Special Article : Special Article : ਪਾਕਿਸਤਾਨ ਵਿਚ ਪੰਜਾਬੀ ਬੋਲੀ ਦਾ ਅਲੰਬਰਦਾਰ ਅਤੇ ਇਨਕਲਾਬੀ ਲੋਕ ਕਵੀ : ਉਸਤਾਦ ਦਾਮਨ
Special Article : ਕੁੱਝ ਪੰਜਾਬੀ ਵਿਦਵਾਨ ਸ਼ੰਕੇ ਖੜੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿਚ ਖ਼ਤਮ ਹੋ ਜਾਵੇਗੀ। ਇਹ ਖ਼ਬਰਾਂ ਕਈ ਵਾਰ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ। ਉਹ ਬੋਲੀ ਕਦੀ ਵੀ ਖ਼ਤਮ ਨਹੀਂ ਹੋ ਸਕਦੀ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੋਵੇ। ਪੰਜਾਬੀ ਬੋਲੀ ਜਿਸ ਦਾ ਸਬੰਧ ਗੁਰੂਆਂ, ਪੀਰਾਂ ਅਤੇ ਧਾਰਮਕ ਭਾਵਨਾਵਾਂ ਨਾਲ ਹੋਵੇ ਉਸ ਦੇ ਖ਼ਤਮ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਪ੍ਰੰਤੂ ਹੋ ਸਕਦੈ ਸਮੇਂ ਦੇ ਬੀਤਣ ਨਾਲ ਉਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਘੱਟ ਜਾਵੇ। ਪੰਜਾਬੀ ਤਾਂ ਸੰਸਾਰ ਭਰ ਵਿਚ ਫੈਲੇ ਹੋਏ ਹਨ, ਉਥੇ ਵੀ ਗੁਰੂ ਘਰਾਂ ਵਿਚ ਪਰਵਾਸ ਵਿਚ ਪੈਦਾ ਹੋਏ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ।
ਪਾਕਿਸਤਾਨ ਵਿਚ ਵੀ ਅੱਜਕਲ ਪੰਜਾਬੀ ਦੇ ਅਲੰਬਰਦਾਰ ਉਥੇ ਦੇ ਵਾਸ਼ਿੰਦਿਆਂ ਨੂੰ ਪੰਜਾਬੀ ਬੋਲਣ ਤੇ ਪੰਜਾਬੀ ਪਹਿਰਾਵਾ ਪਾਉਣ ਦੀ ਮੁਹਿੰਮ ਚਲਾ ਰਹੇ ਹਨ। ਦੇਸ਼ ਨੂੰ ਆਜ਼ਾਦ ਕਰਨ ਸਮੇਂ ਗੋਰਿਆਂ ਨੇ ਭਾਰਤੀਆਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਪਾਕਿਸਤਾਨ ਵੱਖਰਾ ਦੇਸ਼ ਬਣਾ ਦਿਤਾ। ਦੋਹਾਂ ਦੇਸ਼ਾਂ ਦੇ ਸਿਆਸੀ ਨੇਤਾਵਾਂ ਦੀ ਕਾਰਗੁਜ਼ਾਰੀ ਵੀ ਚੰਗੀ ਨਹੀਂ ਰਹੀ। ਅਜਿਹੀ ਆਜ਼ਾਦੀ ਨੂੰ ਇਨਸਾਨੀਅਤ ਦੀ ਬਰਬਾਦੀ ਕਿਹਾ ਜਾ ਸਕਦਾ ਹੈ ਕਿਉਂਕਿ ਅਣਗਿਣਤ ਬੇਕਸੂਰ ਇਨਸਾਨਾਂ ਦੇ ਕਤਲਾਂ ਨੇ ਆਜ਼ਾਦੀ ਨੂੰ ਦਾਗ਼ਦਾਰ ਕਰ ਦਿਤਾ ਸੀ। ਨਹੁੰ ਮਾਸ ਦੇ ਰਿਸ਼ਤੇ ਖੇਰੂੰ ਖੇਰੂੰ ਹੋ ਗਏ ਸਨ। ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਸਾਹਿਤਕਾਰਾਂ ਨੇ ਖ਼ੂਨੀ ਬ੍ਰਿਤਾਂਤ ਲਿਖਿਆ ਸੀ। ਲਹਿੰਦੇ ਪੰਜਾਬ ਤੋਂ ਭਾਰਤ ਵਿਚ ਆਈ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੇ ਦੇਸ਼ ਦੀ ਵੰਡ ਬਾਰੇ ਬਹੁਤ ਹੀ ਭਾਵਨਾਤਮਕ ਕਵਿਤਾ ਲਿਖ ਕੇ ਅਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਦੂਜੇ ਪਾਸੇ ਪਾਕਿਸਤਾਨ ਜਾ ਕੇ ਵਸੇ ਲੋਕ ਕਵੀ ਉਸਤਾਦ ਦਾਮਨ ਨੇ ਮਨੁੱਖਤਾ ਦੇ ਕਤਲ ਨੂੰ ਇਨਸਾਨੀਅਤ ਦਾ ਘਾਣ ਦੱਸਦਿਆਂ ਅਪਣੀਆਂ ਭਾਵਪੂਰਤ ਕਵਿਤਾਵਾਂ ਵਿਚ ਸਰਲ ਤੇ ਸਾਦੀ ਬੋਲੀ ਵਿਚ ਲਿਖਿਆ ਸੀ।
ਉਸਤਾਦ ਦਾਮਨ ਜਿਨ੍ਹਾਂ ਦਾ ਨਾਮ ਚਿਰਾਗ ਦੀਨ ਸੀ, ਉਨ੍ਹਾਂ ਨੇ ਅਪਣੇ ਨਾਮ ਨੂੰ ਪੰਜਾਬੀ ਦਾ ਝੰਡਾਬਰਦਾਰ ਬਣਨ ਦਾ ਮਾਣ ਦਿਤਾ। ਚਿਰਾਗ ਰੌਸ਼ਨੀ ਦੇਣ ਵਾਲੇ ਦੀਵੇ ਦਾ ਪਵਿਤਰ ਨਾਮ ਗਿਣਿਆਂ ਜਾਂਦਾ ਹੈ। ਉਸਤਾਦ ਦਾਮਨ ਨੂੰ ਪੰਜਾਬੀ ਬੋਲੀ ਦੇ ਨਾਲ ਅਥਾਹ ਪਿਆਰ ਅਤੇ ਸਤਿਕਾਰ ਸੀ। ਭੂਗੋਲਕ ਵੰਡ ਪੰਜਾਬੀਆਂ ਦੀ ਵਿਰਾਸਤ ਬੋਲੀ, ਪਹਿਰਾਵਾ, ਰਸਮੋ-ਰਿਵਾਜ, ਹਵਾ-ਪਾਣੀ, ਸਭਿਅਤਾ ਅਤੇ ਸਭਿਆਚਾਰ ਦੀਆਂ ਵੰਡੀਆਂ ਨਾ ਪਾ ਸਕੀ। ਪੰਜਾਬੀ ਭਾਵੇਂ ਦੋ ਖਿਤਿਆਂ ਵਿਚ ਵੰਡੇ ਜਾ ਚੁਕੇ ਸਨ ਪ੍ਰੰਤੂ ਉਨ੍ਹਾਂ ਦੀਆਂ ਭਾਵਨਾਵਾਂ ਅਪਣੀ ਮਾਤਭੂਮੀ ਲਈ ਭੱਟਕ ਰਹੀਆਂ ਸਨ। ਉਹ ਮਾਨਸਕ ਅਤੇ ਆਤਮਕ ਤੌਰ ਤੇ ਮਾਖਿਉਂ ਮਿੱਠੀ ਪੰਜਾਬੀ ਭਾਸ਼ਾ ਨਾਲ ਓਤਪੋਤ ਸਨ। ਲਹਿੰਦੇ ਪੰਜਾਬ ਦੇ ਲੋਕ ਕਵੀਆਂ ਵਿਚੋਂ ਚਿਰਾਗ ਦੀਨ ਦਾਮਨ ਨੂੰ ਦੇਸ਼ ਦੀ ਵੰਡ ਦੀ ਚੀਸ ਹਮੇਸ਼ਾ ਰੜਕਦੀ ਰਹੀ। ਇਸ ਕਰ ਕੇ ਉਹ ਦੇਸ਼ ਦੀ ਵੰਡ ਤੋਂ ਬਾਅਦ ਵੀ ਭਾਰਤ ਵਿਚ ਹੋਣ ਵਾਲੇ ਕਵੀ ਦਰਬਾਰਾਂ ਦਾ ਸ਼ਿੰਗਾਰ ਬਣਦਾ ਰਿਹਾ। ਦੇਸ਼ ਦੀ ਵੰਡ ਸਬੰਧੀ ਉਸ ਨੇ ਬੜੀਆਂ ਹੀ ਦਿਲ ਨੂੰ ਕੁਰੇਦਣ ਤੇ ਟੁੰਬਣ ਵਾਲੀਆਂ ਕਵਿਤਾਵਾਂ ਲਿਖੀਆਂ ਹਨ, ਜਿਹੜੀਆਂ ਰਹਿੰਦੀ ਦੁਨੀਆਂ ਤਕ ਤਰੋ ਤਾਜ਼ਾ ਰਹਿਣਗੀਆਂ। ਉਸਤਾਦ ਦਾਮਨ ਵਰਗੇ ਸਿਰੜ੍ਹੀ ਪੰਜਾਬੀ ਭਾਸ਼ਾ ਤੇ ਪਹਿਰਾ ਦਿੰਦੇ ਰਹਿਣਗੇ ਤਾਂ ਇਹ ਬੋਲੀ ਕਦੀਂ ਵੀ ਖ਼ਤਮ ਨਹੀਂ ਹੋ ਸਕਦੀ। ਗੂੜ੍ਹੀ ਸ਼ਬਦਾਵਲੀ ਦੀ ਥਾਂ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਹੜੀ ਸੋਖਿਆਂ ਹੀ ਲੋਕਾਂ ਦੇ ਪੱਲੇ ਪੈ ਜਾਵੇ ਅਤੇ ਉਸ ਦੀ ਸਾਰਥਕਤਾ ਦਾ ਪਤਾ ਲੱਗੇ। ਵੇਖੋ ਸਬਜ਼ੀ ਦੀ ਸਫ਼ਾਈ ਰੱਖਣ ਬਾਰੇ ਉਸਤਾਦ ਦਾਮਨ ਕਿੰਨੀ ਸਰਲ ਸ਼ਬਦਾਵਲੀ ਵਰਤਦਾ ਹੈ।
-ਸਬਜ਼ੀ ਲਿਆਉ ਭੱਜ ਕੇ, ਖਾਉ ਸਾਰੇ ਰੱਜ ਕੇ, ਬਾਕੀ ਰੱਖੋ ਕੱਜ ਕੇ।
ਕਵਿਤਾ ਪੜ੍ਹਨ ਤੇ ਇਉਂ ਲਗਦਾ ਹੈ ਜਿਵੇਂ ਹਲਕੀ ਫੁਲਕੀ ਜਿਹੀ ਹੈ ਪ੍ਰੰਤੂ ਨੀਝ ਲਾ ਕੇ ਸਮਝੋ ਕਿ ਸਰਲ ਸ਼ਬਦਾਂ ਵਿਚ ਕਿੰਨੀ ਵੱਡੀ ਗੱਲ ਕਰ ਗਿਆ ਹੈ। ਪੰਜਾਬੀ ਦਾ ਉਹ ਨਿਧੜਕ ਜਰਨੈਲ ਲੋਕ ਕਵੀ ਸੀ, ਜਿਸ ਨੇ ਤਾਹਨੇ ਮਿਹਣੇ ਸਹਿੰਦਿਆਂ ਪੰਜਾਬੀ ਵਿਚ ਕਵਿਤਾ ਲਿਖਣੋਂ ਗੁਰੇਜ ਨਹੀਂ ਕੀਤਾ। ਹਾਲਾਂਕਿ ਉਸ ਨੂੰ ਪਤਾ ਸੀ ਕਿ ਕਿਸੇ ਵੀ ਸਮੇਂ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਜਦੋਂ ਵਾਰ-ਵਾਰ ਉਸ ਉਪਰ ਦਬਾਅ ਪਾਇਆ ਗਿਆ ਕਿ ਮੁਸਲਮਾਨ ਹੋਣ ਅਤੇ ਪਾਕਿਸਤਾਨ ਵਿਚ ਰਹਿਣ ਕਰ ਕੇ ਉਸ ਨੂੰ ਪੰਜਾਬੀ ਦੀ ਥਾਂ ਉਰਦੂ ਵਿਚ ਅਪਣੀਆਂ ਨਜ਼ਮਾਂ ਲਿਖਣੀਆਂ ਚਾਹੀਦੀਆਂ ਹਨ ਤਾਂ ਉਸ ਨੇ ਕਵਿਤਾ ਵਿਚ ਹੀ ਉਨ੍ਹਾਂ ਨੂੰ ਜਵਾਬ ਦਿੰਦਿਆਂ ਲਿਖਿਆ:
ਮੈਨੂੰ ਕਈਆਂ ਨੇ ਆਖਿਆ ਕਈ ਵਾਰ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਹਦੀ ਵਿਚ ਪਲ ਕੇ ਜਵਾਨ ਹੋਇਐਂ,
ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ।
ਜੇ ਪੰਜਾਬੀ ਪੰਜਾਬੀ ਈ ਕੂਕਣਾ ਏ,
ਜਿਥੇ ਖਲੋਤਾ ਏਂ ਥਾਂ ਛੱਡ ਦੇ।
ਮੈਨੂੰ ਇੰਜ ਲਗਦੈ ਲੋਕੀ ਆਖਦੇ ਨੇ,
ਤੂੰ ਪੁੱਤਰਾ ਅਪਣੀ ਮਾਂ ਛੱਡ ਦੇ।
ਉਰਦੂ ਦਾ ਮੈਂ ਦੋਖੀ ਨਾਹੀਂ ਤੇ
ਦੁਸ਼ਮਣ ਨਾਹੀਂ ਅੰਗਰੇਜ਼ੀ ਦਾ।
ਪੁਛਦੇ ਹੋ ਮੇਰੇ ਦਿਲ ਦੀ ਬੋਲੀ,
ਹਾਂ ਜੀ ਹਾਂ ਪੰਜਾਬੀ ਏ।
ਜਦੋਂ ਫ਼ਿਰਕਾਪ੍ਰਸਤਾਂ ਨੇ ਉਸ ਨੂੰ ਵਾਰ-ਵਾਰ ਪੰਜਾਬੀ ਵਿਚ ਕਵਿਤਾ ਲਿਖਣ ਤੋਂ ਵਰਜਿਆ ਤਾਂ ਉਹ ਡਰਿਆ ਨਹੀਂ ਸਗੋਂ ਉਸ ਨੇ ਲਿਖਿਆ -
ਇਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ,
ਉਰਦੂ, ਵਿਚ ਕਿਤਾਬਾਂ ਦੇ, ਠਣਦੀ ਰਹੇਗੀ।
ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਨਾਂ,
ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ।
ਇਹਦੇ ਲੱਖ ਹਰੀਫ਼ ਪਏ ਹੋਣ ਪੈਦਾ,
ਦਿਨ-ਬ-ਦਿਨ ਇਹਦੀ ਸ਼ਕਲ ਬਣਦੀ ਰਹੇਗੀ।
ਉਦੋਂ ਤੀਕ ਤੇ ਪੰਜਾਬੀ ਨਹੀਂ ਮਰਦੀ,
ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ। ਨੌਜਵਾਨ ਪੀੜ੍ਹੀ ਉਤੇ ਤੰਜ ਕਸਦਿਆਂ ਵੀ ਕਮਾਲ ਦੀਆਂ ਪੰਜਾਬੀ ਦੀਆਂ ਠੇਠ ਤਸ਼ਬੀਹਾਂ ਅਪਣੀਆਂ ਕਵਿਤਾਵਾਂ ਵਿਚ ਦਿੰਦਾ ਸੀ, ਜਿਹੜੀਆਂ ਅੱਜ 77 ਸਾਲ ਬਾਅਦ ਵੀ ਢੁਕਵੀਆਂ ਹਨ। ਕਾਲਜਾਂ ਅਤੇ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਤੇ ਤੰਜ ਕਸਦਾ ਉਹ ਲਿਖਦਾ ਹੈ-
ਇਹ ਕਾਲਜ ਏ ਕਿ ਫ਼ੈਸ਼ਨ ਦੀ ਫ਼ੈਕਟਰੀ ਏ,
ਕੁੜੀਆਂ ਮੁੰਡਿਆਂ ਨਾਲ ਇੰਜ ਫਿਰਨ,
ਜਿਵੇਂ ਅਲਜਬਰੇ ਨਾਲ ਜੁਮੈਟਰੀ ਏ।
ਉਸਤਾਦ ਦਾਮਨ ਨੇ ਸਾਰੀ ਉਮਰ ਅਣਖ ਨਾਲ ਸ਼ਾਇਰੀ ਕੀਤੀ। ਸਰਕਾਰਾਂ ਦੇ ਦਮਨ ਦਾ ਸ਼ਿਕਾਰ ਵੀ ਹੋਇਆ। ਇਨਕਲਾਬੀ ਕਵਿਤਾ ਸਮਾਜਕ ਬੁਰਾਈਆਂ ਅਤੇ ਆਮ ਜਨਤਾ ਉੱਤੇ ਸਰਕਾਰ ਵਲੋਂ ਕੀਤੇ ਜਾਂਦੇ ਜ਼ੋਰ ਜ਼ਬਰਦਸਤੀ ਦੀਆਂ ਕਾਰਵਾਈਆਂ ਵਿਰੁਧ ਲਿਖਣ ਕਰ ਕੇ ਉਸ ਉਪਰ ਕਈ ਕੇਸ ਦਰਜ ਕਰ ਕੇ ਜੇਲ੍ਹ ਵਿਚ ਬੰਦ ਰਖਿਆ ਗਿਆ ਪ੍ਰੰਤੂ ਉਸ ਨੇ ਸਰਕਾਰਾਂ ਨਾਲ ਆਡਾ ਲਾਈ ਰਖਿਆ। ਫ਼ੌੌਜੀ ਰਾਜ ਤੋਂ ਵੀ ਉਹ ਡਰਿਆ ਨਹੀਂ ਸਗੋਂ ਉਸ ਨੇ ਫ਼ੌਜੀ ਰਾਜ ਤੇ ਟਕੋਰ ਕਰਦਿਆਂ ਅਰਥ ਭਰਪੂਰ ਕਵਿਤਾ ਲਿਖੀ-
ਸਾਡੇ ਮੁਲਕ ਦੀਆਂ ਮੌਜਾਂ ਹੀ ਮੌਜਾਂ,
ਜਿਧਰ ਵੇਖੋ ਫ਼ੌਜਾਂ ਹੀ ਫ਼ੌਜਾਂ।
ਇਹ ਕੀ ਕਰੀ ਜਾਨੈਂ,
ਕਦੀ ਚੀਨ ਜਾਨੈਂ ਕਦੀ ਰੂਸ ਜਾਨੈਂ।
ਕਦੀ ਸ਼ਿਮਲੇ ਜਾਨੈਂ ਕਦੀ ਮਰੀ ਜਾਨੈਂ,
ਜਿਧਰ ਜਾਨੈਂ ਬਣ ਕੇ ਜਲੂਸ ਜਾਨੈਂ।
ਲਈ ਖੇਸ ਜਾਨੈਂ ਖਿੱਚੀ ਦਰੀ ਜਾਨੈਂ,
ਇਹ ਕੀ ਕਰੀ ਜਾਨੈਂ।
ਜੇਲ੍ਹ ਵਿਚ ਰਹਿਣ ਕਰ ਕੇ ਉਸ ਦੀ ਵਿਆਹੁਤਾ ਜ਼ਿੰਦਗੀ ਵੀ ਬਹੁਤੀ ਸਫ਼ਲ ਨਹੀਂ ਰਹੀ। ਉਸ ਦਾ ਵਿਆਹ ਇਕ ਸਿੱਖ ਪ੍ਰਵਾਰ ਵਿਚ ਹੋਇਆ ਸੀ। ਉਸ ਦਾ ਇਕ ਲੜਕਾ ਵੀ ਸੀ ਪ੍ਰੰਤੂ ਬਹੁਤਾ ਸਮਾਂ ਜੇਲ ਵਿਚ ਰਹਿਣ ਕਰ ਕੇ ਇਕ ਵਾਰ ਵਿਛੜਿਆ ਪ੍ਰਵਾਰ ਮੁੜ ਕੇ ਮਿਲ ਨਾ ਸਕਿਆ। ਜਿਉਂਦੇ ਜੀਅ ਗ਼ਰੀਬੀ ਕਰ ਕੇ ਉਹ ਅਪਣੀਆਂ ਕਵਿਤਾਵਾਂ ਦੀ ਕੋਈ ਵੀ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ। ਉਸਤਾਦ ਦਾਮਨ ਦੀ ਮੌਤ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦੀ ਪੁਸਤਕ ਪਾਕਿਸਤਾਨ ਦੇ ਲੋਕਾਂ ਨੇ ਗੁਰਮੁਖੀ ਵਿਚ ਪ੍ਰਕਾਸ਼ਤ ਹੀ ਨਹੀਂ ਕੀਤੀ ਸਗੋਂ ਉਰਦੂ ਵਿਚ ਪ੍ਰਕਾਸ਼ਤ ਕਰ ਕੇ ਉਸ ਨੂੰ ਉਰਦੂ ਦਾ ਸ਼ਾਇਰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਉਸਤਾਦ ਦਾਮਨ ਅਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਅਪਣੀਆਂ ਇਨਕਲਾਬੀ ਕਵਿਤਾਵਾਂ ਕਰ ਕੇ ਜੇਲ ਵਿਚ ਹੀ ਰਿਹਾ ਹੈ। ਉਹ ਇਹ ਵੀ ਆਮ ਕਹਿੰਦਾ ਸੀ ਕਿ ਉਸ ਦਾ ਕਮਰਾ ਹੀ ਬਹੁਤ ਛੋਟਾ ਸੀ, ਜਿਸ ਕਰ ਕੇ ਉਸ ਉਪਰ ਬੰਬ ਰੱਖਣ ਦੇ ਕੇਸ ਬਣਦੇ ਰਹੇ, ਜੇਕਰ ਮੇਰਾ ਕਮਰਾ ਵੱਡਾ ਹੁੰਦਾ ਤਾਂ ਟੈਂਕ ਰੱਖਣ ਦੇ ਕੇਸ ਵੀ ਹੋ ਸਕਦੇ ਸਨ। ਜੇਲ੍ਹ ਵਿਚ ਰਹਿਣ ਸਬੰਧੀ ਉਹ ਲਿਖਦਾ ਹੈ -
ਸਟੇਜਾਂ ਤੇ ਆਈਏ ਸਿਕੰਦਰ ਹੋਈਦਾ ਏ, ਸਟੇਜੋਂ ਉਤਰ ਕੇ ਕਲੰਦਰ ਹੋਈਦਾ ਏ।
ਉਲਝੇ ਜੋ ਦਾਮਨ ਹਕੂਮਤ ਕਿਸੇ ਨਾਲ, ਬਸ ਏਨਾ ਹੀ ਹੁੰਦਾ, ਅੰਦਰ ਹੋਈਦਾ ਏ।
ਉਸਤਾਦ ਦਾਮਨ ਦਾ ਪਿਤਾ ਫ਼ੌਜੀ ਦਰਜੀਖ਼ਾਨੇ ਵਿਚ ਕਪੜੇ ਸਿਉਣ ਦਾ ਕੰਮ ਕਰਦਾ ਸੀ। ਦਾਮਨ ਦੀਆਂ ਕਵਿਤਾਵਾਂ ਕ੍ਰਾਂਤੀਕਾਰੀ ਅਤੇ ਧਾਰਮਕ ਜਨੂੰਨੀਆਂ ਦੇ ਵਿਰੁਧ ਹੋਣ ਕਰ ਕੇ ਉਸ ਦੇ ਘਰ ਨੂੰ ਅੱਗ ਲਗਾ ਕੇ ਸਾੜ ਦਿਤਾ ਤਾਂ ਉਸ ਨੇ ਇਕ ਕਵਿਤਾ ਵਿਚ ਲਿਖਿਆ:
ਕਿਸੇ ਤੀਲੀ ਐਸੀ ਲਗਾਈ ਏ,
ਥਾਂ ਥਾਂ ਤੇ ਅੱਗ ਮਚਾਈ ਏ।
ਪਈ ਸੜਦੀ ਲੋਕਾਈ ਏ,
ਤੇ ਪੈਂਦੀ ਹਾਲ ਦੁਹਾਈ ਏ।
ਆਜ਼ਾਦੀ ਤੋਂ ਬਾਅਦ ਇਕ ਵਾਰ ਉਸਤਾਦ ਦਾਮਨ ਨੇ ਲਾਲ ਕਿਲ੍ਹੇ ਦਿੱਲੀ ਵਿਚ ਹੋਏ ਇਕ ਕਵੀ ਦਰਬਾਰ ਵਿਚ ਅਪਣੀ ਕਵਿਤਾ ਪੜ੍ਹ ਕੇ ਉਥੇ ਹਾਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਰੁਆ ਦਿਤਾ ਸੀ। ਉਸ ਦੀ ਕਵਿਤਾ ਦੇ ਬੋਲ ਸਨ -
ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋ ਵਿਚੀ,
ਖੋਏ ਤੁਸੀਂ ਵੀ ਓ ਤੇ ਖੋਏ ਅਸੀਂ ਵੀ ਆਂ।
ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਏ,
ਹੋਏ ਤੁਸੀਂ ਵੀ ਓ ਹੋਏ ਅਸੀਂ ਵੀ ਆਂ।
ਕੁਝ ਉਮੀਦ ਏ ਜ਼ਿੰਦਗੀ ਮਿਲ ਜਾਵੇਗੀ,
ਮੋਏ ਤੁਸੀਂ ਵੀ ਓ ਮੋਏ ਅਸੀ ਵੀ ਆਂ।
ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ ਢੋਏ ਅਸੀਂ ਵੀ ਆਂ।
ਜਾਗਣ ਵਾਲਿਆਂ ਰੱਜ ਕੇ ਲੁਟਿਆ ਏ,
ਸੋਏ ਤੁਸੀਂ ਵੀ ਰਹੇ, ਸੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦੱਸਦੀ ਏ,
ਰੋਏ ਤੁਸੀਂ ਵੀ ਓ ਰੋਏ ਅਸੀਂ ਵੀ ਆਂ।
ਪੰਡਤ ਜਵਾਹਰ ਲਾਲ ਨਹਿਰੂ ਜਿਹੜੇ ਖ਼ੁਦ ਸਿਆਸਤਦਾਨ ਦੇ ਨਾਲ ਵਿਦਵਾਨ ਲੇਖਕ ਵੀ ਸਨ, ਨੇ ਉਸਤਾਦ ਦਾਮਨ ਨੂੰ ਉਠ ਕੇ ਕਲਾਵੇ ਵਿਚ ਲੈ ਲਿਆ ਅਤੇ ਉਸ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਪ੍ਰੰਤੂ ਉਸਤਾਦ ਦਾਮਨ ਨੇ ਕਿਹਾ ਕਿ ਉਹ ਰਹੇਗਾ ਤਾਂ ਪਾਕਿਸਤਾਨ ਵਿਚ ਹੀ ਭਾਵੇਂ ਜੇਲ ਵਿਚ ਹੀ ਰਹਿਣਾ ਪਵੇ।
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ, ਮੋਬਾਇਲ : 94178-13072
(For more news apart from Pioneer and revolutionary folk poet of Punjabi language in Pakistan: Ustad Daman News in Punjabi, stay tuned to Rozana Spokesman)