
ਦੇਸ਼ ਵਿਚ ਵਖਰੇ-ਵਖਰੇ ਧਰਮਾਂ ਨਾਲ ਸਬੰਧਤ ਲੋਕਾਂ ਨੂੰ ਵੇਖਦੇ ਹੋਏ ਹੀ ਸਾਡੇ ਵੱਡੇ ਵਡੇਰਿਆਂ ਨੇ ਧਰਮ ਨਿਰਪੱਖ ਦੇਸ਼ ਦਾ ਸੰਕਲਪ ਲਿਆ ਸੀ..............
ਦੇਸ਼ ਵਿਚ ਵਖਰੇ-ਵਖਰੇ ਧਰਮਾਂ ਨਾਲ ਸਬੰਧਤ ਲੋਕਾਂ ਨੂੰ ਵੇਖਦੇ ਹੋਏ ਹੀ ਸਾਡੇ ਵੱਡੇ ਵਡੇਰਿਆਂ ਨੇ ਧਰਮ ਨਿਰਪੱਖ ਦੇਸ਼ ਦਾ ਸੰਕਲਪ ਲਿਆ ਸੀ ਤਾਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕੋਈ ਆਂਚ ਨਾ ਆਵੇ। ਮੌਜੂਦਾ ਸੱਤਾਧਾਰੀ ਧਿਰ ਦਾ ਹਿੰਦੁਵਾਦੀ ਸਰੂਪ ਤੇ ਰੁਝਾਨ ਚਿੰਤਾਜਨਕ ਹੈ ਜੋ ਦੇਸ਼ ਤੇ ਸਮਾਜ ਦੇ ਹੱਕ ਵਿਚ ਨਹੀਂ ਜਾਂਦਾ। 'ਜੈ ਸ੍ਰੀਰਾਮ' ਕਹੋ ਜਾਂ 'ਭਾਰਤ ਮਾਤਾ ਦੀ ਜੈ' ਕਹੋ ਜਾਂ 'ਬੰਦੇ ਮਾਤਰਮ' ਦਾ ਉਚਾਰਣ ਹਿੰਦੁਵਾਦੀ ਕੱਟੜ ਮਾਨਸਕਤਾ ਦਾ ਇਜ਼ਹਾਰ ਹੈ। ਕੀ 'ਜੈ ਸ੍ਰੀਰਾਮ' ਕਹਿਣ ਨਾਲ ਹੀ ਕਿਸੇ ਦੇ ਅਪਣਾ ਜਾਂ ਚੰਗਾ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ?
ਇਹ ਬੇਥ੍ਹਵੀਆਂ ਗੱਲਾਂ ਹਨ, ਜੋ ਦੇਸ਼ ਲਈ ਨੁਕਸਾਨਦਾਇਕ ਹਨ। ਧਰਮ ਦੇ ਨਾਂ ਉਤੇ ਦਿਨੋਂ ਦਿਨ ਜੰਗ ਤੇਜ਼ ਹੋ ਰਹੀ ਹੈ, ਜੋ ਦੇਸ਼ ਦੇ ਪੱਖ ਵਿਚ ਨਹੀਂ ਹੈ। 1984 ਦਾ ਸਿੱਖਾਂ ਉਤੇ ਹਮਲਾ, 1992 ਦਾ ਬਾਬਰੀ ਮਸਜਿਦ ਡੇਗਣ ਦਾ ਕਾਂਡ, 2002 ਦਾ ਗੁਜਰਾਤ ਕਤਲੇਆਮ ਧਾਰਮਕ ਕੱਟੜਤਾ ਦਾ ਇਜ਼ਹਾਰ ਸੀ ਜਿਸ ਦਾ ਦੇਸ਼ ਨੂੰ ਨਾ-ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਧਰਮ ਦੀ ਆੜ ਹੇਠ ਲੜਾਈ ਨਿਰੰਤਰ ਜਾਰੀ ਹੈ ਜੋ ਸਾਡੇ ਸਾਰਿਆਂ ਲਈ ਸ਼ੁੱਭ ਸੰਕੇਤ ਨਹੀਂ ਹੈ। ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਅਸੀ ਸਾਰੇ ਭਾਰਤੀ ਹਾਂ। ਅਸੀ ਸਾਰੇ ਭਰਾ ਹਾਂ, ਇਕ ਹਾਂ। ਧਰਮ ਅਸੀ ਬਣਾਏ ਤੇ ਧਰਮ ਸਾਡੇ ਤੋਂ ਉਪਰ ਨਹੀਂ ਹਨ।
