
Maharaja Duleep Singh : 29 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਖਾਂ ਮੀਟ ਜਾਣ ਉਪਰੰਤ ਲਾਹੌਰ ਦਰਬਾਰ ’ਚ ਬੁਰਛਾਗਰਦੀ ਸ਼ੁਰੂ ਹੋ ਗਈ।
Maharaja Duleep Singh : ‘29 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੱਖਾਂ ਮੀਟ ਜਾਣ ਉਪਰੰਤ ਲਾਹੌਰ ਦਰਬਾਰ ’ਚ ਬੁਰਛਾਗਰਦੀ ਸ਼ੁਰੂ ਹੋ ਗਈ। ਸ਼ੇਰੇ ਪੰਜਾਬ ਦਾ ਵੱਡਾ ਬੇਟਾ ਖੜਕ ਸਿੰਘ ਮਹਾਰਾਜਾ ਬਣਿਆ ਪਰ ਉਹ ਛੇਤੀ ਹੀ 5 ਨਵੰਬਰ 1840 ਨੂੰ ਚੜ੍ਹਾਈ ਕਰ ਗਏ। ਉਨ੍ਹਾਂ ਦੇ ਸੰਸਕਾਰ ਤੋਂ ਵਾਪਸ ਆਉਂਦਿਆਂ ਹੀ ਗੱਦੀ ਦੇ ਅਗਲੇ ਦਾਅਵੇਦਾਰ ਮਹਾਰਾਜਾ ਖੜਕ ਸਿੰਘ ਦੇ ਬੇਟੇ ਕੰਵਰ ਨੌਨਿਹਾਲ ਸਿੰਘ ਨੂੰ, ਡੋਗਰਿਆਂ ਦਰਵਾਜ਼ੇ ਦੀ ਡਿਊੜੀ ਤੋਂ ਗਿਰਾ ਕੇ ਮਰਵਾ ਦਿਤਾ। ਕੰਵਰ ਨੌਨਿਹਾਲ, ਸ਼ਹੀਦ ਸ਼ਾਮ ਸਿੰਘ ਅਟਾਰੀ ਵਾਲਾ ਦੀ ਬੇਟੀ ਨਾਨਕੀ ਨੂੰ ਵਿਆਹਿਆ ਹੋਇਆ ਸੀ।
ਨੌਨਿਹਾਲ ਦੀ ਮਾਤਾ ਮਹਾਰਾਣੀ ਚੰਦ ਕੌਰ ਨੇ ਅਫ਼ਵਾਹ ਫੈਲਾ ਦਿਤੀ ਕਿ ਨੌਨਿਹਾਲ ਦੀ ਪਤਨੀ ਗਰਭਵਤੀ ਹੈ, ਸੋ ਉਹ ਆਉਣ ਵਾਲੇ ਛੋਟੇ ਕੰਵਰ ਦੇ ਨਾਂ ਉਤੇ ਆਪ ਮਹਾਰਾਣੀ ਬਣ ਗਈ। ਉਸ ਨੂੰ ਵੀ ਗੋਲੀਆਂ (ਦਾਸੀਆਂ) ਪਾਸੋਂ ਜ਼ਹਿਰ ਦਿਵਾ ਕੇ ਮਰਵਾ ਦਿਤਾ ਗਿਆ। ਉਪਰੰਤ ਮਹਾਰਾਜਾ ਰਣਜੀਤ ਸਿੰਘ ਦਾ ਅਗਲਾ ਪੁੱਤਰ ਸ਼ੇਰ ਸਿੰਘ ਰਾਜਾ ਬਣਿਆ। ਇਸ ਨੂੰ ਵੀ ਸੰਧਾਵਾਲੀਆ ਸਰਦਾਰਾਂ ਸ. ਲਹਿਣਾ ਸਿੰਘ ਤੇ ਸ. ਅਜੀਤ ਸਿੰਘ ਨੇ ਸਮੇਤ ਉਸ ਦੇ ਬੇਟੇ ਟਿੱਕਾ ਪ੍ਰਤਾਪ ਸਿੰਘ ਤੇ ਬੁਰਛਾਗਰਦੀ ਪਿੱਛੇ ਪੁਆੜੇ ਦੀ ਜੜ੍ਹ ਧਿਆਨ ਸਿੰਘ ਡੋਗਰਾ, 15 ਸਤੰਬਰ 1843 ਨੂੰ ਕਤਲ ਕਰ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਣੀ ਜਿੰਦਾ ਦੇ ਸੱਭ ਤੋਂ ਛੋਟੇ ਬੇਟੇ, 6 ਸਤੰਬਰ 1838 ਨੂੰ ਜਨਮੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ’ਤੇ ਬਿਠਾ ਦਿਤਾ। ਰਾਜ ਪ੍ਰਬੰਧ ਰਾਣੀ ਜਿੰਦਾ ਅਤੇ ਉਸ ਦੇ ਭਰਾ ਸ. ਜਵਾਹਰ ਸਿੰਘ ਔਲਖ ਦੇ ਹੱਥ ਰਿਹਾ। ਸ਼ਾਹ ਮੁਹੰਮਦ ਅਪਣੇ ਜੰਗਨਾਮੇ ਵਿਚ ਇੰਝ ਕੀਰਨੇ ਪਾਉਂਦਾ ਹੈ -
‘‘ਸਿਰ ਫ਼ੌਜ ਦੇ ਰਿਹਾ ਨਾ ਕੋਈ ਕੁੰਡਾ
ਫਿਰਦੇ ਸ਼ੁੱਤਰ ਜਿਉਂ ਬਾਝ ਮੁਹਾਰ ਮੀਆਂ
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ
ਭੂਤ ਮੰਡਲੀ ਹੋਈ ਤਿਆਰ ਮੀਆਂ’’
29 ਮਾਰਚ 1849 ਨੂੰ ਫ਼ਿਰੰਗੀਆਂ (ਅੰਗਰੇਜ਼ਾਂ) ਨੇ ਲਾਹੌਰ ਸੰਧੀ ਨੂੰ ਛਿੱਕੇ ਟੰਗ ਕੇ ਪੰਜਾਬ ’ਤੇ ਕਬਜ਼ਾ ਕਰ ਲਿਆ। ਬਾਲ ਮਹਾਰਾਜਾ ਨੂੰ 50,000 ਪੌਂਡ ਸਾਲਾਨਾ ਪੈਨਸ਼ਨ ਮੁਕੱਰਰ ਕਰ ਕੇ ਮਹਾਰਾਜਾ ਸ਼ੇਰ ਸਿੰਘ ਦੇ ਸ਼ਹਿਜ਼ਾਦੇ ਸਹਿਦੇਵ ਸਿੰਘ ਸਮੇਤ, ਫ਼ਤਿਹਗੜ੍ਹ ’ਚ ਈਸਾਈ ਪ੍ਰਚਾਰਕ ਮਿਸਟਰ ਲੋਗਨ ਪਾਸ ਭੇਜ ਦਿਤਾ, ਜਿਸ ਨੇ ਕੇਵਲ 13 ਸਾਲ ਦੇ ਬਾਲ ਮਹਾਰਾਜਾ ਦੇ ਜਿਹਨ ਵਿਚ ਸਬਜ਼ ਬਾਗ਼ ਵਿਖਾ ਵਿਖਾ ਕੇ, ਈਸਾਈਅਤ ਨੂੰ ਇਸ ਤਰ੍ਹਾਂ ਕੁੱਟ-ਕੁੱਟ ਕੇ ਭਰ ਦਿਤਾ ਕਿ ਮਹਾਰਾਜਾ ਦਲੀਪ ਸਿੰਘ ਨੇ ਜਿਥੇ ਅਪਣੀ ਸਿੱਖ ਮੰਗੇਤਰ ਜੋ ਕਿ ਹਜ਼ਾਰਾ ਦੇ ਗਵਰਨਰ ਸਰਦਾਰ ਚਤਰ ਸਿੰਘ ਦੀ ਬੇਟੀ ਤੇ ਸਰਦਾਰ ਸ਼ੇਰ ਸਿੰਘ ਅਟਾਰੀ ਵਾਲਾ ਦੀ ਭੈਣ ਸੀ, ਨਾਲ ਸ਼ਾਦੀ ਰਚਾਉਣ ਤੋਂ ਨਾਂਹ ਕਰ ਦਿਤੀ, ਉਥੇ ਹੀ ਲਾਹੌਰ ਖ਼ਾਲਸਾ ਦਰਬਾਰ ਪੰਜਾਬ ਨੂੰ ਵੀ ਵਿਸਾਰ ਦਿਤਾ। ਬਾਅਦ ਵਿਚ 8 ਮਾਰਚ 1853 ਨੂੰ ਉਹ ਬਪਤਿਸਮਾ ਲੈ ਕੇ ਈਸਾਈ ਬਣ ਗਏ। ਇਸ ਮਗਰੋਂ ਮਹਾਰਾਜਾ ਨੂੰ 19 ਅਪ੍ਰੈਲ 1854 ਦੇ ਦਿਨ ਈਸਾਈ ਮੰਡਲੀ ਨਾਲ ਇੰਗਲੈਂਡ ਨੂੰ ਵਿਦਾ ਕਰਦਿਆਂ ਲਾਰਡ ਡਲਹੌਜ਼ੀ ਨੇ ਮਹਾਰਾਜਾ ਨੂੰ ਬਾਈਬਲ ਦੀ ਕਾਪੀ ਭੇਂਟ ਕਰਦਿਆਂ ਕਿਹਾ, ‘‘ਪਿਆਰੇ ਮਹਾਰਾਜ, ਇਹ ਕਾਪੀ ਮੈਂ ਇਸ ਲਈ ਭੇਟ ਕਰ ਰਿਹਾ ਤਾਕਿ ਤੂੰ ਮੈਨੂੰ ਜੀਵਨ ਭਰ ਯਾਦ ਰੱਖੇਂ।’’
ਮਹਾਰਾਜਾ ਦਾ ਦਿਲ ਜਿੱਤਣ ਜਾਂ ਬਹਿਲਾਉਣ ਲਈ ਉਸ ਨੂੰ ਸ਼ਾਹੀ ਪ੍ਰਵਾਰ ਨਾਲ ਕੁਝ ਸਮਾ ਸ਼ਾਹੀ ਮਹੱਲ ਓਸਬੋਰਨ ਹਾਊਸ ਵਿਚ ਰਖਿਆ ਗਿਆ। ਉਪਰੰਤ 19 ਮਾਰਚ 1854 ਨੂੰ ਲੰਡਨ ਦੇ ਬਾਹਰੀ ਨਾਰਫੋਕ ਦੇ ਐਲਵੇਡਨ ਪਾਰਕ ਵਿਚ ਵਸਾ ਦਿਤਾ। ਬਾਅਦ ’ਚ ਉਹ ਸਕਾਟਲੈਂਡ ਦੇ ਕਸਬਾ ਪਰਥਸ਼ਾਇਰ ’ਚ ਰਹਿਣ ਲੱਗੇ, ਜਿਥੇ ਉਨ੍ਹਾਂ ਕੋਲ ਵੱਡਾ ਮਹਿਲ ਤੇ ਕਾਫ਼ੀ ਜਗੀਰ ਸੀ। ਉਹ ਉਥੇ ‘ਦ ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ’ (“he 2lack Prince of Perthshire) ਨਾਲ ਮਸ਼ਾਹੂਰ ਹੋਏ।
1857 ਦੇ ਗ਼ਦਰ, ਸੰਧਾਵਾਲੀਆ ਸਰਦਾਰਾਂ ਦੇ ਮੁੜ ਮਿਲਾਪ ਅਤੇ ਫਿਰੰਗੀ ਦੀ ਬੇਰੁਖ਼ੀ ਨੇ ਮਹਾਰਾਜਾ ਦੇ ਦਿਲ ’ਚ ਮੁੜ ‘ਸੋਜ਼-ਏ-ਵਤਨ’ ਦੀ ਚਿਣਗ ਲਾਈ। ਉਸ ਨੂੰ ਅਪਣੀ ਮਾਂ ਅਤੇ ਲਾਹੌਰ ਦਰਬਾਰ ਦੀ ਤੜਫ਼ ਸਤਾਉਣ ਲੱਗੀ। ਉਹ ਫ਼ਰਵਰੀ 1861 ਨੂੰ ਭਾਰਤ ਪਰਤਿਆ ਤਾਂ ਉਸ ਨੂੰ ਭਾਰਤੀਆਂ ਨੇ 21 ਤੋਪਾਂ ਦੀ ਸਲਾਮੀ ਦਿਤੀ। ਉਸ ਨੇ ਅਪਣੇ ਖੁੱਸੇ ਰਾਜ ਦੀ ਮੁੜ ਬਹਾਲੀ ਲਈ ਉਚ ਭਾਰਤੀਆਂ ਨਾਲ ਵੱਖ ਵੱਖ ਬੈਠਕਾਂ ਕੀਤੀਆਂ ਪਰ ਫਿਰੰਗੀਆਂ ਨੇ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਦਿਤੀ। ਲਾਰਡ ਕੈਨਿੰਗ ਨੂੰ ਖ਼ਬਰ ਹੋਈ ਤਾਂ ਉਸ ਨੇ ਰਾਣੀ ਜਿੰਦਾ ਅਤੇ ਮਹਾਰਾਜਾ ਨੂੰ ਮੁਲਾਕਾਤ ਦੇ ਸਥਾਨ ਰਾਣੀ ਗੰਜ ਤੋਂ ਛੇਤੀ ਤੋਂ ਛੇਤੀ ਮੁੜ ਵਲੈਤ ਭੇਜਣ ਦਾ ਆਦੇਸ਼ ਦਿਤਾ। ਵਲੈਤ ’ਚ ਹੀ 1863 ਦੀ ਅਗੱਸਤ ਨੂੰ ਰਾਣੀ ਜਿੰਦਾ, ਅਕਤੂਬਰ ਨੂੰ ਮਿਸਟਰ ਲੋਗਨ ਅਤੇ ਦਸੰਬਰ ਨੂੰ ਮਹਾਰਾਜਾ ਦੇ ਅੰਗਰੇਜ਼ ਮਿੱਤਰ ਮਿਸਟਰ ਕਨਸੋਰਟ ਦੇ ਚਲਾਣਾ ਕਰ ਜਾਣ ’ਤੇ ਮਹਾਰਾਜਾ ਬਹੁਤ ਬੇਚੈਨ ਰਹਿਣ ਲੱਗਾ। ਉਹ ਰਾਣੀ ਜਿੰਦਾ ਦੇ ਫੁੱਲ ਲੈ ਕੇ ਬੰਬਈ (ਮੁੰਬਈ) ਆਣ ਉਤਰਿਆ ਤਾਂ ਫਿਰੰਗੀ ਹਕੂਮਤ ਨੇ ਉਸ ਨੂੰ ਹਰਦੁਆਰ/ਅੰਬਰਸਰ ਜਾਣ ਦੀ ਆਗਿਆ ਨਾ ਦਿਤੀ। ਮਜਬੂਰਨ ਮਹਾਰਾਜਾ ਰਾਣੀ ਦੇ ਫੁੱਲ/ਰਾਖ ਨਾਸਕ ਵਿਖੇ ਨਰਬਦਾ ਨਦੀ ’ਚ ਵਹਾ ਕੇ ਵਾਪਸ ਮੁੜ ਗਏ।
