
ਗੁਰਦਵਾਰਾ ਨਨਕਾਣਾ ਸਾਹਿਬ ਦਾ ਜੰਡ ਭਾਰਤ ਤੋਂ ਆਏ ਹਰ ਯਾਤਰੂ ਨੂੰ ਚੰਗੀ ਤਰ੍ਹਾਂ ਨਿਹਾਰ ਕੇ ਇਹ ਪੁਛਦਾ ਹੈ ਕਿ ਮੈਂ 150 ਸਿੰਘਾਂ ਦੀ ਸ਼ਹੀਦੀ ਦਾਸਤਾਂ ਸਾਂਭੀ ਬੈਠਾ ਹਾਂ।
ਗੁਰਦਵਾਰਾ ਨਨਕਾਣਾ ਸਾਹਿਬ ਦਾ ਜੰਡ ਭਾਰਤ ਤੋਂ ਆਏ ਹਰ ਯਾਤਰੂ ਨੂੰ ਚੰਗੀ ਤਰ੍ਹਾਂ ਨਿਹਾਰ ਕੇ ਇਹ ਪੁਛਦਾ ਹੈ ਕਿ ਮੈਂ 150 ਸਿੰਘਾਂ ਦੀ ਸ਼ਹੀਦੀ ਦਾਸਤਾਂ ਸਾਂਭੀ ਬੈਠਾ ਹਾਂ। ਹੁਣ ਦੱਸੋਗੇ ਕਿ ਤੁਸੀਂ ਮਹੰਤਾਂ ਨੂੰ ਤਾਂ ਗੁਰਦੁਆਰਿਉਂ ਬਾਹਰ ਕੱਢ ਦਿਤਾ ਪਰ ਆਹ! ਅਕਾਲੀ ਦਲ ਬਾਦਲ ਜੋ ਪੰਜਾਬੀ ਪਾਰਟੀ ਬਣ ਚੁਕਿਆ ਹੈ, ਕੀ ਉਸ ਨੇ ਮਹੰਤਾਂ ਵਾਂਗ ਸਿੱਖ ਸਿਧਾਂਤ ਨੂੰ ਭਗਵੇਂ ਵਿਚ ਨਹੀਂ ਰੰਗਿਆ?
Nankana sahib
ਸਿੱਖ ਕੌਮ ਵਿਚੋਂ ਅਣਖ ਦੀ ਰੂਹ ਮਾਰਨ ਵਾਲੇ ਅਕਾਲੀਏ ਆਪ ਭਗਵੇਂ ਦਾ ਸ਼ਿਕਾਰ ਨਹੀਂ ਹੋ ਚੁੱਕੇ?--ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰ ਕੇ ਜਿੱਥੇ ਜੰਡ ਭੁੱਬਾਂ ਮਾਰਦਾ ਮਹਿਸੂਸ ਹੁੰਦਾ ਹੈ, ਉਥੇ ਹਰ ਸਿੱਖ ਚਿੰਤਕ ਦੀਆਂ ਵੀ ਭੁੱਬਾਂ ਨਿਕਲਦੀਆਂ ਹਨ। ਸਿੱਖ ਰਾਜਨੀਤਕਾਂ ਦੀਆਂ ਆਪ ਹੁਦਰੀਆਂ ਤੇ ਧਾਰਮਕ ਆਗੂਆਂ ਦੀ ਬੇਬਸੀ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਨੇ ਕੌਮ ਵਿਚੋਂ ਅਣਖ ਵਾਲੀ ਰੂਹ ਹੀ ਖ਼ਤਮ ਕਰ ਦਿਤੀ ਹੈ। ਇਹ ਸਾਰੇ ਭਗਵੇਂ ਦੀ ਹਨੇਰੀ ਅੱਗੇ-ਅੱਗੇ ਭੱਜੇ ਜਾ ਰਹੇ ਹਨ।
