
ਦੁਨੀਆਂ ਵਿਚ ਆਇਆ ਹਰ ਮਨੁੱਖ ਅਪਣੇ ਘਰ 'ਚ ਬਾਬੇ ਨਾਨਕ ਦੀ ਸਿੱਖੀ ਦਾ ਘੱਟੋ ਘੱਟ ਇਕ ਬੱਚੇ/ਬੱਚੀ ਦਾ ਬੂਟਾ ਲਾ ਕੇ ਬਾਬੇ ਨਾਨਕ ਦਾ ਅਸਲ 'ਚ ਪ੍ਰਕਾਸ਼ ਪੁਰਬ ਮਨਾਵੇ
ਦੁਨੀਆਂ ਵਿਚ ਆਇਆ ਹਰ ਮਨੁੱਖ ਅਪਣੇ ਘਰ 'ਚ ਬਾਬੇ ਨਾਨਕ ਦੀ ਸਿੱਖੀ ਦਾ ਘੱਟੋ ਘੱਟ ਇਕ ਬੱਚੇ/ਬੱਚੀ ਦਾ ਬੂਟਾ ਲਾ ਕੇ ਬਾਬੇ ਨਾਨਕ ਦਾ ਅਸਲ 'ਚ ਪ੍ਰਕਾਸ਼ ਪੁਰਬ ਮਨਾਵੇ
ਦੁਨੀਆਂ ਦੇ ਜਿਸ ਮਨੁੱਖ ਨੇ ਵੀ ਬਾਬੇ ਨਾਨਕ ਦੀ ਜੋਤ ਦੇ ਮਨ ਕਰ ਕੇ ਅਕਾਲੀ ਬਚਨ ਸੁਣ ਲਏ, ਉਹ ਮਨੁੱਖ ਸਰੀਰ ਤਾਂ ਛੱਡ ਗਿਆ, ਪਰ ਬਾਬੇ ਨਾਨਕ ਦੇ ਚਰਨ ਕਿਸੇ ਵੀ ਤਰ੍ਹਾਂ ਦੇ ਡਰ, ਤਸੀਹੇ, ਲਾਲਚ ਛੁਡਵਾ ਨਹੀਂ ਸਕੇ। ਜੇਕਰ ਇਸ ਖ਼ਿੱਤੇ ਦੇ ਹਿੰਦੂ, ਮੁਸਲਮਾਨ, ਜੈਨੀ ਅਤੇ ਬੋਧੀ ਭਾਈਚਾਰੇ ਦੇ ਲੋਕ ਨਾਨਕ ਦੇ ਚਰਨ ਏਨੇ ਪਿਆਰ ਨਾਲ ਘੁਟ ਕੇ ਨਾ ਫੜਦੇ ਤਾਂ ਜੋ ਅੱਜ ਸਿੱਖੀ ਸਰੂਪ ਵਿਚ ਬਾਬੇ ਨਾਨਕ ਦੇ ਪੈਰੋਕਾਰ ਦਿਸ ਰਹੇ ਹਨ, ਇਹ ਵੀ ਨਹੀਂ ਸੀ ਦਿਸਣੇ। ਅੱਤ ਦੇ ਜ਼ੁਲਮੀ ਦੌਰ ਅਤੇ ਮੁਸ਼ਕਲ ਹਾਲਾਤ ਦੇ ਹੁੰਦੇ ਹੋਏ ਵੀ ਹਰ ਪ੍ਰਵਾਰ ਨੇ ਘੱਟੋ-ਘੱਟ ਅਪਣੇ ਇਕ ਬੱਚੇ ਨੂੰ ਸਿੱਖੀ ਮਾਰਗ ਉਪਰ ਤੋਰਿਆ
ਭਾਵ ਗੁਰੂ ਘਰ ਨੂੰ ਸ਼ਹੀਦੀ ਲਈ ਅਰਪਣ ਕਰ ਦਿਤਾ ਤਾਂ ਹੀ ਤਾਂ ਇਹ ਕਾਫ਼ਲਾ ਦਿਨ-ਬ-ਦਿਨ ਵੱਡਾ ਹੀ ਹੁੰਦਾ ਗਿਆ ਅਤੇ ਸਿੱਖ ਕਈ ਘੱਲੂਘਾਰਿਆਂ ਨੂੰ ਹੰਢਾ ਕੇ ਵੀ ਮੁੱਕੇ ਨਹੀਂ, ਉਸੇ ਸਪਿਰਟ ਦੀ ਅੱਜ ਮੁੱਖ ਲੋੜ ਹੈ। ਪਰ ਅੱਜ ਬਾਬੇ ਨਾਨਕ ਦੇ ਪੰਥ ਨੂੰ ਵਕਾਰੀ ਜੰਡੇ (ਨਕਲੀ ਦੇਹਧਾਰੀ ਗੁਰੂ) ਚਿੰਬੜ ਗਏ ਨੇ ਜੋ ਨਾਨਕ ਪੰਥ ਦੇ ਇਸ ਬੂਟੇ ਨੂੰ ਚੂੰਡੀ ਜਾ ਰਹੇ ਨੇ, ਪੂਰੀ ਤਰ੍ਹਾਂ ਬੇਸ਼ਰਮ ਹੋ ਕੇ। ਸਰਕਾਰਾਂ ਇਨ੍ਹਾਂ ਅਖੌਤੀ ਗੁਰੂਆਂ ਵਲੋਂ ਨਿਜੀ ਤੌਰ ਉਤੇ ਅਤੇ ਚੇਲਾ ਪਾਰਟੀ ਰਾਹੀਂ ਕੀਤੇ ਜਾਂਦੇ ਕਈ ਗੁਨਾਹਾਂ ਅਤੇ ਕਬਜ਼ੇ ਆਦਿ ਨੂੰ ਪੂਰੀ ਤਰ੍ਹਾਂ ਅੱਖਾਂ ਬੰਦ ਕਰ ਕੇ ਅਣਗੌਲਿਆਂ ਕਰੀ ਰਖਦੀਆਂ ਹਨ।
ਲੋਕ ਭਾਵੇਂ ਕਿੰਨੀਆਂ ਦਰਦ ਭਰੀਆਂ ਪੁਕਾਰਾਂ ਸਰਕਾਰੇ-ਦਰਬਾਰੇ ਕਰਨ ਪਰ ਇਹ ਅੰਨ੍ਹੀਆਂ-ਬੋਲੀਆਂ ਸਰਕਾਰਾਂ ਅਜਿਹੇ ਅਖੌਤੀ ਗੁਨਾਹਗਾਰ ਗੁਰੂਆਂ ਨੂੰ ਸਜ਼ਾ ਦੇਣ ਦੀ ਬਜਾਏ ਅਪਣੇ ਮੰਤਰੀਆਂ ਰਾਹੀਂ ਸਰਕਾਰੀ ਖ਼ਜ਼ਾਨੇ ਵਿਚੋਂ ਪੰਜਾਹ-ਪੰਜਾਹ ਲੱਖ ਭੇਟਾ ਕਰ ਦੇਂਦੀਆਂ ਹਨ ਜਿਸ ਸਦਕਾ ਇਹ ਅਖੌਤੀ ਗੁਰੂ ਲੋਕਾਂ ਤੇ ਹੋਰ ਜਬਰ-ਜ਼ੁਲਮ ਢਾਹੁਣ ਲੱਗ ਜਾਂਦੇ ਹਨ ਕਿਉਂਕਿ ਇਨ੍ਹਾਂ ਨੂੰ ਪਤਾ ਹੁੰਦੈ ਕਿ ਸਰਕਾਰਾਂ ਅਤੇ ਸਰਕਾਰੀ ਅਮਲਾ ਸਾਡੇ ਕਦਮਾਂ ਉਤੇ ਸਿਰ ਝੁਕਾਈ ਰਖੇਗਾ। ਇਸ ਵਰਤਾਰੇ ਦੀਆਂ ਮਿਸਾਲਾਂ ਸਾਡੇ ਸੱਭ ਦੀਆਂ ਅੱਖਾਂ ਸਾਹਮਣੇ ਹੋਈਆਂ ਬੀਤੀਆਂ ਹਨ ਅਤੇ ਹੋ ਰਹੀਆਂ ਹਨ।
ਇਸ ਸਬੰਧੀ ਸਿਰਸੇ ਵਾਲੇ ਅਖੌਤੀ ਸਾਧ, ਨੂਰ ਮਹਿਲੀਏ, ਬਿਆਸ ਡੇਰੇ ਵਾਲੇ, ਬਰਵਾਲੇ ਦਾ ਰਾਮਪਾਲ, ਨਿਰੰਕਾਰੀਏ, ਨਾਮਧਾਰੀਏ, ਦਾਤੀ ਮਹਾਰਾਜ, ਆਸਾ ਰਾਮ, ਨਰੈਣ ਸਾਈਂ, ਵਰਗੀਆਂ ਕੁੱਝ ਕੁ ਮਿਸਾਲਾਂ ਸਾਡੇ ਸਾਹਮਣੇ ਹਨ। ਇਹ ਤਾਂ ਭਲਾ ਹੋਵੇ ਸਾਡੀ ਨਿਆਂ ਪ੍ਰਣਾਲੀ ਦਾ, ਇਸ ਨੂੰ ਪਏ ਕੁੱਝ ਕੁ ਬੂਰ ਦਾ ਜਿਸ ਸਦਕਾ ਸਾਡੇ ਕੁੱਝ ਕੁ ਉਂਗਲਾਂ ਤੇ ਗਿਣੇ ਜਾ ਸਕਣ ਵਾਲੇ ਸੱਚ ਤੇ ਪਹਿਰਾ ਦੇਣ ਵਾਲੇ ਜ਼ੁਲਮ ਸਹਿ ਕੇ ਵੀ ਨਾ ਝੁਕਣ ਵਾਲੇ ਉਨ੍ਹਾਂ ਸੱਚੇ/ਸੁੱਚੇ ਪੱਤਰਕਾਰਾਂ ਦਾ, ਜਿਨ੍ਹਾਂ ਨੇ ਲਾਲਚੀ ਕੁੱਤੇ ਵਾਂਗ ਪੈਸੇ ਦੀ ਹੱਡੀ ਨਹੀਂ ਚੂਸੀ ਬਲਕਿ ਅਪਣੀਆਂ ਕੀਮਤੀ ਜਾਨਾਂ ਤੇ ਖੇਡਿਆ, ਆਰਥਕ, ਮਾਨਸਕ ਨੁਕਸਾਨ ਵੀ ਝੱਲੇ ਪਰ ਸੱਚੀ ਪੱਤਰਕਾਰਤਾ ਦੇ ਕਿੱਤੇ ਨੂੰ ਦਾਗ਼
ਨਾ ਲੱਗਣ ਦਿਤਾ ਜਿਸ ਦੀਆਂ ਮਿਸਾਲਾਂ ਰਾਮ ਚੰਦਰ ਛਤਰਪਤੀ ਅਤੇ ਸ. ਜੋਗਿੰਦਰ ਸਿੰਘ ਬਾਨੀ ਸੰਪਾਦਕ ਸਪੋਕਸਮੈਨ ਦੇ ਰੂਪ ਵਿਚ ਜਿਊਂਦੀਆਂ ਜਾਗਦੀਆਂ ਸਾਡੇ ਸਾਹਮਣੇ ਹਨ। ਜੇਕਰ ਇਹ ਵੀ ਲਾਲਚ ਅਤੇ ਐਸ਼-ਇਸ਼ਰਤ ਪ੍ਰਵਾਨ ਕਰ ਲੈਂਦੇ ਤਾਂ ਇਹ ਅਖੌਤੀ ਗੁਰੂ ਅੱਜ ਵੀ ਅਪਣੇ ਕੁਕਰਮਾਂ ਦੀ ਸੂਚੀ ਹੋਰ ਵੱਡੀ ਕਰ ਰਹੇ ਹੁੰਦੇ ਦਿਸਣੇ ਸਨ। ਇਨ੍ਹਾਂ ਅਖੌਤੀ ਗੁਰੂਆਂ ਦੇ ਜ਼ੁਲਮਾਂ ਅਤੇ ਹਨੇਰਗਰਦੀਆਂ ਨੂੰ ਅਜਿਹੇ ਸੂਰਮਿਆਂ ਨੇ ਹੀ ਠੱਲ੍ਹ ਪਾਈ ਹੈ। ਭਾਵੇਂ ਕਿ ਅਜੇ ਹੋਰ ਘਾਲਾਂ ਘਾਲਣੀਆਂ ਪੈਣੀਆਂ ਨੇ, ਕੁਰਬਾਨੀਆਂ ਦੇਣੀਆਂ ਪੈਣੀਆਂ ਹਨ। ਇਨ੍ਹਾਂ ਅਖੌਤੀ ਕੁਕਰਮੀ ਗੁਰੂਆਂ ਦੀਆਂ ਜੜ੍ਹਾਂ ਪੁੱਟਣ ਲਈ ਅਤਿ ਜ਼ਰੂਰੀ ਹੈ ਕਿ ਲੋਕਾਈ ਗੁਰਬਾਣੀ ਨਾਲ ਜੁੜੇ।
ਇਥੇ ਮੈਂ ਇਸ ਲੇਖ ਰਾਹੀਂ ਹਰ ਗੁਰਦਵਾਰਾ ਪ੍ਰਬੰਧਕ ਕਮੇਟੀ, ਸੁਸਾਇਟੀ, ਜਥੇਬੰਦੀ ਨੂੰ ਬੇਨਤੀ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ, ਖ਼ਾਲਸੇ ਦਾ ਪ੍ਰਗਟ ਦਿਵਸ ਅਤੇ ਹੋਰ ਵੀ ਜਿਹੜੇ ਭਗਤ ਸਾਹਿਬਾਨ, ਗੁਰੂ ਸਾਹਿਬਾਨ, ਗੁਰਸਿੱਖਾਂ ਦੇ ਪ੍ਰਤੀ ਮਨਾਏ ਜਾਣੇ ਹਨ, ਉਨ੍ਹਾਂ ਦਿਹਾੜਿਆਂ ਲਈ ਅਖੰਡ ਪਾਠਾਂ ਦੀਆਂ ਲੜੀਆਂ ਚਲਾਉਣ ਦੀ ਬਜਾਏ, ਸਹਿਜ ਪਾਠ ਰੱਖੇ ਜਾਣ ਜੋ ਕਿ ਨਿਤਨੇਮ ਤੋਂ ਬਾਅਦ ਸਵੇਰੇ ਅਤੇ ਸ਼ਾਮ ਦੋ-ਤਿੰਨ ਘੰਟੇ ਬਾਣੀ ਪੜ੍ਹੀ ਜਾਵੇ।
ਪਿੰਡ ਦੇ ਜਾਂ ਇਲਾਕੇ ਦੇ ਸੁਚੱਜੇ ਤਰੀਕੇ ਨਾਲ ਸ਼ੁੱਧ ਬਾਣੀ ਪੜ੍ਹਨ ਵਾਲੇ ਸੱਜਣ ਵਾਰੀ-ਵਾਰੀ ਬਾਣੀ ਪੜ੍ਹਨ ਉਤੇ ਸੱਭ ਲੋਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਮਾਣਦਿਆਂ ਸੇਵਾ ਕਰਦਿਆਂ ਬਾਣੀ ਸੁਣਨ। ਲੰਗਰ ਵੀ ਉਨ੍ਹਾਂ ਗੁਰੂਘਰਾਂ ਵਿਚ ਹੀ ਚੱਲਣ ਅਤੇ ਸੱਭ ਲੋਕ ਸੰਗਤ ਰੂਪ ਹੋ ਕੇ ਘਰਾਂ ਵਿਚ ਰੋਟੀਆਂ ਬਣਾਉਣ ਦੀ ਬਜਾਏ ਲੰਗਰਾਂ ਵਿਚ ਪਹੁੰਚ ਕੇ ਪ੍ਰਸ਼ਾਦਾ-ਪਾਣੀ ਛਕਣ।
ਇਸ ਨਾਲ ਸਾਡੇ ਸਮਾਜ ਵਿਚ ਪਈਆਂ ਕੁੜੱਤਣਾਂ ਤੁਰਤ ਦੂਰ ਲੱਗਣ ਲੱਗ ਪੈਣਗੀਆਂ ਅਤੇ ਲੋਕਾਈ ਮਨਾਂ ਵਿਚ ਗੁਰਬਾਣੀ ਚਾਨਣ ਵਸਾ ਸਕੇਗੀ। ਇਹ ਉੱਦਮ ਹੁਣ ਤੋਂ ਹੀ ਸ਼ੁਰੂ ਕੀਤੇ ਜਾਣ ਦੀ ਤੁਰਤ ਲੋੜ ਹੈ। ਪ੍ਰਬੰਧਕਾਂ ਨੂੰ ਸਾਊਂਡ ਸਿਸਟਮ ਵਲ ਉਚੇਚਾ ਧਿਆਨ ਦੇਣ ਦੀ ਲੋੜ ਹੈ, ਸਾਊਂਡ ਦੀ ਆਵਾਜ਼ ਕੰਨ ਪਾੜਨ ਵਾਲੀ ਨਾ ਹੋ ਕੇ ਇਹੋ ਜਹੀ ਹੋਵੇ ਕਿ ਹਰ ਕਿਸੇ ਦਾ ਧਿਆਨ ਗੁਰਬਾਣੀ ਨਾਲ ਜੁੜ ਸਕੇ। ਸਤਿਗੁਰੂ ਦੀ ਸ਼ਰਨ ਆਏ ਪ੍ਰਾਣੀਆਂ ਦੀ ਜ਼ਰੂਰ ਬਾਂਚ ਫੜ ਲਏਗਾ।
-ਕੁਲਦੀਪ ਸਿੰਘ/ਗੁਰਜੀਤ ਸਿੰਘ
ਸੰਪਰਕ : 98154-52983