
'ਰੋਜ਼ਾਨਾ ਸਪੋਕਸਮੈਨ' ਸਮੇਤ ਕੁੱਝ ਕੁ ਨਿਰਪੱਖ ਸੋਚ ਰੱਖਣ ਵਾਲੇ ਪੱਤਰਕਾਰ ਅਪਣਾ ਸੁੱਖ-ਆਰਾਮ ਤਿਆਗ ਕੇ ਪੰਜਾਬ,ਪੰਜਾਬੀਅਤ,ਵਿਰਸਾ ਅਤੇ ਲੋਕਤੰਤਰ ਨੂੰ ਬਚਾਉਣ ਲਈ ਯਤਨਸ਼ੀਲ ਹਨ
ਭ ਾਵੇਂ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਜਾਣੀ ਜਾਂਦੀ ਪ੍ਰੈੱਸ ਦੀ ਆਜ਼ਾਦੀ ਬਾਰੇ ਸਮੇਂ ਦੀਆਂ ਸਰਕਾਰਾਂ ਨਾਲ ਸਬੰਧਤ ਆਗੂਆਂ ਦੇ ਨਾਲ ਨਾਲ ਅਫ਼ਸਰਸ਼ਾਹੀ ਵੀ ਸਮਾਗਮਾਂ ਦੌਰਾਨ ਵੱਡੇ-ਵੱਡੇ ਦਾਅਵੇ ਕਰਨ ਤੋਂ ਸੰਕੋਚ ਨਹੀਂ ਕਰਦੀ ਪਰ ਅੱਜ 'ਰੋਜ਼ਾਨਾ ਸਪੋਕਸਮੈਨ' ਸਮੇਤ ਕੁੱਝ ਕੁ ਨਿਰਪੱਖ ਸੋਚ ਰੱਖਣ ਵਾਲੇ ਪੱਤਰਕਾਰ ਅਪਣਾ ਸੁੱਖ-ਆਰਾਮ ਤਿਆਗ ਕੇ ਪੰਜਾਬ, ਪੰਜਾਬੀ, ਪੰਜਾਬੀਅਤ, ਭਾਈਚਾਰਕ ਸਾਂਝ, ਵਿਰਸਾ, ਸਭਿਆਚਾਰ ਅਤੇ ਲੋਕਤੰਤਰ ਨੂੰ ਬਚਾਉਣ ਲਈ ਯਤਨਸ਼ੀਲ ਹਨ ਜਦਕਿ ਦੂਜੇ ਪਾਸੇ ਪੰਜਾਬ ਉਜੜ ਰਿਹਾ ਹੈ। ਸੰਸਥਾਵਾਂ-ਜਥੇਬੰਦੀਆਂ ਅਤੇ ਹਰ ਤਰ੍ਹਾਂ ਦੀਆਂ ਸਿਆਸੀ/ਗ਼ੈਰ-ਸਿਆਸੀ ਪਾਰਟੀਆਂ ਇਸ ਲਈ ਮਰ ਰਹੀਆਂ ਨੇ ਕਿ ਸੱਚ ਬੋਲਣ ਦੀ ਜੁਰਅਤ ਕੋਈ ਨਹੀਂ ਕਰ ਰਿਹਾ। ਅੱਜ ਸੱਚ ਵੇਖ ਕੇ ਅੱਖਾਂ ਬੰਦ ਕਰ ਲੈਣ ਵਾਲੇ ਅਤੇ ਸਮਾਜਕ ਸਰੋਕਾਰਾਂ ਤੋਂ ਸਖਣੇ ਪੱਤਰਕਾਰ ਨੂੰ ਨਿਰਪੱਖ ਸੋਚ ਰੱਖਣ ਵਾਲੇ ਲੋਕ ਦਲਾਲ ਤਕ ਆਖਣ ਤੋਂ ਸੰਕੋਚ ਨਹੀਂ ਕਰਦੇ। ਇਸ ਲਈ ਪ੍ਰੈੱਸ ਦੀ ਆਜ਼ਾਦੀ ਅਤੇ ਨਿਰਪੱਖ ਸੋਚ ਰੱਖਣ ਵਾਲੇ ਪੱਤਰਕਾਰਾਂ ਦੀ ਭਾਵਨਾ ਨੂੰ ਬਚਾਉਣ ਲਈ ਯਤਨਸ਼ੀਲ ਹੋਣਾ ਪਵੇਗਾ ਨਹੀਂ ਤਾਂ ਕੁੱਝ ਕੁ ਫ਼ਿਰਕੂ ਸੋਚ ਰੱਖਣ ਵਾਲੀਆਂ ਸ਼ਕਤੀਆਂ ਜਿਥੇ ਦੇਸ਼ ਨੂੰ ਬਰਬਾਦ ਕਰ ਕੇ ਰੱਖ ਦੇਣਗੀਆਂ, ਉਥੇ ਅਗਲੀ ਪੀੜ੍ਹੀ ਨੂੰ ਦੱਸਣ ਵਾਸਤੇ ਵੀ ਸਾਡੇ ਕੋਲ ਕੋਈ ਦਲੀਲ ਜਾਂ ਦਸਤਾਵੇਜ਼ ਨਹੀਂ ਬਚੇਗਾ ਕਿਉਂਕਿ ਕੁੱਝ ਸ਼ਰਾਰਤੀ ਅਨਸਰਾਂ ਅਤੇ ਫ਼ਿਰਕੂ ਸ਼ਕਤੀਆਂ ਨੇ ਘੱਟ ਗਿਣਤੀਆਂ ਨੂੰ ਕੁਚਲਣ, ਅਪਣਾ ਦਬਦਬਾ ਕਾਇਮ ਕਰਨ, ਭੈਅਭੀਤ ਮਾਹੌਲ ਪੈਦਾ ਕਰ ਕੇ ਇਤਿਹਾਸ ਨੂੰ ਮਿਥਿਹਾਸਕ ਰੰਗ ਵਿਚ ਰੰਗਣ ਦੀ ਵਿਉਂਤਬੰਦੀ ਘੜ ਲਈ ਹੈ।
ਪਿਛਲੇ ਦਿਨੀਂ ਕੋਟਕਪੂਰੇ ਵਿਖੇ 21ਵੀਂ ਸਦੀ ਵਿਚ ਮੀਡੀਆ ਦੀ ਭਰੋਸੇਯੋਗਤਾ ਸਬੰਧੀ ਕਰਵਾਏ ਗਏ ਸੈਮੀਨਾਰ ਦੌਰਾਨ ਮੁੱਖ ਵਕਤਾ ਵਜੋਂ ਪੁੱਜੇ ਉੱਘੇ ਪੱਤਰਕਾਰ ਸ. ਹਮੀਰ ਸਿੰਘ ਨੇ ਅਨੇਕਾਂ ਦਲੀਲਾਂ ਸਮੇਤ ਮਿਸਾਲਾਂ ਦਿੰਦਿਆਂ ਦਸਿਆ ਕਿ ਪੈਸੇ ਲੈ ਕੇ ਖ਼ਬਰਾਂ ਲਾਉਣ ਜਾਂ ਰੋਕਣ ਵਾਲਿਆਂ ਨੂੰ ਪੱਤਰਕਾਰ ਕਹਿਣਾ ਹੀ ਗੁਨਾਹ ਹੈ ਪਰ ਇਮਾਨਦਾਰੀ ਅਤੇ ਦਲੇਰੀ ਨਾਲ ਕੰਮ ਕਰਨ ਵਾਲੇ ਪੱਤਰਕਾਰਾਂ ਜਾਂ ਸੰਪਾਦਕਾਂ ਨੂੰ ਭੈਅਭੀਤ ਕਰਨ ਦੀਆਂ ਸਾਜ਼ਸ਼ਾਂ ਦਾ ਰੁਝਾਨ ਅਫ਼ਸੋਸਨਾਕ ਅਤੇ ਦੁਖਦਾਇਕ ਹੀ ਨਹੀਂ ਬਲਕਿ ਚਿੰਤਾਜਨਕ ਵੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਸਿਆਸਤ ਦੇ ਖੇਤਰ ਵਿਚ ਕਿਸੇ ਇਕ ਪ੍ਰਵਾਰ ਦਾ ਕਬਜ਼ਾ ਅਰਥਾਤ ਜਦੋਂ ਤਕ ਸਿਆਸੀ ਪਾਰਟੀਆਂ ਉਤੇ ਗ਼ਲਬਾ ਕਿਸੇ ਇਕੋ ਪ੍ਰਵਾਰ ਦਾ ਹੋਵੇਗਾ ਅਤੇ ਸਮੁੱਚੇ ਮੀਡੀਆ ਨੂੰ ਵੀ ਕੋਈ ਵਿਅਕਤੀ ਵਿਸ਼ੇਸ਼ ਅਪਣੀ ਮੁੱਠੀ ਵਿਚ ਕਰ ਲਵੇ ਤਾਂ ਦੇਸ਼ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ, ਕਿਉਂਕਿ ਸੱਚ ਉਜਾਗਰ ਕਰਨ ਦੇ ਸਾਰੇ ਰਸਤੇ ਬੰਦ ਹੋ ਕੇ ਰਹਿ ਜਾਣਗੇ। ਉਨ੍ਹਾਂ ਅੰਬਾਨੀ ਪ੍ਰਵਾਰ ਦਾ ਨਾਂ ਲੈ ਕੇ ਦਸਿਆ ਕਿ ਉਸ ਨੇ 44 ਟੀ.ਵੀ. ਚੈਨਲ ਖ਼ਰੀਦ ਲਏ ਹਨ, ਜੋ ਉਹ ਪ੍ਰਵਾਰ ਚਾਹੁੰਦਾ ਹੈ, ਟੀ.ਵੀ. ਚੈਨਲ ਸਿਰਫ਼ ਉਹੀ ਵਿਖਾਉਣ ਲਈ ਪਾਬੰਦ ਹਨ। ਇਕ ਸਾਧ ਦੀ ਇੰਟਰਵਿਊ ਲੈਣ ਮੌਕੇ ਐਂਕਰ ਵਲੋਂ ਔਖਾ ਸਵਾਲ ਪੁਛਣਾ ਹੀ ਉਸ ਲਈ ਮੁਸੀਬਤ ਬਣ ਗਿਆ ਕਿਉਂਕਿ ਬਿਨਾਂ ਦੇਰੀ ਉਸ ਐਂਕਰ ਨੂੰ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਮੀਡੀਆ ਦੀ ਅਗਵਾਈ ਕਰਨ ਵਾਲੇ ਅਜਿਹੇ ਲੋਕਾਂ ਦੀ ਬਹੁਤਾਤ ਹੈ, ਜਿਨ੍ਹਾਂ ਦਾ ਇਕੋ-ਇਕ ਮਕਸਦ ਸਿਰਫ਼ ਪੈਸਾ ਕਮਾਉਣਾ ਹੀ ਬਾਕੀ ਰਹਿ ਗਿਆ ਹੈ।
ਮੌਜੂਦਾ ਸਮੇਂ ਵਿਚ ਜੇਕਰ ਰੋਜ਼ਾਨਾ ਸਪੋਕਸਮੈਨ ਸੱਚ ਲਿਖਦਾ ਹੈ ਤਾਂ ਉਸ ਦੇ ਸੰਪਾਦਕ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ, ਝੂਠੇ ਪੁਲਿਸ ਮਾਮਲਿਆਂ ਵਿਚ ਉਲਝਾਉਣ ਦੀਆਂ ਸਾਜ਼ਸ਼ਾਂ, ਆਰਥਕ ਨਾਕੇਬੰਦੀ ਅਤੇ ਡਰਾਉਣ ਦੀਆਂ ਚਾਲਾਂ ਚੱਲ ਕੇ ਸੱਚ ਲਿਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਅਫ਼ਸੋਸ ਨਿਰਪੱਖ ਸੋਚ ਰੱਖਣ ਦਾ ਦਾਅਵਾ ਕਰਨ ਵਾਲੇ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਪ੍ਰੈੱਸ ਦੀ ਆਜ਼ਾਦੀ ਬਰਕਰਾਰ ਰੱਖਣ ਦੇ ਵੱਡੇ-ਵੱਡੇ ਦਮਗਜੇ ਮਾਰਨ ਵਾਲੇ ਲੋਕਾਂ ਵਿਚੋਂ ਕੋਈ ਇਕ ਵੀ ਰੋਜ਼ਾਨਾ ਸਪੋਕਸਮੈਨ ਜਾਂ ਉਸ ਦੇ ਸੰਪਾਦਕ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਨ ਦੀ ਜੁਰਅਤ ਨਹੀਂ ਵਿਖਾਉਂਦਾ।
ਅਫ਼ਸੋਸ ਪ੍ਰਗਟ ਕੀਤਾ ਜਾ ਸਕਦਾ ਹੈ ਕਿ ਅੱਜ ਭਾਈ ਲਾਲੋ ਨੂੰ ਮਾੜਾ ਅਤੇ ਮਲਕ ਭਾਗੋ ਨੂੰ ਚੰਗਾ ਦਰਸਾਉਣ ਦੀ ਗ਼ਲਤ ਪਿਰਤ ਪਾਈ ਜਾ ਰਹੀ ਹੈ ਪਰ ਉਸ ਦੀ ਵਿਰੋਧਤਾ ਕਰਨ ਦੀ ਕੋਈ ਜੁਰਅਤ ਨਹੀਂ ਵਿਖਾ ਰਿਹਾ। ਜੇਕਰ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਵਰਗਾ ਕੋਈ ਹੋਰ ਵਿਰਲਾ ਇਸ ਵਿਰੁਧ ਆਵਾਜ਼ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹਾਕਮ ਜਾਂ ਪੁਜਾਰੀਵਾਦ ਕਾਨੂੰਨ ਜਾਂ ਧਰਮ ਦੀ ਲਾਠੀ ਲੈ ਕੇ ਉਸ ਮਗਰ ਪੈ ਜਾਂਦਾ ਹੈ। ਕਿਸੇ ਸਮੇਂ ਕੋਈ ਵਿਰਲਾ ਵਪਾਰੀ ਸੀ ਪਰ ਅੱਜ ਸਮੁੱਚਾ ਸਮਾਜ ਵਪਾਰੀ ਬਣ ਕੇ ਨੋਟ ਕਮਾਉਣ ਦੀ ਲਾਲਸਾ ਵਿਚ ਅਪਣਾ ਈਮਾਨ ਤਕ ਵੇਚਣ ਲਈ ਤਿਆਰ ਹੈ।
ਗ਼ਦਰੀ ਬਾਬਿਆਂ ਦੀ ਕੁਰਬਾਨੀ ਦਾ ਜ਼ਿਕਰ ਕਰਨਾ ਹੋਵੇ ਤਾਂ ਅਨੇਕਾਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ ਕਿ ਕਿਸ ਤਰ੍ਹਾਂ ਵਿਦੇਸ਼ ਦੀ ਧਰਤੀ ਉਤੇ ਐਸ਼ਪ੍ਰਸਤੀ ਵਾਲਾ ਜੀਵਨ ਬਤੀਤ ਕਰਨ ਵਾਲੇ ਗ਼ਦਰੀ ਬਾਬਿਆਂ ਨੇ ਅਪਣੇ ਵਤਨ ਪੁੱਜ ਕੇ ਸ਼ਹਾਦਤਾਂ ਦਾ ਜਾਮ ਪੀਤਾ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਨਾਸਰੋਤ ਅਰਥਾਤ ਰੋਲ ਮਾਡਲ ਬਣੇ। ਪਰ ਅੱਜ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਬਾਹਰ ਕੱਢਣ ਵਾਲੇ ਸਾਡੇ ਦੇਸ਼ਭਗਤਾਂ ਦੀ ਦੂਜੀ, ਤੀਜੀ ਜਾਂ ਚੌਥੀ ਪੀੜ੍ਹੀ ਵਿਦੇਸ਼ ਜਾਣ ਦੀ ਦੌੜ ਵਿਚ ਹੈ। ਗੁਰਦਵਾਰਿਆਂ ਵਿਚ ਰੋਜ਼ਾਨਾ ਉਜਾੜੇ ਦੀਆਂ ਅਰਦਾਸਾਂ ਹੋ ਰਹੀਆਂ ਹਨ ਕਿਉਂਕਿ ਸਬੰਧਤ ਪ੍ਰਵਾਰਾਂ ਦੀ ਬੇਨਤੀ ਉਤੇ ਗ੍ਰੰਥੀ ਉਨ੍ਹਾਂ ਦੀ ਔਲਾਦ ਨੂੰ ਵਿਦੇਸ਼ ਵਿਚ ਪੀ.ਆਰ. ਮਿਲਣ ਦੀਆਂ ਅਰਦਾਸਾਂ ਕਰਨ ਲਈ ਮਜਬੂਰ ਹੈ। ਜਿਸ ਨੌਜਵਾਨ ਨੂੰ ਵਿਦੇਸ਼ ਵਿਚ ਪੀ.ਆਰ. ਮਿਲ ਜਾਵੇਗੀ, ਉਸ ਦਾ ਅਪਣੇ ਦੇਸ਼ ਵਿਚੋਂ ਉਜਾੜਾ ਹੀ ਮੰਨਿਆ ਜਾਵੇਗਾ। ਇਕ ਸਰਵੇ ਮੁਤਾਬਕ ਇਕ ਸਾਲ ਵਿਚ ਡੇਢ ਲੱਖ ਨੌਜਵਾਨ, ਬੱਚੇ ਜਾਂ ਬਜ਼ੁਰਗ ਵਿਦੇਸ਼ ਜਾ ਰਹੇ ਹਨ ਜਿਸ ਕਰ ਕੇ ਸਾਡਾ ਪੰਜਾਬ ਹੁਨਰ, ਕਾਬਲੀਅਤ ਦੇ ਨਾਲ-ਨਾਲ ਕੀਮਤੀ ਸਰਮਾਏ ਤੋਂ ਵੀ ਵਾਂਝਾ ਹੁੰਦਾ ਜਾ ਰਿਹਾ ਹੈ। ਮੀਡੀਆ ਦੀ ਭਰੋਸੇਯੋਗਤਾ ਬਾਰੇ ਏਨਾ ਕੁ ਜ਼ਰੂਰ ਲਿਖਿਆ ਜਾ ਸਕਦਾ ਹੈ ਕਿ ਪੰਜਾਬ ਦੀ ਸਮੁੱਚੀ ਆਮਦਨ ਵਿਦੇਸ਼ਾਂ ਵਿਚ ਜਾਣ ਬਾਰੇ ਮੀਡੀਆ ਨਹੀਂ ਬੋਲਦਾ, ਮੁਰਦਿਆਂ ਦਾ ਪੰਜਾਬ ਬਣਦਾ ਜਾ ਰਿਹੈ, ਨਾ ਰੋਲ ਮਾਡਲ, ਨਾ ਕਿਰਦਾਰ, ਨਾ ਸਿਹਤ, ਨਾ ਸਭਿਆਚਾਰ, ਨਾ ਸਿਖਿਆ ਅਤੇ ਨਾ ਹੀ ਕੋਈ ਜ਼ਿੰਮੇਵਾਰੀ ਪਰ ਫਿਰ ਵੀ ਮੀਡੀਆ ਵਲੋਂ ਅਜੋਕੀਆਂ ਸਮੱਸਿਆਵਾਂ ਤੋਂ ਅੱਖਾਂ ਬੰਦ ਕਰ ਲੈਣ ਵਾਲੀ ਗੱਲ ਹੀ ਮੀਡੀਆ ਦੀ ਭਰੋਸੇਯੋਗਤਾ ਨੂੰ ਬਿਆਨ ਕਰ ਰਹੀ ਹੈ। ਜੇਕਰ ਪ੍ਰਿੰਟ ਅਤੇ ਬਿਜਲਈ ਮੀਡੀਆ ਕਿਸੇ ਦਬਾਅ ਹੇਠ ਹੈ ਤਾਂ ਸੋਸ਼ਲ ਮੀਡੀਆ ਨੂੰ ਦੋ ਧਾਰੀ ਤਲਵਾਰ ਮੰਨਿਆ ਜਾਵੇਗਾ, ਕਿਉਂਕਿ ਆਜ਼ਾਦੀ ਦੇ ਨਾਲ ਨਾਲ ਅਫ਼ਵਾਹਾਂ ਅਤੇ ਹੋਰ ਭੰਬਲਭੂਸੇ ਪੈਦਾ ਕਰਨ ਦਾ ਕਾਰਨ ਵੀ ਸੋਸ਼ਲ ਮੀਡੀਆ ਹੀ ਬਣ ਰਿਹਾ ਹੈ।
ਸੂਚਨਾ ਅਤੇ ਤਕਨੀਕ ਦੀ ਗ਼ੁਲਾਮੀ, ਸਮੇਂ ਦੇ ਹਾਕਮਾਂ ਦੀ ਤਾਨਾਸ਼ਾਹੀ, ਫ਼ਿਲਮਾਂ, ਨਾਟਕਾਂ ਅਤੇ ਗੀਤਾਂ ਰਾਹੀਂ ਅਸ਼ਲੀਲਤਾ ਅਤੇ ਹਿੰਸਾਤਮਕ ਮਾਹੌਲ ਪੈਦਾ ਕਰਨ ਦੀ ਸਾਜ਼ਸ਼, ਸ਼ਬਦ ਗੁਰੂ ਦੀ ਧਰਤੀ ਉਤੇ ਬੌਧਿਕਤਾ ਦੀ ਕੰਗਾਲੀ, ਸੇਵਾਮੁਕਤੀ ਤੋਂ ਬਾਅਦ ਅਹੁਦੇ ਹਾਸਲ ਕਰਨ ਵਾਲੇ ਭੱਦਰ ਪੁਰਸ਼ਾਂ ਦੀਆਂ ਨਲਾਇਕੀਆਂ ਵਰਗੇ ਅਨੇਕਾਂ ਭਖਦੇ ਮਸਲਿਆਂ ਦੇ ਸਬੰਧ ਵਿਚ ਲਿਖਣ ਲਈ ਅਜੇ ਬਹੁਤ ਕੁੱਝ ਹੋਰ ਹੈ। ਪਰ ਜੇਕਰ ਸੀਮਤ ਲਫ਼ਜ਼ਾਂ ਬਿਆਨ ਕਰਨਾ ਹੋਵੇ ਤਾਂ ਸਮੁੱਚੀ ਲੋਕਾਈ ਨੂੰ ਬੇਨਤੀਆਂ ਕਰਨੀਆਂ ਪੈਣਗੀਆਂ ਕਿ ਉਹ ਪ੍ਰੈੱਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਦਾਅਵੇ ਕਰਨ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਨੂੰ ਜ਼ਰੂਰ ਜਵਾਬਦੇਹ ਬਣਾਉਣ। ਅੱਜ ਚੰਗੇ ਅਤੇ ਮਾੜੇ ਪੱਤਰਕਾਰਾਂ ਵਿਚ ਵਖਰੇਵਾਂ ਕਰ ਕੇ ਇਹ ਵੇਖਣਾ ਜ਼ਰੂਰੀ ਹੈ ਕਿ ਕੌਣ ਦੇਸ਼ ਨੂੰ ਬਚਾਉਣ ਲਈ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਦਾ ਸਾਹਮਣਾ ਕਰਦਿਆਂ ਖ਼ੁਦ ਜ਼ਲੀਲ ਹੋ ਰਿਹਾ ਹੈ ਅਤੇ ਅਪਣੇ ਪ੍ਰਵਾਰ ਨੂੰ ਪ੍ਰੇਸ਼ਾਨ ਕਰਨ ਦਾ ਸਬੱਬ ਬਣ ਰਿਹਾ ਹੈ। ਕੌਣ ਚਾਪਲੂਸੀ ਅਤੇ ਖ਼ੁਸ਼ਾਮਦੀ ਰਾਹੀਂ ਜਿਥੇ ਅਪਣੀ ਐਸ਼ਪ੍ਰਸਤੀ ਲਈ ਦੇਸ਼ ਦਾ ਘਾਣ ਕਰ ਰਿਹਾ ਹੈ, ਉਥੇ ਨਵੀਂ ਪੀੜ੍ਹੀ ਲਈ ਕੰਡੇ ਬੀਜਣ ਦਾ ਕਾਰਨ ਬਣਨ ਦੇ ਬਾਵਜੂਦ ਵੀ ਲੋਕਾਂ ਵਿਚ ਹਰਮਨਪਿਆਰਾ ਬਣਿਆ ਹੋਇਆ ਹੈ? 6 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਬਰਫ਼ ਵਿਚ ਢਕੇ ਰਹਿਣ ਵਾਲੇ ਉਹ ਦੇਸ਼, ਜਿੱਥੇ ਬਰਫ਼ ਪੈਣ ਮੌਕੇ ਜਨਜੀਵਨ ਠੱਪ ਹੋ ਕੇ ਰਹਿ ਜਾਂਦਾ ਹੈ ਪਰ ਉਹ ਫਿਰ ਵੀ ਭਾਰਤ ਨਾਲੋਂ ਜ਼ਿਆਦਾ ਖ਼ੁਸ਼ਹਾਲ ਹਨ। ਹਰ ਤਰ੍ਹਾਂ ਦੇ ਰੰਗੀਨ ਮੌਸਮ ਹੋਣ ਅਤੇ ਅਨੇਕਾਂ ਤਰ੍ਹਾਂ ਦੀਆਂ ਫ਼ਸਲਾਂ, ਫੱਲ, ਸਬਜ਼ੀਆਂ ਅਤੇ ਹੋਰ ਉਤਪਾਦਨ ਹੋਣ ਦੇ ਬਾਵਜੂਦ ਪੰਜਾਬ ਦੀ ਬਰਬਾਦੀ ਦਾ ਸਬੱਬ ਕਿਸੇ ਡੂੰਘੀ ਸਾਜ਼ਸ਼ ਤੋਂ ਘੱਟ ਨਹੀਂ। ਗੁਰੂ ਸਾਹਿਬਾਨਾਂ ਦੀ ਚਰਨਛੋਹ ਪ੍ਰਾਪਤ ਅਤੇ ਸੋਨੇ ਦੀ ਚਿੜੀ ਵਜੋਂ ਜਾਣੇ ਜਾਂਦੇ ਖ਼ੁਸ਼ਹਾਲ ਪੰਜਾਬ ਨੂੰ ਬਚਾਉਣ ਲਈ ਮੀਡੀਆ ਨੂੰ ਬਣਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ।
ਸੇਵਾਮੁਕਤੀ ਤੋਂ ਬਾਅਦ ਅਹੁਦੇ ਹਾਸਲ ਕਰਨ ਦੀ ਲਾਲਸਾ ਰੱਖਣ ਵਾਲੇ ਅਫ਼ਸਰਾਂ ਦੇ ਪਿਛੋਕੜ ਦਾ ਪੋਸਟਮਾਰਟਮ ਕਰਨਾ ਜ਼ਰੂਰੀ ਕਰਾਰ ਦਿਤਾ ਜਾਵੇ। ਸਿਆਸਤਦਾਨਾਂ ਦੀ ਹਦਾਇਤ ਜਾਂ ਸ਼ਹਿ ਉਤੇ ਵਿਰੋਧੀਆਂ ਨੂੰ ਜ਼ਲੀਲ ਕਰਨ ਵਾਲੀ ਅਫ਼ਸਰਸ਼ਾਹੀ ਦੀ ਸ਼ਨਾਖਤ, ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੀ ਚਾਪਲੂਸੀ ਕਰਨ ਵਾਲੇ ਪੱਤਰਕਾਰਾਂ ਦੀ ਨਿਸ਼ਾਨਦੇਹੀ ਸਮੇਤ ਦੇਸ਼ ਦਾ ਘਾਣ ਕਰਨ ਵਾਲੀਆਂ ਸ਼ਕਤੀਆਂ ਦਾ ਸਾਥ ਦੇਣ ਵਾਲੀਆਂ ਕਾਲੀਆਂ ਭੇਡਾਂ ਦੇ ਚਿਹਰਿਆਂ ਤੋਂ ਮੁਖੌਟਾ ਨਾ ਉਤਾਰਿਆ ਗਿਆ ਤਾਂ ਬਿਨਾਂ ਸ਼ੱਕ ਦੇਸ਼ ਬਰਬਾਦ ਹੋ ਜਾਵੇਗਾ ਅਤੇ ਹੋਰਨਾਂ ਦੇ ਨਾਲ ਨਾਲ ਪੱਤਰਕਾਰ ਭਾਈਚਾਰਾ ਵੀ ਇਸ ਲਈ ਬਰਾਬਰ ਦਾ ਜ਼ਿੰਮੇਵਾਰ ਮੰਨਿਆ ਜਾਵੇਗਾ।