ਨਨਕਾਣਾ ਸਾਹਿਬ, ਪਾਕਿਸਤਾਨ ਦੇ ਸੂਬਾ ਪੰਜਾਬ ਦਾ ਇਕ ਸ਼ਹਿਰ ਹੈ। ਇਥੇ ਬਾਬਾ ਨਾਨਕ ਸਾਹਿਬ ਦਾ ਆਗ਼ਮਨ ਹੋਇਆ ਹੈ। ਇਸ ਸ਼ਹਿਰ ਦਾ ਨਾਂ ਬਾਬਾ ਨਾਨਕ ਸਾਹਿਬ ਜੀ ਦੇ ਨਾਂ ਉਤੇ ਰਖਿਆ ਗਿਆ ਹੈ। ਇਸ਼ ਸ਼ਹਿਰ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਿਹਾ ਜਾਂਦਾ ਸੀ। ਇਹ ਸ਼ਹਿਰ ਲਾਹੌਰ ਤੋਂ 80 ਕਿਲੋ ਮੀਟਰ ਤੇ ਫ਼ੈਸਲਾਬਾਦ ਤੋਂ 75 ਕਿਲੋਮੀਟਰ ਦੂਰੀ ਉਤੇ ਹੈ। ਮਹਾਨ ਕੋਸ਼ ਅਨੁਸਾਰ ਇਸ ਗੁਰਧਾਮ ਨਾਲ 18 ਹਜ਼ਾਰ ਏਕੜ ਜ਼ਮੀਨ ਤੇ 9892 ਰੁਪਏ ਇਸ ਦੀ ਜਗੀਰ ਹੈ।
Nankana Sahib
ਸਿੱਖ ਧਰਮ ਵਿਚ, ਸਿੱਖ ਜੀਵਨ ਦੇ ਸਰਬਾਂਗੀ ਕਾਰ ਵਿਹਾਰ ਦਾ ਕੇਂਦਰੀ ਅਸਥਾਨ ਗੁਰਦਵਾਰਾ ਹੈ। ਬੁਨਿਆਦੀ ਤੌਰ ਉਤੇ ਗੁਰਦਵਾਰਾ ਜੀਵਨ ਜਾਚ ਲਈ ਸਿਧਾਂਤਿਕ ਤੇ ਵਿਹਾਰਕ ਰੂਪ ਵਿਚ ਸੋਝੀ ਪ੍ਰਾਪਤ ਕਰਨ ਦਾ ਅਸਥਾਨ ਹੈ। ਸਿੱਖ ਧਰਮ ਵਿਚ ਸਦੀਆਂ ਤੋਂ ਗੁਰਦਵਾਰਾ ਸੰਸਥਾ ਦਾ ਵਿਕਾਸ ਇਕ ਨਿਸ਼ਚਤ ਕਰਮ ਰਿਹਾ ਹੈ, ਜੋ ਬਾਬਾ ਨਾਨਕ ਸਾਹਬ ਦੇ ਕਾਲ ਤੋਂ ਧਰਮਸਾਲ ਦੇ ਰੂਪ ਵਿਚ ਵਿਕਸਤ ਹੋਇਆ। ਸਿੱਖ ਪ੍ਰੰਪਰਾ ਵਿਚ ਗੁਰ ਇਤਿਹਾਸ ਨਾਲ ਸਬੰਧਤ ਗੁਰਦਵਾਰਾ ਸਾਹਿਬਾਨ ਤੋਂ ਇਲਾਵਾ ਸਿੱਖ ਸੰਗਤ ਨੇ ਆਪੋ ਅਪਣੀ ਧਾਰਮਕ ਲੋੜ ਪੂਰਤੀ ਲਈ ਸਮੁੱਚੇ ਵਿਸ਼ਵ ਵਿਚ ਗੁਰਦਵਾਰਾ ਸਾਹਿਬਾਨ ਦੀ ਸਥਾਪਨਾ ਕੀਤੀ।
Gurudwara Sahib
ਗੁਰਦਵਾਰੇ ਦਾ ਮਹੱਤਵ : ਮਹਾਨਕੋਸ਼ ਵਿਚ ਗੁਰਦਵਾਰਾ ਗੁਰੂ ਦਾ ਮਾਰਫ਼ਤ, ਗੁਰੂ ਦੇ ਜ਼ਰੀਏ, ਸਿੱਖਾਂ ਦਾ ਉਹ ਅਸਥਾਨ ਹੈ ਜਿਸ ਨੂੰ ਦਸ ਗੁਰੂਆਂ ਵਿਚੋਂ ਕਿਸੇ ਨੇ ਧਰਮ ਪ੍ਰਚਾਰ ਲਈ ਬਣਾਇਆ ਅਥਵਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਬਾਬਾ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਜੀ ਤਕ ਇਸ ਅਸਥਾਨ ਨੂੰ ਧਰਮਸਾਲ ਕਿਹਾ ਜਾਂਦਾ ਰਿਹਾ ਹੈ। ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸਾਲ ਤੋਂ ਗੁਰਦਵਾਰਾ ਦੀ ਸੰਗਿਆ ਹੋਈ।
Guru Granth Sahib Ji
ਸਿੱਖਾਂ ਦਾ ਗੁਰਦਵਾਰਾ ਵਿਦਿਆਰਥੀਆਂ ਲਈ ਸਕੂਲ ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਅਚਾਰੀਆ, ਰੋਗੀਆਂ ਲਈ ਸ਼ਫ਼ਾਰਤਖ਼ਾਨਾ, ਭੁੱਖਿਆ ਲਈ ਅੰਨ ਪੂਰਨਾ, ਇਸਤਰੀ ਜਾਤੀ ਦੀ ਪਤ ਰੱਖਣ ਲਈ ਲੋਹਮਈ ਕਿਲ੍ਹਾ ਤੇ ਮੁਸਾਫ਼ਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ। ਸਤਿਗੁਰਾਂ ਦੇ ਵੇਲੇ ਤੇ ਬੁੱਢੇ ਦਲ ਦੇ ਸਮੇਂ ਗੁਰਦਵਾਰਿਆਂ ਦਾ ਖ਼ਾਸ ਖ਼ਿਆਲ ਰਖਿਆ ਜਾਂਦਾ ਸੀ। ਗੁਰਦਵਾਰੀਆ ਉਹ ਹੋਇਆ ਕਰਦਾ ਸੀ, ਜੋ ਵਿਦਵਾਨ ਗੁਰਮਤਿ ਵਿਚ ਪੱਕਾ ਤੇ ਉੱਚੇ ਅਚਾਰ ਵਾਲਾ ਹੁੰਦਾ।
Maharaja Ranjit Singh
ਜ਼ਮਾਨੇ ਦੀ ਗ਼ਰਦਿਸ਼ ਨੇ ਮਹਾਂਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿਚ ਮੁੱਖ ਗੁਰਦਵਾਰਿਆਂ ਦਾ ਪ੍ਰਬੰਧ ਸਾਰਾ ਉਲਟ-ਪੁਲਟ ਕਰ ਦਿਤਾ ਜਿਸ ਦਾ ਅਸਰ ਦੇਸ਼ ਦੇ ਗੁਰਦਵਾਰਿਆਂ ਤੇ ਵੀ ਹੌਲੀ-ਹੌਲੀ ਹੋਇਆ। ਕੌਮ ਵਿਚੋਂ ਜਿਉਂ-ਜਿਉਂ ਗੁਰਮਤ ਦਾ ਪ੍ਰਚਾਰ ਅਲੋਪ ਹੁੰਦਾ ਗਿਆ, ਤਿਉਂ ਤਿਉਂ ਗੁਰਦਵਾਰਿਆਂ ਦੀ ਮਰਯਾਦਾ ਵਿਗੜਦੀ ਗਈ, ਇਥੋਂ ਤਕ ਦੁਰਦਸ਼ਾ ਹੋਈ ਕਿ ਸਿੱਖ ਗੁਰਦਵਾਰੇ ਕੇਵਲ ਕਹਿਣ ਨੂੰ ਹੀ ਗੁਰਧਾਮ ਰਹਿ ਗਏ।
ਧਾਰਮਕ ਅਸਥਾਨਾਂ ਦਾ ਵਿਗਾੜ ਵੇਖ ਕੇ ਸੁਧਾਰ ਵਲ ਨੂੰ: ਭਾਈ ਕਾਹਨ ਸਿੰਘ ਨਾਭਾ ਅੱਗੇ ਲਿਖਦੇ ਹਨ ਕਿ ਗੁਰਦਵਾਰਿਆਂ ਦੇ ਸੇਵਕਾਂ ਨੇ ਗੁਰਦਵਾਰਿਆਂ ਦੀ ਜਾਇਦਾਦ ਨੂੰ ਅਪਣੀ ਨਿਜੀ ਜਾਇਦਾਦ ਬਣਾ ਲਿਆ। ਪਵਿੱਤ੍ਰ ਅਸਥਾਨਾਂ ਵਿਚ ਅਪਵਿੱਤਰ ਕੰਮ ਹੋਣ ਲੱਗੇ ਜਿਨ੍ਹਾਂ ਦਾ ਜ਼ਿਕਰ ਕਰੀਆਂ ਲੱਜਿਆ ਆਉਂਦੀ ਹੈ। ਸਮੇਂ ਦੇ ਗੇੜ ਨਾਲ ਜਦ ਹਿੰਦੁਸਤਾਨ ਦੇ ਅਨੇਕ ਲੋਕਾਂ ਨੇ ਅਪਣੇ ਅਪਣੇ ਸਮਾਜ ਤੇ ਧਰਮ ਸੁਧਾਰ ਲਈ ਜਥੇ ਬਣਾਏ ਤਾਂ ਸਿੱਖਾਂ ਨੂੰ ਵੀ ਹੋਸ਼ ਆਈ, ਉਨ੍ਹਾਂ ਨੇ ਸਿੰਘ ਸਭਾਵਾਂ ਅਤੇ ਖ਼ਾਲਸਾ ਦੀਵਾਨ ਬਣਾ ਕੇ ਧਰਮ ਤੇ ਸਮਾਜ ਦਾ ਸੁਧਾਰ ਕਰਨਾ ਆਰੰਭਿਆ। ਖ਼ਾਲਸਾ ਅਖ਼ਬਾਰ, ਖ਼ਾਲਸਾ ਸਮਾਚਾਰ, ਆਦਿ ਅਖ਼ਬਾਰ ਤੇ ਖ਼ਾਲਸਾ ਟਰੈਕਟ ਸੁਸਾਇਟੀ ਦਵਾਰ ਉਤਮ ਲੇਖ ਨਿਕਲਣ ਲੱਗੇ ਜਿਸ ਤੋਂ ਕੌਮ ਜਾਗਰਤ ਅਵਸਥਾ ਵਿਚ ਆਈ।
SGPC
ਇਸ ਸਮੇਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਕੰਮ ਨਿਭਾਈ ਜਾਂਦੀ ਹੈ। ਇਹ ਵੀ ਇਸੇ ਯਤਨ ਦਾ ਫੱਲ ਹੈ। ਜਿਉਂ-ਜਿਉਂ ਲੋਕਾਂ ਨੂੰ ਗੁਰਮਤਿ ਦਾ ਗਿਆਨ ਹੁੰਦਾ ਗਿਆ ਤਿਉਂ-ਤਿਉਂ ਉਨ੍ਹਾਂ ਨੇ ਅਪਣੇ ਧਰਮ ਮੰਦਰਾਂ ਦੀ ਹਾਲਤ ਵਿਗੜੀ ਹੋਈ ਨਜ਼ਰ ਆਉਣ ਲੱਗੀ। ਜਿੰਨੇ ਇਤਿਹਾਸਕ ਗੁਰਦਵਾਰੇ ਸਨ ਇਨ੍ਹਾਂ ਦੀ ਆਮਦਨ ਬਹੁਤ ਜ਼ਿਆਦਾ ਹੁੰਦੀ ਸੀ, ਜਿਹੜੀ ਧਰਮ ਕਾਰਜਾਂ ਵਲੋਂ ਹੱਟ ਕੇ ਮਹੰਤ ਅਪਣੀ ਆਯਾਸ਼ੀ ਲਈ ਵਰਤਦੇ ਸਨ, ਮਹੰਤ ਅਪਣੀਆਂ ਮਨਆਈਆਂ ਕਰਦੇ ਸਨ। ਇਨ੍ਹਾਂ ਸਾਰੇ ਗੁਰਦਵਾਰਿਆਂ ਵਿਚੋਂ ਗੁਰਦਵਾਰਾ ਨਨਕਾਣਾ ਸਾਹਿਬ ਦਾ ਮਹੰਤ ਸੱਭ ਤੋਂ ਵੱਧ ਬਦ-ਇਖ਼ਲਾਕ ਸੀ। ਚਿੰਤਕ ਸਿੱਖਾਂ ਦੇ ਮਨਾਂ ਨੇ ਖ਼ਿਆਲ ਕੀਤਾ ਕਿ ਕਿਉਂ ਨਾ ਗੁਰਦਵਾਰੇ ਇਨ੍ਹਾਂ ਮਹੰਤਾਂ ਕੋਲੋਂ ਆਜ਼ਾਦ ਕਰਵਾ ਕੇ ਕੌਮ ਦੀ ਬਿਹਤਰੀ ਲਈ ਵਰਤੇ ਜਾਣ।
SGPC
ਮਹੰਤਾਂ ਦੇ ਕਬਜ਼ੇ : ਨਨਕਾਣਾ ਸਾਹਿਬ ਦਾ ਸਾਕਾ 20 ਫ਼ਰਵਰੀ 1921 ਨੂੰ ਹੋਇਆ ਹੈ, ਇਸ ਦੇ ਮੂਲ ਕੀ ਕਾਰਨ ਸਨ, ਗੁਰਦਵਾਰਾ ਪ੍ਰਬੰਧ ਵਿਚ ਆਏ ਮਹੰਤਾਂ ਦਾ ਪਿਛੋਕੜ ਕੀ ਸੀ, ਇਹ ਸਾਰਾ ਕੁੱਝ ਡੂੰਘੀ ਵਿਚਾਰ ਮੰਗਦਾ ਹੈ।
ਮਹਾਨ ਕੋਸ਼ ਵਿਚ ਮਹੰਤ ਦੇ ਅਖਰੀਂ ਅਰਥ ਹਨ : ਸ੍ਰਿਸ਼ਟ, ਉਤਮ, 2 ਵੱਡਾ ਬਜ਼ੁਰਗ, 3 ਸਾਧੂਆਂ ਦੇ ਡੇਰੇ ਅਖਾੜੇ ਆਦ ਦਾ ਮੁਖੀਆ ਜਿਸ ਤਰ੍ਹਾਂ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਹਨ ਕਿ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਵਿਚ ਡੋਗਰੇ ਅਪਣਾ ਇਕ ਵਖਰਾ ਪ੍ਰਭਾਵ ਰਖਦੇ ਸਨ। ਇਨ੍ਹਾਂ ਡੋਗਰਿਆਂ ਦਾ ਕੁੱਲ ਪ੍ਰੋਹਤ ਪੰਡਤ ਜੱਲਾ ਸੀ ਜਿਹੜਾ ਧਿਆਨ ਸਿੰਘ ਡੋਗਰੇ ਦਾ ਧਾਰਮਕ ਸਲਾਹਕਾਰ ਵੀ ਸੀ।
Maharaja Ranjit Singh
ਅਜਿਹੇ ਦੌਰ ਵਿਚ ਹੀ ਸੁਤੇ ਸਿੱਧ ਮਹੰਤਾਂ ਦਾ ਬੋਲਬਾਲਾ ਸ਼ੁਰੂ ਹੋਇਆ ਹੈ। ਵੇਖਣ ਨੂੰ ਇਹ ਸਾਰੇ ਮਹੰਤ ਗੁਰਦਵਾਰਿਆਂ ਦੀ ਮਰਯਾਦਾ ਨਿਭਾਉਣ ਵਾਲੇ ਦਿਸਦੇ ਸਨ ਪਰ ਹਿੰਦੂ ਮੱਤ ਦਾ ਪ੍ਰਭਾਵ ਪੂਰੀ ਤਰ੍ਹਾਂ ਕਬੂਲੀ ਬੈਠੇ ਸਨ। ਮੈਨੂੰ ਯਾਦ ਹੈ ਅੱਜ ਤੋਂ 60 ਕੁ ਸਾਲ ਪਿੱਛੇ ਚਲੇ ਜਾਈਏ ਤਾਂ ਗੁਰਦਵਾਰਾ ਬਾਬਾ ਬੁੱਢਾ ਸਾਹਿਬ ਤੇਜਾ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਰਾਂਡਿਆਂ ਦੀਆਂ ਕੰਧਾਂ ਉਤੇ ਰਮਾਇਣ ਦੇ ਚਿੱਤਰ ਚਿਤਰੇ ਹੁੰਦੇ ਸਨ। ਜਾਂਦੇ ਅਸੀ ਗੁਰਦਵਾਰੇ ਹੁੰਦੇ ਸੀ ਪਰ ਗੱਲਾਂ ਅਸੀ ਸਾਰੇ ਰਾਮਾਇਣ ਤੇ ਮਹਾਂਭਾਰਤ ਦੀਆਂ ਕਰਦੇ ਹੁੰਦੇ ਸੀ। ਇਸ ਗੱਲ ਨੂੰ ਸਮਝਣ ਲਈ ਭਾਈ ਅਜਮੇਰ ਸਿੰਘ ਦੀ ਪੁਸਤਕ ਦਾ ਹਵਾਲਾ ਹੋਰ ਵੀ ਉਚਿਤ ਰਹੇਗਾ।
Baba Buddha ji
ਦਰਬਾਰ ਸਾਹਿਬ ਵਿਚ ਵੀ ਮੂਰਤੀਆਂ ਸਨ : 1905 ਦੀ ਗੱਲ ਹੈ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੀਆਂ ਪੌੜੀਆਂ ਤੇ ਪ੍ਰਕਰਮਾ ਵਿਚ ਅਨੇਕ ਬ੍ਰਾਹਮਣ ਡਕੌਤ ਤੇ ਭਾਟੜੇ ਵੱਖ-ਵੱਖ ਦੇਵੀਆਂ ਦੀਆਂ ਮੂਰਤੀਆਂ ਲੈ ਕੇ ਬੈਠਦੇ ਸਨ ਤੇ ਹਰ ਯਾਤਰੀ ਪਾਸੋਂ ਕੌਡੀ, ਦਮੜੀ, ਧੇਲਾ ਜਾਂ ਪੈਸਾ ਮੂਰਤੀ ਦੇ ਨਾਂ ਉਤੇ ਹੋਰਨਾਂ ਹਿੰਦੂ ਤੀਰਥਾਂ ਵਾਂਗ ਉਗਰਾਹੁੰਦੇ ਸਨ।
Sri Darbar Sahib
ਇਥੋਂ ਤਕ ਕਿ ਲਾਚੀ ਬੇਰੀ ਦੇ ਸਾਹਮਣੇ ਪ੍ਰਕਰਮਾ ਦੇ ਇਕ ਕਮਰੇ ਵਿਚ ਬਹੁ-ਭੁਜਾਂ ਵਾਲੀ ਇਕ ਹਿੰਦੂ ਦੇਵੀ ਦੀ ਮੂਰਤੀ ਰੱਖੀ ਹੋਈ ਸੀ ਜਿਸ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਨੂੰ ਨੰਗੇ ਪੈਰੀਂ ਬੜੀ ਅਧੀਨਗੀ ਨਾਲ ਖੜੇ ਵਿਖਾਇਆ ਗਿਆ ਸੀ। ਇਹਨੀਂ ਦਿਨੀਂ ਸਿੰਘ ਸਭਾ ਲਹਿਰ ਦੇ ਅਸਰ ਹੇਠ ਇਸ ਸਿੱਖ ਵਿਰੋਧੀ ਰੀਤ ਵਿਰੁਧ ਆਵਾਜ਼ ਉਠਣ ਲੱਗੀ। ਝਗੜਾ ਵਧਦਾ-ਵਧਦਾ ਅੰਗਰੇਜ਼ ਡਿਪਟੀ ਕਮਿਸ਼ਨਰ ਕੋਲ ਪਹੁੰਚ ਗਿਆ। ਡਿਪਟੀ ਕਮਿਸ਼ਨਰ ਨੇ ਇਹ ਮੂਰਤੀਆਂ ਗੁਰਦਵਾਰੇ ਵਿਚੋਂ ਚੁੱਕਣ ਦਾ ਹੁਕਮ ਦੇ ਦਿਤਾ। ਹਿੰਦੂਆਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚੋਂ ਮੂਰਤੀਆਂ ਚੁੱਕਣ ਦਾ ਜ਼ਬਰਦਸਤ ਵਿਰੋਧ ਕੀਤਾ।
ਆਰੀਆ ਸਮਾਜ ਭਾਵੇਂ ਖ਼ੁਦ ਮੂਰਤੀ ਪੂਜਾ ਦਾ ਵਿਰੋਧੀ ਸੀ ਪਰ ਹਰਿਮੰਦਰ ਸਾਹਿਬ ਤੋਂ ਮੂਰਤੀਆਂ ਚੁੱਕਣ ਦੀ ਉਸ ਨੂੰ ਬਹੁਤ ਤਕਲੀਫ਼ ਹੋਈ। ਆਰੀਆ ਸਮਾਜੀਆਂ ਨੇ 13 ਹਜ਼ਾਰ ਦਸਤਖ਼ਤ ਕਰਾ ਕੇ ਸਰਕਾਰ ਨੂੰ ਇਕ ਪਟੀਸ਼ਨ ਭੇਜ ਕੇ ਹਿੰਦੂ ਮੂਰਤੀਆਂ ਮੁੜ ਹਰਿਮੰਦਰ ਸਾਹਿਬ ਵਿਚ ਰੱਖਣ ਦੀ ਫ਼ਰਿਆਦ ਕੀਤੀ ਤੇ ਮਹਾਰਾਜਾ ਨਾਭਾ ਤੋਂ ਵੀ ਇਸ ਕੰਮ ਵਿਚ ਸਹਾਇਤਾ ਮੰਗੀ। (20ਵੀਂ ਸਦੀ ਦੀ ਸਿੱਖ ਰਾਜਨੀਤੀ ਸਫ਼ਾ-44)
Sikh
ਮਹੰਤ ਸਿਧਾਂਤਕ ਤੌਰ ਉਤੇ ਹਿੰਦੂ ਪੁਜਾਰੀ ਹੀ ਸਨ : ਇੰਜ ਕਿਹਾ ਜਾ ਸਕਦਾ ਹੈ ਕਿ ਗੁਰਦਵਾਰਿਆਂ ਉਤੇ ਕਾਬਜ਼ ਹਿੰਦੂ ਸਾਧ ਸਨ, ਜਿਨ੍ਹਾਂ ਦੇ ਨਾਂ ਵੀ ਹਿੰਦੂਆਂ ਵਾਲੇ ਹੀ ਸਨ। ਇਨ੍ਹਾਂ ਵਿਚੋਂ ਕੁੱਝ ਕੁ ਕੇਸਾਧਾਰੀ ਦਸਤਾਰਾਂ ਵਾਲੇ ਸਨ, ਬਾਕੀ ਸੱਭ ਭਗਵੇਂ ਕਪੜੇ ਪਹਿਨੀ ਕੇਸਾਂ ਤੋਂ ਬਿਨਾਂ ਹੀ ਵਿਚਰਦੇ ਸਨ। ਇਨ੍ਹਾਂ ਨੇ ਅਪਣੀ ਸਰਕਾਰੇ ਦਰਬਾਰੇ ਪੂਰੀ ਠੁੱਕ ਬਣਾਈ ਹੋਈ ਸੀ, ਜਨ ਸਾਧਾਰਣ ਬੰਦਾ ਇਨ੍ਹਾਂ ਵਲ ਅੱਖ ਚੁੱਕ ਕੇ ਵੇਖਣ ਦੀ ਹਮਾਕਤ ਨਹੀਂ ਕਰ ਸਕਦਾ ਸੀ।
ਇਹ ਮਹੰਤ ਗੁਰਦਵਾਰਿਆਂ ਦਾ ਪੂਰਾ ਪ੍ਰਬੰਧ ਸੰਭਾਲਦੇ ਸਨ ਪਰ ਗੁਰਦਵਾਰਿਆਂ ਵਿਚ ਸਾਰੀਆਂ ਰਹੁ ਰੀਤੀਆਂ ਗੁਰਬਾਣੀ ਸਿਧਾਂਤ ਦੇ ਉਲਟ ਮੰਦਰਾਂ ਵਾਲੀਆਂ ਹੀ ਨਿਭਾਉਂਦੇ ਸਨ। ਇਕ ਕਿਸਮ ਦੇ ਇਹ ਪੱਕੇ ਤੌਰ ਉਤੇ ਗੁਰਦਵਾਰਿਆਂ ਨੂੰ ਇਹ ਅਪਣੀ ਪੱਕੀ ਜਗੀਰ ਸਮਝ ਕੇ ਬੈਠੇ ਹੋਏ ਸਨ। ਇਨ੍ਹਾਂ ਦੇ ਜੀਵਨ ਵਿਚ ਅਯਾਸ਼ੀ ਪੂਰੀ ਤਰ੍ਹਾਂ ਘਰ ਕਰ ਚੁੱਕੀ ਸੀ। ਗੁਰਬਾਣੀ ਨਾਲ ਇਨ੍ਹਾਂ ਦਾ ਕੋਈ ਵਾਹ-ਵਾਸਤਾ ਨਹੀਂ ਸੀ। ਗੁਰਬਾਣੀ ਦੇ ਸ਼ਬਦਾਂ ਨੂੰ ਗਰੁੜ ਪੁਰਾਣ ਦਾ ਰੰਗ ਚਾੜ੍ਹ ਕੇ ਪੇਸ਼ ਕਰਦੇ ਸਨ।
