਆਲ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਪਰ ਅੱਜ ਦਾ ਆਧੁਨਿਕ ਮਨੁੱਖ ਸੁਚੱਜੀ ਮਾਨਵਤਾ ਦੇ ਇਸ ਸਕੰਲਪ ਨੂੰ ਸਮੇਂ ਦੀ ਤੇਜ਼ ਰਫ਼ਤਾਰ ਨਾਲ ਵਿਸਾਰਦਾ ਜਾ ਰਿਹਾ ਹੈ।
ਅਸੀ ਆਧੁਨਿਕਤਾ ਦੇ ਨਾਂਅ ’ਤੇ ਅਪਣਿਆਂ ਬੱਚਿਆ ’ਤੇ ਅਪਣੇ ਆਪ ਨੂੰ ਨੈਤਿਕ ਸਿਖਿਆ ਦੇ ਸਬਕ ਤੋਂ ਦੂਰ ਕਰ ਲਿਆ ਹੈ। ਦੂਰ ਨਾ ਜਾਵੋ ਅਪਣੇ ਨੇੜੇ ਤੇੜੇ ਹੀ ਵੇਖ ਲਉ ਕਿ ਅੱਜ ਇਕ ਛੋਟਾ ਬੱਚਾ ਅਪਣੇ ਤੋਂ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾ ਰਿਹਾ ਭਾਵ ਸਤਿਕਾਰ ਕਰਨ ਦਾ ਮੁੱਢਲੇ ਸਬਕ ਤੋਂ ਹੀ ਅਸੀ ਬੱਚਿਆਂ ਨੂੰ ਵਾਂਝੇ ਕਰ ਦਿਤਾ ਹੈ। ਇਸ ਸਭ ਪਿੱਛੇ ਦਾ ਕਾਰਨ ਸਾਡੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਅਪਣਿਆਂ ਤੋਂ ਹੀ ਅੱਗੇ ਨਿਕਲਣ ਦੀ ਹੋੜ ਅਤੇ ਬੱਸ ਪੈਸਾ ਇਕੱਠਾ ਕਰਨਾ ਹੀ ਨਿਰੋਲ ਮੰਤਵ ਰਹਿ ਗਿਆ ਹੈ। ਅੱਜ ਮਨੁੱਖ ਦੀ ਸਭ ਤੋਂ ਵੱਡੀ ਤ੍ਰਾਸਦੀ ਉਸ ਦੇ ਸਕੂਨ ਦਾ ਖੋਣਾ ਹੈ। ਇਸ ਦੀ ਵਜ੍ਹਾ ਬੜੀ ਸਪੱਸ਼ਟ ਹੈ ਕਿ ਜ਼ਿੰਦਗੀ ਦਿਖਾਵੇ ਤੇ ਚਾਦਰ ਤੋਂ ਬਾਹਰ ਪੈਰ ਪਸਾਰਨ ਕਾਰਨ ਪਾਟੇ ਗੀਝੇ ਵਾਂਗ ਹੋ ਗਈ ਹੈ।
ਪਹਿਲਾਂ ਸਾਡੀਆਂ ਲੋੜਾਂ ਬੜੀਆਂ ਸੀਮਤ ਤੇ ਸੰਜਮ ਵਾਲੀਆਂ ਸਨ ਪਰ ਇਸ ਦੇ ਉਲਟ ਅੱਜ ਜੋ ਪੈਂਟ ਕਮੀਜ਼ ਹਜ਼ਾਰ ਕੁ ਰੁਪਏ ਵਿਚ ਉੱਤਮ ਕੁਆਲਟੀ ਦੀ ਵੀ ਮਿਲ ਸਕਦੀ ਹੈ ਉਹ ਅਸੀ ਦਿਖਾਵੇ ਦੇ ਚੱਕਰ ਵਿਚ ਵਧੀਆ ਬ੍ਰਾਂਡ ਦੇ ਨਾਮ ਤੇ ਪੰਜ ਤੋਂ ਛੇ ਹਜ਼ਾਰ ਵਿਚ ਖ਼ਰੀਦਦੇ ਹਾਂ ਅਤੇ ਬੜਾ ਹੁੱਬ ਕੇ ਦਸਦੇ ਹਨ ਕਿ ‘‘ਪਤਾ ਇਹ ਕਿੰਨੀ ਮਹਿੰਗੀ ਖ਼ਰੀਦੀ ਹੈ।’’ ਪਹਿਲਾਂ ਵਿਆਹ ਸ਼ਾਦੀਆਂ ਸਾਡੇ ਸਭ ਦੇ ਕੀਮਤੀ ਚਾਅ ਹੁੰਦੇ ਸਨ, ਕੋਈ ਕੀਮਤੀ ਕੱਪੜਾ ਨਹੀਂ, ਕੋਈ ਵੱਡਾ ਪੈਲੇਸ ਨਹੀਂ, ਕੋਈ ਮਹਿੰਗਾ ਗਾਉਣ ਵਾਲਾ ਜਾਂ ਕੋਈ ਵੱਡਾ ਆਰਕੈਸਟਰਾ ਨਹੀਂ ਹੁੰਦਾ ਸੀ। ਵਿਆਹ ਤਿੰਨ-ਚਾਰ ਦਿਨ ਚਲਦਾ ਸੀ। ਸੱਭ ਹਾਸੇ ਮਖੌਲ ਤੇ ਖ਼ੁਸ਼ੀ ਖ਼ੁਸ਼ੀ ਅਪਣੇ ਕਾਰਜ ਕਰਦੇ ਸਨ। ਪਰ ਅੱਜ ਦੇ ਚਾਰ ਘੰਟੇ ਦੇ ਵਿਆਹ ਦੀ ਕੀਮਤ ਦਾ ਅੰਦਾਜ਼ਾ ਤਾਂ ਤੁਸੀ ਭਲੀ ਭਾਂਤ ਹੀ ਜਾਣਦੇ ਹੋਵੋਗੇ।
ਅੱਜ ਹਰੇਕ ਦੇ ਹੈਂਕੜ ਤੇ ਗੁਮਾਨ ਏਨੇ ਭਾਰੇ ਹੋ ਚੁੱਕੇ ਹਨ ਕਿ ਗਰਦਨਾਂ ਆਕੜ ਕੇ ਪੱਥਰ ਦੀਆਂ ਬਣ ਚੁੱਕੀਆਂ ਹਨ। ਨਿਮਰਤਾ ਦਾ ਬੁਲਾਵਾ ਤੇ ਪਿਆਰ ਦੀ ਗਲਵਕੜੀ ਹੁਣ ਕਿਸੇ ਦੇ ਨਸੀਬ ਦੀ ਗੱਲ ਨਹੀਂ ਰਹੀ। ਅਪਣਿਆਂ ਦੀ, ਅਪਣਿਆਂ ਨੂੰ ਹੀ ਮਾਰਨ , ਧੋਖ਼ਾ ਦੇਣ ਦੀਆਂ ਖ਼ਬਰਾਂ ਨਿੱਤ ਦਿਨ ਦੀਆ ਅਖ਼ਬਾਰਾਂ ਵਿਚ ਸੁਰਖੀਆਂ ਬਣਦੀਆਂ ਹਨ ਜੋ ਸਾਨੂੰ ਨਿਰਾਸ਼ ਤੇ ਭੈਅ-ਭੀਤ ਕਰਦੀਆਂ ਹਨ ਪਰ ਇਨ੍ਹਾਂ ਦਾ ਸਾਰਥਕ ਹੱਲ ਸੋਚਣ ਦੀ ਤਾਂਘ ਕੋਈ ਨਹੀਂ ਕਰਦਾ। ਜਦੋਂ ਕੋਈ ਵੀ ਬੰਦਾ ਪਹਾੜ ’ਤੇ ਚੜ੍ਹ ਰਿਹਾ ਹੁੰਦਾ ਤਾਂ ਝੁਕ ਕੇ ਤੇ ਬੜੀ ਨਿਮਰਤਾ ਨਾਲ ਅੱਗੇ ਵੱਧਦਾ ਤੇ ਜਦੋਂ ਪਹਾੜ ਤੋਂ ਉਤਰ ਰਿਹਾ ਹੁੰਦਾ ਹੈ ਤਾਂ ਆਕੜ ਕੇ, ਅਰਥਾਤ ਜ਼ਿੰਦਗੀ ਵਿਚ ਅੱਗੇ ਵਧ ਰਿਹਾ ਬੰਦਾ ਬੜਾ ਨਰਮ ਤੇ ਉਦਾਰ ਹੁੰਦਾ ਹੈ ਤੇ ਪਿਛਾਂਹ ਵਲ ਜਾ ਰਿਹਾ ਬੰਦਾ ਦਿਨੋ-ਦਿਨ ਆਕੜਖੋਰ ਤੇ ਖਿਝਿਆ ਰਹਿੰਦਾ ਹੈ।
ਹਰ ਇਕ ਨੂੰ ਇਹੋ ਲੱਗ ਰਿਹਾ ਹੈ ਕਿ ਜ਼ਿੰਦਗੀ ਬੱਸ ਭੱਜਣ ਤੇ ਇਕੱਠਾ ਕਰਨ ਦਾ ਨਾਂਅ ਹੀ ਹੈ। ਪਰ ਜਰਾ ਰੁਕੋ ਕਦੀ ਥੋੜਾ ਜਿਹਾ ਵਕਤ ਕੱਢ ਕੇ ਅਪਣੇ ਨਜ਼ਦੀਕ ਕਿਸੇ ਪਿੰਗਲਵਾੜੇ ਵਿਚ ਪਹਿਲਾਂ ਆਪ ਤੇ ਫਿਰ ਅਪਣੇ ਪ੍ਰਵਾਰ ਸਮੇਤ ਇਕ ਵਾਰ ਗੇੜਾ ਜ਼ਰੂਰ ਮਾਰ ਕੇ ਆਉ। ਪਹਿਲਾਂ ਇਕੱਲੇ ਜਾਣ ਦੀ ਵਜ੍ਹਾ ਇਹ ਹੈ ਕਿ ਤੁਸੀਂ ਜਦ ਪਹਿਲੀ ਵਾਰ ਜਾਉਗੇ ਤਾਂ ਪਿੰਗਲਵਾੜੇ ਦੇ ਵਿਹੜੇ ਵਿਚ ਪਲ ਰਹੀਆਂ ਨੇਕ ਤੇ ਮਾਸੂਮ ਰੂਹਾਂ ਦੇ ਹਸਦੇ ਹੋਏ ਚਿਹਰੇ ਤੁਹਾਨੂੰ ਝੰਜੋੜ ਕੇ ਰੱਖ ਦੇਣਗੇ। ਕਰਮਾਂ ਮਾਰੇ ਇਹ ਚਿਹਰੇ ਸਰੀਰਕ ਪੱਖੋਂ ਵਿਕਲਾਂਗ, ਮੰਦਬੁੱਧੀ ਤੇ ਪ੍ਰਵਾਰਾਂ ਤੋਂ ਵਿਸਰੇ ਹੋਏ ਹਨ ਪਰ ਫਿਰ ਵੀ ਇਥੇ ਸਾਡੇ ਸਮਾਜ ਵਿਚ ਕੁੱਝ ਨੇਕ ਰੂਹਾਂ ਦੇ ਉਦਾਰ ਤੇ ਮਜ਼ਬੂਤ ਇਰਾਦਿਆਂ ਵਾਲੇ ਲੋਕਾਂ ਦੇ ਹਿੰਮਤ ਹੌਸਲੇ ਤੇ ਸੇਵਾ ਭਾਵਨਾ ਦੇ ਜਜ਼ਬੇ ਆਸਰੇ ਅਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਭਗਤ ਪੂਰਨ ਸਿੰਘ ਜੀ ਬੇ-ਆਸਰੇ ਰੋਗੀਆਂ ਦੀ ਦੁਰਦਸ਼ਾ ਵੇਖ ਕੇ ਦਿਲੋਂ ਚਾਹੁੰਦੇ ਸਨ ਕਿ ਉਹ ਇਕ ਅਜਿਹੀ ਸੰਸਥਾ ਬਣਾਉਣ ਜਿਹੜੀ ਇਨ੍ਹਾਂ ਬੇ-ਆਸਰਿਆਂ ਨੂੰ ਸਹਾਰਾ ਦੇਵੇ ਤੇ ਇਲਾਜ ਕਰਾਵੇ। ਇਨ੍ਹਾਂ ਬੇ-ਆਸਰਿਆਂ ਦੀ ਸਾਂਭ ਸੰਭਾਲ ਦਾ ਮੁੱਢ ਭਾਵ ਪਿੰਗਲਵਾੜੇ ਦੀ ਨੀਂਹ ਉਸ ਦਿਨ ਆਪ ਮੁਹਾਰੇ ਰੱਖੀ ਗਈ ਸੀ ਜਦ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਹੈੱਡ ਗ੍ਰੰਥੀ ਜਥੇਦਾਰ ਅੱਛਰ ਸਿੰਘ ਨੇ ਅਰਦਾਸ ਕਰ ਕੇ ਚਾਰ ਕੁ ਸਾਲ ਦੇ ਅਪੰਗ ਬੱਚੇ ਨੂੰ ਭਗਤ ਜੀ ਦੇ ਹਵਾਲੇ ਇਹ ਕਹਿੰਦਿਆਂ ਕਰ ਦਿਤਾ ਸੀ ਕਿ, ‘‘ਪੂਰਨਾ ਸਿੰਘਾ, ਤੂੰ ਹੀ ਇਸ ਦੀ ਸੇਵਾ ਸੰਭਾਲ ਕਰ।’’
ਬੱਚੇ ਦੀ ਹਾਲਤ ਇਹ ਸੀ ਕਿ ਉਹ ਨਾ ਅਪਣੇ ਆਪ ਕੁੱਝ ਖਾ ਪੀ ਸਕਦਾ ਸੀ, ਨਾ ਕੋਈ ਕਪੜਾ ਪਾ ਜਾਂ ਉਤਾਰ ਸਕਦਾ ਸੀ ਤੇ ਨਾ ਹੀ ਅਪਣਾ ਮਲ-ਮੂਤਰ ਆਪ ਕਰ ਸਕਦਾ ਸੀ, ਸਗੋਂ ਅਪਣੇ ਮਲ-ਮੂਤਰ ਵਿਚ ਆਪ ਹੀ ਲਿੱਬੜ ਜਾਂਦਾ ਸੀ। ਇਹ ਬੱਚਾ ਗੁਰਦੁਆਰਾ ਡੇਹਰਾ ਸਾਹਿਬ ਸਾਹਮਣੇ ਤੜਕੇ ਦੇ ਹਨੇਰੇ ਵਿਚ ਛੱਡ ਦਿਤਾ ਗਿਆ ਸੀ ਜਿਸ ਦੀ ਸੇਵਾ ਦੀ ਸ਼ੁਰੂਆਤ ਨਾਲ ਪਿੰਗਲਵਾੜੇ ਦੀ ਸ਼ੁਰੂਆਤ ਹੋਈ। ਜਦੋਂ ਉਹ ਚਾਰ ਸਾਲ ਦਾ ਸੀ ਤਾਂ ਭਗਤ ਜੀ ਨੇ ਉਸ ਦੀ ਸੇਵਾ ਕਰਨੀ ਸ਼ੁਰੂ ਕੀਤੀ ਤੇ ਉਸ ਦੀ ਅਠਾਰਾਂ ਸਾਲ ਦੀ ਉਮਰ ਤਕ ਭਗਤ ਜੀ ਉਸ ਨੂੰ ਅਪਣੀ ਪਿੱਠ ਤੇ ਚੁੱਕੀ ਫਿਰਦੇ ਹੁੰਦੇ ਸਨ। ਭਗਤ ਜੀ ਨੂੰ ਲੋਕ ਭਲਾਈ ਦਾ ਕੋਈ ਵੀ ਕੰਮ ਤੁੱਛ ਜਾਂ ਘਟੀਆ ਨਹੀਂ ਜਾਪਿਆ, ਜਿਵੇਂ ਸੜਕਾਂ ਤੇ ਪਏ ਕਿੱਲ, ਖੁਰੀਆਂ, ਕੇਲੇ ਦੇ ਛਿੱਲੜ, ਰੋੜੇ, ਕੱਚ ਤੇ ਗੋਹਾ ਆਦਿ ਬਿਨਾ ਹੀਣ ਭਾਵਨਾਂ ਤੋਂ ਚੁੱਕ ਕੇ ਪਰਾਂ ਕਰ ਦਿੰਦੇ ਸਨ ਤਾਂ ਜੋ ਕਿਸੇ ਰਾਹੀ ਨੂੰ ਲੰਘਣ ਲੱਗੇ ਕੋਈ ਤਕਲੀਫ਼ ਨਾ ਹੋਵੇ ਅਤੇ ਸਾਫ਼ ਸਫ਼ਾਈ ਰਹੇ।
ਹੁਣ ਤੁਹਾਡੇ ਮਨ ਵਿਚ ਆ ਰਿਹਾ ਸਵਾਲ ਬਿਲਕੁਲ ਜਾਇਜ਼ ਹੈ ਕਿ ਮੈਂ ਅੱਜ ਦੇ ਆਧੁਨਿਕ ਯੁਗ ਦੀ ਤੇਜ਼ ਰਫ਼ਤਾਰ ਭੱਜ ਨੱਠ ਵਾਲੀ ਜ਼ਿੰਦਗੀ ਦੀ ਤੁਲਨਾ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੇ ਉਦੇਸ਼ ਨਾਲ ਕਿਉਂ ਕਰ ਰਿਹਾ ਹਾਂ? ਤਾਂ ਇਸ ਦਾ ਸੱਭ ਤੋਂ ਸਰਲ ਤੇ ਸਾਰਥਕ ਜਵਾਬ ਇਹ ਹੈ ਕਿ ਜ਼ਿੰਦਗੀ ਦਾ ਕੁੱਝ ਪਤਾ ਨਹੀਂ ਹੁੰਦਾ, ਇਹ ਕਦੋਂ ਕਿੱਥੇ ਤੇ ਕਿਵੇਂ ਕਿਸੇ ਦੇ ਆਸਰੇ ਹੋ ਜਾਵੇ। ਅਰਥਾਤ ਜ਼ਿੰਦਗੀ ਦੀ ਭੱਜ-ਦੌੜ ਵਿਚ ਅਸੀਂ ਸੇਵਾ ਭਾਵਨਾ ਨੂੰ ਤਨੋਂ-ਮਨੋਂ ਧਨੋਂ ਬਿਲਕੁਲ ਭੁੱਲ ਬੈਠੇ ਹਾਂ ਤੇ ਸੁਆਰਥੀ ਹੋ ਗਏ ਹਾਂ। ਕਿਸੇ ਲੋੜਵੰਦ ਦੀ ਨਿ-ਸੁਆਰਥ ਸੇਵਾ ਜਾਂ ਮਦਦ ਤਾਂ ਕਰੋ, ਤੁਹਾਨੂੰ ਸਕੂਨ ਮਿਲੇਗਾ। ਖ਼ੁਸ਼ੀਆਂ ਆਪ-ਮੁਹਾਰੇ ਤੁਹਾਡੇ ਵੱਲ ਭੱਜੀਆਂ ਆਉਣਗੀਆਂ। ਜੇਕਰ ਦੁੱਖ-ਤਕਲੀਫ਼ ਵੀ ਆਏ ਤਾਂ ਸੇਵਾ ਭਾਵਨਾ ਕਰਨ ਵਾਲਾ ਬੰਦਾ ਤਗੜੇ ਹਿੰਮਤ ਹੌਂਸਲੇ ਤੇ ਜਜ਼ਬੇ ਨਾਲ ਸਭ ਸਹਿਣ ਕਰ ਕੇ ਮੁੜ ਜ਼ਿੰਦਗੀ ਵਿਚ ਸਕੂਨ ਪਾ ਲਵੇਗਾ।
ਹੁਣ ਹੋਰ ਦੇਰ ਨਾ ਕਰੋ ਬਹੁਤ ਲੋੜਵੰਦ ਹਨ ਜਿੰਨ੍ਹਾਂ ਨੂੰ ਤੁਹਾਡੇ ਵੱਡੇ ਅਹੁਦੇ ਤੇ ਬੇਸ਼ੁਮਾਰ ਦੌਲਤ ਦਾ ਕੋਈ ਭਾਅ ਨਹੀਂ, ਬੱਸ ਉਨ੍ਹਾਂ ਇਲਾਜ ਤੇ ਸੰਭਾਲਣ ਵਾਲੇ ਨੇਕ ਹੱਥਾਂ ਤੇ ਸੁੱਚੀਆਂ ਰੂਹਾਂ ਦੀ ਲੋੜ ਹੈ। ਸੋ ਅਪਣੇ ਬੱਚਿਆ ਨੂੰ ਪਿੰਗਲਵਾੜੇ ਬਾਰੇ ਜ਼ਰੂਰ ਦਸਿਉ। ਜੇ ਸਾਡੀਆਂ ਹਮਉਮਰ ਤੇ ਆਉਣ ਵਾਲੀਆਂ ਪੀੜ੍ਹੀਆਂ ਸੰਭਲ ਗਈਆਂ ਤਾਂ ਸਾਡੀ ਦੁਨੀਆ ਵਿਚ ਅਸਲ ਮਨੁੱਖਤਾ ਦਾ ਰਾਜ ਕਾਇਮ ਹੋ ਜਾਵੇਗਾ, ਜਿੱਥੇ ਹੀਣ ਭਾਵਨਾ, ਜਾਤ ਪਾਤ ਸਭ ਸਮਾਜਕ ਬੁਰਾਈਆਂ ਖ਼ਤਮ ਹੋ ਜਾਣਗੀਆਂ।