ਨਾਨਾ ਜੀ ਨਾਲ ਜੁੜੀਆਂ ਯਾਦਾਂ
Published : Apr 10, 2020, 12:38 pm IST
Updated : Apr 10, 2020, 12:38 pm IST
SHARE ARTICLE
File Photo
File Photo

30 ਦਸੰਬਰ ਨੂੰ ਪੰਚਾਇਤੀ ਚੋਣਾਂ ਦੀ ਡਿਊਟੀ ਨਿਭਾਉਣ ਤੋਂ ਬਾਅਦ ਘਰ ਪੁਜਦਿਆਂ

30 ਦਸੰਬਰ ਨੂੰ ਪੰਚਾਇਤੀ ਚੋਣਾਂ ਦੀ ਡਿਊਟੀ ਨਿਭਾਉਣ ਤੋਂ ਬਾਅਦ ਘਰ ਪੁਜਦਿਆਂ 31 ਦਸੰਬਰ ਦੀ ਸਵੇਰ ਹੋ ਗਈ ਸੀ। ਪਹਿਲਾਂ ਵੀ ਹਰ ਵਾਰ ਚੋਣਾਂ ਤੋਂ ਬਾਅਦ ਘਰ ਪਰਤਦਿਆਂ ਇਸ ਤਰ੍ਹਾਂ ਹੀ ਅੱਧੀ ਰਾਤ ਹੋ ਜਾਂਦੀ ਸੀ ਜਾਂ ਅਗਲਾ ਦਿਨ ਚੜ੍ਹ ਜਾਂਦਾ ਸੀ। ਸੁੰਨਸਾਨ ਸੜਕ ਉਪਰੋਂ ਰਸਤਾ ਤੈਅ ਕਰਦਿਆਂ ਦਿਮਾਗ਼ ਵਿਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆ ਰਹੇ ਸਨ। ਅੰਤ ਸਵੇਰੇ ਦੇ ਦੋ ਕੁ ਵਜੇ ਮੈਂ ਘਰ ਆ ਕੇ ਸੁੱਖ ਦਾ ਸਾਹ ਲਿਆ। ਰਜ਼ਾਈ ਵਿਚ ਪੈਣ ਤੋਂ ਝੱਟ ਬਾਅਦ ਨੀਂਦ ਆ ਗਈ। ਸਵੇਰੇ ਪੰਜ ਕੁ ਵੱਜੇ ਵਜੀ ਮੋਬਾਈਲ ਦੀ ਰਿੰਗ ਨੇ ਮੇਰੀ ਨੀਂਦ ਵੀ ਪੂਰੀ ਹੋਣ ਨਾ ਦਿਤੀ।

ਅੱਧ ਮੀਚੀਆਂ ਅੱਖਾਂ ਨਾਲ ਫ਼ੋਨ ਚੁਕਿਆ ਤਾਂ ਅੱਗੋਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਮੈਂ ਤ੍ਰਭਕ ਗਿਆ। ਉੱਠ ਕੇ ਬੈਠਦਿਆਂ ਇਕੋ ਸਾਹੇ ਤਿੰਨ ਚਾਰ ਵਾਰ 'ਹੈਲੋ... ਹੈਲੋ... ਹੈਲੋ..' ਕਹਿ ਦਿਤਾ। ਫ਼ੋਨ ਨਾਨਕਿਆਂ ਵਿਚੋਂ ਮਾਮੇ ਦਾ ਸੀ। ਉਸ ਨੇ ਗਲਾ ਸਾਫ਼ ਕਰਦਿਆਂ ਮਸਾਂ ਹੀ ਆਵਾਜ਼ ਕੱਢੀ, ''ਪੁੱਤਰ, ਚਾਚਾ ਜੀ ਹੁਣ ਇਸ ਦੁਨੀਆਂ ਉਤੇ ਨਹੀਂ ਰਹੇ.. ਉਸ ਨੂੰ ਕੱਲ ਰਾਤ ਅਧਰੰਗ ਦਾ ਦੌਰਾ ਪੈ ਗਿਆ ਸੀ...।''

ਅੱਧੀ ਕੁ ਗੱਲ ਦੱਸ ਕੇ ਉਸ ਨੇ ਵਿਚਕਾਰੋਂ ਹੀ ਫ਼ੋਨ ਕੱਟ ਦਿਤਾ। ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਾਲਜੇ ਵਿਚੋਂ ਰੁੱਗ ਭਰ ਆਇਆ ਸੀ। ਅੱਖਾਂ ਵਿਚੋਂ ਅਥਰੂ ਆਪ ਮੁਹਾਰੇ ਹੀ ਵਹਿ ਤੁਰੇ। ਉੱਠ ਕੇ ਮਸਾਂ ਹੀ ਮਾਤਾ ਜੀ ਨੂੰ ਦੱਸਣ ਦੀ ਹਿੰਮਤ ਕੀਤੀ। ਘਰ ਵਿਚ ਰੋਣ-ਧੋਣ ਤੇ ਵੈਣਾਂ ਨਾਲ ਸਵੇਰ ਦਾ ਮਾਹੌਲ ਗ਼ਮਗੀਨ ਹੋ ਗਿਆ ਸੀ। ਨਮ ਹੋਈਆਂ ਅੱਖਾਂ ਤੇ ਉਦਾਸ ਹੋਇਆ ਦਿਲ ਵਾਰ-ਵਾਰ 'ਨਾਨਾ ਜੀ' ਦੀਆਂ ਯਾਦਾਂ ਵਿਚ ਖੁਭਦਾ ਜਾ ਰਿਹਾ ਸੀ। ਨਾਨੀ ਜੀ ਤਾਂ ਮੇਰੇ ਜਨਮ ਤੋਂ ਪਹਿਲਾਂ ਹੀ ਪ੍ਰਲੋਕ ਸੁਧਾਰ ਗਏ ਸਨ।

ਨਾਨੇ ਦਾ ਕੋਈ ਹੋਰ ਸਹਾਰਾ ਨਾ ਹੋਣ ਕਰ ਕੇ ਉਨ੍ਹਾਂ ਨੂੰ ਦੂਜੇ ਵਿਆਹ ਵਾਲਾ ਅੱਕ ਚਬਣਾ ਪਿਆ ਸੀ ਜਿਸ ਕਰ ਕੇ ਮੈਂ ਵੀ ਮਾਮੇ-ਮਾਸੀਆਂ ਵਾਲਾ ਹੋ ਗਿਆ ਸੀ।
ਇਸ ਤੋਂ ਪਿਛਲੇ ਪੰਚਾਇਤੀ ਇਲੈਕਸ਼ਨ ਵਿਚ ਮੇਰੀ ਡਿਊਟੀ ਲੋਪੋ ਪਿੰਡ ਵਿਚ ਲੱਗੀ ਸੀ। ਇਥੋਂ ਮੇਰਾ ਨਾਨਕਾ ਪਿੰਡ ਲਾਗੇ ਹੀ ਸੀ। ਸਾਮਾਨ ਬੱਸ ਵਿਚ ਰੱਖਣ ਤੋਂ ਬਾਅਦ ਮੈਂ 'ਚਾਚਾ ਜੀ' ਨੂੰ ਫ਼ੋਨ ਕਰ ਕੇ ਡਿਊਟੀ ਬਾਰੇ ਦਸਿਆ। 'ਚਾਚਾ ਜੀ' ਨੂੰ ਬੜਾ ਚਾਅ ਚੜ੍ਹਿਆ। ਉਨ੍ਹਾਂ ਨੇ ਮੈਨੂੰ ਰਾਤ ਨੂੰ ਪਿੰਡ ਵਿਚ ਰੁਕਣ ਦੀ ਤਾਕੀਦ ਵੀ ਕੀਤੀ। 'ਚਾਚੇ' ਕੋਲ ਰਾਤ ਰਹਿਣ ਵਾਲਾ ਕੰਮ ਤਾਂ ਔਖਾ ਸੀ। ਪਰ ਮੈਂ ਘੰਟੇ ਕੁ ਦਾ ਸਮਾਂ ਕੱਢ ਕੇ ਚਾਚੇ ਨੂੰ ਮਿਲ ਜ਼ਰੂਰ ਆਇਆ ਸੀ। ਮਾਤਾ ਜੀ ਦੀ ਤਰਜ ਉਤੇ ਅਸੀ ਭੈਣ ਭਰਾ ਵੀ ਨਾਨੇ ਨੂੰ 'ਚਾਚਾ ਜੀ' ਹੀ ਆਖ ਕੇ ਬਲਾਉਂਦੇ ਸੀ।

ਅਸਲ ਵਿਚ ਨਾਨੇ ਹੋਰੀਂ ਪੰਜ ਭਰਾ ਸਨ। ਪ੍ਰਵਾਰ ਵੱਡਾ ਹੋਣ ਕਰ ਕੇ ਮਾਮੇ, ਮਾਸੀਆਂ ਤੇ ਮੰਮੀ ਹੋਰੀਂ ਉਨ੍ਹਾਂ ਨੂੰ 'ਚਾਚਾ ਜੀ' ਹੀ ਕਹਿ ਕੇ ਬਲਾਉਂਦੇ ਸਨ। ਉਂਝ ਤਾਂ 'ਚਾਚਾ ਜੀ' ਦਾ ਸੁਭਾਅ ਥੋੜਾ ਅੱਥਰਾ ਸੀ। ਪਰ ਉਹ ਸਾਨੂੰ ਤਿੰਨਾਂ ਭੈਣ-ਭਰਾਵਾਂ ਨੂੰ ਬਹੁਤ ਤਿਉਂ ਕਰਦੇ ਸਨ। ਉਨ੍ਹਾਂ ਨੇ ਪਿਆਰ ਨਾਲ ਮੇਰਾ ਨਾਂ 'ਸੋਹਣ ਸਿਆਂ' ਹੀ ਰਖਿਆ ਸੀ। 'ਚਾਚਾ ਜੀ' ਨੇ ਮੈਨੂੰ ਸੋਹਨ ਸਿੰਹਾਂ, ਸੋਹਣ ਸਿਆਂ ਆਖ ਕੇ ਬੁਲਾਉਣਾ। ਬਚਪਨ ਵਿਚ ਮੈਨੂੰ ਸਾਈਕਲ ਦੀ ਮੂਹਰਲੀ ਕਾਠੀ ਉਤੇ ਬਿਠਾ ਕੇ ਸਾਈਕਲ ਨੂੰ ਰੇੜ੍ਹ ਲੈਣਾ।

ਮੇਰੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦੇ ਜਵਾਬ ਦੇਣੇ, ਮੇਰੀਆਂ ਝੱਲ-ਵਲੱਲੀਆਂ ਗੱਲਾਂ ਦੀ ਹਾਮੀ ਭਰਨੀ, ਨਾਨੇ-ਨਾਨੀ ਦੁਆਰਾ ਖੋਏ ਜਾਂ ਚੌਲਾਂ ਦੀਆਂ ਪਿੰਨੀਆਂ ਬਣਾ ਕੇ ਦੇਣੀਆਂ, ਨਾਨਕੇ ਘਰ ਦੇ ਬਨੇਰੇ ਉੱਤੇ ਆ ਕੇ ਮੋਰਾਂ ਦਾ ਬਹਿਣਾ। ਉਨ੍ਹਾਂ ਦੀਆਂ ਆਵਾਜ਼ਾਂ ਮੈਨੂੰ ਕਦੇ ਵੀ ਨਹੀਂ ਭੁਲਣੀਆਂ। 'ਚਾਚਾ ਜੀ' ਦੀ ਇਕ ਖ਼ੂਬੀ ਇਹ ਸੀ ਕਿ ਜਦ ਕਦੀ ਸਾਡੇ ਵਿਚੋਂ ਕਿਸੇ ਨੇ ਵੀ ਨਾਨਕੇ ਮਿਲਣ ਜਾਣਾ ਤਾਂ ਉਨ੍ਹਾਂ ਨੇ ਦੂਜੇ ਘਰਾਂ ਵਿਚ ਜਾਣ ਸਮੇਂ ਨਾਲ-ਨਾਲ ਹੀ ਰਹਿਣਾ। ਜਦ ਛੁੱਟੀਆਂ ਖ਼ਤਮ ਹੋਣੀਆਂ ਤਾਂ ਨਾਨਕੇ ਪਿੰਡੋਂ ਵਾਪਸ ਪਰਤਣ ਨੂੰ ਦਿਲ ਹੀ ਨਾ ਕਰਨਾ।

ਆਉਣ ਲੱਗਿਆਂ ਕਿੰਨੀ ਵਾਰ ਹੀ ਨਾਨੇ ਨੇ ਸਿਰ ਪਲੋਸਣਾ ਤੇ ਮੱਥਾ ਚੁੰਮ ਕੇ ਪਿਆਰ ਦਿੰਦੇ ਰਹਿਣਾ। ਅੰਤ ਦਸ-ਵੀਹ ਰੁਪਏ ਮੁੱਠੀ ਵਿਚ ਜਬਰਦਸਤੀ ਦੇ ਦੇਣੇ। ਵੱਡਾ ਹੋ ਕੇ ਮੈਂ ਪਿਤਾ ਜੀ ਨਾਲ ਖੇਤ ਤੇ ਘਰ ਦੇ ਕੰਮਾਂ ਵਿਚ ਹੱਥ ਵਟਾਉਣ ਲੱਗ ਗਿਆ ਸੀ। ਹੁਣ ਪਿਤਾ ਜੀ ਨੂੰ ਮੇਰਾ ਵਾਹਵਾ ਆਸਰਾ ਹੋ ਗਿਆ ਸੀ ਜਿਸ ਕਰ ਕੇ ਉਹ ਮੈਨੂੰ ਕਈ ਵਾਰ ਨਾਨਕੇ ਪਿੰਡ ਜਾਣ ਤੋਂ ਵਰਜ ਵੀ ਦਿੰਦੇ। ਫਿਰ ਜਦ ਕਦੀ ਨਾਨਕੇ ਪਿੰਡ ਜਾ ਕੇ 'ਚਾਚਾ ਜੀ' ਨਾਲ ਸੱਥ ਵਿਚ ਚਲੇ ਜਾਣਾ ਤੇ ਸੱਥ ਵਿਚ ਬੈਠੇ ਬੰਦਿਆਂ ਨੇ ਚਾਚਾ ਜੀ ਤੋਂ ਪੁੱਛ ਲੈਣਾ, ''ਮਲਕੀਤ ਸਿੰਹਾਂ! ਇਹ ਮੁੰਡਾ ਕੌਣ ਹੈ?'' ਤਾਂ 'ਚਾਚਾ ਜੀ' ਨੇ ਮੇਰੇ ਬਾਰੇ ਸਾਰਾ ਕੁੱਝ ਦੱਸ ਦੇਣਾ।

ਸਿਆਣੇ ਕਹਿੰਦੇ ਹਨ ਕਿ ਮਰਿਆਂ ਨਾਲ ਮਰਿਆ ਨਹੀਂ ਜਾਂਦਾ। 'ਚਾਚਾ ਜੀ' ਦੇ ਸਸਕਾਰ ਤੇ ਮੇਰਾ ਮਨ ਡੁੱਲ੍ਹ-ਡੁਲ੍ਹ ਪੈ ਰਿਹਾ ਸੀ। ਘਰਾਂ ਦੀਆਂ ਕਈ ਔਰਤਾਂ ਮੈਨੂੰ ਵਿਰਾਉਂਦੀਆਂ ਕਹਿ ਰਹੀਆਂ ਸਨ, ''ਬੱਸ ਪੁੱਤਰ ਬੱਸ ਕਰ, ਏਨਾ ਤਾਂ ਅਜਕਲ ਧੀਆਂ ਪੁੱਤਰ ਵੀ ਨਹੀਂ ਕਰਦੇ..।'' ਨਾ ਹੀ ਵਕਤ ਰੁਕਦਾ ਹੈ ਤੇ ਨਾ ਹੀ ਦੁਨੀਆਂ ਵਿਚੋਂ ਕੁੱਝ ਛੁਟਦਾ ਹੈ। 'ਚਾਚਾ ਜੀ' ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋਇਆਂ ਨੂੰ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਇੰਜ ਜਾਪਦਾ ਹੈ ਕਿ ਨਾਨਾ-ਨਾਨੀ ਹੀ ਨਹੀਂ ਨਾਨਕੇ ਹੀ ਖ਼ਤਮ ਹੋ ਗਏ ਹੋਣ। ਹੁਣ ਜਦ ਵੀ ਕਦੀ ਨਾਨਕੇ ਜਾਈਦਾ ਹੈ ਤਾਂ ਉਸ ਵੀਰਾਨ ਜਿਹੇ ਪਿੰਡ ਵਿਚ ਪਲ ਵੀ ਦਿਲ ਨਹੀਂ ਲਗਦਾ।
ਸੰਪਰਕ : 99145-86784
ਤਰਸੇਮ ਲੰਡੇ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement