
'ਜਿਊਂਦੀ ਰਹਿ ਪੁੱਤਰ, ਤੇਰਾ ਸੁਹਾਗ ਜੀਵੇ, ਤੇਰਾ ਵੀਰ ਜੀਵੇ, ਤੇਰੇ ਬੱਚੇ ਜਿਊਂਦੇ ਰਹਿਣ।' ਜਦ ਵੀ ਆਉਂਦੀ ਅਸੀਸਾਂ ਦੀ ਝੜੀ ਲਗਾ ਦਿੰਦੀ, ਘਸਮੈਲੇ ਕਪੜੇ, ਟੁੱਟੀ ਜੁੱਤੀ...
'ਜਿਊਂਦੀ ਰਹਿ ਪੁੱਤਰ, ਤੇਰਾ ਸੁਹਾਗ ਜੀਵੇ, ਤੇਰਾ ਵੀਰ ਜੀਵੇ, ਤੇਰੇ ਬੱਚੇ ਜਿਊਂਦੇ ਰਹਿਣ।' ਜਦ ਵੀ ਆਉਂਦੀ ਅਸੀਸਾਂ ਦੀ ਝੜੀ ਲਗਾ ਦਿੰਦੀ, ਘਸਮੈਲੇ ਕਪੜੇ, ਟੁੱਟੀ ਜੁੱਤੀ, ਹਸਦੇ ਚਿਹਰੇ ਵਾਲੀ, ਅੱਧਖੜ ਉਮਰ ਦੀ ਔਰਤ ਤਕਰੀਬਨ ਚਾਰ ਕੁ ਸਾਲ ਤੋਂ ਮੇਰੇ ਕੋਲ ਆ ਰਹੀ ਸੀ। ਉਸ ਨੇ ਅਪਣੀਆਂ ਦੋਹਾਂ ਅੱਖਾਂ ਦੇ ਅਪਰੇਸ਼ਨ ਮੇਰੇ ਤੋਂ ਹੀ ਕਰਵਾਏ ਸਨ। ਮੇਰੇ ਹਰ ਕੈਂਪ ਵਿਚ ਮੇਰੇ ਤੋਂ ਪਹਿਲਾਂ ਉਥੇ ਬੈਠੀ ਹੁੰਦੀ ਸੀ।
ਹਰ ਵਾਰ ਕੋਈ ਨਾ ਕੋਈ ਨਵਾਂ ਮਰੀਜ਼ ਲੈ ਕੇ ਆਉਂਦੀ। ਇਕ ਵਾਰ ਗੋਲਾ ਕੋਹੜੀਆਂ ਦੇ ਆਸ਼ਰਮ ਦੀਆਂ ਔਰਤਾਂ ਨੂੰ ਲੈ ਕੇ ਆਪ੍ਰੇਸ਼ਨ ਕਰਵਾਉਣ ਲਈ ਆਈ। ਆਪ੍ਰੇਸ਼ਨ ਤਾਂ ਮੈਂ ਕਰ ਦਿਤੇ ਪਰ ਉਸ ਤੋਂ ਬਾਅਦ ਆਸ਼ਰਮ ਦੇ ਹੋਰ ਮਰੀਜ਼ ਵੀ ਇਲਾਜ ਕਰਵਾਉਣ ਲਈ ਆਉਣ ਲੱਗੇ। ਮੈਨੂੰ ਲੱਗਾ ਕਿ ਪਤਾ ਨਹੀਂ ਮੈਂ ਠੀਕ ਕੀਤਾ ਕਿ ਨਹੀਂ ਕਿਉਂਕਿ ਹੋ ਸਕਦਾ ਹੈ ਕਿ ਦੂਜੇ ਮਰੀਜ਼ ਇਸ ਗੱਲ ਨੂੰ ਠੀਕ ਨਾ ਸਮਝਣ ਪਰ ਕਿਸੇ ਨੇ ਵੀ ਇਸ ਬਾਰੇ ਸਵਾਲ ਨਾ ਕੀਤਾ।
ਸ਼ਾਇਦ ਜਦ ਇਨਸਾਨ ਤਕਲੀਫ ਵਿਚ ਹੁੰਦਾ ਹੈ, ਉਦੋਂ ਸਾਰੇ ਭੇਦ-ਭਾਵ ਭੁੱਲ ਜਾਂਦਾ ਹੈ। ਅੱਜ ਫਿਰ ਉਹ ਅਪਣੇ ਨਾਲ ਕਿਸੇ ਨੂੰ ਲੈ ਕੇ ਆਈ ਸੀ। ਮਰੀਜ਼ ਦੀ ਹਾਲਤ ਕੋਈ ਜ਼ਿਆਦਾ ਠੀਕ ਨਹੀਂ ਸੀ, ਉਸ ਨੂੰ ਵਿਖਾਈ ਵੀ ਨਹੀਂ ਦੇ ਰਿਹਾ ਸੀ। ਖ਼ੈਰ, ਮੈਂ ਜ਼ਰੂਰੀ ਟੈਸਟ ਕਰਵਾਏ, ਰੀਪੋਰਟ ਲੈ ਕੇ ਉਹ ਆ ਗਈ। ਰੀਪੋਰਟ ਵੇਖ ਕੇ ਮੇਰੇ ਲਈ ਫ਼ੈਸਲਾ ਕਰਨਾ ਔਖਾ ਹੋ ਗਿਆ।
ਮੈਂ ਉਸ ਨੂੰ ਖਿਝ ਕੇ ਕਿਹਾ, ''ਤੂੰ ਮੇਰੇ ਹੀ ਇਮਤਿਹਾਨ ਲੈਣ ਕਿਉਂ ਆ ਜਾਨੀ ਐਂ?'' ਉਸ ਨੇ ਮਾਸੂਮੀਅਤ ਨਾਲ ਪੁਛਿਆ, ''ਕੀ ਹੋਇਆ ਪੁੱਤਰ? ਇਸ ਦਾ ਆਪ੍ਰੇਸ਼ਨ ਨਹੀਂ ਹੋ ਸਕਦਾ?'' ''ਤੂੰ ਇਸ ਨੂੰ ਕਿਸੇ ਵੱਡੇ ਹਸਪਤਾਲ ਵਿਚ ਲੈ ਕੇ ਜਾਹ, ਉਥੇ ਵੱਡੀਆਂ ਮਸ਼ੀਨਾਂ ਹੁੰਦੀਆਂ ਹਨ।'' ਗੋਲਾ ਨੂੰ ਸ਼ਾਇਦ ਮੇਰੇ ਤੋਂ ਇਹ ਉਮੀਦ ਨਹੀਂ ਸੀ। ਉਸ ਨੇ ਰੀਪੋਰਟਾਂ ਚੁੱਕ ਲਈਆਂ ਤੇ ਆਖਣ ਲਗੀ, ''ਪੁੱਤਰ ਜੇ ਤੂੰ ਹੀ 'ਬੇਦਾਵਾ' ਦੇ ਦਿਤਾ ਤਾਂ ਹੋਰ ਕਿਥੇ ਜਾਵਾਂ ਫਿਰ?''
ਜਾਣ ਤੋਂ ਪਹਿਲਾਂ ਇਹ ਗੋਲਾ ਦੇ ਆਖ਼ਰੀ ਸ਼ਬਦ ਸਨ ਜੋ ਮੇਰੇ ਦਿਲ ਦੇ ਆਰ-ਪਾਰ ਹੋ ਗਏ। ਮੈਨੂੰ ਲੱਗਾ ਕਿ ਹੁਣ ਕਦੇ ਨਹੀਂ ਆਵੇਗੀ ਗੋਲਾ। ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਸੱਚਮੁਚ ਬੇਦਾਵਾ ਲਿਖ ਦਿਤਾ ਹੋਵੇ। ਪਰ ਉਸ ਨੂੰ ਕੀ ਪਤਾ ਕਿ ਜਿਸ ਮਰੀਜ਼ ਨੂੰ ਉਹ ਲੈ ਕੇ ਆਈ ਸੀ, ਉਹ 'ਏਡਜ਼' ਨਾਂ ਦੀ ਭਿਆਨਕ ਬੀਮਾਰੀ ਤੋਂ ਪੀੜਤ ਸੀ।
ਜੇ ਮੈਂ ਉਸ ਦਾ ਆਪ੍ਰੇਸ਼ਨ ਕਰਦੀ ਤਾਂ ਮੈਂ ਅਪਣੇ ਆਪ ਨੂੰ ਤੇ ਅਪਣੀ ਸਾਰੀ ਟੀਮ ਨੂੰ ਖ਼ਤਰੇ ਵਿਚ ਪਾ ਦੇਣਾ ਸੀ। ਇਨ੍ਹਾਂ ਮਰੀਜ਼ਾਂ ਲਈ ਸਮਾਨ ਵੀ ਵਖਰੇ ਤੌਰ 'ਤੇ ਤਿਆਰ ਕਰਨਾ ਪੈਂਦਾ ਹੈ। ਕੀ ਹੁਣ ਗੋਲਾ ਵਾਪਸ ਆਵੇਗੀ ਜਾਂ ਨਹੀਂ? ਏਨੇ ਗ਼ਰੀਬ ਮਰੀਜ਼ ਨੂੰ ਕਿਥੇ ਲੈ ਕੇ ਜਾਵੇਗੀ? ਜਿਥੇ ਮਰਜ਼ੀ ਜਾਵੇ, ਮੈਂ ਕੀ ਲੈਣੈ? ਕੀ ਅਪਣੇ ਸੁਆਰਥ ਲਈ ਮੈਂ ਉਸ ਤੋਂ ਮੂੰਹ ਮੋੜ ਲਿਆ? ਮਨੁੱਖਤਾ ਪ੍ਰਤੀ ਬਣਦੀ ਜ਼ਿੰਮੇਵਾਰੀ ਤੋਂ ਬਹੁਤ ਸਫ਼ਾਈ ਨਾਲ ਅਪਣਾ ਖਹਿੜਾ ਛੁਡਾਇਆ ਸੀ। ਦੇਰ ਰਾਤ ਤਕ ਮੇਰਾ ਮਨ ਅਪਣੇ ਨਾਲ ਹੀ ਸਵਾਲ-ਜਵਾਬ ਕਰਦਾ ਰਿਹਾ।
ਅਪਣੀ ਜ਼ਿੰਦਗੀ ਨੂੰ ਆਰਾਮਦਾਇਕ ਬਣਾਉਣ ਲਈ ਪਤਾ ਨਹੀਂ ਰੋਜ਼ ਕਿੰਨੇ ਬੇਦਾਵੇ ਲਿਖਦੇ ਹਾਂ ਅਸੀ। ਜੇ ਮੈਂ ਇਸ ਮਰੀਜ਼ ਦਾ ਆਪ੍ਰੇਸ਼ਨ ਕਰ ਦਿੰਦੀ ਤਾਂ ਗੋਲਾ ਨੇ ਚਾਰ ਹੋਰ ਇਹੋ ਜਿਹੇ ਮਰੀਜ਼ ਲੈ ਆਉਣੇ ਸੀ। ਇਸ ਤੋਂ ਚੰਗਾ ਹੈ ਕਿ ਬੇਦਾਵਾ ਲਿਖ ਦਈਏ ਹਰ ਜ਼ਿੰਮੇਵਾਰੀ ਪ੍ਰਤੀ ਜੋ ਸਾਨੂੰ ਔਖੀ ਲਗਦੀ ਹੋਵੇ, ਅਪਣੇ ਮਤਲਬ ਦਾ ਕੰਮ ਕਰੀਏ ਤੇ ਚੁੱਪ-ਚਾਪ ਅਪਣੇ ਘਰਾਂ ਵਲ ਕਦਮ ਰਖੀਏ, ਉਨ੍ਹਾਂ ਲੋਕਾਂ ਤੋਂ ਬਚ ਕੇ ਜੋ ਸਾਨੂੰ ਅਪਣੀਆਂ ਤਕਲੀਫ਼ਾਂ ਵਿਚ ਉਲਝਾਉਂਦੇ ਹਨ।
ਅਗਲੀ ਸਵੇਰ ਮੈਂ ਫਿਰ ਮੁਕਤਸਰ ਜਾ ਰਹੀ ਸੀ ਅਪਣੀ ਡਿਊਟੀ ਕਰਨ ਤੇ 'ਮੁਕਤਸਰ' ਉਹੀ 40 ਮੁਕਤਿਆਂ ਦੀ ਧਰਤੀ ਹੈ ਜਿਥੇ ਚਾਲੀ ਮੁਕਤਿਆਂ ਨੇ ਅਪਣੇ ਲਹੂ ਨਾਲੋਂ ਬੇਦਾਵੇ ਦੇ ਅੱਖਰਾਂ ਨੂੰ ਧੋਇਆ ਸੀ ਤੇ ਮੁਕਤ ਹੋ ਗਏ ਸਨ। ਸੁਰਜੀਤ ਪਾਤਰ ਦੀ ਇਹ ਪੰਕਤੀ ਮੇਰੇ ਦਿਮਾਗ਼ ਵਿਚ ਪਤਾ ਨਹੀਂ ਕਿਉਂ ਵਾਰ-ਵਾਰ ਆ ਰਹੀ ਸੀ।
ਅਸੀ ਕਿੰਝ ਸੁਰਖਰੂ ਹੋਵਾਂਗੇ,
ਅਸੀ ਕਦ ਮੁਕਤੇ ਅਖਵਾਵਾਂਗੇ।
ਜਾਂ ਪੈਰਾਂ ਦੇ ਸੰਗ ਧਰਤੀ ਤੇ ਬੇਦਾਵੇ ਲਿਖਦੇ-ਲਿਖਦੇ ਹੀ, ਇਸ ਦੁਨੀਆਂ ਤੋਂ ਤੁਰ ਜਾਵਾਂਗੇ।''ਸਾਸਰੀਕਾਲ ਪੁੱਤਰ” ਗੋਲਾ ਹਸਪਤਾਲ ਦੇ ਬਾਹਰ ਖੜੀ ਸੀ। ''ਮੁਕਤਸਰ ਦੀ ਧਰਤੀ ਉਤੇ ਬੇਦਾਵੇ ਲਿਖੇ ਨਹੀਂ ਜਾਂਦੇ'', ਆਪ ਮੁਹਾਰੇ ਹੀ ਮੇਰੇ ਮੂੰਹੋਂ ਨਿਕਲ ਗਿਆ। ਤੇਰੇ ਮਰੀਜ਼ ਦਾ ਆਪ੍ਰੇਸ਼ਨ ਮੈਂ ਕਲ ਕਰਾਂਗੀ।'' ਸੁਣ ਕੇ ਗੋਲਾ ਇਉਂ ਖ਼ੁਸ਼ ਹੋਈ ਜਿਵੇਂ ਛੋਟੇ ਬੱਚੇ ਨੂੰ ਕੋਈ ਸੁੰਦਰ ਖਿਡੌਣਾ ਮਿਲ ਜਾਵੇ ਤੇ ਮੈਂ ਇੰਜ ਖ਼ੁਸ਼ ਸੀ ਜਿਵੇਂ ਇਮਤਿਹਾਨ ਖ਼ਤਮ ਹੋਣ ਤੋਂ ਪਹਿਲਾਂ ਕੋਈ ਅਪਣਾ ਗ਼ਲਤ ਸਵਾਲ ਸਹੀ ਕਰ ਲਵੇ। ਨਾਲੇ ਜਿਸ ਦੀ ਜ਼ਿੰਦਗੀ ਵਿਚ ਗੋਲਾ ਵਰਗੇ ਖ਼ੂਬਸੂਰਤ ਲੋਕ ਹੋਣ, ਉਹ ਬੇਦਾਵੇ ਨਹੀਂ ਲਿਖ ਸਕਦੇ।
ਸੰਪਰਕ : 98145-39535