ਸਿੱਖਾਂ ਦੇ ਪਹਿਲੇ ਤੇ ਆਖ਼ਰੀ ਰਾਜੇ ਬਾਰੇ ਸੱਚੋ ਸੱਚ
Published : Apr 9, 2023, 7:21 pm IST
Updated : Apr 9, 2023, 7:21 pm IST
SHARE ARTICLE
photo
photo

ਮਹਾਰਾਜੇ ਰਣਜੀਤ ਸਿੰਘ ਦੇ ਸਮੁੱਚੇ ਰਾਜ-ਕਾਲ ਵਿਚ ਸਰਹੱਦੀ ਇਲਾਕਿਆਂ ਨੂੰ ਛੱਡ ਕੇ ਸਾਰੇ ਖ਼ਾਲਸਾ ਰਾਜ ਵਿਚ ਕਿਧਰੇ ਵਿਦਰੋਹ ਨਹੀਂ ਹੋਇਆ

 

ਮੈਂ  ਮਿਸਲਾਂ ਦੇ ਛੋਟੇ ਛੋਟੇ ਰਾਜਿਆਂ ਨੂੰ ਰਾਜੇ ਨਾ ਮੰਨ ਕੇ ਵੱਡੇ ਅਤੇ ਸਮੁਚੇ ਪੰਜਾਬ ਤੇ ਰਾਜ ਕਰਦੇ ਰਾਜੇ ਬਾਰੇ ਲਿਖਣ ਲੱਗਾ ਹਾਂ ਜਿਸ ਨੇ ਲਾਹੌਰ ਨੂੰ ਮੁੱਖ ਦਰਬਾਰ ਬਣਾਇਆ ਅਤੇ ਉਸ ਦੇ ਰਾਜ ਦੀਆਂ ਧੁੰਮਾਂ ਦੁਨੀਆਂ ਵਿਚ ਪਾਈਆਂ ਸਨ। ਰੂਸੀ ਸ਼ਹਿਜ਼ਾਦਾ ਸੋਲਟੀਕੂਫ 1842 ਵਿਚ ਮਿਤਰਤਾ ਵਾਲਾ ਖ਼ਤ ਲੈ ਕੇ ਲਾਹੌਰ ਪਹੁੰਚਿਆ ਅਤੇ ਇਥੇ ਉਹ ਮਹਾਰਾਜਾ ਸ਼ੇਰ ਸਿੰਘ ਦਾ ਪ੍ਰਾਹੁਣਾ ਬਣਿਆ। ਲਾਹੌਰ ਦੇ ਸ਼ਾਲਾਮਾਰ ਬਾਗ ਦੀ ਰੌਣਕ ਅਤੇ ਸਫ਼ਾਈ ਵੇਖ ਕੇ ਉਹ ਕਹਿੰਦਾ ਹੈ ਕਿ ਇਹ ਫ਼ਰਾਂਸ ਦੇ ਵਰਸਾਈਲ ਮਹਿਲਾਂ ਦੇ ਤੁਲ ਹੈ ਜੋ ਸਵਰਗ ਦੇ ਨਜ਼ਾਰੇ ਦੀ ਝਲਕ ਦਿੰਦਾ ਹੈ। 1804 ਵਿਚ ਰਾਵੀ ਵਿਚੋਂ ਛੋਟੀ ਨਹਿਰ (ਜਿਸ ਨੂੰ ਹੰਸਲੀ ਕਹਿੰਦੇ ਹਨ) ਕੱਢ ਕੇ ਸ਼ਾਲਾਮਾਰ ਬਾਗ਼ ਨੂੰ ਹਰਿਆ-ਭਰਿਆ ਕਰਨ ਦਾ ਕੰਮ ਵੀ ਰਾਜੇ ਰਣਜੀਤ ਸਿੰਘ ਨੇ ਹੀ ਕੀਤਾ ਸੀ। ਫਰਾਂਸ ਦੇ ਰਾਜੇ ਦਾ ਅਜਿਹਾ ਖ਼ਤ ਇਸ ਤੋਂ ਕਈ ਸਾਲ ਪਹਿਲਾਂ ਲਾਹੌਰ ਪੁੱਜ ਚੁੱਕਾ ਸੀ ਜਦੋਂ ਹਾਲੇ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਸੀ।

ਸਿੱਖੋ! ਮਾਣ ਕਰੋ ਅਪਣੇ ਮਹਾਰਾਜੇ ਰਣਜੀਤ ਸਿੰਘ ’ਤੇ ਜਿਸ ਨੂੰ ਅਪਣੇ ਬਾਪ ਕੋਲੋਂ ਵਿਰਸੇ ਵਿਚ ਕੁੱਝ ਕੁ ਸੌ ਸਿਪਾਹੀ ਅਤੇ ਪਿੰਡ ਮਿਲੇ ਸਨ ਅਤੇ ਅਪਣੇ 40 ਕੁ ਸਾਲਾਂ ਦੇ ਰਾਜ ’ਚ ਖ਼ਾਲਸਾ ਰਾਜ ਨੂੰ ਦੁਨੀਆਂ ਦੀ ਸੁਪਰ-ਪਾਵਰ ਬਣਾ ਦਿਤਾ। ਰਣਜੀਤ ਸਿੰਘ ਸਿਰਫ਼ 13 ਸਾਲਾਂ ਦਾ ਸੀ ਜਦੋਂ ਸ਼ਿਕਾਰ ਖੇਡਦਾ-ਖੇਡਦਾ ਚੱਠਿਆਂ ਦੀ ਜੂਹ ਵਿਚ ਜਾ ਵੜਿਆ ਤਾਂ ਉਹ ਪਹਿਲਾਂ ਹੀ ਇਸ ਦਾ ਸ਼ਿਕਾਰ ਕਰਨ ਲਈ ਤਾਕ ਲਾਈ ਬੈਠੇ ਸਨ। ਤੂੰ-ਤੂੰ ਮੈਂ-ਮੈਂ ਹੋਣ ਤੋਂ ਬਾਅਦ ਰਣਜੀਤ ਸਿੰਘ ਨੇ ਅਪਣੀ ਤਲਵਾਰ ਦੇ ਇਕੋ ਵਾਰ ਨਾਲ ਚੱਠਿਆਂ ਦੇ ਸਰਦਾਰ ਦਾ ਸਿਰ ਕਲਮ ਕਰ ਦਿਤਾ। ਚੱਠਿਆਂ ਨੂੰ ਸੁਨੇਹਾ ਭੇਜਿਆ ਕਿ ਤੁਹਾਡੇ ਸਰਦਾਰ ਦਾ ਧੜ ਤਾਂ ਤੁਸੀਂ ਉਠਾ ਲਿਆ ਹੋਵੇਗਾ ਪਰ ਸਰਦਾਰ ਦਾ ਸਿਰ ਮੇਰੇ ਕੋਲ ਗਿਰਵੀ ਹੈ। ਜਿੰਨਾ ਚਿਰ ਤੁਸੀਂ ਸ਼ੁਕਰਚੱਕੀਆ ਮਿਸਲ ਦੀ ਸਰਦਾਰੀ ਨਹੀਂ ਕਬੂਲਦੇ ਉਨਾ ਚਿਰ ਮੈਂ ਇਹ ਸੀਸ ਤੁਹਾਨੂੰ ਵਾਪਸ ਨਹੀਂ ਕਰਾਂਗਾ। ਚੱਠਿਆਂ ਦੀ ਮਿਸਲ ਨੇ ਰਣਜੀਤ ਸਿੰਘ ਦੀ ਸਰਦਾਰੀ ਕਬੂਲ ਕਰ ਕੇ ਅਪਣੇ ਸਰਦਾਰ ਦਾ ਸਿਰ ਵਾਪਸ ਲਿਆ ਤੇ ਫਿਰ ਉਸ ਨੂੰ ਦਫ਼ਨ ਕੀਤਾ। ਰਸ਼ੀਆ ਵਾਂਗਰ ਨਹੀਂ ਕਿ ਲੋਕਾਂ ਦਾ ਢਿੱਡ ਭਰਨ ਲਈ ਅਨਾਜ ਅਪਣੇ ਹੀ ਦੁਸ਼ਮਣ ਤੋਂ ਮੰਗਣਾ ਪਵੇ। ਖ਼ਾਲਸਾ ਰਾਜ ਤਾਂ ਖਾਣ ਲਈ ਕੁਦਰਤੀ ਲੂਣ/ਨਮਕ ਦਰਾਮਦ ਕਰ ਕੇ ਹੀ ਲੱਖਾਂ ਰੁਪਿਆਂ ਦਾ ਵਪਾਰ ਕਰਦਾ ਸੀ। ਸ਼ਹਿਦ, ਰੇਸ਼ਮੀ ਕਪੜਾ ਤੇ ਗੁਲਬਦਨ ਅੰਮ੍ਰਿਤਸਰ ਤੇ ਮੁਲਤਾਨ ਵਿਚ ਵਪਾਰ ਲਈ ਤਿਆਰ ਕੀਤੇ ਜਾਂਦੇ ਸਨ ਅਤੇ ਕਿਸ਼ਤੀਆਂ ਦਾਦਨਖਾਨ ਤੋਂ।

ਮੈਂ ਫ਼ਰੀਦਕੋਟ ਰਿਆਸਤ  ਦੇ ਰਹਿਣ ਵਾਲਾ ਹਾਂ ਤੇ ਇਸ ਪਾਸੇ ਦੇ ਪੰਜਾਬ ਵਿਚ ਤਾਂ ਇਹੀ ਪ੍ਰਚਾਰ ਕੀਤਾ ਗਿਆ ਕਿ ਅਗਰੇਜ਼ਾਂ ਨੇ 1872-80 ਵਿਚ ਨਹਿਰਾਂ ਕੱਢ ਕੇ ਲੋਕਾਂ ਨੂੰ ਖੇਤੀ ਕਰਨ ਦਾ ਤਰੀਕਾ ਸਿਖਾਇਆ। ਨਹਿਰਾਂ ਰਾਹੀਂ ਵਪਾਰ ਕਰਨਾ ਤੇ ਲੱਕੜ ਦੀ ਢੋਆ-ਢੁਆਈ ਸਿਖਾਈ। ਪਰ ਰਣਜੀਤ ਸਿੰਘ ਨੇ ਤਾਂ 1837 ਤਕ ਨਹਿਰੀ ਪਾਣੀ ਨਾਲ 37,500 ਏਕੜ ਜ਼ਮੀਨ ਦੀ ਸਿੰਚਾਈ ਦਾ ਪ੍ਰਬੰਧ ਕਰ ਲਿਆ ਸੀ। ਪਿਛਲੇ ਸਾਲਾਂ ਦੇ ਮੁਕਾਬਲੇ ਜਦੋਂ ਇਸ ਸਾਲ ਲੋਕਾਂ ਦੀ ਹਾਲਤ ਚੰਗੀ ਹੋਈ ਤੇ ਸਰਕਾਰੀ ਖਜ਼ਾਨੇ ਵਿਚ ਮਾਮਲਾ ਵੀ ਜ਼ਿਆਦਾ ਆਇਆ ਤਾਂ ਅਗਲੇ ਸਾਲ, 1838 ’ਚ,  ਦਸ ਲੱਖ ਏਕੜ ਜ਼ਮੀਨ ਦੀ ਨਹਿਰੀ ਪਾਣੀ ਨਾਲ ਸਿੰਜਾਈ ਕੀਤੀ ਗਈ। ਨਹਿਰਾਂ ਦੀ ਲੰਬਾਈ 300 ਕੋਹ/ 650 ਤੋਂ 700 ਕਿਲੋਮੀਟਰ ਸੀ ਜੋ ਬਾਅਦ ਵਿਚ ਹੋਰ ਵੀ ਵਧਾਈ ਗਈ। ਨਹਿਰਾਂ ਵਿਚ ਚੱਲਣ ਵਾਲੀਆਂ ਕਿਸ਼ਤੀਆਂ, ਪਿੰਡ ਦਾਦਨ ਖਾਨ ਜੋ ਅੱਜ-ਕੱਲ ਪਾਕਿਸਤਾਨ ਵਿਚ ਹੈ, ਦੁਨੀਆਂ ਭਰ ਵਿਚ ਮਸ਼ਹੂਰ ਸਨ। ਲੋਕਾਂ ਨੂੰ ਖੂਹ ਅਤੇ ਝੱਟੇ ਲਾਉਣ ਲਈ ਸਰਕਾਰੀ ਖਜ਼ਾਨੇ ਵਿਚੋਂ ਬਗ਼ੈਰ ਵਿਆਜ ਤੋਂ ਪੈਸਾ ਦਿਤਾ ਗਿਆ ਜੋ ਬਗ਼ੈਰ ਕੋਈ ਕਸ਼ਟ ਉਠਾਏ ਵਾਪਸ ਕਰਨ ਲਈ ਕਿਹਾ ਗਿਆ ਅਤੇ ਕੁੱਝ ਕੁ ਹਾਲਤਾਂ ਵਿਚ ਜੇਕਰ ਕੋਈ ਕਿਸਾਨ ਵਾਪਸ ਨਹੀਂ ਕਰ ਸਕਦਾ ਸੀ ਤਾਂ ਮੁਆਫ਼ ਵੀ ਕੀਤਾ ਗਿਆ। ਮਹਾਰਾਜੇ ਦੀ ਇਹ ਸੋਚ ਸੀ ਕਿ ਜੇਕਰ ਜ਼ਿਮੀਦਾਰ ਖੁਸ਼ਹਾਲ ਹਨ ਤਾਂ ਹੀ ਤਾਂ ਉਹ ਮੇਰੇ ਰਾਜ ਦੀ ਰਾਖੀ ਕਰਨ ਲਈ ਚੰਗੇ ਡੀਲ-ਡੌਲ ਵਾਲੇ ਤੰਦਰੁਸਤ ਨੌਜਵਾਨ ਪੈਦਾ ਕਰਨਗੇ। ਹਵਾਲਾ ‘ਪੰਜਾਬ ਦਾ ਸਮਾਜਕ ਇਤਿਹਾਸ’ (ਖਾਲਸਾ ਰਾਜ-ਕਾਲ ਵਿਚ) ਕਰਤਾ ਬਾਬਾ ਪ੍ਰੇਮ ਸਿੰਘ ਹੋਤੀ ਸੰਪਾਦਕ ਡਾ. ਫੌਜਾ ਸਿੰਘ।

ਜਦੋਂ ਹੀ ਮੈਂ ਇਹ ਗੱਲ ਪਿ੍ਰੰ. ਸਰਵਣ ਸਿੰਘ ਢੁਡੀਕਿਆਂ ਵਾਲਿਆਂ ਨਾਲ ਸਾਂਝੀ ਕੀਤੀ ਤਾਂ ਕਹਿਣ ਲੱਗੇ ਕਿ ਮੋਘਿਆਂ ਦੇ ਨੰਬਰ ਦਿਉ ਤਾਂ ਮੇਰਾ ਇਹ ਉੱਤਰ ਸੀ ਕਿ ਤੁਸੀਂ ਉਨ੍ਹਾਂ ਮੁਸਲਮਾਨੀ ਔਰਤਾਂ, ਜਿਨ੍ਹਾਂ ਦਾ ਵਿਆਹ ਮਹਾਰਾਜੇ ਰਣਜੀਤ ਸਿੰਘ ਨਾਲ ਕਰਵਾਇਆ ਹੈ, ਦੇ ਨੱਕ, ਕੰਨ, ਅੱਖਾਂ ਅਤੇ ਲੱਤਾਂ-ਬਾਹਾਂ ਅਤੇ ਲੱਕ ਦੀ ਮਿਣਤੀ ਦੀਆਂ ਫ਼ੋਟੋ ਵਿਖਾਉ ਕਿ ਉਹ ਕੇਹੋ ਜਹੀਆਂ ਸਨ ਅਤੇ ਕੀ ਕੀ ਪਹਿਨਦੀਆਂ ਸਨ। ਮੈਂ ਕਿਹਾ ਸਰਵਣ ਸਿੰਘ ਜੀ ਇਹ ਤਾਂ ਉਹ ਗੱਲ ਹੋਈ ਕਿ, ‘‘ਗਏ ਸੀ ਨਮਾਜ਼ ਬਖ਼ਸ਼ਵਾਉਣ ਤੇ ਪੈ ਗਏ ਰੋਜ਼ੇ ਗਲ’’। ਮੈਂ ਤਾਂ ਮੋਘਿਆਂ ਦੇ ਨੰਬਰ ਪਾਕਿਸਤਾਨ ਜਾ ਕੇ ਲੱਭ ਲਿਆਵਾਂਗਾ ਪਰ ਤੁਸੀਂ ਮਹਾਰਾਜੇ ਰਣਜੀਤ ਸਿੰਘ ਦਾ ਮੁਸਲਮਾਨੀ ਨਾਂ ਕਿਵੇਂ ਪੈਦਾ ਕਰੋਗੇ? ਚੰਗਾ ਹੁੰਦਾ ਜੇਕਰ ਤੁਸੀਂ ਕਬੱਡੀ ਬਾਰੇ ਝੱਖਾਂ ਮਾਰੀ ਜਾਂਦੇ ਪਰ ਖੋਜ ਕੰਮਾਂ ਬਾਰੇ ਗੱਲ ਨਾ ਕਰਦੇ। 

ਬਾਰਨ ਚਾਰਲਿਸ ਹੂਗਲ ਜਿਹੜਾ ਹੈ ਤਾਂ ਅੰਗਰੇਜ਼ਾਂ ਦਾ ਜਾਸੂਸ ਪਰ ਆਇਆ ਉਹ ਯਾਤਰੂ ਬਣ ਕੇ ਸੀ। ਕਈ ਵਾਰ ਉਹ ਮਹਾਰਾਜੇ ਰਣਜੀਤ ਸਿੰਘ ਨੂੰ ਮਿਲਿਆ ਵੀ। ਉਹ ਅਪਣੀ ਕਿਤਾਬ, ‘‘ਕਸ਼ਮੀਰ ਅਤੇ ਪੰਜਾਬ ਦੀ ਯਾਤਰਾ’’ ਵਿਚ ਲਿਖਦਾ ਹੈ ਕਿ ਆਸਟਰੀਆ ਦੀ ਫ਼ੌਜ ਬਹੁਤ ਹੀ ਨਿਸ਼ਾਨੇਬਾਜ਼ ਸਮਝੀ ਜਾਂਦੀ ਹੈ ਪਰ ਮਹਾਰਾਜੇ ਰਣਜੀਤ ਸਿੰਘ ਦੀ ਫ਼ੌਜ ਦਾ ਨਿਸ਼ਾਨਾ ਉਨ੍ਹਾਂ ਤੋਂ ਕਿਤੇ ਵੱਧ ਠੀਕ ਅਤੇ ਪੱਕਾ ਹੈ। ਇਨ੍ਹਾਂ ਦੀਆਂ ਤੋਪਾਂ ਦੇ ਨਿਸ਼ਾਨੇ ਵੇਖ ਮੈਂ ਹੈਰਾਨ ਹਾਂ ਜੋ ਅੰਗਰੇਜ਼ਾਂ ਜਾਂ ਯੂਰਪੀਅਨ ਤੋਪਾਂ ਨਾਲੋਂ ਕਿਤੇ ਵੱਧ ਠੀਕ ਹਨ। ਰਵਾਇਤੀ ਹੱਥਿਆਰ ਜਿਵੇਂ ਕਿਰਪਾਨ, ਨੇਜ਼ਾ, ਭਾਲਾ ਤਾਂ ਸਾਡੇ ਨਾਲੋਂ ਵਧੀਆ ਹੈ ਹੀ ਹਨ ਪਰ ਜੇ ਕਿਧਰੇ ਯੁਰਪੀਅਨ ਤੋਪਾਂ ਤੇ ਮਹਾਰਾਜੇ ਦੀਆਂ ਤੋਪਾਂ ਨੂੰ ਰਲਾ ਕੇ ਰੱਖ ਦਿਤਾ ਜਾਵੇ ਤਾਂ ਕੋਈ ਨਹੀਂ ਪਛਾਣ ਸਕੇਗਾ ਕਿ ਕਿਹੜੀ ਕਿਸ ਦੀ ਹੈ। ਇਹ ਸਾਰੀ ਕਾਰੀਗਰੀ ਭਾਈ ਲਹਿਣਾ ਸਿੰਘ ਦੀ ਸੀ ਜਿਹੜਾ ਕਦੇ ਕਿਸੇ ਚੀਜ਼ ਨੂੰ ਵੇਖ ਆਉਂਦਾ ਉਸ ਤੋਂ ਵਧੀਆ ਉਹੀ ਚੀਜ਼ ੳਹ ਇਕ ਦੋ ਮਹੀਨਿਆਂ ਵਿਚ ਤਿਆਰ ਕਰ ਕੇ ਮਹਾਰਾਜੇ ਨੂੰ ਪੇਸ਼ ਕਰ ਦਿੰਦਾ। ਬਾਬਾ ਪ੍ਰੇਮ ਸਿੰਘ ਹੋਤੀ ਇਸੇ ਕਿਤਾਬ ਵਿਚ ਲਿਖਦੇ ਹਨ ਕਿ ਘੋੜੇ ਦੀ ਨਾਲ (ਪੈਰ ਵਿਚ ਖੁਰੀ ਲਾਉਣ ਲਈ ਵਰਤੀ ਜਾਂਦੀ ਮੇਖ) ਤੋਂ ਲੈ ਕੇ ਅਫ਼ਸਰਾਂ ਦੀ ਪੱਗ ਤਕ ਰਾਜੇ ਦੀ ਨਜ਼ਰ ਹੇਠੋਂ ਦੀ ਲੰਘਦੀ। ਅਪਣੇ ਪ੍ਰਧਾਨ ਮੰਤਰੀ ਅਜ਼ੀਜ਼ੂਦੀਨ ਨੂੰ ਇਹ ਹੁਕਮ ਸੀ ਕਿ ਮੈਂ ਸਿੱਖ ਰਾਜਾ ਹਾਂ, ਇਸ ਕਰ ਕੇ  ਕਿਸੇ ਸਿੱਖ ਨਾਲ ਜੇ ਕਾਨੂੰਨੀ ਤੌਰ ਤੇ ਲਿਹਾਜ਼ ਕਰੇਂ ਅਤੇ ਤੂੰ ਮੁਸਲਮਾਨ ਹੈਂ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਕਿਸੇ ਮੁਸਲਮਾਨ ਨਾਲ ਲਿਹਾਜ਼ ਕਰੇਂ, ਮੈਂ ਇਹ ਬਰਦਾਸ਼ਤ ਨਹੀਂ ਕਰਾਂਗਾ।

ਮਹਾਰਾਜੇ ਰਣਜੀਤ ਸਿੰਘ ਦੇ ਸਮੁੱਚੇ ਰਾਜ-ਕਾਲ ਵਿਚ ਸਰਹੱਦੀ ਇਲਾਕਿਆਂ ਨੂੰ ਛੱਡ ਕੇ ਸਾਰੇ ਖ਼ਾਲਸਾ ਰਾਜ ਵਿਚ ਕਿਧਰੇ ਵਿਦਰੋਹ ਨਹੀਂ ਹੋਇਆ। ਖਲੀਫ਼ਾ ਸੱਯਦ ਮੁਹੰਮਦ ਅਤੇ ਬਾਰਕਜ਼ਈ ਭਰਾਵਾਂ ਮੁਹੰਮਦ ਆਜ਼ਮ ਖ਼ਾਨ ਅਤੇ ਦੋਸਤ ਮੁਹੰਮਦ ਖ਼ਾਨ ਨੇ ਕਈ ਵਾਰ ਮਜ਼੍ਹਬ ਦੇ ਨਾਂ ਤੇ ਮੁਸਲਮਾਨਾਂ ਨੂੰ ਭੜਕਾਉਣ ਦੇ ਯਤਨ ਕੀਤੇ ਪਰ ਉਨ੍ਹਾਂ ਦੀ ਕੋਈ ਪੇਸ਼ ਨਾ ਗਈ ਕਿਉਂਕਿ ਖ਼ਾਲਸਾ ਰਾਜ ਵਿਚ ਵਸਦੇ ਮੁਸਲਮਾਨ ਵੀ ਉਤਨੇ ਹੀ ਖ਼ੁਸ਼ਹਾਲ ਸਨ ਜਿਤਨੇ ਸਿੱਖ ਜਾਂ ਕਿਸੇ ਹੋਰ ਕੌਮ ਦੇ ਬੰਦੇ। ਬਰਨਜ਼ ਲਿਖਦਾ ਹੈ ਕਿ ਮੈਂ ਭਾਰਤ ਦੇ ਹੋਰ ਰਾਜਾਂ ਵਿਚ ਪਹਿਲੇ ਰਾਜਿਆਂ ਦੇ ਪ੍ਰਵਾਰਾਂ ਨੂੰ ਭੀਖ ਮੰਗਦੇ ਦੇਖਿਆ ਹੈ ਪਰ ਮਹਾਰਾਜੇ ਰਣਜੀਤ ਸਿੰਘ ਨੇ ਜਿਸ ਕਿਸੇ ਵੀ ਸਰਦਾਰ ਦਾ ਰਾਜ ਅਪਣੇ ਨਾਲ ਮਿਲਾਇਆ ਤਾਂ ਉਸ ਦੇ ਪ੍ਰਵਾਰ ਨੂੰ ਸੁਖ ਸਹੂਲਤਾਂ ਵਾਸਤੇ ਵੱਡੀਆਂ ਵੱਡੀਆਂ ਜਾਗੀਰਾਂ ਦੇ ਕੇ ਨਿਵਾਜਿਆ। ਪੁਰਾਣੇ ਰਾਜਿਆਂ ਦੇ ਪ੍ਰਵਾਰਾਂ ਵਿਚੋਂ ਪੰਜਾਬ ਵਿਚ ਮੈਂ ਕਿਸੇ ਨੂੰ ਭੀਖ ਮੰਗਦੇ ਨਹੀਂ ਵੇਖਿਆ।

ਜ਼ਨਾਨਖ਼ਾਨਿਆਂ ਵਿਚ ਕੰਮ ਕਰਨ ਵਾਸਤੇ ਮਹਾਰਾਜੇ ਰਣਜੀਤ ਸਿੰਘ ਨੇ ਖੁਸਰੇ ਨਹੀਂ ਰੱਖੇ ਸਗੋਂ ਜ਼ਨਾਨੀਆਂ ਦੀ ਹਿਫ਼ਾਜ਼ਤ ਲਈ ਜਾਂ ਰਾਣੀਆਂ ਦੀ ਸੇਵਾ ਲਈ ਜ਼ਨਾਨੀਆਂ ਹੀ ਮੁਕਰਰ ਕੀਤੀਆਂ ਹੋਈਆਂ ਸਨ। ਇਹ ਠੀਕ ਹੈ ਕਿ ਰਾਜੇ ਨੇ ਜਿਸ ਕਿਸੇ ਮਿਸਲ ਨੂੰ ਅਪਣੇ ਰਾਜ ਵਿਚ ਮਿਲਾਉਣ ਲਈ ਲੜਾਈ ਕੀਤੀ ਤੇ ਸਿਰਦਾਰ ਦੀ ਮੌਤ ਹੋ ਗਈ, ਉਸ ਦੀ ਸਰਦਾਰਨੀ ਨੂੰ ਅਪਣੇ ਮਹਿਲਾਂ ਵਿਚ ਰਾਣੀ ਦੀ ਤਰ੍ਹਾਂ ਸਹੂਲਤਾਂ ਦਿਤੀਆਂ। ਇਹ ਵੀ ਹੋ ਸਕਦਾ ਹੈ ਕਿ ਬਾਹਰੋਂ ਆਏ ਮਹਿਮਾਨਾਂ ਦੀ ਮਹਿਮਾਨ-ਨਿਵਾਜ਼ੀ ਲਈ ਉਨ੍ਹਾਂ ਔਰਤਾਂ ਨੂੰ ਅਪਣੀ ਅਯਾਸ਼ੀ ਲਈ ਵਰਤਿਆ ਜਾਂਦਾ ਹੋਵੇ ਪਰ ਉਹ ਗ਼ੁਲਾਮ ਬਣਾ ਕੇ ਨਹੀਂ ਰੱਖੀਆਂ ਹੋਈਆਂ ਸਨ ਜਿਵੇਂ ਪੁਰਾਣੇ ਮੁਗ਼ਲ-ਬਾਦਸ਼ਾਹ ਕਰਦੇ ਸਨ।

ਜੇਕਰ ਮੋਰਾਂ ਨਾਚੀ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਰਾਜੇ ਰਣਜੀਤ ਸਿੰਘ ਦੇ ਪ੍ਰਭਾਵ ਕਾਰਨ ਮੋਰਾਂ ਦਾ ਨਾਂ ਮਾਈ ਮੋਰਾਂ ਪੈ ਜਾਣਾ ਸੁਭਾਵਕ ਹੀ ਸੀ। ਅੰਮ੍ਰਿਤਸਰ ਤੋਂ ਲਾਹੌਰ ਨੂੰ ਜਾਂਦਿਆਂ ਜਿਹੜਾ ਪੁਲ ਮੋਰਾਂ ਦੇ ਕਹਿਣ ਤੇ ਮਹਾਰਾਜੇ ਨੇ ਬਣਵਾਇਆ ਸੀ ਉਸ ਪੁਲ ਦਾ ਨਾਮ ਅੱਜ ਵੀ ਕੰਜਰੀ-ਪੁਲ ਹੀ ਹੈ। ਜੇਕਰ ਮਹਾਂਰਾਜੇ ਨੇ ਉਸ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਪੁਲ ਦਾ ਨਾਮ ਜ਼ਰੂਰ ਮਾਈ ਮੋਰਾਂ-ਪੁਲ ਹੋਣਾ ਸੀ। ਮੈਨੂੰ ਤਾਂ ਮੋਰਾਂ ਨਾਚੀ ਨਾਲ ਸਬੰਧਾਂ ਜਾਂ ਵਿਆਹ ਕਰਵਾਉਣ ਵਾਲੀ ਗੱਲ ਵੀ ਅੰਗਰੇਜ਼ਾਂ ਵਲੋਂ ਪ੍ਰਚੱਲਤ ਕੀਤੀ ਲੱਗਦੀ ਹੈ ਜਿਵੇਂ ਸਾਡੇ ਹੀ ਪ੍ਰਚਾਰਕਾਂ ਕੋਲੋਂ ਅੰਗਰੇਜ਼ਾਂ ਨੇ ਇਹ ਅਫ਼ਵਾਹ ਉਡਵਾਈ ਕਿ, ‘‘ਗੁਰੂ ਤੇਗ ਬਹਾਦਰ ਜੀ ਲਾਲ ਕਿਲ੍ਹੇ ਦੀ ਛੱਤ ਤੇ ਖੜ੍ਹ ਕੇ ਦੂਰ ਨਜ਼ਰ ਮਾਰ ਕੇ ਵੇਖਦੇ ਸਨ ਕਿ ਮੇਰੇ ਟੋਪੀ ਵਾਲੇ ਸਿੱਖ ਆ ਕੇ ਮੁਗ਼ਲੀਆ ਸਲਤਨਤ ਦਾ ਖ਼ਾਤਮਾ ਕਰਨਗੇ। ਕਿਉਂਕਿ ਜਿਹੜਾ ਰਾਜਾ ਗਿਆਨੀ ਗਿਆਨ ਸਿੰਘ ਤੋਂ ਸਵੇਰੇ ਉਠ ਕੇ ਹਰ ਰੋਜ਼ ‘ਛੇ ਅਸ਼ਟਪਦੀਆਂ’ ਸੁਖਮਨੀ ਬਾਣੀ ਦਾ ਪਾਠ ਸੁਣਨ ਦਾ ਆਦੀ ਹੋਵੇ ਉਹ ਜ਼ਰੂਰ ਸ਼ਾਮ ਨੂੰ ਜਲਦੀ ਸੋਂਵੇਗਾ। ਬਾਬਾ ਪ੍ਰੇਮ ਸਿੰਘ ਹੋਤੀ ਅਪਣੀ ਕਿਤਾਬ ਵਿਚ ਲਿਖਦੇ ਹਨ ਕਿ ਦਰਬਾਰੀਆਂ ਨੇ ਕਈ ਵਾਰੀ ਰਾਜੇ ਨੂੰ ਅਪਣੇ ਮਹਿਲਾਂ ਵਿਚ ਅੰਮ੍ਰਿਤਸਰ ਵੱਲ ਮੂੰਹ ਕਰ ਕੇ ਧਰਤੀ ’ਤੇ ਬੈਠਿਆਂ, ਜਿੱਥੇ ਘਾਹ ਲਗਾਇਆ ਹੋਇਆ ਸੀ, ਰੋ-ਰੋ ਕੇ ਅਰਦਾਸਾਂ ਕਰਦਿਆਂ ਵੇਖਿਆ ਸੀ, ‘‘ਧੰਨ ਗੁਰੂ ਰਾਮਦਾਸ ਜੀ ਅਪਣੇ ਸੇਵਕ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਿਤੇ ਮੇਰੇ ਕੋਲੋਂ ਕੋਈ ਗ਼ਲਤੀ ਨਾ ਹੋ ਜਾਵੇ’’।

ਅਜਿਹੇ ਰਾਜੇ ਦੇ ਰਾਜ-ਮਹਿਲਾਂ ਵਿਚ ਗੁਲੂ ਮਾਸ਼ਕੀ ਦੀ ਹਿੰਮਤ ਹੋ ਸਕਦੀ ਹੈ ਕਿ ਉਹ ਕਿਸੇ ਰਾਣੀ ਨਾਲ ਸਬੰਧ ਪੈਦਾ ਕਰ ਸਕੇ? ਬਲਦੇਵ ਸਿੰਘ ਸੜਕਨਾਮਾ ਵਾਲੇ ਨੇ ਅਪਣੀ ਕਿਤਾਬ, ‘‘ਸੂਰਜ ਦੀ ਅੱਖ’’ ਵਿਚ ਜੋ ਕੜ੍ਹੀ ਘੋਲੀ ਹੈ, ਉਹ ਕਾਬਲੇ ਬਰਦਾਸ਼ਤ ਨਹੀਂ।  ਬਲਦੇਵ ਸਿੰਘ ਲਿਖਦਾ ਹੈ - ‘‘ਸਿੱਖਾਂ ਦੇ ਮੂੰਹ ਨੂੰ ਰਾਜ ਕਰਨ ਦਾ ਲਹੂ ਲੱਗ ਚੁਕਿਆ ਸੀ। ਰਾਜੇ ਦਾ ਇਕ ਲੜਕਾ ਗੁਲੂ ਮਾਸ਼ਕੀ ਦਾ ਸੀ। ਰਾਜੇ ਰਣਜੀਤ ਸਿੰਘ ਨੇ ਇਕੱਲੀ ਮੋਰਾਂ ਨਾਚੀ ਨਾਲ ਹੀ ਨਿਕਾਹ ਨਹੀਂ ਕਰਵਾਇਆ ਸਗੋਂ ਚਾਰ ਪੰਜ ਹੋਰ ਮੁਸਲਮਾਨੀਆਂ ਨਾਲ ਵੀ ਨਿਕਾਹ ਕਰਾਏ ਸਨ।’’ ਇਸ ਬਲਦੇਵ ਸਿੰਘ ਨੂੰ ਰਾਜੇ ਦਾ ਇਕ ਵੀ ਚੰਗਾ ਕੰਮ ਨਹੀਂ ਦਿਸਿਆ। ਜੇਕਰ ਇਸ ਨੂੰ ਰਾਜਾ ਦਿਸਿਆ ਤਾਂ ਅਯਾਸ਼ੀ ਕਰਦਾ ਹੀ ਦਿਸਿਆ। ਇਸ ਨੂੰ ਰਾਜੇ ਦੇ ਖ਼ਾਲਸਾ ਰਾਜ ਦਾ ਸੁਪਰ ਪਾਵਰ ਹੋਣਾ ਨਹੀਂ ਦਿਸਿਆ। ਉਸ ਵੇਲੇ ਅਮਰੀਕੀ ਡਾਲਰ 1.75  (ਪੌਣੇ ਦੋ ਡਾਲਰ) ਦੇ ਬਰਾਬਰ ਇਕ ਰੁਪਈਏ ਦਾ ਹੋਣਾ ਨਹੀਂ ਦਿਸਿਆ। ਘੁੱਗ ਵਸਦਾ ਪੰਜਾਬ ਨਹੀਂ ਦਿਸਿਆ ਪਰ ਕੁੱਝ ਅੰਗਰੇਜ਼ਾਂ ਦੀਆਂ ਕਿਤਾਬਾਂ ਵਿਚੋਂ ਰੈਫ਼ਰੈਂਸ ਲੈ ਕੇ ਇਸ ਨੇ ਰਾਜੇ ਰਣਜੀਤ ਸਿੰਘ ਦੀ ਦੂਜੀ ਅੱਖ ’ਤੇ ਵੀ ਮਿੱਟੀ ਮਲ ਦਿਤੀ ਜੋ ਬਹੁਤ ਹੀ ਨਿੰਦਣ ਯੋਗ ਹੈ।

ਜਿਹੜੇ ਅੰਗਰੇਜ਼ਾਂ ਨੇ ਖ਼ਾਲਸਾ ਰਾਜ ਨੂੰ ਹੱਥਿਆਉਣ ਲਈ ਡੋਗਰੇ ਖ਼ਰੀਦੇ, ਹੋਰ ਚੋਰ ਮੋਰੀਆਂ ਪੈਦਾ ਕੀਤੀਆਂ ਅਤੇ ਡਰ ਦੇ ਮਾਰੇ ਮਹਾਰਾਜੇ ਦੀ ਮੌਤ ਦੀ ਉਡੀਕ ਕਰਨ ਲੱਗੇ, ਅੱਜ ਉਨ੍ਹਾਂ ਹੀ ਅੰਗਰੇਜ਼ਾਂ ਦੇ ਬੀ.ਬੀ.ਸੀ. ਦੇ ਸਰਵੇ ਦੀ ਰੀਪੋਰਟ ਵਿਚ ਮਹਾਰਾਜੇ ਰਣਜੀਤ ਸਿੰਘ ਨੂੰ 19ਵੀਂ ਸਦੀ ਦਾ ਸਰਬੋਤਮ ਰਾਜਾ ਐਲਾਨਿਆ ਗਿਆ ਹੈ। ਤੁਹਾਡੀ ਕਿਤਾਬ ਠੀਕ ਹੈ ਜਾਂ ਬੀ.ਬੀ.ਸੀ? ਭਾਵੇਂ ਉਹ ਅੱਖਰੀ ਗਿਆਨ ਤੋਂ ਕੋਰਾ ਸੀ ਪਰ ਫਿਰ ਵੀ ਉਹ ਬਹੁਤ ਹੀ ਸਿਆਣਾ ਤੇ ਸਮਝਦਾਰ ਰਾਜਾ ਸੀ। ਗਿਆਨ ਸਿਰਫ਼ ਅੱਖਰਾਂ ਰਾਹੀਂ ਹੀ ਨਹੀਂ ਪ੍ਰਾਪਤ ਕੀਤਾ ਜਾਂਦਾ ਸਗੋਂ ਕੰਨਾਂ ਨਾਲ ਸੁਣ ਕੇ ਵੀ ਪ੍ਰਾਪਤ ਕੀਤਾ ਜਾਂਦਾ ਹੈ। ਬਾਦਸ਼ਾਹ ਅਕਬਰ ਵੀ ਇਸੇ ਨਸਲ ਦਾ ਰਾਜਾ ਸੀ। ਉਹ ਵੀ ਗਿਆਨ-ਗੋਸ਼ਟੀਆਂ ਕਰਵਾਉਂਦਾ, ਸੁਣਦਾ ਤੇ ਗਿਆਨ ਪ੍ਰਾਪਤ ਕਰਦਾ ਸੀ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement