ਅੰਧਵਿਸ਼ਵਾਸ ਉੱਤੇ ਲੋਕ ਕਿਉਂ ਕਰਦੇ ਹਨ ਵਿਸ਼ਵਾਸ?
Published : Oct 8, 2023, 7:44 am IST
Updated : Oct 8, 2023, 10:26 am IST
SHARE ARTICLE
Image: For representation purpose only.
Image: For representation purpose only.

ਜਾਦੂ-ਟੂਣੇ, ਤੰਤਰ-ਮੰਤਰ, ਜੋਤਿਸ਼ ਵਗ਼ੈਰਾ ਅੰਧਵਿਸ਼ਵਾਸ ਦਾ ਇਸ ਤਾਂਤਰਿਕ ਅਤੇ ਵਿਗਿਆਨਕ ਯੁਗ ਵਿਚ ਮੌਜੂਦ ਰਹਿਣਾ ਕਿਉਂ ਖ਼ਤਰੇ ਦੀ ਘੰਟੀ ਹੈ?

 

 

ਅੰਧਵਿਸ਼ਵਾਸ ਦੀ ਹੱਦ ਕਿਸ ਨੂੰ ਕਹਿੰਦੇ ਹਨ? ਇਸ ਦਾ ਸੁੰਦਰ ਉਦਾਹਰਣ ਇਹ ਹੈ ਕਿ ਵਿਗਿਆਨ ਜਿਸ ਦੇ ਛਲਾਵੇ/ਧੋਖ਼ੇ ਵਿਚ ਚੰਗੇ ਪੜ੍ਹੇ-ਲਿਖੇ ਲੋਕ ਵੀ ਆ ਜਾਂਦੇ ਹਨ। ਸਹੁਰੇ ਘਰ ਵਿਚ ਕਿਸੇ ਤਕਲੀਫ਼ ਜਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਕਰੋ ਇਹ ਉਪਾਅ - ‘‘ਕਿਸੇ ਸੁਹਾਗਣ ਭੈਣ ਨੂੰ ਸਹੁਰੇ ਘਰ ਵਿਚ ਕੋਈ ਤਕਲੀਫ਼ ਹੋਵੇ ਤਾਂ ਚਾਨਣ ਪੱਖ ਦੀ ਤੀਜੀ ਤਿੱਥ ਨੂੰ ਵਰਤ ਰੱਖੋ। ਵਰਤ ਯਾਨੀ ਇਕ ਵਾਰ ਬਿਨਾ ਲੂਣ ਦਾ ਭੋਜਨ ਕਰ ਕੇ ਵਰਤ ਰੱਖੋ। ਭੋਜਨ ਵਿਚ ਦਾਲ, ਚੌਲ, ਸਬਜ਼ੀ ਰੋਟੀ ਨਾ ਖਾਉ। ਦੁੱਧ ਰੋਟੀ ਖਾ ਲਵੋ। ਚਾਨਣ ਪੱਖ ਦੀ ਤੀਜੀ ਤਿੱਥ ਨੂੰ, ਮੱਸਿਆ ਤੋਂ ਪੂਨਮ ਤਕ ਚਾਨਣ ਪੱਖ ਵਿਚ ਜਿਹੜੀ ਤੀਜੀ ਤਿਥ ਆਉਂਦੀ ਹੈ ਉਸ ਨੂੰ ਅਜਿਹਾ ਵਰਤ ਰੱਖੋ। ਜੇਕਰ ਕਿਸੇ ਭੈਣ ਤੋਂ ਇਹ ਵਰਤ ਪੂਰਾ ਸਾਲ ਨਹੀਂ ਹੋ ਸਕਦਾ ਤਾਂ ਸਿਰਫ਼ ਮਾਘ ਮਹੀਨੇ ਦੀ ਚਾਨਣ ਪੱਖ ਦੀ ਤੀਜੀ ਤਿੱਥ, ਵਿਸਾਖ ਤੀਜੀ ਤਿੱਥ ਅਤੇ ਭਾਦੋਂ ਮਹੀਨੇ ਦੀ ਤੀਜੀ ਤਿੱਥ ਨੂੰ ਕਰੋ। ਲਾਭ ਜ਼ਰੂਰ ਹੋਵੇਗਾ।’’

‘‘ਜੇ ਕਿਸੇ ਸੁਹਾਗਣ ਭੈਣ ਨੂੰ ਕੋਈ ਤਕਲੀਫ਼ ਹੈ ਤਾਂ ਇਹ ਵਰਤ ਜ਼ਰੂਰ ਕਰੋ। ਉਸ ਦਿਨ ਗਾਂ ਨੂੰ ਚੰਦਨ ਦਾ ਤਿਲਕ ਕਰੋ। ਸੰਧੂਰ ਦਾ ਤਿਲਕ ਅਪਣੇ ਆਪ ਨੂੰ ਵੀ ਲਗਾਵੋ। ਉਸ ਦਿਨ ਗਊ ਨੂੰ ਵੀ ਰੋਟੀ ਗੁੜ ਖੁਆਉ।’’ ਸੋਚਣ ਵਾਲੀ ਗੱਲ ਇਹ ਹੈ ਕਿ ਇਕ ਇਸਤਰੀ ਨੂੰ ਸਹੁਰੇ ਘਰ ਵਿਚ ਸਨਮਾਨ ਅਤੇ ਪਿਆਰ ਉਸ ਦੇ ਅਪਣੇ ਕੰਮਾਂ ਨਾਲ ਮਿਲੇਗਾ ਜਾਂ ਫਿਰ ਟੂਣੇ ਟੋਟਕਿਆਂ ਤੋਂ। ਜੇਕਰ ਉਹ ਸਾਰੇ ਪ੍ਰਵਾਰ ਦਾ ਖ਼ਿਆਲ ਰਖਦੀ ਹੈ, ਪਤੀ ਦੀਆਂ ਭਾਵਨਾਵਾਂ ਨੂੰ ਸਤਿਕਾਰ ਦੇਂਦੀ ਹੈ, ਸੱਸ ਤੋਂ ਲੈ ਕੇ ਦੂਜੇ ਪ੍ਰਵਾਰਕ ਮੈਂਬਰਾਂ ਨਾਲ ਚੰਗਾ ਰਿਸ਼ਤਾ ਕਾਇਮ ਕਰਦੀ ਹੈ ਤਾਂ ਸਪੱਸ਼ਟ ਹੈ ਸਹੁਰੇ ਵਾਲੇ ਵੀ ਉਸ ਨੂੰ ਪੂਰਾ ਪਿਆਰ ਦੇਣਗੇ। ਇਹ ਰਿਸ਼ਤੇ ਤਾਂ ਆਪਸੀ ਹੁੰਦੇ ਹਨ। ਤੁਸੀਂ ਜਿੰਨਾ ਪਿਆਰ ਦੂਜਿਆਂ ਉੱਤੇ ਕਰੋਗੇ ਦੂਜੇ ਵੀ ਤੁਹਾਡਾ ਓਨਾ ਹੀ ਖ਼ਿਆਲ ਰੱਖਣਗੇ।

ਜੋਤਸ਼ਾਂ ਅਨੁਸਾਰ ਕੁੰਡਲੀ ਵਿਚ ਮੌਜੂਦ ਗ੍ਰਹਿਆਂ ਦੀ ਸਥਿਤੀ ਪੱਖ ਵਿਚ ਨਾ ਹੋਣ ਕਰ ਕੇ ਲੜਕੀ ਨੂੰ ਸਹੁਰੇ ਘਰ ਵਾਰ-ਵਾਰ ਬੇਇੱਜ਼ਤ ਹੋਣਾ ਪੈਂਦਾ ਹੈ। ਜੋਤਿਸ਼ਾਂ ਅਨੁਸਾਰ -

ਮੰਗਲ : ਮੰਗਲ ਨੂੰ ਗੁੱਸੇ ਵਾਲਾ ਮੰਨਿਆਂ ਜਾਦਾ ਹੈ। ਝਗੜਾ ਅਤੇ ਗੁੱਸੇ ਦਾ ਕਾਰਨ ਮੰਗਲ ਨੂੰ ਹੀ ਮੰਨਿਆਂ ਜਾਂਦਾ ਹੈ। ਮੰਗਲ ਦੀ ਅਸ਼ੁੱਭ ਸਥਿਤੀ ਜੀਵਨ ਵਿਚ ਅਮੰਗਲ (ਅਸ਼ੁੱਭ, ਭੈੜਾ, ਬੁਰਾ) ਦਾ ਕਾਰਨ ਬਣਦੀ ਹੈ। ਜੇਕਰ ਕਿਸੇ ਲੜਕੀ ਦੀ ਕੁੰਡਲੀ ਵਿਚ ਮੰਗਲ ਦੀ ਅਸ਼ੁੱਭ ਸਥਿਤੀ ਬਣੀ ਹੋਵੇ ਤਾਂ ਉਸ ਨੂੰ ਜੀਵਨ ਵਿਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜੋਤਿਸ਼ਾਂ ਅਨੁਸਾਰ ਉਪਾਅ : ਮੰਗਲ ਦੀ ਅਸ਼ੁੱਭ ਸਥਿਤੀ ਨੂੰ ਸ਼ੁੱਭ ਬਣਾਉਣ ਲਈ ਮੰਗਲਵਾਰ ਦੇ ਦਿਨ ਹਨੂੰਮਾਨ ਜੀ ਦੀ ਪੂਜਾ ਕਰੋ। ਹਨੂੰਮਾਨ ਚਾਲੀਸਾ ਦਾ ਪਾਠ ਕਰੋ। ਜੇਕਰ ਸੰਭਵ ਹੋਵੇ ਤਾਂ ਹਰ ਮੰਗਲਵਾਰ ਨੂੰ ਸੁੰਦਰਕਾਂਡ ਦਾ ਪਾਠ ਕਰੋ। ਲਾਲ ਮਸਰੀ ਦੀ ਦਾਲ, ਗੁੜ ਆਦਿ ਦਾ ਦਾਨ ਕਰੋ।

ਸ਼ਨੀ : ਸ਼ਨੀ ਜੇਕਰ ਸ਼ੁੱਭ ਸਥਿਤੀ ਵਿਚ ਹੋਵੇ ਤਾਂ ਜੀਵਨ ਬਣਾ ਦੇਂਦਾ ਹੈ। ਜੇਕਰ ਕਿਸੇ ਲੜਕੀ ਦੀ ਕੁੰਡਲੀ ਵਿਚ ਸ਼ਨੀ ਦੀ ਸਥਿਤੀ ਠੀਕ ਨਾ ਹੋਵੇ ਤਾਂ ਸਹੁਰੇ ਘਰ ਵਿਚ ਉਸ ਨਾਲ ਵਰਤਾਉ ਚੰਗਾ ਨਹੀਂ ਹੁੰਦਾ।

ਜੋਤਿਸ਼ਾਂ ਅਨੁਸਾਰ ਉਪਾਅ :ਹਰ ਸ਼ਨੀਵਾਰ ਨੂੰ ਪਿੱਪਲ ਦੇ ਦਰੱਖ਼ਤ ਦੇ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਲਾਉ। ਸ਼ਨੀਵਾਰ ਦੇ ਦਿਨ ਸਰ੍ਹੋਂ ਦਾ ਤੇਲ, ਕਾਲੇ ਤਿਲ, ਕਾਲੀ ਦਾਲ, ਕਾਲੇ ਕਪੜੇ ਆਦਿ ਦਾ ਦਾਨ ਕਰੋ।

ਰਾਹੂ ਅਤੇ ਕੇਤੂ : ਰਾਹੂ ਅਤੇ ਕੇਤੂ ਦੋਹਾਂ ਗ੍ਰਹਿਆਂ ਨੂੰ ਪਾਪ ਗ੍ਰਹਿਆਂ ਦੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ। ਜਦ ਇਹ ਅਸ਼ੁੱਭ ਹੁੰਦੇ ਹਨ ਤਾਂ ਮਾਨਸਕ ਤਣਾਅ ਦਾ ਕਾਰਨ ਬਣਦੇ ਹਨ। ਨਾਲ ਹੀ ਕਈ ਵਾਰ ਬੰਦੇ ਨੂੰ ਬੇਵਜ੍ਹਾ ਕਲੰਕਤ (ਬਦਨਾਮ) ਹੋਣਾ ਪੈਂਦਾ ਹੈ। ਰਾਹੂ ਨੂੰ ਸਹੁਰਿਆਂ ਦਾ ਕਾਰਕ ਵੀ ਮੰਨਿਆ ਗਿਆ ਹੈ। ਅਜਿਹੇ ਵਿਚ ਲੜਕੀ ਦੀ ਕੁੰਡਲੀ ਵਿਚ ਰਾਹੂ ਅਤੇ ਕੇਤੂ ਦੀ ਅਸ਼ੁੱਭ ਸਥਿਤੀ ਵਿਆਹ ਤੋਂ ਬਾਅਦ ਉਸ ਦੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀ ਹੈ।

ਜੋਤਿਸ਼ਾਂ ਅਨੁਸਾਰ ਉਪਾਅ : ਰਾਹੂ ਨੂੰ ਸ਼ਾਂਤ ਰੱਖਣ ਲਈ ਮੱਥੇ ਉੱਤੇ ਚੰਦਨ ਦਾ ਤਿਲਕ ਲਗਾਉ। ਮਹਾਂਦੇਵ ਦੀ ਪੂਜਾ ਕਰੋ ਅਤੇ ਘਰ ਵਿਚ ਚਾਂਦੀ ਦਾ ਠੋਸ ਹਾਥੀ ਰੱਖੋ। ਉਥੇ ਹੀ ਕੇਤੂ ਨੂੰ ਸ਼ਾਂਤ ਰੱਖਣ ਲਈ ਭਗਵਾਨ ਗਣੇਸ਼ ਦੀ ਪੂਜਾ ਕਰੋ। ਡੱਬਖੜੱਬੇ ਕੁੱਤੇ ਜਾਂ ਗਾਂ ਨੂੰ ਰੋਟੀ ਖਆਉ। ਜ਼ਰਾ ਸੋਚੋ, ਜੇਕਰ ਗ੍ਰਹਿ ਨਛੱਤਰ ਹੀ ਤੁਹਾਡਾ ਜੀਵਨ ਚਲਾ ਰਹੇ ਹਨ ਤਾਂ ਫਿਰ ਗ੍ਰਹਿਆਂ ਨੂੰ ਸ਼ਾਂਤ ਕਰਨ ਤੋਂ ਇਲਾਵਾ ਜ਼ਿੰਦਗੀ ਵਿਚ ਕੁੱਝ ਵੀ ਕਰਨ ਦੀ ਲੋੜ ਹੀ ਨਹੀਂ ਰਹਿੰਦੀ। ਤੁਸੀਂ ਹੱਥ ਉੱਤੇ ਹੱਥ ਰੱਖ ਕੇ ਬੈਠੇ ਰਹੋ ਤੇ ਗ੍ਰਹਿ ਨਛੱਤਰਾਂ ਦੀ ਸਥਿਤੀ ਠੀਕ ਕਰਨ ਦੇ ਉਪਾਅ ਕਰਦੇ ਰਹੋ। ਕੀ ਇਸ ਤਰ੍ਹਾਂ ਜ਼ਿੰਦਗੀ ਚੱਲ ਸਕਦੀ ਹੈ? ਕੀ ਅਪਣੇ ਕਰਤੱਵਾਂ ਨੂੰ ਨਿਭਾਉਣ ਦੀ ਲੋੜ ਖ਼ਤਮ ਹੋ ਜਾਂਦੀ ਹੈ?

ਬਾਬਿਆਂ ਕੋਲ ਸਹੁਰਿਆਂ ਦੀਆਂ ਸਮੱਸਿਆਵਾਂ ਹੀ ਨਹੀਂ ਸਗੋਂ ਜੀਵਨ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੇ ਹੱਲ ਕਰਨ ਦੇ ਉਪਾਅ ਹਨ। ਉਨ੍ਹਾਂ ਦੁਆਰਾ ਕੀਤੇ ਜਾਣ ਵਾਲੇ ਅਜਿਹੇ ਹੀ ਕੁੱਝ ਉਪਾਵਾਂ :

ਤਣਾਅ ਤੋਂ ਮੁਕਤੀ ਲਈ : ਤਣਾਅ ਤੋਂ ਛੁਟਕਾਰਾ ਪਾਉਣ ਲਈ ਦੁੱਧ ਅਤੇ ਪਾਣੀ ਨੂੰ ਮਿਲਾ ਕੇ ਕਿਸੇ ਭਾਂਡੇ ਵਿਚ ਭਰ ਲਵੋ ਅਤੇ ਸੌਂਦੇ ਸਮੇਂ ਉਸ ਨੂੰ ਅਪਣੇ ਸਿਰਹਾਣੇ ਰੱਖ ਲਵੋ ਅਤੇ ਅਗਲੇ ਦਿਨ ਸਵੇਰੇ ਉੱਠ ਕੇ ਉਸ ਨੂੰ ਕਿੱਕਰ ਦੀ ਜੜ੍ਹ ਵਿਚ ਪਾ ਦਿਉ। ਅਜਿਹਾ ਕਰਨ ਨਾਲ ਤੁਸੀ ਮਾਨਸਕ ਤੌਰ ਤੋਂ ਤੰਦਰੁਰਸਤ ਮਹਿਸੂਸ ਕਰੋਗੇ ਅਤੇ ਅਪਣੇ ਆਪ ਨੂੰ ਤਣਾਅਮੁਕਤ ਦੇਖੋਗੇ।
ਸ਼ਨੀ ਦੋਸ਼ਾਂ ਨੂੰ ਦੂਰ ਕਰਨ ਲਈ : ਸ਼ਨੀਵਾਰ ਨੂੰ ਇਕ ਕਾਂਸੀ ਦੀ ਕੋਲੀ ਵਿਚ ਸਰੋ੍ਹਂ ਦਾ ਤੇਲ ਅਤੇ ਸਿੱਕਾ ਪਾ ਕੇ ਉਸ ਵਿਚ ਅਪਣੀ ਪਰਛਾਈਂ ਵੇਖੋ ਅਤੇ ਤੇਲ ਮੰਗਣ ਵਾਲੇ ਨੂੰ ਦੇ ਦਿਉ ਜਾਂ ਕਿਸੇ ਸ਼ਨੀ ਮੰਦਰ ਵਿਚ ਸ਼ਨੀਵਾਰ ਵਾਲੇ ਦਿਨ ਸਮੇਤ ਕੌਲੀ ਤੇਲ ਰੱਖ ਕੇ ਆ ਜਾਉ। ਇਹ ਉਪਾਅ ਤੁਸੀ ਘੱਟ ਤੋਂ ਘੱਟ 5 ਸ਼ਨੀਵਾਰ ਕਰੋਗੇ ਤਾਂ ਤੁਹਾਡੀ ਸ਼ਨੀ ਦੀ ਪੀੜਾ ਸ਼ਾਂਤ ਹੋ ਜਾਵੇਗੀ ਅਤੇ ਸ਼ਨੀ ਦੀ ਕਿਰਪਾ ਸ਼ੁਰੂ ਹੋ ਜਾਵੇਗੀ।