ਧਾਰਮਕ ਤੰਗ ਦਿਲੀ ਸਾਡੀ ਛੋਟੀ ਸੋਚ ਦੀ ਨਿਸ਼ਾਨੀ ਹੈ। ਧਰਮ ਦੇ ਨਾਂ ਤੇ ਮਾਰਨ ਮਰਾਈ ਮੰਦਭਾਗਾ ਰੁਝਾਨ ਹੈ। ਧਰਮ ਨੂੰ ਮੋਹਰਾ ਬਣਾ ਕੇ ਨਿੱਜੀ ਮਫ਼ਾਦਾਂ ਦੀ ਪੂਰਤੀ ਕੀਤੀ ਜਾ ਰਹੀ ਹੈ। ਅਜਿਹਾ ਦੇਸ਼ ਦੀ ਵੰਡ ਵੇਲੇ ਵੀ ਵਾਪਰਿਆ ਸੀ। ਉਸ ਵਕਤ ਵੀ ਜਨਤਾ ਦਾ ਕੋਈ ਕਸੂਰ ਨਹੀਂ ਸੀ ਪਰ ਭੁਗਤਣਾ ਜਨਤਾ ਨੂੰ ਪਿਆ ਸੀ। ਭਾਵੇਂ ਹਰ ਘਟਨਾ ਪਿਛੇ ਧਾਰਮਕ ਕੱਟੜਤਾ ਤਾਂ ਨਹੀਂ ਹੁੰਦੀ ਪਰ ਇਹ ਸੱਚ ਹੈ ਕਿ ਧਾਰਮਕ ਕੱਟੜਤਾ ਦਿਨੋਂ ਦਿਨ ਵਧ ਰਹੀ ਹੈ। ਭਾਵੇਂ ਚੰਗੀ ਸੋਚ ਵਾਲੇ ਅਤੇ ਮਾਨਵਤਾਵਾਦੀ ਬਿਰਤੀ ਵਾਲੇ, ਵਧ ਰਹੀ ਧਾਰਮਕ ਕੱਟੜਤਾ ਤੋਂ ਚਿੰਤਤ ਹਨ।
ਪਰ ਇਹ ਵੀ ਸੱਚ ਹੈ ਕਿ ਧਾਰਮਕ ਕੱਟੜਤਾ ਨੂੰ ਤੂਲ ਦੇਣ ਵਾਲੇ ਕੋਈ ਬਾਹਰਲੇ ਨਹੀਂ ਹਨ, ਸਾਡੇ ਅਪਣੇ ਹੀ ਹਨ, ਜੋ ਨਿਜੀ ਮੁਫ਼ਾਦਾਂ ਖ਼ਾਤਰ ਜਨਤਕ ਹਿੱਤਾਂ ਦੀ ਬਲੀ ਦਿੰਦੇ ਹਨ। ਬਿਨਾਂ ਸ਼ੱਕ ਸਾਡੇ ਦੇਸ਼ ਵਿਚ ਅਨੇਕਾਂ ਧਰਮਾਂ ਨੂੰ ਮੰਨਿਆ ਜਾਂਦਾ ਹੈ ਪਰ ਧਾਰਮਕ ਵਖਰੇਵੇਂ ਦੇ ਬਾਵਜੂਦ ਵੀ ਸਾਨੂੰ ਇਕ ਰਹਿਣਾ ਚਾਹੀਦਾ ਹੈ। ਸਾਡੀ ਪਹਿਚਾਣ ਹੀ ਬਹੁਧਰਮਵਾਦ ਤੇ ਬਹੁਲਤਾਵਾਦ ਵਿਚ ਹੈ। ਅਸੀ ਸਾਂਝੀ ਕੌਮੀਅਤ ਦੇ ਨਾਂ ਤੇ ਤਾਂ ਇਕ ਹੋ ਸਕਦੇ ਹਾਂ ਕਿਉਂਕਿ ਅਸੀ ਸਾਰੇ ਭਾਰਤੀ ਹਾਂ। ਅਸੀ ਸਾਰਿਆਂ ਨੇ ਇਕੱਠੇ ਹੀ ਰਹਿਣਾ ਹੈ ਅਤੇ ਇਕੱਠੇ ਹੀ ਰਹਿੰਦੇ ਆ ਰਹੇ ਹਾਂ। ਵਖਰੇਵੇ ਨਾਲ ਤਾਂ ਕੰਮ ਨਹੀਂ ਚੱਲੇਗਾ।
ਆਪਸੀ ਸਾਂਝ ਸਿਰਜਣਾ ਸਾਡੇ ਸਾਰਿਆਂ ਲਈ ਜ਼ਰੂਰੀ ਹੈ। ਧਰਮ ਆਪੋ ਅਪਣੇ ਹੋ ਸਕਦੇ ਹਨ, ਸੰਵਿਧਾਨ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ। ਨਵੇਂ ਧਰਮ ਵੀ ਆ ਸਕਦੇ ਹਨ, ਸਾਨੂੰ ਉਨ੍ਹਾਂ ਦਾ ਵੀ ਸਵਾਗਤ ਕਰਨਾ ਚਾਹੀਦਾ ਹੈ। ਧਾਰਮਕ ਅਸਹਿਣਸ਼ੀਲਤਾ ਰੱਖ ਕੇ ਅਸੀ ਕਿਸ ਤਰ੍ਹਾਂ ਵਿਚਰਾਂਗੇ, ਜੋ ਕਿਸੇ ਦੇ ਵੀ ਪੱਖ ਵਿਚ ਨਹੀਂ ਹੈ। ਕੋਈ ਦੂਜੇ ਨੂੰ ਮਾਰ ਕੇ ਕਿਸ ਤਰ੍ਹਾਂ ਜੀਵਤ ਰਹਿ ਸਕਦਾ ਹੈ। ਜੀਵਨ ਖ਼ੁਸ਼ਹਾਲੀ ਨਾਲ ਜੀਵਿਆ ਜਾਵੇ ਤਦ ਹੀ ਉੱਤਮ ਜੀਵਨ ਹੈ। ਖ਼ੁਸ਼ਹਾਲੀ ਸਮੂਹਕ ਹੋਵੇ ਤਦ ਹੀ ਜੀਵਨ ਸਾਰਥਕ ਅਤੇ ਅਨੰਦ ਭਰਪੂਰ ਹੋਵੇਗਾ। ਇਕਤਰਫ਼ਾ ਖ਼ੁਸ਼ਹਾਲੀ ਨਾਲ ਕਿਸ ਤਰ੍ਹਾਂ ਵਾਧਾ ਹੋਵੇਗਾ?
ਬਿਨਾਂ ਸ਼ੱਕ ਧਰਮ ਦਾ ਉਦੇਸ਼ ਜੋੜਨਾ ਹੈ, ਤੋੜਨਾ ਨਹੀਂ। ਸਿੱਖ ਧਰਮ, ਇਸਲਾਮ, ਬੁਧ ਧਰਮ ਅਜਿਹੇ ਹੀ ਧਰਮ ਹਨ, ਜੋ ਜੋੜਨ ਦੀ ਗੱਲ ਕਰਦੇ ਹਨ। ਸਾਨੂੰ ਅਜਿਹੇ ਧਰਮਾਂ ਅਤੇ ਮੱਤਾਂ ਮਗਰ ਬਿਲਕੁਲ ਨਹੀਂ ਲਗਣਾ ਚਾਹੀਦਾ, ਜੋ ਵਿਤਕਰੇਬਾਜ਼ੀ ਤੇ ਵੰਡੀਆਂ ਪਾਉਣ ਦੀ ਗੱਲ ਕਰਦੇ ਹਨ। ਕਿਸੇ ਨੂੰ ਕਮਜ਼ੋਰ ਕਰ ਕੇ ਆਪ ਮਜ਼ਬੂਤ ਹੋਣਾ ਕਿਸੇ ਵੀ ਧਰਮ ਦਾ ਆਦੇਸ਼ ਨਹੀਂ। ਜੇਕਰ ਕੋਈ ਧਰਮ ਅਜਿਹਾ ਕਹਿੰਦਾ ਹੈ ਤਾਂ ਉਹ ਧਰਮ ਨਹੀਂ ਹੋ ਸਕਦਾ। ਧਰਮ ਭਰਾ ਮਾਰੂ ਜੰਗ ਦੀ ਇਜਾਜ਼ਤ ਨਹੀਂ ਦਿੰਦਾ। ਭਰਾ ਮਾਰੂ ਜੰਗ ਮੂਰਖਤਾ ਹੈ, ਸਿਆਣਪ ਨਹੀਂ। ਪਰ ਅੱਜ ਧਰਮ ਦੀ ਆੜ ਹੇਠ ਅਜਿਹਾ ਹੋ ਰਿਹਾ ਹੈ, ਜੋ ਚਿੰਤਾਜਨਕ ਹੈ।
ਵਿਚਾਰ ਵਖੋ-ਵਖਰੇ ਹੋ ਸਕਦੇ ਹਨ। ਵਿਚਾਰ ਵਖਰੇ ਹੋਣੇ ਸੁਭਾਵਕ ਹੈ। ਧਰਮ ਵੀ ਵਿਚਾਰਾਂ ਦਾ ਹੀ ਵਖਰੇਵਾਂ ਹੈ। ਇਸ ਤੋਂ ਵੱਧ ਧਰਮ ਕੁੱਝ ਵੀ ਨਹੀਂ। ਕੋਈ ਵੀ ਆਦਮੀ ਅਪਣੇ ਵਿਚਾਰਾਂ ਜ਼ਰੀਏ ਹੀ ਕਿਸੇ ਪਾਸੇ ਲਗਦਾ ਹੈ। ਇਸ ਲਈ ਸਾਨੂੰ ਵਿਚਾਰਾਂ ਦੇ ਵਖਰੇਵੇਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਜਦੋਂ ਅਸੀ ਵਖਰੇ ਵਿਚਾਰਾਂ ਨੂੰ ਸਵੀਕਾਰ ਕਰਾਂਗੇ ਤਾਂ ਅਸੀ ਵੱਖ-ਵੱਖ ਧਰਮਾਂ ਨੂੰ ਵੀ ਬਰਦਾਸ਼ਤ ਕਰਾਂਗੇ ਪਰ ਧਾਰਮਕ ਅਸਿਹਣਸ਼ੀਲਤਾ ਦਿਨੋਂ ਦਿਨ ਵੱਧ ਰਹੀ ਹੈ, ਘੱਟ ਨਹੀਂ ਰਹੀ। ਅਸੀ ਧਰਮਾਂ ਦੇ ਨਾਂ ਉਤੇ ਬੁਰੀ ਤਰ੍ਹਾਂ ਵੰਡੇ ਜਾ ਚੁੱਕੇ ਹਾਂ।
ਸਿੱਖਾਂ ਉਤੇ ਹਮਲੇ, ਮੁਸਲਮਾਨਾਂ ਤੇ ਹਮਲੇ, ਈਸਾਈਆਂ ਤੇ ਹਮਲੇ, ਬੋਧੀਆਂ ਤੇ ਹਮਲੇ, ਧਾਰਮਕ ਕੱਟੜਤਾ ਤੋਂ ਵੱਧ ਕੁੱਝ ਨਹੀਂ ਹਨ। ਜਿਥੇ ਕਿਸੇ ਧਰਮ ਦੇ ਸ਼ਰਧਾਲੂਆਂ ਦੀ ਗਿਣਤੀ ਵੱਧ ਹੈ, ਉਹ ਦੂਜੇ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਕੁੱਝ ਦਿਨ ਪਹਿਲਾਂ ਸਿਲਾਂਗ ਵਿਚ ਇਸਾਈਆਂ ਵਲੋਂ ਸਿੱਖਾਂ ਉਤੇ ਹਮਲੇ ਕੀਤੇ ਗਏ। ਜੰਮੂ ਕਸ਼ਮੀਰ ਵਿਚ ਮੁਸਲਮਾਨਾਂ ਵਲੋਂ ਹਿੰਦੂਆਂ ਨੂੰ ਖਦੇੜਨ ਦੀ ਨੀਤੀ ਜਾਰੀ ਹੈ। ਇਹ ਮਜ਼੍ਹਬੀ ਨਫ਼ਰਤ ਹੈ। ਸਰਕਾਰਾਂ ਇਸ ਪਾਸੇ ਸੰਜੀਦਾ ਨਹੀਂ ਹਨ। ਕੋਈ ਵੱਡੀ ਘਟਨਾ ਵਾਪਰ ਜਾਵੇ ਤਾਂ ਮਗਰਮੱਛ ਵਾਲੇ ਹੰਝੂ ਵਹਾ ਦਿਤੇ ਜਾਂਦੇ ਹਨ। ਛੋਟੀ ਮੋਟੀ ਘਟਨਾ ਨੂੰ ਤਾਂ ਅਣਗੌਲਿਆ ਹੀ ਕਰ ਦਿਤਾ ਜਾਂਦਾ ਹੈ।
ਸਰਕਾਰਾਂ ਲਈ ਤਾਂ ਅਜਿਹੇ ਰੌਲੇ ਰੱਪੇ ਵਾਲੇ ਹਾਲਾਤ ਚੰਗੇ ਹਨ, ਲੋਕਾਂ ਦੀ ਆਪਸੀ ਲੜਾਈ ਤਾਂ ਸਰਕਾਰਾਂ ਤੇ ਸਿਆਸੀ ਲੋਕਾਂ ਲਈ ਮਾਫ਼ਕ ਹੈ। ਅਜਿਹੇ ਹਾਲਾਤਾਂ ਵਿਚ ਲੋਕਾਂ ਦਾ ਧਿਆਨ ਸਰਕਾਰ ਦੇ ਕੰਮਾਂ ਕਾਰਾਂ ਤੋਂ ਹੱਟ ਜਾਂਦਾ ਹੈ। ਧਾਰਮਕ ਕੱਟੜਤਾ ਘਟਣ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ, ਲੜਾਈਆਂ ਘਟਣਗੀਆਂ, ਆਪਸੀ ਪਿਆਰ, ਭਾਈਚਾਰਕ ਸਾਂਝ ਵਧੇਗੀ। ਦੇਸ਼ ਤੇ ਸਮਾਜ ਮਜ਼ਬੂਤ ਹੋਵੇਗਾ। ਖ਼ੁਸ਼ਹਾਲੀ ਪਰਤੇਗੀ। ਸੁਰੱਖਿਆ ਦਾ ਮਾਹੌਲ ਬਣੇਗਾ। ਕੰਮ ਕਾਰ ਵਿਚ ਵਾਧਾ ਹੋਵੇਗਾ। ਇਕ ਮਜ਼ਬੂਤ ਕੌਮ ਅਤੇ ਕੌਮੀਅਤ ਦਾ ਜਨਮ ਹੋਵੇਗਾ। ਪਰ ਅੱਜ ਤਾਂ ਧਾਰਮਕ ਲੜਾਈਆਂ ਆਮ ਹੋ ਗਈਆਂ ਹਨ।
ਸਹਿਣਸ਼ੀਲਤਾ ਬਿਲਕੁਲ ਨਹੀਂ ਰਹੀ। ਇਕ ਦੂਜੇ ਦੇ ਧਰਮ ਦਾ ਅਪਮਾਨ ਕਰਨਾ ਆਮ ਹੋ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ, ਕੁਰਾਨ ਸਰੀਫ਼ ਦਾ ਅਪਮਾਨ, ਪਵਿੱਤਰ ਬਾਈਬਲ ਦਾ ਅਪਮਾਨ ਆਮ ਹੋ ਗਿਆ ਹੈ। ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਅਜਿਹੀ ਘਟਨਾ ਨਾ ਵਾਪਰੇ। ਹੁਣ ਤਾਂ ਇੰਜ ਲੱਗ ਰਿਹਾ ਹੈ ਕਿ ਅਸੀ ਸਿਰਫ਼ ਮਜ਼੍ਹਬੀ ਝਗੜਿਆਂ ਤਕ ਹੀ ਸੀਮਤ ਹੋ ਕੇ ਰਹਿ ਗਏ ਹਾਂ। ਮੁਕਾਬਲੇਬਾਜ਼ੀ ਚੱਲ ਪਈ ਹੈ। ਬਿਨਾਂ ਸ਼ੱਕ ਅਸੀ ਵਖਰੇ-ਵਖਰੇ ਧਰਮਾਂ ਦੇ ਪੈਰੋਕਾਰ ਹਾਂ ਪਰ ਅਸੀ ਸਾਰੇ ਭਰਾ ਹਾਂ, ਵੈਰੀ ਨਹੀਂ। ਅਸੀ ਅਪਣੇ ਪਿਛੇ ਵਾਲਿਆਂ ਲਈ ਕੰਡੇ ਬੀਜ ਰਹੇ ਹਾਂ।
ਅਸੀ ਗ਼ਲਤ ਸੁਨੇਹਾ ਦੇ ਰਹੇ ਹਾਂ ਜਿਸ ਦਾ ਧਰਮ ਨਾਲ ਕੋਈ ਵੀ ਸਬੰਧ ਨਹੀਂ ਹੈ। ਹਜ਼ਰਤ ਮੁਹੰਮਦ ਸਾਹਬ ਨੇ ਹਮੇਸ਼ਾਂ ਗੁਆਂਢੀ ਨਾਲ ਪਿਆਰ ਕਰਨ ਦਾ ਸੁਨੇਹਾ ਦਿਤਾ ਹੈ। ਬਾਬੇ ਨਾਨਕ ਨੇ ਸਰਬ ਸਾਂਝੀਵਾਲਤਾ ਦੀ ਗੱਲ ਕੀਤੀ ਹੈ। ਮਹਾਤਮਾ ਬੁਧ ਨੇ ਮਾਨਵਤਾਵਾਦ ਦੀ ਗੱਲ ਕੀਤੀ ਹੈ। ਅਜਿਹੇ ਹਾਲਾਤ ਵਿਚ ਅਸੀ ਕਿਸ ਧਰਮ ਨੂੰ ਮੰਨਦੇ ਹਾਂ? ਇਹ ਸਵਾਲ ਉਭਰ ਕੇ ਸਾਹਮਣੇ ਆ ਜਾਂਦਾ ਹੈ। ਸਾਡੇ ਹਾਲਾਤ ਤੋਂ ਤਾਂ ਲਗਦਾ ਹੈ ਕਿ ਅਸੀ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ। ਅਸੀ ਜੋ ਕਰ ਰਹੇ ਹਾਂ, ਉਹ ਨਿਜੀ ਸਵਾਰਥ ਲਈ ਕਰ ਰਹੇ ਹਾਂ। ਧਰਮਾਂ ਦੇ ਬਾਨੀ ਮਾਨਵਤਾਵਾਦ ਦਾ ਸੁਨੇਹਾ ਦੇ ਕੇ ਗਏ ਹਨ ਜੋ ਅਸੀ ਵਿਸਾਰ ਦਿਤਾ ਹੈ।
ਧਾਰਮਕ ਕੱਟੜਤਾ ਸਾਡੇ ਗੁਰੂਆਂ ਵਲ ਤੇ ਉਨ੍ਹਾਂ ਵਲੋਂ ਦਰਸਾਏ ਮਾਰਗ ਵਲ ਪਿੱਠ ਕਰਨ ਬਰਾਬਰ ਹੈ। ਅਸੀ ਅਧਰਮੀ ਹੋ ਚੁੱਕੇ ਹਾਂ। ਅਸੀ ਸ਼ੈਤਾਨ ਮਾਨਸਕਤਾ ਪਾਲ ਲਈ ਹੈ। ਅਸੀ ਸਰਬ ਸਾਂਝੇ ਹਿੱਤ ਕਤਲ ਕਰ ਦਿਤੇ ਹਨ। ਸਾਡੇ ਗੁਰੂਆਂ ਨੇ ਸਾਨੂੰ ਸਹੀ ਸੇਧ ਦਿਤੀ ਸੀ। ਸਾਨੂੰ ਸਹਿਣਸ਼ੀਲਤਾ ਦਾ ਪਾਠ ਪੜ੍ਹਾਇਆ ਸੀ। ਅਸੀ ਧਾਰਮਕ ਕੱਟੜਤਾ ਨੂੰ ਗਲ ਲਗਾ ਕੇ ਦਿਸ਼ਾਹੀਣਤਾ ਵਲ ਜਾ ਰਹੇ। ਅਸੀ ਆਪ ਹੀ ਦਿਸ਼ਾਹੀਣ ਹੋ ਚੁੱਕੇ ਹਾਂ, ਬਾਕੀਆਂ ਲਈ ਕੀ ਕਰਾਂਗੇ? ਇਹ ਅਸੀ ਕਦੇ ਵੀ ਨਹੀਂ ਸੋਚਿਆ। ਲੜ-ਭਿੜ ਕੇ ਅਸੀ ਕਿਹੜਾ ਚੰਗਾ ਸੁਨੇਹਾ ਦੇ ਰਹੇ ਹਾਂ।
ਸਾਨੂੰ ਯਾਦ ਰਖਣਾ ਚਾਹੀਦਾ ਹੈ ਕਿ ਧਾਰਮਕ ਕੱਟੜਤਾ ਜੰਗ ਲਈ ਰਸਤਾ ਤਿਆਰ ਕਰਦੀ ਹੈ, ਜੋ ਮਾਨਵਤਾ ਦੇ ਨਾਸ਼ ਵਲ ਪੁੱਟੇ ਕਦਮਾਂ ਤੋਂ ਸਿਵਾਏ ਕੁੱਝ ਵੀ ਨਹੀਂ। ਦੇਸ਼ ਵੰਡ ਵੇਲੇ ਸਾਡੇ ਦਸ ਲੱਖ ਭੈਣ ਭਰਾ ਅਜਾਈਂ ਗਏ ਸੀ, ਸਿਰਫ਼ ਧਾਰਮਕ ਕੱਟੜਤਾ ਕਰ ਕੇ। ਹਿੰਦੂਆਂ ਨੇ ਮੁਸਲਮਾਨ ਦੀ ਮਾਰ ਮਰਾਈ ਕੀਤੀ, ਮੁਸਲਮਾਨਾਂ ਨੇ ਹਿੰਦੂਆਂ ਸਿੱਖਾਂ ਦੀ ਮਾਰ ਮਰਾਈ ਕੀਤੀ, ਮਿਲਿਆ ਕੀ? ਕੁੱਝ ਵੀ ਨਹੀਂ। ਪਰ ਅਸੀ ਕੋਈ ਸਬਕ ਨਹੀਂ ਸਿਖਿਆ। ਅੱਜ ਵੀ ਅਸੀ ਧਾਰਮਕ ਕੱਟੜਤਾ ਦੀ ਗੱਲ ਕਰ ਕੇ ਕੰਡੇ ਬੀਜ ਰਹੇ ਹਾਂ ਜੋ ਸਾਨੂੰ ਤੇ ਬਾਅਦ ਵਾਲਿਆਂ ਨੂੰ ਚੁਗਣੇ ਪੈਣੇ ਹਨ।
ਦੁਨੀਆਂ ਦਾ ਕੋਈ ਇਕ ਧਰਮ ਜਾਂ ਮਜ਼੍ਹਬ ਕਦੇ ਵੀ ਨਹੀਂ ਹੋ ਸਕਦਾ। ਵਿਚਾਰਧਾਰਾ ਸਾਰਿਆਂ ਦੀ ਇਕ ਕਦੇ ਵੀ ਨਹੀਂ ਹੋ ਸਕਦੀ। ਜਦੋਂ ਵੀ ਕਦੇ ਕਿਸੇ ਸਥਾਪਤ ਵਿਵਸਥਾ ਵਿਚ ਵਿਗਾੜ ਆਉਂਦਾ ਹੈ ਤਾਂ ਨਵੀਂ ਵਿਵਸਥਾ ਦਾ ਜਨਮ ਹੁੰਦਾ ਹੈ। ਇਹ ਚਲਦਾ ਰਿਹਾ ਹੈ ਅਤੇ ਚਲਦਾ ਰਹੇਗਾ। ਨਵੇਂ ਧਰਮ ਪੈਦਾ ਹੁੰਦੇ ਰਹਿਣਗੇ, ਕੋਈ ਰੋਕ ਨਹੀਂ ਸਕਦਾ। ਸਾਡੇ ਸੰਵਿਧਾਨ ਵਿਚ ਕਿਸੇ ਵੀ ਧਰਮ ਨੂੰ ਰਾਜ ਧਰਮ ਦੀ ਸਰਪ੍ਰਸਤੀ ਨਹੀਂ ਦਿਤੀ ਗਈ। ਸੰਵਿਧਾਨ ਵਿਚ ਹਰ ਧਰਮ ਨੂੰ ਵੱਧਣ ਫੁੱਲਣ ਦੀ ਅਜ਼ਾਦੀ ਦਿਤੀ ਗਈ। ਰਾਜ ਦਾ ਆਪਣਾ ਕੋਈ ਧਰਮ ਨਹੀਂ। ਮੌਜੂਦਾ ਹਿੰਦੂਵਾਦ ਨੂੰ ਬੜ੍ਹਾਵਾ ਦੇਣ ਦੀ ਪ੍ਰਵਿਰਤੀ ਭਾਰਤੀ ਸੰਵਿਧਾਨ ਦੀ ਸਿਧੀ ਸਿੱਧੀ ਉਲੰਘਣਾ ਹੈ।
ਧਰਮ ਹਰ ਇਕ ਦਾ ਨਿਜੀ ਮਸਲਾ ਹੈ। ਕਿਸੇ ਨਾਲ ਵੀ ਇਸ ਵਿਸ਼ੇ ਤੇ ਜਬਰਦਸਤੀ ਕਰਨ ਦੀ ਦੇਸ਼ ਦਾ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ। ਅਸੀ ਦਿਸ਼ਾਹੀਣ ਹੋ ਚੁੱਕੇ ਹਾਂ। ਜੇਕਰ ਸਾਡੀ ਕੋਈ ਆਜ਼ਾਦੀ ਹੈ ਤਾਂ ਸਾਡੇ ਗੁਆਂਢੀ ਦੀ ਵੀ ਉਹੀ ਆਜ਼ਾਦੀ ਹੈ। ਕੰਮ ਤਦ ਹੀ ਚਲੇਗਾ ਜੇਕਰ ਹਰ ਕਈ ਅਪਣੀ ਆਜ਼ਾਦੀ ਮਾਣਦੇ ਹੋਏ ਦੂਜੇ ਦੀ ਆਜ਼ਾਦੀ ਦਾ ਵੀ ਧਿਆਨ ਰੱਖੇ। ਇਕ ਤਰਫ਼ਾ ਆਜ਼ਾਦੀ ਦੀ ਤਾਂ ਸਾਡਾ ਸੰਵਿਧਾਨ ਇਜਾਜ਼ਤ ਹੀ ਨਹੀਂ ਦਿੰਦਾ। ਧਾਰਮਕ ਕੱਟੜਤਾ ਤਹਿਤ ਅਸੀ ਬਦਲਾ ਲੈਣ ਦੀ ਭਾਵਨਾ ਪਾਲ ਲਈ ਹੈ।
ਲੜਾਈਆਂ, ਬਦਲਾਲਊ ਭਾਵਨਾ ਦੀ ਹੀ ਦੇਣ ਹਨ। ਧਾਰਮਕ ਕੱਟੜਤਾ ਤਹਿਤ ਹੀ ਮਹਾਨ ਧਾਰਮਕ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ। ਵਰਨਾ ਧਾਰਮਕ ਗ੍ਰੰਥ ਤਾਂ ਗਿਆਨ ਦੇ ਅਮੁਲ ਖ਼ਜ਼ਾਨੇ ਹਨ, ਜੋ ਸਹੀ ਅਤੇ ਅਸਲੀ ਜੀਵਨ ਜਾਚ ਦਾ ਰਸਤਾ ਦਸਦੇ ਹਨ। ਅਸੀ ਮਹਾਨ ਪਵਿੱਤਰ ਗ੍ਰੰਥਾਂ ਨੂੰ ਅਪਣੇ ਅਤੇ ਪਰਾਏ ਬਣਾ ਲਿਆ ਹੈ, ਜੋ ਮੰਦਭਾਗਾ ਹੈ। ਇਹ ਤੰਗ ਬੁੱਧੀ ਦੀ ਨਿਸ਼ਾਨੀ ਹੈ। ਠੀਕ ਇਸ ਕਰ ਕੇ ਹੀ ਧਾਰਮਕ ਕੱਟੜਤਾ ਵੱਧ ਗਈ ਹੈ। ਜੇਕਰ ਅਸੀ ਮਹਾਨ ਧਾਰਮਕ ਗ੍ਰੰਥਾਂ ਵਿਚ ਦਿਤੇ ਉਪਦੇਸ਼ਾਂ ਨੂੰ ਮੰਨੀਏ ਤਾਂ ਲੜਾਈ ਨਾਂ ਦਾ ਲਫ਼ਜ਼ ਹੀ ਖ਼ਤਮ ਹੋ ਜਾਵੇਗਾ।
ਮਹਾਤਮਾ ਬੁਧ ਦਾ ਕਥਨ ਹੈ ਕਿ ਜੇਕਰ ਸਾਰੇ ਅਪਣੇ ਆਪ ਨੂੰ ਸੁਧਾਰ ਲੈਣ ਤਾਂ ਬੁਰਾਈ ਖ਼ਤਮ ਹੋ ਜਾਵੇਗੀ। ਜੇਕਰ ਬਾਬਾ ਨਾਨਕ ਸਾਹਿਬ ਦੀ ਵੰਡ ਕੇ ਛਕਣ ਦੀ ਨੀਤੀ ਲਾਗੂ ਹੋ ਜਾਵੇ ਤਾਂ ਵਿਤਕਰੇਬਾਜ਼ੀ ਦਾ ਨਾਂ ਨਿਸ਼ਾਨ ਹੀ ਮਿੱਟ ਜਾਵੇਗਾ। ਜੇਕਰ ਹਜ਼ੱਰਤ ਮੁਹੰਮਦ ਸਾਹਿਬ ਦੀ ਗੁਆਂਢੀ ਨੂੰ ਭਰਾ ਮੰਨਣ ਦੀ ਨੀਤੀ ਲਾਗੂ ਹੋ ਜਾਵੇ ਤਾਂ ਨਫ਼ਰਤ ਦਾ ਲਫ਼ਜ਼ ਹੀ ਖ਼ਤਮ ਹੋ ਜਾਵੇਗਾ। ਚੰਗੇ ਬਣਨਾ ਜਾਂ ਕੁਰੀਤੀਆਂ ਦੂਰ ਕਰਨੀਆਂ ਸਾਡੇ ਅਪਣੇ ਹੱਥ ਹੈ। ਅਜਿਹਾ ਕਰਨ ਲਈ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ। ਲੋੜ ਜੁੜਨ ਤੇ ਜੋੜਨ ਦੀ ਹੈ ਜੋ ਅਸੀ ਨਹੀਂ ਕਰ ਰਹੇ। ਸਿਰਫ ਅਪਣੇ ਆਪ ਨੂੰ ਸੁਧਾਰਨ ਦੀ ਜ਼ਰੂਰਤ ਹੈ।
ਸਿਰਫ਼ ਦੂਜੇ ਨੂੰ ਪਿਆਰ ਕਰਨ ਦੀ ਜ਼ਰੂਰਤ ਹੈ। ਜ਼ਰੂਰਤ ਵਧੀਆ ਅਤੇ ਸਰਬ ਸਾਂਝੀ ਸੋਚ ਰੱਖਣ ਦੀ ਹੈ। ਸਾਰੇ ਮਸਲੇ ਹੱਲ ਹੋ ਜਾਣਗੇ। ਲੜਾਈ ਦੀ ਜ਼ਰੂਰਤ ਨਹੀਂ ਰਹੇਗੀ। ਸੱਭ ਕੁੱਝ ਸੋਚ ਉਤੇ ਨਿਰਭਰ ਹੈ। ਜੇਕਰ ਕੋਈ ਚੰਗਾ ਬਣਦਾ ਹੈ ਤਾਂ ਚੰਗੀ ਸੋਚ ਕਰ ਕੇ ਹੀ ਬਣਦਾ ਹੈ। ਜੇਕਰ ਕੋਈ ਵੱਡਾ ਬਣਦਾ ਹੈ ਤਾਂ ਵੱਡੀ ਸੋਚ ਕਰ ਕੇ ਬਣਦਾ ਹੈ। ਜੇਕਰ ਮਾੜਾ ਬਣਦਾ ਹੈ ਤਾਂ ਮਾੜੀ ਸੋਚ ਕਰ ਕੇ ਬਣਦਾ ਹੈ। ਅੱਜ ਜੋ ਧਾਰਮਕ ਕੱਟੜਤਾ ਤਹਿਤ ਲੜਾਈਆਂ ਹੋ ਰਹੀਆਂ ਹਨ, ਉਹ ਸਾਡੀ ਨਕਾਰਾਤਮਕ ਸੋਚ ਦਾ ਹੀ ਨਤੀਜਾ ਹੈ। ਸਾਡੀ ਨਕਾਰਾਤਮਕ ਸੋਚ ਨੇ ਹੀ ਆਪਸੀ ਨਫ਼ਰਤ ਪੈਦਾ ਕੀਤੀ ਹੈ।
ਦੇਸ਼ ਦਾ ਧਰਮ-ਨਿਰਪੱਖ ਸਰੂਪ ਹਰ ਹੀਲੇ ਕਾਇਮ ਰਹਿੰਦਾ ਹੈ। ਅੱਜ ਦੇਸ਼ ਦਾ ਧਰਮ-ਨਿਰਪੱਖ ਸਰੂਪ ਖ਼ਤਰੇ ਵਿਚ ਹੈ ਜਿਸ ਦੇ ਅਸੀ ਖ਼ੁਦ ਜ਼ਿੰਮੇਵਾਰ ਹਾਂ ਜਿਸ ਕਾਰਨ ਦੇਸ਼ ਦੇ ਧਰਮ ਨਿਰਪੱਖ ਸਰੂਪ ਉਤੇ ਹਮਲੇ ਹੋ ਰਹੇ ਹਨ। ਖੁੱਲ੍ਹੇ ਆਮ ਦੇਸ਼ ਦੇ ਧਰਮ ਨਿਰਪੱਖ ਸਰੂਪ ਨੂੰ ਚੁਣੌਤੀ ਦਿਤੀ ਜਾ ਰਹੀ ਹੈ। ਪਰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਕਾਇਮੀ ਲਈ ਦੇਸ਼ ਦਾ ਧਰਮ ਨਿਰਪੱਖ ਸਰੂਪ ਕਾਇਮ ਰਹਿਣਾ ਅਤੀ ਜ਼ਰੂਰੀ ਹੈ ਵਰਨਾ ਬਲ ਰਹੀ ਅੱਗ ਦਾ ਸੇਕ ਚਾਰੇ ਪਾਸੇ ਜਾਵੇਗਾ।
ਮੋਬਾਇਲ: 98141-25593