ਵਲੈਤ ਵਾਪਸ ਜਾਂਦਿਆਂ ਉਨ੍ਹਾਂ ਮਿਸਰ ਦੇ ਸ਼ਹਿਰ ਅਦਨ ਵਿਖੇ ਮਿਸਰੀ ਲੜਕੀ ਬੰਬਾ ਮੂਲਰ ਨਾਲ 7 ਜੂਨ 1864 ਨੂੰ ਸ਼ਾਦੀ ਰਚਾ ਲਈ। ਉਪਰੰਤ ਉਸ ਦੇ ਘਰ 3 ਧੀਆਂ ਤੇ 3 ਪੁੱਤਰ ਪੈਦਾ ਹੋਏ। ਹੁਣ ਮਹਾਰਾਜਾ ਦੀ ਪੈਨਸ਼ਨ ਤੇ ਹੋਰ ਸਹੂਲਤਾਂ ’ਚ ਹੋਰ ਵਧੇਰੇ ਕਟੌਤੀ ਕਰ ਦਿਤੀ ਗਈ। ਇਥੋਂ ਤਕ ਕਿ ਉਸ ਨੂੰ ਲਾਹੌਰ ਦਰਬਾਰ ਜਾਂ ਹੋਰ ਬਾਹਰੀ ਨਿਜੀ ਸੰਪਤੀ ’ਚੋਂ ਕੋਈ ਹਿੱਸਾ ਨਾ ਦਿਤਾ ਗਿਆ। ਅੰਗਰੇਜ਼ ਸਰਕਾਰ ਤੇ ਮਹਾਰਾਜਾ ਵਿਚ ਪਾੜਾ ਇਸ ਕਦਰ ਵਧ ਗਿਆ ਕਿ ਇਕ ਦਿਨ ਮਹਾਰਾਜਾ ਨੇ ਭਾਰਤੀ ਵਤਨ ਪ੍ਰਸਤਾਂ ਦੇ ਨਾਮ ਖ਼ਤ ਲਿਖਿਆ
‘‘ਪਿਆਰੇ ਭਾਰਤ ਵਾਸੀਉ,
ਮੇਰਾ ਇੰਗਲੈਂਡ ਛੱਡਣ ਦਾ ਕੋਈ ਵਿਚਾਰ ਨਹੀਂ ਸੀ ਪਰ ਵਾਹਿਗੁਰੂ ਜੀ ਦੀ ਇੱਛਾ ਹੈ, ਮੈਂ ਆ ਰਿਹਾ ਹਾਂ। ਮੈਂ ਸਿੱਖ ਧਰਮ ਛੱਡ, ਈਸਾਈ ਹੋਣ ਦੀ ਸੱਚੇ ਦਿਲੋਂ ਮੁਆਫ਼ੀ ਮੰਗਦਾ ਹਾਂ। ਮੈਂ ਨਿਆਣਪੁਣੇ ’ਚ ਗ਼ਲਤੀ ਕੀਤੀ ਹੈ। ਮੈਂ ਭਾਰਤ ਆਉਣਾ ਚਾਹੁੰਦਾ ਹਾਂ ਪਰ ਮੇਰੇ ਰਸਤੇ ’ਚ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ।’’
ਤੁਹਾਡਾ ਲਹੂ ਅਤੇ ਮਾਸ: ਦਲੀਪ ਸਿੰਘ
ਦਲੀਪ ਸਿੰਘ ਚੜ੍ਹਦੇ ਅਪ੍ਰੈਲ 1886 ਨੂੰ ਭਾਰਤ ਲਈ ਤੁਰਿਆ ਤਾਂ ਲਾਰਡ ਡਫ਼ਰਨ ਦੇ ਹੁਕਮ ’ਤੇ ਉਸ ਨੂੰ ਅਦਨ ਦੀ ਬੰਦਰਗਾਹ ਤੋਂ ਮੁੜ ਵਾਪਸ ਮੋੜ ਦਿਤਾ। ਇਥੇ ਮਹਾਰਾਜਾ ਨੇ ਅੰਮ੍ਰਿਤ ਵੀ ਛਕਿਆ। ਇੰਗਲੈਂਡ ਪੁਜਦਿਆਂ ਹੀ ਮਹਾਰਾਜਾ ਨੇ ਸਰਕਾਰੀ ਪੈਨਸ਼ਨ ਅਤੇ ਹੋਰ ਸਾਰੀਆਂ ਸਹੂਲਤਾਂ ਲੈਣੀਆਂ ਖ਼ੁਦ ਬੰਦ ਕਰ ਦਿਤੀਆਂ। ਉਪਰੰਤ ਉਨ੍ਹਾਂ ਫ਼ਰਾਂਸ ਅਤੇ ਪਾਂਡੀਚੇਰੀ ਪਹੁੰਚਣ ਦਾ ਯਤਨ ਕੀਤਾ ਪਰ ਅਸਫ਼ਲ ਰਹੇ। ਫਿਰ ਉਹ 1887 ਵਿਚ ਜਰਮਨੀ ਰਾਹੀਂ ਰੂਸ ਮਦਦ ਲਈ ਗਏ। ਉਨ੍ਹਾਂ ਭਾਰਤੀ ਖ਼ਾਸ ਕਰ ਪੰਜਾਬੀਆਂ ਦੇ ਨਾਮ ਅਖ਼ਬਾਰਾਂ ਰਾਹੀਂ ਬੇਨਤੀ ਕੀਤੀ ਕਿ ਹਰ ਭਾਰਤੀ ਇਕ ਪਾਈ ਤੇ ਹਰ ਪੰਜਾਬੀ ਇਕ ਆਨਾ ਰੋਜ਼ਾਨਾ ਮਦਦ ਕਰੇ ਤਾਕਿ ਉਹ ਫਿਰੰਗੀ ਪਾਸੋਂ ਰੂਸੀ ਸਹਿਯੋਗ ਨਾਲ ਖੁੱਸੇ ਪੰਜਾਬ ਨੂੰ ਮੁੜ ਪ੍ਰਾਪਤ ਕਰ ਸਕੇ।
ਅਫ਼ਸੋਸ ਕਿ ਨਾ ਤਾਂ ਉਸ ਨੂੰ ਰੂਸ ਤੇ ਨਾ ਹੀ ਵਤਨ ਪ੍ਰਸਤਾਂ ਤੋਂ ਕੋਈ ਹੁੰਗਾਰਾ ਮਿਲਿਆ। ਇਥੇ ਹੀ ਉਸ ਨੂੰ ਅਪਣੀ ਪਤਨੀ ਬੰਬਾ ਮੂਲਰ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ। ਦੋਹਰੀ ਨਿਰਾਸ਼ਾ ’ਚ ਉਹ ਵਾਪਸ ਫ਼ਰਾਂਸ ਪਰਤ ਆਏ, ਜਿਥੇ ਉਨ੍ਹਾਂ ਨੇ ਪੈਰਿਸ ਦੀ ਇਕ ਮੇਮ ਐਡਾ ਡਗਲਸ ਨਾਲ ਸ਼ਾਦੀ ਰਚਾਈ। ਉਸ ਦੀ ਕੁੱਖ ਤੋਂ ਦੋ ਲੜਕੀਆਂ ਪੈਦਾ ਹੋਈਆਂ। ਅਖ਼ੀਰ ਮਹਾਰਾਜਾ ਦਲੀਪ ਸਿੰਘ ਗ਼ੰੁਮਨਾਮੀ ਅਤੇ ਫਟੇ ਹਾਲ ’ਚ ਪੈਰਿਸ ਦੇ ਹੋਟਲ ਵਿਚ 22 ਅਕਤੂਬਰ 1893 ਨੂੰ ਅੱਖਾਂ ਮੀਟ ਗਿਆ। ਉਸ ਦੀ ਹੁਣ ਤਕ ਬਚੀ ਆਖ਼ਰੀ ਨਿਸ਼ਾਨੀ ਵੱਡੀ ਬੇਟੀ ਬੰਬਾ ਦਲੀਪ ਸਿੰਘ 104, ਮਾਡਲ ਟਾਊਨ ਲਾਹੌਰ ਰਹਿੰਦਿਆਂ ਬੇ-ਔਲਾਦ, 10 ਮਾਰਚ 1957 ਨੂੰ ਸਵਰਗ ਸਿਧਾਰ ਗਈ।
ਮਹਾਰਾਜਾ ਦਲੀਪ ਸਿੰਘ ਦੀ ਬੇਬਸੀ ’ਤੇ ਇਕ ਪੇਂਡੂ ਜਗਿਆਸੂ ਸਿੱਖ ਬਜ਼ੁਰਗ ਲੰਬੜਦਾਰ ਨੇ ਬਹੁਤ ਨਿਰਾਸ਼ਾ ’ਚ ਇੰਝ ਟਿੱਪਣੀ ਕੀਤੀ, ‘‘ਮਹਾਰਾਜਾ ਦਲੀਪ ਸਿੰਘ ਦੀ ਫਿਰੰਗੀ ਨੇ ਵਾਹ ਨਹੀਂ ਚੱਲਣ ਦਿਤੀ। ਉਸ ਵਕਤ ਸਹੂਲਤਾਂ ਅਤੇ ਪ੍ਰਚਾਰ ਹਿੱਤ ਮੀਡੀਆ ਦੀ ਵੀ ਵੱਡੀ ਘਾਟ ਸੀ। ਪੰਜਾਬ ’ਚ ਸਿਰ ਦੀ ਬਾਜ਼ੀ ਲਾਉਣ ਲਈ ਕੋਈ ਯੋਗ ਸਰਦਾਰ ਵੀ ਨਾ ਨਿੱਤਰਿਆ ਪਰ ਇਸ ਦੇ ਨਾਲ ਹੀ ਵੱਡਾ ਝੋਰਾ ਹੋਰ ਵੀ ਹੈ ਕਿ ਦਲੀਪ ਸਿੰਘ ਨੇ ਕਿਸੇ ਖਾਨਦਾਨੀ ਸਿੱਖ ਸਰਦਾਰ ਦੀ ਬੇਟੀ ਨਾਲ ਸ਼ਾਦੀ ਰਚਾਉਣ ਨਾਲੋਂ ਮੇਮਾ ਨਾਲ ਹੀ ਸ਼ਾਦੀਆਂ ਰਚਾਈਆਂ ਜਿਸ ਦਾ ਅੰਜ਼ਾਮ ਇਹ ਹੋਇਆ ਕਿ ਜਿਥੇ ਮਹਾਰਾਜਾ ਖ਼ੁਦ ਅਪਣੀ ਅਮੀਰ ਵਿਰਾਸਤ ਤੋਂ ਟੁੱਟਿਆ ਰਿਹਾ, ਉਥੇ ਉਸ ਦੀ ਸੰਤਾਨ ਵੀ ਮਹਾਰਾਜਾ ਦੇ ਅਮੀਰ ਵਿਰਸੇ ਨੂੰ ਪਛਾਣ ਨਾ ਸਕੀ।
ਦਲੀਪ ਸਿੰਘ ਦੀ ਬੇਟੀ ਬੰਬਾ ਦਲੀਪ ਸਿੰਘ ਦਾ ਲਾਹੌਰ ਵਿਖੇ ਏਡਵਰਡ ਮੈਡੀਕਲ ਕਾਲਜ ਦੇ ਗੋਰਾ (ਪਿ੍ਰੰਸੀਪਲ ਡਾ: ਡੇਵਿਡ ਵਾਟਰਜ ਸੁਦਰਲੈਂਡ) ਨਾਲ ਅਤੇ ਉਸ ਦੀ ਹੰਗਰੀ ਤੋਂ ਸਹਾਇਕ (ਮੈਰੀ ਐਂਟੋਨੀਨੈੱਟ) ਨਾਲ ਰਈਸ ਉਮਰਾਉ ਸਿੰਘ ਸ਼ੇਰ ਗਿੱਲ (ਮਸ਼ਹੂਰ ਆਰਟਿਸਟ ਅੰਮ੍ਰਿਤਾ ਸ਼ੇਰਗਿੱਲ ਦੇ ਪਿਤਾ) ਦਾ ਸ਼ਾਦੀ ਰਚਾਉਣਾ ਵੀ ਇਸੇ ਕੜੀ ਦਾ ਹਿੱਸਾ ਹੈ। ਅੱਜ ਵੀ ਵਿਦੇਸ਼ਾਂ ਵਿਚ ਸਿੱਖ ਜੁਆਨੀ ਵਲੋਂ ਗ਼ੈਰ ਪੰਜਾਬੀਆਂ ਨਾਲ ਵਿਆਹ ਕਰਵਾਉਣਾ ਅਪਣੀਆਂ ਨਸਲਾਂ ਨੂੰ ਜੜੋ੍ਹਂ ਉਖਾੜਣ ਅਤੇ ਅਮੀਰ ਵਿਰਾਸਤ ਦੇ ਚੀਰ ਹਰਨ ਤੁੱਲ ਬਦਸਤੂਰ ਜਾਰੀ ਹੈ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ।’’