
ਹੁਣ ਉਹ ਇਕੱਲੀ ਵਿਚਾਰੀ ਕਿਸ ਤਰ੍ਹਾਂ ਉਸ ਛੇ ਮਹੀਨੇ ਦੇ ਬੱਚੇ ਦਾ ਪਾਲਣ-ਪੋਸਣ ਕਰੇ ਅਤੇ ਨਾਲ ਹੀ ਮਿਹਨਤ ਮਜ਼ਦੂਰੀ ਕਰ ਕੇ ਅਪਣਾ ਪੇਟ ਭਰਨ ਦਾ ਇੰਤਜ਼ਾਮ ਕਰੇ?
ਮੈਂ ਕੋਈ ਲੇਖਕ ਤਾਂ ਨਹੀਂ ਪਰ ਇਹ ਔਰਤ ਤੇ ਹੁੰਦਾ ਅਤਿਆਚਾਰ ਵੇਖ ਕੇ ਲਿਖਣ ਨੂੰ ਦਿਲ ਕਰ ਰਿਹਾ ਹੈ। ਇਸ ਕਰ ਕੇ ਕਾਗ਼ਜ਼ ਪੈੱਨ ਚੁਕ ਕੇ ਬੈਠ ਗਿਆ ਹਾਂ। ਇਹ ਕਹਾਣੀ ਬਿਹਾਰ ਤੋਂ ਸ਼ੁਰੂ ਹੁੰਦੀ ਹੈ। ਅੱਜ ਤੋਂ ਚਾਲੀ ਸਾਲ ਪਹਿਲਾਂ 1978 ਵਿਚ ਇਕ ਧੀ ਨੇ ਕਿਸੇ ਗ਼ਰੀਬ ਪਿਤਾ ਦੇ ਘਰ ਜਨਮ ਲਿਆ। ਉਸ ਤੋਂ ਬਾਅਦ ਮਾਂ-ਬਾਪ ਨੇ ਉਸ ਧੀ ਨੂੰ ਪਾਲ ਪਲੋਸ ਕੇ ਜਿੰਨਾ ਵੱਧ ਤੋਂ ਵੱਧ ਕੋਈ ਗ਼ਰੀਬ ਮਾਂ-ਬਾਪ ਅਪਣੇ ਬੱਚੇ ਦਾ ਖ਼ਿਆਲ ਰੱਖ ਸਕਦਾ ਹੈ, ਰਖਿਆ। ਬਚਪਨ ਹੰਢਾਉਂਦੀ ਉਹ ਧੀ ਹੌਲੀ-ਹੌਲੀ ਜਵਾਨ ਹੋ ਗਈ ਤਾਂ ਮਾਂ-ਬਾਪ ਨੂੰ ਧੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਹੋਣੀ ਲਾਜ਼ਮੀ ਸੀ।
ਸੋ ਉਸ ਬਾਪ ਨੇ ਵੀ ਅਪਣੀ ਧੀ ਵਾਸਤੇ ਇਕ ਵਰ ਲਭਣਾ ਸ਼ੁਰੂ ਕੀਤਾ ਤਾਂ ਉਸ ਨੂੰ ਇਕ ਯੋਗ ਵਰ ਲਭਿਆ ਜੋ ਕਿ ਅਸਾਮ ਦੇ ਛੋਟੇ ਕਸਬੇ ਵਿਚ ਰਹਿੰਦਾ ਹੈ। ਮਾਂ-ਬਾਪ ਨੇ ਜਿੰਨਾ ਹੋ ਸਕਦਾ ਸੀ, ਵੱਧ ਤੋਂ ਵੱਧ ਦਾਜ-ਦਹੇਜ ਦੇ ਕੇ ਉਸ ਨੂੰ ਇਕ ਅਣਜਾਣ ਵਿਅਕਤੀ ਦੇ ਲੜ ਲਾ ਕੇ ਘਰੋਂ ਵਿਦਾਈ ਕਰ ਦਿਤੀ, ਇਸ ਉਮੀਦ ਨਾਲ ਕਿ ਉਹ ਉਸ ਦੀ ਧੀ ਨੂੰ ਸਦਾ ਖ਼ੁਸ਼ ਰਖੇਗਾ। ਵਿਆਹ ਤੋਂ ਬਾਅਦ ਉਹ ਧੀ ਅਪਣੇ ਪਤੀ ਦੇ ਘਰ, ਮਾਂ ਸਮਾਨ ਸੱਸ ਤੇ ਪਿਤਾ ਸਮਾਨ ਸਹੁਰੇ ਨਾਲ ਉਸ ਪ੍ਰਵਾਰ ਵਿਚ ਰਹਿਣ ਲੱਗੀ।
ਪਤੀ ਰਾਜਸਥਾਨ ਵਿਚ ਕਿਤੇ ਨੌਕਰੀ ਕਰਦਾ ਸੀ ਤੇ ਉਹ ਉਥੋਂ ਥੋੜੇ ਬਹੁਤ ਪੈਸੇ ਕਮਾ ਕੇ ਭੇਜਦਾ ਜਿਸ ਨਾਲ ਪ੍ਰਵਾਰ ਦਾ ਖ਼ਰਚਾ ਚਲਦਾ ਸੀ। ਪਰ ਖ਼ਰਚਾ ਜ਼ਿਆਦਾ ਅਤੇ ਆਮਦਨੀ ਘੱਟ ਹੋਣ ਕਾਰਨ ਸਿਰ ਤੇ ਕਰਜ਼ਾ ਚੜ੍ਹਨ ਲੱਗ ਪਿਆ। ਹੌਲੀ ਹੌਲੀ ਸੱਸ-ਸਹੁਰੇ ਦੀ ਹਾਲਤ ਵੀ ਖ਼ਰਾਬ ਹੋਣ ਲੱਗੀ। ਫਿਰ ਕੁੱਝ ਦਿਨਾਂ ਬਾਅਦ ਇਕ-ਇਕ ਕਰ ਕੇ ਦੋਵੇਂ ਚੜ੍ਹਾਈ ਕਰ ਗਏ। ਸਿਰ ਕਰਜ਼ਾ ਚੜ੍ਹਿਆ ਹੋਣ ਕਰ ਕੇ ਕਰਜ਼ਾ ਦੇਣ ਵਾਲੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਇਸ ਦੌਰਾਨ ਉਹ ਦੋ ਬੇਟਿਆਂ ਦੀ ਮਾਂ ਬਣ ਚੁੱਕੀ ਸੀ।
ਪ੍ਰਵਾਰ ਦੇ ਤਿੰਨ ਜੀਆਂ ਦੀ ਦੇਖਭਾਲ ਕਰਦੀ ਨੂੰ ਜਦੋਂ ਲੋਕਾਂ (ਕਰਜ਼ਦਾਰਾਂ) ਵਲੋਂ ਪ੍ਰੇਸ਼ਾਨ ਕਰਨਾ ਜਾਰੀ ਰਿਹਾ ਤਾਂ ਉਸ ਵਿਚਾਰੀ ਨੇ ਪਤੀ ਨੂੰ ਅਪਣੇ ਨਾਲ ਲਿਜਾਣ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿਤੀ। ਇਸ ਵਾਰ ਜਦੋਂ ਪਤੀ ਘਰ ਆ ਕੇ ਵਾਪਸ ਜਾਣ ਲੱਗਾ ਤਾਂ ਮੱਲੋ-ਮੱਲੀ ਉਹ ਵੀ ਨਾਲ ਹੀ ਤਿਆਰ ਹੋ ਗਈ ਤੇ ਸਾਰਾ ਪ੍ਰਵਾਰ ਦਿੱਲੀ ਆ ਗਿਆ। ਦਿੱਲੀ ਆ ਕੇ ਉਹ ਲੋਕਾਂ ਦੇ ਘਰ ਝਾੜੂ-ਪੋਚੇ ਦਾ ਕੰਮ ਕਰਨ ਲੱਗੀ ਅਤੇ ਪਤੀ ਅਪਣੀ ਮਜ਼ਦੂਰੀ ਕਰਨ ਲੱਗ ਪਿਆ। ਪਰਿਵਾਰਕ ਮੁਸੀਬਤਾਂ ਝਲਦੀ ਨੇ ਇਥੇ ਆ ਕੇ ਫਿਰ ਤੋਂ ਇਕ ਬੱਚੀ ਦੀ ਮਾਂ ਬਣਨਾ ਕਬੂਲ ਕਰ ਲਿਆ। ਹੁਣ ਉਸ ਸਿਰ ਤਿੰਨ ਬੱਚਿਆਂ ਦੀ ਦੇਖਭਾਲ ਦਾ ਜ਼ਿੰਮਾ ਆ ਗਿਆ।
ਵਿਚਾਰੀ ਮਰ ਖਪ ਕੇ ਨਾਲੇ ਕੰਮ ਕਰਦੀ, ਨਾਲੇ ਛੋਟੀ ਬੱਚੀ ਨੂੰ ਪਾਲਦੀ। ਘਰ ਵਿਚ ਕਲੇਸ਼ ਰਹਿਣ ਲਗਿਆ। ਆਖ਼ਰ ਇਕ ਦਿਨ ਉਹ ਵੀ ਆਇਆ ਕਿ ਪਤੀ ਨੇ ਕੁਟਣਾ-ਮਾਰਨਾ ਸ਼ੁਰੂ ਕਰ ਦਿਤਾ। ਇਕ ਦਿਨ ਜਦੋਂ ਬਹੁਤ ਹੀ ਜ਼ਿਆਦਾ ਕੁਟਮਾਰ ਕੀਤੀ ਤਾਂ ਵੱਡਾ ਲੜਕਾ ਡਰਦਾ ਘਰੋਂ ਬਾਹਰ ਭੱਜ ਗਿਆ। ਜਦੋਂ ਉਹ ਕੁਟਮਾਰ ਨਾਲ ਬੇਹੋਸ਼ ਹੋ ਗਈ ਤਾਂ ਪਤੀ ਦੋਵੇਂ ਬੱਚੇ ਲੈ ਕੇ ਉਥੋਂ ਫ਼ਰਾਰ ਹੋ ਗਿਆ। ਕੁੱਝ ਦੇਰ ਬਾਅਦ ਜਦੋਂ ਉਸ ਦਾ ਵੱਡਾ ਲੜਕਾ ਵਾਪਸ ਆਇਆ ਤਾਂ ਮਾਂ ਦੀ ਹਾਲਤ ਵੇਖ ਕੇ ਉੱਚੀ ਉੱਚੀ ਰੋਂਦਾ ਬਾਹਰ ਚਲਾ ਗਿਆ।
ਆਂਢ-ਗੁਆਂਢ ਦੇ ਲੋਕਾਂ ਨੇ ਉਸ ਵਿਚਾਰੀ ਨੂੰ ਚੁਕ ਕੇ ਡਾਕਟਰੀ ਸਹਾਇਤਾ ਦਿਵਾਈ ਅਤੇ ਜਿਸ ਸੁਸਾਇਟੀ ਵਿਚ ਉਹ ਕੰਮ ਕਰਦੀ ਸੀ, ਉਨ੍ਹਾਂ ਨੇ ਉਸ ਦੀ ਮਦਦ ਕੀਤੀ ਤਾਂ ਉਹ ਹੌਲੀ-ਹੌਲੀ ਕੁੱਝ ਦਿਨਾਂ ਬਾਅਦ ਅਪਣੀ ਬਿਖਰ ਚੁੱਕੀ ਜ਼ਿੰਦਗੀ ਨੂੰ ਸਮੇਟਦੀ ਉਹ ਨੀਮ ਪਾਗਲਪਨ ਦੀ ਹਾਲਤ ਵਿਚ ਅਪਣੇ ਇਕ ਬੱਚੇ ਨਾਲ ਰਹਿੰਦੀ ਰਹੀ। ਇਸ ਦੌਰਾਨ ਉਸ ਨੂੰ ਖ਼ਬਰ ਮਿਲੀ ਕਿ ਉਸ ਦੇ ਪਤੀ ਨੇ ਕਿਸੇ ਹੋਰ ਔਰਤ ਨਾਲ ਵਿਆਹ ਕਰ ਲਿਆ ਹੈ। ਉਸ ਦਾ ਦਿਲ ਫਿਰ ਥੋੜਾ ਵਲੂੰਧਰਿਆ ਗਿਆ ਪਰ ਕੀ ਕਰ ਸਕਦੀ ਸੀ? ਉਸ ਨੇ ਕਿਸੇ ਨੂੰ ਅਪਣੇ ਦੁੱਖ-ਤਕਲੀਫ਼ ਦੀ ਸ਼ਿਕਾਇਤ ਨਾ ਕੀਤੀ।
ਦਿੱਲੀ ਰਹਿੰਦੇ ਉਸ ਦੀ ਮੁਲਾਕਾਤ ਇਕ ਪੰਜਾਬੀ ਡਰਾਈਵਰ ਨਾਲ ਹੋਈ ਜੋ ਕਿ ਉਸੇ ਡਾਕਟਰ ਕੋਲ ਡਰਾਈਵਰ ਸੀ ਜਿਸ ਕੋਲ ਉਹ ਸਾਫ਼-ਸਫ਼ਾਈ ਦਾ ਕੰਮ ਕਰਦੀ ਸੀ। ਉਸ ਡਰਾਈਵਰ ਨੇ ਵੀ ਇਸ ਨੂੰ ਗੱਲੀਂ-ਬਾਤੀਂ ਲਾ ਕੇ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਇਸ ਨਾਲ ਸਬੰਧ ਬਣਾ ਕੇ ਇਸ ਨੂੰ ਫਿਰ ਤੋਂ ਇਕ ਬੱਚੇ ਦੀ ਮਾਂ ਬਣਾ ਕੇ ਧੋਖਾ ਦੇ ਦਿਤਾ ਕਿਉਂਕਿ ਉਹ ਵੀ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ। ਆਖ਼ਰ ਉਹ ਲੜ-ਝਗੜ ਕੇ ਉਸ ਡਰਾਈਵਰ ਨਾਲ ਪੰਜਾਬ ਤਾਂ ਆ ਗਈ ਪਰ ਉਹ ਉਸ ਨੂੰ ਅਪਣੇ ਘਰ ਨਹੀਂ ਕਿਸੇ ਹੋਰ ਕਸਬੇ ਵਿਚ ਲੈ ਆਇਆ ਜਿਥੇ ਉਹ ਕੁੱਝ ਸਮਾਂ ਨਾਲ ਰਹਿਣ ਤੋਂ ਬਾਅਦ ਛੱਡ ਕੇ ਫ਼ਰਾਰ ਹੋ ਗਿਆ।
ਹੁਣ ਉਹ ਇਕੱਲੀ ਵਿਚਾਰੀ ਕਿਸ ਤਰ੍ਹਾਂ ਉਸ ਛੇ ਮਹੀਨੇ ਦੇ ਬੱਚੇ ਦਾ ਪਾਲਣ-ਪੋਸਣ ਕਰੇ ਅਤੇ ਨਾਲ ਹੀ ਮਿਹਨਤ ਮਜ਼ਦੂਰੀ ਕਰ ਕੇ ਅਪਣਾ ਪੇਟ ਭਰਨ ਦਾ ਇੰਤਜ਼ਾਮ ਕਰੇ? ਸਿਰ ਉਤੇ ਕੋਈ ਛੱਤ ਨਹੀਂ, ਕਿਸੇ ਦਾ ਕੋਈ ਸਹਾਰਾ ਨਹੀਂ। ਉਸ ਤੋਂ ਵੀ ਵੱਧ ਲੋਕਾਂ ਦੀਆਂ ਭੁੱਖੀਆਂ ਨਜ਼ਰਾਂ ਅਤੇ ਕਸੇ ਗਏ ਤਾਅਨੇ ਮਿਹਣਿਆਂ ਦਾ ਕਿਸ ਤਰ੍ਹਾਂ ਮੁਕਾਬਲਾ ਕਰੇ? ਇਨ੍ਹਾਂ ਬੁਰੀ ਨਜ਼ਰ ਵਾਲਿਆਂ ਵਿਚ ਇਕ ਸੱਠ ਸਾਲ ਦਾ ਵਿਅਕਤੀ, ਜਿਸ ਦੀ ਪਹਿਲੀ ਪਤਨੀ ਮਰ ਚੁੱਕੀ ਸੀ ਅਤੇ ਬੱਚੇ ਵੀ ਵਿਆਹੁਤਾ ਸਨ, ਦੀ ਨਜ਼ਰ ਵੀ ਇਸ ਤੇ ਪਈ ਅਤੇ ਉਹ ਇਸ ਨੂੰ ਅਪਣੀ ਦੂਜੀ ਪਤਨੀ ਤੇ ਇਸ ਦੇ ਬੱਚੇ ਨੂੰ ਗੋਦ ਲੈਣਾ ਅਤੇ ਇਨ੍ਹਾਂ ਦਾ ਸਾਰਾ ਖ਼ਰਚਾ ਚੁਕਣਾ ਚਾਹੁੰਦਾ ਸੀ।
ਪਰ ਦੋ ਵਾਰ ਪਹਿਲਾਂ ਹੀ ਧੋਖਾ ਖਾ ਚੁੱਕੀ ਔਰਤ ਨੂੰ ਜ਼ੁਬਾਨੀ ਗੱਲਾਂ ਤੇ ਕੋਈ ਭਰੋਸਾ ਨਹੀਂ ਸੀ। ਇਸ ਕਰ ਕੇ ਉਸ ਨੇ ਕੁੱਝ ਗਵਾਹਾਂ ਸਾਹਮਣੇ ਲਿਖਤੀ ਇਕਰਾਰਨਾਮਾ ਕਰਨਾ ਹੀ ਠੀਕ ਸਮਝਿਆ। ਉਸ ਨੇ ਬੱਚੇ ਦੇ ਭਵਿੱਖ ਅਤੇ ਅਪਣੇ ਉਤੇ ਕਸੇ ਜਾਂਦੇ ਮਿਹਣੇ ਸਹਿਣ ਨਾਲੋਂ ਉਸ 60 ਸਾਲਾਂ ਦੇ ਵਿਅਕਤੀ ਨਾਲ ਰਹਿਣਾ ਹੀ ਠੀਕ ਸਮਝਿਆ ਕਿਉਂਕਿ ਹੋਰ ਕਿਸੇ ਪਾਸੇ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ।
ਕੁੱਝ ਦਿਨਾਂ ਲਈ ਮਨ ਨੂੰ ਤਸੱਲੀ ਦੇਣ ਤੋਂ ਬਾਅਦ ਉਸ ਵਿਚਾਰੀ ਨੂੰ ਉਦੋਂ ਪਤਾ ਲਗਿਆ ਜਦੋਂ ਉਹ 60 ਸਾਲ ਦਾ ਵਿਅਕਤੀ ਹੋਰ ਦੂਜੇ ਮਰਦਾਂ ਨੂੰ ਘਰ ਲਿਆਉਂਦਾ ਅਤੇ ਉਹ ਉਸ ਵਿਚਾਰੀ ਨੂੰ ਅਸ਼ਲੀਲ ਸ਼ਬਦ ਬੋਲ ਕੇ ਜ਼ਲੀਲ ਕਰ ਕੇ ਚਲੇ ਜਾਂਦੇ। ਕਾਫ਼ੀ ਦੇਰ ਤਕ ਉਹ ਇਹ ਸੱਭ ਬਰਦਾਸ਼ਤ ਕਰਦੀ ਰਹੀ। ਆਖ਼ਰ ਜਦੋਂ ਪਾਣੀ ਸਿਰ ਤੋਂ ਲੰਘਣ ਲਗਿਆ ਤਾਂ ਉਸ ਵਿਚਾਰੀ ਮਜਬੂਰ ਔਰਤ ਨੇ ਵੱਖ ਹੋ ਕੇ ਰਹਿਣਾ ਹੀ ਠੀਕ ਸਮਝਿਆ।
ਹੁਣ ਜੋ ਇਕਰਾਰਨਾਮਾ ਲਿਖਿਆ ਸੀ, ਉਸ ਵਿਚ ਗਵਾਹਾਂ ਦੀ ਹਾਜ਼ਰੀ ਵਿਚ ਲਿਖਿਆ ਗਿਆ ਕਿ ਜੇਕਰ ਇਨ੍ਹਾਂ ਦੀ ਆਪਸ ਵਿਚ ਨਹੀਂ ਬਣੇਗੀ ਤਾਂ ਵੀ ਉਹ ਇਸ ਔਰਤ ਅਤੇ ਇਸ ਦੇ ਬੱਚੇ ਦੇ ਰਹਿਣ ਲਈ ਅੱਧਾ ਘਰ ਦੇਵੇਗਾ, ਜਿਸ ਵਿਚ ਕੋਈ ਦਖ਼ਲਅੰਦਾਜ਼ੀ ਨਹੀਂ ਕਰੇਗਾ। ਪਰ ਹੁਣ ਉਸ ਨੇ ਇਸ ਨੂੰ 8*10 ਫ਼ੁਟ ਦਾ ਕਮਰਾ ਦੇ ਦਿਤਾ ਜਿਸ ਵਿਚ ਲੈਟਰੀਨ ਜਾਂ ਰਸੋਈ ਦਾ ਵੀ ਕੋਈ ਪ੍ਰਬੰਧ ਨਹੀਂ ਸੀ ਤੇ ਜਿਸ ਵਿਚ ਉਹ ਨਰਕ ਵਰਗੀ ਜ਼ਿੰਦਗੀ 4-5 ਸਾਲ ਤੋਂ ਜੀ ਰਹੀ ਸੀ। ਹੁਣ ਉਸ ਵਿਅਕਤੀ ਵਲੋਂ ਰੋਜ਼ ਉਸ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਤਾਕਿ ਉਹ ਉਸ ਕਮਰੇ ਨੂੰ ਛੱਡ ਕੇ ਚਲੀ ਜਾਵੇ।
ਉਸ ਤੋਂ ਵੀ ਵੱਧ 8 ਅਪ੍ਰੈਲ ਨੂੰ ਉਸ ਦੇ ਘਰ ਚੋਰੀ ਹੋ ਗਈ ਜਿਸ ਵਿਚ ਉਸ ਦੀਆਂ ਦੋ ਜੋੜੀ ਪੈਰਾਂ ਦੀਆ ਝਾਂਜਰਾਂ, 3-4 ਸੋਨੇ ਦੇ ਨੱਕ ਵਿਚ ਪਾਉਣ ਵਾਲੇ ਕੋਕੇ, 8000 ਨਕਦ ਕੁਲ 20000 ਰੁਪਏ ਦਾ ਸਮਾਨ ਅਤੇ ਘਰ ਵਿਚ ਪਏ ਲੁਕੋ ਕੇ ਰੱਖੇ ਸਾਰੇ ਤਰ੍ਹਾਂ ਦੇ ਕਾਗ਼ਜ਼, ਬਿਜਲੀ ਦੇ ਬਿਲ, ਘਰ ਨਾਲ ਸਬੰਧਤ ਕਾਗ਼ਜ਼ਾਤ ਦੀਆਂ ਫ਼ੋਟੋਸਟੇਟ ਕਾਪੀਆਂ ਆਦਿ, ਗੱਲ ਕੀ ਇਕ-ਇਕ ਕਪੜਾ ਛਾਣ ਕੇ ਸਾਰੇ ਕਾਗ਼ਜ਼ ਚੋਰੀ ਹੋ ਗਏ। ਪਰਦੇਸਾਂ ਵਿਚ ਰਹਿੰਦੇ ਹੋਏ ਵੀ ਕੋਈ ਉਸ ਵਿਚਾਰੀ ਗ਼ਰੀਬਣੀ ਦੀ ਮਦਦ ਕਰਨ ਨੂੰ ਤਿਆਰ ਨਹੀਂ।
ਉਸ ਬੱਚੇ ਨੂੰ ਪਾਲਣਾ ਵੀ ਉਸ ਵਿਚਾਰੀ ਮਜਬੂਰ ਔਰਤ ਦੀ ਜ਼ਿੰਮੇਵਾਰੀ ਹੈ ਜਿਸ ਨੂੰ ਇਕ ਅਸਲ ਅਤੇ ਇਕ ਗੋਦ ਲੈਣ ਵਾਲਾ ਪਿਤਾ ਛੱਡ ਕੇ ਚਲੇ ਗਏ ਹਨ। ਕਿਤੇ ਮਾਂ ਬਾਪ ਔਲਾਦ ਨੂੰ ਤਰਸ ਰਹੀ ਹੈ, ਕਿਤੇ ਔਲਾਦ ਬਾਪ ਨੂੰ ਤਰਸ ਰਹੀ ਹੈ।
ਸੰਪਰਕ : 98155-89449