
ਦੁਪਹਿਰ ਦੇ ਖਾਣੇ ਦਾ ਕੰਮ ਨਿਬੇੜ ਕੇ ਮੈਂ ਟੈਲੀਵੀਜ਼ਨ ਉਤੇ ਆਲੇ-ਦੁਆਲੇ ਦੀ ਖ਼ਬਰਸਾਰ ਲੈਣ ਲਈ ਖ਼ਬਰਾਂ ਦੇ ਚੈਨਲ ਤੇ ਲਾਉਂਦੀ ਹਾਂ। ਨੇਤਰਹੀਣ ਬਚਿਆਂ ਦੀਆਂ ਖੇਡਾਂ ...
ਦੁਪਹਿਰ ਦੇ ਖਾਣੇ ਦਾ ਕੰਮ ਨਿਬੇੜ ਕੇ ਮੈਂ ਟੈਲੀਵੀਜ਼ਨ ਉਤੇ ਆਲੇ-ਦੁਆਲੇ ਦੀ ਖ਼ਬਰਸਾਰ ਲੈਣ ਲਈ ਖ਼ਬਰਾਂ ਦੇ ਚੈਨਲ ਤੇ ਲਾਉਂਦੀ ਹਾਂ। ਨੇਤਰਹੀਣ ਬਚਿਆਂ ਦੀਆਂ ਖੇਡਾਂ ਵਿਚ ਮਾਰੀਆਂ ਮੱਲਾਂ ਬਾਰੇ ਗੱਲ ਚੱਲ ਰਹੀ ਹੈ ਇਕ ਵਾਰ ਤਾਂ ਸੁਣ ਕੇ ਯਕੀਨ ਜਿਹਾ ਨਹੀਂ ਆਉਂਦਾ ਪਰ ਜਦ ਉਨ੍ਹਾਂ ਨੂੰ ਖੇਡਦੇ ਵੇਖਦੇ ਹਾਂ, ਦੌੜ ਵਿਚ ਭਾਗ ਲੈਂਦੇ ਵੇਖਿਆ ਤਾਂ ਇਕਦਮ ਬੜੀ ਖ਼ੁਸ਼ੀ ਤੇ ਹੈਰਾਨੀ ਵੀ ਹੁੰਦੀ ਹੈ। ਮਨ ਦੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ।
ਕੁਦਰਤ ਜੇ ਕਿਸੇ ਤੋਂ ਕਿਸੇ ਚੀਜ਼ ਨੂੰ ਖੋਹ ਲੈਂਦੀ ਹੈ ਤਾਂ ਦੂਜੇ ਬੰਨੇ ਉਸ ਨੂੰ ਹੋਰ ਤੋਹਫ਼ੇ ਦੇ ਕੇ ਨਿਵਾਜ ਦਿੰਦੀ ਹੈ। ਇਕ ਬੱਚੇ ਦੀਆਂ ਦੋਵੇਂ ਬਾਹਵਾਂ ਨਹੀਂ ਸਨ, ਉਹ ਪੈਰਾਂ ਨਾਲ ਲਿਖਦਾ ਸੀ। ਸੱਚ ਜਾਣਿਉ ਉਸ ਦੀ ਲਿਖਾਈ ਇਕ ਤੰਦਰੁਸਤ ਬੱਚੇ ਦੀ ਲਿਖਾਈ ਨਾਲੋਂ ਕਿਤੇ ਵੱਧ ਸੁੰਦਰ ਸੀ। ਮੈਂ ਅਪਣੀ ਗੱਲ ਕਰਾਂ, ਮੈਂ ਦਸਵੀਂ ਦੇ ਸਲਾਨਾ ਪੇਪਰ ਦਿਤੇ। ਮੇਰੇ ਨਾਲ ਮੇਰਾ ਇਕ ਜਮਾਤੀ ਸੂਰਮਾ ਸੀ। ਮੇਰੇ ਪੇਪਰ ਬਹੁਤ ਵਧੀਆ ਹੋਏ ਪਰ ਨਤੀਜੇ ਵੇਲੇ ਉਸ ਸੂਰਮੇ ਦੇ ਨੰਬਰ ਵੱਧ ਆਏ। ਮੇਰੇ ਰਿਸ਼ਤੇ ਵਿਚੋਂ ਲਗਦੇ ਤਾਈ ਜੀ ਵੀ ਅੱਖਾਂ ਦੀ ਰੌਸ਼ਨੀ ਤੋਂ ਵਿਰਵੇ ਸਨ।
ਘਰ ਦਾ ਸਾਰਾ ਕੰਮ ਕਰਦੇ ਸਨ ਪਰ ਕੀ ਮਜਾਲ ਸੀ ਕਿ ਉਨ੍ਹਾਂ ਦੇ ਭਾਂਡੇ ਕਪੜਿਆਂ ਵਿਚ ਕਿਸੇ ਹੋਰ ਦਾ ਭਾਂਡਾ ਜਾਂ ਕਪੜਾ ਰਲ ਜਾਂਦਾ। ਜੇ ਕਦੇ ਇੰਜ ਹੁੰਦਾ ਵੀ ਉਹ ਝੱਟ ਅਲੱਗ ਕਰ ਕੇ ਰੱਖ ਦਿੰਦੇ। ਦਰੀਆਂ ਖੇਸ, ਨਾਲੇ ਤਾਂ ਆਮ ਹੀ ਅੱਖਾਂ ਦੀ ਰੋਸ਼ਨੀ ਤੋਂ ਵਿਰਵੀਆਂ ਔਰਤਾਂ ਬੁਣਦੀਆਂ ਵੇਖੀਆਂ ਹਨ। ਉਨ੍ਹਾਂ ਨੂੰ ਕੁਦਰਤ ਨੇ ਅੰਦਰੂਨੀ ਸ਼ਕਤੀ ਬਖ਼ਸ਼ੀ ਹੁੰਦੀ ਹੈ।
ਏਸੇ ਤਰ੍ਹਾਂ ਕਈ ਵਾਰ ਅਪੰਗ ਬੱਚੇ ਜਾਂ ਮੰਦਬੁੱਧੀ ਹੋਣ ਕਾਰਨ ਵੀ ਉਚਾਈਆਂ ਤਕ ਪਹੁੰਚ ਜਾਂਦੇ ਹਨ। ਇਹ ਹੁੰਦਾ ਤਾਂ ਉਨ੍ਹਾਂ ਦੀ ਲਗਾਤਾਰ ਮਿਹਨਤ ਤੇ ਲਗਨ ਸਦਕਾ ਹੀ ਹੈ। ਇਥੇ ਮੈਂ ਦੋ ਬਚਿਆਂ ਦੀ ਗੱਲ ਕਰਾਂ, ਇਕ ਮੁੰਡੇ ਦੀ ਤੇ ਇਕ ਅਪੰਗ ਲੜਕੀ ਜਿਨ੍ਹਾਂ ਨੇ ਵੱਡੇ ਹੋ ਕੇ ਬਹੁਤ ਮਾਅਰਕੇ ਵਾਲੀ ਗੱਲ ਕੀਤੀ। ਪਹਿਲਾਂ ਮੁੰਡੇ ਦੀ ਗੱਲ ਕਰੀਏ। ਚਾਰ ਸਾਲਾ ਥਾਮਸ ਅਲਵਾ ਐਡੀਸ਼ਨ ਸਕੂਲ ਪੜ੍ਹਨ ਜਾਦਾ ਸੀ। ਉਸ ਨੂੰ ਉੱਚਾ ਸੁਣਾਈ ਦੇਂਦਾ ਸੀ।
ਤਿੰਨ ਕੁ ਮਹੀਨਿਆਂ ਬਾਅਦ ਹੀ ਉਸ ਦੇ ਅਧਿਆਪਕ ਨੇ ਉਸ ਨੂੰ ਸਕੂਲੋਂ ਘਰ ਭੇਜ ਦਿਤਾ ਤੇ ਕਾਪੀ ਉਤੇ ਲਿਖ ਦਿਤਾ ਕਿ ਤੁਹਾਡਾ ਬੱਚਾ ਪੜ੍ਹ ਨਹੀਂ ਸਕਦਾ, ਇਹ ਮੰਦਬੁੱਧੀ ਹੈ। ਉਸ ਦੀ ਮਾਂ ਨੇ ਉਸ ਨੂੰ ਪੜ੍ਹਾਇਆ ਤੇ ਬੱਚੇ ਨੂੰ ਦਿਲਾਸਾ ਦਿਤਾ ਕਿ ਕੁਦਰਤ ਬੜੀ ਦਿਆਲੂ, ਸਮਝਦਾਰ ਹੈ। ਉਹ ਮਿਹਨਤ ਕਰਦਾ ਰਿਹਾ ਤੇ ਵੱਡਾ ਹੋ ਕੇ ਉਸ ਨੇ ਬਿਜਲੀ ਦਾ ਫ਼ੋਨੋਗਰਾਮ ਈਜਾਦ ਕੀਤਾ।
ਹੁਣ ਕੁੜੀ ਦੀ ਗੱਲ ਕਰੀਏ। ਇਕ ਗ਼ਰੀਬ ਪ੍ਰਵਾਰ ਵਿਚ ਪੈਦਾ ਹੋਈ ਵਿਲਮਾ ਰੂਡੋਲਫ਼ ਸੱਤ ਕੁ ਸਾਲ ਦੀ ਸੀ। ਉਸ ਨੂੰ ਛੋਟੀ ਉਮਰੇ ਬਿਮਾਰੀ ਹੋਣ ਕਾਰਨ ਪੋਲੀਉ ਹੋ ਗਿਆ। ਡਾਕਟਰ ਨੇ ਉਸ ਨੂੰ ਬਰੇਸ ਪਹਿਨਣ ਲਈ ਕਿਹਾ ਤੇ ਦਸਿਆ ਕਿ ਉਹ ਸਾਰੀ ਉਮਰ ਬਹੁਤਾ ਤੁਰ ਫਿਰ ਨਹੀਂ ਸਕਦੀ ਪਰ ਉਸ ਦੀ ਮਾਂ ਨੇ ਉਸ ਨੂੰ ਸਮਝਾਇਆ ਕਿ ਪ੍ਰਮਾਤਮਾ ਦੀ ਦਿਤੀ ਹੋਈ ਸਮਰੱਥਾ ਤੇ ਅਪਣੀ ਮਿਹਨਤ ਤੇ ਲਗਨ ਨਾਲ ਉਹ ਜੋ ਚਾਹੇ ਕਰ ਸਕਦੀ ਹੈ। ਵਿਲਮਾ ਨੇ ਕਿਹਾ, ਮੈਂ ਦੌੜਾਕ ਬਣਨਾ ਚਾਹੁੰਦੀ ਹਾਂ। ਉਸ ਨੇ ਬਰੇਸ ਉਤਾਰ ਦਿਤਾ। ਥੋੜਾ-ਥੋੜਾ ਤੁਰਨ ਦਾ ਅਭਿਆਸ ਕੀਤਾ।
ਤੇਰਾਂ ਸਾਲ ਦੀ ਉਮਰ ਤਕ ਰੇਸਾਂ ਵਿਚ ਭਾਗ ਲੈਂਦੀ ਰਹੀ। ਅਖ਼ੀਰ ਉਹ ਦਿਨ ਵੀ ਆਇਆ ਜਿਸ ਦਿਨ ਉਹ ਦੌੜ ਵਿਚੋਂ ਪਹਿਲੇ ਨੰਬਰ ਉਤੇ ਆ ਗਈ। ਉਹ ਬਹੁਤ ਖ਼ੁਸ਼ ਸੀ। ਸੋ ਸ੍ਰੀਰਕ ਤੌਰ 'ਤੇ ਕਮਜ਼ੋਰ ਬਚਿਆਂ ਨੂੰ ਔਕੜਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ। ਬਾਵਜੂਦ ਦਿੱਕਤਾਂ ਦੇ ਕਾਮਯਾਬੀ ਉਨ੍ਹਾਂ ਦੇ ਪੈਰ ਚੁੰਮਦੀ ਹੈ। ਅਪੰਗਤਾ ਨੂੰ ਆੜੇ ਨਹੀਂ ਆਉਣ ਦਿੰਦੇ।
ਹੋਰ ਇਨਸਾਨ ਜੋ ਪੂਰੇ ਸ਼ੇਰ ਹੁੰਦੇ ਹਨ, ਕੰਮ ਕਰਨ ਵਿਚ ਹੁੱਜਤਾਂ ਕਰਦੇ ਅਜਿਹੇ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਅਪਣਾ ਰੋਲ ਮਾਡਲ ਮੰਨ ਲੈਣਾ ਚਾਹੀਦਾ ਹੈ। ਤੁਸੀ ਅਪਣੀ ਜ਼ਿੰਦਗੀ ਵਿਚ ਬਦਲਾਅ ਮਹਿਸੂਸ ਕਰੋਗੇ, ਕਾਮਯਾਬੀ ਵਲ ਵਧਦੇ ਜਾਉਗੇ। ਸੰਪਰਕ : 82628-20628