ਦੁਨੀਆਂ ਉਤੇ ਪਲਾਸਟਿਕ ਦਾ ਕਹਿਰ
Published : Jan 11, 2019, 1:20 pm IST
Updated : Jan 11, 2019, 1:20 pm IST
SHARE ARTICLE
Plastic
Plastic

ਪਲਾਸਟਿਕ ਨੇ ਨਾ ਹਰਿਆਲੀ ਛਡਣੀ ਹੈ, ਨਾ ਜਾਨਵਰ, ਪੰਛੀ ਤੇ ਨਾ ਜਲ ਜੀਵਨ, ਪਰ ਮਨੁੱਖ ਵੀ ਬਹੁਤੀ ਦੇਰ ਬਚਣ ਨਹੀਂ ਲਗਿਆ........

ਪਲਾਸਟਿਕ ਨੇ ਨਾ ਹਰਿਆਲੀ ਛਡਣੀ ਹੈ, ਨਾ ਜਾਨਵਰ, ਪੰਛੀ ਤੇ ਨਾ ਜਲ ਜੀਵਨ, ਪਰ ਮਨੁੱਖ ਵੀ ਬਹੁਤੀ ਦੇਰ ਬਚਣ ਨਹੀਂ ਲਗਿਆ। ਜੇ ਮਨੁੱਖੀ ਹੋਂਦ ਬਚਾਉਣੀ ਹੈ ਤਾਂ ਹਰ ਹਾਲ ਪਲਾਸਟਿਕ ਤੋਂ ਪੂਰਨ ਰੂਪ ਵਿਚ ਤੌਬਾ ਕਰਨੀ ਪੈਣੀ ਹੈ। ਅਮਰੀਕਾ ਦੇ 213 ਮਿਲੀਅਨ ਲੋਕਾਂ ਨੂੰ ਪਲਾਸਟਿਕ ਦੀ ਰੀਸਾਈਕਲਿੰਗ ਕਰਨ ਉੱਤੇ ਜ਼ੋਰ ਪਾਇਆ ਗਿਆ ਸੀ ਜਿਸ ਸਦਕਾ ਸੰਨ 2011 ਵਿਚ 2.7 ਮਿਲੀਅਨ ਟਨ ਪਲਾਸਟਿਕ ਰੀਸਾਈਕਲ ਕੀਤਾ ਗਿਆ ਪਰ ਹਾਲੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।
ਕਿਸੇ ਇਕ ਮੁਲਕ ਵਿਚ ਵੀ ਜੇ ਪਲਾਸਟਿਕ ਦੀ ਵਰਤੋਂ ਜਾਰੀ ਰਹਿ ਗਈ ਤਾਂ ਮਨੁੱਖੀ ਨਸਲ ਦਾ ਘਾਣ ਹੋ ਜਾਣਾ ਹੈ। ਇਸੇ ਲਈ ਸੰਪੂਰਨ ਰੋਕ ਹੀ ਇੱਕੋ ਰਾਹ ਬਚਿਆ ਹੈ।

ਭਾਰਤ ਵਿਚ ਸਿਰਫ਼ ਖਿਡਾਰੀਆਂ ਨੂੰ ਸਟੀਲ ਦੀਆਂ ਬੋਤਲਾਂ ਵਿਚ ਪਾਣੀ ਦੇਣ ਨਾਲ ਹੀ 120 ਮੀਟਰਿਕ ਟਨ ਪਲਾਸਟਿਕ ਸੁੱਟਣ ਤੋਂ ਬਚਾਅ ਹੋ ਗਿਆ। ਜੁਲਾਈ 2018 ਵਿਚ ਐਲਬੇਨੀਆ ਨੇ ਪਲਾਸਟਿਕ ਉੱਤੇ ਸੰਪੂਰਨ ਰੋਕ ਲਾ ਕੇ ਇਸ ਦੀ ਵਰਤੋਂ ਉੱਤੇ ਭਾਰੀ ਜੁਰਮਾਨਾ (7900 ਤੋਂ 11800 ਡਾਲਰ) ਲਾ ਦਿੱਤਾ ਹੈ। ਜੇ ਅਸੀ ਅਪਣੀ ਅਗਲੀ ਪੁਸ਼ਤ ਸਹੀ ਸਲਾਮਤ ਚਾਹੁੰਦੇ ਹਾਂ ਤਾਂ ਰੁੱਖ, ਕੁੱਖ ਦੀ ਸੰਭਾਲ ਦੇ ਨਾਲ-ਨਾਲ ਹਰ ਹਾਲ ਪਲਾਸਟਿਕ ਦੀ ਰੋਕ ਉੱਤੇ ਪੂਰੇ ਜ਼ੋਰ ਸ਼ੋਰ ਨਾਲ ਕਾਰਵਾਈ ਕਰਨੀ ਪੈਣੀ ਹੈ। ਜੇ ਨਹੀਂ, ਤਾਂ ਭਿਆਨਕ ਮੌਤ ਦੀ ਤਿਆਰੀ ਕੱਸ ਲਉ।

ਇਨ੍ਹਾਂ ਤੱਥਾਂ ਵਲ ਧਿਆਨ ਕਰੀਏ :-

1. ਪੂਰੀ ਦੁਨੀਆਂ ਵਿਚ ਹਰ ਮਿੰਟ ਵਿਚ 10 ਲੱਖ ਪਲਾਸਟਿਕ ਦੀਆਂ ਬੋਤਲਾਂ ਖਰੀਦੀਆਂ ਜਾ ਰਹੀਆਂ ਹਨ।

2. ਪੂਰੀ ਦੁਨੀਆਂ ਵਿਚ ਬਣ ਰਹੇ ਤੇ ਵਿਕ ਰਹੇ ਪਲਾਸਟਿਕ ਵਿਚੋਂ ਲਗਭਗ ਅੱਧੇ ਤੋਂ ਰਤਾ ਕੁ ਵੱਧ ਇਕ ਵਾਰ ਵਰਤ ਕੇ ਸੁੱਟਣ ਵਾਲਾ ਹੁੰਦਾ ਹੈ।

3. ਇਕੱਲੇ ਭਾਰਤ ਵਿਚ ਲਗਭਗ 4000 ਕਰੋੜ ਪਾਣੀ, ਕੋਕ ਜਾਂ ਜੂਸ ਪੀਣ ਵਾਲੇ ਸਟਰਾਅ ਹਰ ਸਾਲ ਵਰਤੇ ਜਾਂਦੇ ਹਨ।

4. ਦੁਨੀਆਂ ਭਰ ਵਿਚ ਹਰ ਮਿੰਟ ਵਿਚ 10 ਲੱਖ ਤੋਂ ਵੱਧ ਪਲਾਸਟਿਕ ਦੇ ਲਿਫ਼ਾਫ਼ੇ ਵਿਕ ਰਹੇ ਹਨ।

5. ਲਗਭਗ 80 ਫ਼ੀ ਸਦੀ ਤੋਂ ਵੱਧ ਟੂਟੀਆਂ ਵਿਚ ਆਉਂਦੇ ਪਾਣੀ ਵਿਚ ਵੀ ਮਾਈਕਰੋਪਲਾਸਟਿਕ ਲਭਿਆ ਗਿਆ ਹੈ। ਭਾਰਤ ਇਸ ਲਿਸਟ ਵਿਚ ਤੀਜੇ ਨੰਬਰ ਉੱਤੇ ਹੈ। ਇਸ ਨੂੰ ਕੈਂਸਰ ਤੇ ਮੋਟਾਪੇ ਦਾ ਇਕ ਕਾਰਨ ਮੰਨ ਲਿਆ ਗਿਆ ਹੈ।

6. ਲਗਭਗ 380 ਮਿਲੀਅਨ ਟਨ ਪਲਾਸਟਿਕ ਹਰ ਸਾਲ ਪੂਰੀ ਦੁਨੀਆਂ ਵਿਚ ਬਣਾਇਆ ਜਾ ਰਿਹਾ ਹੈ।

7. ਪੂਰੀ ਦੁਨੀਆਂ ਵਿਚ ਸੰਨ 1950 ਤੋਂ 2018 ਤਕ 6.3 ਬਿਲੀਅਨ ਟਨ ਪਲਾਸਟਿਕ ਬਣਾਇਆ ਜਾ ਚੁਕਿਆ ਹੈ ਜਿਸ ਵਿਚੋਂ 9 ਫ਼ੀ ਸਦੀ ਦੁਬਾਰਾ ਵਰਤਿਆ ਜਾ ਰਿਹਾ ਹੈ ਤੇ 12 ਫ਼ੀ ਸਦੀ ਨੂੰ ਅੱਗ ਲਗਾ ਦਿਤੀ ਜਾਂਦੀ ਹੈ।

8. ਇਕੱਲੇ ਇੰਗਲੈਂਡ ਵਿਚ 5 ਮਿਲੀਅਨ ਟਨ ਪਲਾਸਟਿਕ ਹਰ ਸਾਲ ਵਰਤਿਆ ਜਾਂਦਾ ਹੈ ਜਿਸ ਵਿਚੋਂ ਇਕ ਚੌਥਾਈ ਦੁਬਾਰਾ ਵਰਤਿਆ ਜਾਂਦਾ ਹੈ ਤੇ ਬਾਕੀ ਦੇ ਨਾਲ ਧਰਤੀ ਵਿਚਲੀ ਡੂੰਘੀ ਥਾਂ ਭਰ ਦਿਤੀ ਜਾਂਦੀ ਹੈ।

9. ਸਮੁੰਦਰੀ ਜੀਵਾਂ ਵਿਚੋਂ 90 ਫ਼ੀ ਸਦੀ ਦੇ ਨੇੜੇ ਤੇੜੇ ਦੇ ਸ੍ਰੀਰਾਂ ਵਿਚ ਪਲਾਸਟਿਕ ਦੇ ਅੰਸ਼ ਲੱਭ ਚੁੱਕੇ ਹਨ।

10. ਬੰਗਲਾਦੇਸ਼ ਵਿਚ ਹੋਈ ਖੋਜ ਰਾਹੀਂ ਸਾਬਤ ਹੋਇਆ ਹੈ ਕਿ ਪਲਾਸਟਿਕ ਵਿਚ ਬਿਸਫ਼ਿਨੋਲ ਏ, ਐਂਟੀਮਿਨੀ ਟਰਾਈਉਕਸਾਈਡ, ਬਰੋਮੀਨੇਟਿਡ ਫ਼ਲੇਮ ਰਿਟਾਰਡੈਂਟ, ਪੌਲੀ ਫਲੋਰੀਨੇਟਿਡ ਕੈਮੀਕਲ ਤੱਤ ਆਦਿ ਜੋ ਅੱਖਾਂ ਵਿਚ ਰੜਕ, ਨਜ਼ਰ ਦਾ ਘਟਣਾ, ਸਾਹ ਦੀਆਂ ਤਕਲੀਫ਼ਾਂ, ਜਿਗਰ ਵਿਚ ਨੁਕਸ, ਕੈਂਸਰ, ਚਮੜੀ ਦੇ ਰੋਗ, ਸਿਰ ਪੀੜ, ਚੱਕਰ, ਜਮਾਂਦਰੂ ਨੁਕਸ, ਸ਼ਕਰਾਣੂਆਂ ਵਿਚ ਕਮੀ, ਦਿਲ ਦੇ ਰੋਗ, ਜੀਨ ਵਿਚ ਨੁਕਸ, ਆਂਤੜੀਆਂ ਵਿਚ ਨੁਕਸ ਆਦਿ ਕਰ ਸਕਦੇ ਹਨ।

11. ਸਾਬਤ ਹੋ ਚੁਕਿਆ ਹੈ ਕਿ ਇਕ ਛੋਟਾ ਪਲਾਸਟਿਕ ਦਾ ਕੱਪ 50 ਸਾਲਾਂ ਵਿਚ ਗਲਦਾ ਹੈ, ਇਕ ਪਲਾਸਟਿਕ ਦੀ ਠੰਡੇ ਦੀ ਬੋਤਲ ਨੂੰ 400 ਸਾਲ ਲਗਦੇ ਹਨ ਤੇ ਪਲਾਸਟਿਕ ਦੇ ਇਕ ਵਾਰ ਵਰਤੇ ਜਾਣ ਵਾਲੇ ਬੱਚੇ ਦੇ ਨੈਪੀ 450 ਸਾਲਾਂ ਵਿਚ ਖੁਰਦੇ ਹਨ ਜਦਕਿ ਮੱਛੀ ਫੜਨ ਵਾਲੀ ਪਲਾਸਟਿਕ ਦੀ ਤਾਰ ਨੂੰ ਮਿੱਟੀ ਵਿਚ ਘੁਲ ਕੇ ਖ਼ਤਮ ਹੋਣ ਵਿਚ 600 ਸਾਲ ਲੱਗ ਜਾਂਦੇ ਹਨ।

12. ਧਰਤੀ ਵਿਚ ਰਲਦੇ ਪਲਾਸਟਿਕ ਵਿਚੋਂ ਨਿਕਲੇ ਕੈਮੀਕਲ ਧਰਤੀ ਹੇਠਲੇ ਪਾਣੀ ਵਿਚ ਪਹੁੰਚ ਕੇ ਉਸ ਨੂੰ ਹਾਨੀਕਾਰਕ ਬਣਾ ਦਿੰਦੇ ਹਨ ਜੋ ਕਿਸੇ ਇਕ ਮੁਲਕ ਵਿਚਲੀ ਸੀਮਾ ਤਕ ਸੀਮਤ ਨਾ ਰਹਿ ਕੇ ਪੂਰੀ ਧਰਤੀ ਉੱਤੇ ਵਸਦੇ ਹਰ ਜੀਵ ਨੂੰ ਸ਼ਿਕਾਰ ਬਣਾ ਸਕਦੇ ਹਨ।

13. ਮਿੱਟੀ ਵਿਚ ਪਲਾਸਟਿਕ ਨੂੰ ਖੋਰਨ ਲਈ ਸੂਡੋਮੋਨਾਜ਼ ਕੀਟਾਣੂ, ਫਲੇਵੋਬੈਕਟੀਰੀਆ, ਨਾਈਲੋਨੇਜ਼ ਕਢਦੇ ਕੀਟਾਣੂ ਆਦਿ ਇਸ ਦੀ ਤੋੜ ਭੰਨ ਕਰਦਿਆਂ ਮੀਥੇਨ ਗੈਸ ਬਣਾ ਦਿੰਦੇ ਹਨ, ਜੋ ਪੂਰੇ ਵਾਤਾਵਰਣ ਨੂੰ ਗੰਧਲਾ ਕਰ ਸਕਦੀ ਹੈ।

14. ਸੰਨ 2012 ਵਿਚ 165 ਮਿਲੀਅਨ ਟਨ ਪਲਾਸਟਿਕ ਦੁਨੀਆਂ ਭਰ ਦੇ ਸਮੁੰਦਰਾਂ ਵਿਚ ਫੈਲ ਚੁਕਿਆ ਸੀ। ਪਲਾਸਟਿਕ ਦੀ ਇਕ ਕਿਸਮ 'ਨਰਡਲ' ਜੋ ਨਿੱਕੇ ਪਲਾਸਟਿਕ ਦੇ ਟੋਟਿਆਂ ਦੀ ਸ਼ਕਲ ਵਿਚ ਸਮੁੰਦਰੀ ਜਹਾਜ਼ਾਂ ਰਾਹੀਂ ਵੱਖੋ-ਵੱਖ ਦੇਸ਼ਾਂ ਵਿਚ ਪਹੁੰਚਦੀ ਹੈ, ਦੇ ਕਈ ਬਿਲੀਅਨ ਟੋਟੇ ਸਮੁੰਦਰ ਵਿਚ ਡਿੱਗ ਚੁੱਕੇ ਹਨ। ਇਹ ਟੋਟੇ ਸਾਲ ਕੁ ਵਿਚ ਗ਼ਲ ਜਾਂਦੇ ਹਨ ਤੇ ਇਸ ਵਿਚੋਂ ਪੌਲੀਸਟਾਈਰੀਨ ਤੇ ਬਿਸਫਿਰੋਲ ਹੈ, ਸਮੁੰਦਰੀ ਪਾਣੀ ਵਿਚ ਘੁਲ ਜਾਂਦੇ ਹਨ।

15. ਤਾਜ਼ਾ ਖੋਜ ਅਨੁਸਾਰ ਪੰਜ ਟਰਿਲੀਅਨ ਪਲਾਸਟਿਕ ਦੇ ਛੋਟੇ ਵੱਡੇ ਟੋਟੇ, ਡੱਬੇ, ਬੋਤਲਾਂ, ਲਿਫ਼ਾਫ਼ੇ ਇਸ ਸਮੇਂ ਸਮੁੰਦਰ ਉੱਤੇ ਤੈਰ ਰਹੇ ਹਨ ਜਿਸ ਨਾਲ ਡਾਈਈਥਾਈਲ ਹੈਕਸਾਈਲ ਥੈਲੇਟ, ਸਿੱਕੇ, ਕੈਡਮੀਅਮ ਤੇ ਪਾਰੇ ਦੀ ਮਾਤਰਾ ਵਿਚ ਭਾਰੀ ਵਾਧਾ ਹੋ ਗਿਆ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਸਦਕਾ ਕੈਂਸਰ ਦੇ ਮਰੀਜ਼ਾਂ ਵਿਚ ਲਗਭਗ 38 ਫ਼ੀ ਸਦੀ ਵਾਧਾ ਹੋ ਚੁਕਿਆ ਹੈ।

16. ਪਲੈਂਕਟਨ, ਮੱਛੀ ਤੇ ਮਨੁੱਖ ਕਿਸੇ ਨਾ ਕਿਸੇ ਤਰੀਕੇ ਭਾਵੇਂ ਸਬਜ਼ੀਆਂ ਰਾਹੀਂ (ਧਰਤੀ ਵਿਚੋਂ), ਸਮੁੰਦਰੀ ਜੀਵਾਂ ਰਾਹੀਂ ਜਾਂ ਪਾਣੀ ਰਾਹੀਂ ਇਹ ਹਾਨੀਕਾਰਕ ਤੱਤ ਅਪਣੇ ਅੰਦਰ ਲੰਘਾ ਰਹੇ ਹਨ, ਜੋ ਛੇਤੀ ਤੇ ਦਰਦਨਾਕ ਮੌਤ ਦਾ ਕਾਰਨ ਬਣ ਚੁੱਕੇ ਹਨ।

17. ਅਮਰੀਕਾ ਦੇ ਆਲੇ ਦੁਆਲੇ ਦੇ ਸਮੁੰਦਰ ਵਿਚ, ਖ਼ਾਸ ਕਰ 'ਹਵਾਈ' ਲਾਗੇ ਪਲਾਸਟਿਕ ਦੇ ਢੇਰ ਨੂੰ 'ਗਰੇਟ ਗਾਰਬੇਜ ਪੈਚ' ਦਾ ਨਾਂ ਦੇ ਦਿਤਾ ਗਿਆ ਹੈ। ਇਨ੍ਹਾਂ ਵਿਚ ਮੱਛੀਆਂ ਫੜਨ ਵਾਲੇ ਜਾਲ ਤੇ ਕੁੰਡੀਆਂ ਦੀ ਵੀ ਭਰਮਾਰ ਹੈ, ਜੋ ਸਮੁੰਦਰੀ ਜੀਵਾਂ ਨੂੰ ਸਾਹ ਘੁੱਟ ਕੇ ਮਰਨ ਉੱਤੇ ਮਜਬੂਰ ਕਰ ਸਕਦੀ ਹੈ। ਇਸੇ ਲਈ ਸੰਨ 2013 ਵਿਚ ਦੋ ਲੱਖ 60 ਹਜ਼ਾਰ ਟਨ ਪਲਾਸਟਿਕ ਦੇ ਗੰਦ ਦੇ ਢੇਰ ਨੂੰ ਵੇਖਦਿਆਂ ਪਲਾਸਟਿਕ ਦੀ ਘੱਟ ਵਰਤੋਂ ਉੱਤੇ ਜ਼ੋਰ ਪਾਇਆ ਗਿਆ।

18. ਧਰਤੀ ਉੱਤੇ ਸੁੱਟਿਆ ਜਾ ਰਿਹਾ ਪਲਾਸਟਿਕ ਵੀ ਟਨਾਂ ਦੇ ਹਿਸਾਬ ਨਾਲ ਧਰਤੀ ਨੂੰ ਜ਼ਹਿਰੀਲੀ ਬਣਾ ਰਿਹਾ ਹੈ। ਸੰਨ 2015 ਵਿਚ ਖੋਜ ਰਾਹੀਂ ਤੱਥ ਸਾਹਮਣੇ ਆਏ ਕਿ 275 ਮਿਲੀਅਨ ਟਨ ਪਲਾਸਟਿਕ ਵਰਤ ਕੇ ਸੁੱਟਿਆ ਗਿਆ, ਜੋ ਸਮੁੰਦਰ ਲਾਗਲੇ 192 ਮੁਲਕਾਂ ਵਿਚਲੀ ਗ਼ੰਦਗੀ ਸੀ। 'ਸਾਇੰਸ' ਰਸਾਲੇ ਵਿਚ ਛਪੀ ਖੋਜ ਅਨੁਸਾਰ ਸੰਨ 2015 ਵਿਚ 10 ਮੁਲਕਾਂ ਵਲੋਂ ਸੱਭ ਤੋਂ ਵੱਧ ਪਲਾਸਟਿਕ ਧਰਤੀ ਉੱਤੇ ਸੁੱਟਿਆ ਗਿਆ ਜੋ ਸਮੁੰਦਰ ਵਿਚ ਪਹੁੰਚਿਆ।

ਇਹ ਮੁਲਕ ਸਨ-ਚੀਨ, ਇੰਡੋਨੇਸ਼ੀਆ, ਫ਼ਿਲੀਪੀਨ, ਵਿਅਤਨਾਮ, ਸ੍ਰੀਲੰਕਾ, ਥਾਈਲੈਂਡ, ਮਿਸਰ, ਮਲੇਸ਼ੀਆ, ਨਾਈਜੀਰੀਆ ਤੇ ਬੰਗਲਾਦੇਸ਼। ਜਾਪਾਨ ਤੇ ਕੈਲੀਫੋਰਨੀਆ ਪਲਾਸਟਿਕ ਸਦਕਾ ਹੁੰਦੇ ਕੈਂਸਰ ਨਾਲ ਜੂਝ ਰਹੇ ਹਨ। ਇਨ੍ਹਾਂ ਦੇ ਨੇੜੇ ਦੇ ਸਮੁੰਦਰ ਵਿਚ 100 ਮਿਲੀਅਨ ਟਨ ਪਲਾਸਟਿਕ ਇਕੱਠਾ ਹੋਇਆ ਪਿਆ ਹੈ, ਜੋ 100 ਫੁੱਟ ਡੂੰਘਾ ਪਹੁੰਚ ਚੁਕਿਆ ਹੋਇਆ ਹੈ।

19. ਹੈਂਡਰਸਨ ਟਾਪੂ ਦੇ ਦੁਆਲੇ 17.6 ਮਿਲੀਅਨ ਟਨ ਪਲਾਸਟਿਕ ਲਭਿਆ ਗਿਆ ਤੇ ਇਸ ਵਿਚ 37.7 ਮਿਲੀਅਨ ਵਖੋ-ਵਖਰੇ ਪਲਾਸਟਿਕ ਦੇ ਟੋਟੇ, ਤਾਰਾਂ, ਜਾਲ, ਲਿਫ਼ਾਫ਼ੇ, ਬੋਤਲਾਂ ਆਦਿ ਲੱਭੇ। ਦਸ ਮੀਟਰ ਤਕ ਫੈਲੇ ਇਸ ਵਿਸ਼ਾਲ ਗੰਦ ਦੇ ਢੇਰ ਵਿਚੋਂ ਸੀਨੋਬੀਟਾ ਜਾਮਨੀ ਕੇਕੜੇ ਲੁਕੇ ਹੋਏ ਲੱਭੇ।

20. ਸੰਨ 2017 ਵਿਚ ਦੁਨੀਆਂ ਭਰ ਦੀਆਂ ਟੂਟੀਆਂ ਵਿਚੋਂ ਪਾਣੀ ਇਕੱਠਾ ਕਰ ਕੇ ਟੈਸਟ ਕਰਨ ਤੋਂ ਬਾਅਦ ਪਤਾ ਲਗਿਆ ਕਿ 83 ਫ਼ੀ ਸਦੀ ਸੈਂਪਲਾਂ ਵਿਚ ਪਲਾਸਟਿਕ ਦੇ ਅੰਸ਼ ਹਨ। ਅਮਰੀਕਾ ਦੇ 94 ਫ਼ੀ ਸਦੀ ਪੀਣ ਵਾਲੇ ਪਾਣੀ ਦੇ ਸੈਂਪਲਾਂ ਵਿਚ ਪਲਾਸਟਿਕ ਲਭਿਆ ਜਦਕਿ ਦੂਜੇ ਨੰਬਰ ਉੱਤੇ ਲੈਬਨਾਨ ਤੇ ਤੀਜੇ ਉਤੇ ਭਾਰਤ ਸੀ। ਉਸ ਤੋਂ ਅੱਗੇ ਯੂਰਪ ਜਿਸ ਵਿਚ ਜਰਮਨੀ, ਇੰਗਲੈਂਡ ਤੇ ਫਰਾਂਸ ਵਿਚ 72 ਫ਼ੀ ਸਦੀ ਟੂਟੀਆਂ ਵਿਚ ਪਲਾਸਟਿਕ ਦੇ ਅੰਸ਼ ਲੱਭੇ। ਇਸ ਦਾ ਮਤਲਬ ਸਪੱਸ਼ਟ ਹੈ ਕਿ ਲੋਕ ਲਗਭਗ 3000 ਤੋਂ 4000 ਪਲਾਸਟਿਕ ਦੇ ਮਹੀਨ ਅੰਸ਼ ਹਰ ਸਾਲ ਪਾਣੀ ਰਾਹੀਂ ਅਪਣੇ ਅੰਦਰ ਲੰਘਾ ਰਹੇ ਹਨ।

21. ਪਲਾਸਟਿਕ ਸਮੁੰਦਰੀ ਜੀਵਾਂ ਦੇ ਢਿੱਡ ਅੰਦਰ ਜਾ ਕੇ ਜੰਮ ਜਾਂਦਾ ਹੈ ਤੇ ਉਨ੍ਹਾਂ ਨੂੰ ਮਾਰ ਦਿੰਦਾ ਹੈ। ਕਈ ਮੱਛੀਆਂ, ਕੱਛੂ ਤੇ ਚਿੜੀਆਂ ਭੁੱਖ ਨਾਲ ਮਰ ਚੁੱਕੀਆਂ ਹਨ ਕਿਉਂਕਿ ਢਿੱਡ ਅੰਦਰ ਫਸਿਆ ਪਲਾਸਟਿਕ ਉਨ੍ਹਾਂ ਨੂੰ ਕੁੱਝ ਖਾਣ ਯੋਗ  ਨਹੀਂ ਛਡਦਾ। ਅਜਿਹੇ ਲਗਭਗ 4 ਲੱਖ ਸਮੁੰਦਰੀ ਜੀਵ ਹਰ ਸਾਲ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਮਰ ਰਹੇ ਹਨ।

22. ਸਮੁੰਦਰ ਲਾਗੇ ਰਹਿੰਦੇ ਪੰਛੀ ਵੀ ਇਸ ਦੇ ਅਸਰ ਤੋਂ ਬਚੇ ਨਹੀਂ। ਸੰਨ 2004 ਵਿਚ ਵੱਡੇ ਪੰਛੀਆਂ ਦੇ ਢਿੱਡਾਂ ਵਿਚੋਂ ਔਸਤਨ 30 ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਟੋਟਿਆਂ ਦੇ ਹਿੱਸੇ ਲੱਭੇ ਜਿਸ ਸਦਕਾ ਉਹ ਮੌਤ ਦੇ ਮੂੰਹ ਵਿਚ ਚਲੇ ਗਏ। ਉਨ੍ਹਾਂ ਦੇ ਨਿੱਕੇ ਬੱਚੇ ਜੋ ਉਲਟੀ ਕਰ ਹੀ ਨਹੀਂ ਸਕਦੇ ਵੀ ਅਣਚਾਹੇ ਇਹ ਪਲਾਸਟਿਕ ਅੰਦਰ ਲੰਘਾ ਕੇ ਮਰ ਗਏ। ਇਨ੍ਹਾਂ ਵਿਚੋਂ ਕਈ ਕਿਸਮਾਂ ਲਗਭਗ ਅਲੋਪ ਹੋਣ ਨੇੜੇ ਪਹੁੰਚ ਗਈਆਂ ਹਨ। 

23. ਚਾਹ ਦੀਆਂ ਥੈਲੀਆਂ ਤੇ ਟੀ-ਬੈਗਜ਼ : ਕਿਸੇ ਵਿਰਲੇ ਹੀ ਮੁਲਕ ਵਿਚ ਚਾਹ ਦੀ ਵਰਤੋਂ ਨਹੀਂ ਹੁੰਦੀ ਹੋਵੇਗੀ। ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਚਾਹ ਅਜਕਲ ਟੀ-ਬੈਗਜ਼ ਵਿਚ ਮਿਲਣ ਲੱਗ ਪਈ ਹੈ। ਵੱਡੇ ਅਹੁਦੇ ਵਾਲੇ ਇਸ ਤਰ੍ਹਾਂ ਦੀ ਚਾਹ ਪੀਣ ਨੂੰ ਉੱਚਾ ਰੁਤਬਾ ਮੰਨਣ ਲੱਗ ਪਏ ਹਨ। ਇਨ੍ਹਾਂ ਨਿੱਕੀਆਂ ਥੈਲੀਆਂ ਵਿਚ 70 ਤੋਂ 80 ਫ਼ੀ ਸਦੀ ਕਾਗ਼ਜ਼ ਤੇ ਬਾਕੀ ਉਸ ਨੂੰ ਖੁਰਨ ਤੋਂ ਬਚਾਉਣ ਲਈ ਪਲਾਸਟਿਕ ਦਾ ਹਿੱਸਾ ਪੌਲੀਪਰੋਪਾਈਲੀਨ ਜੋ ਬਹੁਤੀ ਗਰਮੀ ਨੂੰ ਝੱਲ ਜਾਂਦਾ ਹੈ, ਪਾਇਆ ਗਿਆ ਹੈ

ਜਿਸ ਮਰਜ਼ੀ ਤਰ੍ਹਾਂ ਦੇ ਟੀ-ਬੈਗਜ਼ ਵਰਤ ਲਉ, ਹਰ ਕਿਸੇ ਵਿਚ ਵੱਧ ਜਾਂ ਘੱਟ ਪਲਾਸਟਿਕ ਦੇ ਟੋਟੇ ਹਨ, ਜੋ ਚਾਹ ਦੇ ਉਬਲਣ ਸਮੇਂ ਜਾਂ ਉਬਲਦੇ ਗਰਮ ਪਾਣੀ ਵਿਚ ਡੁਬਾਉਣ ਨਾਲ ਚਾਹ ਦੇ ਵਿਚ ਰਲ ਜਾਂਦੇ ਹਨ ਤੇ ਚਾਹ ਪੀਣ ਨਾਲ ਹੀ ਸਾਡੇ ਢਿੱਡਾਂ ਅੰਦਰ ਲੰਘ ਜਾਂਦੇ ਹਨ। ਜਿਨ੍ਹਾਂ ਟੀ-ਬੈਗਜ਼ ਨੂੰ ਚੁਫ਼ੇਰਿਉਂ ਵੱਟ ਪਾ ਕੇ ਬੰਦ ਕੀਤਾ ਜਾਵੇ, ਉਸ ਵਿਚ ਵੱਧ ਪਲਾਸਟਿਕ ਪਾਇਆ ਹੁੰਦਾ ਹੈ।

ਕਾਗ਼ਜ਼ ਨੂੰ ਫਟਣ ਤੋਂ ਬਚਾਉਣ ਲਈ ਉਸ ਵਿਚ 'ਐਪੀਕਲੋਰੋਹਾਈਡਰਿਨ' ਪਾਇਆ ਜਾਂਦਾ ਹੈ ਜਿਸ ਬਾਰੇ ਸਾਬਤ ਹੋ ਚੁਕਿਆ ਹੈ ਕਿ ਇਸ ਦੀ ਵਾਧੂ ਵਰਤੋਂ ਕੈਂਸਰ ਕਰਦੀ ਹੈ। ਐਪੀਕਲੋਰੋਹਾਈਡਰਿਨ ਪਾਣੀ ਵਿਚ ਰਲ ਕੇ 'ਤਿੰਨ-ਐਮ.ਸੀ.ਪੀ.ਡੀ.' ਵਿਚ ਤਬਦੀਲ ਹੋ ਜਾਂਦਾ ਹੈ। ਇਹ ਵੀ ਕੈਂਸਰ ਕਰਦਾ ਹੈ। ਸਟਾਰਚ ਨੂੰ ਐਨਜ਼ਾਈਮ ਰਸ ਵਿਚ ਮਿਲਾ ਕੇ ਪਲਾਸਟਿਕ ਦੇ ਧਾਗੇ ਬਣਾ ਕੇ ਟੀ-ਬੈਗ ਦੀ ਸ਼ਕਲ ਦੇ ਦਿਤੀ ਜਾਂਦੀ ਹੈ।

ਨਿਚੋੜ : ਇਹ ਸਾਰਾ ਕੁੱਝ ਵੇਖਦਿਆਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਲਾਸਟਿਕ ਨੇ ਨਾ ਹਰਿਆਲੀ ਛੱਡਣੀ ਹੈ, ਨਾ ਜਾਨਵਰ, ਪੰਛੀ ਤੇ ਜਲ ਜੀਵਨ, ਪਰ ਮਨੁੱਖ ਵੀ ਬਹੁਤੀ ਦੇਰ ਬਚਣ ਨਹੀਂ ਲੱਗਿਆ। ਜੇ ਮਨੁੱਖੀ ਹੋਂਦ ਬਚਾਉਣੀ ਹੈ ਤਾਂ ਹਰ ਹਾਲ ਪਲਾਸਟਿਕ ਤੋਂ ਪੂਰਨ ਰੂਪ ਵਿਚ ਤੌਬਾ ਕਰਨੀ ਪੈਣੀ ਹੈ। ਅਮਰੀਕਾ ਦੇ 213 ਮਿਲੀਅਨ ਲੋਕਾਂ ਨੂੰ ਪਲਾਸਟਿਕ ਦੀ ਰੀਸਾਈਕਲਿੰਗ ਕਰਨ ਉੱਤੇ ਜ਼ੋਰ ਪਾਇਆ ਗਿਆ ਸੀ ਜਿਸ ਸਦਕਾ ਸੰਨ 2011 ਵਿਚ 2.7 ਮਿਲੀਅਨ ਟਨ ਪਲਾਸਟਿਕ ਰੀਸਾਈਕਲ ਕੀਤਾ ਗਿਆ ਪਰ ਹਾਲੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ। ਕਿਸੇ ਇਕ ਮੁਲਕ ਵਿਚ ਵੀ ਜੇ ਪਲਾਸਟਿਕ ਦੀ ਵਰਤੋਂ ਜਾਰੀ ਰਹਿ ਗਈ

ਤਾਂ ਮਨੁੱਖੀ ਨਸਲ ਦਾ ਘਾਣ ਹੋ ਜਾਣਾ ਹੈ। ਇਸੇ ਲਈ ਸੰਪੂਰਨ ਰੋਕ ਹੀ ਇਕੋ ਰਾਹ ਬਚਿਆ ਹੈ। ਭਾਰਤ ਵਿਚ ਸਿਰਫ਼ ਖਿਡਾਰੀਆਂ ਨੂੰ ਸਟੀਲ ਦੀਆਂ ਬੋਤਲਾਂ ਵਿਚ ਪਾਣੀ ਦੇਣ ਨਾਲ ਹੀ 120 ਮੀਟਰਿਕ ਟਨ ਪਲਾਸਟਿਕ ਸੁੱਟਣ ਤੋਂ ਬਚਾਅ ਹੋ ਗਿਆ। ਜੁਲਾਈ 2018 ਵਿਚ ਐਲਬੇਨੀਆ ਨੇ ਪਲਾਸਟਿਕ ਉੱਤੇ ਪੂਰੀ ਰੋਕ ਲਗਾ ਕੇ ਇਸ ਦੀ ਵਰਤੋਂ ਉੱਤੇ ਭਾਰੀ ਫਾਈਨ (7900 ਤੋਂ 11800 ਡਾਲਰ) ਲਗਾ ਦਿਤਾ ਹੈ। ਜੇ ਅਸੀ ਅਪਣੀ ਅਗਲੀ ਪੁਸ਼ਤ ਸਹੀ ਸਲਾਮਤ ਚਾਹੁੰਦੇ ਹਾਂ ਤਾਂ ਰੁੱਖ, ਕੁੱਖ ਦੀ ਸੰਭਾਲ ਦੇ ਨਾਲ-ਨਾਲ ਹਰ ਹਾਲ ਪਲਾਸਟਿਕ ਦੀ ਰੋਕ ਉੱਤੇ ਪੂਰੇ ਜ਼ੋਰ ਸ਼ੋਰ ਨਾਲ ਕਾਰਵਾਈ ਕਰਨੀ ਪੈਣੀ ਹੈ। ਜੇ ਨਹੀਂ, ਤਾਂ ਭਿਆਨਕ ਮੌਤ ਦੀ ਤਿਆਰੀ ਕੱਸ ਲਉ।

ਡਾ. ਹਰਸ਼ਿੰਦਰ ਕੌਰ
ਸੰਪਰਕ : 0175-2216783

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement