
ਪੰਜਾਬ ’ਚ ਰਾਜਭਾਗ ਸਿੱਖਾਂ ਦੀ ਸ਼੍ਰੋਮਣੀ ਅਕਾਲੀ ਦਲ ਕੋਲ ਹੁੰਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨਾ ਹੁੰਦੀਆਂ।
ਮੁਹਾਲੀ: 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬਣਿਆਂ 100 ਸਾਲ ਪੂਰੇ ਹੋ ਚੁੱਕੇ ਹਨ। ਬੇਹੱਦ ਦੁਖੀ ਮਨ ਨਾਲ ਅਤੇ ਤੜਫ਼ਦੀ ਕਲਮ ਨਾਲ ਪੁਛ ਰਿਹਾ ਹਾਂ ਕਿ ਕੀ ਹੁਣ ਇਹ ਸ਼੍ਰੋਮਣੀ ਅਕਾਲੀ ਦਲ ਹੈ ਵੀ? ਅੱਜ ਜਿਹੜੇ ਅਪਣੇ ਆਪ ਬਾਰੇ ਸ਼੍ਰੋਮਣੀ ਅਕਾਲੀ ਦਲ ਹੋਣ ਦੀਆਂ ਟਾਹਰਾਂ ਮਾਰਦੇ ਹਨ, ਇਹ ਸ਼੍ਰੋਮਣੀ ਨਹੀਂ ‘ਬਾਦਲ ਅਕਾਲੀ ਦਲ’ ਹਨ। ਇਸ ਵਿਚੋਂ ਪੰਥ ਵਸੇ ਮੈਂ ਉਜੜਾਂ ਮਨ ਚਾਉ ਘਨੇਰਾ ਦੀ ਸਿਧਾਂਤਕ ਸੋਚ ਮਨਫ਼ੀ ਹੋ ਚੁੱਕੀ ਹੈ। ਦਾਤੇ ਦੇ ਭੈਅ ’ਚ ਰਹਿ ਕੇ ਆਖਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲੀ ਦਲ ਬਾਦਲ ਬਣਾਉਣ ਵਾਲੇ ਪ੍ਰਵਾਰ, ਬਾਦਲ ਪ੍ਰਵਾਰ ਨੇ ਜੋ ਘਾਣ ਅਕਾਲੀ ਦਲ ਦਾ ਕੀਤਾ ਹੈ ਤੇ ਉਸ ਨਾਲੋਂ ਸ਼੍ਰੋਮਣੀ ਸ਼ਬਦ ਲਾਹ ਕੇ ‘ਬਾਦਲ ਅਕਾਲੀ ਦਲ’ ਬਣਾ ਦਿਤਾ ਹੈ, ਇਹ ਸਾਰਾ ਕੁੱਝ ਪ੍ਰਕਾਸ਼ ਸਿੰਘ ਬਾਦਲ ਨੇ 1978 ਤੋਂ 1992 ਤਕ ਕੀਤਾ। ਉਸ ਸਮੇਂ ਦਿੱਲੀ ਦਰਬਾਰ ਨਾਲ ਸਾਂਝਾਂ ਪਾ ਕੇ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸਿੱਖ ਜਵਾਨੀ ਦਾ ਘਾਣ ਕਰਵਾਇਆ, ਪੰਥ ਦਾ ਘਾਣ ਕਰਵਾਇਆ ਤੇ ਹਾਲਾਤ ਇਸ ਕਦਰ ਵਿਗਾੜ ਦਿਤੇ ਕਿ ਅਸਲ ਟਕਸਾਲੀ ਅਕਾਲੀ ਪ੍ਰਵਾਰ ਘਰ ਬੈਠਣ ਲਈ ਮਜਬੂਰ ਹੋ ਗਏ।
Parkash Badal And Sukhbir Badal
ਪੰਜਾਬ ’ਚ ਰਾਜਭਾਗ ਸਿੱਖਾਂ ਦੀ ਸ਼੍ਰੋਮਣੀ ਅਕਾਲੀ ਦਲ ਕੋਲ ਹੁੰਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨਾ ਹੁੰਦੀਆਂ। ਜੇਕਰ ਕੋਈ ਘਟਨਾ ਵਾਪਰ ਵੀ ਜਾਂਦੀ ਤਾਂ ਬਰਗਾੜੀ ਵਾਲੇ ਹਾਲਾਤ ਨਾ ਬਣਦੇ, ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਅਫ਼ਸਰ ਰੁਤਬੇ ਨਾ ਮਾਣਦੇ, ਜੇਲਾਂ ਵਿਚ ਸਿੱਖ ਯੋਧੇ ਨਾ ਰੁਲਦੇ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਹ ਫ਼ੈਸਲੇ ਹੁੰਦੇ ਜੋ ਕੁੱਲ ਦੁਨੀਆਂ ਵਿਚ ਬੈਠਾ ਹਰ ਸਿੱਖ ਹਿਰਦਾ ਸਿਰ ਝੁਕਾ ਕੇ ਪ੍ਰਵਾਨ ਕਰਦਾ, ਮਹੰਤ ਪ੍ਰਵਾਰਾਂ ਨਾਲ ਸਬੰਧਤ ਲੋਕ ਵਾਰ-ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾ ਬਣਦੇ, ਸਿਰਸਾ ਸਾਧ ਵਰਗੇ ਸਿਰ ਨਾ ਚੁਕਦੇ ਅੱਤ ਦੀ ਲਾਹਨਤ ਕਿ ਪੰਜਾਬ ’ਚ ਚਿੱਟਾ, ਸਮੈਕ, ਹੈਰੋਇਨ ਪਿੰਡ-ਪਿੰਡ ਨਾ ਪਹੁੰਚਦੇ। ਇਹ ਉਪਰੋਕਤ ਸਾਰਾ ਕੁੱਝ ਬਾਦਲ ਪ੍ਰਵਾਰ ਦੀ ਛਤਰ ਛਾਇਆ ਹੇਠ ਵਾਪਰਿਆ।
sukhbir badal
ਕਿਹੜੇ ਮੂੰਹ ਨਾਲ ਕਿਵੇਂ ਜਾਗਦੀ ਜ਼ਮੀਰ ਨਾਲ ਮੰਨ ਲਈਏ ਕਿ ਇਹ ਸਾਰਾ ਕੁੱਝ ਸ਼੍ਰੋਮਣੀ ਅਕਾਲੀ ਦਲ ਦੇ ਰਾਜਭਾਗ ਦੌਰਾਨ ਵਾਪਰਿਆ ਹੈ? ਵਾਰ-ਵਾਰ ਹਾਲਾਤ ਗਵਾਹੀ ਭਰਦੇ ਹਨ ਕਿ ਬਾਦਲ ਪ੍ਰਵਾਰ ਨੇ ਕਿਵੇਂ-ਕਿਵੇਂ ਕੁਰਸੀ ਤੇ ਮਾਇਆ ਦੇ ਲਾਲਚੀ ਬਣ ਕੇ ਇਹ ਸਾਰਾ ਕੁੱਝ ਕੀਤਾ ਤੇ ਕਰਵਾਇਆ। ਇਸੇ ਲਈ ਅੱਜ 100ਵੀਂ ਵਰ੍ਹੇਗੰਢ ਸ਼੍ਰੋਮਣੀ ਅਕਾਲੀ ਦਲ ਨਹੀਂ ਸਿਰਫ਼ ਬਾਦਲ ਅਕਾਲੀ ਦਲ ਮਨਾ ਰਿਹਾ ਹੈ ਪਰ ਜਾਗਦੀ ਜ਼ਮੀਰ ਵਾਲਾ ਹਰ ਟਕਸਾਲੀ ਅਕਾਲੀ ਸੱਚੇ ਪਾਤਸ਼ਾਹ ਜੀ ਅੱਗੇ ਇਹੀ ਅਰਦਾਸ ਜੋਦੜੀ ਕਰ ਰਿਹਾ ਹੈ ਕਿ ਹੇ ਸੱਚੇ ਪਾਤਸ਼ਾਹ ਜੀ, ਆਉਂਦੇ ਭਵਿੱਖ ’ਚ ਪੰਜਾਬ ’ਚ ਵਸਦੇ ਸਿੱਖਾਂ ਦੀ ਜ਼ਮੀਰ ਨੂੰ ਇਸ ਕਦਰ ਜਾਗਰੂਕ ਕਰ ਦਿਉ ਕਿ ਉਹ ਖ਼ਾਸ ਕਰ ਕੇ ਬਾਦਲ ਪ੍ਰਵਾਰ ਤੋਂ ਪੰਜਾਬ, ਪੰਥ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਖਹਿੜਾ ਛੁਡਵਾਉਣ ’ਚ ਸਫ਼ਲ ਹੋ ਜਾਣ।
Farmer Protest
ਪੰਜਾਬ ਦਾ ਕਿਸਾਨ ਅੱਜ ਦਿੱਲੀ ਡੇਰੇ ਲਗਾਈ ਬੈਠਾ ਹੈ ਕਿਉਂਕਿ ਮੋਦੀ ਸਰਕਾਰ ਨੇ ਤਿੰਨ ਕਾਨੂੰਨ ਅਜਿਹੇ ਬਣਾ ਦਿਤੇ ਹਨ ਜਿਨ੍ਹਾਂ ਨਾਲ ਕਾਰਪੋਰੇਟ ਘਰਾਣੇ ਮਸਾਂ ਪੰਜ ਕੁ ਸਾਲ ’ਚ ਹੀ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕਰ ਦੇਣਗੇ। ਪਰ ਇਨ੍ਹਾਂ ਕਾਨੂੰਨਾਂ ਦੇ ਹੱਕ ’ਚ ਕਿਸਾਨਾਂ ਦੇ ਮਸੀਹਾ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਇਕ ਵੀਡੀਉ ਵਾਇਰਲ ਕਰ ਰਹੇ ਹਨ, ਆਖ ਰਹੇ ਹਨ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ। ਨੂੰਹ ਰਾਣੀ ਹਰਸਿਮਰਤ ਕੌਰ ਬਾਦਲ ਆਖਦੀ ਹੈ ਕਿ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ ਪਰ ਕਿਸਾਨਾਂ ਨੂੰ ਸਮਝਾਉਣ ’ਚ ਅਸੀ ਅਸਫ਼ਲ ਰਹੇ ਹਾਂ। ਇਸ ਪ੍ਰਵਾਰ ਦਾ ਕੁਰਸੀ ਪ੍ਰਤੀ ਮੋਹ ਉਸ ਸਮੇਂ ਸਿਖਰਾਂ ਨੂੰ ਛੋਹ ਗਿਆ ਜਦ ਪੰਜਾਬ ਵਿਚ ਬਰਗਾੜੀ ਘਟਨਾ ਵਾਪਰੀ।
ਇਹ ਪੁੱਤਰ ਤੇ ਪਿਉ ਉਸ ਸਮੇਂ ਵੀ ਕੁਰਸੀ ਨਾਲ ਹੀ ਚਿੰਬੜੇ ਰਹੇ। ਹੁਣ ਨੂੰਹ ਰਾਣੀ ਨੇ ਅਸਤੀਫ਼ਾ ਦਿਤਾ ਕੇਂਦਰੀ ਵਜ਼ਾਰਤ ਤੋਂ ਪਰ ਉਸ ਵਕਤ ਜਦ ਪੰਜਾਬ ਦਾ ਸਮੁੱਚਾ ਕਿਸਾਨ, ਛੋਟਾ ਕਾਰੋਬਾਰੀ, ਛੋਟਾ ਦੁਕਾਨਦਾਰ, ਮਜ਼ਦੂਰ, ਗ਼ਰੀਬ ਤੇ ਮੱਧ ਵਰਗੀ ਪੰਜਾਬੀ ਕਿਸਾਨਾਂ ਦੀ ਹਮਾਇਤ ਤੇ ਆ ਚੁੱਕਾ ਸੀ। ਸ਼ਰਮ ਆਉਂਦੀ ਹੈ ਜਦ ਹੁਣ ਸ਼ਰੇਆਮ ਟੀ.ਵੀ. ਚੈਨਲਾਂ ਤੇ ਭਾਜਪਾ ਦੇ ਆਗੂ ਬੋਲਦੇ ਹਨ ਕਿ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਕਾਨੂੰਨ ਬਣਾਉਣ ਬਾਰੇ, ਹਰਸਿਮਰਤ ਬਾਦਲ ਉਨ੍ਹਾਂ ਵਿਚ ਸ਼ਾਮਲ ਸੀ। ਸੁਖਬੀਰ ਸਿੰਘ ਬਾਦਲ ਆਖਦਾ ਹੈ ਕਿ ਪਹਿਲਾਂ ਕਾਨੂੰਨ ਪੜ੍ਹੇ ਨਹੀਂ ਸਨ। ਹੈਰਾਨੀ ਹੁੰਦੀ ਹੈ ਕਿ ਵਿਦੇਸ਼ਾਂ ਵਿਚੋਂ ਪੜ੍ਹੇ ਲਿਖੇ ਇਹ ਪਤੀ ਪਤਨੀ ਜੀ ਜ਼ਿੰਮੇਵਾਰ ਅਹੁਦੇ ਤੇ ਹੁੰਦਿਆਂ ਵੀ ਆਹ ਲੱਲਰ ਲਾ ਰਹੇ ਹਨ।
ਤੇਜਵੰਤ ਸਿੰਘ ਭੰਡਾਲ, ਦੋਰਾਹਾ, ਸੰਪਰਕ : 98152-67963