Punjabni Culture: ਬੜਾ ਅਨੰਦਮਈ ਹੁੰਦਾ ਸੀ ਜੰਝ ਵਿਚ ਜਾ ਕੇ ਕੋਰਿਆਂ ’ਤੇ ਬੈਠ ਕੇ ਰੋਟੀ ਖਾਣਾ
Published : Oct 10, 2024, 9:30 am IST
Updated : Oct 10, 2024, 9:30 am IST
SHARE ARTICLE
It used to be very pleasant to go to Janjh and eat bread sitting on the straw
It used to be very pleasant to go to Janjh and eat bread sitting on the straw

Punjabni Culture: ਸਾਰਾ ਪਿੰਡ ਹੀ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਰੁਝ ਜਾਂਦਾ ਸੀ।

 

Punjabni Culture: ਪੰਜਾਬੀ ਸਭਿਆਚਾਰ ਦੇ ਰੰਗ ਵੀ ਬੜੇ ਨਿਆਰੇ ਨੇ। ਪੰਜਾਬ ਦੇ ਪਿੰਡਾਂ ਵਿਚ ਪੁਰਾਣੇ ਸਮੇਂ ਬਾਰੇ ਝਾਤ ਮਾਰਿਆਂ ਮਨ ਕੁੱਝ ਨਵਾਂ ਹੀ ਅਹਿਸਾਸ ਕਰਦਾ ਹੈ। ਪਿੰਡ ਦੇ ਨਜ਼ਾਰੇ ਵਿਚ ਤਾਂ ਉਸ ਸਮੇਂ ਰੰਗ ਬੰਨ੍ਹੇ ਜਾਂਦੇ ਸਨ ਜਦੋਂ ਕਦੇ ਪਿੰਡ ਵਿਚ ਕਿਸੇ ਕੁੜੀ ਦਾ ਵਿਆਹ ਹੁੰਦਾ ਸੀ। ਸਾਰਾ ਪਿੰਡ ਹੀ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਰੁਝ ਜਾਂਦਾ ਸੀ।

ਔਰਤਾਂ ਖ਼ਾਸ ਕਰ ਕੇ ਬਰਾਤੀਆਂ ਲਈ ਨਵੀਆਂ-ਨਵੀਆਂ ਸਿੱਠਣੀਆਂ ਪਰੋਸਣ ਦੀਆਂ ਤਿਆਰੀਆਂ ਕਰਨ ਲਗਦੀਆਂ। ਪਰ ਪੁਰਾਣੇ ਸਮਿਆਂ ਵਿਚ ਬਰਾਤ ਦੀ ਆਉ-ਭਗਤ ਨੂੰ ਵਿਸ਼ੇਸ਼ ਤਰਜ਼ੀਹ ਦਿਤੀ ਜਾਂਦੀ ਸੀ। ਬਰਾਤ ਵੀ ਦੋ ਤਿੰਨ ਦਿਨ ਠਹਿਰਦੀ ਸੀ ਅਤੇ ਸਾਰਾ ਪਿੰਡ ਹੀ ਬਰਾਤ ਦੀ ਸੇਵਾ ਵਿਚ ਲਗਿਆ ਰਹਿੰਦਾ। ਕੋਈ ਮੰਜੇ-ਬਿਸਤਰਿਆਂ ਦੀ ਸੇਵਾ ਕਰਦਾ, ਕੋਈ ਬਰਾਤ ਦੇ ਇਸ਼ਨਾਨ-ਪਾਣ ਲਈ ਪਾਣੀ ਦਾ ਬੰਦੋਬਸਤ ਕਰਦਾ, ਕੋਈ ਹਲਵਾਈ ਨਾਲ ਮਿਲ ਕੇ ਬਰਾਤ ਲਈ ਭਾਂਤ-ਭਾਂਤ ਦੀ ਮਠਿਆਈ ਬਣਵਾਉਣ ਵਿਚ ਲਗਿਆ ਰਹਿੰਦਾ।

ਔਰਤਾਂ ਇਕੱਠੀਆਂ ਹੋ ਤਵੀ ’ਤੇ ਰੋਟੀਆਂ ਜਾਂ ਪੁਰਾਣੇ ਸਮੇਂ ਦੀਆਂ ਪੋਲੀਆਂ ਬਣਾਉਣ ਵਿਚ ਖ਼ੁਸ਼ ਰਹਿੰਦੀਆਂ ਹੋਈਆਂ, ਗੀਤਾਂ ਦੀਆਂ ਬਹਾਰਾਂ ਲਗਾ ਰਖਦੀਆਂ। ਇੰਜ ਲਗਦਾ ਹੁੰਦਾ ਕਿ ਜਿਵੇਂ ਇਕ ਕੁੜੀ ਦੇ ਵਿਆਹ ਨੇ ਸਾਰੇ ਪਿੰਡ ਨੂੰ ਹੀ ਕੰਮ ਲਗਾ ਦਿਤਾ ਹੋਵੇ।
ਪਰ ਜੰਝ ਆਉਣ ਵਾਲੇ ਵਿਅਕਤੀਆਂ ਵਿਚ ਵੀ ਜੰਝ ਚੜ੍ਹਨ ਦਾ ਚਾਅ ਹੁੰਦਾ ਸੀ ਜਿਸ ਪਿੰਡ ਵਿਚ ਕਿਸੇ ਮੁੰਡੇ ਦੀ ਜੰਝ ਚੜ੍ਹਦੀ ਤਾਂ ਉਸ ਦੇ ਰਿਸ਼ਤੇਦਾਰ, ਮੇਲੀ ਅਤੇ ਪਿੰਡ ਦੇ ਖ਼ਾਸ ਵਿਅਕਤੀ ਜੰਝ ਜਾਣ ਲਈ ਨਵੇਂ ਕਪੜੇ ਬਣਵਾਉਣ ਅਤੇ ਪੂਰੀ ਠਾਠ ਨਾਲ ਜੰਝ ਚੜ੍ਹਨ ਦੀ ਤਿਆਰੀ ਕਰਦੇ।

ਕਿਸੇ ਵੀ ਪਿੰਡ ਵਿਚ ਗਾਜਿਆਂ-ਬਾਜਿਆਂ ਨਾਲ ਜੰਝ ਚੜ੍ਹਨ ਦਾ ਨਜ਼ਾਰਾ ਦੇਖਣ ਯੋਗ ਹੁੰਦਾ ਸੀ। ਉਨ੍ਹਾਂ ਦਿਨਾਂ ਵਿਚ ਜੰਝਾਂ ਵੀ ਰਥਾਂ, ਘੋੜਿਆਂ, ਗੱਡਿਆਂ ਜਾਂ ਊਠਾਂ ਉਤੇ ਜਾਇਆ ਕਰਦੀਆਂ ਸਨ। ਮੋਟਰ ਕਾਰਾਂ ਦਾ ਜ਼ਮਾਨਾ ਅਜੇ ਨਹੀਂ ਸੀ ਆਇਆ। ਜੰਝ ਚੜ੍ਹਦੀ ਨੂੰ ਸਾਰਾ ਪਿੰਡ ਹੀ ਦੇਖਣ ਆਇਆ ਕਰਦਾ ਸੀ ਤਾਂ ਹੀ ਤਾਂ ਪੰਜਾਬੀ ਸਭਿਆਚਾਰ ਅਨੁਸਾਰ ਕਿਹਾ ਜਾਂਦਾ ਸੀ :
ਵਿਆਂਦੜ ਗੱਭਰੂ ਰੱਥ ਵਿਚ ਬਹਿ ਗਿਆ

ਉਪਰ ਛਤਰੀ ਲਾ ਕੇ
ਵੀਰ ਉਸ ਦੇ ਚੜ੍ਹ ਗਏ ਊਠਾਂ ’ਤੇ
ਪੈਰੀਂ ਝਾਂਜਰਾਂ ਪਾ ਕੇ
ਚਾਚੇ, ਤਾਏ, ਮਾਮੇ, ਦੋਸਤ ਜੰਝ ਚੜ੍ਹ ਗਏ ਹੁਮ ਹੁੰਮਾ ਕੇ
ਭੰਗੜਾ ਖ਼ੂਬ ਪਿਆ, ਜਦ ਜੰਝ ਢੁੱਕੀ ਦਰਵਾਜ਼ੇ।