ਇਤਿਹਾਸ ਵਿਚ ਇਨ੍ਹਾਂ ਨੂੰ ਮਹੰਤ ਕਿਹਾ ਗਿਆ ਹੈ ਜਦ ਕਿ ਅਸਲ ਵਿਚ ਇਹ ਹਿੰਦੂ ਪੁਜਾਰੀ ਹੀ ਸਨ। ਇਨ੍ਹਾਂ ਹਿੰਦੂ ਮਹੰਤਾਂ ਦੀ ਜਿਥੇ ਅੰਗਰੇਜ਼ ਸਰਕਾਰ ਪੁਸ਼ਤ ਪਨਾਹੀ ਕਰਦੀ ਸੀ, ਉਥੇ ਹਿੰਦੂ ਰਾਜਨੀਤਕ ਜਥੇਬੰਦੀਆਂ ਦੀ ਵੀ ਇਨ੍ਹਾਂ ਨੂੰ ਸਰਪਰਸਤੀ ਹਾਸਲ ਸੀ। ਇਨ੍ਹਾਂ ਦੀ ਤਾਕਤ ਅੱਗੇ ਕੋਈ ਉਭਾਸਰ ਕੇ ਗੱਲ ਕਰਨ ਲਈ ਤਿਆਰ ਨਹੀਂ ਹੁੰਦਾ ਸੀ। ਅਪਣੀ ਧੌਂਸ ਜਮਾਉਣ ਲਈ ਗੁੰਡਾ ਅਨਸਰਾਂ ਦੀ ਵਰਤੋਂ ਕਰਦੇ ਸਨ। ਇੰਜ ਕਹਿ ਲਉ ਪੁਜਾਰੀ ਘੱਟ ਤੇ ਬਦਮਾਸ਼ ਵੱਧ ਲਗਦੇ ਸਨ।
Bhai Kahn Singh Nabha
ਨਵੀਂ ਜਾਗਰਤੀ ਲਹਿਰ ਪੈਦਾ ਹੋਣੀ : 1977 ਦੇ ਕਰੀਬ ਸਵਾਮੀ ਦਇਆ ਨੰਦ ਨੇ ਲਾਹੌਰ ਵਿਚ ਆਰੀਆ ਸਮਾਜ ਦੀ ਸ਼ੁਰੂਆਤ ਕੀਤੀ। ਬਾਬਾ ਨਾਨਕ ਸਬੰਧੀ ਕੁਬੋਲ ਬੋਲੇ ਤੇ ਲਿਖੇ ਸਨ। ਗਿਆਨੀ ਦਿੱਤ ਸਿੰਘ ਨੇ ਢੁਕਵਾਂ ਉੱਤਰ ਦੇ ਕੇ ਇਸ ਨੂੰ ਨਿਰੁਤਰ ਕੀਤਾ। ਫਿਰ ਵੀ ਇਸ ਨੇ ਪੰਜਾਬ ਵਿਚ ਅਪਣਾ ਆਧਾਰ ਬਣਾ ਲਿਆ ਸੀ ਤੇ ਇਸ ਨੇ ਕਕਾਰ ਲਾਹੁਣ ਦੀ ਵੀ ਕੋਝੀ ਚਾਲ ਚਲੀ ਸੀ। ਭਾਈ ਕਾਹਨ ਸਿੰਘ ਦੇ ਕਥਨ ਅਨੁਸਾਰ ਗੁਰਦਵਾਰਿਆਂ ਵਿਚ ਟੱਲ ਖੜਕਾਉਣੇ, ਆਰਤੀਆਂ ਕਰਨੀਆਂ ਯਾਨੀ ਕਿ ਸੱਭ ਸਨਾਤਨੀ ਮਤ ਵਾਲੇ ਕਰਮ ਸ਼ੁਰੂ ਕੀਤੇ ਸਨ।
ਭਾਈ ਕਾਹਨ ਸਿੰਘ ਨਾਭਾ ਵਲੋਂ ਉਸ ਸਮੇਂ 1898 ਵਿਚ ਹਮ ਹਿੰਦੂ ਨਹੀਂ ਦੀ ਪੁਸਤਕ ਲਿਖ ਕੇ ਸਿੱਖੀ ਦੇ ਨਿਆਰੇਪਨ ਦੀ ਹੋਂਦ ਨੂੰ ਦੱਸਣ ਦਾ ਪੂਰਾ ਯਤਨ ਕੀਤਾ ਸੀ। 1873 ਈਸਵੀ ਨੂੰ ਸਿੰਘ ਸਭਾ ਲਹਿਰ ਦੀ ਉਤਪਤੀ ਨੇ ਸਿੱਖਾਂ ਵਿਚ ਅਪਣੇ ਧਰਮ, ਨਿਆਰੀ ਕੌਮ ਦੇ ਅਹਿਸਾਸ ਤੇ ਗੁਰਬਾਣੀ ਸਿਧਾਂਤ ਨੂੰ ਸਮਝਾਉਣ ਦਾ ਯਤਨ ਕੀਤਾ। ਸਿੰਘ ਸਭਾ ਦੇ ਸਿਧਾਂਤਕ ਪ੍ਰਚਾਰ ਸਦਕਾ ਬ੍ਰਾਹਮਣ ਪੁਜਾਰੀ ਦੇ ਨਿਰਧਾਰਤ ਕੀਤੇ ਕਰਮ-ਕਾਂਡਾਂ ਦੀ ਹਵਾ ਨਿਕਲਣੀ ਸ਼ੂਰੂ ਹੋ ਗਈ।
ਸੰਪਰਕ : 99155-29725
ਪ੍ਰਿੰ. ਗੁਰਬਚਨ ਸਿੰਘ ਪੰਨਵਾਂ