
ਆਮ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ
ਅਸੀ ਅੱਜ ਫ਼ੁੱਟਪਾਥਾਂ ਉਤੇ ਰੁਲਦੀਆਂ ਲਾਸ਼ਾਂ, ਇਕੋ ਚਿਤਾ ਉਤੇ ਦੱਸ ਲਾਸ਼ਾਂ ਦਾ ਸਾੜਿਆ ਜਾਣਾ, ਸ਼ਮਸ਼ਾਨਘਾਟਾਂ ਵਿਚ ਥਾਂ ਦੀ ਕਮੀ, ਐਂਬੂਲੈਂਸਾਂ ਵਿਚ ਆਕਸੀਜਨ ਲਈ ਤੜਫ਼ਦੇ ਮਰੀਜ਼ ਅਤੇ ਅਪਣਿਆਂ ਦੇ ਆਖ਼ਰੀ ਦਰਸ਼ਨਾਂ ਨੂੰ ਤਰਸਦੇ ਰਿਸ਼ਤੇਦਾਰਾਂ ਦੀਆਂ ਖ਼ਬਰਾਂ ਪੜ੍ਹਨ ਲਈ ਮਜਬੂਰ ਹੋ ਚੁੱਕੇ ਹਾਂ। ਇਸ ਸੱਭ ਲਈ ਜ਼ਿੰਮੇਦਾਰ ਕੌਣ ਹੈ?
Corona death
ਪਹਿਲੀ ਉਂਗਲ ਸਾਡੇ ਵਲ ਹੀ ਉਠਦੀ ਹੈ, ਕਿਉਂਕਿ ਉਸ ਦੇ ਮੁੱਖ ਕਾਰਨ ਹਨ, ਇਨਸਾਨ ਵਿਚ ਪੂਰੀ ਕਾਇਨਾਤ ਨੂੰ ਹਥਿਆ ਲੈਣ ਦੀ ਚਾਹ, ਕੁਦਰਤੀ ਸੋਮਿਆਂ ਦੀ ਤਬਾਹੀ, ਹੋਰ ਜੀਵ ਜੰਤੂਆਂ ਅਤੇ ਬਨਸਪਤੀ ਨੂੰ ਮੁਕਾਉਣ ਦੇ ਯਤਨ, ਧਰਮ ਨੂੰ ਉਗਰਾਹੀ ਦਾ ਮਾਧਿਅਮ ਬਣਾ ਕੇ ਰੱਖ ਦੇਣਾ, ਸਿਹਤ ਨਾਲੋਂ ਪੱਬਾਂ, ਹੋਟਲਾਂ, ਮੂਰਤੀਆਂ ਅਤੇ ਸੈਰ-ਸਪਾਟਿਆਂ ਵਾਲੀਆਂ ਥਾਵਾਂ ਉਤੇ ਵਾਧੂ ਖ਼ਰਚਾ ਕਰਨਾ, ਅਨਪੜ੍ਹ ਸਿਆਸੀ ਆਗੂਆਂ ਹੱਥ ਤਾਕਤ ਫੜਾ ਕੇ ਉਨ੍ਹਾਂ ਦੀਆਂ ਗ਼ਲਤ ਨੀਤੀਆਂ ਉਤੇ ਫਿਰ ਹਾਹਾਕਾਰ ਮਚਾਉਣੀ।
Corona death
ਸਿਆਸਤਦਾਨਾਂ ਵਲੋਂ ਰੈਲੀਆਂ ਵਿਚ ਵੱਡੇ-ਵੱਡੇ ਇਕੱਠ ਕਰ ਕੇ ਅਪਣੀ ਪਿੱਠ ਠੋਕਣੀ ਕਿ ਅਸੀ ਹਰਮਨ ਪਿਆਰੇ ਹਾਂ। ਰੈਲੀਆਂ ਦੇ ਇਕੱਠ ਵਿਚ ਕੌਣ ਹਨ? ਉਸ ਇਕੱਠ ਤੋਂ ਬਾਅਦ ਫੈਲੀ ਬਿਮਾਰੀ ਨਾਲ ਵਧਦੀਆਂ ਮੌਤਾਂ ਦਾ ਕੌਣ ਜ਼ਿੰਮੇਵਾਰ ਹੈ? ਇੰਦੌਰ ਵਿਚ ਆਕਸੀਜਨ ਦੇ ਭਰੇ ਟਰੱਕਾਂ ਨੂੰ ਪੌਣਾ ਘੰਟਾ ਰੋਕ ਕੇ ਸਿਆਸੀ ਆਗੂਆਂ ਨੇ ਅਪਣੀਆਂ ਤਸਵੀਰਾਂ ਖਿਚਾ ਕੇ ਖ਼ਬਰਾਂ ਲੁਆਈਆਂ। ਉਸ ਤੋਂ ਬਾਅਦ ਟਰੱਕਾਂ ਅੱਗੇ ਦੋ ਵੱਖੋ-ਵੱਖ ਥਾਵਾਂ ਉੱਤੇ ਕਈ ਘੰਟੇ ਪੂਜਾ ਕੀਤੀ ਗਈ। ਟਰੱਕ ਡਰਾਈਵਰ ਸ਼ੈਲੇਂਦਰ ਖ਼ੁਸ਼ਵਾਹ ਨੇ ਮੀਡੀਆ ਕਰਮੀਆਂ ਨੂੰ ਦਸਿਆ ਕਿ ਉਹ 700 ਕਿਲੋਮੀਟਰ ਲਗਾਤਾਰ ਟਰੱਕ ਚਲਾ ਕੇ ਆ ਰਿਹਾ ਹੈ ਅਤੇ ਰਾਹ ਵਿਚ ਉਸ ਨੇ ਅੱਖ ਵੀ ਨਹੀਂ ਝਪਕੀ। ਸਿਰਫ਼ ਇਕ ਵਾਰ 15 ਮਿੰਟ ਰੁਕ ਕੇ ਰੋਟੀ ਖਾਧੀ ਤਾਕਿ ਮਰੀਜ਼ਾਂ ਨੂੰ ਬਚਾਉਣ ਲਈ ਛੇਤੀ ਤੋਂ ਛੇਤੀ ਆਕਸੀਜਨ ਪਹੁੰਚਾਈ ਜਾ ਸਕੇ।
Corona death
ਹੁਣ ਇਥੇ ਸਾਢੇ ਤਿੰਨ ਘੰਟੇ ਸਿਰਫ਼ ਫ਼ੋਟੋਆਂ ਖਿਚਵਾਉਣ ਅਤੇ ਪੂਜਾ ਕਰਨ ਉੱਤੇ ਖ਼ਰਾਬ ਕਰਨ ਦਾ ਕੀ ਮਤਲਬ? ਓਨੀ ਦੇਰ ਵਿਚ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਨਾਲ 26 ਮਰੀਜ਼ ਮਰ ਗਏ। ਇਸ ਦਾ ਜਵਾਬ ਅਸੀ ਦੇਣਾ ਹੈ। ਇਸ ਭਾਰੀ ਗੁਨਾਹ ਲਈ ਕੌਣ ਜ਼ਿੰਮੇਵਾਰ ਹੈ? ਕਿਸ ਨੇ ਇਹ ਸਿਆਸੀ ਆਗੂ ਚੁਣੇ?
ਵੱਡੇ-ਛੋਟੇ ਧਾਰਮਕ ਸਮਾਗਮਾਂ ਬਾਅਦ ਕੋਵਿਡ ਬੀਮਾਰੀ ਨਾਲ ਪੀੜਤ ਮਰੀਜ਼ਾਂ ਦਾ ਵਾਧਾ ਹੋਣ ਦਾ ਮਤਲਬ ਕੀ ਅਸੀ ਸਮਝ ਸਕੇ ਹਾਂ? ਇਨ੍ਹਾਂ ਬੇਅੰਤ ਮੌਤਾਂ ਲਈ ਕੀ ਅਸੀ ਹੀ ਜ਼ਿੰਮੇਵਾਰ ਨਹੀਂ? ਕੀ ਅਸੀ ਧਰਮ ਨੂੰ ਪਾਖੰਡ ਵਿਚ ਤਾਂ ਨਹੀਂ ਤਬਦੀਲ ਕਰ ਦਿਤਾ? ਕਿਉਂ ਹੁਣ ਕਈ ਧਾਰਮਕ ਅਦਾਰਿਆਂ ਨੇ ਦਰਵਾਜ਼ੇ ਬੰਦ ਕਰ ਕੇ ਧਾਰਮਕ ਸਥਾਨ ਦੇ ਬਾਹਰਵਾਰ ਪੈਸਿਆਂ ਦੀ ਗੋਲਕ ਰੱਖ ਦਿਤੀ ਹੈ? ਦੋ ਲੱਖ ਤੋਂ ਵੱਧ ਮੌਤਾਂ, 20 ਲੱਖ ਤੋਂ ਵੱਧ ਦਾਖ਼ਲ ਮਰੀਜ਼, ਸਾਢੇ ਤਿੰਨ ਲੱਖ ਤੋਂ ਵੱਧ ਰੋਜ਼ ਦੇ ਨਵੇਂ ਕੇਸ, (21 ਅਪ੍ਰੈਲ 2021 ਦੀ ਰੀਪੋਰਟ) ਲਈ ਕੌਣ-ਕੌਣ ਜ਼ਿੰਮੇਵਾਰ ਹੈ?
corona death
ਅਮਰੀਕਾ ਅਤੇ ਯੂਰਪ ਵਿਚ ਟੀਕਾ ਤਿਆਰ ਕਰਨ ਲਈ ਸਰਕਾਰ ਵਲੋਂ ਵੱਖ ਫ਼ੰਡ ਐਡਵਾਂਸ ਵਿਚ ਦੇ ਦਿਤੇ ਗਏ। ਕੁੱਝ ਪੱਤਰਕਾਰਾਂ ਦੀ ਨਿਰਪੱਖ ਪੱਤਰਕਾਰੀ ਰਾਹੀਂ ਕੱਢੀ ਰੀਪੋਰਟ ਅਨੁਸਾਰ ਭਾਰਤ ਵਿਚ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਉਟੈਕ ਕੰਪਨੀਆਂ ਨੂੰ ਟੀਕਾ ਤਿਆਰ ਕਰਨ ਲਈ ਕੁੱਝ ਵੀ ਨਹੀਂ ਦਿਤਾ ਗਿਆ। ਖ਼ਬਰਾਂ ਅਨੁਸਾਰ ਸੀਰਮ ਇੰਸਟੀਚਿਊਟ ਨੇ 2000 ਕਰੋੜ ਰੁਪਏ ਪੱਲਿਉਂ ਲਗਾਏ। ਬਾਕੀ 2200 ਕਰੋੜ ਦਾ ਖ਼ਰਚਾ ਬਿਲ ਗੇਟਸ ਅਤੇ ਮੈਲਿੰਡਾ ਫ਼ਾਊਂਡੇਸ਼ਨ ਨੇ ਦਿਤਾ। ਭਾਰਤ ਬਾਇਉਟੈਕ ਨੂੰ ਤਾਂ ਕੁੱਝ ਵੀ ਹਾਸਲ ਨਹੀਂ ਹੋਇਆ। ਸੱਭ ਕੁੱਝ ਉਸ ਅਪਣੇ ਪਲਿਉਂ ਲਾਇਆ। ਇਸ ਲਈ ਹੁਣ ਕੌਣ ਜ਼ਿੰਮੇਵਾਰ ਹੈ? ਅਮਰੀਕਾ ਸਰਕਾਰ ਨੇ ਅਗੱਸਤ 2020 ਤਕ 44,700 ਕਰੋੜ ਰੁਪਏ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿਤਾ, ਯਾਨੀ ਕਿ 6 ਬਿਲੀਅਨ ਡਾਲਰ।
corona virus
ਅਸੀ ਉਨ੍ਹਾਂ ਮਹੀਨਿਆਂ ਵਿਚ ਕੀ ਕਰ ਰਹੇ ਸੀ? ਥਾਲੀਆਂ ਖੜਕਾਈਆਂ, ਸੂਰਜੀ ਪੂਜਾ, ਧਾਰਮਕ ਆਸਥਾ ਅਧੀਨ ਮੋਮਬੱਤੀਆਂ ਜਗਾਈਆਂ ਅਤੇ ਹੋਰ ਵੀ ਹਰ ਹੀਲੇ ਸਮੇਤ ਪ੍ਰਾਰਥਨਾ ਕੀਤੀ। ਉਸ ਸੱਭ ਦੇ ਬਾਵਜੂਦ ਅੱਜ ਮੌਤਾਂ ਅਤੇ ਬਿਮਾਰਾਂ ਦੀ ਗਿਣਤੀ ਵਿਚ ਪੂਰੀ ਦੁਨੀਆਂ ਵਿਚ ਪਹਿਲੇ ਨੰਬਰ ਉਤੇ ਹਾਂ। ਖ਼ਬਰਾਂ ਅਨੁਸਾਰ 19 ਅਪ੍ਰੈਲ 2021 ਨੂੰ ਭਾਰਤ ਸਰਕਾਰ ਵਲੋਂ 4500 ਕਰੋੜ ਰੁਪਏ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਦਿਤਾ ਗਿਆ। 24 ਅਪ੍ਰੈਲ 2021 ਤਕ ਜੇ ਟੀਕਿਆਂ ਦੀ ਗਿਣਤੀ ਵੱਲ ਝਾਤ ਮਾਰੀਏ ਤਾਂ ਭਾਰਤ ਨੂੰ ਹਰ ਮਹੀਨੇ 150 ਤੋਂ 200 ਮਿਲੀਅਨ ਟੀਕੇ ਚਾਹੀਦੇ ਹਨ ਪਰ ਸਾਡੇ ਕੋਲ ਅੱਧੇ ਤੋਂ ਵੀ ਘੱਟ ਹਨ। ਇਸ ਦਾ ਮਤਲਬ ਹੈ ਕਿ ਸਾਨੂੰ ਬਾਹਰੋਂ ਟੀਕੇ ਮੰਗਵਾਉਣ ਦੀ ਲੋੜ ਸੀ, ਜੋ ਲਗਭਗ 100 ਮਿਲੀਅਨ ਦੇ ਨੇੜੇ ਤੇੜੇ ਸਨ।
Corona Case
ਕੋਈ ਤਿਆਰੀ ਕੀਤੀ ਗਈ? ਅਮਰੀਕਾ ਵਿਚ ਲੋਕਾਂ ਦੇ ਭਲੇ ਲਈ ਸਰਕਾਰ ਨੇ ਪਹਿਲਾਂ ਹੀ ਅਗੱਸਤ 2020 ਵਿਚ 400 ਮਿਲੀਅਨ ਟੀਕਿਆਂ ਲਈ 4 ਕੰਪਨੀਆਂ ਨੂੰ ਪੈਸੇ ਫੜਾ ਦਿਤੇ ਸਨ। ਖ਼ਬਰਾਂ ਅਨੁਸਾਰ ਯੂਰਪ ਨੇ ਵੀ ਨਵੰਬਰ 2020 ਵਿਚ ਕੰਪਨੀਆਂ ਤੋਂ 800 ਮਿਲੀਅਨ ਟੀਕੇ ਖ਼ਰੀਦਣ ਲਈ ਪੈਸੇ ਪਹਿਲਾਂ ਹੀ ਫੜਾ ਦਿਤੇ ਸਨ। ਭਾਰਤ ਵਲੋਂ ਜਨਵਰੀ 2021 ਵਿਚ ਸਿਰਫ਼ 16 ਮਿਲੀਅਨ ਟੀਕਿਆਂ ਲਈ ਪੈਸੇ ਫੜਾਏ ਗਏ। 2019 ਵਿਚ ਇਕ ਮੂਰਤੀ ਵਾਸਤੇ ਭਾਰਤ ਸਰਕਾਰ ਨੇ 2,063 ਕਰੋੜ (370 ਮਿਲੀਅਨ ਡਾਲਰ) ਖ਼ਰਚ ਦਿਤੇ ਸਨ। 1.3 ਬਿਲੀਅਨ ਲੋਕਾਂ ਲਈ ਸਿਰਫ਼ 16 ਮਿਲੀਅਨ ਟੀਕੇ ਅਤੇ ਉਹ ਵੀ ਏਨੀ ਦੇਰੀ ਨਾਲ, ਕੌਣ ਜ਼ਿੰਮੇਵਾਰ ਹੈ? ਕੀ ਸਰਕਾਰ? ਨਹੀਂ, ਸਾਡਾ ਕਸੂਰ ਹੈ। ਇਹ ਨੁਮਾਇੰਦੇ ਅਸੀ ਹੀ ਚੁਣਦੇ ਹਾਂ। ਅਪਣੀਆਂ ਵੋਟਾਂ ਵੇਚਣ ਦਾ ਇਹੀ ਨਤੀਜਾ ਹੁੰਦਾ ਹੈ। ਇਸ ਸਰਕਾਰੀ ਕੁਸ਼ਾਸਨ ਲਈ ਪੂਰੀ ਜ਼ਿੰਮੇਵਾਰੀ ਸਾਨੂੰ ਹੀ ਚੁੱਕਣੀ ਪੈਣੀ ਹੈ ਤੇ ਉਹ ਵੀ ਅਪਣੀ ਅਤੇ ਅਪਣਿਆਂ ਦੀਆਂ ਜਾਨਾਂ ਗੁਆ ਕੇ।
Corona Virus
ਵਿਸ਼ਵ ਪੱਧਰ ਉਤੇ ਹਾਹਾਕਾਰ ਮਚਣ ਬਾਅਦ ਹੁਣ ਹੋਰਨਾਂ ਮੁਲਕਾਂ ਵਲੋਂ ਟੀਕੇ ਮੰਗਵਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਸਵਾਲ ਇਹ ਹੈ ਕਿ ਕੰਪਨੀਆਂ ਭਾਰਤ ਨੂੰ ਪੂਰੇ ਟੀਕੇ ਵੇਲੇ ਸਿਰ ਸਪਲਾਈ ਕਰਨਗੀਆਂ? ਜੇ ਹਜ਼ਾਰਾਂ ਲੱਖਾਂ ਮੌਤਾਂ ਹੋ ਜਾਣ ਬਾਅਦ ਟੀਕੇ ਪਹੁੰਚੇ ਤਾਂ ਇਸ ਤਬਾਹੀ ਦੀ ਕੌਣ ਜ਼ਿੰਮੇਵਾਰੀ ਲਏਗਾ? ਨੀਤੀਆਂ ਬਣਾਉਣ ਵਾਲੇ ਅਨਪੜ੍ਹ ਸਿਆਸਤਦਾਨ ਜਾਂ ਵੋਟਾਂ ਵੇਚਣ ਵਾਲੇ ਲੋਕ? ਇਹ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ। ਸਿਰਫ਼ ਆਮ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਸੀ। ਆਕਸੀਜਨ ਲਈ ਮਚੀ ਹਾਹਾਕਾਰ ਬਾਰੇ ਛਪੀਆਂ ਖ਼ਬਰਾਂ ਦਿਲ ਕੰਬਾਊ ਹਨ। ਓਨੀਆਂ ਮੌਤਾਂ ਵਾਇਰਸ ਤੋਂ ਹੋਈ ਬਿਮਾਰੀ ਨਾਲ ਨਹੀਂ ਹੋਈਆਂ, ਜਿੰਨੀਆਂ ਆਕਸੀਜਨ ਦੀ ਕਮੀ ਨਾਲ ਹੋ ਚੁਕੀਆਂ ਹਨ।
corona virus
ਅਕਤੂਬਰ 2020 ਵਿਚ ਖ਼ਬਰਾਂ ਵੀ ਛਪੀਆਂ ਸਨ ਅਤੇ ਐਲਾਨ ਵੀ ਹੋਏ ਕਿ ਪੂਰੇ ਭਾਰਤ ਵਿਚਲੇ 150 ਜ਼ਿਲ੍ਹਾ ਪਧਰੀ ਹਸਪਤਾਲਾਂ ਵਿਚ 162 ਆਕਸੀਜਨ ਬਣਾਉਣ ਵਾਲੇ ਯੂਨਿਟ ਲਗਾਏ ਜਾਣਗੇ। ਇਸ ਵਾਸਤੇ ਸਿਰਫ਼ 201 ਕਰੋੜ ਰੁਪਏ ਲਗਣੇ ਸਨ ਜੋ ‘ਪ੍ਰਧਾਨ ਮੰਤਰੀ ਕੇਅਰ ਫ਼ੰਡ’ ਵਿਚੋਂ ਵਰਤੇ ਜਾਣੇ ਸਨ। ਛੇ ਮਹੀਨੇ ਬਾਅਦ ਤਕ ਸਿਰਫ਼ 33 ਯੂਨਿਟ ਹੀ ਲੱਗ ਸਕੇ ਹਨ। ਉੱਤਰ ਪ੍ਰਦੇਸ਼ ਵਿਚਲੇ 14 ਆਕਸੀਜਨ ਯੂਨਿਟਾਂ ਵਿਚੋਂ ਇਕ ਵੀ ਹਾਲੇ ਤਕ ਨਹੀਂ ਲਗਾਇਆ ਜਾ ਸਕਿਆ। ਹੁਣ ਤਾਂ ਅਸੀ ਫ਼ੈਸਲਾ ਕਰ ਹੀ ਸਕਦੇ ਹਾਂ ਕਿ ਆਕਸੀਜਨ ਦੀ ਕਮੀ ਲਈ ਕੌਣ ਜ਼ਿੰਮੇਵਾਰ ਹੈ? ਡਾਕਟਰ, ਸਿਆਸਤਦਾਨ ਜਾਂ ਕੰਪਨੀਆਂ? ਇਨ੍ਹਾਂ ਮੌਤਾਂ ਲਈ ਕਿਸ ਨੂੰ ਫਾਹੇ ਟੰਗਿਆ ਜਾਣਾ ਚਾਹੀਦੈ? ਇਸ ਵੇਲੇ ਮਾਰੂ ਕੋਰੋਨਾ ਦੀ ਦੋਧਾਰੀ ਬਦਲੀ ਸ਼ਕਲ ਦਾ ਨਾਂ ਬੀ-1-167 ਹੈ ਜੋ ਧੜਾਧੜ ਹਜ਼ਾਰਾਂ ਨੂੰ ਮੌਤ ਦੇ ਮੂੰਹ ਵਲ ਧੱਕ ਰਹੀ ਹੈ। ਇਸ ਬਾਰੇ ਪਹਿਲੀ ਵਾਰ 5 ਅਕਤੂਬਰ 2020 ਨੂੰ ਵਿਗਿਆਨੀਆਂ ਨੇ ਖੋਜ ਕਰ ਕੇ ਦਸ ਦਿਤਾ ਸੀ। ਕੀ ਕਿਸੇ ਨੂੰ ਉਸ ਸਮੇਂ ਖ਼ਿਆਲ ਆਇਆ ਕਿ ਝਟਪਟ ਇਸ ਕੀਟਾਣੂ ਉਤੇ ਹੋਰ ਖੋਜਾਂ ਦੀ ਲੋੜ ਹੈ ਜਿਸ ਵਾਸਤੇ ਤੁਰਤ ਪੈਸੇ ਦੇ ਕੇ ਇਲਾਜ ਲਭਿਆ ਜਾਵੇ?
Corona vaccine
ਚੋਣ ਪ੍ਰਕਿਰਿਆ ਬਾਰੇ ਲਗਾਤਾਰ ਮੀਟਿੰਗਾਂ ਬਾਅਦ ਅਖ਼ੀਰ ਵਿਹਲੇ ਹੋ ਕੇ ਸਿਆਸਤਦਾਨਾਂ ਵਲੋਂ ਜਨਵਰੀ 2021 ਵਿਚ ਭਾਰਤ ਵਿਚ 10 ਲੈਬਾਰਟਰੀਆਂ ਖੋਲ੍ਹੀਆਂ ਗਈਆਂ ਜਿਨ੍ਹਾਂ ਨੇ ਵਾਇਰਸ ਦੀ ‘ਜੀਨੋਮ ਸੀਕੂਐਂਸਿੰਗ’ ਕਰਨੀ ਸੀ। ਖੋਜਾਂ ਹਾਲੇ ਜਾਰੀ ਸਨ, ਕਿਉਂਕਿ ਜਿਹੜੇ 115 ਕਰੋੜ ਰੁਪਏ ਇਨ੍ਹਾਂ ਲੈਬਾਰੇਟਰੀਆਂ ਨੂੰ ਦਿਤੇ ਜਾਣੇ ਸਨ, ਉਹ ਹਾਲੇ ਤਕ ਦਿਤੇ ਹੀ ਨਹੀਂ ਗਏ। ਹੁਣ ਬਾਇਉਟੈਕਨਾਲੋਜੀ ਵਿਭਾਗ ਨੂੰ ਇਹ ਪੈਸੇ ਅਪਣੇ ਵਲੋਂ ਹੀ ਕਿਸੇ ਵਸੀਲੇ ਹਾਸਲ ਕਰਨ ਲਈ ਕਹਿ ਦਿਤਾ ਗਿਆ ਹੈ। ਵਿਭਾਗ ਬਹੁਤ ਮੁਸ਼ਕਲ ਨਾਲ ਸਿਰਫ਼ 80 ਕਰੋੜ ਹੀ ਹਾਸਲ ਕਰ ਸਕਿਆ, ਜੋ ਕਿ ਉਸ ਨੂੰ 31 ਮਾਰਚ 2021 ਨੂੰ ਮਿਲੇ। ਇਨ੍ਹਾਂ ਛੇ ਮਹੀਨਿਆਂ ਵਿਚਲੀਆਂ ਹਜ਼ਾਰਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ? ਕੀ ਸਾਨੂੰ ਹਾਲੇ ਵੀ ਸਮਝ ਨਹੀਂ ਆ ਰਹੀ ਕਿ ਸੂਬੇ ਦੀ ਹੋਵੇ ਜਾਂ ਮੁਲਕ ਦੀ ਤਰੱਕੀ, ਇਸ ਵਾਸਤੇ ਸਾਡੀ ਅਕਲ ਅਨੁਸਾਰ ਚੁਣੇ ਨੁਮਾਇੰਦਿਆਂ ਦਾ ਹੀ ਰੋਲ ਹੁੰਦਾ ਹੈ? ਉਨ੍ਹਾਂ ਨੁਮਾਇੰਦਿਆਂ ਨੇ ਅਪਣੀ ਸਮਝ ਅਨੁਸਾਰ ਪਹਿਲ ਦੇ ਆਧਾਰ ਉਤੇ ਕੰਮ ਕਰਨੇ ਹੁੰਦੇ ਹਨ ਕਿ ਪਹਿਲਾਂ ਅਪਣੀ ਸੀਟ ਪੱਕੀ ਕਰਨੀ ਹੈ, ਜੁਮਲੇ ਛਡਣੇ ਹਨ, ਲੋਕਾਂ ਨੂੰ ਲੁਭਾਉਣਾ ਹੈ ਜਾਂ ਉਨ੍ਹਾਂ ਦੀ ਜਾਨ ਬਚਾਉਣੀ ਹੈ।
ਕੀ ਸਿਹਤ ਅਤੇ ਸਿਖਿਆ ਨੂੰ ਕਿਸੇ ਸਿਆਸਤਦਾਨ ਨੇ ਪਹਿਲ ਦੇ ਆਧਾਰ ਉਤੇ ਲਿਆ ਹੈ? ਚੋਣ ਰੈਲੀਆਂ ਦੌਰਾਨ ਫੈਲੇ ਕੋਰੋਨਾ ਅਤੇ ਮਾਸਕ ਨਾ ਪਾਉਣ ਲਈ ਕਿਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ? ਸਿਆਸਤਦਾਨਾਂ ਨੂੰ ਜਾਂ ਆਮ ਲੋਕਾਂ ਨੂੰ? ਤਾਲਾਬੰਦੀ ਕਿਸ ਨੇ ਕੀਤੀ ਤੇ ਇਸ ਨਾਲ ਕਿਸ ਨੂੰ ਵੱਧ ਨੁਕਸਾਨ ਹੋਇਆ? ਲੱਖਾਂ ਲੋਕ ਬੇਰੁਜ਼ਗਾਰ ਹੋਏ ਤੇ ਅਨੇਕ ਘਰੋਂ ਬੇਘਰ ਹੋਏ। ਇਸ ਸਾਰੇ ਵਰਤਾਰੇ ਲਈ ਕੌਣ ਅਪਣੀ ਪਿਠ ਉਤੇ ਥਾਪੜਾ ਦੇ ਰਿਹਾ ਹੈ? ਕੀ ਸਾਨੂੰ ਦਿਸਣਾ ਅਤੇ ਸੁਣਨਾ ਬੰਦ ਹੋ ਚੁਕਿਆ ਹੈ? ਇਸ ਮਹਾਂਮਾਰੀ ਅਤੇ ਮੌਤ ਦੇ ਤਾਂਡਵ ਦੌਰਾਨ ਭਾਰਤ ਵਿਚ ਆਈ.ਪੀ.ਐਲ. ਮੈਚ ਜਾਰੀ ਰਿਹਾ ਜਿਸ ਵਿਚ ਹਰ ਖਿਡਾਰੀ ਨੂੰ ਕਰੋੜਾਂ ਰੁਪਏ ਦਿਤੇ ਗਏ। ਕੀ ਕਿਸੇ ਨੇ ਆਵਾਜ਼ ਚੁੱਕੀ ਕਿ ਅਜਿਹੇ ਮੌਕੇ ਉਨ੍ਹਾਂ ਕਰੋੜਾਂ ਰੁਪਇਆਂ ਨਾਲ ਵਧੀਆ ਮੁਫ਼ਤ ਸਹੂਲਤਾਂ ਦੇਣ ਵਾਲੇ ਹਸਪਤਾਲ ਕਿਉਂ ਨਹੀਂ ਖੋਲ੍ਹੇ ਗਏ?
ਕੀ ਕਿਸੇ ਭਾਰਤੀ ਖਿਡਾਰੀ ਨੇ ਇਸ ਬਾਰੇ ਸੋਚਿਆ? ਇਨ੍ਹਾਂ ਪੈਸਿਆਂ ਨਾਲ ਹਰ ਸੂਬੇ ਵਿਚ ਸੈਂਕੜੇ ਵਧੀਆ ਐਂਬੂਲੈਂਸਾਂ ਮੁਹਈਆ ਹੋ ਸਕਦੀਆਂ ਸਨ? ਸਵਾਲ ਇਹ ਹੈ ਕਿ ਕੀ ਆਕਸੀਜਨ ਹੋਰ ਮੁਲਕਾਂ ਤੋਂ ਮੰਗਵਾਉਣ ਦੀ ਲੋੜ ਹੈ? ਬਿਲਕੁਲ ਨਹੀਂ! ਸਿਰਫ਼ ਸਟੀਲ ਪਲਾਂਟਾਂ ਦਾ ਕੰਮ ਅੱਧਾ ਕਰ ਦਿਤਾ ਜਾਵੇ ਤਾਂ ਹਜ਼ਾਰਾਂ ਮਰੀਜ਼ ਬਚ ਸਕਦੇ ਹਨ ਕਿਉਂਕਿ ਲੀਕੁਇਡ ਆਕਸੀਜਨ ਦਾ ਭੰਡਾਰ ਭਾਰਤ ਵਿਚ ਪਿਆ ਹੈ। ਇਸ ਸੱਭ ਲਈ ਜ਼ਿੰਮੇਵਾਰ ਕੌਣ? ਕੀ ਸਾਡੇ ਕੋਲ ਪੜ੍ਹੇ ਲਿਖੇ ਜਾਂ ਸਮਝਦਾਰ ਲੋਕਾਂ ਦੀ ਘਾਟ ਹੈ? ਉਹ ਸਿਆਸਤ ਵਿਚ ਕਿਉਂ ਨਹੀਂ ਜਾਂਦੇ? ਕੌਣ ਅਪਣੀਆਂ ਵੋਟਾਂ ਦੀ ਦੁਰਵਰਤੋਂ ਕਰ ਕੇ ਇਨ੍ਹਾਂ ਸਮਝਦਾਰ ਲੋਕਾਂ ਨੂੰ ਦਰਕਿਨਾਰ ਕਰਦਾ ਹੈ? ਜੇ ਅਪਣੀ ਮੌਤ ਦੇ ਜਾਂ ਅਪਣੇ ਲੁੱਟੇ ਜਾਣ ਦੇ ਜ਼ਿੰਮੇਵਾਰ ਅਸੀਂ ਹਾਂ ਤਾਂ ਫਿਰ ਸਹੀ ਵੀ ਅਸੀਂ ਹੀ ਕਰਨਾ ਹੈ।
ਕਦੋਂ? ਆਖ਼ਰ ਕਦੋਂ ਕੁੰਭਕਰਨੀ ਨੀਂਦਰ ਤੋਂ ਜਾਗਾਂਗੇ? ਇਕ ਸਿਆਣਾ ਸਿਆਸਤਦਾਨ ਹੀ ਵੇਲੇ ਸਿਰ ਸਹੀ ਕਦਮ ਪੁੱਟ ਕੇ ਅਤੇ ਕਿਹੜੇ ਕੰਮ ਨੂੰ ਤਰਜੀਹ ਦੇਣੀ ਹੈ, ਬਾਰੇ ਚੰਗਾ ਫ਼ੈਸਲਾ ਲੈ ਸਕਦਾ ਹੈ। ਚੁਫ਼ੇਰੇ ਮੌਤ ਦਾ ਤਾਂਡਵ ਵੇਖਦੇ ਹੋਏ ਜੇ ਅਸੀਂ ਸਿਰਫ਼ ਮਾਸਕ ਪਾ ਕੇ ਇਕ ਦੀ ਵੀ ਜਾਨ ਬਚਾ ਸਕਦੇ ਹਾਂ ਤਾਂ ਉਸ ਜਣੇ ਨੂੰ ਤੇ ਉਸ ਦੇ ਟੱਬਰ ਨੂੰ ਤਾਂ ਫ਼ਰਕ ਪੈਂਦਾ ਹੀ ਹੈ। ਜੇ ਹਰ ਜਣਾ ਇਹ ਜ਼ਿੰਮੇਵਾਰੀ ਸਮਝ ਲਵੇ ਤਾਂ ਅਸੀਂ ਰਲ ਮਿਲ ਕੇ ਇਹ ਜੰਗ ਜਿੱਤ ਸਕਦੇ ਹਾਂ। ਪਰ ਇਹ ਨਾ ਭੁੱਲਿਉ ਕਿ ਅਸਲ ਮੁਜਰਮ ਕੌਣ ਹੈ? ਮਰਦਾਸ ਹਾਈ ਕੋਰਟ ਨੇ ਤਾਂ ਇਲੈਕਸ਼ਨ ਕਮਿਸ਼ਨ ਵਾਲਿਆਂ ਉੱਤੇ 302 ਦਾ ਮੁਕੱਦਮਾ ਦਰਜ ਕਰਨ ਨੂੰ ਕਹਿ ਦਿਤਾ ਹੈ। ਕੀ ਹੁਣ ਅਸੀਂ ਅਪਣੀਆਂ ਵੋਟਾਂ ਦੀ ਸਹੀ ਵਰਤੋਂ ਕਰਨਾ ਸਿਖ ਸਕਾਂਗੇ ਜਾਂ ਹਾਲੇ ਹੋਰ ਮੌਤਾਂ ਦੀ ਉਡੀਕ ਕਰਾਂਗੇ?
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783