
ਬਹਾਦਰ ਬੰਦੇ ਨੂੰ ਸ਼ੇਰ, ਚਲਾਕ ਨੂੰ ਲੂੰਮੜੀ ਤੇ ਬੇਵਕੂਫ਼ ਨੂੰ ਗਧਾ ਤਕ ਆਖ ਦਿਤਾ ਜਾਂਦਾ ਹੈ। ਕੁੱਤੇ ਨੂੰ ਜਿਸ ਨੇ ਵੀ 'ਬੁਰਕੀ' ਪਾ ਦਿਤੀ, ਉਸ ਅੱਗੇ ਪੂਛ ਹਿਲਾਉਣ ਲੱਗ ...
ਬਹਾਦਰ ਬੰਦੇ ਨੂੰ ਸ਼ੇਰ, ਚਲਾਕ ਨੂੰ ਲੂੰਮੜੀ ਤੇ ਬੇਵਕੂਫ਼ ਨੂੰ ਗਧਾ ਤਕ ਆਖ ਦਿਤਾ ਜਾਂਦਾ ਹੈ। ਕੁੱਤੇ ਨੂੰ ਜਿਸ ਨੇ ਵੀ 'ਬੁਰਕੀ' ਪਾ ਦਿਤੀ, ਉਸ ਅੱਗੇ ਪੂਛ ਹਿਲਾਉਣ ਲੱਗ ਜਾਂਦਾ ਹੈ। ਦਿਲੋਂ ਸੱਚਮੁਚ ਉਹ ਖ਼ੁਸ਼ੀ ਜ਼ਾਹਰ ਕਰਦਾ ਹੈ ਪਰ ਇਨਸਾਨ ਤਾਂ ਇਕ ਬੁਰਕੀ ਦੀ ਗੱਲ ਛੱਡੋ, ਸਾਰੀ ਰੋਟੀ ਖਾ ਕੇ ਵੀ ਲੱਤ ਮਾਰ ਜਾਂਦਾ ਹੈ, ਬੇਈਮਾਨੀ ਕਰ ਜਾਂਦਾ ਹੈ। ਇਹ ਕੁੱਤੇ ਦੀ ਬਰਾਬਰੀ ਕਿਵੇਂ ਕਰ ਸਕਦਾ ਹੇ? ਕੁੱਤਾ ਸਦੀਆਂ ਤੋਂ ਮਨੁੱਖ ਨਾਲ ਵਫ਼ਾਦਾਰੀ ਕਰ ਰਿਹਾ ਹੈ ਤੇ ਭਵਿੱਖ ਵਿਚ ਵੀ ਇਸ ਦੇ ਬਦਲਣ ਦੀ ਕੋਈ ਉਮੀਦ ਨਹੀਂ। ਇਨਸਾਨ ਤਾਂ ਬਹੁਤ ਬਦਲ ਗਿਆ ਹੈ।
ਇਨਸਾਨੀਅਤ ਅੱਜ ਬਹੁਤ ਹੇਠ ਡਿੱਗ ਚੁਕੀ ਹੈ। ਭਰੇ ਬਾਜ਼ਾਰ ਵਿਚ ਇਕ ਇਨਸਾਨ ਦੂਜੇ 'ਤ ੇਜ਼ੁਲਮ ਕਰੀ ਜਾਂਦਾ ਹੈ। ਦੋਸਤ ਬਣਾ ਕੇ ਧੋਖਾ ਤੇ ਕਤਲ ਆਮ ਗੱਲ ਹੋ ਗਈ ਹੈ। ਹੋਰ ਤਾਂ ਹੋਰ, ਜਨਮ ਦਾਤੇ ਮਾਤਾ-ਪਿਤਾ ਦਾ ਕਤਲ ਵੀ ਔਲਾਦ ਹੱਥੋਂ ਹੋ ਰਿਹਾ ਹੈ। ਮਨੁੱਖ ਦੁਆਰਾ ਮਨੁੱਖ ਨਾਲ ਕੀਤੇ ਅਤਿ ਦਰਜੇ ਦੇ ਜ਼ੁਲਮ ਹਰ ਅਖ਼ਬਾਰ ਦੀ ਰੋਜ਼ ਦੀ ਕਹਾਣੀ ਹਨ। ਕਦੇ ਕਦਾਈਂ ਪਾਲਤੂ ਕੁੱਤੇ ਦੇ ਵੱਢਣ ਦੀ ਖ਼ਬਰ ਵੀ ਆਉਂਦੀ ਹੈ ਪਰ ਇਹ ਮਨੁੱਖਾਂ ਦੁਆਰਾ ਰੋਜ਼ਾਨਾ ਪੱਧਰ 'ਤੇ ਕੀਤੇ ਮਾੜੇ ਕੰਮਾਂ ਸਾਹਮਣੇ ਕੁੱਝ ਵੀ ਨਹੀਂ।
ਇਹ ਇਕਾ-ਦੁੱਕਾ ਖ਼ਬਰ ਵੀ ਕੁੱਤੇ ਦੀ ਗ਼ਲਤ ਢੰਗ ਨਾਲ ਕੀਤੀ ਪਾਲਣਾ ਦਾ ਨਤੀਜਾ ਹੁੰਦੀ ਹੈ। ਰਾਖੀ ਲਈ ਵੱਡੀ ਨਸਲ ਦਾ ਕੁੱਤਾ ਪਾਲਣਾ, ਫਿਰ ਉਸ ਨੂੰ ਖੂੰਖਾਰ ਬਣਾਉਣ ਲਈ ਸਾਰਾ-ਸਾਰਾ ਦਿਨ ਜ਼ੰਜੀਰਾਂ ਨਾਲ ਬੰਨ੍ਹ ਕੇ ਰਖਣਾ, ਕਿਸੇ ਨਾਲ ਮਿਲਣ-ਜੁਲਣ ਨਾ ਦੇਣਾ ਹੀ, ਕੁੱਤੇ ਦੁਆਰਾ ਕੀਤੇ ਭਿਆਨਕ ਅਪਰਾਧ ਦਾ ਕਾਰਨ ਹੁੰਦਾ ਹੈ। ਮਨੁੱਖ ਦੁਆਰਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਕੰਮਾਂ ਦੀ ਸੂਚੀ ਬਣਾਈ ਜਾਵੇ ਤਾਂ ਕੁੱਤਾ ਤਾਂ ਕਿਤੇ ਬਹੁਤ ਦੂਰ ਰਹਿ ਜਾਵੇਗਾ, ਇਹ ਕਿਵੇਂ ਬਰਾਬਰੀ ਕਰ ਸਕਦਾ ਹੈ ਮਨੁੱਖ ਦੀ? ਜਿਥੇ ਚੰਗੀ ਭਲੀ ਬੋਲੀ ਸਮਝਣ ਤੋਂ ਬਾਅਦ ਵੀ, ਇਕ ਬੰਦਾ ਦੂਜੇ ਦੀ ਗੱਲ ਨਹੀਂ ਸਮਝਦਾ, ਉਥੇ ਇਹ ਬੇਜ਼ੁਬਾਨ ਜਾਨਵਰ ਅਪਣੇ ਮਾਲਕ ਦੇ ਹਾਵ-ਭਾਵ ਬਹੁਤ ਹੀ ਸਿਆਣਪ ਨਾਲ ਸਮਝ ਲੈਂਦਾ ਹੈ।
ਇਸ ਨੂੰ ਗ਼ਲਤੀ ਨਾਲ ਵੀ ਭੁਲੇਖਾ ਨਹੀਂ ਲਗਦਾ। ਜੇ ਕੁੱਤੇ ਦੇ ਪਿਆਰ ਤੇ ਵਫ਼ਾਦਾਰੀ ਨੂੰ ਸਮਝਣਾ ਹੋਵੇ ਤਾਂ ਇਕ ਸੱਚੀ ਕਹਾਣੀ 'ਤੇ ਆਧਾਰਤ ਫ਼ਿਲਮ 'ਹਾਚੀ-ਏ ਡੌਗ'ਜ਼ ਟੇਲ' 2009 ਜ਼ਰੂਰ ਵੇਖਣੀ ਚਾਹੀਦੀ ਹੈ। ਇਹ ਇਕ ਕੁੱਤੇ 'ਹਾਚੀ' ਦੇ ਅਪਣੇ ਮਾਲਕ ਪ੍ਰਤੀ ਪਿਆਰ ਅਤੇ ਸਮਰਪਣ ਦੀ ਕਹਾਣੀ ਹੈ ਕਿ ਕਿਵੇਂ ਇਕ ਪ੍ਰੋਫ਼ੈਸਰ ਨੂੰ ਇਕ ਗੁੰਮ ਹੋਇਆ ਕਤੂਰਾ ਮਿਲਦਾ ਹੈ ਕਿਉਂਕਿ ਉਸ ਦ ੇਮਾਲਕ ਨੂੰ ਉਹ ਲੱਭਣ ਵਿਚ ਅਸਮਰੱਥ ਹੁੰਦਾ ਹੈ, ਉਹ ਉਸ ਨੂੰ ਆਪ ਪਾਲ ਲੈਂਦਾ ਹੈ ਤੇ ਨਾਂ ਰਖਦਾ ਹੈ 'ਹਾਚੀ'। ਸਮਾਂ ਬੀਤਣ ਨਾਲ ਉਨ੍ਹਾਂ ਦਾ ਪਿਆਰ ਗੂੜ੍ਹਾ ਹੁੰਦਾ ਹੈ।
ਹਰ ਰੋਜ਼ ਹਾਚੀ ਮਾਲਕ ਨੂੰ ਸਵੇਰੇ ਰੇਲਵੇ ਸਟੇਸ਼ਨ 'ਤੇ ਛਡਦਾ ਹੈ ਤੇ ਦੁਪਹਿਰ ਉਸ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਉਸ ਨੂੰ ਲੈਣ ਲਈ ਉਡੀਕ ਕਰਦਾ ਮਿਲਦਾ ਹੈ। ਇਕ ਦਿਨ ਉਹ ਮਾੜਾ ਦਿਨ ਵੀ ਆਉਂਦਾ ਹੈ ਜਦ ਮਾਲਕ ਗੱਡੀ ਵਿਚੋਂ ਨਹੀਂ ਉਤਰਦਾ ਕਿਉਂਕਿ ਲੈਕਚਰ ਦੌਰਾਨ ਉਸ ਦੀ ਮੌਤ ਹੋ ਚੁਕੀ ਹੁੰਦੀ ਹੈ। ਪਰ ਹਾਚੀ ਅਪਣੇ ਆਖ਼ਰੀ ਸਾਹ ਤਕ ਉਸ ਨੂੰ ਉਡੀਕਦਾ ਹੈ।
ਉਸ ਨੁੰ ਘਰ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਉਹ ਮੌਕਾ ਪਾ ਕੇ ਫਿਰ ਸਟੇਸ਼ਨ 'ਤੇ ਆ ਕੇ ਬੈਠ ਜਾਂਦਾ ਹੈ। ਮਾਲਕ ਨਾਲ ਗੁਜ਼ਾਰੇ ਦੋ ਸਾਲਾਂ ਬਦਲੇ ਪੂਰੇ 10 ਸਾਲ, ਹਰ ਮੌਸਮ, ਮੀਂਹ, ਬਰਫ਼ ਸੱਭ ਅਪਣੇ ਸ੍ਰੀਰ 'ਤੇ ਹੰਢਾ ਕੇ 'ਹਾਚੀ' ਇਕੋ ਥਾਂ ਉਡੀਕ ਕਰਦਾ ਰਿਹਾ। ਉਸ ਦੀ ਕਹਾਣੀ 'ਅਖ਼ਬਾਰਾਂ' ਵਿਚ ਵੀ ਛਪੀ। ਲੋਕ ਉਸ ਨੂੰ ਵੇਖਣ ਆਉਂਦੇ। ਉਸ ਦੀ ਮੌਤ ਤੋਂ ਬਾਅਦ ਜਾਪਾਨ ਸਰਕਾਰ ਵਲੋਂ ਉਸ ਦੀ ਥਾਂ ਜਿਥੇ ਉਹ ਸਾਰੀ ਉਮਰ ਉਡੀਕ ਕਰਦਾ ਰਿਹਾ, ਤਾਂਬੇ ਦਾ ਬੁੱਤ ਬਣਾਇਆ ਗਿਆ। ਅਜਿਹੀ ਵਫ਼ਾਦਾਰੀ ਤੇ ਪਿਆਰ ਦੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਅਜਿਹਾ ਪਿਆਰ ਤਾਂ ਇਕ ਜਾਨਵਰ ਹੀ ਕਰ ਸਕਦਾ ਹੈ।
ਇਥੇ ਇਕ ਗੱਲ ਤਾਂ ਸਾਫ਼ ਹੈ ਕਿ ਕੁੱਤਾ ਮਨੁੱਖ ਤੋਂ ਵਧੇਰੇ ਸੰਵੇਦਨਸ਼ੀਲ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿਚ ਇਕੱਲਤਾ ਜਾਂ ਉਦਾਸੀਨਤਾ ਹੈ, ਉਨ੍ਹਾਂ ਨੂੰ ਕੁੱਤਾ ਜ਼ਰੂਰ ਪਾਲਣਾ ਚਾਹੀਦਾ ਹੈ। ਭੁੱਖਾ ਹੋਵੇ ਜਾਂ ਰੱਜਿਆ, ਇਹ ਹਰ ਵੇਲੇ ਪਿਆਰ ਕਰਨ ਲਈ ਤਿਆਰ ਰਹਿੰਦਾ ਹੈ। ਇਸ ਦੀ ਵਫ਼ਾਦਾਰੀ 'ਤੇ ਰੱਤੀ ਭਰ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਇਸੇ ਲਈ ਸਦੀਆਂ ਤੋਂ ਇਨਸਾਨ ਕੁੱਤੇ ਪਾਲਦਾ ਆਇਆ ਹੈ ਤੇ ਅੱਗੋਂ ਵੀ ਪਾਲਦਾ ਰਹੇਗਾ। ਪਰ ਸੋਚੋ ਜੇ ਉਲਟ ਹੁੰਦਾ। ਜੇ ਕੁੱਤੇ ਇਨਸਾਨਾਂ ਨੂੰ ਪਾਲਦੇ ਹੁੰਦੇ ਤਾਂ ਕੀ ਹੁੰਦਾ? ਉਹ ਕਦੋਂ ਦੇ ਇਨਸਾਨਾਂ ਨੂੰ ਪਾਲਣਾ ਛੱਡ ਦਿੰਦੇ।
ਇਨਸਾਨ ਦਾ ਕੀ ਭਰੋਸਾ, ਕਦੋਂ ਬੇਈਮਾਨੀ ਕਰ ਜਾਵੇ? ਇਸ ਕੋਲ ਅਜਿਹਾ ਦਿਮਾਗ਼ ਹੈ ਕਿ ਬੜੀ ਸਫ਼ਾਈ ਨਾਲ ਕਹਿੰਦਾ ਕੁੱਝ ਹੋਰ ਤੇ ਕਰਦਾ ਕੁੱਝ ਹੋਰ ਹੈ। ਇਹੀ ਵੱਡਾ ਫ਼ਰਕ ਹੈ ਇਨਸਾਨ ਤੇ ਜਾਨਵਰ ਵਿਚ। ਜਾਨਵਰ ਅਪਣੀਆਂ ਭਾਵਨਾਵਾਂ ਨਹੀਂ ਲੁਕਾਉਂਦੇ। ਉਹ ਜਿਹੋ ਜਿਹਾ ਵੀ ਹੁੰਦਾ ਹੈ, ਸਾਹਮਣੇ ਹੁੰਦਾ ਹੈ। ਗੁੱਸਾ ਹੈ ਤਾਂ ਗੁੱਸਾ ਵਿਖਾਉਂਦਾ ਹੈ, ਪਿਆਰ ਹੈ ਤਾਂ ਪਿਆਰ।
ਕੁੱਤੇ ਬਾਰੇ ਜੋਸ਼ ਬਿਲੀਗਸ ਕਹਿੰਦਾ ਹੈ ਕਿ 'ਧਰਤੀ 'ਤੇ ਇਕ ਕੁੱਤਾ ਹੀ ਅਜਿਹਾ ਜਾਨਵਰ ਹੈ ਜਿਹੜਾ ਤੁਹਾਨੂੰ ਤੁਹਾਡੇ ਤੋਂ ਵੱਧ ਪਿਆਰ ਕਰਦਾ ਹੈ। ਕੁੱਤੇ ਵਿਚ ਕੋਈ ਖ਼ੂਬੀ ਵੇਖੀ ਹੋਈ ਹੈ ਤਾਂ ਹੀ ਬੁੱਲ੍ਹੇਸ਼ਾਹ ਨੇ ਵੀ ਮਨੁੱਖ ਨੂੰ ਨਸੀਹਤ ਦੇਣ ਲਈ ਕੁੱਤੇ ਦਾ ਜ਼ਿਕਰ ਕੀਤਾ :
ਗਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ। ਤੈਥੋਂ ਉਤੇ।
ਭੌਂਕਣੋਂ ਬੰਦ ਮੂਲ ਨਾ ਹੁੰਦੇ, ਜਾਂ ਰੂੜੀ ਤੇ ਸੁੱਤੇ। ਤੈਥੋਂ ਉਤੇ।
ਖ਼ਸਮ ਅਪਣੇ ਦਾ ਦਰ ਨਾ ਛਡਦੇ, ਭਾਵੇਂ ਵਜਣ ਜੁੱਤੇ। ਤੈਥੋਂ ਉਤੇ।
ਬੁੱਲ੍ਹੇਸ਼ਾਹ ਕੋਈ ਰਖ਼ਤ ਵਿਹਾਜ ਲੈ, ਨਹੀਂ ਤੇ ਬਾਜ਼ੀ ਲੈ ਗਏ ਕੁੱਤੇ। ਤੈਥੋਂ ਉਤੇ।
ਸੰਪਰਕ : 94172-31175