ਇਸ ਤਰ੍ਹਾਂ ਇਹ ਸਮਾਂ ਬਹੁਤ ਹੀ ਸੁਹਾਵਣਾ ਅਤੇ ਸਾਰੇ ਪਿੰਡ ਲਈ ਖ਼ੁਸ਼ੀਆਂ ਭਰਿਆ ਹੁੰਦਾ ਸੀ। ਜਾਂਝੀ ਇਕ ਦੂਜੇ ਦੀ ਟੌਹਰ ਦੇ ਕੇ ਮਸਕਰੀਆਂ ਕਰਦੇ। ਇਸੇ ਤਰ੍ਹਾਂ ਜਦੋਂ ਫਿਰ ਜੰਝ ਕਿਸੇ ਦੂਜੇ ਪਿੰਡ ਕੁੜੀ ਵਾਲਿਆਂ ਦੇ ਪਿੰਡ ਪਹੁੰਚਦੀ ਤਾਂ ਜਾਂਝੀਆਂ ਵਲੋਂ ਖ਼ੂਬ ਭੰਗੜਾ ਪਾਇਆ ਜਾਂਦਾ ਅਤੇ ਹਰ ਇਕ ਬਰਾਤੀ ਅਪਣੇ ਆਪ ਨੂੰ ਵਿਸ਼ੇਸ਼ ਮਹਿਮਾਨ ਸਮਝਦਾ ਹੋਇਆ ਧਰਤੀ ’ਤੇ ਪੈਰ ਨਾ ਲਗਾਉਂਦਾ। ਉਧਰ ਕੁੜੀ ਵਾਲੇ ਵੀ ਭੰਗੜੇ ਦਾ ਜ਼ੋਰ ਬੰਦ ਹੋਣ ਤੇ ਬਰਾਤੀਆਂ ਨੂੰ ਵੱਡੇ ਪਿੱਪਲ ਜਾਂ ਵਿਰਾਸਤੀ ਬੋਹੜ ਹੇਠ ਦਰਵਾਜ਼ੇ ਦੇ ਬਾਹਰ ਵਲ ਹੀ ਨਵੇਂ ਵਿਛਾਏ ਚਿੱਟੇ ਕੋਰਿਆਂ ’ਤੇ ਬੈਠਣ ਲਈ ਕਹਿੰਦੇ। ਬਰਾਤੀ ਮੜਕ ਨਾਲ ਪੈਰ ਪੁੱਟਦੇ ਹੋਏ ਅਪਣੇ ਤੰਬਿਆਂ ਨੂੰ ਸੰਭਾਲਦੇ ਹੋਏ ਉਨ੍ਹਾਂ ਕੋਰਿਆਂ ਪਰ ਜਾ ਬੈਠਦੇ।

ਪਰ ਇਹ ਮੌਕਾ ਹੁੰਦਾ ਸੀ ਬਰਾਤ ਦੇ ਸਵਾਗਤ ਦਾ, ਤਾਂ ਪਿੰਡ ਦੀਆਂ ਔਰਤਾਂ ਜਿਨ੍ਹਾਂ ਨੇ ਪਹਿਲਾ ਹੀ ਨੇੜੇ ਦੇ ਕੋਠਿਆਂ ਤੇ ਬਨੇਰੇ ਮੱਲ੍ਹੇ ਹੁੰਦੇ ਸਨ, ਗੀਤਾਂ ਦਾ ਮੀਂਹ ਵਰਸਾਉਣਾ ਸ਼ੁਰੂ ਕਰ ਦਿੰਦੀਆਂ। ਸ਼ੁਰੂ-ਸ਼ੁਰੂ ਵਿਚ ਤਾਂ ਉਹ ਸਤਿਕਾਰ ਵਜੋਂ ਸਵਾਗਤੀ ਗੀਤ ਗਾਉਂਦੀਆਂ ਅਤੇ ਕਹਿੰਦੀਆਂ ਸੁਣੀਆਂ ਜਾਂਦੀਆਂ:

ਸਾਡੇ ਨਵੇਂ ਨੀ ਸੱਜਣ ਘਰ ਆਏ,
ਸਲਾਮੀ ਦੇ ਨੈਣ ਭਰੇ।

ਪਰ ਕਈ ਸ਼ਰਾਰਤੀ ਕੁੜੀਆਂ, ਸਵਾਗਤੀ ਗੀਤ ਦਾ ਰੁਖ਼ ਬਦਲ ਕੇ ਬਰਾਤੀਆਂ ਨੂੰ ਕੋਈ ਹੋਰ ਵੀ ਟਕੋਰ ਲਗਾ ਜਾਂਦੀਆਂ ਅਤੇ ਇਸੇ ਗੀਤ ਨੂੰ ਕੁੱਝ ਇੰਦਾ ਬੋਲ ਦੇਂਦੀਆਂ:

ਸਾਡੇ ਨਵੇਂ ਹੀ ਸੱਜਣ ਘਰ ਆਏ,
ਝਿਲਆਨੀ ਦੇ ਗੈਲ ਖੜੇ।

ਸਵਾਗਤੀ ਗੀਤ ਤੋਂ ਬਾਅਦ ਔਰਤਾਂ ਵੀ ਜਾਂਝੀਆਂ ਨੂੰ ਸਿੱਠਣੀਆਂ ਦੇਣੀਆਂ ਸ਼ੁਰੂ ਕਰ ਦੇਂਦੀਆਂ ਅਤੇ ਲਾੜੇ, ਲਾੜੇ ਦੇ ਪਿਉ ਅਤੇ ਵਿਚੋਲੇ ਖ਼ਾਸ ਕਰ ਕੇ ਉਨ੍ਹਾਂ ਦੇ ਰਾਡਾਰ ’ਤੇ ਹੁੰਦੇ। ਪਰ ਜਾਂਝੀ ਤਾਂ ਪਹਿਲਾ ਕੋਰਿਆ ’ਤੇ ਬੈਠਦੇ ਸਾਰ ਹੀ, ਕੁੱਝ ਖਾਣ ਪੀਣ ਦਾ ਪ੍ਰਬੰਧ ਦੇਖਣ ਲਗਦੇ। ਕੁੜੀ ਵਾਲਿਆਂ ਵਲੋਂ ਸੱਭ ਤੋਂ ਪਹਿਲਾਂ ਪਿੰਡ ਦਾ ਇਕ ਵਿਅਕਤੀ ਸਾਰੇ ਬਰਾਤੀਆਂ ਅੱਗੇ ਪਿੱਤਲ ਦੇ ਥਾਲ ਰੱਖ ਜਾਂਦਾ, ਫਿਰ ਦੂਜਾ ਆ ਕੇ ਪਿੱਤਲ ਦੇ ਵੱਡੇ-ਵੱਡੇ ਗਲਾਸ ਰੱਖ ਜਾਂਦਾ। ਇੰਨੇ ਵਿਚ ਹੀ ਇਕ ਵਿਅਕਤੀ ਲੱਡੂਆਂ ਦੀ ਭਰੀ ਪਰਾਂਤ ਲੈ ਕੇ, ਸਾਰੇ ਥਾਲਾਂ ਵਿਚ ਦੋ-ਦੋ ਲੱਡੂ ਰੱਖ ਜਾਂਦਾ ਤਾਂ ਫਿਰ ਇਕ ਹੋਰ ਵਿਅਕਤੀ ਉਨ੍ਹਾਂ ਥਾਲਾਂ ਲਈ ਹੀ ਜਲੇਬੀਆਂ ਦੀ ਭਰੀ ਪਰਾਂਤ ਲੈ ਕੇ ਆਉਂਦਾ ਅਤੇ ਹਰ ਬਰਾਤੀ ਦੇ ਥਾਲ ਵਿਚ ਚਾਰ-ਚਾਰ ਜਲੇਬੀਆਂ ਰੱਖ ਜਾਂਦਾ। ਬੜਾ ਵਿਲੱਖਣ ਜਿਹਾ ਨਜ਼ਾਰਾ ਪੇਸ਼ ਹੋ ਰਿਹਾ ਹੁੰਦਾ ਸੀ ਪਰ ਇਸ ਨੂੰ ਹੋਰ ਸਭਿਆਚਾਰਕ ਰੰਗ ਦੇਣ ਲਈ, ਔਰਤਾਂ ਅਪਣੀਆਂ ਟਕੋਰਾਂ ਨੂੰ ਉੱਚੀ-ਉੱਚੀ ਗਾਉਂਦੀਆਂ ਅਤੇ ਲਾੜੇ ਨੂੰ ਸੰਬੋਧਤ ਹੁੰਦੀਆਂ ਹੋਈਆਂ ਕਹਿੰਦੀਆਂ:

ਦੇਖ ਬਾਪੂ ਲੱਡੂ ਆਇਆ,
ਪਰ ਇਸ ਨਾਲ ਹੀ ਔਰਤਾਂ ਦੀ ਦੂਜੀ ਟੋਲੀ ਗੱਲ ਨੂੰ ਸਾਂਭਦੀ ਹੋਈ ਕਹਿੰਦੀ:
ਚੁੱਪ ਕਰ ਬੱਚਾ, ਮਸਾ ਧਿਆਇਆ।

ਪਰ ਸਾਰੇ ਅਨੰਦਮਈ ਸਮੇਂ ਦੇ ਵਿਚ, ਦੂਰੋਂ ਆਏ ਬਰਾਤੀ ਖਾਣ ਦਾ ਅਨੰਦ ਮਾਣਦੇ, ਕੋਰਿਆਂ ’ਤੇ ਬੈਠੇ ਹੀ, ਉਹ ਅਪਣੇ ਆਪ ਨੂੰ ਅਜੋਕੇ ਪੰਜ ਸਟਾਰ ਦੇ ਸ਼ਾਹੀ ਸੋਫ਼ਿਆਂ ਤੋਂ ਵੱਧ ਅਨੰਦਮਈ ਮਹਿਸੂਸ ਕਰਦੇ। ਇਕ ਪਾਸੇ ਦਮਦਾਰ ਸਵਾਗਤ, ਦੂਜੇ ਦੇਸੀ ਮਠਿਆਈ ਦਾ ਸਵਾਦ ਅਤੇ ਤੀਜੇ ਪੰਜਾਬੀ ਸਭਿਆਚਾਰ ਦੀ ਟਕੋਰਮਈ ਧੁੰਨ, ਉਨ੍ਹਾਂ ਨੂੰ ਕਿਸੇ ਹੋਰ ਹੀ ਜਹਾਨ ਪਹੁੰਚਾ ਦੇਂਦੀਆਂ। ਭਾਵੇਂ ਉਹ ਵਿਆਹ ਸਾਦਾ, ਘੱਟ ਖ਼ਰਚ ਵਾਲਾ ਅਤੇ ਅਜੋਕੇ ਫ਼ਾਲਤੂ ਅਡੰਬਰਾਂ ਤੋਂ ਕਿਤੇ ਦੂਰ ਹੁੰਦਾ ਸੀ, ਪਰ ਉਸ ਵਿਚ ਸਨੇਹ, ਮਿਲਵਰਤਨ, ਪਿਆਰ ਭਰੀ ਮਿਠਾਸ ਅਤੇ ਪੇਂਡੂ ਮਹੌਲ ਦੀ ਖ਼ੁਸ਼ਬੂ ਭਰੀ ਹੁੰਦੀ ਸੀ। ਇਸ ਤਰ੍ਹਾਂ ਉਹ ਕੋਰਿਆਂ ’ਤੇ ਬੈਠ ਕੇ ਚਾਹ ਪੀਣ ਜਾਂ ਫਿਰ ਰੋਟੀ ਖਾਣ ਨੂੰ ਬਹੁਤ ਹੀ ਅਨੰਦਮਈ ਸਮਝਦੇ ਅਤੇ ਅਪਣੇ-ਆਪ ਨੂੰ ਜਾਂਝੀ ਬਣ ਕੇ ਆਉਣ ਲਈ ਸੁਭਾਗਾ ਸਮਝਦੇ।

ਪਰ ਉਹ ਪੇਂਡੂ ਸਭਿਆਚਾਰ ਦਾ ਇਕ ਰੰਗੀਲਾ ਸਮਾਂ ਸੀ। ਭਾਵੇਂ ਬਰਾਤ ਦੋ-ਤਿੰਨ ਦਿਨ ਠਹਿਰ ਜਾਂਦੀ ਸੀ ਪਰ ਕਿਸੇ ਨੂੰ ਥਕੇਵੇਂ ਦਾ ਯਾਦ ਚੇਤਾ ਨਹੀਂ ਸੀ ਹੁੰਦਾ। ਵਿਆਹ ਦੇ ਦਿਨ, ਕਹਿੰਦੇ ਤੀਆਂ ਵਾਂਗੂ ਲੰਘ ਜਾਂਦੇ ਸੀ। ਭਾਵੇਂ ਅਜੋਕੇ ਵਿਆਹ ਵੱਡੇ-ਵੱਡੇ ਮੈਰਿਜ ਪੈਲੇਸਾਂ ਵਿਚ ਹੁੰਦੇ ਹਨ। ਸ਼ਾਨਦਾਰ ਟੈਂਟ ਲਗਾ ਵਧੀਆ ਸਜਾਵਟ ਕੀਤੀ ਜਾਂਦੀ ਹੈ ਅਤੇ ਖਾਣ ਲਈ 36 ਭਾਂਤਾਂ ਦੇ ਖਾਣੇ ਤਿਆਰ ਕੀਤੇ ਜਾਂਦੇ ਹਨ ਅਤੇ ਬੈਠਣ ਲਈ ਗੋਲਦਾਰ ਟੇਬਲ ਲਗਾ ਕੇ ਵਧੀਆ ਦਿੱਖ ਬਣਾਈ ਜਾਂਦੀ ਹੈ ਅਤੇ ਪੁਰਾਣੇ ਪਿੱਤਲ ਦੇ ਬਰਤਨਾਂ ਦੀ ਥਾਂ ਨਵੀਂ ਕਿਸਮ ਦੀਆਂ ਪਲੇਟਾਂ ਵਰਤੀਆਂ ਜਾਂਦੀਆਂ ਹਨ ਪਰ ਉਹ ਕੋਰਿਆਂ ’ਤੇ ਬੈਠ ਕੇ ਖਾਣਾ ਖਾਣ ਦਾ ਅਨੰਦ ਵਖਰਾ ਹੀ ਹੁੰਦਾ ਸੀ।

ਪੁਰਾਣੇ ਬਜ਼ੁਰਗ ਤਾਂ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨਜ਼ਾਰਿਆਂ ਦੀਆਂ ਗੱਲਾਂ ਕਰਦੇ ਹੀ ਨਹੀਂ ਥਕਦੇ, ਉਹ ਤਾਂ ਇਥੋਂ ਤਕ ਕਹਿ ਜਾਂਦੇ ਹਨ ‘‘ਕਿਥੇ ਜਨਾਨੀਆਂ ਦੀਆਂ ਸਿੱਠਣੀਆਂ ਦੀ ਮਿੱਠੀ ਆਵਾਜ਼ ਅਤੇ ਟਕੋਰ ਭਰੀ ਧੁੰਨ ਅਤੇ ਕਿਥੇ ਅੱਜ ਦੇ ਬੰਦ ਭਵਨ ਵਿਚ ਡੀਜੇ ਦੀ ਤਿੱਖੀ, ਉੱਚੀ, ਚੀਕਦੀ ਆਵਾਜ਼।’’ 

-ਬਹਾਦਰ ਸਿੰਘ ਗੋਸਲ, ਮਕਾਨ ਨੰ: 3098, ਸੈਕਟਰ-37ਡੀ,
ਚੰਡੀਗੜ੍ਹ। 9876452223


 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement