ਜ਼ਮਾਨੇ ਉਲਟੇ ਹੋ ਗਏ
Published : Sep 11, 2018, 12:21 pm IST
Updated : Sep 11, 2018, 12:21 pm IST
SHARE ARTICLE
Bus stand
Bus stand

ਅੱਜ ਤੋਂ ਤੀਹ ਕੁ ਸਾਲ ਪਹਿਲਾਂ ਤਕ ਬੱਸ ਜਾਂ ਰੇਲ ਗੱਡੀ ਦਾ ਸਫ਼ਰ ਬੜੇ ਸਵਾਦਲੇ ਤੇ ਅਨੋਖੇ ਤਰ੍ਹਾਂ ਦਾ ਹੁੰਦਾ ਸੀ। ਸਫ਼ਰ ਸ਼ੁਰੂ ਕਰੋ, ਹਰ ਮੁਸਾਫਰ ਕੋਈ ਨਾ ਕੋਈ ਅਖ਼ਬਾਰ...

ਅੱਜ ਤੋਂ ਤੀਹ ਕੁ ਸਾਲ ਪਹਿਲਾਂ ਤਕ ਬੱਸ ਜਾਂ ਰੇਲ ਗੱਡੀ ਦਾ ਸਫ਼ਰ ਬੜੇ ਸਵਾਦਲੇ ਤੇ ਅਨੋਖੇ ਤਰ੍ਹਾਂ ਦਾ ਹੁੰਦਾ ਸੀ। ਸਫ਼ਰ ਸ਼ੁਰੂ ਕਰੋ, ਹਰ ਮੁਸਾਫਰ ਕੋਈ ਨਾ ਕੋਈ ਅਖ਼ਬਾਰ ਰਸਾਲਾ ਪੜ੍ਹ ਰਿਹਾ ਹੁੰਦਾ ਜਾਂ ਅਪਣੇ ਅਕੀਦੇ ਮੂਜਬ ਪਾਠ ਕਰ ਰਿਹਾ ਹੁੰਦਾ। ਜੇਕਰ ਕੋਈ ਇਹ ਕੁੱਝ ਨਾ ਕਰ ਰਿਹਾ ਹੁੰਦਾ ਤਾਂ ਨਾਲ ਦੀ ਜਾਣੂ ਜਾਂ ਅਣਜਾਣ ਸਵਾਰੀ ਨਾਲ ਗੱਲਬਾਤ ਜ਼ਰੂਰ ਕਰ ਰਿਹਾ ਹੁੰਦਾ। ਇਹ ਗੱਲਾਂ ਬਾਤਾਂ ਦਾ ਸਿਲਸਿਲਾ ਬੱਸ ਦੀਆਂ ਸੀਟਾਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਸੜਕਾਂ, ਰਾਜ ਸਰਕਾਰ ਦੀਆਂ ਨਕਾਮੀਆਂ, ਮੁਲਕ ਪੱਧਰ ਉਤੇ ਹੋ ਰਹੇ ਘੁਟਾਲਿਆਂ ਤੇ ਅੰਤਰਰਾਸ਼ਟਰੀ ਪੱਧਰ ਉਤੇ ਅਮਰੀਕਾ ਦੀਆਂ ਪਾਲਸੀਆਂ ਤਕ ਪਹੁੰਚ ਜਾਂਦਾ।

ਤਦ ਨੂੰ ਸਵਾਰੀ ਦਾ ਟਿਕਾਣਾ ਆ ਜਾਂਦਾ। ਸੰਨ 90-91 ਦੀ ਗੱਲ ਹੈ ਅਪਣੇ ਦਿੱਲੀ ਪ੍ਰਵਾਸ ਵੇਲੇ ਹਰ ਹਫ਼ਤੇ ਦਿੱਲੀ ਆਉਣਾ ਜਾਣਾ ਹੁੰਦਾ ਸੀ। ਲੁਧਿਆਣਿਉਂ ਸਵੇਰੇ ਸੁਪਰ ਉਤੇ ਸਵਾਰ ਹੋ ਕੇ ਬਾਅਦ ਦੁਪਿਹਰੇ ਦਿੱਲੀ ਪਹੁੰਚਣ ਤਕ ਦੇ ਸਫ਼ਰ ਦਾ ਪਤਾ ਹੀ ਨਹੀਂ ਸੀ ਚਲਦਾ ਕਿ ਕਦ ਅੱਪੜ ਗਏ। ਅਣਜਾਣ ਸਵਾਰੀਆਂ ਨਾਲ ਸ਼ੁਰੂ ਹੋਈ ਗੁਫ਼ਤਗੂ ਟਿਕਾਣੇ ਉਤੇ ਪਹੁੰਚਣ ਤਕ ਵੀ ਖ਼ਤਮ ਨਾ ਹੁੰਦੀ। ਇਸ ਵਾਅਦੇ ਨਾਲ ਉਥੇ ਉਤਰਦੇ ਕਿ ਅਗਲੀ ਵੇਰਾਂ ਫਿਰ ਮਿਲਾਂਗੇ। ਸਾਰੇ ਸਫ਼ਰ ਦੌਰਾਨ ਗੱਲਾਂ ਬਾਤਾਂ ਸਾਂਝੀਆਂ ਕਰਨ ਦੇ ਨਾਲ-ਨਾਲ ਰੋਟੀ ਪਾਣੀ ਵੀ ਸਾਂਝਾ ਹੋ ਜਾਂਦਾ।

ਘਰੋਂ ਸਵੇਰੇ ਚਲਣ ਲਗਿਆਂ ਮਾਂ ਨੇ ਦੋ ਰੋਟੀਆਂ ਬੰਨ੍ਹ ਕੇ ਦੇਣੀਆਂ ਤਾਂ ਮੈਂ ਹਮੇਸ਼ਾ ਕਹਿਣਾ ਕਿ ਮਾਤਾ ਜੇ ਜ਼ਿਆਦਾ ਰੋਟੀਆਂ ਦੇਣੀਆਂ ਤਾਂ ਦੇ ਨਹੀਂ ਤਾਂ ਇਹ ਵੀ ਰਹਿਣ ਦੇ, ਰਾਹ ਵਿਚ ਰੋਟੀ ਰਲ ਕੇ ਖਾਣ ਵਾਲੇ ਬਹੁਤ ਮਿਲ ਜਾਣਗੇ। ਉਦੋਂ ਤਾਂ ਇਕ ਰਿਵਾਜ਼ ਵੀ ਸੀ ਕਿ ਕੋਈ ਵੀ ਸਵਾਰੀ ਇਕੱਲਿਆਂ ਖਾਣਾ ਨਹੀਂ ਸੀ ਖਾਂਦੀ। ਉਹ ਨਾਲ ਬੈਠੀ ਸਵਾਰੀ ਨੂੰ ਲਾਜ਼ਮੀ ਪੁਛਦੀ ਸੀ ਤੇ ਨਾਲ ਦੀ ਸਵਾਰੀ ਨਾਂਹ ਨੁਕਰ ਕਰਦੀ ਹੋਈ ਵੀ ਅਪਣੀ ਰੋਟੀ ਵੀ ਉਸ ਨਾਲ ਸਾਂਝੀ ਕਰ ਲੈਂਦੀ ਸੀ। ਉਦੋਂ ਕਿਸੇ ਕੋਲੋਂ ਖਾਣਾ ਖਾਣ ਜਾਂ ਕਿਸੇ ਨੂੰ ਖੁਆਉਣ ਦੀ ਕੋਈ ਸ਼ਰਮ ਵੀ ਨਹੀਂ ਸੀ।

ਮੈਨੂੰ ਯਾਦ ਹੈ ਕਿ ਇਕ ਵਾਰ ਮੇਰੀ ਮਾਤਾ ਨੇ ਮੱਕੀ ਦੀਆਂ ਦਸ ਕੁ ਰੋਟੀਆਂ ਤੇ ਤਾਜ਼ਾ ਸਾਗ ਬੰਨ੍ਹ ਕੇ ਦੇ ਦਿਤਾ ਤੇ ਕਿਹਾ ਕਿ ਇਹ ਕਿਹੜਾ ਖ਼ਰਾਬ ਹੋਣਾ, ਦੋ ਤਿੰਨ ਦਿਨ ਗਰਮ ਕਰ ਕੇ ਖਾਂਦਾ ਰਹੀਂ। ਸਾਰਾ ਕੁੱਝ ਬੈਗ ਵਿਚ ਪਾਇਆ ਤੇ ਰੇਲ ਗੱਡੀ ਵਿਚ ਬਹਿ ਗਿਆ। ਲੁਧਿਆਣਿਉਂ ਚਲ ਕੇ ਹਾਲੇ ਅੰਬਾਲਾ ਵੀ ਨਹੀਂ ਸਾਂ ਪਹੁੰਚਿਆ ਕਿ ਢਿੱਡ ਵਿਚ ਚੂਹੇ ਟੱਪਣ ਲੱਗੇ। ਤਦੇ ਪੋਣੇ ਵਿਚ ਬੰਨ੍ਹੀਆਂ ਰੋਟੀਆਂ ਖੋਲ੍ਹ ਲਈਆਂ। ਮੇਰੇ ਕੁੱਝ ਬੋਲਣ ਤੋਂ ਪਹਿਲਾਂ ਹੀ ਨਾਲ ਦੀ ਸਵਾਰੀ ਬੋਲੀ, ''ਵਾਹ ਮੱਕੀ ਦੀਆਂ ਰੋਟੀਆਂ ਤੇ ਸਰ੍ਹੋਂ ਦਾ। ਸਾਗ ਸਹੁੰ ਬਾਪੂ ਦੀ ਬੜਾ ਸਵਾਦ।”

ਅਗਲੇ ਪੰਜਾਂ ਮਿੰਟਾਂ ਵਿਚ ਸਾਡੇ ਆਸੇ ਪਾਸੇ ਬੈਠੀਆਂ ਸਾਰੀਆਂ ਸਵਾਰੀਆਂ ਦੇ ਹੱਥ ਉਤੇ ਮੱਕੀ ਦੀ ਰੋਟੀ ਤੇ ਉਤੇ ਸਾਗ ਸੀ। ਸਾਰੇ ਉਂਗਲੀਆਂ ਚੱਟ-ਚੱਟ ਕੇ ਮਾਂ ਦੇ ਹੱਥੀਂ ਬਣੇ ਸਾਗ ਦੀ ਤਾਰੀਫ਼ ਕਰ ਰਹੇ ਸਨ ਤੇ ਮੇਰਾ ਦਿਲ ਬਾਗੋ ਬਾਗ ਹੋ ਰਿਹਾ ਸੀ। ਮੈਂ ਬਾਬੇ ਨਾਨਕ ਦਾ ਸੱਚੇ ਦਿਲੋਂ ਧਨਵਾਦ ਕਰ ਰਿਹਾ ਸਾਂ ਜਿਹਨੇ ਸਾਨੂੰ ਪੰਜਾਬੀਆਂ ਨੂੰ ਵੰਡ ਕੇ ਛਕਣ ਦਾ ਦਾ ਸਬਕ ਦਿਤਾ। ਇਸੇ ਤਰ੍ਹਾਂ ਇਕ ਵਾਰ ਗਰਮੀਆਂ ਦੇ ਦਿਨਾਂ ਵਿਚ ਜਲੰਧਰੋਂ ਲੁਧਿਆਣੇ ਲਈ ਬੱਸ ਵਿਚ ਬੈਠਿਆ। ਫਗਵਾੜੇ ਪਹੁੰਚਦੇ ਤਕ ਪਿਆਸ ਲੱਗਣ ਲਗੀ ਤਾਂ ਬਾਹਰੋਂ ਪਾਣੀ ਦੀ ਬੋਤਲ ਖ਼ਰੀਦ ਲਈ।

ਬੋਤਲ ਦਾ ਡੱਟ ਖੋਲ੍ਹ ਕੇ ਮੂੰਹ ਨੂੰ ਲਗਾਉਣ ਹੀ ਲੱਗਾ ਸਾਂ ਕਿ ਨਾਲ ਬੈਠੀਂ ਬਜ਼ੁਰਗ ਮਾਤਾ ਵਲ ਧਿਆਨ ਗਿਆ ਤਾਂ ਬੋਤਲ ਮਾਤਾ ਵਲ ਨੂੰ ਕਰ ਦਿਤੀ। ਉਹ ਵੀ ਜਿਵੇਂ ਪਾਣੀ ਨੂੰ ਤਰਸ ਰਹੀ ਸੀ। ਮਾਤਾ ਨੇ ਅਪਣਾ ਸੁੱਕਾ ਗਲਾ ਤਰ ਕਰ ਕੇ ਜੋ ਅਸੀਸਾਂ ਦਿਤੀਆਂ ਉਸ ਨਾਲ ਮੇਰੇ ਗਲੇ ਦੀ ਹੀ ਨਹੀਂ ਮੇਰੀ ਆਤਮਾ ਦੀ  ਪਿਆਸ ਵੀ ਬੁੱਝ ਗਈ। ਇਹ ਸੱਭ ਬੀਤੇ ਸਮੇਂ ਦੀਆਂ ਗੱਲਾਂ ਸਨ। ਇਹ ਗੱਲਾਂ ਮੈਂ ਹੁਣ ਕਿਉਂ ਕਰ ਰਿਹਾ ਹਾਂ? ਦਰਅਸਲ ਕੁੱਝ ਦਿਨ ਪਹਿਲਾਂ ਲੰਮੇ ਅਰਸੇ ਬਾਅਦ ਪਹਿਲਾਂ ਪੈਸੰਜਰ ਰੇਲ ਗੱਡੀ ਵਿਚ ਤੇ ਫਿਰ ਉਸੇ ਦਿਨ ਬੱਸ ਵਿਚ ਸਫ਼ਰ ਕਰਨ ਦਾ ਮੌਕਾ ਬਣਿਆ।

ਭਾਵੇਂ ਅਜਕਲ ਮੇਰਾ ਜ਼ਿਆਦਾ ਸਫ਼ਰ ਸ਼ਤਾਬਦੀ ਵਿਚ ਹੁੰਦਾ ਏ ਪਰ ਉਸ ਦਿਨ ਪੈਸੰਜਰ ਰੇਲ ਗੱਡੀ ਵਿਚ ਸਫ਼ਰ ਕਰਨ ਦਾ ਸਬੱਬ ਬਣ ਗਿਆ। ਮੈਂ ਵੇਖ ਕੇ ਹੈਰਾਨ ਸਾਂ ਕਿ ਇਥੇ ਤਾਂ ਹੁਣ ਸਫ਼ਰ ਦਾ ਮਾਹੌਲ ਹੀ ਬਦਲ ਗਿਆ ਹੈ। ਮੈਨੂੰ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਕਿ ਮੈਂ ਪੰਜਾਬ ਵਿਚ ਸਫ਼ਰ ਕਰ ਰਿਹਾ ਹਾਂ। ਹਰ ਮੁਸਾਫਰ ਅਪਣੇ ਆਪ ਵਿਚ ਮਗਨ। ਕੋਈ ਅਖ਼ਬਾਰ ਰਸਾਲਾ ਨਹੀਂ ਸੀ ਪੜ੍ਹ ਰਿਹਾ ਤੇ ਨਾ ਹੀ ਕੋਈ ਪਾਠ ਕਰ ਰਿਹਾ ਸੀ। ਹਰ ਇਕ ਦੇ ਹੱਥ ਵਿਚ ਮੋਬਾਈਲ ਤੇ ਸਾਰੇ ਕੰਨਾਂ ਵਿਚ ਟੂਟੀਆਂ ਜਹੀਆਂ ਅੜਾ ਕੇ ਅਪਣੇ ਆਪ ਵਿਚ ਮਗਨ। ਆਪੇ ਹੱਸੀ ਜਾ ਰਹੇ ਸਨ, ਆਪੇ ਗੱਲਾਂ ਕਰੀ ਜਾ ਰਹੇ ਨੇ।

ਨਾ ਨਾਲ ਬੈਠੀ ਸਵਾਰੀ ਦੀ ਕੋਈ ਸੁੱਧ ਤੇ ਨਾ ਹੀ ਅਪਣੇ ਆਪ ਦੀ। ਇਕ ਹੱਥ ਵਿਚ ਡਬਲ ਰੋਟੀ ਜਹੀ, ਨਾਲੇ ਆਪੇ ਗੱਲਾਂ ਕਰੀ ਜਾਣ ਤੇ ਨਾਲ ਨਾਲ ਉਸ ਡਬਲ ਰੋਟੀ ਉਤੇ ਬੇਧਿਆਨ ਹੋ ਕੇ ਬੁਰਕੀਆਂ ਮਾਰੀ ਜਾਣ। ਬਚਪਨ ਵਿਚ ਸਾਡੀ ਮਾਤਾ ਸਾਨੂੰ ਰੋਟੀ ਖੁਆਉਂਦੇ ਹੋਏ ਗੱਲ ਕਰਨ ਤੋਂ ਤੇ ਕੋਈ ਗੱਲ ਸੋਚਣ ਤੋਂ ਟੋਕਦੀ ਹੁੰਦੀ ਸੀ। ਕਹਿੰਦੀ ਸੀ ਕਿ ਇਹ ਅੰਨ ਦੇਵਤੇ ਦੀ ਤੌਹੀਨ ਹੈ। ਪਰ ਇਥੇ ਤਾਂ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਇਹ ਨਵੀਂ ਪਨੀਰੀ ਕਿਸ ਚੀਜ਼ ਉਤੇ ਝੱਖ ਮਾਰ ਰਹੀ ਏ। ਕਿਸੇ ਨਾਲ ਖਾਣਾ ਸਾਂਝਾ ਕਰਨਾ ਤਾਂ ਵਖਰੀ ਗੱਲ, ਕੋਈ ਕਿਸੇ ਨੂੰ ਬੁਲਾ ਹੀ ਨਹੀਂ ਰਿਹਾ ਸੀ ਜਿਵੇਂ ਨਾਲ ਦੀ ਸਵਾਰੀ ਦੀ ਭਾਸ਼ਾ ਤੋਂ ਅਣਜਾਣ ਹੋਣ।

ਯਕਾਯਕ ਤਾਂ ਮੈਨੂੰ ਇੰਜ ਜਾਪਿਆ ਜਿਵੇਂ ਸਾਰੇ ਪਾਗਲ ਬੈਠੇ ਹੋਣ ਜਿਹੜੇ ਅਪਣੇ ਆਪ ਹੀ ਗੱਲਾਂ ਕਰ ਕਰ ਹੱਸ ਰਹੇ ਨੇ। ਖ਼ੈਰ ਅਪਣੀ ਆਦਤ ਤੋਂ ਮਜਬੂਰ ਮੈਂ ਨਾਲ ਦੀ ਸਵਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਪਣੇ ਕੰਨਾਂ ਵਿਚੋਂ ਟੂਟੀਆਂ ਕੱਢ ਮੇਰੇ ਵਲ ਇੰਜ ਵੇਖਿਆ ਜਿਵੇ ਮੈਂ ਉਸ ਨੂੰ ਬੜੇ ਜ਼ਰੂਰੀ ਕੰਮ ਲੱਗੇ ਨੂੰ ਪ੍ਰੇਸ਼ਾਨ ਕੀਤਾ ਹੋਵੇ। ਇਥੇ ਮੈਨੂੰ ਯਾਦ ਆਇਆ ਸੰਨ 92 ਦੌਰਾਨ ਦਿੱਲੀ ਤੋਂ ਜੋਧਪੁਰ ਦਾ ਉਹ ਸਫ਼ਰ ਜਦ ਮੇਰੇ ਮਲੰਗ ਕੋਲ ਖਾਣਾ ਤਾਂ ਕੀ ਏਨੇ ਲੰਮੇ ਸਫ਼ਰ ਲਈ ਪਾਣੀ ਤਕ ਵੀ ਨਹੀਂ ਸੀ ਤੇ ਉਤੋਂ ਸਾਰੇ ਮੁਸਾਫ਼ਰ ਅਨਜਾਣ। ਇਥੋਂ ਤਕ ਕਿ ਉਨ੍ਹਾਂ ਨਾਲ ਮੇਰੀ ਭਾਸ਼ਾ ਦੀ ਵੀ ਕੋਈ ਸਾਂਝ ਨਹੀਂ ਸੀ।

ਮੈਂ ਠੇਠ ਪੰਜਾਬੀ ਤੇ ਉਹ ਮਾਰਵਾੜੀ ਪਰ ਦਿੱਲੀਉਂ ਰੇਲ ਗੱਡੀ ਚੱਲਣ ਦੇ ਤਕਰੀਬਨ ਘੰਟੇ ਕੁ ਬਾਅਦ ਆਪਾਂ ਗੱਲਾਂ ਬਾਤਾਂ ਦਾ ਇਹੋ ਜਿਹਾ ਦੌਰ ਸ਼ੁਰੂ ਕੀਤਾ ਕਿ ਹਰ ਕੋਈ ਮੇਰੀ ਤਕਰੀਰ ਨੂੰ ਧਿਆਨ ਨਾਲ ਸੁਣ ਰਿਹਾ ਸੀ। ਉਨ੍ਹਾਂ ਮਾਰਵਾੜੀਆਂ ਤੋਂ ਪਾਣੀ ਵੀ ਪੀਤਾ ਤੇ ਖਾਣਾ ਵੀ ਖਾਧਾ। ਉਸੇ ਸਮੇਂ ਦੀ ਗੱਲ ਹੈ ਮੇਰੀ ਮਾਤਾ ਨੇ ਮੇਰੇ ਨਾਲ ਦਿੱਲੀ ਆਉਣਾ ਸੀ। ਅਸੀ ਲੁਧਿਆਣਿਉਂ ਰੇਲ ਗੱਡੀ ਉਤੇ ਬੈਠੇ। ਮੈਂ ਉਤਲੇ ਫੱਟੇ ਉਤੇ ਚੜ੍ਹ ਕੇ ਬਹਿ ਗਿਆ ਤੇ ਮਾਤਾ ਥੱਲੇ ਵਾਲੀ ਸੀਟ ਉਤੇ ਬੈਠੀ ਰਹੀ। ਲੁਧਿਆਣਿਉਂ ਹੀ ਮੇਰੀ ਮਾਤਾ ਨਾਲ ਬਿਹਾਰ ਦੀ ਇਕ ਔਰਤ ਵੀ ਬਹਿ ਗਈ ਸੀ। ਇਥੋਂ ਰੇਲ ਗੱਡੀ ਚੱਲਣ ਦੇ ਥੋੜੀ ਦੇਰ ਬਾਅਦ ਹੀ ਦੋਹਾਂ ਦੀ ਗੱਲ ਬਾਤ ਸ਼ੁਰੂ ਹੋ ਗਈ।

ਮੈਂ ਹੈਰਾਨ ਸਾਂ ਕਿ ਉਹ ਇਕ ਦੂਜੀ ਦੀ ਗੱਲ ਕਿਵੇਂ ਸਮਝ ਰਹੀਆਂ ਸਨ। ਮੇਰੀ ਮਾਂ ਨੂੰ ਪੰਜਾਬੀ ਤੋਂ ਇਲਾਵਾ ਕੁੱਝ ਨਹੀਂ ਸੀ ਆਉਂਦਾ ਤੇ ਉਹ ਔਰਤ ਵੀ ਸਿਰਫ਼ ਅਪਣੀ ਭਾਸ਼ਾ ਹੀ ਬੋਲ ਰਹੀ ਸੀ ਪਰ ਦਿੱਲੀ ਪਹੁੰਚਦੇ ਤਕ ਦੋਵਾਂ ਦੀਆਂ ਗੱਲਾਂ ਬਾਤਾਂ ਤੇ ਖਾਣਾ ਪੀਣਾ ਸਾਂਝਾ ਹੋ ਗਿਆ ਸੀ। ਇਹੀ ਸਾਡੀ ਪੰਜਾਬੀ ਸਭਿਅਤਾ ਹੈ, ਜਿਸ ਨੂੰ ਅਸੀ ਭੁਲਦੇ ਜਾ ਰਹੇ ਹਾਂ।                 ਸੰਪਰਕ : 94637-37836

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement