
। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਗੁਰੂ ਆਸ਼ੇ ਮੁਤਾਬਕ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਚੰਗੇ ਤਨਖ਼ਾਹਦਾਰ ਗ੍ਰੰਥੀਆਂ ਦੀ ਭਾਲ ਕਰਨੀ ਪਵੇਗੀ।
ਸਿੱਖਾਂ ਦੇ ਲੀਡਰ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਜਾਂ ਆਹ ਨਿੱਕੜ-ਸੁੱਕੜ ਜਥੇਦਾਰਾਂ ਦੀ ਤਾਂ ਗੱਲ ਛੱਡੋ ਸਾਡੇ ਵੱਡੇ-ਵੱਡੇ ਪ੍ਰੋਫ਼ੈਸਰਾਂ ਨੇ ਵੀ ਇਹ ਨਹੀਂ ਸੋਚਿਆ ਕਿ ਅਸੀ ਕੀ ਕਰੀ ਜਾ ਰਹੇ ਹਾਂ। 1967 ਵਿਚ ਜਦੋਂ ਮੈਂ ਖ਼ਾਲਸਾ ਕਾਲਜ ਅੰਮ੍ਰਿਤਸਰ ਪੜ੍ਹਨ ਲਈ ਦਾਖ਼ਲ ਹੋਇਆ ਤਾਂ ਸਿਰਦਾਰ ਬਿਸ਼ਨ ਸਿੰਘ ਸਮੁੰਦਰੀ ਪ੍ਰਿੰਸੀਪਲ ਸਨ। ਕਲਾਸ ਸ਼ੁਰੂ ਹੋਣ ਤੋਂ ਪਹਿਲਾਂ, ‘ਦੇਹਿ ਸਿਵਾ ਬਰੁ ਮੋਹਿ ਇਹੈ’ ਹਰ ਕਮਰੇ ਵਿਚ ਸਪੀਕਰ ਰਾਹੀਂ ਸੁਣਨ ਲਈ ਸਾਰੇ ਵਿਦਿਆਰਥੀ ਸਾਵਧਾਨ ਖੜੇ ਹੋ ਜਾਂਦੇ। ਮੈਂ ਵੀ ਇਹੀ ਸੋਚਦਾ ਸੀ ਕਿ ਇਹ ਕੋਈ ‘ਸ਼ਬਦ’ ਹੋਵੇਗਾ। ਨਾ ਸਾਨੂੰ ਕਿਸੇ ਸਮਝਾਇਆ ਤੇ ਨਾ ਹੀ ਅਸੀ ਕਿਸੇ ਨੂੰ ਪੁਛਿਆ। ਫਿਰ ਰੇਡੀਉ ਦਾ ਜ਼ਮਾਨਾ ਆਇਆ, 1971 ਦੀ ਜੰਗ ਹੋਈ। ਕੁੱਝ ਫ਼ਿਲਮਾਂ ਵੀ ਬਣੀਆਂ, ਫ਼ੌਜੀਆਂ ਦੇ ਮਾਰਚ ਕਰਦਿਆਂ ਦੇ ਮੂੰਹੋ ਵੀ ਇਹੋ, ‘ਦੇਹਿ ਸਿਵਾ ਬਰੁ ਮੋਹਿ ਇਹੈ’ ਗੀਤ ਹਮੇਸ਼ਾਂ ਸੁਣਿਆ। ਨਾ ਵਿਚਾਰੇ ਫ਼ੌਜੀ ਕਮਾਂਡਰਾਂ ਨੂੰ ਪਤਾ ਤੇ ਨਾ ਹੀ ਸਿਪਾਹੀਆਂ ਨੂੰ ਕਿ ਉਹ ਕੀ ਗਾ ਰਹੇ ਹਨ।
SIKH SCHOOL
ਫ਼ੌਜੀਆਂ ਨੂੰ ਤਾਂ ਸਿਖਾਇਆ ਵੀ ਇਹੀ ਜਾਂਦਾ ਹੈ ਕਿ , “ਨ ਡਰੋਂ ਅਰਿ ਸੋ ਜਾਇ ਲਰੋਂ ਨਿਸਚੈ ਕਰ ਅਪੁਨੀ ਜੀਤ ਕਰੋਂ। ਅਰੁ ਸਿਖ ਹੋਂ ਅਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ। ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ।’’ ਹਰ ਦੇਸ਼ ਦੇ ਫ਼ੌਜੀ ਨੂੰ ਜੰਗ ਜਿੱਤਣ ਤੇ ਮਰਨ ਤੋਂ ਸਿਵਾ ਹੋਰ ਕੁੱਝ ਨਹੀਂ ਸਿਖਾਇਆ ਜਾਂਦਾ ਤੇ ਪੰਜਾਬ ਪੁਲਿਸ ਦਾ ਮੋਟੋ ਵੀ, “ਸ਼ੁਭ ਕਰਮਨ ਤੇ ਕਬ ਹੂੰ ਨ ਟਰੋਂ” ਹੈ ਤੇ ਸਾਨੂੰ ਇਹ ਵੀ ਪਤਾ ਹੈ ਕਿ ਉਹ ਕੀ ਕਰਦੇ ਹਨ। ਕੈਨੇਡਾ ਵਿਚ ਅਪਣੇ ਆਪ ਨੂੰ ਸਿੱਖਾਂ ਦੀਆਂ ਮੋਢੀ ਸੰਸਥਾਵਾਂ ਅਖਵਾਉਣ ਵਾਲਿਆਂ ਵਿਚੋਂ ਜਿਵੇਂ ਡਬਲਯੂ. ਐਸ. ਓ ਹੈ ਵੀ, “ਦੇਹਿ ਸਿਵਾ ਬਰੁ ਮੋਹਿ ਇਹੈ” ਨੂੰ ਸਿੱਖਾਂ ਦਾ ਰਾਸ਼ਟਰੀ ਗੀਤ ਹੀ ਮੰਨਦੀਆਂ ਹਨ। ਇਹੀ ਕਾਰਨ ਹੈ ਕਿ ਉਹ ‘ਲਕੀਰ ਦੇ ਫ਼ਕੀਰ’ ਬਣੇ ਉਹੀ ਕੁੱਝ ਕਰ ਰਹੇ ਹਨ, ਜੋ ਕਿਸੇ ਨੇ ਦਸਿਆ ਸੀ। ਸਾਡਾ ਸੋਚਣ ਦਾ ਖਾਨਾ ਬੰਦ ਹੋ ਚੁਕਿਐ ਤੇ ਅਸੀ ਖੋਲ੍ਹਣਾ ਵੀ ਨਹੀਂ ਚਾਹੁੰਦੇ। ਇਸੇ ਕਰ ਕੇ ਅਸੀ ਪੜ੍ਹਾਈ-ਲਿਖਾਈ ਵਿਚ ਪਿੱਛੇ ਰਹਿ ਗਏ ਹਾਂ।
Guru Gobind Singh Ji Maharaj
“ਦੇਹਿ ਸਿਵਾ ਬਰੁ ਮੋਹਿ ਇਹੈ” ਵਾਲਾ ਸਲੋਕ ਦਸਮ ਗ੍ਰੰਥ ਦੇ ਪੰਨਾ 99 ਤੇ ਮਾਰਕੰਡੇ ਪੁਰਾਣ ਤੇ ਆਧਾਰਤ ਲਿਖਿਆ 231ਵਾਂ ਸਲੋਕ ਹੈ। ਇਸ ਤੋਂ ਅਗਲੇ ਸਲੋਕ ਵਿਚ ਕਵੀ ਆਪ ਹੀ ਲਿਖ ਰਿਹਾ ਹੈ, “ਕਉਤਕ ਹੇਤ ਕਰੀ ਕਵਿ ਨੇ ਸਤਿਸਯ ਕੀ ਕਥਾ ਇਹ ਪੂਰੀ ਭਈ ਹੈ। ਜਾਹਿ ਨਮਿੱਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ। 232॥ ਦੋਹਰਾ॥ ਗ੍ਰੰਥ ਸਤਿਸਯ ਕੋ ਕਰਿਓ ਜਾ ਸਮ ਅਵਰਿ ਨ ਕੋਇ। ਜਿਹ ਨਮਿੱਤ ਕਵਿ ਨੇ ਕਹਿਓ ਸੁ ਦੇਹ ਚੰਡਕਾ ਸੋਇ॥233॥ ਚੰਡੀ ਤੇ ਚੰਡਕਾ ਇਕੋ ਹੀ ਦੇਵੀ ਦੇ ਨਾਮ ਹਨ। ਸਨਾਤਨ ਧਰਮ ਦੇ ਗ੍ਰੰਥਾਂ ਮੁਤਾਬਕ ਦੁਰਗਾ ਦੇਵੀ ਦੇ 14 ਕੁ ਖ਼ਾਸ ਨਾਮ ਹਨ ਪਰ ਜੇਕਰ ਸਾਰੇ ਸਾਧਾਰਣ ਤੇ ਖ਼ਾਸ ਨਾਵਾਂ ਨੂੰ ਜੋੜ ਲਿਆ ਜਾਵੇ ਤਾਂ ਇਹ 141 ਦੇ ਕਰੀਬ ਬਣਦੇ ਹਨ।
ਜਿਹੜੀ ਗੀਤਾ ਸੱਭ ਤੋਂ ਪਹਿਲਾਂ ਲਿਖੀ ਗਈ ਉਸ ਦੇ ਸਿਰਫ਼ 700 ਸਲੋਕ ਹੀ ਸਨ, ਬਾਅਦ ਵਿਚ ਹਜ਼ਾਰਾਂ ਹੋਰ ਸਲੋਕ ਨਾਲ ਜੋੜ ਦਿਤੇ ਗਏ। ਜਿਵੇਂ. ਪਿਆਰਾ ਸਿੰਘ ਪਦਮ ਦੀ ਐਡਿਟ ਕੀਤੀ ‘ਹੀਰ ਵਾਰਿਸ ਸ਼ਾਹ’ ਦੇ ਪੰਨਾ 11 ਤੇ ਲਿਖਿਆ ਹੈ ਕਿ 1860 ਤਕ ‘ਹੀਰ ਵਾਰਿਸ ਸ਼ਾਹ’ ਦੀਆਂ 4 ਹਜ਼ਾਰ ਤੋਂ ਕੁੱਝ ਵਧੇਰੇ ਤੁਕਾਂ ਸਨ, ਜੋ 1887 ਵਿਚ ਵੱਧ ਕੇ 8 ਹਜ਼ਾਰ ਹੋ ਗਈਆਂ। ਕਿਸੇ ਵੀ ਗੁਰਬਾਣੀ ਰਚੇਤਾ ਨੇ ਕੁੱਝ ਵੀ ਕੌਤਕ (ਕਉਤਕ) ਹੇਤ ਕੁੱਝ ਨਹੀਂ ਲਿਖਿਆ। ਕਉਤਕ ਲਫ਼ਜ਼ ਹੀ ਸਾਨੂੰ ਇਹ ਸਮਝਾ ਦਿੰਦਾ ਹੈ ਕਿ ਇਹ ਲਿਖਤ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ। ਸਿਵਾ ਸਕਤਿ ਸੰਬਾਦੰ॥ ਮਨ ਛੋਡਿ ਛੋਡਿ ਸਗਲ ਭੇਦੰ ॥ ਸਿਮਰਿ ਸਿਮਰਿ ਗੋਬਿੰਦੰ॥ ਭਜੁ ਨਾਮਾ ਤਰਸਿ ਭਵ ਸਿੰਧੰ॥4॥1॥ (ਗੁ.ਗ੍ਰੰਥ ਪੰਨਾ 873) ਪੂਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿਰਫ਼ ਇਕ ਵਾਰ ਸ਼ਬਦ ‘ਸਿਵਾ’ ਪੜ੍ਹਨ ਨੂੰ ਮਿਲਦਾ ਹੈ ਤੇ ਇਸ ਦਾ ਮਤਲਬ ਮਹਾਨ ਕੋਸ਼ ਦੇ ਪੰਨਾ 201 ‘ਸ਼ਿਵ ਦੀ ਇਸਤਰੀ ਦੁਰਗਾ/ਪਾਰਵਤੀ’ ਤੇ ਇਸੇ ਸਲੋਕ ਦੀ ਵਿਆਖਿਆ ਕਰਦੇ ਪ੍ਰੋ. ਸਾਹਿਬ ਸਿੰਘ ਜੀ ਵੀ ਸ਼ਿਵ ਦੀ ਪਤਨੀ ਦੁਰਗਾ/ਪਾਰਵਤੀ ਹੀ ਕਰਦੇ ਹਨ ਤੇ ਜਦੋਂ ਅਸੀ ਇਸ ਸਲੋਕ ਦੇ ਅਰਥਾਂ ਵਲ ਧਿਆਨ ਧਰਦੇ ਹਾਂ ਤਾਂ “ਸਿਵ ਜੀ ਨੇ ਜਿਹੜੀਆਂ ਕਹਾਣੀਆਂ ਅਪਣੀ ਪਤਨੀ ਦੁਰਗਾ/ਪਾਰਵਤੀ ਨੂੰ ਸੁਣਾਈਆਂ ਹਨ ਉਹ ਪ੍ਰਮਾਤਮਾ ਨਾਲ ਭੇਦ ਪਾਉਣ ਵਾਲੀਆਂ ਹਨ।
ਹੇ ਮੇਰੇ ਮਨਾ! ਤੂੰ ਉਨ੍ਹਾਂ ਦਾ ਖਹਿੜਾ ਛੱਡ” ਵੀ ‘ਸਿਵਾ’ ਦੇ ਮਤਲਬ ਸ਼ਿਵ ਦੀ ਪਤਨੀ ਦੁਰਗਾ ਹੀ ਬਣਦੇ ਹਨ। ਬੋਲੀ ਦੇ ਇਕ ਹੋਰ ਨੁਕਤੇ ਮੁਤਾਬਕ ਜਿਵੇਂ ਬਿਮਲ ਤੋਂ ਬਿਮਲਾ, ਕਮਲ ਤੋਂ ਕਮਲਾ, ਨਿਰਮਲ ਤੋਂ ਨਿਰਮਲਾ ਆਦਿ ਅੱਖਰ ਬਣਦੇ ਹਨ, ਇਸੇ ਹੀ ਤਰ੍ਹਾਂ ਸਿਵ ਤੋਂ ਸਿਵਾ ਬਣਿਆ ਹੈ। ਬਿਮਲ, ਕਮਲ, ਨਿਰਮਲ, ਸਿਵ ਇਹ ਸਾਰੇ ਲਫ਼ਜ਼ ਪੁਰਸ਼ ਵਾਚਕ ਹਨ ਤੇ ਬਿਮਲਾ, ਕਮਲਾ, ਨਿਰਮਲਾ ਤੇ ਸਿਵਾ ਇਸਤਰੀ ਵਾਚਕ ਹਨ।ਬਹੁਤ ਸਾਰੇ ਗੁਰਦਵਾਰਿਆਂ ਦੇ ਗ੍ਰੰਥੀ ਤੇ ਕੀਰਤਨ ਕਰਨ ਵਾਲੇ ਸਿੰਘਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਜਾਂ ਉਹ ਜਾਣਕਾਰੀ ਦੇ ਹੁੰਦਿਆਂ-ਸੁੰਦਿਆਂ ਵੀ ਪ੍ਰਬੰਧਕੀ ਕਮੇਟੀ ਦੇ ਡਰੋਂ ਅਨਭੋਲ ਬਣੇ ਰਹਿਣਾ ਹੀ ਪਸੰਦ ਕਰਦੇ ਹਨ। ਉਹ ਇਹ ਕਹਿੰਦੇ ਹਨ, ‘ਸਾਨੂੰ ਕੀ ਜੀ ਕਮੇਟੀ ਜੋ ਚਾਹੁੰਦੀ ਹੈ ਜੀ ਅਸੀ ਕਰੀ ਜਾਂਦੇ ਹਾਂ’ ਮੈਂ ਕਈ ਵਾਰ ਆਪ ਸੁਣ ਚੁੱਕਿਆਂ ਹਾਂ। ਅਸਲ ਵਿਚ ਸਾਨੂੰ ਇਹ ਵੀ ਪਤਾ ਨਹੀਂ ਕਿ ਗੁਰਦਵਾਰੇ ਅਸੀ ਕੀ ਲੈਣ ਜਾਣਾ ਹੈ? ਅਸੀ ਤਾਂ ਗੁਰਦਵਾਰੇ ਦਾ ਮਤਲਬ ਇਹੀ ਕਢਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋ-ਚਾਰ ਡਾਲਰ ਮੱਥਾ ਟੇਕ ਕੇ ਮਾੜੀ-ਮੋਟੀ ਅਰਦਾਸ ਕਰ ਕੇ ਅਪਣੀ ਮੰਨਤ ਮਨਾਉਣੀ ਹੈ ਤੇ ਬਾਹਰ ਨਿਕਲਣ ਤੋਂ ਪਹਿਲਾਂ ਲੰਗਰ ਵਿਚ ਗੇੜਾ ਮਾਰਨਾ ਵੀ ਨਹੀਂ ਭੁੱਲਣਾ। ਕਾਸ਼! ਕਿਤੇ ਸਾਨੂੰ ‘ਗੁਰਦਵਾਰੇ’ ਦੇ ਅਸਲੀ ਮਤਲਬ ਦਾ ਪਤਾ ਲੱਗ ਜਾਂਦਾ।
ਸੂਹੀ ਮਹਲਾ1॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ॥1॥4॥6॥ (ਪੰਨਾ 730) ਜੇ ਮੱਤ ਮਲੀਣ ਜਾਂ ਭੈੜੀ ਹੋਵੇ ਤਾਂ ਉਹ ਨਹਾਉਣ-ਧੋਣ ਨਾਲ ਚੰਗੀ ਨਹੀਂ ਬਣ ਜਾਂਦੀ ਸਗੋਂ ਸੋਝੀ ਪਾਉਣ ਨਾਲ ਵਧੀਆ ਬਣਨੀ ਹੈ। ਸੋਝੀ ਸਾਨੂੰ ਗੁਰਦਵਾਰਿਉਂ ਮਿਲਣੀ ਸੀ। ਕਰੋੜਾਂ ਰੁਪਿਆ ਗੁਰਦਵਾਰਿਆਂ ਦੀ ਉਸਾਰੀ ਤੇ ਲਾ ਕੇ ਗ੍ਰੰਥੀ ਅਸੀ ਭਾਲਦੇ ਹਾਂ 1500 ਵਾਲਾ। ਸਕੂਲ ਦੀ ਇਮਾਰਤ ਵਧੀਆ ਬਣਾਉਣ ਨਾਲ ਸਕੂਲ ਵਧੀਆ ਨਹੀਂ ਬਣਦਾ?
ਜੇਕਰ ਮਾਸਟਰ ਹੀ ਮਾੜਾ ਹੈ ਤਾਂ ਪੜ੍ਹਾਈ ਵੀ ਮਾੜੀ ਹੀ ਹੋਵੇਗੀ। ਮਾਸਟਰ ਦੇ ਚੰਗੇ ਹੋਣ ਨਾਲ ਹੀ ਪੜ੍ਹਾਈ ਚੰਗੀ ਹੋਣੀ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਗੁਰੂ ਆਸ਼ੇ ਮੁਤਾਬਕ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਚੰਗੇ ਤਨਖ਼ਾਹਦਾਰ ਗ੍ਰੰਥੀਆਂ ਦੀ ਭਾਲ ਕਰਨੀ ਪਵੇਗੀ। ਇਹ ਕਹਾਵਤ ਆਮ ਸੁਣਨ ਨੂੰ ਮਿਲਦੀ ਹੈ; ਪੁਰਾਣੇ ਜ਼ਮਾਨਿਆਂ ਵਿਚ ਗੁਰਦਵਾਰੇ ਕੱਚੇ ਪਰ ਸਿੱਖੀ ਪੱਕੀ ਹੁੰਦੀ ਸੀ ਤੇ ਅਜਕਲ ਗੁਰਦਵਾਰੇ ਪੱਕੇ ਅਤੇ ਸਿੱਖੀ ਕੱਚੀ ਹੈ। ਜੇਕਰ ਅਸੀ ਰਾਸ਼ਟਰਵਾਦ ਦੇ ਸੰਗੀਤ ਹੀ ਗਾਉਣੇ ਹਨ ਤਾਂ ਸਾਡੇ ਕੋਲ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ਬਹੁਤ ਸਾਰੇ ਐਸੇ ਸਲੋਕ ਹਨ। ਜਿਵੇਂ ਸਲੋਕ ਮ. 5॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥1॥ (ਪੰਨਾ 1102) ਸਲੋਕ ਕਬੀਰ॥ ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥1॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥2॥2॥ (ਪੰਨਾ 1105)
ਪਉੜੀ॥ ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ॥ ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ॥ ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ॥ ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ॥ ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ॥ ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ॥ ਸਭੇ ਕਾਜ ਸਵਾਰੀਐ ਜਾ ਤੁਧੁ ਭਾਵੰਦਾ॥7॥ (ਪੰਨਾ 1096) ਡਖਣੇ ਮ. 5॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ॥1॥ (ਪੰਨਾ 1096) ਸਿੱਖ ਸਿਧਾਂਤ ਵਿਚ ਵਿਸ਼ਵਾਸ ਕਰਨ ਵਾਲੇ ਸੱਜਣੋ! ਆਉ ਰਲ-ਮਿਲ ਕੇ ਪਹਿਚਾਣੀਏ ਕਿ ਜੋ ਅਸੀ ਕਰੀ ਜਾ ਰਹੇ ਹਾਂ ਕੀ ਉਹ ਗੁਰੂ ਦੀ ਸਿਖਿਆ ਮੁਤਾਬਕ ਹੈ ਜਾਂ ਨਹੀਂ। ਬਸ ਇਹੀ ਪਹਿਚਾਨਣ ਦੀ ਲੋੜ ਹੈ ਕਿ ਗੁਰੂ ਜੀ ਕੀ ਕਰਨ ਲਈ ਕਹਿੰਦੇ ਹਨ ਤੇ ਅਸੀ ਕੀ ਕਰੀ ਜਾ ਰਹੇ ਹਾਂ। ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥ ਨਾਨਕ ਗੁਰਮਤਿ ਸਾਚਿ ਸਮਾਵਹੁ॥27॥ (ਪੰਨਾ 933) ਜੋ ਗੁਰੂ ਜੀ ਕਹਿ ਰਹੇ ਹਨ ਤੇ ਉਨ੍ਹਾਂ ਆਪ ਕਰ ਕੇ ਵਿਖਾਇਆ ਹੈ ਸਾਨੂੰ ਉਹੀ ਕਰਨ ਤੋਂ ਭੱਜਣਾ ਨਹੀਂ ਚਾਹੀਦਾ। ਗੁਰੂ ਦੀ ਮੱਤ ਲੈ ਕੇ ਸੱਚ ਵਿਚ ਸਮਾ ਜਾਣਾ ਚਾਹੀਦਾ ਹੈ। ਗੁਰੂ ਪਿਆਰਿਉ! ਹੁਣ ਫ਼ੈਸਲਾ ਤੁਹਾਡੇ ਹੱਥ ਹੈ ਕਿ ਤੁਸੀ ਕੀ ਕਰਨਾ ਹੈ।
ਗੁਰਚਰਨ ਸਿੰਘ ਜਿਊਣਵਾਲਾ,ਸੰਪਰਕ : +1-647-966-3132