
ਏਨਾ ਸੱਚ ਨਾ ਬੋਲ ਕਿ 'ਕੱਲ੍ਹਾ ਰਹਿ ਜਾਵੇਂ'! ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ..।
ਚੰਡੀਗੜ੍ਹ - ਪੰਜਾਬੀ ਸ਼ਾਇਰੀ ਤੇ ਵਾਰਤਕ ਦੇ ਅਜੋਕੇ ਸਮੇਂ 'ਚ ਆਪਣੀ ਇੱਕ ਵਿਲੱਖਣ ਪਛਾਣ ਰੱਖਣ ਵਾਲੇ ਸੁਰਜੀਤ ਪਾਤਰ ਅੱਜ ਸਾਡੇ ਵਿਚਕਾਰ ਨਹੀਂ ਰਹੇ। ਸਵੇਰੇ ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ ਤੇ ਵੇਖੀ ਤਾਂ ਪਹਿਲਾਂ ਤਾਂ ਯਕੀਨ ਨਹੀਂ ਹੋਇਆ...! ਪਰ ਜਦੋਂ ਹਰ ਛੋਟੇ ਵੱਡੇ ਨਿਊਜ਼ ਚੈਨਲ ਵੱਲੋਂ ਪਾਈ ਪਾਤਰ ਸਾਹਿਬ ਦੀ ਮੌਤ ਦੀ ਪੋਸਟ ਵੇਖੀ ਤਾਂ ਇੱਕ ਵਾਰ ਤਾਂ ਫਿਰ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ।
ਕਿਸੇ ਵੀ ਭਾਸ਼ਾ ਨਾਲ ਸੰਬੰਧਤ ਕੋਈ ਵੀ ਕਵੀ ਤੇ ਸਾਹਿਤਕਾਰ ਉਸ ਭਾਸ਼ਾ ਨੂੰ ਪੜਨ ਵਾਲਿਆਂ ਤੇ ਉਸ ਖੇਤਰ ਦਾ ਇੱਕ ਵੱਡਮੁਲਾ ਸਰਮਾਇਆ ਹੋਇਆ ਕਰਦਾ ਹੈ। ਇਸ ਤਰ੍ਹਾਂ ਕਿਸੇ ਵੀ ਸਾਹਿਤਕ ਸ਼ਖਸੀਅਤ ਦਾ ਸਦੀਵੀ ਵਿਛੋੜਾ ਦੇ ਜਾਣਾ ਯਕੀਨਨ ਸਾਹਿਤ ਪ੍ਰੇਮੀਆਂ ਲਈ ਇੱਕ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਸਿੱਧ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਲੁਧਿਆਣਾ ਦੇ ਪੰਜਾਬ ਭਵਨ ਵਿਖੇ ਇਕ ਕਵਿਤਾ ਕੁੰਭ ਦੌਰਾਨ ਮਿਲਿਆ ਸੀ ਭਾਵੇਂ ਉਹ ਇੱਕ ਬਹੁਤ ਨਿੱਕੀ ਜਿਹੀ ਮੁਲਾਕਾਤ ਸੀ ਪਰ ਅੱਜ ਵੀ ਉਹ ਮੇਰੇ ਦਿਲ ਪੂਰੀ ਤਰ੍ਹਾਂ ਨਕਸ਼ ਹੈ।
ਆਓ ਹੁਣ ਅਸੀਂ ਉਨ੍ਹਾਂ ਦੇ ਮੁਖ਼ਤਸਰਨ ਜੀਵਨ ਤੇ ਉਨ੍ਹਾਂ ਦੀ ਕਲਾ ਬਾਰੇ ਜਾਨਣ ਦੀ ਕੋਸ਼ਿਸ਼ ਕਰਦੇ ਹਾਂ। ਸੁਰਜੀਤ ਪਾਤਰ ਜਿਨ੍ਹਾਂ ਦਾ ਜਨਮ 14 ਜਨਵਰੀ 1945 ਨੂੰ ਪੰਜਾਬ ਵਿੱਚ ਜਲੰਧਰ ਜਿਲ੍ਹੇ ਦੇ ਪਿੰਡ 'ਪੱਤੜ ਕਲਾਂ' ਵਿਖੇ ਹੋਇਆ। ਆਪ ਜੀ ਦੇ ਮਾਤਾ ਦਾ ਨਾਮ ਗੁਰਬਖਸ਼ ਕੌਰ ਅਤੇ ਪਿਤਾ ਦਾ ਨਾਮ ਸ.ਹਰਭਜਨ ਸਿੰਘ ਸੀ। ਪਾਤਰ ਨੇ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਦੀ ਸਿੱਖਿਆ ਲਈ ਜਦੋਂ ਕਿ ਖਾਲਸਾ ਹਾਈ ਸਕੂਲ ਖਹਿਰਾ ਮਝਾ ਤੋਂ ਦਸਵੀਂ ਪਾਸ ਕੀਤੀ।
ਰਣਧੀਰ ਗੌਰਮਿੰਟ ਕਾਲਜ ਕਪੂਰਥਲਾ ਤੋਂ ਬੀ,ਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮ.ਏ .ਅਤੇ ਗੁਰੂ ਨਾਨਕ ਦੇਵ ਯੂਨੀਵਰਿਸਟੀ, ਅੰਮ੍ਰਿਤਸਰ ਤੋਂ ਪੀ.ਐਚ.ਡੀ ਕੀਤੀ ।ਆਪ ਦੀ ਪੀ ਐਚ ਡੀ ਦਾ ਵਿਸ਼ਾ "Transformation of Folklore in Guru Nanak Vani " ਸੀ। ਆਪਣੇ ਅਧਿਆਪਕ ਅਤੇ ਉੱਘੇ ਨਾਟਕਕਾਰ ਸੁਰਜੀਤ ਸਿੰਘ ਸੇਠੀ ਦੇ ਕਹਿਣ 'ਤੇ ਹੀ ਉਹਨਾਂ ਆਪਣੇ ਪਿੰਡ ਦੇ ਨਾਮ ਤੋਂ ਹੀ ਆਪਣਾ ਤਖੱਲਸ 'ਪਾਤਰ' ਰੱਖ ਲਿਆ, ਜਦੋਂ ਕਿ ਉਹ ਪਹਿਲਾਂ ਆਪਣੇ ਨਾਂ ਸੁਰਜੀਤ ਦੇ ਨਾਲ ਪੱਤੜ ਸ਼ਬਦ ਦੀ ਹੀ ਵਰਤੋਂ ਕਰਿਆ ਕਰਦੇ ਸਨ।
ਆਪ ਨੇ 1960 ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਹੁਣ ਤੱਕ ਨਿਰੰਤਰ ਕਾਵਿ-ਸਿਰਜਣਾ ਦੇ ਕਾਰਜ ਵਿੱਚ ਪੂਰੀ ਤਰ੍ਹਾਂ ਨਾਲ ਕਰਮਸ਼ੀਲ ਰਹੇ। ਇਸੇ ਦੌਰਾਨ ਆਪ 1969 ਵਿੱਚ ਬਾਬਾ ਬੁਢਾ ਕਾਲਜਬੀੜ ਸਾਹਿਬ, ਅੰਮ੍ਰਿਤਸਰ ਵਿਚ ਲੈਕਚਰਾਰ ਲੱਗੇ। ਇਸ ਤੋਂ ਬਾਅਦ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਅਧਿਆਪਕ ਵਜੋਂ ਨਿਯੁਕਤ ਹੋ ਗਏ ਅਤੇ ਇਥੋਂ ਹੀ ਪੰਜਾਬੀ ਦੇ ਪ੍ਰੋਫ਼ੈਸਰ ਦੇ ਤੌਰ ਤੇ ਸੇਵਾਮੁਕਤ ਹੋਏ। 2002 ਵਿਚ ਉਹ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਚੁਣੇ ਗਏ ਅਤੇ 2008 ਤੱਕ ਇਸ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ ਨੇ ਪੰਜਾਬੀ ਸਾਹਿਤ ਅਕਾਡਮੀ ਨੂੰ ਸਾਹਿਤਕ ਸਰਗਰਮੀਆਂ ਦਾ ਗੜ੍ਹ ਬਣਾ ਦਿੱਤਾ।
ਉਹ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਧਾਨ ਹਨ। ਪਿਛਲੇ ਸਮੇਂ ਵਿਚ ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਚੁੱਕੇ ਹਨ।
ਇਸ ਤੋਂ ਬਾਅਦ ਆਪ ਨੂੰ 2013 ਵਿਚ ਪੰਜਾਬ ਸਰਕਾਰ ਨੇ ਪਾਤਰ ਸਾਹਿਬ ਨੂੰ ਪੰਜਾਬ ਸਾਹਿਤ ਅਕਾਡਮੀ, ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ੱਦ ਕੀਤਾ ਹੈ। ਜਦ ਕਿ ਇਸੇ ਵਰ੍ਹੇ ਅਰਥਾਤ 2013 ਵਿਚ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ, ਫ਼ਤਿਹਗੜ੍ਹ ਵਿਚ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਅਹੁਦੇ 'ਤੇ ਨਾਮਜ਼ਦ ਕੀਤਾ ਗਿਆ ਹੈ।
ਪਾਤਰ ਪਿੰਡਾਂ ਵਿਚ ਪਲਿਆ ਤੇ ਪੇਂਡੂ ਵਿਦਿਆਲਿਆਂ ਤੋਂ ਵਿੱਦਿਆ ਪ੍ਰਾਪਤ ਕੀਤੀ। ਆਪਣੀਆਂ ਜੜ੍ਹਾਂ ਨੂੰ ਚੇਤੇ ਰੱਖਣ ਲਈ ਉਸ ਨੇ ਆਪਣੇ ਪਿੰਡ ਪਾਤੜ ਨੂੰ ਆਪਣੇ ਨਾਂ ਨਾਲ ਜੋੜ ਲਿਆ ਜਿਹੜਾ ਘਸ-ਘਸਾ ਕੇ ਪਾਤਰ ਬਣ ਗਿਆ। ਸੁਰਜੀਤ ਪਾਤਰ ਲਾਤੀਨੀ ਅਮਰੀਕਾ ਦੇ ਕੋਲੰਬੀਆ ਵਿੱਚ ਪੈਂਦੇ ਮੈਦਿਯਨ ਸ਼ਹਿਰ ਵਿੱਚ ਇੱਕ ਕਵਿਤਾ ਉਤਸਵ ਵਿੱਚ ਸ਼ਿਰਕਤ ਕਰਨ ਗਿਆ ਸੀ। ਓਥੇ ਉਹਨਾਂ ਦੀ ਦਾੜ੍ਹੀ, ਪਗੜੀ ਦੇਖ ਕੇ ਇੱਕ ਸਪੇਨੀ ਬੱਚੇ ਨੇ ਉਹਨਾਂ ਨੂੰ ਜਾਦੂਗਰ ਸਮਝ ਲਿਆ ਸੀ। ਆਪ ਬਹੁਤ ਹੀ ਸਾਦੇ ਸ਼ਬਦਾਂ ਵਿਚ ਜੀਵਨ ਦੀਆਂ ਬਹੁਤ ਕੌੜੀਆਂ ਸੱਚਾਈਆਂ ਬਿਆਨ ਕਰ ਜਾਂਦੇ ਹਨ। ਜਿਵੇਂ ਕਿ ਉਨ੍ਹਾਂ ਦਾ ਇੱਕ ਮਸ਼ਹੂਰ ਸ਼ਿਅਰ ਹੈ ਕਿ:
ਏਨਾ ਸੱਚ ਨਾ ਬੋਲ ਕਿ 'ਕੱਲ੍ਹਾ ਰਹਿ ਜਾਵੇਂ'!
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ..।
ਉਹਨਾਂ ਦੀ ਕਵਿਤਾ ਦਰਅਸਲ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ ਇੱਕ ਅਦਭੁਤ ਸੁਮੇਲ ਹੈ। ਸਮਾਜ ਵਿਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ ਉਨ੍ਹਾਂ ਦੇ ਹਸਤਾਖ਼ਰ ਸ਼ੇਅਰ ਵੇਖੋ :
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।
ਇੱਕ ਥਾਂ ਪਾਤਰ ਮੌਸਮ ਦੇ ਚੱਕਰ ਨੂੰ ਬਿਆਨਦਿਆਂ ਕਿੰਨੇ ਸੋਹਣੇ ਸ਼ਬਦਾਂ ਵਿਚ ਆਖਦੇ ਹਨ :
ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ।
ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ।
ਇਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ।
ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ।
ਪਾਤਰ ਸਾਹਿਬ ਨੂੰ ਹਾਲਾਤ ਭਾਵੇਂ ਕਿਹੋ ਜਿਹੇ ਹੀ ਦਰਪੇਸ਼ ਹੋਣ ਆਪ ਕਦੇ ਮਾਯੂਸ ਨਹੀਂ ਹੁੰਦੇ ਇੱਕ ਥਾਂ ਆਖਦੇ ਹਨ :
ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
ਜੇ ਸਾਰੇ ਹੋਰ ਦੀਵੇ ਬੁਝ ਨ ਜਾਂਦੇ
ਤਾਂ ਦੀਵਾ ਦਿਲ ਦਾ ਇਉਂ ਜਗਣਾ ਨਹੀਂ ਸੀ
ਉਂਝ ਪਾਤਰ ਦੀ ਵਧੇਰੇ ਪ੍ਰਸਿੱਧੀ ਇੱਕ ਗ਼ਜ਼ਲਗੋ ਸ਼ਾਇਰ ਵਜੋਂ ਹੋਈ ਉਨ੍ਹਾਂ ਪੰਜਾਬੀ ਗ਼ਜ਼ਲ ਨੂੰ ਨਵੀਂਆਂ ਬੁਲੰਦੀਆਂ ਤੇ ਪਹੁੰਚਾਇਆ । ਇੱਥੇ ਜਿਕਰਯੋਗ ਹੈ ਕਿ ਹਵਾ ਵਿੱਚ ਲਿਖੇ ਹਰਫ਼ ਪੁਸਤਕ ਤੋਂ ਪਹਿਲਾਂ ਆਪ ਦੀਆਂ ਗਜ਼ਲਾਂ 'ਕੋਲਾਜ਼' ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਨੇ ਪੰਜਾਬੀ ਗ਼ਜ਼ਲ ਨੂੰ ਰਾਗਆਤਮਿਕਤਾ ਦੇ ਕੇ ਉਸ ਦਾ ਮਿਆਰ ਵਧਾਇਆ ਹੈ। ਸੁਰਜੀਤ ਦੀਆਂ ਗ਼ਜ਼ਲਾਂ ਨੂੰ ਜਦੋਂ ਆਪਣੇ ਮੁਤਾਅਲੇ ਚ ਲਿਆਂਉਂਦੇ ਹਾਂ ਤਾਂ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਨਾਂ ਦੇ ਹਰ ਸ਼ੇਅਰ ਦੀ ਤਪਸ਼, ਸ਼ਬਦਾਂ ਵਿਚਲੀ ਗਹਿਰਾਈ ਮੁਨੱਖੀ ਮਨ ਨੂੰ ਭਾਵਨਾਤਮਿਕ ਤੌਰ ਤੇ ਝੰਜੋੜਦੀ ਹੈ। ਪਾਤਰ ਦੀ ਇੱਕ ਗ਼ਜ਼ਲ ਕੁੱਝ ਸ਼ਿਅਰ ਆਪ ਵੀ ਵੇਖੋ ਆਖਦੇ ਹਨ :
ਤੂੰ ਬੇਚੈਨ ਕਿਉਂ ਹੈਂ ਤੂੰ ਰੰਜੂਰ ਕਿਉਂ ਹੈਂ
ਤੂੰ ਸੀਨੇ ਨੂੰ ਲੱਗ ਕੇ ਵੀ ਇਉਂ ਦੂਰ ਕਿਉਂ ਹੈਂ
ਕਿਵੇਂ ਬਲ ਰਿਹੈਂ ਤੂੰ ਉਹ ਕੀ ਜਾਣਦੇ ਨੇ
ਜੁ ਪੁੱਛਦੇ ਨੇ ਤੂੰ ਏਨਾ ਪੁਰਨੂਰ ਕਿਉਂ ਹੈਂ
ਉਹ ਸੂਲੀ ਚੜ੍ਹਾ ਕੇ ਉਹਨੂੰ ਪੁੱਛਦੇ ਨੇ
ਤੂੰ ਸਾਡੇ ਤੋਂ ਉੱਚਾ ਐਂ ਮਨਸੂਰ ਕਿਉਂ ਹੈਂ
ਉਹ ਆਪਣੇ ਹੀ ਦਿਲ ਦੀ ਅਗਨ ਸੀ ਰੌਸ਼ਨ
ਉਹ ਪੁੱਛਦੇ ਸੀ ਤੂੰ ਏਨਾ ਮਸ਼ਹੂਰ ਕਿਉਂ ਹੈਂ
ਆਲੋਚਕਾਂ ਅਨੁਸਾਰ ਪਾਤਰ ਦੀ ਗ਼ਜਲ ਦੇ ਸੂਖਮ ਭਾਵਾਂ ਵਾਲੇ ਸ਼ੇਅਰ, ਅੰਦਰੂਨੀ ਧਰਾਤਲ ਨੂੰ ਟੁੰਬਦੇ ਹੋਏ ਜਿਵੇਂ ਸਿੱਧੇ ਦਿਲ ਚ ਨਸ਼ਤਰ ਦੀ ਤਰ੍ਹਾਂ ਪੈਵਸਤ ਹੋ ਜਾਂਦੇ ਹਨ ਦਰਅਸਲ ਉਨ੍ਹਾਂ ਦੇ ਦਿਲ ਦੇ ਸ਼ਿਅਰ ਦੀ ਸ਼ਕਲ ਬਾਹਰ ਆਉਂਦੇ ਹਨ ਅਤੇ ਆਪਣੇ ਪਾਠਕ ਦੇ ਦਿਲ ਵਿਚ ਦਾਖਲ ਹੋ ਜਾਂਦੇ ਹਨ। ਇਕਬਾਲ ਨੇ ਅਜਿਹੇ ਵਿਚਾਰਾਂ ਦੇ ਸੰਦਰਭ ਵਿੱਚ ਇੱਕ ਥਾਂ ਆਖਿਆ ਸੀ ਕਿ:
ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰਖਤੀ ਹੈ।
ਪਰ ਨਹੀਂ ਤਾਕਤ-ਏ-ਪਰਵਾਜ਼ ਮਗਰ ਰਖਤੀ ਹੈ।।
ਇਸ ਦੇ ਨਾਲ ਨਾਲ ਹੀ ਉਨ੍ਹਾਂ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ, ਬੇਇਨਸਾਫੀ ਤੇ ਸਮਾਜਿਕ ਜਟਿਲ ਸਮੱਸਆਵਾਂ ਨੂੰ ਪਾਰਦਰਸ਼ੀ ਰੂਪ ਵਿਚ ਕਲਮਬੰਦ ਕਰਨ ਦੀ ਸਫਲ ਕੋਸ਼ਿਸ਼ ਕੀਤੀ ਹੈ। ਦਰਅਸਲ ਆਪ ਨੇ ਯਥਾਰਥ ਦੇ ਪਸਾਰੇ ਨੂੰ ਵਿਰੋਧ ਵਿਚ ਸਮੇਟਦਾ ਹੈ ਅਤੇ ਪ੍ਰਮਾਣਿਕ ਅਨੁਭਵ ਦੇ ਕੇ ਗ਼ਜ਼ਲ ਦੀ ਪੂਰਤੀ ਕਰਦੇ ਨਜ਼ਰ ਆਉਂਦੇ ਹਨ ।
ਇੱਕ ਗੱਲ ਹੋਰ ਪੰਜਾਬੀ ਗ਼ਜ਼ਲ ਜੋ ਪਿਛਲੇ ਲੰਮੇ ਸਮੇਂ ਤੋਂ ਉਰਦੂ ਪ੍ਰਭਾਵ ਹੇਠ ਦੱਬੀ ਹੋਈ ਅਨੁਭਵ ਹੁੰਦੀ ਸੀ ਸੁਰਜੀਤ ਪਾਤਰ ਨੇ ਉਸ ਨੂੰ ਉਰਦੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦੁਆਉਣ ਦੀ ਜੋ ਭਰਪੂਰ ਕੋਸ਼ਿਸ਼ ਕੀਤੀ ਹੈ ਯਕੀਨਨ ਮੈਂ ਸਮਝਦਾ ਹਾਂ ਕਿ ਇਸ ਦਾ ਸਿਹਰਾ ਕੇਵਲ ਤੇ ਕੇਵਲ ਉਨ੍ਹਾਂ ਦੀ ਜ਼ਾਤ ਨੂੰ ਹੀ ਜਾਂਦਾ ਹੈ।
ਜਿਵੇਂ ਕਿ, “ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਂਦਾਨ ਕੀ ਕਹਿਣਗੇ। ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ” ਜਾਂ ਫਿਰ “ਬਲਦਾ ਬਿਰਖ ਹਾਂ, ਖਤਮ ਹਾਂ, ਬਸ ਸ਼ਾਮ ਤੀਕ ਹਾਂ। ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕ ਹਾਂ”। “ਕੋਈ ਡਾਲੀਆਂ ‘ਚੋਂ ਲੰਘਿਆ ਹਵਾ ਬਣ ਕੇ, ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ”, “ਖੜਕ ਹੋਵੇ ਜੇ ਡਿੱਗੇ ਪੱਤਾ ਵੀ, ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ”।
ਆਦਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਉਕਤ ਵਿਚਾਰਾਂ ਦੀ ਹਾਮੀ ਭਰਦੀਆਂ ਪ੍ਤੀਤ ਹੁੰਦੀਆਂ ਹਨ। ਆਪ ਦੇ ਕਾਵਿ ਸੰਗ੍ਰਹ ਵਿੱਚ ਹਵਾ ਵਿਚ ਲਿਖੇ ਹਰਫ਼, ਬਿਰਖ ਅਰਜ ਕਰੇ, ਹਨੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪਾਜ਼ੇਬ, ਸੁਰ-ਜ਼ਮੀਨ, ਚੰਨ ਸੂਰਜ ਦੀ ਵਹਿੰਗੀ ਸ਼ਾਮਲ ਹਨ ਇਸ ਤੋਂ ਇਲਾਵਾ ਆਪ ਨੇ ਜਿਨ੍ਹਾਂ ਕਿਤਾਬਾਂ ਦਾ ਅਨੁਵਾਦ ਕੀਤਾ ਹੈ ਉਨ੍ਹਾਂ ਵਿਚ ਅੱਗ ਦੇ ਕਲੀਰੇ (ਬਲੱਡ ਵੈਡਿੰਗ)ਸਈਓ ਨੀ ਮੈਂ ਅੰਤਹੀਣ ਤਰਕਾਲਾਂ (ਯੇਰਮਾ)
ਹੁਕਮੀ ਦੀ ਹਵੇਲੀ (ਲਾ ਕਾਸਾ ਡੇ ਬਰਨਾਰਡਾ ਅਲਬਾ)
"ਨਾਗ ਮੰਡਲ" (ਗਿਰੀਸ਼ ਕਾਰਨਾਡ ਦਾ ਨਾਟਕ)
ਬ੍ਰੈਖਤ ਅਤੇ ਨੇਰੂਦਾ ਦੀਆਂ ਕਵਿਤਾਵਾਂ
ਸ਼ਹਿਰ ਮੇਰੇ ਦੀ ਪਾਗਲ ਔਰਤ (ਯਾਂ ਜਿਰਾਦੂ ਦੇ ਫ਼ਰੈਂਚ ਨਾਟਕ ਲਾ ਫ਼ੋਲੇ ਡੇ ਸਈਓ) ਆਦਿ ਸ਼ਾਮਲ ਹਨ
ਵਾਰਤਕ ਦੇ ਖੇਤਰ ਵਿੱਚ ਵੀ ਆਪਣੇ ਜੋਹਰ ਵਿਖਾਏ ਹਨ ਇਸ ਖੇਤਰ ਵਿੱਚ ਸੂਰਜ ਮੰਦਰ ਦੀਆਂ ਪੌੜੀਆਂ, ਇਹ ਬਾਤ ਨਿਰੀ ਏਨੀ ਹੀ ਨਹੀਂ ਸ਼ਾਮਿਲ ਹਨ
ਆਪ ਨੂੰ ਸਮੇਂ-ਸਮੇਂ ਤੇ ਵੱਖ ਵੱਖ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਜਿਵੇਂ ਕਿ 1993 ਵਿੱਚ "ਹਨੇਰੇ ਵਿੱਚ ਸੁਲਗਦੀ ਵਰਨਮਾਲਾ" ਲਈ ਸਾਹਿਤ ਅਕਾਦਮੀ ਸਨਮਾਨ। 1997 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਪੰਜਾਬੀ ਕਵੀ ਸਨਮਾਨ।
1999 ਵਿੱਚ "ਭਾਰਤੀ ਭਾਸ਼ਾ ਪਰੀਸ਼ਦ ਕਲਕੱਤਾ" ਵਲੋਂ ਪੰਚਨਾਦ ਪੁਰਸਕਾਰ। 2012 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਫ਼ਿਲਾਸਫ਼ੀ ਆਨਰਜ਼ ਕਾਜ਼ਾ (ਆਨਰੇਰੀ) ਦੀ ਉਪਾਧੀ ਨਾਲ ਸਨਮਾਨਿਤ। 2012 ਵਿੱਚ ਭਾਰਤ ਦੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਇਕ ਪਦਮਸ਼੍ਰੀ "ਲਫ਼ਜ਼ਾਂ ਦੀ ਦਰਗਾਹ"ਲਈ ਸਰਸਵਤੀ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਅਖੀਰ ਵਿੱਚ ਸੁਰਜੀਤ ਪਾਤਰ ਜੀ ਨੂੰ ਮੈਂ ਡਾ. ਇਕਬਾਲ ਦੇ ਇਸ ਸ਼ਿਅਰ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਨਾ ਚਾਹਾਂਗਾ ਕਿ :
ਹਜ਼ਾਰੋਂ ਸਾਲ ਨਰਗਿਸ ਆਪਣੀ ਬੇ-ਨੂਰੀ ਪੇ ਰੋਤੀ ਹੈ।
ਬੜੀ ਮੁਸ਼ਕਿਲ ਸੇ ਹੋਤਾ ਚਮਨ ਮੇਂ ਦੀਦਾ-ਵਰ ਪੈਦਾ।
ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ :9855259650