
ਕਦੇ ਸਮਾਂ ਸੀ ਜਦੋਂ ਛੱਪੜ ਤੋਂ ਬਿਨਾਂ ਪਿੰਡਾਂ ਦੀ ਹੋਂਦ ਅਧੂਰੀ ਸੀ। ਉਨ੍ਹਾਂ ਸਮਿਆਂ ਵਿਚ ਛੱਪੜਾਂ ਦਾ ਪਾਣੀ ਝੀਲਾਂ ਵਾਂਗ ਸਾਫ਼ ਹੁੰਦਾ ਸੀ।
ਕਦੇ ਸਮਾਂ ਸੀ ਜਦੋਂ ਛੱਪੜ ਤੋਂ ਬਿਨਾਂ ਪਿੰਡਾਂ ਦੀ ਹੋਂਦ ਅਧੂਰੀ ਸੀ। ਉਨ੍ਹਾਂ ਸਮਿਆਂ ਵਿਚ ਛੱਪੜਾਂ ਦਾ ਪਾਣੀ ਝੀਲਾਂ ਵਾਂਗ ਸਾਫ਼ ਹੁੰਦਾ ਸੀ। ਸਾਉਣ ਮਹੀਨੇ ਬਰਸਾਤ ਦੀ ਰੁੱਤ ਵਿਚ ਛੱਪੜ ਨੱਕੋ-ਨੱਕ ਭਰ ਜਾਂਦੇ ਸਨ ਅਤੇ ਫਿਰ ਇਹ ਪਾਣੀ ਸਾਰਾ ਸਾਲ, ਪੂਰਾ ਪਿੰਡ ਵਰਤਿਆ ਕਰਦਾ ਸੀ। ਜਦੋਂ ਹਾਲੇ ਨਲਕੇ ਪਿੰਡਾਂ ਵਿਚ ਨਹੀਂ ਲੱਗੇ ਸਨ ਤਾਂ ਉਦੋਂ ਖੂਹਾਂ ਦਾ ਪਾਣੀ ਪੀਣ ਅਤੇ ਖਾਣਾ ਬਣਾਉਣ ਲਈ ਹੀ ਵਰਤਿਆ ਜਾਂਦਾ ਸੀ। ਬਾਕੀ ਸਾਰੇ ਕੰਮ ਛੱਪੜਾਂ ਦੇ ਪਾਣੀ ਨਾਲ ਹੀ ਕੀਤੇ ਜਾਂਦੇ ਸਨ ਜਿਵੇਂ ਨਹਾਉਣ ਲਈ, ਕਪੜੇ ਧੋਣ ਲਈ, ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਆਦਿ। ਘਰਾਂ ਵਿਚ ਨਲਕੇ ਲੱਗਣ ਤੋਂ ਬਾਅਦ ਸਿਰਫ਼ ਪਸ਼ੂਆਂ ਨੂੰ ਪਾਣੀ ਪਿਲਾਉਣ ਅਤੇ ਨਹਾਉਣ ਲਈ ਹੀ ਛਪੜਾਂ ਦਾ ਪਾਣੀ ਵਰਤਿਆ ਜਾਣ ਲੱਗਾ। ਉਦੋਂ ਛੱਪੜ ਬਹੁਤ ਵੱਡੇ ਹੁੰਦੇ ਸਨ ਅਤੇ ਬਾਰਸ਼ ਵੀ ਬਹੁਤ ਹੁੰਦੀ ਸੀ। ਇਸ ਕਰ ਕੇ ਲੰਮਾ ਸਮਾਂ ਪਾਣੀ ਧਰਤੀ ਵਿਚ ਰਿਸਦਾ ਰਹਿੰਦਾ ਸੀ। ਟਿਊਬਵੈੱਲ ਨਹੀਂ ਹੁੰਦੇ ਸਨ। ਉਦੋਂ ਫ਼ਸਲਾਂ ਵੀ ਘੱਟ ਪਾਣੀ ਲੈਣ ਵਾਲੀਆਂ ਹੀ ਬੀਜੀਆਂ ਜਾਂਦੀਆਂ ਸਨ। ਇਸ ਕਰ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਰਹਿੰਦਾ ਸੀ। ਪੰਜਾਬ ਵਿਚ ਝੋਨੇ ਦੀ ਖੇਤੀ ਸ਼ੁਰੂ ਹੋਣ ਤੋਂ ਪਿਛੋਂ ਪਾਣੀ ਦੀ ਲੋੜ ਵੱਧ ਗਈ ਜੋ ਸਿਰਫ਼ ਨਹਿਰੀ ਪਾਣੀ ਰਾਹੀਂ ਪੂਰੀ ਨਹੀਂ ਹੋ ਸਕਦੀ ਸੀ। ਪਾਣੀ ਦੀ ਲੋੜ ਪੂਰੀ ਕਰਨ ਲਈ ਟਿਊਬਵੈੱਲ ਲਗਾਏ ਜਾਣ ਲੱਗੇ। ਰੁੱਖਾਂ ਦੇ ਘਟਣ ਕਰ ਕੇ ਮੀਂਹ ਵੀ ਘੱਟ ਪੈਣ ਲੱਗਾ। ਖੇਤੀ ਲਈ ਪਾਣੀ ਦੀ ਲੋੜ ਪੂਰੀ ਕਰਨ ਲਈ ਟਿਊਬਵੈੱਲਾਂ ਦੀ ਗਿਣਤੀ ਵਧਦੀ ਗਈ। ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਲੱਗਾ। ਇਸ ਕਰ ਕੇ ਧਰਤੀ ਹੇਠਲਾ ਪਾਣੀ ਨਲਕਿਆਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਅਤੇ ਘਰਾਂ ਵਿਚ ਵੀ ਮੋਟਰਾਂ ਲੱਗਣ ਲੱਗੀਆਂ। ਘਰਾਂ ਵਿਚ ਲੱਗੀਆਂ ਮੋਟਰਾਂ ਨੇ ਛੱਪੜਾਂ ਦੀ ਹੋਂਦ ਨੂੰ ਢਾਹ ਲਾਈ ਕਿਉਂਕਿ ਹਰ ਕੰਮ ਲਈ ਮੋਟਰ ਦਾ ਪਾਣੀ ਹੀ ਵਰਤਿਆ ਜਾਣ ਲੱਗਾ। ਜਿਵੇਂ ਡੰਗਰਾਂ ਨੂੰ ਨਹਾਉਣ ਲਈ, ਹਰ ਤਰ੍ਹਾਂ ਦੀ ਮਸ਼ੀਨਰੀ ਧੋਣ ਲਈ, ਫ਼ਰਸ਼ ਧੋਣ ਲਈ, ਉਸਾਰੀ ਦੇ ਕੰਮਾਂ ਆਦਿ ਲਈ। ਜਦੋਂ ਛੱਪੜਾਂ ਵਿਚ ਪਾਣੀ ਨਾਂਮਾਤਰ ਰਹਿ ਗਿਆ ਜਾਂ ਸਿਰਫ਼ ਗੰਦਾ ਪਾਣੀ ਹੀ ਰਹਿ ਗਿਆ ਤਾਂ ਲੋਕਾਂ ਨੇ ਛੱਪੜਾਂ ਵਿਚ ਮਿੱਟੀ ਪਾ ਕੇ ਨਾਜਾਇਜ਼ ਕਬਜ਼ੇ ਕਰਨੇ ਸ਼ੁਰੂ ਕਰ ਦਿਤੇ। ਇਸ ਤਰ੍ਹਾਂ ਵੱਡੇ ਛੱਪੜ ਟੋਭੇ ਬਣ ਕੇ ਰਹਿ ਗਏ ਅਤੇ ਕਈ ਪਿੰਡਾਂ ਵਿਚ ਤਾਂ ਛਪੜਾਂ ਦੀ ਹੋਂਦ ਹੀ ਖ਼ਤਮ ਹੋ ਗਈ।
ਅੱਜ ਜਦੋਂ ਵੱਡੇ ਪੱਧਰ ਤੇ ਪਾਣੀ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਅਤੇ ਮਨੁੱਖ ਵਲੋਂ ਪਾਣੀ ਦੀ ਲੋੜ ਪੂਰੀ ਕਰਨ ਲਈ ਖਿੱਚੋਤਾਣ (ਲੜਾਈ) ਸ਼ੁਰੂ ਹੋ ਗਈ ਹੈ ਤਾਂ ਅਜਿਹੇ ਸਮੇਂ ਛੱਪੜਾਂ ਦੀ ਘਾਟ ਮਹਿਸੂਸ ਹੋਣ ਲੱਗ ਪਈ ਹੈ ਕਿਉਂਕਿ ਜੇ ਪਹਿਲਾਂ ਵਾਂਗ ਵੱਡੇ ਛੱਪੜ ਹੋਣ ਤਾਂ ਮੀਂਹ ਦਾ ਪਾਣੀ ਜ਼ਿਆਦਾ ਜਮ੍ਹਾਂ ਕੀਤਾ ਜਾ ਸਕਦਾ ਹੈ। ਛੱਪੜ ਜਿੰਨੇ ਵੱਡੇ ਹੋਣਗੇ ਓਨਾ ਹੀ ਜ਼ਿਆਦਾ ਪਾਣੀ ਧਰਤੀ ਵਿਚ ਸਮਾਏਗਾ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਪਰ ਆ ਜਾਵੇਗਾ। ਹੁਣ ਤਾਂ ਖੇਤਾਂ ਵਿਚ ਵੀ ਮੀਂਹ ਦਾ ਪਾਣੀ ਜਮ੍ਹਾਂ ਕਰਨਾ ਪਵੇਗਾ ਜਿਸ ਨੂੰ ਬਾਅਦ ਵਿਚ ਸੰਜਮ ਨਾਲ ਵਰਤਿਆ ਜਾ ਸਕਦਾ ਹੈ। ਜੇਕਰ ਛਪੜਾਂ ਵਿਚ ਗੰਦਾ ਪਾਣੀ ਨਾ ਪੈਣ ਦਿਤਾ ਜਾਵੇ ਜਾਂ ਗੰਦੇ ਪਾਣੀ ਨੂੰ ਸਾਫ਼ ਕਰ ਕੇ ਛਪੜਾਂ ਵਿਚ ਪਾਇਆ ਜਾਵੇ ਤਾਂ ਛਪੜਾਂ ਵਿਚੋਂ ਵੀ ਚੋਖੀ ਆਮਦਨ ਲਈ ਜਾ ਸਕਦੀ ਹੈ। ਉਦਾਹਰਣ ਵਜੋਂ ਸਾਫ਼ ਪਾਣੀ ਵਿਚ ਮੱਛੀ ਪਾਲੀ ਜਾ ਸਕਦੀ ਹੈ, ਛਪੜਾਂ ਦੇ ਕਿਨਾਰਿਆਂ ਉਤੇ ਬਾਂਸ ਲਾਏ ਜਾ ਸਕਦੇ ਹਨ, ਛਪੜਾਂ ਵਿਚ ਪਾਣੀ ਦੀਆਂ ਖੇਡਾਂ ਕਰਵਾਈਆਂ ਜਾ ਸਕਦੀਆਂ ਹਨ ਅਤੇ ਬੋਟਿੰਗ ਦਾ ਆਨੰਦ ਲਿਆ ਜਾ ਸਕਦਾ ਹੈ। ਸੋ ਲੋੜ ਹੈ ਇਸ ਪਾਸੇ ਉਚੇਚੇ ਧਿਆਨ ਦੇਣ ਦੀ ਨਹੀਂ ਤਾਂ ਪਾਣੀ ਤੋਂ ਬਿਨਾਂ ਧਰਤੀ ਉਤੇ ਜੀਵਨ ਸੰਭਵ ਨਹੀਂ ਹੈ।