ਅੱਜ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਬੀਤ ਚੁੱਕੇ ਹਨ। ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿਚ ਲਗਾਤਾਰ ਉੱਨਤੀ ਹੋ ਰਹੀ ਹੈ। ਸਾਡੀ ਜੀਵਨਸ਼ੈਲੀ ਬਦਲ ਚੁੱਕੀ ਹੈ। ਪਰੰਤੂ ਇਨ੍ਹਾਂ ਸੱਭ ਦੇ ਬਾਵਜੂਦ ਸ਼ਰਮਨਾਕ ਗੱਲ ਇਹ ਹੈ ਕਿ ਸਮਾਜ ਵਿਚ ਅੰਧ-ਵਿਸ਼ਵਾਸ ਵੀ ਚੋਟੀ ਉਤੇ ਪਹੁੰਚ ਗਿਆ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿਚ ਅੱਜ ਵੀ ਝਾੜ-ਫੂਕ, ਤੰਤਰ-ਮੰਤਰ, ਭੂਤ-ਪ੍ਰੇਤ, ਤਾਂਤਰਿਕਾਂ, ਜੋਤਸ਼ਾਂ ਆਦਿ ਉੱਤੇ ਲੋਕ ਵਿਸ਼ਵਾਸ ਕਰਦੇ ਹਨ। ਇਨ੍ਹਾਂ ਦਾ ਫ਼ਾਇਦਾ ਉਠਾ ਕੇ ਤਾਂਤਰਿਕਾਂ, ਜੋਤਸ਼ੀਆਂ ਆਦਿ ਦਾ ਠੱਗੀ ਦਾ ਧੰਦਾ ਫੱਲ-ਫੁੱਲ ਰਿਹਾ ਹੈ। ਅੱਜ ਵੀ ਬਾਬਾ-ਮਾਤਾ, ਝਾੜ-ਫੂਕ ਅਤੇ ਤੰਤਰ-ਮੰਤਰ ਦੀ ਮਦਦ ਨਾਲ ਕਿਸੇ ਵੀ ਬੀਮਾਰੀ ਜਾਂ ਮਾਨਵੀ ਸਮਸਿਆ ਦਾ ਹੱਲ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ।
21ਵੀਂ ਸਦੀ ਦੇ ਅਜੋਕੇ ਸਮੇਂ ਵਿਚ ਵੀ ਝਾਰਖੰਡ ਸਮੇਤ ਦੇਸ਼ ਦੇ ਕਈ ਰਾਜਾਂ ਵਿਚ ਮੌਜੂਦ ਡਾਇਣ ਪ੍ਰਥਾ ਅਤੇ ਡਾਇਣ ਹਤਿਆ ਦੀਆਂ ਘਟਨਾਵਾਂ ਫ਼ਿਕਰ ਪੈਦਾ ਕਰਨ ਵਾਲੀਆਂ ਹਨ। ਇਸ ਦੀਆਂ ਜੜ੍ਹਾਂ ਇਕ ਪਾਸੇ ਸਿਆਣਿਆਂ, ਤਾਂਤਰਿਕਾਂ, ਜੋਤਸ਼ਾਂ ਆਦਿ ਤਕ ਜਾਂਦੀਆਂ ਹਨ ਉਥੇ ਹੀ ਸਮਾਜ ਵਿਚ ਮੌਜੂਦ ਮਰਦ ਦਬਦਬੇ ਵਾਲੀ ਮਾਨਸਿਕਤਾ ਵੀ ਇਸ ਨਾਲ ਜੁੜੀ ਹੈ। ਉਸ ਉੱਤੇ ਹਾਲ ਇਹ ਹੈ ਕਿ ਸਮਾਜ ਵਿਚ ਅੰਧਵਿਸ਼ਵਾਸ, ਕੁਰੀਤੀ, ਲੁੱਟ ਅਤੇ ਪਖੰਡ ਫੈਲਾਉਣ ਅਤੇ ਉਸ ਨੂੰ ਹੱਲਾਸ਼ੇਰੀ ਦੇਣ ਵਾਲੇ ਲੋਕ ਆਮਤੌਰ ਉੱਤੇ ਕਾਨੂੰਨ ਦੇ ਸ਼ਿਕੰਜੇ ਵਿਚ ਫੱਸਣ ਤੋਂ ਬੱਚ ਜਾਂਦੇ ਹਨ ਜਾਂ ਪਕੜ ਵਿਚ ਆਉਣ ਤੋਂ ਬਾਅਦ ਵੀ ਆਸਾਨੀ ਨਾਲ ਛੁੱਟ ਜਾਂਦੇ ਹਨ।

ਕਿਹੋ ਜਿਹਾ ਹੈ ਅੰਧਵਿਸ਼ਵਾਸ ਦਾ ਸੰਸਾਰ :  ਆਮ ਤੌਰ ਉੱਤੇ ਧਰਮ ਗੁਰੂ ਅਪਣੀ ਤਥਾਕਥਿਤ ਵਿਦਿਆ ਰਾਹੀਂ ਲੋਕਾਂ ਨੂੰ ਭੈਅਭੀਤ ਕਰਦੇ ਹਨ। ਲੋਕਾਂ ਦਾ ਜੀਵਨ ਨਿਕੰਮਾਪਣ ਅਤੇ ਖਿੰਡਾ ਦਾ ਸ਼ਿਕਾਰ ਹੋ ਕੇ ਅਪਣੇ ਰਸਤੇ ਤੋਂ ਭਟਕ ਜਾਂਦਾ ਹੈ। ਇਸ ਭਟਕਾਅ ਦੇ ਕਈ ਪਹਿਲੂ ਹਨ ਜਿਨ੍ਹਾਂ ਵਿਚੋਂ ਇਕ ਪਹਿਲੂ ਇਹ ਹੈ ਕਿ ਉਹ ਅਪਣੇ ਆਪ ਤੋਂ ਵੱਧ ਜੋਤਸ਼ੀ, ਤਾਂਤਰਿਕਾਂ ਅਤੇ ਬਾਬਿਆਂ ਉੱਤੇ ਵਿਸ਼ਵਾਸ ਕਰਦਾ ਹੈ। ਗ੍ਰਹਿ ਨਛੱਤਰਾਂ ਤੋਂ ਡਰ ਕੇ ਉਨ੍ਹਾਂ ਦੀ ਵੀ ਪੂਜਾ ਜਾਂ ਪ੍ਰਾਰਥਨਾ ਕਰਨ ਲਗਦਾ ਹੈ। ਉਹ ਅਪਣਾ ਹਰ ਕੰਮ ਲਗਨ, ਮਹੂਰਤ ਜਾਂ ਤਰੀਕ ਵੇਖ ਕੇ ਕਰਦਾ ਹੈ। ਉਸ ਕੰਮ ਦੇ ਹੋਣ ਜਾਂ ਨਾ ਹੋਣ ਪ੍ਰਤੀ ਸ਼ੱਕ ਨਾਲ ਭਰਿਆ ਰਹਿੰਦਾ ਹੈ। ਜੀਵਨਭਰ ਟੂਣੇ ਟੋਟਕਿਆਂ ਵਿਚ ਉਲਝਿਆ ਰਹਿੰਦਾ ਹੈ। ਅਜਿਹੇ ਵਿਚ ਉਸ ਦਾ ਵਰਤਮਾਨ ਜੀਵਨ ਅਤੇ ਮੌਕਾ ਹੱਥੋਂ ਛੁੱਟ ਜਾਂਦਾ ਹੈ। ਬੰਦਾ ਜ਼ਿੰਦਗੀ ਭਰ ਫ਼ੈਸਲਾ ਨਾ ਲੈਣ ਦੀ ਸਥਿਤੀ ਵਿਚ ਰਹਿੰਦਾ ਹੈ ਕਿਉਂਕਿ ਫ਼ੈਸਲਾ ਲੈਣ ਦੀ ਸ਼ਕਤੀ ਉਸ ਵਿਚ ਨਹੀਂ ਰਹਿੰਦੀ ਜਿਹੜੀ ਅਪਣੀ ਸੋਚ ਨਾਲ ਗਿਆਨ ਅਤੇ ਜਾਣਕਾਰੀ ਦੀ ਵਰਤੋਂ ਠੀਕ ਅਤੇ ਗ਼ਲਤ ਨੂੰ ਸਮਝਣ ਵਿਚ ਕਰ ਸਕਦਾ ਹੈ।

ਮਨੁੱਖ ਨੂੰ ਡਰਪੋਕ ਬਣਾਉਂਦਾ ਹੈ : ਅਕਸਰ ਬਾਬੇ, ਤਾਂਤਰਿਕ ਅਤੇ ਜੋਤਸ਼ੀ ਲੋਕਾਂ ਨੂੰ ਸਮਝਾਉਂਦੇ ਹਨ ਕਿ ਜੀਵਨ ਵਿਚ ਜੋ ਕੁੱਝ ਵੀ ਹੋ ਰਿਹਾ ਹੈ, ਉਹ ਸੱਭ ਗ੍ਰਹਿ ਨਛੱਤਰਾਂ ਜਾਂ ਆਦਿੱਖ ਸ਼ਕਤੀਆਂ ਦੀ ਖੇਡ ਹੈ। ਸੱਚ ਤਾਂ ਇਹ ਹੈ ਕਿ ਜੋਤਿਸ਼ ਗ੍ਰਹਿ ਨਛੱਤਰਾਂ ਦੇ ਦੁਆਰਾ ਲੋਕਾਂ ਨੂੰ ਡਰਾਉਣ ਵਾਲਾ ਗਿਆਨ ਹੈ ਜਿਸ ਦੀ ਅੱਜ ਦੇ ਤਰਕਸ਼ੀਲ ਸਮਾਜ ਵਿਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਟੂਣੇ ਟੋਟਕੇ ਅਤੇ ਧਾਰਮਕ ਉਪਾਅ ਤੁਹਾਨੂੰ ਦਿਸ਼ਾ ਤੋਂ ਭਟਕਾਉਣ ਅਤੇ ਡਰਾ ਕੇ ਰੱਖਣ ਦਾ ਇਕ ਜ਼ਰੀਆ ਹੈ।

ਸਦੀਆਂ ਪਹਿਲਾਂ ਹਨੇਰੇ ਕਾਲ ਵਿਚ ਬੰਦਾ ਮੌਸਮ ਅਤੇ ਕੁਦਰਤ ਤੋਂ ਡਰਦਾ ਸੀ। ਬੱਸ ਇਸੇ ਡਰ ਨੇ ਇਕ ਪਾਸੇ ਜੋਤਿਸ਼ ਨੂੰ ਜਨਮ ਦਿਤਾ।
ਅੱਜ ਇਸ ਨੂੰ ਵਪਾਰ ਦਾ ਰੂਪ ਦੇ ਕੇ ਧਨ ਕਮਾਉਣ ਦਾ ਜ਼ਰੀਆ ਬਣਾ ਲਿਆ ਗਿਆ ਹੈ। ਧਾਰਮਕ ਅਤੇ ਜੋਤਸ਼ੀ ਵਿਸ਼ਵਾਸ ਦੇ ਨਾਂ ਉੱਤੇ ਕੀਤੇ ਜਾਣ ਵਾਲੇ ਇਸ ਵਪਾਰ ਤੋਂ ਸੱਭ ਵਾਕਫ਼ ਹਨ। ਟੀ.ਵੀ. ਚੈਨਲਾਂ ਵਿਚ ਬਹੁਤ ਸਾਰੇ ਜੋਤਿਸ਼ ਸ਼ਾਸਤਰੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਕੇ ਸਮਾਜ ਵਿਚ ਡਰ ਅਤੇ ਭਰਮ ਪੈਦਾ ਕਰਦੇ ਹਨ। ਸਥਾਨਕ ਜਨਤਾ ਅਪਣੇ ਇਲਾਕੇ ਵਿਚ ਮੌਜੂਦ ਬਾਬੇ ਜਾਂ ਸਿਆਣੇ, ਤਾਂਤਰਕ ਆਦਿ ਦੇ ਪ੍ਰਭਾਵ ਵਿਚ ਰਹਿੰਦੀ ਹੈ। ਮੱਧ ਵਰਗੀ ਪ੍ਰਵਾਰਾਂ ਨੂੰ ਪੰਡਤ ਅਤੇ ਮੌਲਵੀ ਅਪਣੇ ਨਿਯਮਾਂ ਅਤੇ ਸੰਸਕਾਰਾਂ ਵਿਚ ਬੰਨ੍ਹੀ ਰਖਦੇ ਹਨ।
ਅੱਜ ਦੇ ਤਕਨੀਕੀ ਯੁੱਗ ਵਿਚ ਵੀ ਇਹ ਲੋਕਾਂ ਦੇ ਦਿਮਾਗ਼ ਵਿਚ ਥਾਂ ਬਣਾਈ ਬੈਠੇ ਹਨ। ਪੜ੍ਹੇ-ਲਿਖੇ ਅਤੇ ਅਨਪੜ੍ਹ ਦੋਹਾਂ ਤਰ੍ਹਾਂ ਦੇ ਪ੍ਰਵਾਰਾਂ ਵਿਚ ਅੰਧ-ਵਿਸ਼ਵਾਸ ਪ੍ਰਤੀ ਮਾਨਤਾਵਾਂ ਦੇਖੀਆਂ ਜਾਂਦੀਆਂ ਹਨ।

ਢੋਂਗੀ ਬਾਬਿਆਂ ਦੀਆਂ ਦੁਕਾਨਾਂ


ਇਨ੍ਹਾਂ ਮਾਨਤਾਵਾਂ ਦੀ ਬਿਨਾ ਸਵਾਲ ਕੀਤੇ ਪਾਲਣਾ ਕਰਨ ਦੀ ਉਮੀਦ ਬੱਚਿਆਂ ਤੋਂ ਕੀਤੀ ਜਾਂਦੀ ਹੈ ਅਤੇ ਜੇਕਰ ਉਹ ਸਵਾਲ ਕਰਦੇ ਹਨ ਤਾਂ ਦਬਾਅ ਬਣਾ ਕੇ ਸਮਾਜ ਅਤੇ ਪ੍ਰਵਾਰ ਉਨ੍ਹਾਂ ਨੂੰ ਇਨ੍ਹਾਂ ਮਾਨਤਾਵਾਂ ਅਤੇ ਵਿਸ਼ਵਾਸਾਂ ਨੂੰ ਮੰਨਣ ਦੀ ਜ਼ਬਰਦਸਤੀ ਕਰਦੇ ਹਨ। ਇਨ੍ਹਾਂ ਅੰਧਵਿਸ਼ਵਾਸਾਂ ਅਤੇ ਡਰ ਦੇ ਸਾਏ ਵਿਚ ਢੌਂਗੀ ਬਾਬਿਆਂ ਦੀਆਂ ਦੁਕਾਨਾਂ ਚਲਦੀਆਂ ਹਨ।

ਅੱਜ ਵੀ ਸਾਡੇ ਸਮਾਜ ਵਿਚ ਅੰਧਵਿਸ਼ਵਾਸ ਨੂੰ ਬਹੁਤ ਸਾਰੇ ਲੋਕ ਮੰਨਦੇ ਹਨ। ਬਿੱਲੀ ਦੁਆਰਾ ਰਸਤਾ ਕੱਟਣ ਉੱਤੇ ਰੁਕ ਜਾਣਾ, ਛਿੱਕਣ ਉੱਤੇ ਕੰਮ ਦਾ ਨਾ ਬਣਨਾ, ਉੱਲੂ ਜਾਂ ਕਾਂ ਦਾ ਘਰ ਦੀ ਛੱਤ ਉੱਤੇ ਬੈਠਣ ਨੂੰ ਅਸ਼ੁੱਭ ਮੰਨਣਾ, ਖੱਬੀ ਅੱਖ ਫ਼ਰਕਣ ਉੱਤੇ ਅਸ਼ੁੱਭ ਸਮਝਣਾ, ਨਦੀ ਵਿਚ ਸਿੱਕਾ ਸੁਟਣਾ ਅਜਿਹੀਆਂ ਬਹੁਤ ਸਾਰੀਆਂ ਧਾਰਨਾਵਾਂ ਅੱਜ ਵੀ ਸਾਡੇ ਵਿਚ ਮੌਜੂਦ ਹਨ। ਇਸ ਦੇ ਸ਼ਿਕਾਰ ਅਨਪੜ੍ਹਾਂ ਦੇ ਨਾਲ-ਨਾਲ ਪੜ੍ਹੇ-ਲਿਖੇ ਲੋਕ ਵੀ ਹੋ ਜਾਂਦੇ ਹਨ।
ਹੈਰਾਨੀ ਇਹ ਹੈ ਕਿ ਇਸ ਪ੍ਰਕਾਰ ਦੇ ਅੰਧਵਿਸ਼ਵਾਸਾਂ ਨੂੰ ਨਾ ਸਿਰਫ਼ ਅਨਪੜ੍ਹ ਅਤੇ ਪੇਂਡੂ ਲੋਕ ਮੰਨਦੇ ਹਨ ਸਗੋਂ ਪੜ੍ਹੇ ਲਿਖੇ ਸਿਖਿਅਤ ਨੌਜਵਾਨ ਸ਼ਹਿਰੀ ਲੋਕ ਵੀ ਇਨ੍ਹਾਂ ਦੀ ਲਪੇਟ ਵਿਚ ਆ ਜਾਂਦੇ ਹਨ।
ਕੁੱਝ ਸਾਲ ਪਹਿਲਾਂ ਦਿੱਲੀ ਵਿਚ ਇਕ ਹੀ ਪ੍ਰਵਾਰ ਦੇ 11 ਲੋਕਾਂ ਨੇ ਇਸੇ ਅੰਧਵਿਸ਼ਵਾਸ ਕਾਰਨ ਬਾਬਿਆਂ ਦੇ ਬਹਿਕਾਵੇ ਵਿਚ ਮੁਕਤੀ  ਲਈ ਸਮੂਹਕ ਆਤਮਹੱਤਿਆ ਕਰ ਲਈ ਸੀ। ਅਜਿਹੇ ਬਹੁਤ ਸਾਰੇ ਉਦਾਹਰਣ ਰੋਜ਼ਾਨਾ ਸੁੰਣਨ ਵੇਖਣ ਨੂੰ ਮਿਲਦੇ ਹਨ ਜਦ ਲੋਕਾਂ ਨੇ ਅੰਧਵਿਸ਼ਵਾਸ ਦੇ ਬਹਿਕਾਵੇ ਵਿਚ ਆ ਕੇ ਅਪਣੇ ਪ੍ਰਵਾਰ ਬਰਵਾਦ ਕਰ ਲਏ ਜਾਂ ਪਿਆਰੇ ਗਵਾ ਲਏ। ਅੰਧਵਿਸ਼ਵਾਸਾਂ ਦੇ ਚੱਕਰ ਵਿਚ ਪੈ ਕੇ ਬੱਚਿਆਂ ਦੀ ਬਲੀ ਤਕ ਦੇ ਦਿਤੀ ਜਾਂਦੀ ਹੈ। ਅੱਜ ਵੀ ਲੋਕ ਮੁਸੀਬਤ ਪੈਣ ਉੱਤੇ ਵਿਗਿਆਨ ਤੋਂ ਵੱਧ ਅੰਧਵਿਸ਼ਵਾਸ ਅਤੇ ਬਾਬਿਆਂ ਉੱਤੇ ਕਰਦੇ ਹਨ ਅਤੇ ਉਨ੍ਹਾਂ ਦੇ ਜਾਲ ਵਿਚ ਫਸ ਕੇ ਅਪਣੀ ਸ਼ਾਂਤੀ ਅਤੇ ਪੈਸਾ ਵੀ ਗਵਾ ਲੈਂਦੇ ਹਨ।
ਦੇਸ਼ ਵਿਚ ਕਿੰਨੇ ਸਾਰੇ ਠੱਗ ਬਾਬੇ ਰੋਜ਼ਾਨਾ ਫੜੇ ਜਾਂਦੇ ਹਨ, ਕਿੰਨੇ ਹੀ ਬਾਬਿਆਂ ਦਾ ਸੱਚ ਉਜਾਗਰ ਹੁੰਦਾ ਹੈ। ਇਸ ਦੇ ਬਾਵਜੂਦ ਬਾਬਿਆਂ ਅਤੇ ਉਨ੍ਹਾਂ ਦੇ ਭਗਤਾਂ ਦੀ ਗਿਣਤੀ ਵਿਚ ਕਮੀ ਨਾ ਆਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕਾਂ ਦੀ ਮਾਨਸਿਕਤਾ ਦੇ ਪੱਧਰ ਵਿਚ ਬਹੁਤ ਫ਼ਰਕ ਨਹੀਂ ਪਿਆ। ਸੱਚ ਤਾਂ ਇਹ ਹੈ, ਇਨ੍ਹਾਂ ਢੋਂਗੀਆਂ ਨੂੰ ਮੀਡੀਆ ਦਾ ਸਹਿਯੋਗ ਪ੍ਰਾਪਤ ਹੈ। ਅਖ਼ਬਾਰਾਂ ਅਤੇ ਚੈਨਲਾਂ ਵਿਚ ਤਾਂਤਰਿਕਾਂ, ਬਾਬਿਆਂ ਦੇ ਵਿਗਿਆਪਨ ਆਉਂਦੇ ਹਨ। ਕਲੇਸ਼ ਦੂਰ ਕਰਨ ਦੇ ਤਵੀਤ ਅਤੇ ਲਾਕੇਟ ਤੋਂ ਲੈ ਕੇ ਘਰੇਲੂ ਝਗੜਾ ਦੂਰ ਕਰਨਾ, ਸਹੁਰੇ ਘਰ ਵਿਚ ਇੱਜ਼ਤ ਪ੍ਰਾਪਤੀ, ਪੁੱਤਰ ਪੈਦਾ ਕਰਨ, ਮਨਚਾਹਿਆ ਪਿਆਰ ਪ੍ਰਾਪਤ ਕਰਨ ਅਤੇ ਨੌਕਰੀ ਦਿਵਾਉਣ ਵਰਗੇ ਝੂਠੇ ਦਾਅਵੇ ਕਰ ਕੇ ਇਹ ਜਾਲਸਾਜ ਲੋਕਾਂ ਨੂੰ ਅਪਣੇ ਜਾਲ ਵਿਚ ਫਸਾ ਰਹੇ ਹਨ। ਦੁਨੀਆਂ ਵਿਚ ਕਿਸੇ ਬੰਦੇ ਕੋਲ ਕੋਈ ਵੀ ਸਮੱਸਿਆ ਹੋਵੇ ਉਨ੍ਹਾਂ ਕੋਲ ਹਰ ਪ੍ਰੇਸ਼ਾਨੀ ਦਾ ਇਲਾਜ ਤਿਆਰ ਰਖਿਆ ਹੁੰਦਾ ਹੈ।
ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਇਹ ਲੋਕਾਂ ਤੋਂ ਪਹਿਲੀ ਵਾਰ ਵਿਚ ਜ਼ਿਆਦਾ ਰੁਪਿਆਂ ਦੀ ਮੰਗ ਨਹੀਂ ਕਰਦੇ। ਪਹਿਲਾਂ ਉਨ੍ਹਾਂ ਨੂੰ ਤਕਲੀਫ਼ਾਂ ਤੋਂ ਮੁਕਤੀ ਪ੍ਰਾਪਤ ਕਰਨ ਦਾ ਸੁਫ਼ਨਾ ਦਿਖਾਉਂਦੇ ਹਨ। ਜਦ ਬੰਦਾ ਅੰਧਵਿਸ਼ਵਾਸ ਵਿਚ ਹੌਲੀ ਹੌਲੀ ਫ਼ਸਣ ਲਗਦਾ ਹੈ ਤਦ ਬਹਾਨੇ ਨਾਲ ਵੱਡੀ ਰਕਮ ਠਗਣੀ ਸ਼ੁਰੂ ਕਰ ਦਿਤੀ ਜਾਂਦੀ ਹੈ।

ਕੀ ਕਹਿੰਦਾ ਹੈ ਕਾਨੂੰਨ -

ਚਮਤਕਾਰ ਨਾਲ ਇਲਾਜ ਕਰਨਾ ਕਾਨੂੰਨਨ ਅਪਰਾਧ ਹੈ। ਭਾਰਤੀ ਕਾਨੂੰਨ ਵਿਚ ਤਵੀਤ, ਗ੍ਰਹਿ ਨਛੱਤਰ, ਤੰਤਰ-ਮੰਤਰ, ਝਾੜ ਫੂਕ, ਚਮਤਕਾਰ, ਦੈਵੀ ਦਵਾਈ ਆਦਿ ਦੁਆਰਾ ਕਿਸੇ ਵੀ ਸਮੱਸਿਆ ਜਾਂ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਦਾ ਝੂਠਾ ਦਾਅਵਾ ਕਰਨਾ ਜੁਰਮ ਹੈ। ਤੰਤਰ ਮੰਤਰ, ਚਮਤਕਾਰ ਦੇ ਨਾਂ ਉੱਤੇ ਆਮ ਲੋਕਾਂ ਨੂੰ ਲੁੱਟਣ ਵਾਲੇ ਜੋਤਸ਼ੀ, ਸਿਆਣੇ, ਤਾਂਤਰਿਕ ਵਰਗੇ ਪਖੰਡੀਆਂ ਨੂੰ ਕਾਨੂੰਨ ਦੀ ਸਹਾਇਤਾ ਨਾਲ ਜੇਲ ਦੀ ਹਵਾ ਖਵਾਈ ਜਾ ਸਕਦੀ ਹੈ।
ਔਸ਼ਧ ਅਤੇ ਪ੍ਰਸਾਧਨ ਅਧਿਨਿਯਮ, 1940 ਦਵਾਈਆਂ ਅਤੇ ਸਮੱਗਰੀਆਂ ਦੇ ਨਿਰਮਾਣ ਅਤੇ ਵਿਕਰੀ ਨੂੰ ਕੰਟਰੋਲ ਕਰਦਾ ਹੈ। ਇਸ ਅਨੁਸਾਰ ਕੋਈ ਵੀ ਬੰਦਾ ਜਾਂ ਫਰਮ ਰਾਜ ਸਰਕਾਰ ਦੁਆਰਾ ਜਾਰੀ ਉੱਚਿਤ ਲਾਈਸੰਸ ਤੋਂ ਬਿਨਾਂ ਦਵਾਈਆਂ ਦਾ ਸਟਾਕ, ਵਿਕਰੀ ਜਾਂ ਵੰਡ ਨਹੀਂ ਕਰ ਸਕਦਾ। ਗਾਹਕ ਨੂੰ ਵੇਚੀ ਗਈ ਹਰ ਇਕ ਦਵਾਈ ਦਾ ਕੈਸ਼ਮੇਮੋ ਦੇਣਾ ਕਾਨੂੰਨ ਜ਼ਰੂਰੀ ਹੈ। ਬਿਨਾਂ ਲਾਇਸੰਸ ਦੇ ਦਵਾਈ ਦੇ ਨਿਰਮਾਣ ਅਤੇ ਵਿਕਰੀ ਨੂੰ ਜੁਰਮ ਮੰਨਿਆ ਜਾਵੇਗਾ।
ਦਵਾਈ ਅਤੇ ਚਮਤਕਾਰੀ ਇਲਾਜ ਅਧਿਨਿਯਮ, 1954 ਦੇ ਤਹਿਤ ਤੰਤਰ-ਮੰਤਰ, ਗੰਡੇ (ਮੰਤਰ ਪੜ੍ਹ ਕੇ ਗੰਢ ਮਾਰਿਆ ਧਾਗਾ ਜਿਸ ਨੂੰ ਲੋਕ ਓਪਰੀ ਰੁਕਾਵਟ ਦੂਰ ਕਰਨ ਖ਼ਾਤਰ ਗਲੇ ਵਿਚ ਪਾਉਂਦੇ ਹਨ) ਤਵੀਤ ਆਦਿ ਢੰਗਾਂ ਦੀ ਵਰਤੋਂ, ਚਮਤਕਾਰੀ ਰੂਪ ਤੋਂ ਇਲਾਜ ਜਾਂ ਨਿਦਾਨ ਦਾ ਦਾਅਵਾ ਕਰਨ ਵਾਲੇ ਵਿਗਿਆਪਨ ਦੀ ਮਨਾਹੀ ਹੈ। ਇਸ ਅਨੁਸਾਰ ਅਜਿਹੇ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੋਂ ਭਰਮ  ਪਾਉਣ ਵਾਲੇ ਵਿਗਿਆਪਨ ਸਜ਼ਾਯੋਗ ਅਪਰਾਧ ਹਨ ਜਿਨ੍ਹਾਂ ਦੇ ਪ੍ਰਕਾਸ਼ਨ ਲਈ ਵਿਗਿਆਪਨ ਪ੍ਰਕਾਸ਼ਤ ਅਤੇ ਪ੍ਰਸਾਰਤ ਕਰਨ ਵਾਲੇ ਬੰਦੇ ਦੇ ਇਲਾਵਾ ਅਖ਼ਬਾਰ ਜਾਂ ਮੈਗਜ਼ੀਨ ਆਦਿ ਦਾ ਪ੍ਰਕਾਸ਼ਕ ਵੀ ਦੋਸ਼ੀ ਮੰਨਿਆ ਜਾਂਦਾ ਹੈ।
ਇਸ ਅਧਿਨਿਯਮ ਅਨੁਸਾਰ ਪਹਿਲੀ ਵਾਰ ਅਜਹਿਾ ਅਪਰਾਧ ਕੀਤੇ ਜਾਣ ਉੱਤੇ 6 ਮਹੀਨੇ ਦੀ ਜੇਲ ਜਾਂ ਜੁਰਮਾਨੇ ਜਾਂ ਦੋਹਾਂ ਪ੍ਰਕਾਰ ਤੋਂ ਸਜ਼ਾ ਕੀਤੇ ਜਾਣ ਦਾ ਪ੍ਰਾਵਧਾਨ ਹੈ ਜਦਕਿ ਇਸ ਨੂੰ ਦੁਬਾਰਾ ਕਰਨ ਉੱਤੇ 1 ਸਾਲ ਦੀ ਜੇਲ ਜਾਂ ਜੁਰਮਾਨਾ ਜਾਂ ਫਿਰ ਦੋਹਾਂ ਨਾਲ ਸਜ਼ਾ ਦਿਤੇ ਜਾਣ ਦਾ ਪ੍ਰਵਧਾਨ ਹੈ।
ਉਪਭੋਗਤਾ ਸੰਰਕਸ਼ਣ ਅਧਿਨਿਯਮ, 1986 ਦੇ ਤਹਿਤ ਕੋਈ ਬੰਦਾ ਸਾਮਾਨ ਜਾਂ ਸੇਵਾਵਾਂ ਖ਼ਰੀਦਦਾ ਹੈ, ਉਹ ਉਪਭੋਗਤਾ ਹੈ। ਜਦ ਤੁਸੀ ਕਿਸੇ ਜੋਤਸ਼ੀ, ਤਾਂਤਰਿਕ ਜਾਂ ਬਾਬੇ ਤੋਂ ਕੋਈ ਗੰਢਾ, ਤਾਵੀਤ, ਗ੍ਰਹਿ ਨਛੱਤਰ ਖਰੀਦਦੇ ਹੋ ਤਾਂ ਇਸ ਤੋਂ ਜੇਕਰ ਤੁਹਾਨੂੰ ਕੋਈ ਲਾਭ ਨਹੀਂ ਹੁੰਦਾ ਤਾਂ ਤੁਸੀ ਇਕ ਉਪਭੋਗਤਾ ਦੇ ਰੂਪ ਵਿਚ ਵਿਕਰੇਤਾ ਜੋਤਸ਼ੀ, ਤਾਂਤਰਿਕ ਜਾਂ ਬਾਬੇ ਦੇ ਖ਼ਿਲਾਫ਼ ਉਪਭੋਗਤਾ ਅਦਾਲਤ ਵਿਚ ਮਾਮਲਾ ਦਾਇਰ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਕਿਸੇ ਕਾਨੂੰਨ ਦਾ ਉਲੰਘਣ ਕਰਦੇ ਹੋਏ ਜੀਵਨ ਜਾਂ ਸੁਰਖਿਆ ਦੇ ਲਈ ਖ਼ਤਰਾ ਪੈਦਾ ਕਰਨ ਵਾਲਾ ਸਮਾਨ ਜਨਤਾ ਨੂੰ ਵੇਚਿਆ ਜਾ ਰਿਹਾ ਹੈ ਤਾਂ ਵੀ ਤੁਸੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਭਾਰਤੀ ਦੰਡਾਵਲੀ ਦੀ ਧਾਰਾ 420 ਵਿਚ ਵੀ ਬੰਦੇ ਨੂੰ ਕਪਟਪੂਰਵਕ ਜਾਂ ਬੇਈਮਾਨੀ ਨਾਲ ਆਰਥਕ, ਸਰੀਰਕ, ਮਾਨਸਕ, ਜਾਇਦਾਦ ਜਾਂ ਪ੍ਰਸਿੱਧੀ ਸਬੰਧੀ ਨੁਕਸਾਨ ਪਹੁੰਚਾਉਣਾ ਸ਼ਾਮਲ ਹੈ। ਇਹ ਇਕ ਸਜ਼ਾਯੋਗ ਅਪਰਾਧ ਹੈ। ਇਸ ਦੇ ਤਹਿਤ 7 ਸਾਲ ਤਕ ਦੀ ਜੇਲ੍ਹ ਦੀ ਸਜ਼ਾ ਦਾ ਪ੍ਰਾਵਧਾਨ ਹੈ। ਧਰਮ, ਸ਼ਰਧਾ, ਰੱਬ ਦੇ ਨਾਂ ਉੱਤੇ ਆਮ ਤੌਰ ਉੱਤੇ ਕੁੱਝ ਪਖੰਡੀ ਅੰਧਵਿਸ਼ਵਾਸ ਦੀ ਦਲਦਲ ਵਿਚ ਡੁਬੇ ਲੋਕਾਂ ਨੂੰ ਕਪਟ ਨਾਲ ਲੁਟਦੇ ਹਨ।

ਮੂਲ ਲੇਖਿਕਾ : ਗਰਿਮਾ ਪੰਕਜ
ਸਾਭਾਰ: ਗ੍ਰਹਿਸ਼ੋਭਾ ਮੈਗਜ਼ੀਨ ਅਕਤੂਬਰ, 2022
ਅਨੁਵਾਦਕ
ਪਵਨ ਕੁਮਾਰ ਰੱਤੋਂ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement